ਜੂਨ 84 ਦੀਆਂ ਘਟਨਾਵਾਂ ਦਾ ਨਿਰਪੱਖ ਵਿਸ਼ਲੇਸ਼ਣ ਕਦੋਂ ਹੋਵੇਗਾ?

ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਬਾਰੇ ਪਿਛਲੇ ਅੰਕਾਂ ਵਿਚ ਅਸੀਂ ਹਜ਼ਾਰਾ ਸਿੰਘ ਮਿਸੀਸਾਗਾ, ਹਰਜੀਤ ਦਿਓਲ ਬਰੈਂਪਟਨ, ਗੁਰਬਚਨ ਸਿੰਘ, ਡਾ. ਬਲਕਾਰ ਸਿੰਘ, ਅਮਰਜੀਤ ਸਿੰਘ ਮੁਲਤਾਨੀ, ਕਮਲਜੀਤ ਸਿੰਘ ਬਾਸੀ ਅਤੇ ਹਾਕਮ ਸਿੰਘ ਦੇ ਵਿਚਾਰ ਪਾਠਕਾਂ ਦੇ ਰੂ-ਬ-ਰੂ ਕਰ ਚੁਕੇ ਹਾਂ। ਐਤਕੀਂ ਕੈਨੇਡਾ ਤੋਂ ਛਪਦੇ ਪਰਚੇ ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਸਿੰਘ ਪਰਮਾਰ ਦੇ ਵਿਚਾਰ ਛਾਪ ਰਹੇ ਹਾਂ, ਜੋ ਉਨ੍ਹਾਂ ਉਚੇਚੇ ਸਾਨੂੰ ਭੇਜੇ ਹਨ। ਇਸ ਵਿਚ ਉਨ੍ਹਾਂ ਜੂਨ 84 ਦੀਆਂ ਘਟਨਾਵਾਂ, ਇਸ ਦੇ ਪਿਛੋਕੜ ਅਤੇ ਪਿਛਲੇ 36 ਸਾਲਾਂ ਤੋਂ ਚੱਲ ਰਹੀ ਸਿਆਸਤ ਬਾਰੇ ਟਿੱਪਣੀ ਕੀਤੀ ਹੈ।

-ਸੰਪਾਦਕ

ਹਰਚਰਨ ਸਿੰਘ ਪਰਹਾਰ
ਫੋਨ: 403-681-8689

ਦਰਬਾਰ ਸਾਹਿਬ ਅੰਮ੍ਰਿਤਸਰ ਵਿਚ 3-6 ਜੂਨ 1984 ਨੂੰ ਭਾਰਤੀ ਫੌਜ ਨੇ ਜੋ ਕਾਰਵਾਈ ਕੀਤੀ, ਉਸ ਨੂੰ ਉਨ੍ਹਾਂ ਨੇ ‘ਅਪਰੇਸ਼ਨ ਬਲੂ ਸਟਾਰ’ ਦਾ ਨਾਮ ਦਿੱਤਾ। ਸਿੱਖ ਇਤਿਹਾਸ ਵਿਚ 18ਵੀਂ ਸਦੀ ਵਿਚ ਮੁਗਲ ਤੇ ਪਠਾਣ ਵਿਦੇਸ਼ੀ ਹਮਲਾਵਰਾਂ ਦੀਆਂ ਸਿੱਖਾਂ ਖਿਲਾਫ ਕਾਰਵਾਈਆਂ ਤੋਂ ਕਰੀਬ 2 ਸੌ ਸਾਲ ਪਿਛੋਂ ਇਹ ਅਜਿਹੀ ਘਟਨਾ ਵਾਪਰੀ ਸੀ, ਜਿਸ ਬਾਰੇ ਨਾ ਤਾਂ ਸਰਕਾਰ ਨੇ ਸਿੱਖਾਂ ਦੇ ਪ੍ਰਤੀਕਰਮ ਬਾਰੇ ਅੰਦਾਜ਼ਾ ਲਾਇਆ ਸੀ ਅਤੇ ਨਾ ਹੀ ਸਿੱਖਾਂ ਨੇ ਕਦੇ ਇਹ ਆਸ ਕੀਤੀ ਸੀ ਕਿ ਸਰਕਾਰ ਟੈਂਕਾਂ ਤੋਪਾਂ ਨਾਲ ਫੌਜ ਰਾਹੀਂ ਅਜਿਹੀ ਕਾਰਵਾਈ ਦਰਬਾਰ ਸਾਹਿਬ ਵਿਚ ਕਰੇਗੀ। ਇਹ ਅਜਿਹੀ ਘਟਨਾ ਸੀ, ਜਿਸ ਨੇ ਸਿੱਖਾਂ ਦੇ ਮਨਾਂ ਵਿਚ ਭਾਰਤੀ ਸਟੇਟ, ਭਾਰਤੀ ਫੌਜ, ਬਹੁ-ਗਿਣਤੀ ਹਿੰਦੂ ਭਾਈਚਾਰੇ ਅਤੇ ਭਾਰਤੀ ਸਟੇਟ ਨਾਲ ਕੰਮ ਕਰਦੀਆਂ ਰਾਜਨੀਤਕ ਧਿਰਾਂ ਬਾਰੇ ਸੋਚ ਹੀ ਬਦਲ ਦਿੱਤੀ।
