ਸਿੱਖਾਂ ਦੇ ਖਿਲਾਫ ਭਾਰਤੀ ਰਿਆਸਤੀਵਾਦ ਦੀਆਂ ਦੁਖਦਾਈ ਯਾਦਾਂ

ਸੰਨ 1984 ਪਿਛੋਂ ਭਾਰਤ ਵਿਚ ਸਿੱਖਾਂ ਦੀ ਸਿਆਸਤ ‘ਚ ਨਵਾਂ ਮੋੜ ਆਇਆ ਹੈ। ਇਸ ਸਿਆਸਤ ਦੇ ਵੱਖ-ਵੱਖ ਰੰਗਾਂ ਦੇ ਹਵਾਲੇ ਨਾਲ ਡਾ. ਇਕਤਿਦਾਰ ਚੀਮਾ ਨੇ ਇਹ ਲੇਖ ਲਿਖਿਆ ਹੈ। ਉਹ ਉੱਘੇ ਇਤਿਹਾਸਕਾਰ ਅਤੇ ਲਿਖਾਰੀ ਹਨ। ਉਨ੍ਹਾਂ ਦਾ ਨਾਂ ਕਈ ਸੰਸਾਰ ਪ੍ਰਸਿੱਧ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ। ਅੱਜ ਕੱਲ੍ਹ ਉਹ ਅਮਰੀਕਾ ਵਿਚ ਸੰਯੁਕਤ ਰਾਸ਼ਟਰ ਦੇ ਸਲਾਹਕਾਰ ਹਨ। ਉਹ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀਆਂ ਬਾਰੇ ਅਵਾਜ਼ ਬੁਲੰਦ ਕਰਨ ਬਦਲੇ ਅਮਰੀਕੀ ਕਾਂਗਰਸ ਤੋਂ ਮਾਣ-ਸਨਮਾਨ ਵੀ ਹਾਸਲ ਕਰ ਚੁਕੇ ਹਨ। ਸਿੱਖਾਂ ਦੇ ਮਸਲਿਆਂ ਬਾਰੇ ਉਹ ਅਕਸਰ ਟਿੱਪਣੀ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਇਸ ਤਾਜ਼ਾ ਟਿੱਪਣੀ ਨੂੰ ਪੰਜਾਬੀ ਰੂਪ ਡਾ. ਸੁਖਦੇਵ ਸਿੰਘ ਝੰਡ ਨੇ ਦਿੱਤਾ ਹੈ।

-ਸੰਪਾਦਕ

ਡਾ. ਇਕਤਿਦਾਰ ਚੀਮਾ (ਯੂ. ਐਸ਼ ਏ.)
ਪੰਜਾਬੀ ਰੂਪ: ਡਾ. ਸੁਖਦੇਵ ਸਿੰਘ ਝੰਡ

ਜੂਨ ਮਹੀਨੇ ਦਾ ਪਹਿਲਾ ਹਫਤਾ ਸਮੁੱਚੇ ਸਿੱਖ ਭਾਈਚਾਰੇ ਲਈ ਬੜਾ ਦੁੱਖਦਾਈ ਹੁੰਦਾ ਹੈ। ਦੁਨੀਆਂ ਭਰ ਦੇ ਸਿੱਖ ਭਾਰਤੀ ਫੌਜ ਵੱਲੋਂ 4 ਜੂਨ 1984 ਨੂੰ ਉਨ੍ਹਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ, ਅੰਮ੍ਰਿਤਸਰ ‘ਤੇ ਕੀਤੇ ਗਏ ਹਮਲੇ ਨੂੰ ਯਾਦ ਕਰਕੇ ਜੂਨ ਦੇ ਪਹਿਲੇ ਹਫਤੇ ਨੂੰ ਹਰ ਸਾਲ ‘ਰੋਸ ਹਫਤੇ’ ਵਜੋਂ ਮਨਾਉਂਦੇ ਹਨ। ਇਸ ਫੌਜੀ ਹਮਲੇ ਨੂੰ ਆਮ ਤੌਰ ‘ਤੇ ‘ਓਪਰੇਸ਼ਨ ਬਲਿਊ ਸਟਾਰ’ (ਸਾਕਾ ਨੀਲਾ ਤਾਰਾ) ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਜੋ ਪਹਿਲੀ ਜੂਨ ਤੋਂ ਸ਼ੁਰੂ ਹੋ ਕੇ 6 ਜੂਨ ਤੱਕ ਚੱਲਿਆ ਸੀ। 36 ਸਾਲ ਪਹਿਲਾਂ ਇਹ ਹਮਲਾ ਭਾਰਤੀ ਤਾਨਾਸ਼ਾਹ ਤੇ ਇਕ-ਪਾਸੜ ਸੋਚ ਵਾਲੀ ਸਰਕਾਰ ਵੱਲੋਂ ਆਪਣੇ ਹੀ ਦੇਸ਼ ਦੇ ਲੋਕਾਂ ‘ਤੇ ਕੀਤਾ ਗਿਆ ਸੀ ਅਤੇ ਇਹ ਭਾਰਤੀ ਰਿਆਸਤਵਾਦ ਦੀ ਸਭ ਤੋਂ ਮਾੜੀ ਤੇ ਘਟੀਆ ਮਿਸਾਲ ਹੈ। ਇਸ ਦਾ ਮਕਸਦ ਭਾਰਤੀ ਹਕੂਮਤ ਦੇ ਖਿਲਾਫ ਰਾਜਨੀਤਕ ਵਿਰੋਧੀ ਧਿਰ ਨੂੰ ਸਿਰ ਉੱਚਾ ਨਾ ਚੁੱਕਣ ਦੇਣਾ ਸੀ।
ਮਸ਼ਹੂਰ ਲੇਖਕ ਜੀ. ਕੇ. ਸੀ. ਰੈਡੀ ਨੇ ਆਪਣੀ ਪੁਸਤਕ ‘ਆਰਮੀ ਐਕਸ਼ਨ ਇਨ ਪੰਜਾਬ’ ਵਿਚ ਠੀਕ ਹੀ ਲਿਖਿਆ ਹੈ, “ਸਾਕਾ ਨੀਲਾ ਤਾਰਾ, ਭਾਰਤੀ ਸੰਗਠਿਤ ਫੌਜ ਵੱਲੋਂ ਨਿਹੱਥੇ ਸਿੱਖ ਸ਼ਹਿਰੀਆਂ ਦੇ ਸਭ ਤੋਂ ਵੱਡੇ ਕਤਲੇਆਮ ਵਜੋਂ ਜਾਣਿਆ ਜਾਏਗਾ।”
ਇਸੇ ਤਰ੍ਹਾਂ ਵਾਲਟਰ ਲੈਕੂਅਰ ਨੇ ਵੀ ਇਸ ਰਿਆਸਤੀ ਦਹਿਸ਼ਤਵਾਦ ‘ਤੇ ਭਰਪੂਰ ਟਿੱਪਣੀ ਕੀਤੀ ਹੈ, “ਤਾਨਾਸ਼ਾਹ ਹਕੂਮਤਾਂ ਅਤੇ ਜ਼ਾਲਮ ਸਰਕਾਰਾਂ ਵੱਲੋਂ ਦਹਿਸ਼ਤ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਆਮ ਨਾਲੋਂ ਹਜ਼ਾਰਾਂ ਗੁਣਾ ਦੁੱਖ ਅਤੇ ਤਕਲੀਫ ਲਈ ਜ਼ਿੰਮੇਵਾਰ ਹੁੰਦਾ ਹੈ।”
ਅਸਲ ਵਿਚ ਭਾਰਤ ਦੀਆਂ ਸਾਰੀਆਂ ਧਾਰਮਿਕ ਕੌਮਾਂ ਵਿਚੋਂ ਸਿੱਖ ਕੌਮ ਸ਼ਾਇਦ ਸਭ ਤੋਂ ਵੱਧ ਆਪਣੀ ਪਛਾਣ ਅਤੇ ਭਾਈਚਾਰਕ ਸਾਂਝ ਦੀ ਸਮਝ ਰੱਖਦੀ ਹੈ। ਸਿੱਖ ਆਪਣੇ ਦਸਾਂ ਗੁਰੂਆਂ ਦੀਆਂ ਸਿੱਖਿਆਵਾਂ, ਗੁਰੂ ਗ੍ਰੰਥ ਸਾਹਿਬ ਅਤੇ ਆਪਣੇ ਗੁਰਧਾਮਾਂ ਨੂੰ ਬੇਹਿਸਾਬ ਮੁਹੱਬਤ ਕਰਦੇ ਹਨ। ਸ੍ਰੀ ਦਰਬਾਰ ਸਾਹਿਬ ਜਾਂ ਹਰਿਮੰਦਰ ਸਾਹਿਬ, ਜਿਸ ਨੂੰ ਅੰਗਰੇਜ਼ੀ ਵਿਚ ‘ਗੋਲਡਨ ਟੈਂਪਲ’ ਵੀ ਕਿਹਾ ਜਾਂਦਾ ਹੈ, ਸਿੱਖਾਂ ਦੇ ਧਾਰਮਿਕ ਅਸਥਾਨਾਂ ਵਿਚੋਂ ਸ਼ਰਧਾ ਦਾ ਪ੍ਰਮੁੱਖ ਕੇਂਦਰ ਹੈ। ਸ੍ਰੀ ਅਕਾਲ ਤਖਤ ਦੀ ਪ੍ਰਭਾਵਸ਼ਾਲੀ ਇਮਾਰਤ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੇ ਰਸਤੇ ਦੇ ਬਿਲਕੁਲ ਸਾਹਮਣੇ ਹੈ ਅਤੇ ਇਹ ਸਿੱਖਾਂ ਦੀ ਸਭ ਤੋਂ ਵੱਡੀ ਰਾਜਨੀਤਕ ਸੰਸਥਾ ਹੈ। ਸ੍ਰੀ ਅਕਾਲ ਤਖਤ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਨੇ 1606 ਈਸਵੀ ਨੂੰ ਕੀਤੀ ਸੀ। ਉਨ੍ਹਾਂ ਵੱਲੋਂ ਇਸ ਦੀ ਬੁਨਿਆਦ ਸਿੱਖ ਕੌਮ ਦੇ ਰੂਹਾਨੀ, ਸਮਾਜਕ, ਰਾਜਨੀਤਕ ਅਤੇ ਦੁਨਿਆਵੀ ਖਦਸ਼ਿਆਂ ਨੂੰ ਦੂਰ ਕਰਨ ਲਈ ਰੱਖੀ ਗਈ।
19ਵੀਂ ਸਦੀ ਦੇ ਅਖੀਰ ਵਿਚ ਹਿੰਦੂਆਂ ਤੇ ਸਿੱਖਾਂ ਵਿਚ ਆਪਸੀ ਧਾਰਮਿਕ ਵਿਰੋਧਤਾ ਸ਼ੁਰੂ ਹੋ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦੋਹਾਂ ਕੌਮਾਂ ਵਿਚ ਫਿਰਕੂ ਲੀਹਾਂ ਹੋਰ ਵਧੇਰੇ ਵੱਖਰੀਆਂ ਅਤੇ ਵਿਰੋਧੀ ਹੋ ਕੇ ਉਭਰ ਆਈਆਂ। 1870-1919 ਦੇ ਦਰਮਿਆਨ ਹਿੰਦੂਆਂ ਨੇ ‘ਆਰੀਆ ਸਮਾਜ ਲਹਿਰ’ ਅਤੇ ਸਿੱਖਾਂ ਨੇ ਇਸ ਦੇ ਮੁਕਾਬਲੇ ਵਿਚ ‘ਸਿੰਘ ਸਭਾ ਲਹਿਰ’ ਚਲਾਈ। ਆਰੀਆ ਸਮਾਜ ਨੇ ਸਿੱਖਾਂ ਦੇ ਵਿਰੁੱਧ ਪ੍ਰਚਾਰ ਕੀਤਾ ਅਤੇ ਦੂਜੇ ਪਾਸੇ ਸਿੰਘ ਸਭਾ ਨੇ ਸਿੱਖ ਮੱਤ ਨੂੰ ਹਿੰਦੂ ਮੱਤ ਤੋਂ ਵੱਖਰਾ ਕਰਨ ‘ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ। ਇਸ ਦੌਰਾਨ ਸਿੰਘ ਸਭਾ ਲਹਿਰ ਵੱਲੋਂ ਸਿੱਖਾਂ ਦੀ ਕੌਮੀ ਪਛਾਣ ਬਣਾਉਣ ਬਾਰੇ ਸਾਫ ਨਿਸ਼ਾਨਦੇਹੀ ਕਰਨ ਅਤੇ ਸਿੱਖ ਧਰਮ ਨੂੰ ਦੂਜੇ ਧਰਮਾਂ ਦੇ ਹਮਲੇ ਤੋਂ ਬਚਾਉਣ ਲਈ ਅਹਿਮ ਕੰਮ ਕੀਤਾ ਗਿਆ।
