ਲੇਖਕ

ਜ਼ਿੰਦਗੀ ਸਾਨੂੰ ਨਿਤ ਦਿਨ ਕੁਝ ਨਾ ਕੁਝ ਨਵਾਂ ਸਿਖਾਉਂਦੀ ਰਹਿੰਦੀ ਹੈ, ਪਰ ਸਿੱਖ ਅਸੀਂ ਤਾਂ ਹੀ ਸਕਦੇ ਹਾਂ ਜੇ ਚੇਤ-ਅਚੇਤ ਮਨ ਦੀਆਂ ਅੱਖਾਂ ਖੁੱਲ੍ਹੀਆਂ ਹੋਣ। ਇਸ ਕਹਾਣੀ ਵਿਚ ਕਹਾਣੀਕਾਰ ਨੇ ਅੱਖਾਂ ਤੋਂ ਅੰਨੀ ਬੱਚੀ ਦੀਆਂ ਕੋਮਲ ਭਾਵਨਾਵਾਂ ਦਾ ਜ਼ਿਕਰ ਛੇੜਦਿਆਂ ਉਨ੍ਹਾਂ ਲੋਕਾਂ ‘ਤੇ ਵਿਅੰਗ ਕੀਤਾ ਹੈ, ਜੋ ਸਿਰਫ ਨਾਮ-ਸਨਮਾਨ ਲਈ ਧੜਾਧੜ ਕਾਗਜ਼ ਕਾਲੇ ਕਰਕੇ ‘ਲੇਖਕ’ ਹੋਣ ਦਾ ਭਰਮ ਪਾਲ ਬੈਠਦੇ ਹਨ। ਕਹਾਣੀਕਾਰ ਦੇ ਸ਼ਬਦਾਂ ਵਿਚ, “ਲਿਖਣ ਲਈ ਸਿਰਫ ਕਲਮ, ਕਾਗਜ਼ਾਂ ਤੇ ਸਿਫਾਰਿਸ਼ਾਂ ਦੀ ਲੋੜ ਨਹੀਂ ਪੈਂਦੀ। ਲੋੜ ਪੈਂਦੀ ਆ ਇੱਕ ਦਿਲ ਦੀ, ਕਾਇਨਾਤ ‘ਚ ਪਸਰੀ ਚੁੱਪ ਦੀ, ਇੱਕ ਸਮਾਜਕ ਵੇਦਨਾ ਦੀ-ਜਿਸ ਦਾ ਖੇਤਰਫਲ ਸਮੁੰਦਰ ਵਾਂਗ ਬੇਅੰਤ ਹੋਵੇ। ਲੋੜ ਪੈਂਦੀ ਆ, ਉਸ ਤੀਜੀ ਅੱਖ ਦੀ, ਜਿਸ ਦੀ ਦ੍ਰਿਸ਼ਟੀ ਦਾ ਘੇਰਾ ਵਿਸ਼ਾਲ ਹੋਵੇ।”

-ਸੰਪਾਦਕ

ਰਸ਼ਪਿੰਦਰ ਸਰੋਏ
ਫੋਨ: 91-98154-28027

ਮੈਂ ਆ ਖੜਿਆਂ ਹਾਂ ਜਾਪ, ਤੇਰੀ ਉਸ ਠੰਡੀ ਰੇਤ ‘ਤੇ, ਜਿੱਥੇ ਤੇਰੇ ਲਿਖੇ ਸ਼ਬਦ ਧਰਤੀ ਵਿਚ ਸਮਾ ਜਾਂਦੇ ਨੇ; ਜਿੱਥੇ ਸ਼ਾਂਤ ਸਮੁੰਦਰ ਦੀਆਂ ਲਹਿਰਾਂ ਸਾਗਰ ਦੇ ਉਸ ਪਾਰੋਂ ਆ ਕੇ ਮੇਰੇ ਪੈਰਾਂ ਦੀਆਂ ਉਂਗਲਾਂ ਚੁੰਮਦੀਆਂ ਨੇ।
ਅੱਜ ਮੈਂ ਪਹਿਲੀ ਵਾਰ ਅਸਲੀ ਜ਼ਿੰਦਗੀ ਦਾ ਇੱਕ ਦਿਨ ਡੁੱਬਦਾ ਵੇਖਦਾਂ। ਕਾਲੇ ਪਰਿੰਦੇ ਆਪਣੇ ਗਰਾਂ ਨੂੰ ਜਾਂਦੇ ਮੈਨੂੰ ਸੰਕੇਤ ਕਰ ਰਹੇ ਨੇ। ਇਸ ਪੂਰੇ ਖੁੱਲ੍ਹੇ-ਡੁੱਲੇ ਸ਼ਹਿਰ ਵਿਚ ਅਸਮਾਨ ਦੀ ਹਿੱਕ ਨੂੰ ਛੂੰਹਦੀਆਂ ਬਿਲਡਿੰਗਾਂ ਤੇ ਜਵਾਨੀ ਦੀਆਂ ਰੰਗ-ਰੰਗੀਨੀਆਂ ਆਪਣਾ ਤਲਿਸਮ ਤ੍ਰੌਂਕਦੀਆਂ ਨੇ। ਅਲੌਕਿਕ ਕੁਦਰਤ ਇੱਥੇ, ਜਦੋਂ ਦਿਲ ਕਰਦਾ ਵਰਖਾ ਕਰਦੀ ਏ, ਕਦੇ ਬਰਫ ਦੀਆਂ ਪੱਤੀਆਂ ਗਿਰਾਉਂਦੀ ਏ ਤੇ ਕਦੇ ਗਰਮੀ ਵਰ੍ਹਾਉਂਦੀ ਏ। ਇੱਥੇ ਉਨ੍ਹਾਂ ਲੋਕਾਂ ਦੀ ਕੋਈ ਅਹਿਮੀਅਤ ਨਹੀਂ, ਜਿਨ੍ਹਾਂ ਕੋਲ ਵਿਹਲੇ ਸਮੇਂ ਦਾ ਖਜਾਨਾ ਅਮੁੱਕ ਹੈ। ਹਰ ਕੋਈ ਆਪੋ-ਆਪਣੇ ਕੰਮ ਵਿਚ ਇਸ ਤਰ੍ਹਾਂ ਮਸ਼ਰੂਫ ਰਹਿੰਦਾ ਹੈ, ਜਿਵੇਂ ਭੌਣ ਉਤੇ ਕੀੜੇ ਆਪਣੀ ਤਿਲ-ਚੌਲੀ ਸਮੇਟਣ ‘ਤੇ ਲੱਗੇ ਹੁੰਦੇ ਨੇ।
ਸ਼ਹਿਰ ਦੇ ਵਿਚੋ ਵਿਚ ਜਾਂਦੀ ਰੋਡ, ਜਿੱਥੇ ਲੋਕਾਂ ਦੀ ਗਹਿਮਾ ਗਹਿਮੀ ਹਰ ਪਲ ਮੌਜੂਦ ਰਹਿੰਦੀ, ਕਈ ਬੁੱਢੇ ਮੰਗਤੇ ਇੱਥੇ ਅਠਖੇਲੀਆਂ ਕਰਦੇ। ਰੋਡ ‘ਤੇ ਇੱਕ ਕਲੋਥਿੰਗ ਸਟੋਰ, ਜਿਸ ਦੇ ਥੱਲੇ ਇੱਕ ਅੰਡਰ-ਗਰਾਊਂਡ ਲਾਇਬਰੇਰੀ ਮੌਜੂਦ ਹੈ। ਮੈਂ ਆਪਣੇ ਲੇਖਕ ਮਿੱਤਰਾਂ ਨਾਲ ਇੱਥੇ ਆਉਂਦਾ ਤੇ ਲਿਖ ਲਿਖ ਵਰਕੇ ਭਰਦਾ ਹਾਂ। ਕਲੋਥਿੰਗ ਸਟੋਰ ਦੇ ਸਾਹਮਣੇ ਹੀ ਪਾਰਕ ਵਿਚ ਇੱਕ ਬੇਰੁਜ਼ਗਾਰ ਨੌਜਵਾਨ ਗਿਟਾਰ ਵਜਾ ਕੇ ਆਪਣਾ ਘਰ ਚਲਾਉਂਦਾ ਹੈ। ਕਈ ਵਾਰ ਉਸ ਕੋਲ ਭੀੜ ਆ ਜੁੜਦੀ, ਜਿਸ ਨਾਲ ਉਹ ਚੰਗੀ ਦਿਹਾੜੀ ਕਮਾ ਲੈਂਦਾ, ਪਰ ਉਹਦੀ ਗਿਟਾਰ ਦੀਆਂ ਧੁਨਾਂ ਮੇਰੇ ਕੰਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਵਾਹਨਾਂ ਦੇ ਸ਼ੋਰ ਵਿਚ ਦਮ ਤੋੜ ਦਿੰਦੀਆਂ। ਮੈਂ ਜਦੋਂ ਵੀ ਉਹਦੇ ਵੱਲ ਵੇਖਦਾ, ਉਹ ਹਮੇਸ਼ਾ ਗਿਟਾਰ ਵਜਾਉਣ ਵਿਚ ਮਸਤ ਰਹਿੰਦਾ।
ਮੇਰਾ ਕਰੀਬ ਅੱਧਾ ਦਿਨ ਇਸ ਲਾਇਬ੍ਰੇਰੀ ਵਿਚ ਪੜ੍ਹਦੇ-ਲਿਖਦੇ ਲੰਘਦਾ। ਹੋਰ ਅਨੇਕਾਂ ਲੇਖਕ ਇੱਥੇ ਆਉਂਦੇ, ਜੋ ਮੇਰੇ ਵਾਂਗ ਲੇਖਕਾਂ ਦੀ ਦੌੜ ਵਿਚ ਲੱਗੇ ਹੋਏ ਸਨ। ਨਵੇਂ ਫਿਕਰੇ, ਨਵੀਆਂ ਲਿਖਤਾਂ ਕਿਸੇ ਨਾ ਕਿਸੇ ਕੋਲੋਂ ਉਡਦੀਆਂ-ਉਡਦੀਆਂ ਮਿਲ ਜਾਂਦੀਆਂ, ਜਿਨ੍ਹਾਂ ਵਿਚ ਉਨ੍ਹਾਂ ਦੀ ਹੀ ਵਡਿਆਈ ਘੁਲੀ ਹੁੰਦੀ। ਮੈਂ ਅੱਕ ਚੁਕਾ ਸਾਂ ਇਸ ਸਭ ਤੋਂ। ਅੱਜ ਮੇਰਾ ਨਾਵਲ ਪੂਰਾ ਹੋ ਗਿਆ, ਸੋ ਇਹ ਮੈਂ ਸੁਦਰਸ਼ਨ ਸਾਬ੍ਹ ਨੂੰ ਦੇਣਾ ਸੀ, ਜੋ ਬਹੁਤ ਹੀ ਮਸ਼ਹੂਰ ਪਬਲਿਸ਼ਰ ਦੇ ਮੈਨੇਜਰ ਸਨ। ਉਹ ਹਮੇਸ਼ਾ ਚੰਗੀਆਂ ਕਿਤਾਬਾਂ ਹੀ ਛਾਪਦੇ ਤੇ ਜਿਨ੍ਹਾਂ ਦੇ ਲੇਖਕਾਂ ਨੂੰ ਥਾਂ ਥਾਂ ਸਨਮਾਨਿਤ ਵੀ ਕੀਤਾ ਜਾਂਦਾ।
ਲਾਇਬ੍ਰੇਰੀ ‘ਚ ਉਹੀ ਕਿਤਾਬਾਂ ਭਰਿਆ ਵਾਤਾਵਰਣ। ਕੁਝ ਤਬਦੀਲੀ ਸੀ ਤਾਂ ਸਿਰਫ ਇਹ ਕਿ ਮੇਰੀ ਰੋਜ ਵਾਲੀ ਜਗ੍ਹਾ, ਜਿੱਥੇ ਮੈਂ ਬੈਠਦਾ ਹੁੰਦਾ ਸਾਂ, ਉਥੇ ਕਰੀਬ 8-9 ਸਾਲ ਦੀ ਇਕ ਨਿੱਕੀ ਕੁੜੀ ਬੈਠੀ ਸੀ। ਉਹਨੇ ਗੁਲਾਬੀ ਰੰਗ ਦੀ ਫਰਾਕ ਪਹਿਨੀ ਸੀ। ਉਹਦੀਆਂ ਅੱਖਾਂ ‘ਤੇ ਕਾਲੀ ਐਨਕ ਲੱਗੀ ਸੀ। ਉਸ ਦੇ ਲਾਗੇ ਪਈ ਨਿੱਕੀ ਜਿਹੀ ਛੜੀ ਨੇ ਪਹਿਲਾਂ ਹੀ ਉਸ ਨਾਲ ਮੇਰੀ ਪਛਾਣ ਕਰਵਾ ਦਿੱਤੀ। ਉਸ ਦੇ ਕੋਲ ਹੀ ਬੈਠੇ ਲਾਇਬ੍ਰੇਰੀਅਨ ਅੰਕਲ, ਜਿਸ ਨੂੰ ਸਾਰੇ ਪਿਆਰ ਨਾਲ ‘ਮਾਸਟਰ ਜੀ’ ਆਖਦੇ, ਕੁਝ ਲਿਖ ਰਹੇ ਸਨ। ਕੁੜੀ ਬਾਹਾਂ ਖਲ੍ਹਾਰ ਕੇ ਬੋਲਦੀ। ਮੈਂ ਥੋੜ੍ਹਾ ਨਜ਼ਦੀਕ ਗਿਆ ਤਾਂ ਮਾਸਟਰ ਜੀ ਨੇ ਦੱਸਿਆ ਕਿ ਉਹ ਨਿੱਕੀ ਬੱਚੀ ਉਨ੍ਹਾਂ ਤੋਂ ਆਪ ਬੋਲ ਕੇ ਕੁਝ ਲਿਖਵਾ ਰਹੀ ਸੀ। ਖੈਰ! ਉਸ ਨੂੰ ਆਈ ਨੂੰ ਕਾਫੀ ਸਮਾਂ ਹੋ ਗਿਆ, ਸੋ ਉਨ੍ਹਾਂ ਨੇ ਮੈਨੂੰ ਉਸ ਦੇ ਘਰ ਛੱਡ ਆਉਣ ਲਈ ਕਿਹਾ, ਜੋ ਉਨ੍ਹਾਂ ਦੀ ਬਸਤੀ ਵਿਚ ਸਮੁੰਦਰ ਦੇ ਕਿਨਾਰੇ ਕੋਲ ਸੀ।
“ਓ ਅੰਕਲ! ਇਹ ਕੀ ਨਵਾਂ ਪੰਗਾ ਸਹੇੜ’ਤਾ?” ਮੈਂ ਆਪਣੇ ਮਨ ਹੀ ਮਨ ਆਖਿਆ।
ਸੜਕ ਦੇ ਇੱਕ ਪਾਸੇ ਅਸੀਂ ਦੋਵੇਂ ਤੁਰਦੇ ਗਏ। ਸਾਡੇ ਵਿਚਕਾਰ ਫੈਲੀ ਚੁੱਪ ਨੂੰ ਤੋੜਨ ਲਈ ਆਖਿਰ ਮੈਂ ਉਸ ਬੱਚੀ ਨੂੰ ਉਸ ਬਾਰੇ ਪੁੱਛਿਆ! ਉਸ ਨੇ ਆਪਣਾ ਨਾਂ ਜਾਪ ਦੱਸਿਆ, ਉਹ ਉਸ ਗਿਟਾਰ ਵਾਲੇ ਲੜਕੇ ਦੀ ਨਿੱਕੀ ਭੈਣ ਸੀ। ਉਨ੍ਹਾਂ ਦਾ ਘਰ ਮਾਸਟਰ ਜੀ ਦੀ ਬਸਤੀ ਵਿਚ ਹੀ ਸੀ। ਪਿਛਲੇ ਹਫਤੇ ਉਸ ਦੀ ਮਾਂ ਕੈਂਸਰ ਦੀ ਬਿਮਾਰੀ ਨਾਲ ਬਿਸਤਰੇ ਵਿਚ ਹੀ ਦਮ ਤੋੜ ਗਈ। ਉਸ ਪਿਛੋਂ ਅੰਟੀ ਸ਼ਿੰਦਰ (ਮਾਸਟਰ ਜੀ ਦੀ ਪਤਨੀ) ਉਹਦਾ ਧਿਆਨ ਰੱਖਦੀ। ਅੱਜ ਅੰਟੀ ਵੀ ਕੋਈ ਕੰਮ ਗਏ ਹੋਏ ਸੀ, ਇਸ ਕਰਕੇ ਮਾਸਟਰ ਜੀ ਜਾਪ ਨੂੰ ਆਪਣੇ ਨਾਲ ਲੈ ਆਏ ਸਨ। ਮੈਨੂੰ ਉਸ ਦੀ ਨਾਜ਼ੁਕ ਹਾਲਤ ‘ਤੇ ਤਰਸ ਆਇਆ। ਕੁਝ ਹੀ ਪਲ ਜੋ ਬੋਲ ਮੇਰੇ ਮਨ ‘ਚ ਆਏ ਸਨ, ਮੈਂ ਉਨ੍ਹਾਂ ਤੋਂ ਸ਼ਰਮਿੰਦਾ ਹੋਇਆ।
ਮੇਰਾ ਹੱਥ ਜਾਪ ਨੇ ਘੁੱਟ ਕੇ ਫੜਿਆ ਹੋਇਆ ਸੀ। ਜਿਹਦਾ ਵਿਸ਼ਵਾਸ ਸਿਰਫ ਮੇਰੇ ਇਸ ਹੱਥ ਨਾਲ ਹੀ ਬੱਝ ਚੁਕਾ ਸੀ। ਪਿਛੋਂ ਜਦੋਂ ਕੋਈ ਵਾਹਨ ਕੋਲੋਂ ਦੀ ਹਾਰਨ ਵਜਾ ਕੇ ਇੱਕ ਦਮ ਲੰਘਦਾ ਤਾਂ ਉਸ ਦੀ ਘੁਟਣ ਦਾ ਦਬਾਅ ਵੱਧ ਜਾਂਦਾ ਤੇ ਉਸ ਨੇ ਡਰਦਿਆਂ ਮੇਰੇ ਲੱਕ ਦੁਆਲੇ ਆਪਣੀ ਨਿੱਕੀ ਜਿਹੀ ਬਾਂਹ ਵਲ ਲਈ। ਮੈਂ ਆਪਣਾ ਹੱਥ ਉਸ ਦੇ ਮੋਢੇ ‘ਤੇ ਰੱਖ ਲਿਆ, ਜਿਸ ਨਾਲ ਉਸ ਨੂੰ ਤੁਰਨ ਵਿਚ ਥੋੜ੍ਹੀ ਬੇਪਰਵਾਹੀ ਮਿਲ ਜਾਵੇ। ਤੁਰਦੇ ਤੁਰਦੇ ਅਸੀਂ ਸਮੁੰਦਰ ਦੇ ਕਿਨਾਰੇ ‘ਤੇ ਆ ਪਹੁੰਚੇ। ਕਿਨਾਰੇ ਤੋਂ ਥੋੜ੍ਹੀ ਹੀ ਦੂਰ ਮਾਸਟਰ ਜੀ ਦੀ ਬਸਤੀ ਸੀ, ਜਿੱਥੇ ਮਛੇਰਿਆਂ ਦੇ ਨਿੱਕੇ ਨਿੱਕੇ ਘਰ ਦਿਸਦੇ ਪਏ ਸਨ।
ਆਖਿਰ ਮੈਂ ਚੁੱਪ ਤੋੜੀ, “ਜਾਪ! ਤੂੰ ਲੇਖਿਕ ਬਣਨਾ ਚਾਹੁੰਨੀ ਐਂ?”
“ਹਾਂ!”
“ਬਹੁਤ ਸੁੰਦਰ। ਤੂੰ ਮਾਸਟਰ ਜੀ ਤੋਂ ਕੀ ਲਿਖਵਾ ਰਹੀ ਸੀ?”
“ਮੈਂ? ਗੀਤ!”
“ਗੀਤ?”
“ਹਾਂ।”
“ਤੈਨੂੰ ਯਾਦ ਆ? ਤਾਂ ਮੈਨੂੰ ਵੀ ਸੁਣਾ ਦੇ।”
“ਹਾਂ।…ਅਸਮਾਨ! ਪਿਆਰੇ ਅਸਮਾਨ!” ਉਸ ਨੇ ਦੋਵੇਂ ਹੱਥ ਫੈਲਾ ਕੇ ਗਾਉਣਾ ਸ਼ੁਰੂ ਕੀਤਾ। ਉਹਦੀ ਅਵਾਜ਼ ਗੀਤ ਦੇ ਹਰ ਸ਼ਬਦ ਨਾਲ ਇਨਸਾਫ ਕਰਦੀ ਜਾਪਦੀ,
“ਅਸਮਾਨ! ਪਿਆਰੇ ਅਸਮਾਨ!