ਇਸੇ ਤਰ੍ਹਾਂ 1984 ਤੋਂ ਬਾਅਦ ਦੇਸ਼-ਵਿਦੇਸ਼ ਵਿਚ ਸਿੱਖਾਂ ਵਲੋਂ ਦਿਖਾਏ ਪ੍ਰਤੀਕਰਮ ਪਿਛੋਂ ਭਾਰਤੀ ਸਟੇਟ ਅਤੇ ਏਜੰਸੀਆਂ ਦਾ ਰਵੱਈਆ ਵੀ ਸਿੱਖਾਂ ਪ੍ਰਤੀ ਹੋਰ ਹਮਲਾਵਰ ਰੁਖ ਅਖਤਿਆਰ ਕਰ ਗਿਆ। ਇਸ ਘਟਨਾ ਤੋਂ ਸਿੱਖ ਅਜੇ ਸੰਭਲੇ ਵੀ ਨਹੀਂ ਸਨ ਕਿ ਨਵੰਬਰ 84 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿਛੋਂ ਜਿਸ ਤਰ੍ਹਾਂ ਕਾਂਗਰਸੀ ਸਰਕਾਰ ਨੇ ਯੋਜਨਾਬੱਧ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ, ਉਸ ਨੇ ਬਲਦੀ ‘ਤੇ ਤੇਲ ਵਾਲਾ ਕੰਮ ਕੀਤਾ। 13 ਅਪਰੈਲ, 1978 ਦੇ ਸਿੱਖ ਨਿਰੰਕਾਰੀ ਕਾਂਡ ਪਿਛੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਬੱਬਰ ਖਾਲਸਾ ਤੇ ਦਲ ਖਾਲਸਾ ਵਲੋਂ ਚਲਾਈ ਜਾ ਰਹੀ ਖਾੜਕੂ ਲਹਿਰ ਨੂੰ ਇੱਕਦਮ ਹੁਲਾਰਾ ਮਿਲਿਆ ਅਤੇ ਆਮ ਸਿੱਖ ਨੌਜਵਾਨ (ਖਾਸਕਰ ਜੱਟਾਂ ਦੇ ਅੱਲ੍ਹੜ ਮੁੰਡੇ) ਪਿੰਡਾਂ ਵਿਚੋਂ ਉਠ ਕੇ ਹਥਿਆਰਬੰਦ ਲਹਿਰ ਵਿਚ ਕੁਦ ਪਏ। ਇਨ੍ਹਾਂ ਕੋਲ ਕੋਈ ਲੀਡਰਸ਼ਿਪ ਨਹੀਂ ਸੀ, ਕੋਈ ਜਥੇਬੰਦੀ ਨਹੀਂ ਸੀ, ਕੋਈ ਵਿਜ਼ਨ ਨਹੀਂ ਸੀ, ਸਿਰਫ ਇੱਕੋ ਗੱਲ ਸੀ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਹੈ ਤੇ ਅਸੀਂ ਬਦਲਾ ਲੈਣਾ ਹੈ। ਭਾਰਤੀ ਸਟੇਟ ਦੀਆਂ ਏਜੰਸੀਆਂ ਅਤੇ ਸਿੱਖਾਂ ਦੇ ਸ਼ਾਤਰ ਲੀਡਰਾਂ ਨੇ ਸਿੱਖ ਨੌਜਵਾਨਾਂ ਨੂੰ ਬਦਲੇ ਹਾਲਾਤ ਵਿਚ ਸਹੀ ਸੇਧ ਦੇਣ ਦੀ ਥਾਂ ਸੰਤ ਭਿੰਡਰਾਂਵਾਲੇ ਦੀ ਕਿਸੇ ਸਪੀਚ ਵਿਚੋਂ ਦੋ ਲਾਈਨਾਂ ਮਿਸ਼ਨ ਦੇ ਤੌਰ ‘ਤੇ ਫੜਾ ਦਿੱਤੀਆਂ, ‘ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।’ ਪਰ ਭਾਰਤ ਸਰਕਾਰ ਸਿੱਖਾਂ ਨੂੰ ਸਬਕ ਸਿਖਾਉਣ ਲਈ ਲੰਮੀ ਵਿਉਂਤਬੰਦੀ ਕਰ ਰਹੀ ਸੀ, ਜਿਸ ਨੂੰ ਸਿੱਖਾਂ ਦੀ ਨਰਮ ਦਲ ਜਾਂ ਗਰਮ ਦਲ ਲੀਡਰਸ਼ਿਪ ਸਮਝ ਨਾ ਸਕੀ ਅਤੇ ਨੌਜਵਾਨੀ ਨੂੰ ਉਸੇ ਵਹਿਣ ਵਿਚ ਵਹਿਣ ਦਿੱਤਾ, ਜਿਸ ਦਾ ਨਤੀਜਾ ਜਿਥੇ ਖਾੜਕੂਆਂ ਹੱਥੋਂ ਹਜ਼ਾਰਾਂ ਬੇਗੁਨਾਹ ਲੋਕਾਂ ਦੇ ਕਤਲੇਆਮ ਵਿਚ ਨਿਕਲਿਆ, ਉਥੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਹਜ਼ਾਰਾਂ ਨੌਜਵਾਨ ਮੌਤ ਦੇ ਘਾਟ ਉਤਾਰ ਦਿੱਤੇ।