ਦੇਸ਼ ਦੀ ਵੰਡ ਸਮੇਂ ਸਿੱਖਾਂ ਨੇ ਇਕ ਵੱਖਰੇ ਰਾਜ ਦੀ ਮੰਗ ਕੀਤੀ, ਜਿੱਥੇ ਉਨ੍ਹਾਂ ਦੀ ਆਰਥਕ, ਸਮਾਜਕ, ਸਭਿਆਚਾਰਕ ਤੇ ਸੰਸਕ੍ਰਿਤਕ ਵਿਲੱਖਣਤਾ ਕਾਇਮ ਰਹੇ। ਇਸ ਮੰਗ ਨੂੰ ਉਸ ਸਮੇਂ ਦੇ ਕਾਂਗਰਸੀ ਨੇਤਾਵਾਂ ਵੱਲੋਂ, ਜਿਨ੍ਹਾਂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਆਜ਼ਾਦ ਭਾਰਤ ਵਿਚ ਇਕ ਵਿਸ਼ੇਸ਼ ਦਰਜਾ ਅਤੇ ਖਿੱਤਾ ਦੇਣਗੇ, ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ, ਦਾ ਭਰੋਸਾ ਦੇਣ ‘ਤੇ ਛੱਡ ਦਿੱਤਾ ਗਿਆ। 1947 ਵਿਚ ਭਾਰਤ ਨੂੰ ਮਿਲੀ ਆਜ਼ਾਦੀ ਨਾਲ ਪੰਜਾਬ ਦੀ ਵੰਡ ਹੋਈ। ਪਾਕਿਸਤਾਨੀ ਪੰਜਾਬ ਵਿਚੋਂ 40 ਲੱਖ ਹਿੰਦੂ ਤੇ ਸਿੱਖ ਭਾਰਤ ਵਿਚ ਪਲਾਇਨ ਕਰ ਗਏ। ਸਿੱਖ ਪੱਕੇ ਦੇਸ਼-ਭਗਤ ਸਨ ਅਤੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ (80% ਤੋਂ ਵੱਧ) ਕੁਰਬਾਨੀਆਂ ਦਿੱਤੀਆਂ; ਪਰ ਉਨ੍ਹਾਂ ਨੂੰ ਦਿੱਤੇ ਗਏ ਵਾਅਦੇ ‘ਤੇ ਕੋਈ ਅਮਲ ਨਾ ਹੋਇਆ। ਆਜ਼ਾਦੀ ਦੇ ਇਕ ਦਮ ਬਾਅਦ ਉਸ ਸਮੇਂ ਦੀਆਂ ਸਿੱਖ ਰਿਆਸਤਾਂ ਨੂੰ ਪੰਜਾਬ ਸੂਬੇ ਨਾਲ ਮਿਲਾ ਦਿੱਤਾ ਗਿਆ ਅਤੇ ਇਨ੍ਹਾਂ ਰਿਆਸਤਾਂ ਨੂੰ ਅੰਗਰੇਜ਼ੀ ਸਰਕਾਰ ਵੱਲੋਂ ਮਿਲੇ ਅਧਿਕਾਰ ਅਤੇ ਲਾਭ ਸਭ ਖ਼ਤਮ ਕਰ ਦਿੱਤੇ ਗਏ। ਭਾਰਤ ਨੂੰ ਇਕ ਸਮਾਜਵਾਦੀ ਧਰਮ ਨਿਰਪੱਖ ਗਣਰਾਜ ਐਲਾਨ ਕਰ ਦਿੱਤਾ ਗਿਆ। ਚੋਣਾਂ ਵਿਚ ਸਿੱਖਾਂ ਦੀ ਖਾਸ ਨੁਮਾਇੰਦਗੀ ਵਾਪਿਸ ਲੈ ਲਈ ਗਈ ਅਤੇ ਉਨ੍ਹਾਂ ਨੂੰ ਵੱਖਰੇ ਵੋਟਰ ਦੀ ਜਗ੍ਹਾ ‘ਸਾਂਝਾ ਵੋਟਰ’ ਐਲਾਨ ਕੀਤਾ ਗਿਆ।
ਪਹਿਲੀ ਨਵੰਬਰ 1966 ਨੂੰ ਪੰਜਾਬ ਵਿਚੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬੇ ਬਣਾਉਣ ਪਿਛੋਂ ਮੌਜੂਦਾ ਪੰਜਾਬ ਵਿਚ ਸਿੱਖਾਂ ਦੀ ਆਬਾਦੀ 56% ਸੀ। ਪੰਜਾਬ ਸੂਬਾ ਖੁਸ਼ਹਾਲ ਹੋਣ ਕਰਕੇ ਇਸ ਨੇ ਕਾਫੀ ਗਿਣਤੀ ਵਿਚ ਹਿੰਦੂਆਂ ਨੂੰ ਆਪਣੇ ਵੱਲ ਖਿੱਚਿਆ, ਜਿਸ ਕਾਰਨ ਸਿੱਖਾਂ ਦੀ ਆਬਾਦੀ ਇੱਥੇ ਘੱਟ ਕੇ 52% ਰਹਿ ਗਈ। 1960 ਦੇ ਦਹਾਕੇ ਵਿਚ ਸਿੱਖਾਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਧਰਮ ਅਤੇ ਸਮਾਜਕ ਬਣਤਰ ਨੂੰ ਹਿੰਦੂਵਾਦ ਵਿਚ ਮਿਲਾਉਣ ਦੇ ਅਪ੍ਰਤੱਖ ਯਤਨਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਕਾਂਗਰਸ ਨੇ ਬੋਲੀ ਦੇ ਆਧਾਰ ‘ਤੇ ਸੂਬੇ ਬਣਾਉਣ ਦਾ ਸਮਰਥਨ ਕੀਤਾ ਸੀ ਅਤੇ ਆਜ਼ਾਦੀ ਪਿਛੋਂ 1953 ਵਿਚ ਬੋਲੀ ਦੇ ਆਧਾਰ ‘ਤੇ ਆਂਧਰਾ ਪ੍ਰਦੇਸ਼ ਭਾਰਤ ਦਾ ਪਹਿਲਾ ਸੂਬਾ ਬਣਾਇਆ ਗਿਆ, ਪਰ ਪੰਜਾਬ ਨੂੰ ਪੰਜਾਬੀ ਸੂਬਾ ਲੈਣ ਲਈ ਹੋਰ 13 ਸਾਲ ਦਾ ਸਮਾਂ ਲੱਗ ਗਿਆ ਅਤੇ ਇਸ ਖਾਤਿਰ ਵੀ ਪੰਜਾਬੀਆਂ ਨੂੰ ਬੜੀ ਜੱਦੋਜਹਿਦ ਕਰਨੀ ਪਈ।
ਪੰਜਾਬੀਆਂ ਦੇ ਮਨਾਂ ਵਿਚ ਇਹ ਭਾਰੀ ਗਿਲ੍ਹਾ ਹੈ ਕਿ 1951 ਅਤੇ 1961 ਦੀ ਮਰਦਮਸ਼ੁਮਾਰੀ (ਜਨ-ਗਣਨਾ) ਵੇਲੇ ਕਈ ਹਿੰਦੂਆਂ ਨੇ ਆਪਣੇ ਨੇਤਾਵਾਂ ਦੇ ਆਖੇ ਲੱਗ ਕੇ ਆਪਣੀ ਮਾਂ-ਬੋਲੀ ਹਿੰਦੀ ਲਿਖਵਾਈ, ਜਦੋਂ ਕਿ ਉਹ ਆਪਣੇ ਘਰਾਂ ਵਿਚ ਚੰਗੀ ਭਲੀ ਪੰਜਾਬੀ ਬੋਲਦੇ ਸਨ। ਇਸ ਫਿਰਕੂ ਸੋਚ ਨੇ ਸਿੱਖਾਂ ਤੇ ਹਿੰਦੂਆਂ ਵਿਚਾਲੇ ਇਕ ਸਪੱਸ਼ਟ ‘ਲਾਈਨ’ ਖਿੱਚ ਦਿੱਤੀ। ਇਸ ਤਰ੍ਹਾਂ ਸਿੱਖਾਂ ਲਈ ਇਹ ਜ਼ਰੂਰੀ ਹੋ ਗਿਆ ਕਿ ਉਹ ਆਪਣੀਆਂ ਆਉਣ ਵਾਲੀਆਂ ਨਸਲਾਂ, ਪੰਜਾਬੀ ਮਾਂ-ਬੋਲੀ ਅਤੇ ਗੁਰਮੁਖੀ ਲਿਪੀ ਦੀ ਸੰਭਾਲ ਕਰਨ। ਇਕ ਹੋਰ ਗਿਲ੍ਹਾ ਪੰਜਾਬੀਆਂ ਨੂੰ ਭਾਰਤ ਸਰਕਾਰ ਦੇ ਵਿਰੁੱਧ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ ਤੇ ਰਾਜਸਥਾਨ ਵਿਚ ਵੰਡ ਨੂੰ ਲੈ ਕੇ ਸੀ। ਪੰਜਾਬੀਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਬਹੁਤਾ ਪਾਣੀ ਹਰਿਆਣੇ ਅਤੇ ਰਾਜਸਥਾਨ ਨੂੰ ਦੇ ਦਿੱਤਾ ਗਿਆ ਹੈ। ਪੰਜਾਬ ਪੁਨਰਗਠਨ ਐਕਟ (1966) ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਨੂੰ 75% ਦਰਿਆਈ ਪਾਣੀ ਤੋਂ ਹੱਥ ਧੋਣੇ ਪਏ ਅਤੇ ਇਹ ਪਾਣੀ ਹਿੰਦੂ ਰਾਜਾਂ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੱਤਾ ਗਿਆ।
ਭਾਰਤੀ ਸੰਵਿਧਾਨ ਵਿਚ ਇਹ ਦਰਜ ਹੈ ਕਿ ਭਾਰਤ ਦੇ ਸਾਰੇ ਨਾਗਰਿਕ ਆਪਣੇ ਧਰਮ ਨੂੰ ਮੰਨਣ ਅਤੇ ਉਸ ‘ਤੇ ਚੱਲਣ ਦੀ ਆਜ਼ਾਦੀ ਦੇ ਹੱਕਦਾਰ ਹਨ। ਇਸ ਤਰ੍ਹਾਂ ਸਿੱਖਾਂ ਨੂੰ ਆਪਣਾ ਧਾਰਮਿਕ ਚਿੰਨ੍ਹ ਕਿਰਪਾਨ ਪਾਉਣ ਦੀ ਖੁੱਲ੍ਹ ਹੈ। ਇੱਥੋਂ ਤੱਕ ਕਿ ਸਿੱਖ 9 ਇੰਚ ਲੰਮੀ ਕਿਰਪਾਨ ਘਰੇਲੂ ਉਡਾਣਾਂ ਵਿਚ ਤਾਂ ਲਿਜਾ ਸਕਦੇ ਹਨ, ਪਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕੌਮਾਂਤਰੀ ਉਡਾਣਾਂ ਵਿਚ ਇਸ ਨੂੰ ਲਿਜਾਣ ਦੀ ਆਗਿਆ ਨਹੀਂ ਦਿੱਤੀ।
ਸਿੱਖਾਂ ਦੀਆਂ ਸ਼ਿਕਾਇਤਾਂ ਨੂੰ ਨਿਵਾਰਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 1980 ਦੇ ਸ਼ੁਰੂਆਤੀ ਵਰ੍ਹਿਆਂ ਵਿਚ ਅੱਗੇ ਆਏ। ਉਨ੍ਹਾਂ ਨੇ ਸਿੱਖਾਂ ਦੀ ਧਾਰਮਿਕ ਸੂਰਬੀਰਤਾ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਦੀਆਂ ਵਾਜਬ ਮੰਗਾਂ ਨੂੰ ਨਵੀਂ ਚਮਕ ਤੇ ਆਸ ਪ੍ਰਦਾਨ ਕੀਤੀ ਅਤੇ ਜਲਦੀ ਹੀ ਪੰਜਾਬ ਵਿਚਲੇ ਤੇ ਪੰਜਾਬ ਤੋਂ ਬਾਹਰ ਵੱਸਣ ਵਾਲੇ ਸਿੱਖਾਂ ਦੇ ਵੱਡੇ ਗਰੁੱਪ ਨੂੰ ਲਾਮਬੰਦ ਕੀਤਾ। ਉਹ ਉਨ੍ਹਾਂ ਦਾ ਹਰਮਨ-ਪਿਆਰਾ ਆਗੂ ਬਣ ਗਿਆ। ਹਿੰਦੂਆਂ ਤੇ ਸਿੱਖਾਂ ਵਿਚ ਤਣਾਓ ਵਧਣ ਦੇ ਨਤੀਜੇ ਵਜੋਂ ਪੰਜਾਬ ਵਿਚ ਕਈ ਹਿੰਦੂ ਸੰਸਥਾਵਾਂ, ਜਿਵੇਂ ਆਰ. ਐਸ਼ ਐਸ਼, ਹਿੰਦੂ ਸ਼ਿਵ ਸੈਨਾ, ਹਿੰਦੂ ਮਹਾਂ ਸਭਾ, ਹਿੰਦੂ ਸੁਰੱਕਸ਼ਾ ਸੰਮਤੀ, ਬਜਰੰਗ ਬ੍ਰਿਗੇਡ, ਆਦਿ ਸਰਗਰਮ ਹੋ ਗਈਆਂ। ਉਨ੍ਹਾਂ ਨੇ ਪੰਜਾਬ ਵਿਚ ਸਿੱਖਾਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।
1984 ਦੇ ਸ਼ੁਰੂ ਵਿਚ ਪੰਜਾਬ ਦੇ ਹਾਲਾਤ ਏਨੇ ਖਤਰਨਾਕ ਹੋ ਗਏ ਸਨ ਕਿ ਇਨ੍ਹਾਂ ਦੇ ਸੁਧਰਨ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਸਨ। ਸਿੱਖਾਂ ਨੂੰ ਨੁਕਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੰਜਾਬ ਵਿਚ ਹਰੇਕ ਫਸਲ ਦੀ ਭਰਪੂਰ ਪੈਦਾਵਾਰ ਹੁੰਦੀ ਹੈ ਅਤੇ ਕੁਝ ਪੰਜਾਬੀਆਂ ਨੇ ਇਸ ਦੀ ਸਪਲਾਈ ਦੇਸ਼ ਦੇ ਦੂਜੇ ਰਾਜਾਂ ਵਿਚ ਜਾਣ ਤੋਂ ਰੋਕਣ ਦੀ ਧਮਕੀ ਦਿੱਤੀ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਧਮਕੀ ਨੂੰ ਬਹਾਨਾ ਬਣਾ ਕੇ ਪੰਜਾਬ ਵਿਚ ਫੌਜ ਭੇਜਣ ਦੇ ਹੁਕਮ ਦਿੱਤੇ। ਇਹ ਉਸ ਲਈ ਪੰਜਾਬ ਵਿਚ ਫੌਜ ਭੇਜਣ ਦਾ ਸਭ ਤੋਂ ਵਧੀਆ ਬਹਾਨਾ ਸੀ, ਜਿਸ ਦੀ ਉਸ ਨੂੰ ਉਸ ਸਮੇਂ ਲੋੜ ਸੀ, ਕਿਉਂਕਿ ਉਹ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਜਿਨ੍ਹਾਂ ਨੇ 1975 ਵਿਚ ਉਸ ਵੱਲੋਂ ਦੇਸ਼ ਵਿਚ ਲਾਈ ਗਈ ਐਮਰਜੈਂਸੀ ਦੌਰਾਨ ਸਭ ਤੋਂ ਪਹਿਲਾਂ ਇਸ ਦਾ ਭਾਰੀ ਵਿਰੋਧ ਕੀਤਾ ਸੀ ਅਤੇ ਇਸ ਦੇ ਖਿਲਾਫ ਮੋਰਚਾ ਲਾ ਕੇ ਜੇਲ੍ਹਾਂ ਭਰੀਆਂ ਸਨ।
ਹੁਣ ‘ਸਾਕਾ ਨੀਲਾ ਤਾਰਾ’ ਦੀਆਂ ਵੱਖ-ਵੱਖ ਘਟਨਾਵਾਂ ਵੱਲ ਆਉਂਦੇ ਹਾਂ। ਪਹਿਲੀ ਜੂਨ 1984 ਨੂੰ ਸੀ. ਆਰ. ਪੀ. ਦੇ ਜਵਾਨਾਂ ਅਤੇ ਖਾੜਕੂ ਨੌਜਵਾਨਾਂ ਵਿਚਾਲੇ ਗੋਲੀਬਾਰੀ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ ਅਤੇ 2 ਜੂਨ ਨੂੰ ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ਦੇ ਸਾਰੇ ਕੰਪਲੈਕਸ ਨੂੰ ਘੇਰਾ ਪਾ ਲਿਆ। ਕਿਹਾ ਜਾਂਦਾ ਹੈ ਕਿ ਕੋਈ 1,50,000 ਭਾਰਤੀ ਫੌਜੀ ਜਵਾਨਾਂ ਨੇ ਕੰਪਲੈਕਸ ਦੀ ਇਸ ਘੇਰਾਬੰਦੀ ਵਿਚ ਹਿੱਸਾ ਲਿਆ। ਹੈਲੀਕਾਪਟਰਾਂ ਤੇ ਮਾਰੂ ਗੰਨਾਂ ਨਾਲ ਲੈਸ ਟੈਂਕਾਂ, ਬਖਤਰਬੰਦ ਗੱਡੀਆਂ ਤੇ ਹੋਰ ਆਧੁਨਿਕ ਅਸਲੇ ਦੇ ਨਾਲ ਫੌਜ ਵੱਲੋਂ ਇਹ ਹਮਲਾ ਕੀਤਾ ਗਿਆ, ਜਿਸ ਦੀ ਤਿਆਰੀ ਦੀ ਰਿਹਰਸਲ ਇਕ ਸਾਲ ਪਹਿਲਾਂ ਉਸ ਵੱਲੋਂ ਉਤਰਾਂਚਲ ਦੇ ਇਕ ਪਹਾੜੀ ਇਲਾਕੇ ਵਿਚ ਕੀਤੀ ਗਈ ਸੀ। ਸੂਬਾ ਪੰਜਾਬ ਸਾਰੀ ਦੁਨੀਆਂ ਨਾਲੋਂ ਕੱਟ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਸਾਰੇ ਪੱਤਰਕਾਰਾਂ ਨੂੰ ਸੂਬੇ ਵਿਚੋਂ ਬਾਹਰ ਕੱਢ ਦਿੱਤਾ ਗਿਆ। ਟੈਲੀਫੋਨ ਲਾਈਨਾਂ ਕੱਟ ਦਿੱਤੀਆਂ ਗਈਆਂ ਅਤੇ ਦੇਸ਼-ਵਿਦੇਸ਼ ਨਾਲੋਂ ਇਸ ਦਾ ਸੰਚਾਰ ਸਿਲਸਿਲਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਉਸ ਸਮੇਂ ਸਾਰੀਆਂ ਖਬਰਾਂ ਤੇ ਸੂਚਨਾਵਾਂ ਭਾਰਤ ਸਰਕਾਰ ਦੇ ਕੰਟਰੋਲ ਹੇਠ ਸਨ। ਸਾਰੇ ਖੁਦਮੁਖਤਿਆਰ ਅਖਬਾਰ ਤੇ ਰੇਡੀਓ ਸਟੇਸ਼ਨ ਬੰਦ ਕਰ ਦਿੱਤੇ ਗਏ। ਪੰਜਾਬ ਵਿਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ। ਇਸ ਤਰ੍ਹਾਂ ਪੰਜਾਬ ਦੀ ਦੋ ਕਰੋੜ ਤੋਂ ਵੱਧ ਜਨਤਾ ਨੂੰ ਪੂਰਨ ਘੇਰਾਬੰਦੀ ਅਤੇ ਘਰਾਂ ਵਿਚ ਕੈਦ ਦੀ ਹਾਲਤ ਵਿਚ ਰੱਖਿਆ ਗਿਆ।
4 ਜੂਨ ਵਾਲੇ ਦਿਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖਲ ਹੋਣ ਦਾ ਹੁਕਮ ਦੇ ਦਿੱਤਾ। 3 ਜੂਨ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ, ਜਿਸ ਵਿਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਦਰਬਾਰ ਸਾਹਿਬ ਕੰਪਲੈਕਸ ਵਿਚ ਇਕੱਠੇ ਹੋਏ ਸਨ। ਉਨ੍ਹਾਂ ਨੂੰ ਉਥੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੇ 40 ਹੋਰ ਗੁਰਦੁਆਰਾ ਸਾਹਿਬਾਨ ‘ਤੇ ਵੀ ਉਸੇ ਦਿਨ ਹੀ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ। ਮੁੱਠੀ ਭਰ ਹਥਿਆਰਬੰਦ ਖਾੜਕੂ ਸਿੰਘਾਂ, ਜੋ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸਨ, ਨੂੰ ਫੜ੍ਹਨ ਦੇ ਬਹਾਨੇ ਭਾਰਤੀ ਫੌਜ ਨੇ ਦਰਬਾਰ ਸਾਹਿਬ ‘ਤੇ ਇਹ ਵੱਡਾ ਹਮਲਾ ਕੀਤਾ ਅਤੇ ਇਹ ‘ਮਹਾਨ ਜੰਗ’ ਜਿੱਤਣ ਲਈ ਉਸ ਨੇ ਵਿਜੰਤ ਟੈਂਕਾਂ ਦੀ ਦੁਰਵਰਤੋਂ ਕੀਤੀ। ਇਨ੍ਹਾਂ ਟੈਂਕਾਂ ਨਾਲ ਧਮਾਕੇਦਾਰ ਗੋਲਾਬਾਰੀ ਕੀਤੀ ਗਈ ਅਤੇ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਸ੍ਰੀ ਅਕਾਲ ਤਖਤ ਦਾ ਸਾਹਮਣਾ ਪਾਸਾ ਸਾਰਾ ਹੀ ਤੋੜ ਦਿੱਤਾ ਗਿਆ ਅਤੇ ਇਸ ਦੇ ਗੁੰਬਦਾਂ ਨੂੰ ਢਾਹ-ਢੇਰੀ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖਤ ਦੇ ਅੰਦਰਲੇ ਕਮਰਿਆਂ ਵਿਚ ਅੱਗਾਂ ਲਾ ਦਿੱਤੀਆਂ, ਜਿਨ੍ਹਾਂ ਵਿਚ ਬੇਸ਼-ਕੀਮਤੀ ਇਤਿਹਾਸਕ ਸਿੱਖ ਨਿਸ਼ਾਨੀਆਂ ਮੌਜੂਦ ਸਨ। ਦਰਸ਼ਨੀ ਡਿਓੜੀ ‘ਤੇ ਵੱਜੇ ਤੋਪ ਦੇ ਗੋਲਿਆਂ ਦੇ ਨਾਲ ਇਸ ਦੇ ਉਪਰ ਬਣੇ ਤੋਸ਼ੇਖ਼ਾਨੇ ਵਿਚ ਅੱਗ ਲੱਗਣ ਕਾਰਨ ਕਈ ਬਹੁ-ਮੁੱਲੀਆਂ ਯਾਦਗਾਰੀ ਤੇ ਕੀਮਤੀ ਵਸਤਾਂ ਅੱਗ ਦੇ ਹਵਾਲੇ ਹੋ ਗਈਆਂ।