ਤੂੰ ਰੋ, ਤੂੰ ਰੋ
ਤੇਰੇ ਬੱਦਲਾਂ ਦੀਆਂ ਅੱਖਾਂ ‘ਚੋਂ
ਮੋਤੀ ਜਾਵਣ ਚੋ।
ਤੂੰ ਰੋ, ਤੂੰ ਰੋ।
ਤਾਂ ਜੋ ਮੇਰੇ ਅੱਥਰੂਆਂ ਦੀ
ਨਾ ਹੋਵੇ ਕਿਸੇ ਨੂੰ ਕਨਸੋਅ।
ਅਸਮਾਨ ਓ ਪਿਆਰੇ ਅਸਮਾਨ।”
ਜਾਪ ਦਾ ਇਹ ਗੀਤ ਲਹਿਰਾਂ ਦੇ ਸ਼ੋਰ ਨਾਲ ਮੇਲ ਖਾਂਦਾ ਮੇਰੇ ਦਿਲ ਵਿਚ ਲਹਿ ਗਿਆ। ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ। ਮੈਨੂੰ ਮਹਿਸੂਸ ਹੋਇਆ, ਜਾਪ ਦਾ ਇਹ ਗੀਤ ਇੱਕ ਤੜਾਕੇਦਾਰ ਚਪੇੜ ਸੀ, ਉਨ੍ਹਾਂ ਲੇਖਕਾਂ ਦੀਆਂ ਲਿਖਤਾਂ ‘ਤੇ, ਜੋ ਚੰਦ ਸਮੇਂ ਵਿਚ ਹੀ ਲੇਖਕ ਬਣਨਾ ਚਾਹੁੰਦੇ ਨੇ; ਜੋ ਲਿਖ ਦਿੰਦੇ ਨੇ ਝੂਠ ਤੇ ਸੁੱਕੇ ਘਾਹ ਜਿਹੇ ਖੱਖਰ ਪੱਖਰ ਸ਼ਬਦ ਅਤੇ ਲਿਖਤ ਵਿਚ ਡੱਕ ਦਿੰਦੇ ਨੇ ਨਿਰਾ ਝੂਠਾ। ਉਹ! ਜੋ ਚਾਂਦੀ ਦੀਆਂ ਛਿੱਲੜਾਂ ਤੇ ਸ਼ੌਹਰਤ ਦੇ ਨਸ਼ੇ ‘ਚ ਕੁਝ ਵੀ ਲਿਖਣ ਨੂੰ ਤਿਆਰ ਹੋ ਜਾਂਦੇ ਨੇ; ਆਪਣੀ ਜ਼ਮੀਰ ਮਾਰ ਕੇ, ਆਪਣੀ ਭਾਵਨਾ ਮਾਰ ਕੇ।
“ਜਦੋਂ ਮੀਂਹ ਵਰਦਾ ਏ ਤਾਂ ਮੈਂ ਇਹ ਗੀਤ ਗੁਣਗੁਣਾਉਂਦੀ ਹਾਂ। ਮੇਰਾ ਮੀਂਹ ਨੂੰ ਵੇਖਣ ਦਾ ਬੜਾ ਦਿਲ ਕਰਦਾ।” ਜਾਪ ਦੇ ਬੋਲ ਨੇ ਮੈਨੂੰ ਹਲੂਣਿਆ।
“ਅੱਛਾ?”
ਉਸ ਨੇ ਬੜੀ ਮਾਸੂਮੀਅਤ ਨਾਲ ਕਹਿਣਾ ਸ਼ੁਰੂ ਕੀਤਾ, “ਮੇਰੀ ਮਾਂ ਮੈਨੂੰ ਰੋਜ ਰਾਤ ਕਹਾਣੀਆਂ ਸੁਣਾਉਂਦੀ। ਚੰਨ ਦੀਆਂ, ਤਾਰਿਆਂ ਦੀਆਂ। ਉਹ ਗੀਤ ਸੁਣਾਉਂਦੀ-ਸਮੁੰਦਰਾਂ ਦੇ, ਮਛੇਰਿਆਂ ਦੇ, ਕਾਮਿਆਂ ਦੇ। ਮੇਰੇ ਪਾਪਾ ਵੀ ਮੈਨੂੰ ਆਜ਼ਾਦੀ ਦੇ ਗੀਤ ਸਣਾਉਂਦੇ। ਮੰਮੀ ਦੱਸਦੇ ਨੇ, ਉਦੋਂ ਮੈਂ ਸਿਰਫ ਨੌਂ ਮਹੀਨਿਆਂ ਦੀ ਹੀ ਸਾਂ।”
ਉਸ ਦੀਆਂ ਗੱਲਾਂ ਵਿਚ ਚੰਚਲਤਾ ਡਲਕਾਂ ਮਾਰ ਰਹੀ ਸੀ, ਜੋ ਦਿਲ ਨੂੰ ਇੱਕ ਸਕੂਨ ਜਿਹਾ ਦਿੰਦੀ ਜਾਪਦੀ।
“ਤੇਰੇ ਪਾਪਾ?”
ਮੇਰੀ ਮੰਮੀ ਕਹਿੰਦੇ ਆ, ਦੇਸ਼ ਦੀ ਵੰਡ ਦੌਰਾਨ ਇੱਕ ਜੰਗੀ ਹਮਲੇ ‘ਚ ਉਹ ਸ਼ਹੀਦ ਹੋ ਗਏ। ਮੰਮੀ ਕਹਿੰਦੇ ਸੀ, ਮੈਨੂੰ ਉਨ੍ਹਾਂ ਨੂੰ ਯਾਦ ਕਰਕੇ ਰੋਣਾ ਨਹੀਂ ਚਾਹੀਦਾ, ਕਿਉਂਕਿ ਹੋ ਸਕਦਾ ਉਸ ਜੰਗ ‘ਚ ਮੇਰੇ ਪਾਪਾ ਜਿਹੇ ਹੋਰ ਕਿੰਨੇ ਪਾਪਾ ਸ਼ਹੀਦ ਹੋਏ ਹੋਣਗੇ। ਮੰਮੀ ਕਹਿੰਦੇ ਸੀ, ਨਫਰਤ ਹਮੇਸ਼ਾ ਜੰਗ ਕਰਦੀ ਆ, ਤੇ ਜੰਗ ਹਮੇਸ਼ਾ ਵੱਖ ਕਰਦੀ ਆ। ਇਹ ਸਾਥੋਂ ਕੁਝ ਨਾ ਕੁਝ ਖੋਹ ਕੇ ਲੈ ਜਾਂਦੀ ਆ, ਜਦ ਕਿ ਪਿਆਰ ਹਮੇਸ਼ਾ ਜੋੜਦਾ। ਪਿਆਰ ਵਿਚ ਹੀ ਇਨਸਾਨੀਅਤ ਦੀ ਪਵਿੱਤਰਾ ਮੌਜੂਦ ਹੁੰਦੀ ਆ।”
ਮੈਂ ਲਗਾਤਾਰ ਟਿਕਟਿਕੀ ਲਾ ਕੇ ਉਸ ਵੱਲ ਵੇਖਦਾ ਰਿਹਾ। ਸੋਚਦਾ ਰਿਹਾ ਉਸ ਦੀ ਮਾਂ ਬਾਰੇ, ਕਿੰਨੀ ਖੂਬਸੂਰਤ ਔਰਤ ਸੀ ਉਹ, ਖੂਬਸੂਰਤ ਵਿਚਾਰਾਂ ਵਾਲੀ। ਮੈਂ ਉਸ ਨਾਲ ਹੋਰ ਗੱਲਾਂ ਕਰਨਾ ਚਾਹੁੰਦਾ ਸਾਂ। ਮੈਂ ਜਾਪ ਦਾ ਧਿਆਨ ਉਹਦੇ ਇੱਕਲੇਪਣ ਤੋਂ ਹਟਾਉਣਾ ਚਾਹਿਆ, “ਜਾਪ! ਤੈਨੂੰ ਪਰਮਾਤਮਾ ਨਾਲ ਨਾਰਾਜ਼ਗੀ ਤਾਂ ਨਹੀਂ ਕਿ ਉਹਨੇ ਤੈਨੂੰ ਦੇਖਣ ਸ਼ਕਤੀ ਨਹੀਂ ਦਿੱਤੀ?”
“ਨਹੀਂ! ਬਿਲਕੁਲ ਨਹੀਂ। ਮੇਰੀ ਮੰਮੀ ਕਹਿੰਦੇ ਸੀ, ਭਾਵੇਂ ਪਰਮਾਤਮਾ ਨੇ ਮੈਨੂੰ ਦੇਖਣ ਦੀ ਸ਼ਕਤੀ ਨਹੀਂ ਦਿੱਤੀ, ਪਰ ਮੈਨੂੰ ਮਹਿਸੂਸ ਕਰਨ ਦੀ ਸ਼ਕਤੀ ਤਾਂ ਦਿੱਤੀ ਹੈ ਨਾ! ਮਹਿਕਾਂ ਨੂੰ ਸੁੰਘਣ ਲਈ ਤੇ ਤਾਜੀ ਹਵਾ ਲੈਣ ਲਈ ਸੁੰਦਰ ਨੱਕ ਦਿੱਤਾ। ਤੁਰਨ ਫਿਰਨ, ਟਹਿਲਣ ਲਈ ਲੱਤਾਂ ਤੇ ਸੋਹਣੇ ਪੈਰ ਦਿੱਤੇ। ਚੰਗਾ ਬੋਲਣ ਲਈ ਅਵਾਜ਼ ਦਿੱਤੀ। ਪਰਮਾਤਮਾ ਸਦਾ ਸਭ ਨੂੰ ਸੋਚ ਵਿਚਾਰ ਕੇ ਹੀ ਦਿੰਦਾ ਹੈ। ਸਾਨੂੰ ਹਮੇਸ਼ਾ ਉਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਹੋ ਸਕਦਾ, ਜੋ ਮੇਰੇ ਕੋਲ ਮੌਜੂਦ ਹੈ, ਉਹ ਕਿਸੇ ਹੋਰ ਕੋਲ ਨਾ ਹੋਵੇ। ਜੇ ਸਾਨੂੰ ਉਹ ਕੁਝ ਨਹੀਂ ਵੀ ਦਿੰਦਾ ਤਾਂ ਸ਼ਾਇਦ ਅਜੇ ਅਸੀਂ ਉਸ ਦੇ ਹਾਣ ਦੇ ਨਹੀਂ ਹੋਏ। ਜਦੋਂ ਪਰਮਾਤਮਾ ਮੈਨੂੰ ਦੇਖਣ ਦੀ ਸ਼ਕਤੀ ਦੇ ਦੇਵੇਗਾ ਤਾਂ ਮੈਂ ਵਰ੍ਹਦੇ ਮੀਂਹ ‘ਚ ਅਸਮਾਨ ਵੱਲ ਆਪਣਾ ਮੂੰਹ ਕਰ ਕੇ ਉਨ੍ਹਾਂ ਬੂੰਦਾਂ ਨੂੰ ਵੇਖਾਂਗੀ ਕਿ ਉਹ ਕਿੱਥੋਂ ਆਉਂਦੀਆਂ ਨੇ। ਉਨ੍ਹਾਂ ਨੂੰ ਆਪਣੇ ਹੱਥਾਂ ‘ਚ ਫੜ ਲਵਾਂਗੀ। ਸਮੁੰਦਰ ਵਿਚ ਡਿੱਗਦੀਆਂ ਬੂੰਦਾਂ ਦਾ ਉਹ ਨਜ਼ਾਰਾ ਦੇਖਾਂਗੀ। ਜਿਹਨੂੰ ਮੰਮੀ ਕਹਿੰਦੇ ਸੀ, ਜਦੋਂ ਮੀਂਹ ਵਰ੍ਹਦਾ ਤਾਂ ਸਮੁੰਦਰ ਵਿਚ ਭੰਬੀਰੀਆਂ ਨੱਚਦੀਆਂ ਨੇ। ਮੈਂ ਵੇਖਾਂਗੀ ਕਿ ਕਿਵੇਂ ਇੱਕ ਬੂੰਦ ‘ਚ ਸਮਾਇਆ ਸਮੁੰਦਰ ਧਰਤੀ ‘ਤੇ ਆ ਵਿਛਦਾ ਏ।”
“ਜਰੂਰ। ਐਦਾਂ ਜਰੂਰ ਹੋਊ ਮੇਰੀ ਲੇਖਿਕਾ। ਨਾਲੇ ਫਿਰ ਤੂੰ ਲਿਖਿਆ ਵੀ ਕਰਨਾ।”
“ਮੈਂ ਹੁਣ ਵੀ ਲਿਖਦੀ ਆਂ।”
“ਕਿਵੇਂ?”