1984 ਦੀਆਂ ਘਟਨਾਵਾਂ ਵੇਲੇ ਭਾਵੇਂ ਮੈਨੂੰ ਧਰਮ, ਰਾਜਨੀਤੀ ਆਦਿ ਬਾਰੇ ਕੋਈ ਸੋਝੀ ਨਹੀਂ ਸੀ, ਪਰ ਸਾਡੇ ਸਾਹਮਣੇ ਹੀ ਇਹ ਕੁਝ ਵਾਪਰਿਆ ਸੀ, ਇਸ ਦੌਰ ਵਿਚ ਹੀ ਅਸੀਂ ਜਵਾਨ ਹੋਏ ਅਤੇ ਬਹੁਤ ਕੁਝ ਆਪਣੇ ਪਿੰਡੇ ‘ਤੇ ਵੀ ਹੰਢਾਇਆ। ਉਸ ਪਿਛੋਂ ਸਿੱਧੇ-ਅਸਿੱਧੇ ਢੰਗ ਨਾਲ ਇਸ ਸਿੱਖ ਸੰਘਰਸ਼ ਵਿਚ ਵਿਚਰਦੇ ਰਹੇ, ਪਰ ਇੱਕ ਗੱਲ ਇਨ੍ਹਾਂ 36 ਸਾਲਾਂ ਵਿਚ ਜ਼ਰੂਰ ਮਹਿਸੂਸ ਕੀਤੀ ਕਿ 1984 ਵਿਚ ਹੀ ਵਾਪਰੇ ਦੋ ਵੱਡੇ ਘੱਲੂਘਾਰਿਆਂ ਬਾਰੇ ਗੁਰਦੁਆਰਿਆਂ, ਸਿੱਖ ਜਥੇਬੰਦੀਆਂ, ਸਿੱਖ ਵਿਦਵਾਨਾਂ ਵਿਚ ਕਦੇ ਸਾਰਥਕ ਵਿਚਾਰ ਨਹੀਂ ਹੋਈ। 1984 ਤੋਂ 1994 ਤੱਕ ਚੱਲੀ ਜਜ਼ਬਾਤੀ ਅਤੇ ਬੇਮੁਹਾਰੀ ਖਾੜਕੂ ਲਹਿਰ ਬਾਰੇ ਕਦੇ ਕਿਸੇ ਨੇ ਨਿਰਪੱਖਤਾ ਨਾਲ ਵਿਸ਼ਲੇਸ਼ਣ ਨਹੀਂ ਕੀਤਾ। ਵੈਸੇ ਤਾਂ ਪੰਜਾਬੀ ਸਿੱਖ ਸੁਭਾਅ ਪੱਖੋਂ ਜਜ਼ਬਾਤੀ ਤੇ ਉਲਾਰ ਬਿਰਤੀ ਵਾਲੇ ਲੋਕ ਹਨ ਅਤੇ ਇਨ੍ਹਾਂ ਨੂੰ ਸ਼ਾਤਰ ਲੀਡਰ ਹਮੇਸ਼ਾ ਗਰਮ ਤੇ ਜਜ਼ਬਾਤੀ ਨਾਅਰਿਆਂ ਰਾਹੀਂ ਵਰਤ ਜਾਂਦੇ ਰਹੇ ਹਨ, ਪਰ ਪਿਛਲੇ 36 ਸਾਲਾਂ ਦੇ ਵੱਡੇ ਨੁਕਸਾਨਾਂ ਤੋਂ ਬਾਅਦ ਕੋਈ ਸਬਕ ਸਿੱਖਣ, ਜਥੇਬੰਦਕ ਢੰਗ ਨਾਲ ਕੰਮ ਕਰਨ, ਲਹਿਰ ਦਾ ਵਿਸ਼ਲੇਸ਼ਣ ਕਰਨ ਦੀ ਥਾਂ ਅਜੇ ਤੱਕ ਵੀ ਸਭ ਪਾਸੇ ਜਜ਼ਬਾਤੀ ਤੇ ਸ਼ਾਤਰ ਲੋਕ ਹੀ ਭਾਰੂ ਹਨ। ਉਹ ਇੰਨੇ ਹਮਲਾਵਰ ਹਨ ਕਿ ਜੇ ਕੋਈ ਸੁਹਿਰਦ ਯਤਨ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਗੱਦਾਰ, ਡਰਪੋਕ, ਏਜੰਸੀਆਂ ਦੇ ਬੰਦੇ ਆਦਿ ਦੇ ਇਲਜ਼ਾਮ ਲਾ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਇਸ ਸੰਘਰਸ਼ ਨਾਲ ਜੁੜੇ ਬਹੁਤ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੀ ਲੀਡਰਸ਼ਿਪ ਇਨ੍ਹਾਂ ਘਟਨਾਵਾਂ ‘ਤੇ ਕਾਬਜ਼ ਧਿਰਾਂ ਨਾਲ ਹੀ ਜੁੜੀ ਹੋਈ ਹੈ ਤੇ ਉਹ ਨਾ ਕੁਝ ਆਪ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਕੁਝ ਕਰਨ ਦਿੰਦੇ ਹਨ। ਉਹ ਲੋਕ ਹੀ ਗੁਰਦੁਆਰਿਆਂ (ਖਾਸਕਰ ਵਿਦੇਸ਼ਾਂ ਵਿਚ) ‘ਤੇ ਕਾਬਜ਼ ਹਨ ਤੇ ਉਹ ਕੁਝ ਵੀ ਠੀਕ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਕਿ ਉਨ੍ਹਾਂ ਦੀ ਸਰਦਾਰੀ ਬਣੀ ਰਹੇ।