ਸਾਰੀ ਪਰਿਕਰਮਾ ਵਿਚ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਪਈਆਂ ਸਨ ਤੇ ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਜਲ ਖੂਨ ਦੀ ਮੋਟੀ ਤਹਿ ਨਾਲ ਗੂੜ੍ਹਾ ਲਾਲ ਹੋ ਗਿਆ ਸੀ। ਉਸ ਸਮੇਂ ਮਰ ਰਹੇ ਜਾਂ ਜ਼ਖਮੀ ਸਿੱਖਾਂ ਨੂੰ ਕੋਈ ਵੀ ਡਾਕਟਰੀ ਮਦਦ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ‘ਕ੍ਰਿਸਚਨ ਸਾਇੰਸ ਮੌਨੀਟਰ’ ਨੇ ਰਿਪੋਰਟ ਕੀਤੀ ਸੀ, “ਸ਼ਨੀਵਾਰ ਨੂੰ ਮੈਡੀਕਲ ਵਰਕਰਜ਼ ਅੰਮ੍ਰਿਤਸਰ ਅਨੁਸਾਰ ਫੌਜੀਆਂ ਨੇ ਉਨ੍ਹਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਜ਼ਖਮੀ ਸਿੱਖ ਸ਼ਰਧਾਲੂਆਂ ਨੂੰ ਪਾਣੀ ਜਾਂ ਖਾਣਾ ਦਿੱਤਾ ਜਾਂ ਉਨ੍ਹਾਂ ਦਾ ਇਲਾਜ ਕੀਤਾ ਤਾਂ ਉਨ੍ਹਾਂ ਨੂੰ ਗੋਲੀ ਨਾਲ ਉਡਾ ਦਿੱਤਾ ਜਾਏਗਾ।”
ਸਿੱਖਾਂ ਦੀ ਅਹਿਮ ਵਿਰਾਸਤ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿਚ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿਚ ਮੌਜੂਦ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਨੂੰ ਅੱਗ ਲਾ ਦਿੱਤੀ। ਸਿੱਖਾਂ ਦੇ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦੀਆਂ ਅਨਮੋਲ ਹੱਥ-ਲਿਖਤ ਬੀੜਾਂ, ਪੁਰਾਤਨ ਇਤਿਹਾਸਕ ਦਸਤਾਵੇਜ਼, ਸਿੱਖਾਂ ਦੇ ਹਰ ਪੀਰੀਅਡ ਦੇ ਇਤਿਹਾਸ ਅਤੇ ਇੱਥੋਂ ਤੀਕ ਕਿ ਪ੍ਰਾਚੀਨ ਕਲਾ-ਕਿਰਤਾਂ, ਗੁਰੂ ਸਾਹਿਬਾਨ ਦੇ ਜੀਵਨ ਸਬੰਧੀ ਇਤਿਹਾਸਕ ਦਸਤਾਵੇਜ਼ ਸਾੜ ਕੇ ਸਵਾਹ ਕਰ ਦਿੱਤੇ ਗਏ। ਲੈਫਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਤੇ ਲੈਫਟੀਨੈਂਟ ਜਨਰਲ ਕੇ. ਐਸ਼ ਬਰਾੜ (ਦੋਵੇਂ ਸਿੱਖ) ਨੇ ਸਾਰੇ ਹਮਲੇ ਦੀ ਕਮਾਂਡ ਕੀਤੀ। ਅੰਮ੍ਰਿਤਸਰ ਨੇ ਵੀਹਵੀਂ ਸਦੀ ਵਿਚ ਆਪਣੇ ਦੇਸ਼ ਦੀ ਫੌਜ ਵੱਲੋਂ ਸਿੱਖਾਂ ਦਾ ਇਹ ਸਭ ਤੋਂ ਵੱਡਾ ਕਤਲੇਆਮ ਵੇਖਿਆ। ਇਸ ਤੋਂ ਪਹਿਲਾਂ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜੱਲਿਆਂਵਾਲੇ ਬਾਗ ਵਿਚ ਹੋਇਆ ਕਤਲੇਆਮ ਅੰਗਰੇਜ਼ ਹਕੂਮਤ ਵੱਲੋਂ ਕੀਤਾ ਗਿਆ ਸੀ, ਜਿਸ ਵਿਚ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲ੍ਹਿਆ ਸੀ।
ਭਾਰਤੀ ਤੇ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਵੱਲੋਂ ਇਸ ਹਮਲੇ ਦੀ ਭਰਪੂਰ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਨੂੰ ਆਪਣੇ ਧਰਮ ‘ਤੇ ਵੱਡਾ ਹਮਲਾ ਤੇ ਭਾਰਤੀ ਫੌਜ ਦਾ ਸ਼ਰਮਨਾਕ ਕਾਰਾ ਦੱਸਿਆ। ਸਾਰੇ ਹੀ ਸਿੱਖ ਭਾਈਚਾਰੇ ਨੇ ਇਸ ਦਾ ਬਹੁਤ ਬੁਰਾ ਮਨਾਇਆ। ਆਮ ਪਬਲਿਕ ਤੇ ਉਘੇ ਲੋਕਾਂ ਨੇ ਭਾਰਤੀ ਫੌਜ ਦੀ ਇਸ ਘਿਨਾਉਣੀ ਹਰਕਤ ਦੀ ਰੱਜ ਕੇ ਨਿੰਦਾ ਕੀਤੀ। ਵਿਦਿਆਰਥੀਆਂ, ਜਿਨ੍ਹਾਂ ਵਿਚ 15 ਸਾਲ ਤੋਂ ਘੱਟ ਉਮਰ ਵਾਲੇ ਵਿਦਿਆਰਥੀ ਵੀ ਸ਼ਾਮਲ ਸਨ, ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ। ਇਸ ਦਾ ਸਖਤ ਵਿਰੋਧ ਕਰਨ ਲਈ ਕਈ ਮੰਤਰੀਆਂ ਨੇ ਅਸਤੀਫੇ ਦਿੱਤੇ ਅਤੇ ਕਈਆਂ ਨੇ ਭਾਰਤ ਸਰਕਾਰ ਵੱਲੋਂ ਮਿਲੇ ਰਾਸ਼ਟਰੀ ਖਿਤਾਬ ਤੇ ਮਾਣ-ਸਨਮਾਨ ਵਾਪਸ ਕਰ ਦਿੱਤੇ। ਕਈ ਧਰਮੀ ਸਿੱਖ ਫੌਜੀ ਬਗਾਵਤ ਕਰਕੇ ਆਪਣੀਆਂ ਫੌਜੀ ਬੈਰਕਾਂ ਤੋਂ ਬਾਹਰ ਆ ਗਏ। ਕਈ ਕਿਸਮ ਦੇ ਮੱਤਭੇਦਾਂ ਦੇ ਬਾਵਜੂਦ ਦੁਨੀਆਂ ਭਰ ਦੇ ਸਿੱਖ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਨਾ ਸਹਾਰਦਿਆਂ ਇਕੱਠੇ ਹੋਏ, ਜੋ ਪਹਿਲਾਂ ਕਦੇ ਵੀ ਇੰਜ ਇਕੱਠੇ ਨਹੀਂ ਸੀ ਹੋਏ।
ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਦੀ ਬੇਅਦਬੀ ਦੀ ਇਸ ਮੰਦਭਾਗੀ ਘਟਨਾ ਦਾ ਨਤੀਜਾ ਖਾੜਕੂ ਜਥੇਬੰਦੀਆਂ ਵੱਲੋਂ ਵੱਡੇ ਪੱਧਰ ‘ਤੇ ਖਾਲਿਸਤਾਨ ਦੀ ਜ਼ੋਰਦਾਰ ਹਮਾਇਤ ਦੀ ਸ਼ਕਲ ਵਿਚ ਨਿਕਲਿਆ। ਸਿੱਖਾਂ ਦੀ ਇਹ ਦਿਲੀ ਹਮਾਇਤ ਬਾਅਦ ਵਿਚ ਹਥਿਆਰਬੰਦ ਸੰਘਰਸ਼ ਦਾ ਰੂਪ ਧਾਰ ਗਈ, ਜਿਸ ਕਰਕੇ ਪੰਜਾਬ ਵਿਚ ਇਕ ਦਹਾਕੇ ਤੱਕ ਕਤਲੋਗਾਰਤ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਅਤੇ ਬੜੀ ਮੁਸ਼ਕਿਲ ਨਾਲ ਇਸ ਮੰਦਭਾਗੇ ਹਾਲਾਤ ‘ਤੇ ਕਾਬੂ ਪਾਇਆ ਗਿਆ। ਅਜੇ ਵੀ ਵੇਖਣ ਨੂੰ ਤਾਂ ਪੰਜਾਬ ਵਿਚ ਅਮਨ ਤੇ ਸ਼ਾਂਤੀ ਲੱਗਦੀ ਹੈ, ਪਰ ਇਹ ਸਿੱਖਾਂ ਦੇ ਦਿਲਾਂ ਅਤੇ ਦਿਮਾਗਾਂ ਵਿਚ ਨਹੀਂ ਹੈ। ਉਨ੍ਹਾਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਲਗਾਤਾਰ ਵਧੀਕੀਆਂ ਹੁੰਦੀਆਂ ਰਹੀਆਂ ਹਨ ਅਤੇ ਇਹ ਹੁਣ ਵੀ ਹੋ ਰਹੀਆਂ ਹਨ। ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕਿਸੇ ਵੀ ਧਿਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਉਹ ਹਨੇਰੇ ਵਿਚ ਹੀ ਹੱਥ ਪੈਰ ਮਾਰ ਰਹੇ ਹਨ।
ਰੱਬ ਖੈਰ ਕਰੇ!