“ਮੈਨੂੰ ਲਿਖਣ ਲਈ ਇੱਕ ਵੱਡਾ ਵਰਕਾ ਚਾਹੀਦਾ, ਸਮੁੰਦਰ ਦੀ ਗਿੱਲੀ ਠੰਡੀ ਰੇਤ ਜਿਹਾ। ਇਹ ਰੇਤ, ਜਿੱਥੇ ਇਕ ਪਗਡੰਡੀ ਜਿਹੀ ਮੈਂ ਲੰਮੀ ਸਤਰ ਲਿਖਦੀ ਜਾਵਾਂ। ਇਹ ਠੰਡੀ ਰੇਤ ਹੀ ਮੇਰੀ ਸਲੇਟ ਏ। ਮੈਂ ਤੁਹਾਡੇ ਵਾਂਗੂੰ ਕਾਗਜ਼ ਦੇ ਘੇਰੇ ‘ਚ ਲਿਖਣ ਤੋਂ ਅਸਮੱਰਥ ਹਾਂ। ਸੋ ਮੈਂ ਵਿਹਲੇ ਸਮੇਂ ਇੱਥੇ ਆ ਕੇ ਗਿੱਲੀ ਰੇਤ ‘ਤੇ ਲਿਖਦੀ ਆਂ। ਗਿੱਲੀ ਰੇਤ ‘ਤੇ ਲਿਖਣਾ ਮੈਨੂੰ ਮੰਮੀ ਨੇ ਸਿਖਾਇਆ। ਇਸ ‘ਤੇ ਲਿਖੇ ਅੱਖਰਾਂ ਨੂੰ ਛੂਹ ਕੇ ਮੈਂ ਉਨ੍ਹਾਂ ਦੀ ਸੁੰਦਰਤਾ ਦੇਖਦੀ ਆਂ।”
ਤੁਰਦੇ ਤੁਰਦੇ ਅਸੀਂ ਬਸਤੀ ‘ਚ ਪਹੁੰਚ ਗਏ। ਅੰਟੀ ਸ਼ਿੰਦਰ, ਜਾਪ ਨੂੰ ਵੇਖ ਕੇ ਸਾਡੇ ਵੱਲ ਵਧੀ। ਉਸ ਦਾ ਨਿੱਕਾ ਜਿਹਾ ਹੱਥ ਮੇਰੀਆਂ ਵੱਡੀਆਂ ਉਂਗਲਾਂ ਨੂੰ ਨਿੱਘ ਦੇ ਰਿਹਾ ਸੀ। ਮੈਂ ਜਾਪ ਦਾ ਹੱਥ ਅੰਟੀ ਦੇ ਹੱਥ ਵਿਚ ਦੇ ਦਿੱਤਾ, ਤੇ ਜਾਪ ਵੱਲ ਝੁੱਕ ਕੇ ਉਸ ਦੀ ਗੱਲ ਨੂੰ ਚੁੰਮਿਆ। ਉਸ ਨੇ ਮੁਸਕੁਰਾ ਕੇ ਨਿੱਕੀਆਂ ਬਾਂਹਾਂ ਨਾਲ ਮੈਨੂੰ ਗਲਵੱਕੜੀ ਪਾ ਲਈ।
ਉਸ ਮਲੂਕ ਜਿੰਦੜੀ ਦੀਆਂ ਕੋਮਲ ਗੱਲਾਂ ਨਾਲ ਮੇਰਾ ਦਿਲ ਖਿੜ ਉਠਿਆ। ਮੈਂ ਵਾਪਿਸ ਮੁੜਦਾ ਉਹਨੂੰ ਜਾਂਦੀ ਨੂੰ ਵੇਖਦਾ ਰਿਹਾ। ਉਹਦੇ ਤਾਂਬੇ ਰੰਗੇ ਵਾਲ ਲਹਿਰਾਂ ਵੱਲੋਂ ਆਉਂਦੀ ਹਵਾ ਨਾਲ ਮੇਲਦੇ। ਉਹਦੀ ਪਤਲੀ ਨਿੱਕੀ ਜਿਹੀ ਨੱਕ, ਜਿਸ ਉਤੇ ਵੱਡੀ ਕਾਲੀ ਐਨਕ ਟਿਕੀ ਸੀ, ਨੇ ਮੈਨੂੰ ਚੁੰਮਣ ਲਈ ਮਜਬੂਰ ਕਰ ਦਿੱਤਾ।
ਉਹ ਵਾਪਿਸ ਮੁੜੀ ਤੇ ਬੋਲੀ, “ਬਾਏ ਬਾਏ ਮੇਰੇ ਲੇਖਕ ਦੋਸਤ! ਮੈਨੂੰ ਇੱਥੇ ਤੱਕ ਛੱਡਣ ਲਈ ਸ਼ੁਕਰੀਆ।”
“ਤੇਰਾ ਸਵਾਗਤ ਮੇਰੇ ਦਿਲ ਵਿਚ, ਮੇਰੀ ਪਿਆਰੀ ਜਾਪ।”
ਮੈਂ ਵਾਪਿਸ ਆਇਆ ਮਾਸਟਰ ਜੀ ਦੀ ਉਸ ਲਾਈਬ੍ਰੇਰੀ ਵਿਚ, ਜਿੱਥੇ ਉਹੀ ਪੜ੍ਹਾਕੂ ਵਾਤਾਵਰਣ ਤੇ ਲੇਖਕਾਂ ਦੀਆਂ ਬੇਤੁਕੀਆਂ ਲਿਖਤਾਂ ਦੀ ਸੜਿਹਾਂਦ ਸੀ।
