ਚੀਨ ਅਤੇ ਭਾਰਤ ਵਿਚਲੇ ਫੌਜੀ ਟਕਰਾਓ ਦਾ ਆਲਮੀ ਪ੍ਰਸੰਗ

ਚੀਨੀ ਫੌਜਾਂ ਦੇ ਲੱਦਾਖ ਵਿਚ ਜਬਰੀ ਦਖਲ-ਅੰਦਾਜ਼ੀ ਕਰਨ ਦੇ ਅਪਨਾਏ ਹਮਲਾਵਰ ਰੁਖ ਨਾਲ ਨਵਾਂ ਰੇੜ੍ਕਾ ਖੜਾ ਹੋ ਗਿਆ ਹੈ। ਧਾਰਾ-370 ਦੇ ਪ੍ਰਸੰਗ ਵਿਚ ਅਤੇ ਕਰੋਨਾ ਮਹਾਮਾਰੀ ਪਿਛੋਂ ਚੀਨ ਤੇ ਅਮਰੀਕਾ ਦਰਮਿਆਨ ਵਧੇ ਤਣਾਓ ਦੌਰਾਨ ਭਾਰਤ ਦੇ ਅਮਰੀਕਾ ਪੱਖੀ ਹੋਣ ਦੇ ਸੰਦਰਭ ਵਿਚ ਇਹ ਚਰਚਾ ਹੈ ਕਿ ਚੀਨ ਦੀ ਇਹ ਕਾਰਵਾਈ ਭਾਰਤੀ ਸਾਮਰਾਜੀਆਂ ਨੂੰ ਜਮੀਨੀ ਹਕੀਕਤ ਦਾ ਅਹਿਸਾਸ ਕਰਵਾਉਣ ਲਈ ਹੀ ਹੈ। ਇਸ ਨਾਲ ਨਾ ਸਿਰਫ ਭਾਰਤੀ ਫੌਜ, ਸਗੋਂ ਆਰ. ਐਸ਼ ਐਸ਼ ਸਮੇਤ ਮੋਦੀ ਸਰਕਾਰ ਨੂੰ ਵੀ ਸੰਸਾਰ ਭਰ ਵਿਚ ਜਲੀਲ ਹੋਣਾ ਪਿਆ ਹੈ।

ਉਘੇ ਚਿੰਤਕ ਗੁਰਬਚਨ ਸਿੰਘ ਨੇ ਵੱਖ ਵੱਖ ਅਖਬਾਰਾਂ ਦੇ ਹਵਾਲੇ ਨਾਲ ਅਤੇ ਚੀਨ ਤੇ ਭਾਰਤ ਵਿਚਲੇ ਫੌਜੀ ਟਕਰਾਓ ਦਾ ਪ੍ਰਸੰਗ ਆਲਮੀ ਸਰਗਰਮੀਆਂ ਨਾਲ ਜੋੜਦਿਆਂ ਕੁਝ ਨੁਕਤੇ ਉਠਾਏ ਹਨ। -ਸੰਪਾਦਕ

ਗੁਰਬਚਨ ਸਿੰਘ
ਫੋਨ: 91-98156-98451

8 ਜੂਨ ਦੀ ਅੰਗਰੇਜ਼ੀ ਟ੍ਰਿਬਿਊਨ ਦੇ ਪਹਿਲੇ ਸਫੇ ਉਤੇ ਪੱਤਰਕਾਰ ਅਜੈ ਬੈਨਰਜੀ ਨੇ ਕੌਮੀ ਸੁਰਖਿਆ ਸਲਾਹਕਾਰ ਬੋਰਡ ਦੇ ਮੈਂਬਰ ਸਾਬਕਾ ਲੈਫਟੀਨੈਂਟ ਜਨਰਲ ਨਰਸਿੰਮਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ ਹੈ ਕਿ ਅਜੇ ਤਕ ਭਾਰਤ ਸਰਕਾਰ ਦਾ ਸਾਰਾ ਸੁਰੱਖਿਆ ਮਹਿਕਮਾ ਇਹ ਫੈਸਲਾ ਨਹੀਂ ਕਰ ਸਕਿਆ ਕਿ ਅਚਨਚੇਤੀ ਚੀਨੀ ਫੌਜ ਦੀ ਲੱਦਾਖ ਖੇਤਰ ਵਿਚ ਕੀਤੀ ਗਈ ਦਖਲ-ਅੰਦਾਜ਼ੀ ਅਤੇ ਅਪਨਾਏ ਗਏ ਹਮਲਾਵਰ ਰੁਖ ਦਾ ਕਾਰਨ ਤੇ ਮੰਤਵ ਕੀ ਹੈ? ਸਰਕਾਰੀ ਹਵਾਲੇ ਨਾਲ ਇਹ ਵੀ ਦਸਿਆ ਗਿਆ ਹੈ ਕਿ ਫੌਜ, ਹਥਿਆਰਾਂ ਅਤੇ ਤੋਪਾਂ ਦੀ ਗਿਣਤੀ ਪੱਖੋਂ ਪਿਛਲੇ 53 ਸਾਲ ਵਿਚ ਅਜਿਹਾ ਕੋਈ ਮੌਕਾ ਨਹੀਂ ਆਇਆ, ਜਦੋਂ ਚੀਨੀ ਫੌਜ ਨੇ ਭਾਰਤੀ ਇਲਾਕੇ ਵਿਚ ਇਸ ਤਰ੍ਹਾਂ ਦੀ ਜਬਰੀ ਘੁਸਪੈਠ ਕੀਤੀ ਹੋਵੇ। ਲੈਫਟੀਨੈਂਟ ਜਨਰਲ ਦੇ ਹਵਾਲੇ ਨਾਲ ਇਹ ਵੀ ਦਸਿਆ ਗਿਆ ਹੈ ਕਿ ਭਾਰਤੀ ਸੁਰਖਿਆ ਅਦਾਰੇ ਸੋਚਦੇ ਹਨ ਕਿ ਸਾਧਨਾਂ ਪੱਖੋਂ ਚੀਨ ਉਕਤ ਇਲਾਕੇ ਵਿਚ ਬਣਿਆ ਆਪਣਾ ਦਬਾਓ ਲੰਬਾ ਸਮਾਂ ਕਾਇਮ ਰਖ ਸਕਦਾ ਹੈ, ਪਰ ਵੱਡਾ ਸੁਆਲ ਇਹ ਹੈ ਕਿ ਕੀ ਉਹ ਇੰਜ ਕਰੇਗਾ?
ਅਖਬਾਰਾਂ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ 6 ਜੂਨ ਨੂੰ ਦੋਹਾਂ ਦੇਸਾਂ ਦੀ ਲੈਫਟੀਨੈਂਟ ਜਨਰਲ ਪੱਧਰ ਦੀ ਹੋਈ ਫੌਜੀ ਮੀਟਿੰਗ ਵਿਚ ਚੀਨ ਨੇ ਇਕ ਇੰਚ ਵੀ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਲਈ ਮੀਟਿੰਗ ਪਿਛੋਂ ਜਾਰੀ ਕੀਤੇ ਗਏ ਬਿਆਨ ਵਿਚ ਸਿਰਫ ਏਨਾ ਹੀ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਗੱਲਬਾਤ ਨਾਲ ਮਸਲਾ ਹੱਲ ਕਰਨ ਲਈ ਸਹਿਮਤ ਹੋ ਗਏ ਹਨ, ਪਰ ਕੀ ਚੀਨੀ ਫੌਜ ਇਕ ਅਪਰੈਲ ਵਾਲੀ ਪਹਿਲੀ ਪੁਜੀਸ਼ਨ ਉਤੇ ਵਾਪਸ ਜਾਏਗੀ? ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਸਾਬਕਾ ਲੈਫਟੀਨੈਂਟ ਜਨਰਲ ਐਚ. ਐਸ਼ ਪਨਾਂਗ ਦੀ ਦਿੱਤੀ ਗਈ ਜਾਣਕਾਰੀ ਅਨੁਸਾਰ ਚੀਨੀ ਫੌਜ 8 ਕਿਲੋਮੀਟਰ ਭਾਰਤੀ ਇਲਾਕੇ ਅੰਦਰ ਘੁਸ ਆਈ ਹੈ। ਹੋਰਨਾਂ ਜਾਣਕਾਰ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਦਿਲਚਸਪ ਗੱਲ ਇਹ ਹੈ ਕਿ ‘ਦੇਸ਼ ਭਗਤ’ ਮੀਡੀਆ ਇਸ ਚੀਨੀ ਘੁਸਪੈਠ ਨੂੰ ਵੀ ਪਾਕਿਸਤਾਨ ਦੀ ਤਰਜ ਉਤੇ ਚੀਨ ਨੂੰ ਗਾਲ੍ਹਾਂ ਕੱਢਣ ਲਈ ਵਰਤ ਰਿਹਾ ਹੈ। 27 ਮਈ ਦੀ ਪੰਜਾਬੀ ਅਖਬਾਰ ‘ਜੱਗਬਾਣੀ’ ਦੀ ਸੁਰਖੀ ਹੈ, ‘ਚੀਨ ਜੰਗ ਲਈ ਤਿਆਰ, ਭਾਰਤ ਵੀ ਪਿਛੇ ਨਹੀਂ ਹਟੇਗਾ।’ ਇਸ ਖਬਰ ਦੀ ਸ਼ੁਰੂਆਤ ਵੀ ਬੜੀ ਦਿਲਚਸਪ ਹੈ। ਖਬਰ ਅਨੁਸਾਰ ਭਾਵੇਂ ਕਿ ਚੀਨੀ ਫੌਜ ਖੁਦ ਬਾਰੇ ਬੜੀ ਅਸੂਲੀ ਹੋਣ ਦਾ ਦਾਅਵਾ ਕਰਦੀ ਹੈ, ਪਰ ਚੀਨੀ ਫੌਜੀਆਂ ਦੀ ਨੀਚ ਹਰਕਤ ਅਤੇ ਗੁੰਡਾਗਰਦੀ ਦਾ ਸਬੂਤ ਸਾਹਮਣੇ ਆਇਆ ਹੈ। ਖਬਰ ਵਿਚ ਇਹ ਜਾਣਕਾਰੀ ਦਿਤੀ ਗਈ ਹੈ ਕਿ ਪੂਰਬੀ ਲੱਦਾਖ ਦੇ ਪੈਨਗੋਗ ਤਸੋ ਝੀਲ ਖੇਤਰ ਵਿਚ ਚੀਨੀ ਫੌਜੀਆਂ ਨੇ ਭਾਰਤੀ ਫੌਜੀ ਬਲਾਂ ਨੂੰ ਕੁੱਟਣ ਲਈ ਡੰਡਿਆਂ, ਕੰਡਿਆਲੀ ਤਾਰ ਵਾਲੇ ਡੰਡਿਆਂ ਅਤੇ ਪੱਥਰਾਂ ਦੀ ਵਰਤੋਂ ਕੀਤੀ ਹੈ। ਸਰਕਾਰੀ ਖਬਰ ਏਜੰਸੀ ਏ. ਐਨ. ਆਈ. ਦੇ ਹਵਾਲੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਚੀਨੀ ਫੌਜੀਆਂ ਦਾ ਵਰਤਾਓ ਪਾਕਿਸਤਾਨ ਹਮਾਇਤੀ ਪੱਥਰਬਾਜਾਂ ਵਾਂਗ ਰਿਹਾ, ਜੋ ਕਸ਼ਮੀਰ ਵਿਚ ਭਾਰਤੀ ਫੌਜੀ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਪੱਥਰਾਂ ਅਤੇ ਡੰਡਿਆਂ ਦੀ ਵਰਤੋਂ ਕਰਦੇ ਹਨ। ਖਬਰ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਦਸਿਆ ਹੈ ਕਿ ਚੀਨੀ ਫੌਜੀਆਂ ਦੀ ਗਿਣਤੀ ਵੱਧ ਹੋਣ ਕਰ ਕੇ ਅਤੇ ਗੁੰਡਿਆਂ ਜਿਹਾ ਹਮਲਾਵਰ ਰੁਖ ਅਪਨਾਉਣ ਕਰ ਕੇ ਉਹ ਭਾਰਤੀ ਫੌਜੀਆਂ ਨੂੰ ਜਖਮੀ ਕਰਨ ਵਿਚ ਸਫਲ ਹੋ ਗਏ। ਅਨੇਕ ਭਾਰਤੀ ਫੌਜੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ।