ਇਸ ਲੇਖ ਰਾਹੀਂ ਮੇਰੀ ਇਸ ਟਿੱਪਣੀ ਦਾ ਮਕਸਦ, ਜਿਥੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨੀਆਂ ਹੈ, ਉਥੇ ਸੁਹਿਰਦ ਵਿਦਵਾਨਾਂ ਤੇ ਸੂਝਵਾਨ ਲੀਡਰਾਂ ਨੂੰ ਸੁਨੇਹਾ ਦੇਣਾ ਹੈ ਕਿ ਪਿਛਲੇ 36 ਸਾਲਾਂ ਵਿਚ ਜਜ਼ਬਾਤੀ ਵਹਿਣ ਵਿਚ ਬੈਠ ਕੇ, ਤੇ ਨਾ-ਅਹਿਲ ਲੀਡਰਸ਼ਿਪ ਕਰਕੇ ਸਿੱਖਾਂ, ਪੰਜਾਬੀਆਂ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਚੁਕਾ ਹੈ, ਹੁਣ ਸਿੱਖ ਸਿਰਫ ਪੰਜਾਬ ਤੱਕ ਹੀ ਸੀਮਤ ਨਹੀਂ, ਸਗੋਂ ਸਾਰੀ ਦੁਨੀਆਂ ਵਿਚ ਫੇਲ੍ਹ ਚੁਕੇ ਹਨ। ਸਾਡੇ ਸਾਰੇ ਮੁੱਦੇ ਹੁਣ ਉਹ ਨਹੀਂ ਰਹੇ, ਜਦੋਂ ਅਸੀਂ ਸਿਰਫ ਪੰਜਾਬ ਜਾਂ ਭਾਰਤ ਤੱਕ ਸੀਮਤ ਸਾਂ। ਸਾਡੀ ਵੱਡੀ ਗਿਣਤੀ ਵਿਦੇਸ਼ਾਂ ਵਿਚ ਵਸਦੀ ਹੈ। 1984 ਤੋਂ ਬਾਅਦ ਦੇਸ਼-ਵਿਦੇਸ਼ ਵਿਚ ਪੈਦਾ ਹੋਈ ਨਵੀਂ ਪੀੜ੍ਹੀ ਦੀ ਆਪਣੀ ਸੋਚ ਹੈ, ਉਨ੍ਹਾਂ ਦੇ ਆਪਣੇ ਮਸਲੇ ਹਨ, ਉਨ੍ਹਾਂ ਨੂੰ ਵੱਖਰੇ ਚੈਲਿੰਜ ਹਨ, ਇਸ ਲਈ ਸਾਨੂੰ ਹੁਣ ਸਿਰਫ ਪੰਜਾਬ ਦੇ ਪੱਖ ਤੋਂ ਹੀ ਨਹੀਂ, ਸੰਸਾਰ ਪੱਧਰ ‘ਤੇ ਵੱਸਦੇ ਸਿੱਖਾਂ ਦੇ ਪੱਖ ਤੋਂ ਵੀ ਵਿਚਾਰਨ ਦੀ ਲੋੜ ਹੈ। ਮੈਂ ਇਨ੍ਹਾਂ 36 ਸਾਲਾਂ ਵਿਚ ਜੋ ਦੇਖਿਆ, ਸਮਝਿਆ ਤੇ ਅਨੁਭਵ ਕੀਤਾ, ਉਸ ਬਾਰੇ ਇਤਿਹਾਸਕ ਪੱਖ ਤੋਂ ਆਪਣੇ ਵਿਚਾਰ ਇਸ ਮਕਸਦ ਨਾਲ ਲਿਖ ਰਿਹਾ ਹਾਂ ਤਾਂ ਕਿ ਪੰਜਾਬੀ ਸਿੱਖਾਂ ਵਿਚ ’84 ਤੋਂ ਵਾਪਰ ਰਹੀਆਂ ਘਟਨਾਵਾਂ ਨੂੰ ਜਜ਼ਬਾਤੀ ਤੇ ਉਲਾਰ ਪਹੁੰਚ ਦੀ ਥਾਂ ਸੁਹਿਰਦਤਾ ਨਾਲ ਵਿਚਾਰਨ ਦੀ ਗੱਲ ਤੁਰ ਸਕੇ।
ਮੇਰਾ ਇਹ ਮੰਨਣਾ ਹੈ ਕਿ ਗੁਰੂ ਸਾਹਿਬਾਨ ਨੇ ਬਾਣੀ ਰਾਹੀਂ ਜੋ ਵਿਚਾਰਧਾਰਾ ਮਨੁੱਖਤਾ ਨੂੰ ਦਿੱਤੀ ਸੀ, ਉਹ ਪੁਜਾਰੀਆਂ ਆਧਾਰਿਤ ਪ੍ਰਚਲਿਤ ਜਥੇਬੰਦਕ (ਸੰਸਥਾਈ) ਧਾਰਮਿਕ ਦੇ ਖਿਲਾਫ ਸੀ, ਉਨ੍ਹਾਂ ਦਾ ਮਕਸਦ ਦੂਜੇ ਫਿਰਕਿਆਂ ਨੂੰ ਰੱਦ ਕਰਕੇ ਕੋਈ ਨਵਾਂ ਫਿਰਕਾ ਬਣਾਉਣਾ ਨਹੀਂ ਸੀ, ਜਿਸ ਤਰ੍ਹਾਂ ਦਾ ਅੱਜ ਬਣਾ ਦਿੱਤਾ ਗਿਆ ਹੈ ਅਤੇ ਨਾ ਹੀ ਦੂਜਿਆਂ ਦੇ ਕਰਮਕਾਂਡਾਂ ਨੂੰ ਰੱਦ ਕਰਕੇ ਆਪਣੇ ਨਵੇਂ ਕਰਮਕਾਂਡ ਸ਼ੁਰੂ ਕਰਨਾ ਸੀ। ਗੁਰੂਆਂ ਦੀ ਲਹਿਰ ਧਰਮਾਂ, ਫਿਰਕਿਆਂ ਦੇ ਪੁਜਾਰੀਆਂ ਵਲੋਂ ਸਮੇਂ ਦੇ ਹਾਕਮਾਂ ਤੇ ਸਰਮਾਏਦਾਰਾਂ ਨਾਲ ਰਲ ਕੇ ਕੀਤੀ ਜਾ ਰਹੀ ਲੁੱਟ ਖਿਲਾਫ ਮਨੁੱਖਤਾਵਾਦੀ ਇਨਕਲਾਬੀ ਲਹਿਰ ਸੀ ਤੇ ਅਜਿਹੇ ਸਮਾਜ ਦੀ ਸਿਰਜਣਾ ਸੀ, ਜਿਥੇ ਸਾਰੇ ਲੋਕ ਧਰਮਾਂ, ਕੌਮਾਂ, ਜਾਤਾਂ, ਨਸਲਾਂ ਦੇ ਝਗੜਿਆਂ ਤੋਂ ਉਪਰ ਉਠ ਕੇ ਮਨੁੱਖ ਦੇ ਤੌਰ ‘ਤੇ ਭਾਈ-ਭਾਈ ਬਣ ਕੇ ਰਹਿ ਸਕਣ। ਉਨ੍ਹਾਂ ਦਾ ਸੰਘਰਸ਼ ਸਮਾਜ ਤੇ ਕਾਬਜ਼ ਧਾਰਮਿਕ ਪੁਜਾਰੀਆਂ, ਸਿਆਸੀ ਹਾਕਮਾਂ ਤੇ ਸਰਮਾਏਦਾਰ ਲੁਟੇਰਿਆਂ ਖਿਲਾਫ ਸੀ, ਪਰ ਗੁਰੂਆਂ ਦੇ ਸਮੇਂ ਹੀ ਉਨ੍ਹਾਂ ਦੇ ਵਿਰੋਧੀਆਂ ਨੇ ਸਿੱਖ ਲਹਿਰ ਨੂੰ ਕੁਰਾਹੇ ਪਾਉਣ ਲਈ ਬਾਨਣੂੰ ਬੰਨ੍ਹ ਲਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿਛੋਂ ਗੁਰੂ ਘਰ ਵਿਰੋਧੀ ਤਾਕਤਾਂ ਸਿੱਖੀ ‘ਤੇ ਕਾਬਜ਼ ਹੋ ਗਈਆਂ ਸਨ।
18ਵੀਂ ਸਦੀ ਵਿਚ ਗੁਰੂਆਂ ਦੀ ਵਿਚਾਰਧਾਰਾ ਦੀਆਂ ਅਸਲੀ ਵਾਰਿਸ ਧਿਰਾਂ ਮੌਕੇ ਦੀਆਂ ਮੁਗਲੀਆਂ ਹਕੂਮਤਾਂ ਖਿਲਾਫ ਲੜਦੀਆਂ ਰਹੀਆਂ। ਜਦੋਂ ਉਨ੍ਹਾਂ ਦੇ ਸੰਘਰਸ਼ ਨਾਲ ਰਾਜ ਪ੍ਰਬੰਧ ਦੇ ਹਾਲਾਤ ਬਣੇ ਤਾਂ ਮਹਾਰਾਜਾ ਰਣਜੀਤ ਸਿੰਘ ਰਾਹੀਂ ਉਹੀ ਵਿਰੋਧੀ ਤਾਕਤਾਂ ਫਿਰ ਆ ਕਾਬਜ਼ ਹੋਈਆਂ। ਇਸ ਸਮੇਂ ਦੌਰਾਨ ਹੀ ਸਿੱਖ ਲਹਿਰ ਨੂੰ ਹੋਰ ਫਿਰਕਿਆਂ ਜਿਹਾ ਪੁਜਾਰੀ ਆਧਾਰਿਤ ਧਾਰਮਿਕ ਫਿਰਕਾ ਬਣਾਉਣ ਲਈ ਭਰਪੂਰ ਯਤਨ ਹੋਏ। ਅੰਗਰੇਜ਼ਾਂ ਨੇ ਸਾਜ਼ਿਸ਼ਾਂ ਅਤੇ ਲੜਾਈਆਂ ਨਾਲ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਕਰਨ ਪਿਛੋਂ ਇਨ੍ਹਾਂ ਵਿਰੋਧੀ ਤਾਕਤਾਂ ਨੂੰ ਆਪਣੇ ਹਿੱਤਾਂ ਲਈ ਯੋਜਨਾਬੱਧ ਢੰਗ ਨਾਲ ਕਾਬਜ਼ ਕਰਾਇਆ। 18ਵੀਂ ਸਦੀ ਵਾਂਗ 19ਵੀਂ ਤੇ 20ਵੀਂ ਸਦੀ ਵਿਚ ਵੀ ਇਨਕਲਾਬੀ ਸਿੱਖ ਵੱਖ-ਵੱਖ ਢੰਗਾਂ ਨਾਲ ਅੰਗਰੇਜ਼ਾਂ ਖਿਲਾਫ ਲੜਦੇ ਰਹੇ, ਪਰ ਸਿੱਖੀ ‘ਤੇ ਕਾਬਜ਼ ਧਿਰਾਂ ਗੁਰੂ ਦੇ ਵਾਰਿਸਾਂ ਖਿਲਾਫ ਸਾਜ਼ਿਸ਼ਾਂ ਕਰਦੀਆਂ ਰਹੀਆਂ ਤੇ ਅੰਗਰੇਜ਼ਾਂ ਨਾਲ ਰਲ ਕੇ ਚਲਦੀਆਂ ਰਹੀਆਂ। ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਤਾਂ ਇਹੀ ਵਿਰੋਧੀ ਤਾਕਤਾਂ ਨਵੇਂ ਬਣੇ ਦੇਸੀ ਹਾਕਮਾਂ ਨਾਲ ਰਲ ਕੇ ਸਰਕਾਰੀ ਮੌਜਾਂ ਮਾਣਨ ਲੱਗੀਆਂ।