ਮੈਂ ਨੰਗੀ ਕਲਮ ਤੇ ਆਪਣੇ ਭਰੇ ਵਰਕੇ ਚੁੱਕੇ, ਜਿਨ੍ਹਾਂ ‘ਚ ਸ਼ੌਹਰਤ ਖੱਟਣ ਦੀ ਬੋਅ ਆਉਂਦੀ ਸੀ। ਮੈਂ ਤੁਰਦਾ ਹਾਂ ਉਸ ਰੋਡ ‘ਤੇ, ਜਿੱਥੇ ਉਸ ਨਾਲ ਤੁਰਦਾ ਗਿਆ ਸੀ, ਉਸ ਦੇ ਘਰ ਤੱਕ। ਗਿਟਾਰ ਦੀਆਂ ਧੁਨਾਂ ਮੇਰੇ ਕੰਨਾਂ ‘ਚੋਂ ਮੇਲ੍ਹਦੀਆਂ ਮੇਰੇ ਦਿਲ ਤੱਕ ਜਾਂਦੀਆਂ ਰਹੀਆਂ। ਅੱਜ ਇਨ੍ਹਾਂ ਨੇ ਆਪਣਾ ਦਮ ਨਹੀਂ ਤੋੜਿਆ ਤੇ ਮੇਰੀ ਚਾਲ ਹਵਾ ਦੇ ਮੇਚ ਦੀ ਹੋ ਗਈ। ਮੈਂ ਮਹਿਸੂਸ ਕਰਦਾ ਹਾਂ ਪੌਣਾਂ ਦੀ ਸ਼ੂਕਣ। ਇੱਕ ਪਿਆਰ ਦੀ ਲਰਜ, ਜੋ ਮੇਰੇ ਦਿਲ ‘ਚੋਂ ਨਿਕਲਦੀ ਮੇਰੇ ਬੁੱਲਾਂ ਦੁਆਲੇ ਫੈਲ ਗਈ, ਜਿਸ ਨਾਲ ਖੁਸ਼ੀ ਦਾ ਜਵਾਰਭਾਟਾ ਉਠਿਆ। ਮੇਰੇ ਲਈ ਇੱਕ ਪਲ ਦਾ ਸਮਾਂ ਜਿਵੇਂ ਰੁਕ ਗਿਆ, ਸਮੇਂ ਤੋਂ ਪਹਿਲਾਂ ਮੈਂ ਤੁਰਦਾ ਜਾ ਰਿਹਾਂ। ਤੁਰੇ ਜਾਂਦਿਆਂ ਮੈਂ ਆਪਣੀ ਕਲਮ ਇਕ ਮੰਗਤੇ ਨੂੰ ਫੜਾ ਦਿੱਤੀ। ਹੱਥ ‘ਚ ਫੜੇ ਵਰਕੇ ਮੈਂ ਅਸਮਾਨ ਵੱਲ ਵਗਾਹ ਮਾਰੇ, ਇਹ ਜਾਣ ਕੇ ਕਿ ਲਿਖਣ ਲਈ ਸਿਰਫ ਕਲਮ, ਕਾਗਜ਼ਾਂ ਤੇ ਸਿਫਾਰਿਸ਼ਾਂ ਦੀ ਲੋੜ ਨਹੀਂ ਪੈਂਦੀ। ਲੋੜ ਪੈਂਦੀ ਆ ਇੱਕ ਦਿਲ ਦੀ, ਕਾਇਨਾਤ ‘ਚ ਪਸਰੀ ਚੁੱਪ ਦੀ, ਇੱਕ ਸਮਾਜਕ ਵੇਦਨਾ ਦੀ-ਜਿਸ ਦਾ ਖੇਤਰਫਲ ਸਮੁੰਦਰ ਵਾਂਗ ਬੇਅੰਤ ਹੋਵੇ। ਲੋੜ ਪੈਂਦੀ ਆ, ਉਸ ਤੀਜੀ ਅੱਖ ਦੀ, ਜਿਸ ਦੀ ਦ੍ਰਿਸ਼ਟੀ ਦਾ ਘੇਰਾ ਵਿਸ਼ਾਲ ਹੋਵੇ-ਜੋ ਸਿਰਫ ਜਾਪ ਕੋਲ ਸੀ।
ਮੈਂ ਆ ਖੜਿਆ ਹਾਂ ਜਾਪ ਤੇਰੀ ਉਸ ਠੰਡੀ ਰੇਤ ‘ਤੇ, ਜਿੱਥੇ ਤੇਰੇ ਲਿਖੇ ਸ਼ਬਦ ਧਰਤੀ ਵਿਚ ਸਮਾ ਜਾਂਦੇ ਨੇ। ਜਿੱਥੇ ਸ਼ਾਂਤ ਸਮੁੰਦਰ ਦੀਆਂ ਲਹਿਰਾਂ ਸਾਗਰ ਦੇ ਉਸ ਪਾਰੋਂ ਆ ਕੇ ਮੇਰੇ ਪੈਰਾਂ ਦੀਆਂ ਉਂਗਲਾਂ ਚੁੰਮਦੀਆਂ ਨੇ।
ਅੱਜ ਮੈਂ ਪਹਿਲੀ ਵਾਰ ਅਸਲੀ ਜ਼ਿੰਦਗੀ ਦਾ ਇੱਕ ਦਿਨ ਡੁੱਬਦਾ ਵੇਖਦਾਂ। ਕਾਲੇ ਪਰਿੰਦੇ ਆਪਣੇ ਗਰਾਂ ਨੂੰ ਜਾਂਦੇ ਮੈਨੂੰ ਸੰਕੇਤ ਕਰ ਰਹੇ ਨੇ। ਕੱਲ ਇੱਕ ਨਵਾਂ ਦਿਨ ਆਵੇਗਾ, ਜੋ ਸਾਨੂੰ ਸਿਖਾਵੇਗਾ ਨਵਾਂ ਕੁਝ!