ਕੁਝ ਅਖਬਾਰਾਂ ਨੇ ਸਰਕਾਰੀ ਹਵਾਲਿਆਂ ਨਾਲ ਇਹ ਵੀ ਦਸਿਆ ਹੈ ਕਿ ਚੀਨੀ ਫੌਜਾਂ ਨੇ ਕੁਝ ਸਮੇਂ ਲਈ ਭਾਰਤੀ ਫੌਜੀਆਂ ਨੂੰ ਆਪਣੀ ਹਿਰਾਸਤ ਵਿਚ ਵੀ ਰਖਿਆ। ਅਖਬਾਰ ਅਨੁਸਾਰ ਚੀਨ ਭਾਰਤ ਨਾਲ ਜੰਗ ਲਈ ਤਿਆਰ ਹੈ ਅਤੇ ਭਾਰਤ ਨੇ ਵੀ ਪਲਟਵਾਰ ਕਰਦਿਆਂ ਕਿਹਾ ਹੈ ਕਿ ਅਸੀਂ ਪਿੱਛੇ ਨਹੀਂ ਹਟਾਂਗੇ। ਗੋਦੀ ਮੀਡੀਆ ਆਪਣੇ ਰਾਤ ਦਿਨ ਦੇ ਪ੍ਰਚਾਰ ਵਿਚ ਪਤਾ ਨਹੀਂ ਕਿੰਨੀ ਵਾਰ ਭਾਰਤੀ ਫੌਜਾਂ ਵਲੋਂ ਚੀਨੀ ਫੌਜਾਂ ਨੂੰ ਇਸ ਇਲਾਕੇ ਵਿਚੋਂ ਖਦੇੜ ਦੇਣ ਦੇ ਦਾਅਵੇ ਕਰ ਚੁਕਾ ਹੈ; ਜਦੋਂ ਕਿ ਸੱਚਾਈ ਇਹ ਹੈ ਕਿ ਚੀਨ ਨੇ ਇਸ ਖੇਤਰ ਵਿਚੋਂ ਇਕ ਇੰਚ ਵੀ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ।
ਲੱਦਾਖ ਵਿਚ ਚੀਨ ਦੀ ਇਸ ਫੌਜੀ ਕਾਰਵਾਈ ਨੇ ਸਾਬਤ ਕਰ ਦਿਤਾ ਹੈ ਕਿ ਜੰਗ ਬਿਨਾ ਲੜਿਆਂ ਵੀ ਜਿੱਤੀ ਜਾ ਸਕਦੀ ਹੈ। ਭਾਰਤੀ ਫੌਜੀਆਂ ਦੀ ਹੋਈ ਇਸ ਡੰਡਾ-ਕੁੱਟ ਨੇ ਨਾ ਸਿਰਫ ਭਾਰਤੀ ਫੌਜ, ਸਗੋਂ ਆਰ. ਐਸ਼ ਐਸ਼ ਸਮੇਤ ਮੋਦੀ ਸਰਕਾਰ ਨੂੰ ਵੀ ਸੰਸਾਰ ਭਰ ਵਿਚ ਜਲੀਲ ਕੀਤਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਵਿਦੇਸ਼ ਨੀਤੀ ਦੇ ਕਥਿਤ ਮਾਹਿਰ ਰਾਮ ਮਾਧਵ ਦਾ ਕਹਿਣਾ ਹੈ ਕਿ ਡੋਕਲਾਮ ਵਾਂਗ ਇਹ ਮਸਲਾ ਵੀ ਰਾਜਦੂਤਕ ਢੰਗ ਨਾਲ ਹੱਲ ਕਰ ਲਿਆ ਜਾਏਗਾ, ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਭਾਰਤੀ ਫੌਜਾਂ ਦੀ ਹੋਈ ਇਸ ਜਲਾਲਤ ਦਾ ਬਦਲਾ ਕਿਵੇਂ ਲਿਆ ਜਾਏਗਾ? ਫਿਰ ਡੋਕਲਾਮ ਵਿਚ ਵੀ ਚੀਨੀ ਫੌਜ ਨੇ ਜਿਥੋਂ ਤਕ ਪੇਸ਼ਕਦਮੀ ਕਰ ਲਈ ਸੀ, ਉਹ ਉਸ ਤੋਂ ਪਿਛੇ ਨਹੀਂ ਹਟੀ। ਲੱਦਾਖ ਵਿਚ ਵੀ ਉਹ ਇਸ ਪੇਸ਼ਕਦਮੀ ਤੋਂ ਪਿਛੇ ਹਟਣ ਤੋਂ ਸਾਫ ਇਨਕਾਰ ਕਰ ਰਹੀ ਹੈ।
ਸਰਹੱਦੀ ਮਸਲਿਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵਲੋਂ ਲੱਦਾਖ ਖੇਤਰ ਨੂੰ ਕਸ਼ਮੀਰ ਨਾਲੋਂ ਵੱਖ ਕਰਨਾ ਚੀਨ ਦੇ ਹੱਕ ਵਿਚ ਭੁਗਤਿਆ ਹੈ, ਕਿਉਂਕਿ ਕਸ਼ਮੀਰ ਦਾ ਮਸਲਾ ਯੂਨਾਈਟਿਡ ਨੇਸ਼ਨਜ਼ ਵਿਚ ਹੋਣ ਕਰਕੇ ਚੀਨ ਇਸ ਇਲਾਕੇ ਉਤੇ ਆਪਣੇ ਦਾਅਵੇ ਨੂੰ ਜੋਰਦਾਰ ਢੰਗ ਨਾਲ ਪੇਸ਼ ਨਹੀਂ ਸੀ ਕਰ ਸਕਦਾ, ਪਰ ਹੁਣ ਜਦੋਂ ਕਿ ਮੋਦੀ ਸਰਕਾਰ ਨੇ ਖੁਦ ਹੀ ਲੱਦਾਖ ਨੂੰ ਕਸ਼ਮੀਰ ਨਾਲੋਂ ਵੱਖ ਕਰ ਦਿੱਤਾ ਹੈ, ਤਾਂ ਚੀਨ ਸਰਕਾਰ ਦੇ ਇਸ ਇਲਾਕੇ ਉਤੇ ਦਾਅਵਾ ਕਰਨ ਨੂੰ ਯੂਨਾਈਟਿਡ ਨੇਸ਼ਨਜ਼ ਵਿਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਚੀਨ ਦੀ ਇਸ ਇਕੋ ਕਾਰਵਾਈ ਨੇ ਮੋਦੀ ਸਰਕਾਰ ਦੇ ਪੈਰਾਂ ਹੇਠੋਂ ਜਮੀਨ ਖਿਚ ਲਈ ਹੈ। ਨਾ ਸਿਰਫ ਏਸ਼ੀਆ, ਸਗੋਂ ਸਾਰੇ ਸੰਸਾਰ ਦੇ ਚੌਧਰੀ ਬਣਨ ਦੀਆਂ ਉਸ ਦੀਆਂ ਸਾਮਰਾਜੀ ਇੱਛਾਵਾਂ ਉਤੇ ਪਾਣੀ ਫਿਰ ਗਿਆ ਹੈ।