ਇਸ ਸਮੁੱਚੇ ਵਰਤਾਰੇ ਵਿਚੋਂ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਗੁਰੂਆਂ ਨੇ ਆਪਣੇ 239 ਸਾਲਾਂ ਦੇ ਸਮੇਂ ਦੌਰਾਨ ਪੁਜਾਰੀਆਂ ਵਾਲੇ ਧਾਰਮਿਕ ਫਿਰਕਿਆਂ ਵਲੋਂ ਮੌਕੇ ਦੇ ਹਾਕਮਾਂ ਨਾਲ ਰਲ ਕੇ ਧਰਮ ਦੇ ਨਾਮ ‘ਤੇ ਲੋਕਾਂ ਨੂੰ ਕਰਮਕਾਂਡਾਂ, ਵਹਿਮਾਂ-ਭਰਮਾਂ, ਪੂਜਾ-ਪਾਠਾਂ ਰਾਹੀਂ ਮਚਾਈ ਲੁੱਟ ਦੇ ਖਿਲਾਫ ਜੋ ਮਨੁੱਖਤਾਵਾਦੀ ਪੈਂਤੜੇ ਤੋਂ ਲਹਿਰ ਖੜ੍ਹੀ ਕੀਤੀ ਸੀ, ਉਹ ਸਿੱਖਾਂ ਵਿਚੋਂ ਕਦੇ ਖਤਮ ਨਹੀਂ ਹੋਈ; ਬੇਸ਼ਕ ਗੁਰੂਆਂ ਦੇ ਸਮੇਂ ਤੋਂ ਵਿਰੋਧੀ ਪਹਿਲਾਂ ਗੁਰੂਆਂ ਖਿਲਾਫ, ਤੇ ਫਿਰ ਇਸ ਵਿਚਾਰਧਾਰਾ ਦੇ ਵਾਰਿਸਾਂ ਖਿਲਾਫ ਹਮਲਾਵਰ ਹੋ ਗਏ ਸਨ ਤੇ ਅਖੀਰ ਸਿੱਖੀ ‘ਤੇ ਕਾਬਜ਼ ਹੋ ਕੇ ਇਸ ਲਹਿਰ ਨੂੰ ਛੋਟਾ ਜਿਹਾ ਧਾਰਮਿਕ ਫਿਰਕਾ ਬਣਾ ਦਿੱਤਾ। ਗੁਰੂ ਦੇ ਅਸਲੀ ਸਿੱਖ ਮੁਗਲਾਂ ਦੇ ਸਮੇਂ ਵੀ, ਅੰਗਰੇਜ਼ਾਂ ਦੇ ਸਮੇਂ ਵੀ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਹੱਕ, ਸੱਚ, ਇਨਸਾਫ ਲਈ ਮਨੁੱਖਤਾਵਾਦੀ ਨਜ਼ਰੀਏ ਤੋਂ ਲੜਦੇ ਰਹੇ ਸਨ। ਅੰਗਰੇਜ਼ਾਂ ਨੇ ਜਿਥੇ ਸਿੱਖਾਂ ਨੂੰ ਜਥੇਬੰਦਕ ਧਾਰਮਿਕ ਫਿਰਕਾ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ, ਉਥੇ ਸਿੱਖਾਂ ਦੇ ਇਨਕਲਾਬੀ ਤੱਤ ਨੂੰ ਵਰਤਣ ਲਈ ਆਪਣੀਆਂ ਫੌਜਾਂ ਵਿਚ ਭਰਤੀ ਕਰਕੇ ਸਰਕਾਰ ਭਗਤ ਬਣਾਉਣ ਦੇ ਸੁਚੇਤ ਯਤਨ ਕੀਤੇ, ਜੋ ਪਿਛੋਂ ਮੌਜੂਦਾ ਭਾਰਤੀ ਹਾਕਮਾਂ ਦੇ ਕੰਮ ਆਏ।
ਅੰਗਰੇਜ਼ਾਂ ਦੇ ਜਾਣ ਪਿਛੋਂ ਜਿਥੇ ਨਵੇਂ ਹਿੰਦੂ ਹਾਕਮਾਂ ਨੇ ਨਹਿਰੂ ਦੇ ਜ਼ਮਾਨੇ ਤੋਂ ਹੀ ਸਿੱਖਾਂ ਨੂੰ ਬ੍ਰਾਹਮਣਵਾਦੀ ਰੰਗ ਵਿਚ ਰੰਗਣ ਦੇ ਯੋਜਨਾਬੱਧ ਯਤਨ ਅਰੰਭ ਦਿੱਤੇ ਸਨ, ਉਥੇ ਬੜੇ ਸਾਜ਼ਿਸ਼ੀ ਢੰਗ ਨਾਲ ਗਰਮ ਖਿਆਲੀ ਜਾਂ ਇਨਕਲਾਬੀ ਹਲਕਿਆਂ ਨੂੰ ਗੁਰੂਆਂ ਦੇ ਮਨੁੱਖਤਾਵਾਦੀ ਪੱਖ ਤੋਂ ਸੋਚਣ ਜਾਂ ਕੁਝ ਕਰਨ ਦੀ ਥਾਂ ਫਿਰਕਾਵਾਦੀ ਨਜ਼ਰੀਏ ਤੋਂ ਕੁਝ ਕਰਨ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਸਮਾਂ ਆਉਣ ‘ਤੇ ਆਪਣੇ ਹਿੱਤਾਂ ਲਈ ਵਰਤ ਕੇ ਹਿੰਦੂ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਅਤਿਵਾਦ ਦਾ ਰੂਪ ਦਿੱਤਾ ਜਾ ਸਕੇ। ਇਸ ਕੰਮ ਲਈ ਪਹਿਲਾਂ ਨਹਿਰੂ ਸਰਕਾਰ ਨੇ ਪ੍ਰਤਾਪ ਸਿੰਘ ਕੈਰੋਂ, ਗਿਆਨੀ ਕਰਤਾਰ ਸਿੰਘ ਆਦਿ ਜਿਹੇ ਸਿੱਖ ਲੀਡਰਾਂ ਰਾਹੀਂ ਅਤੇ ਬਾਅਦ ਵਿਚ ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਜਿਹੇ ਸਿੱਖ ਲੀਡਰਾਂ ਰਾਹੀਂ ਸਿੱਖਾਂ ਵਿਚ ਅਤਿਵਾਦ ਦੇ ਬੀਜ ਬੀਜਣੇ ਸ਼ੁਰੂ ਕਰ ਦਿੱਤੇ ਸਨ। ਉਸ ਵਕਤ ਤੱਕ ਸਿੱਖ ਵੀ ਗੁਰੂਆਂ ਦੀ ਮਨੁੱਖਤਾਵਾਦੀ ਪਹੁੰਚ ਛੱਡ ਕੇ ਸਿੱਖ ਫਿਰਕੇ ਦੇ ਨਜ਼ਰੀਏ ਤੋਂ ਸੋਚਣ ਲੱਗ ਪਏ ਸਨ ਅਤੇ ਵੈਸੇ ਵੀ ਸਿੱਖ ਧਰਮ ਵੀ ਹੋਰ ਫਿਰਕਿਆਂ ਜਿਹਾ ਧਾਰਮਿਕ ਫਿਰਕਾ ਬਣ ਗਿਆ ਸੀ, ਜਿਸ ਨੂੰ ਉਨ੍ਹਾਂ ‘ਵੱਖਰੀ ਕੌਮ’ ਅਤੇ ‘ਵੱਖਰਾ ਧਰਮ’ ਕਹਿਣਾ ਸ਼ੁਰੂ ਕਰ ਦਿੱਤਾ ਸੀ।
ਪਹਿਲਾਂ ਨਹਿਰੂ ਤੇ ਬਾਅਦ ਵਿਚ ਇੰਦਰਾ ਦੇ ਸਮੇਂ ਹੀ ਭਾਰਤੀ ਸਟੇਟ ਨੇ ਬੇਸ਼ਕ ਬਾਹਰੋਂ ਧਰਮ ਨਿਰਪੱਖਤਾ (ਸੈਕੂਲਰਿਜ਼ਮ) ਦਾ ਬੁਰਕਾ ਪਾ ਲਿਆ ਸੀ, ਪਰ ਅੰਦਰੋਂ ਬਹੁ-ਗਿਣਤੀ ਹਿੰਦੂ ਭਾਈਚਾਰੇ ਨੂੰ ਇਹ ਅਹਿਸਾਸ ਕਰਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਹੁਣ ਹਜ਼ਾਰਾਂ ਸਾਲਾਂ ਦੀ ਗੁਲਾਮੀ ਪਿਛੋਂ ਉਨ੍ਹਾਂ ਦਾ ਰਾਮ ਰਾਜ ਆ ਗਿਆ ਹੈ। ਇਸ ਲਈ ਉਨ੍ਹਾਂ ਅਜਿਹੀਆਂ ਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਨਾਲ ਬਹੁ-ਗਿਣਤੀ ਨੂੰ ਖੁਸ਼ ਕਰਨ ਲਈ ਘੱਟ-ਗਿਣਤੀਆਂ ‘ਤੇ ਦਬਾਅ ਬਣਾ ਕੇ ਰੱਖਿਆ ਜਾ ਸਕੇ ਤਾਂ ਕਿ ਇੱਕ ਤਾਂ ਉਹ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਕੇ ਕਾਂਗਰਸ ਨਾਲ ਜੁੜੀਆਂ ਰਹਿਣ, ਦੂਜਾ ਅਜਿਹੇ ਗਰਮ ਖਿਆਲੀ ਤੱਤਾਂ ਨੂੰ ਉਭਾਰਿਆ ਜਾਂਦਾ ਰਿਹਾ, ਜਿਨ੍ਹਾਂ ਰਾਹੀਂ ਕਿਸੇ ਵੇਲੇ ਵੀ ਘੱਟ-ਗਿਣਤੀਆਂ ‘ਤੇ ਅਤਿਵਾਦ ਦਾ ਠੱਪਾ ਲਾ ਕੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਦੱਸ ਕੇ ਉਨ੍ਹਾਂ ਨੂੰ ਦਬਾਇਆ ਜਾਵੇ ਤੇ ਬਹੁ-ਗਿਣਤੀ ਨੂੰ ਖੁਸ਼ ਕਰਕੇ ਇਹ ਅਹਿਸਾਸ ਦਿਵਾਇਆ ਜਾਵੇ ਕਿ ਹੁਣ ਹਿੰਦੂਆਂ ਦਾ ਰਾਜ ਹੈ, ਘੱਟ-ਗਿਣਤੀਆਂ ਨੂੰ ਉਨ੍ਹਾਂ ਦੇ ਰਹਿਮੋ-ਕਰਮ ‘ਤੇ ਰਹਿਣਾ ਪਵੇਗਾ।