ਚੀਨ ਦੀ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਨੇ ਮੋਦੀ ਸਰਕਾਰ ਨੂੰ ਬੜੀ ਸਪਸ਼ਟ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਕਰੋਨਾ ਵਾਇਰਸ ਦੀ ਮਹਾਮਾਰੀ ਪਿਛੋਂ ਬਣਨ ਵਾਲੇ ਨਵੇਂ ਸੰਸਾਰ ਪ੍ਰਬੰਧ ਵਿਚ ਉਹ ਚੀਨ ਦੀ ਚੌਧਰ ਕਬੂਲ ਕਰੇ, ਨਹੀਂ ਤੇ ਡੁਬ ਰਹੇ ਅਮਰੀਕੀ ਸਾਮਰਾਜ ਦੇ ਬੇੜੇ ਵਿਚ ਸੁਆਰ ਹੋ ਕੇ ਉਸ ਦੇ ਨਾਲ ਡੁੱਬਣ ਲਈ ਤਿਆਰ ਰਹੇ। ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਵਲੋਂ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਇਜਲਾਸ ਦੇ ਆਖਰੀ ਦਿਨ ਆਪਣੇ ਭਾਸ਼ਣ ਵਿਚ ਚੀਨੀ ਫੌਜ ਨੂੰ ਖਤਰਨਾਕ ਤੋਂ ਖਤਰਨਾਕ ਜੰਗ ਲੜਨ ਲਈ ਤਿਆਰ ਰਹਿਣ ਦਾ ਦਿੱਤਾ ਗਿਆ ਸੱਦਾ ਇਸੇ ਧਮਕੀ ਦੀ ਪੁਸ਼ਟੀ ਕਰਦਾ ਹੈ।
ਚੀਨ ਦੀ ਇਹ ਫੌਜੀ ਕਾਰਵਾਈ ਮੋਦੀ ਸਰਕਾਰ ਵਲੋਂ ਆਜ਼ਾਦ ਕਸ਼ਮੀਰ ਵਿਚ ਕਿਸੇ ਵੀ ਕਿਸਮ ਦੀ ਮਾਅਰਕੇਬਾਜੀ ਕਰਨ ਵਿਚ ਵੀ ਵੱਡੀ ਰੁਕਾਵਟ ਬਣ ਗਈ ਹੈ। ਆਜ਼ਾਦ ਕਸ਼ਮੀਰ ਦੇ ਕੋਲ ਬੈਠੀ ਚੀਨੀ ਫੌਜ ਮੋਦੀ ਸਰਕਾਰ ਦੀ ਇਸ ਕਿਸਮ ਦੀ ਕਿਸੇ ਵੀ ਹਰਕਤ ਵਿਚ ਸੌਖਿਆਂ ਹੀ ਦਖਲ-ਅੰਦਾਜ਼ੀ ਕਰਨ ਦੀ ਹਾਲਤ ਵਿਚ ਹੋ ਗਈ ਹੈ। ਇਸ ਕਾਰਵਾਈ ਨੇ ਪਾਕਿਸਤਾਨ ਦੇ ਚਾਰ ਟੁਕੜੇ ਕਰਨ ਦਾ ਭਰਮ ਪਾਲ ਰਹੀ ਭਾਰਤੀ ਫੌਜ ਅਤੇ ਆਰ. ਐਸ਼ ਐਸ਼ ਦੇ ਵੀ ਹੱਥ ਬੰਨ ਦਿੱਤੇ ਹਨ। ਇਸ ਕਾਰਵਾਈ ਨਾਲ ਮੋਦੀ ਸਰਕਾਰ ਨੂੰ ਸਪਸ਼ਟ ਸੰਕੇਤ ਪਹੁੰਚ ਗਿਆ ਹੈ ਕਿ ਪਾਕਿਸਤਾਨ ਉਤੇ ਕੀਤੇ ਗਏ ਕਿਸੇ ਵੀ ਹਮਲੇ ਨੂੰ ਚੀਨੀ ਫੌਜ ਦਰਸ਼ਕ ਬਣ ਕੇ ਨਹੀਂ ਵੇਖੇਗੀ। ਫਿਰ ਨੇਪਾਲ ਕੋਲੋਂ ਇਸ ਖਿੱਤੇ ਵਿਚ ਭਾਰਤੀ ਚੌਧਰ ਨੂੰ ਚੁਣੌਤੀ ਦਿਵਾ ਕੇ ਚੀਨ ਨੇ ਸਾਰੇ ਸੰਸਾਰ ਨੂੰ ਇਹ ਵੀ ਵਿਖਾ ਦਿੱਤਾ ਹੈ ਕਿ ਨਾ ਸਿਰਫ ਪਾਕਿਸਤਾਨ, ਸਗੋਂ ਇਸ ਖਿਤੇ ਵਿਚਲੇ ਸਾਰੇ ਗੁਆਂਢੀ ਮੁਲਕ ਹੀ ਮੋਦੀ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਤੋਂ ਪ੍ਰੇਸ਼ਾਨ ਹਨ।
ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਮੂੰਹਫਟ ਆਗੂ ਸੁਬਰਾਮਨੀਅਮ ਸੁਆਮੀ ਨੇ ਇਸ ਹਕੀਕਤ ਦੀ ਪੁਸ਼ਟੀ ਇਹ ਕਹਿ ਕੇ ਕੀਤੀ ਹੈ ਕਿ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਵਾਂਗ ਉਸ ਦੀ ਵਿਦੇਸ਼ ਨੀਤੀ ਵੀ ਫੇਲ੍ਹ ਸਾਬਤ ਹੋਈ ਹੈ। ਇਸ ਇਕ ਘਟਨਾ ਨੇ ਮੋਦੀ ਸਰਕਾਰ ਦੀ ਮੁਸਲਿਮ ਵਿਰੋਧੀ ਰਾਜਨੀਤੀ ਦੀ ਵੀ ਫੂਕ ਕੱਢ ਦਿੱਤੀ ਹੈ। ਦੇਸ਼ ਵਿਚਲੇ ਮੁਸਲਮਾਨਾਂ ਨੂੰ ਡਰਾ-ਧਮਕਾ ਕੇ ਬ੍ਰਾਹਮਣ-ਬਾਣੀਆ ਵੋਟ ਇਕੱਠੀ ਕਰਨ ਦਾ ਰਾਹ ਮੁਸਲਿਮ ਮੁਲਕਾਂ ਵਿਚ ਪਨਪ ਰਹੇ ਭਾਰਤ ਵਿਰੋਧੀ ਰੋਹ ਨੇ ਰੋਕ ਦਿਤਾ ਹੈ ਅਤੇ ਪਾਕਿਸਤਾਨ ਵਿਰੋਧੀ ਪ੍ਰਚਾਰ ਕਰਨਾ ਹੁਣ ਮਹਿੰਗਾ ਪੈ ਸਕਦਾ ਹੈ, ਕਿਉਂਕਿ ਇਸ ਕਿਸਮ ਦੇ ਪ੍ਰਚਾਰ ਨਾਲ ਜਦੋਂ ਹੀ ਪਾਕਿਸਤਾਨ ਵਿਰੁੱਧ ਕੋਈ ਕਾਰਵਾਈ ਕਰਨ ਦਾ ਦਬਾਓ ਬਣਿਆ, ਉਦੋਂ ਹੀ ਚੀਨੀ ਫੌਜ ਦੀ ਇਹ ਕਾਰਵਾਈ ਮੋਦੀ ਸਰਕਾਰ ਦੀ ਯੁੱਧਨੀਤੀ ਵਿਚ ਰੁਕਾਵਟ ਬਣੇਗੀ। ਇਸ ਤੋਂ ਪਹਿਲਾਂ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ਵਿਚ ਨਾਕਾਮ ਰਹੀ ਮੋਦੀ-ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਵਿਚ ਕੋਈ ਕਾਰਵਾਈ ਕਰੇ, ਚੀਨ ਨੇ ਭਾਰਤ ਨੂੰ ਲੱਦਾਖ ਵਿਚ ਉਲਝਾ ਲਿਆ ਹੈ।
ਮੁਸਲਿਮ ਦੇਸ਼ਾਂ ਵਿਚ ਮੋਦੀ ਸਰਕਾਰ ਪ੍ਰਤੀ ਨਫਰਤ ਦਾ ਅੰਦਾਜ਼ਾ ਇਸ ਇਕ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਕਤਰ ਜਿਹੇ ਇਕ ਛੋਟੇ ਮੁਲਕ ਨੇ ਆਪਣੇ ਸ਼ਹਿਰੀਆਂ ਨੂੰ ਲੈਣ ਗਏ ਏਅਰ ਇੰਡੀਆ ਦੇ ਜਹਾਜ ਨੂੰ ਆਪਣੇ ਹਵਾਈ ਅੱਡੇ ਉਤੇ ਉਤਰਨ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਕੇ ਉਸ ਨੂੰ ਅਸਮਾਨ ਵਿਚੋਂ ਹੀ ਵਾਪਸ ਮੋੜ ਦਿੱਤਾ; ਹਾਲਾਂ ਕਿ ਜਹਾਜ ਨੇ ਦੋਹਾ ਹਵਾਈ ਅੱਡੇ ਉਤੇ ਉਤਰਨ ਦੀ ਇਜਾਜ਼ਤ ਪਹਿਲਾਂ ਹੀ ਲੈ ਰਖੀ ਸੀ। ਕਤਰ ਸਰਕਾਰ ਨੇ ਮੋਦੀ ਸਰਕਾਰ ਨੂੰ ਹੋਰ ਜਲੀਲ ਕਰਨ ਲਈ ਇਹ ਬਿਆਨ ਵੀ ਜਾਰੀ ਕੀਤਾ ਕਿ ਏਅਰ ਇੰਡੀਆ ਨੇ ਦੋਹਾ ਹਵਾਈ ਅੱਡੇ ਉਤੇ ਉਤਰਣ ਦੀ ਇਜਾਜ਼ਤ ਇਹ ਕਹਿ ਕੇ ਲਈ ਸੀ ਕਿ ਉਹ ਆਪਣੇ ਸ਼ਹਿਰੀਆਂ ਨੂੰ ਮੁਫਤ ਲਿਜਾ ਰਿਹਾ ਹੈ, ਪਰ ਜਦੋਂ ਹੀ ਸਾਨੂੰ ਪਤਾ ਲੱਗਾ ਕਿ ਉਹ ਆਪਣੇ ਹਰੇਕ ਸ਼ਹਿਰੀ ਕੋਲੋ ਮੋਟੀ ਰਕਮ ਕਿਰਾਏ ਵਜੋਂ ਲੈ ਰਿਹਾ ਹੈ ਤਾਂ ਅਸੀਂ ਦੋਹਾ ਹਵਾਈ ਅੱਡੇ ਉਤੇ ਜਹਾਜ ਨੂੰ ਉਤਰਨ ਦੀ ਮੁਫਤ ਦਿਤੀ ਇਜਾਜ਼ਤ ਵਾਪਿਸ ਲੈ ਲਈ। ਕਤਰ ਦੀ ਇਸ ਇਕ ਨਿੱਕੀ ਜਿਹੀ ਕਾਰਵਾਈ ਨੇ ਮੋਦੀ ਸਰਕਾਰ ਨੂੰ ਜਿਥੇ ਉਸ ਦੀ ਔਕਾਤ ਵਿਖਾ ਦਿੱਤੀ ਹੈ, ਉਥੇ ਸੰਸਾਰ ਭਰ ਦੇ ਲੋਕਾਂ ਸਾਹਮਣੇ ਇਹ ਵੀ ਨਸ਼ਰ ਕਰ ਦਿੱਤਾ ਹੈ ਕਿ ਨਿਰੋਲ ਵਪਾਰਕ ਸੋਚ ਵਾਲੇ ਆਪਣੇ ਹੀ ਲੋਕਾਂ ਦੇ ਸੰਤਾਪ ਦੀ ਕੀਮਤ ਵੱਟ ਰਹੇ ਹਨ।
ਸੁਆਲ ਪੈਦਾ ਹੁੰਦਾ ਹੈ ਕਿ ਚੀਨ ਨੇ ਲੱਦਾਖ ਵਿਚ ਫੌਜੀ ਕਾਰਵਾਈ ਕਰਨ ਦਾ ਇਹ ਕਦਮ ਹੁਣ ਹੀ ਕਿਉਂ ਚੁਕਿਆ ਹੈ? ਇਸ ਸੁਆਲ ਦਾ ਜੁਆਬ 31 ਮਈ ਦੀ ਰੈਡਿਫ ਡਾਟ ਕਾਮ ਵਿਚ ਕਲਾਉਡ ਐਰਪੀ ਦੀ ਛਪੀ ਇਕ ਲੰਬੀ ਲਿਖਤ ਵਿਚ ਦਿੱਤਾ ਗਿਆ ਹੈ। ਲਿਖਤ ਅਨੁਸਾਰ ਕਰੋਨਾ ਵਾਇਰਸ ਨਾਲ ਨਜਿਠਣ ਸਮੇਂ ਅਮਰੀਕਾ ਸਮੇਤ ਵੱਖ ਵੱਖ ਦੇਸ਼ਾਂ ਦੀਆਂ ਚੀਨ ਵਿਰੋਧੀ ਹਰਕਤਾਂ ਤੋਂ ਚੀਨ ਨੇ ਫੈਸਲਾ ਕਰ ਲਿਆ ਹੈ ਕਿ ਉਸ ਨੂੰ ਆਪਣੀ ਆਲਮੀ ਚੜ੍ਹਤ ਨੂੰ ਕਾਇਮ ਰੱਖਣ ਲਈ ਅਮਰੀਕਾ ਨੂੰ ਆਖਰੀ ਟੱਕਰ ਦੇਣੀ ਹੀ ਪੈਣੀ ਹੈ। ਇਹ ਸੋਚ ਕੇ ਹੀ ਉਸ ਨੇ ਇਹ ਹਮਲਾਵਰ ਰੁਖ ਅਪਨਾਇਆ ਹੈ।
ਇਹ ਹਮਲਾ ਉਸ ਨੇ ਸਿਰਫ ਭਾਰਤ ਉਤੇ ਹੀ ਨਹੀਂ ਕੀਤਾ, ਸਗੋਂ ਕਿਸੇ ਹੋਰ ਰੂਪ ਵਿਚ ਆਸਟ੍ਰੇਲੀਆ ਉਤੇ ਵੀ ਕੀਤਾ ਹੈ। ਉਸ ਨੇ ਆਸਟ੍ਰੇਲੀਆ ਨੂੰ ਅਮਰੀਕੀ ਸਾਮਰਾਜ ਦਾ ਕੁੱਤਾ ਕਹਿ ਕੇ ਮੁਖਾਤਿਬ ਕੀਤਾ ਹੈ। ਆਸਟ੍ਰੇਲੀਆ ਨੂੰ ਸਬਕ ਸਿਖਾਉਣ ਲਈ ਉਸ ਨੇ ਉਸ ਨਾਲ ਕੀਤੇ ਜਾ ਰਹੇ ਵਪਾਰ ਉਤੇ ਵੀ ਰੋਕਾਂ ਲਾ ਦਿੱਤੀਆਂ ਹਨ। ਚੀਨ ਤੇ ਆਸਟ੍ਰੇਲੀਆ ਦਾ ਵਪਾਰ 60 ਅਰਬ ਡਾਲਰ ਆਸਟ੍ਰੇਲੀਆ ਦੇ ਪੱਖ ਵਿਚ ਹੈ। ਹੁਣ ਜਦੋਂ ਕਿ ਆਸਟ੍ਰੇਲੀਆ ਦੀ ਆਰਥਕਤਾ ਬੜੀ ਡਾਂਵਾਡੋਲ ਹੈ ਤਾਂ 60 ਅਰਬ ਡਾਲਰ ਦੀ ਰਕਮ ਦਾ ਘਾਟਾ ਪੂਰਾ ਕਰਨਾ ਉਸ ਲਈ ਜੋਖਮ ਭਰਿਆ ਹੈ।
ਆਰ. ਐਸ਼ ਐਸ਼ ਦੀ ਕਲਪਿਤ ਬ੍ਰਾਹਮਣੀ ਸੋਚ ਵਿਚ ਢਲੀ ਮੋਦੀ ਸਰਕਾਰ, ਜੋ ਅਮਰੀਕਾ, ਜਪਾਨ ਤੇ ਆਸਟ੍ਰੇਲੀਆ ਨਾਲ ਮਿਲ ਕੇ ਚੀਨ ਨੂੰ ਘੇਰਨ ਦੇ ਦਿਨੇ ਹੀ ਸੁਪਨੇ ਵੇਖ ਰਹੀ ਸੀ, ਹੁਣ ਸੁੰਨ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਵਿਦੇਸ਼ ਨੀਤੀ ਦੇ ਕਥਿਤ ਮਾਹਿਰ ਰਾਮ ਮਾਧਵ ਨੇ 30 ਅਪਰੈਲ 2020 ਦੀ ‘ਇੰਡੀਅਨ ਐਕਸਪ੍ਰੈਸ’ ਵਿਚ ਛਪੀ ਆਪਣੀ ਇਕ ਲਿਖਤ ਅੰਦਰ ਇਹ ਦਾਅਵਾ ਕੀਤਾ ਸੀ ਕਿ ਅਮਰੀਕਾ ਅਤੇ ਜਰਮਨੀ ਨਾਲ ਰਲ ਕੇ ਭਾਰਤ ਕਰੋਨਾ ਵਾਇਰਸ ਪਿਛੋਂ ਬਣਨ ਵਾਲੇ ਨਵੇਂ ਸੰਸਾਰ ਪ੍ਰਬੰਧ ਦੀ ਅਗਵਾਈ ਕਰੇਗਾ। ਵਿਸ਼ਵ ਗੁਰੂ ਤਾਂ ਮੋਦੀ ਸਰਕਾਰ ਆਪਣੇ ਆਪ ਨੂੰ ਪਹਿਲਾਂ ਹੀ ਸਮਝਦੀ ਹੈ। ਮੋਦੀ ਸਰਕਾਰ ਇਸ ਪੱਖੋਂ ਉਕਾ ਹੀ ਅਣਜਾਣ ਹੈ ਕਿ ਜਪਾਨ ਚੀਨ ਦੇ ਘੜੇ ਦੀ ਮੱਛੀ ਹੈ। ਉਸ ਨੂੰ ਉਹ ਕਿਸੇ ਵੇਲੇ ਵੀ ਸਬਕ ਸਿਖਾ ਸਕਦਾ ਹੈ, ਕਿਉਂਕਿ ਜਪਾਨ ਫੌਜੀ ਸ਼ਕਤੀ ਪੱਖੋਂ ਪੂਰੀ ਤਰ੍ਹਾਂ ਅਮਰੀਕਾ ਉਤੇ ਨਿਰਭਰ ਹੈ। ਬਾਕੀ ਰਹਿੰਦੇ ਦੋ ਦੇਸ਼ਾਂ-ਭਾਰਤ ਅਤੇ ਆਸਟ੍ਰੇਲੀਆ ਨਾਲ ਚੀਨ ਨੇ ਸਿੱਧਾ ਨਜਿੱਠਣ ਦਾ ਮਨ ਬਣਾ ਲਿਆ ਹੈ। ਦਿਲਚਸਪ ਗੱਲ ਇਹ ਕਿ ਜਿਸ ਦਿਨ ਭਾਰਤੀ ਫੌਜ ‘ਦੇਸ਼ ਭਗਤ’ ਮੀਡੀਏ ਨੂੰ ਇਹ ਅਪੀਲਾਂ ਕਰ ਰਹੀ ਸੀ ਕਿ ਉਹ ਲੱਦਾਖ ਵਿਚ ਭਾਰਤੀ ਫੌਜ ਦੀ ਹੋਈ ਡੰਡਾ ਕੁੱਟ ਦੀਆਂ ਵੀਡੀਓ ਨਾ ਵਿਖਾਵੇ, ਉਸੇ ਦਿਨ (31 ਮਈ) ਚੀਨ ਦੀ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਨੇ ਆਪਣੀ ਇਕ ਖਾਸ ਲਿਖਤ ਵਿਚ ਭਾਰਤ ਨੂੰ ਬੜੀ ਚਿਤਾਵਨੀ ਭਰੀ ਭਾਸ਼ਾ ਵਿਚ ਸੁਝਾਅ ਦਿੱਤਾ ਹੈ ਕਿ ਉਹ ਚੀਨ ਅਤੇ ਅਮਰੀਕਾ ਵਿਚਲੇ ਟਕਰਾਅ ਵਿਚ ਨਾ ਫਸੇ।
ਲਿਖਤ ਵਿਚ ਵਰਤੀ ਗਈ ਭਾਸ਼ਾ ਏਨੀ ਹਮਲਾਵਰ ਹੈ ਕਿ ਸਿਆਣਾ ਮਨੁੱਖ ਉਸ ਤੋਂ ਇਹ ਅੰਦਾਜ਼ਾ ਲਾ ਸਕਦਾ ਹੈ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਕਿਹੋ ਜਿਹੀ ਕਸੂਤੀ ਹਾਲਤ ਵਿਚ ਲਿਆ ਫਸਾਇਆ ਹੈ। ਲਿਖਤ ਦੇ ਸ਼ੁਰੂ ਵਿਚ ਹੀ ਕਿਹਾ ਗਿਆ ਹੈ ਕਿ ਹੁਣ ਜਦੋਂ ਕਿ ਅਮਰੀਕਾ ਅਤੇ ਚੀਨ ਵਿਚਲਾ ਟਕਰਾਅ ਸਾਰੇ ਪੱਖਾਂ ਵਿਚ ਵਧ ਗਿਆ ਹੈ ਅਤੇ ਕੁਝ ਲੋਕ ਇਹ ਕਿਆਸ ਕਰ ਰਹੇ ਹਨ ਕਿ ਸੰਸਾਰ ਦੇ ਸਭ ਤੋਂ ਵੱਡੇ ਦੋ ਅਰਥਚਾਰੇ ਨਵੀਂ ਸ਼ੀਤ ਜੰਗ ਵਿਚ ਦਾਖਲ ਹੋ ਰਹੇ ਹਨ ਤਾਂ ਇਸ ਅਹਿਮ ਮੋੜ ਉਤੇ ਭਾਰਤ ਨੂੰ ਇਹ ਖਾਸ ਖਿਆਲ ਰੱਖਣ ਦੀ ਲੋੜ ਹੈ ਕਿ ਉਹ ਅਮਰੀਕਾ-ਚੀਨ ਦੁਸ਼ਮਣੀ ਵਿਚ ਨਾ ਫਸੇ। ਫਿਰ ਇਸ ਚਿਤਾਵਨੀ ਦੀ ਵਿਆਖਿਆ ਕਰਦਿਆਂ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਅੰਦਰ ਕੌਮੀ ਜਜ਼ਬੇ ਦੇ ਉਭਾਰ ਕਾਰਨ ਕੁਝ ਲੋਕ ਭਾਰਤ ਸਰਕਾਰ ਨੂੰ ਇਸ ਨਵੀਂ ਸ਼ੀਤ ਜੰਗ ਵਿਚ ਦਖਲ ਦੇਣ ਅਤੇ ਇਸ ਦਾ ਲਾਭ ਉਠਾਉਣ ਲਈ ਕਹਿ ਰਹੇ ਹਨ। ਅਜਿਹੀਆਂ ਅਵਾਜ਼ਾਂ ਗੁੰਮਰਾਹਕੁਨ ਅਤੇ ਤਰਕਹੀਣ ਹਨ। ਇਹ ਕਦੇ ਵੀ ਮੁਖ ਧਾਰਾ ਦੀਆਂ ਅਵਾਜ਼ਾਂ ਨਹੀਂ ਬਣਨੀਆਂ ਚਾਹੀਦੀਆਂ, ਜੋ ਭਾਰਤ ਸਰਕਾਰ ਦੇ ਫੈਸਲੇ ਨੂੰ ਪ੍ਰਭਾਵਿਤ ਕਰਨ। ਲਿਖਤ ਅਨੁਸਾਰ ਭਾਰਤ ਨੂੰ ਦੋ ਟੁਕ ਸ਼ਬਦਾਂ ਵਿਚ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਚੀਨ-ਅਮਰੀਕਾ ਟਕਰਾਓ ਵਿਚ ਫਸ ਕੇ ਉਸ ਦਾ ਫਾਇਦੇ ਨਾਲੋਂ ਨੁਕਸਾਨ ਵੱਧ ਹੋਵੇਗਾ। ਇਸ ਲਈ ਮੋਦੀ ਸਰਕਾਰ ਨਵੀਂ ਭੂਗੋਲਿਕ ਰਾਜਨੀਤੀ ਨਾਲ ਨਜਿੱਠਣ ਵੇਲੇ ਖਾਸ ਤੌਰ ‘ਤੇ ਸੁਚੇਤ ਰਹੇ। ਇਉਂ ਨਾ ਕਰਨ ਦੀ ਸੂਰਤ ਵਿਚ ਭਾਰਤ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਅਮਰੀਕਾ ਵਲ ਝੁਕਿਆ ਜਾਂ ਚੀਨ ਉਤੇ ਹਮਲਾ ਕਰਨ ਲਈ ਅਮਰੀਕਾ ਦਾ ਪਿਠੂ ਬਣਿਆ ਤਾਂ ਦੋ ਏਸ਼ੀਅਨ ਗੁਆਂਢੀ ਦੇਸ਼ਾਂ ਦੇ ਵਪਾਰਕ ਸਬੰਧ ਤੇ ਅਰਥਚਾਰੇ ਤਬਾਹ ਹੋ ਜਾਣਗੇ ਅਤੇ ਮੌਜੂਦਾ ਪੜਾਅ ਉਤੇ ਭਾਰਤੀ ਅਰਥਚਾਰਾ ਇਹ ਤਬਾਹੀ ਸਹਿ ਨਹੀਂ ਸਕਦਾ; ਕਿਉਂਕਿ ਲੌਕਡਾਊਨ ਨਾਲ ਜਾਮ ਹੋਇਆ ਭਾਰਤੀ ਅਰਥਚਾਰਾ ਇਕ ਹੋਰ ਸਦਮਾ ਸਹਿਣ ਦੀ ਹਾਲਤ ਵਿਚ ਨਹੀਂ ਹੈ।
ਭਾਰਤ ਅਤੇ ਚੀਨ ਦੇ ਇਸ ਵਧ ਰਹੇ ਟਕਰਾਓ ਨੂੰ ਸਮੁੱਚੇ ਆਲਮੀ ਪ੍ਰਸੰਗ ਵਿਚ ਵੇਖਣ ਦੀ ਲੋੜ ਹੈ। ਅਜੋਕੇ ਸੰਸਾਰ ਪ੍ਰਬੰਧ ਨੂੰ ਤਿੰਨ ਮੁਖ ਵਰਤਾਰੇ ਗਤੀ ਦੇ ਰਹੇ ਹਨ। ਪਹਿਲਾ ਵਰਤਾਰਾ ਮੁਨਾਫੇ ਦੇ ਰੂਪ ਵਿਚ ਵੱਧ ਤੋਂ ਵੱਧ ਪੂੰਜੀ ਇਕੱਠੀ ਕਰਨ ਦੀ ਧੁਸ (ਹਵਸ) ਹੈ। ਦੂਜਾ ਵਰਤਾਰਾ ਹਰੇਕ ਦੂਜੇ ਪੂੰਜੀਪਤੀ ਤੋਂ ਹੋਰ ਵਧੇਰੇ ਪੂੰਜੀ ਇਕੱਠੀ ਕਰਨ ਅਤੇ ਇਕ-ਦੂਜੇ ਕੋਲੋਂ ਪੂੰਜੀ ਖੋਹਣ ਲਈ ਪੂੰਜੀਪਤੀਆਂ ਵਿਚਾਲੇ ਚੱਲ ਰਿਹਾ ਮੁਕਾਬਲਾ ਹੈ। ਤੀਜਾ ਵਰਤਾਰਾ ਇਨ੍ਹਾਂ ਦੋਹਾਂ ਵਰਤਾਰਿਆਂ ਦੇ ਫਲਸਰੂਪ ਪੈਦਾ ਹੋ ਰਹੀ ਅਨਾਰਕੀ ਭਾਵ ਗੜਬੜਚੌਥ ਹੈ, ਜਿਸ ਦਾ ਸਮਾਜੀ ਅਤੇ ਰਾਜਸੀ ਪ੍ਰਗਟਾਵਾ ਅਮਰੀਕਾ ਸਮੇਤ ਸਮੁੱਚੇ ਸੰਸਾਰ ਦੇ ਦੇਸ਼ਾਂ ਵਿਚ ਲੋਕ ਮਨਾਂ ਵਿਚ ਫੈਲ ਰਹੀ ਬਦਜਨੀ ਦੇ ਰੂਪ ਵਿਚ ਹੋ ਰਿਹਾ ਹੈ। ਸਾਮਰਾਜੀ ਦੌਰ ਵਿਚ ਆ ਕੇ ਪੂੰਜੀਪਤੀਆਂ ਵਿਚਲੀ ਟੱਕਰ ਸਾਮਰਾਜੀ ਦੇਸ਼ਾਂ ਵਿਚਾਲੇ ਟੱਕਰ ਦਾ ਰੂਪ ਧਾਰ ਗਈ ਹੈ। ਇਸ ਵੇਲੇ ਸੰਸਾਰ ਭਰ ਦੀਆਂ ਹੋਰਨਾਂ ਬਾਕੀ ਸਾਰੀਆਂ ਵਿਰੋਧਤਾਈਆਂ ਨੂੰ ਗਤੀ ਦੇ ਰਹੀ ਮੁੱਖ ਵਿਰੋਧਤਾਈ ਅਮਰੀਕੀ ਸਾਮਰਾਜ ਅਤੇ ਚੀਨੀ ਸਾਮਰਾਜ ਵਿਚਲੀ ਵਿਰੋਧਤਾਈ ਹੈ। ਸੰਸਾਰ ਦੇ ਪਿੜ ਵਿਚ ਚੀਨ ਦੇ ਇਕ ਮਹਾਸ਼ਕਤੀ ਵਜੋਂ ਪ੍ਰਗਟ ਹੋਣ ਤੋਂ ਪਹਿਲਾਂ ਅਮਰੀਕਾ ਇਕੋ-ਇਕ ਮਹਾਸ਼ਕਤੀ ਸੀ, ਜੋ ਆਪਣੀਆਂ ਮਨਮਾਨੀਆਂ ਕਰ ਰਹੀ ਸੀ। ਅਫਗਾਨਿਸਤਾਨ ਤੋਂ ਲੈ ਕੇ ਇਰਾਕ, ਸੀਰੀਆ, ਲਿਬੀਆ ਤੇ ਅਨੇਕ ਅਫਰੀਕੀ ਮੁਲਕ ਇਨ੍ਹਾਂ ਮਨਮਾਨੀਆਂ ਕਾਰਨ ਤਬਾਹ ਹੋ ਗਏ। ਰੂਸ ਭਾਵੇਂ ਅਮਰੀਕੀ ਮਨਮਾਨੀਆਂ ਤੋਂ ਦੁਖੀ ਸੀ, ਪਰ ਪ੍ਰਮਾਣੂ ਹਥਿਆਰਾਂ ਨੂੰ ਛੱਡ ਕੇ ਬਾਕੀ ਫੌਜੀ ਅਤੇ ਆਰਥਕ ਪੱਖੋਂ ਉਹ ਇਕੱਲਾ ਅਮਰੀਕਾ ਦਾ ਮੁਕਾਬਲਾ ਕਰਨ ਦੇ ਸਮਰਥ ਨਹੀਂ ਸੀ। ਪਿਛਲੇ ਕੁਝ ਸਾਲਾਂ ਵਿਚ ਚੀਨ ਦੇ ਇਕ ਆਰਥਕ ਅਤੇ ਫੌਜੀ ਪੱਖੋਂ ਮਹਾਸ਼ਕਤੀ ਵਜੋਂ ਉਭਰਨ ਕਾਰਨ ਉਸ ਦਾ ਹੌਸਲਾ ਵਧਿਆ ਹੈ। ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਹੋਏ ਯੁਧਨੀਤਕ ਸਮਝੌਤੇ ਪਿਛੋਂ ਰੂਸ ਅਤੇ ਚੀਨ ਰਲ ਕੇ ਹਰ ਪੱਖੋਂ ਅਮਰੀਕੀ ਮਹਾਸ਼ਕਤੀ ਨੂੰ ਮਾਤ ਦੇਣ ਦੇ ਯੋਗ ਹੋ ਗਏ ਹਨ। ਇਸ ਹਾਲਤ ਵਿਚ ਸੰਸਾਰ ਦੀ ਸਾਮਰਾਜੀ ਚੌਧਰ ਹਾਸਲ ਕਰਨ ਲਈ ਅਮਰੀਕਾ ਅਤੇ ਚੀਨ ਵਿਚਾਲੇ ਚੱਲ ਰਿਹਾ ਟਕਰਾਓ ਹੁਣ ਆਪਣੇ ਉਚਤਮ ਪੜਾਅ ਉਤੇ ਪਹੁੰਚ ਗਿਆ ਹੈ। ਅਮਰੀਕਾ ਹਰੇਕ ਹਰਬਾ ਵਰਤ ਕੇ ਚੀਨ ਨੂੰ ਰਾਜਸੀ ਤੌਰ ‘ਤੇ ਨਿਖੇੜਨ ਦੇ ਯਤਨ ਕਰ ਰਿਹਾ ਹੈ। ਇਸ ਲਈ ਉਸ ਨੇ ਪੂਰਾ ਤਾਣ ਲਾਇਆ ਹੋਇਆ ਹੈ ਕਿ ਚੀਨ ਦੇ ਵਿਰੁਧ ਭਾਰਤ ਨੂੰ ਆਪਣੇ ਨਾਲ ਖੜਾ ਕਰੇ। ਪੱਛਮੀ ਸੋਚ ਦੀ ਗੁਲਾਮ ਹੋਣ ਕਰਕੇ ਭਾਰਤੀ ਸਾਮਰਾਜੀਆਂ ਦੀ ਵੱਡੀ ਧਿਰ ਅਮਰੀਕਾ ਦੇ ਡੁੱਬਦੇ ਬੇੜੇ ਵਿਚ ਸੁਆਰ ਹੋਣ ਨੂੰ ਤਿਆਰ ਬੈਠੀ ਹੈ। ਭਾਵੇਂ ਕਿ ਜਮੀਨੀ ਹਕੀਕਤ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ, ਪਰ ਇਸ ਖਿਤੇ ਦੇ ਚੌਧਰੀ ਬਣਨ ਦੀ ਲਾਲਸਾ ਉਸ ਨੂੰ ਏਧਰ ਧੱਕੀ ਆਉਂਦੀ ਹੈ। ਚੀਨ ਨੇ ਭਾਰਤੀ ਸਾਮਰਾਜੀਆਂ ਨੂੰ ਇਸ ਜਮੀਨੀ ਹਕੀਕਤ ਦਾ ਅਹਿਸਾਸ ਕਰਵਾਉਣ ਲਈ ਹੀ ਲੱਦਾਖ ਵਿਚ ਜਬਰੀ ਦਖਲ-ਅੰਦਾਜ਼ੀ ਕਰਨ ਦਾ ਇਹ ਹਮਲਾਵਰ ਰੁਖ ਅਪਨਾਇਆ ਹੈ।