ਪੰਜਾਬ ਵਿਚ ਇਸ ਦਾ ਸਫਲ ਤਜਰਬਾ ਸਿੱਖਾਂ ‘ਤੇ ਕੀਤਾ ਗਿਆ। ਇਸ ਲਈ ਸਿੱਖਾਂ ਵਿਚ ਕੱਟੜ ਧਾਰਮਿਕ ਗਰੁੱਪ ਟਕਸਾਲ (ਜਥਾ ਭਿੰਡਰਾਂ) ਅਤੇ ਅਖੰਡ ਕੀਰਤਨੀ ਜਥੇ (ਬੱਬਰ ਖਾਲਸਾ) ਨੂੰ ਚੁਣਿਆ ਗਿਆ। ਇੱਕ ਪਾਸੇ ਸਿੱਖਾਂ ਵਿਚੋਂ ਨਿਕਲੇ ਨਵੇਂ ਫਿਰਕੇ ਨਿਰੰਕਾਰੀ ਮਿਸ਼ਨ, ਰਾਧਾ ਸਵਾਮੀ ਮੱਤ (ਬਾਅਦ ਵਿਚ ਸਿਰਸੇ ਵਾਲਾ ਸੱਚਾ ਸੌਦਾ, ਭਨਿਆਰੇ ਵਾਲਾ, ਆਸ਼ੂਤੋਸ਼ ਆਦਿ) ਨੂੰ ਸ਼ਹਿ ਦਿੱਤੀ ਗਈ, ਦੂਜੇ ਪਾਸੇ ਟਕਸਾਲ ਤੇ ਅਖੰਡ ਕੀਰਤਨੀ ਜਥੇ ਨੂੰ ਹਥਿਆਰਬੰਦ ਹੋ ਕੇ ਨਿਰੰਕਾਰੀ ਮਿਸ਼ਨ ਖਿਲਾਫ ਕਾਰਵਾਈਆਂ ਲਈ ਉਕਸਾਇਆ ਗਿਆ। ਇਸ ਦਾ ਨਤੀਜਾ 1978 ਦਾ ਅੰਮ੍ਰਿਤਸਰ ਦਾ ਖੂਨੀ ਕਾਂਡ ਬਣਿਆ, ਜਿਸ ਵਿਚ 13 ਸਿੱਖ ਸ਼ਹੀਦ ਹੋਏ। ਇਥੇ ਇਹ ਵੀ ਵਰਣਨਯੋਗ ਹੈ ਕਿ ਜਦੋਂ ਤੱਕ ਤਾਂ ਪੰਜਾਬ ਇਕੱਠਾ ਸੀ, ਉਸ ਵਕਤ ਤੱਕ ਤਾਂ ਪੰਜਾਬ ਵਿਚ ਹਿੰਦੂ ਬਹੁ-ਗਿਣਤੀ ਸੀ ਤੇ ਉਨ੍ਹਾਂ ਦਾ ਹੀ ਰਾਜ ਸੀ, ਪਰ ਜਦੋਂ ਸਿੱਖਾਂ ਖਿਲਾਫ ਨਹਿਰੂ ਨੇ ਆਪਣੀ ਨਵੀਂ ਨੀਤੀ ਲਾਗੂ ਕਰਨੀ ਸ਼ੁਰੂ ਕਰ ਦਿੱਤੀ ਤਾਂ ਅਕਾਲੀਆਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਅਸੀਂ ਬਹੁ-ਗਿਣਤੀ ਦੇ ਦਬਾਅ ਹੇਠ ਦਬ ਕੇ ਰਹਿ ਜਾਵਾਂਗੇ ਤੇ ਸਾਨੂੰ ਰਾਜ ਕਰਨ ਦਾ ਕਦੇ ਮੌਕਾ ਨਹੀਂ ਮਿਲੇਗਾ। ਇਸ ਲਈ ਜੇ ਪੰਜਾਬ ਵਿਚ ਸਿੱਖਾਂ (ਅਕਾਲੀਆਂ) ਨੇ ਰਾਜ ਕਰਨਾ ਹੈ, ਜੇ ਸਿੱਖ ਰਾਜ ਦਾ ਨਾਹਰਾ ਦਿੱਤਾ ਤਾਂ ਸਟੇਟ ਨੇ ਸਾਨੂੰ ਵੱਖਵਾਦੀ ਕਹਿ ਕੇ ਭੰਡਣਾ ਹੈ ਤੇ ਅਸੀਂ ਭਾਰਤੀ ਸਟੇਟ ਖਿਲਾਫ ਲੜਨ ਯੋਗੇ ਨਹੀਂ ਹਾਂ, ਪਰ ਜੇ ਪੰਜਾਬ ਵਿਚ ਸਿੱਖਾਂ ਦੀ ਬਹੁ-ਗਿਣਤੀ ਬਣਾਉਣ ਲਈ ਪੰਜਾਬੀ ਸੂਬੇ ਦੀ ਮੰਗ ਰੱਖੀ ਜਾਵੇ ਤਾਂ ਸਾਡੇ ਦੋਨੋਂ ਮਸਲੇ ਹੱਲ ਹੋ ਸਕਦੇ ਹਨ।
ਵੈਸੇ ਵੀ ਇਹ ਮੰਗ ਵਾਜਿਬ ਸੀ, ਕਿਉਂਕਿ ਭਾਰਤ ਵਿਚ ਅਨੇਕਾਂ ਸੂਬੇ ਭਾਸ਼ਾ ਦੇ ਆਧਾਰ ‘ਤੇ ਬਣਾਏ ਜਾ ਚੁਕੇ ਸਨ। ਕਾਂਗਰਸ ਤੇ ਹਿੰਦੂ ਲੀਡਰਸ਼ਿਪ ਇਹ ਸਭ ਸਮਝਦੀ ਸੀ, ਇਸ ਲਈ ਉਸ ਸਮੇਂ ਤੋਂ ਹੀ ਉਨ੍ਹਾਂ ਨੇ ਇੱਕ ਪਾਸੇ ਪੰਜਾਬ ਦੇ ਹਿੰਦੂਆਂ ਨੂੰ ਸਿੱਖਾਂ ਖਿਲਾਫ ਖੜ੍ਹਾ ਕਰ ਲਿਆ (ਪੰਜਾਬੀ ਨੂੰ ਮਾਂ ਬੋਲੀ ਲਿਖਵਾਉਣ ਤੋਂ ਵੀ ਮੁਕਰਾ ਲਿਆ) ਅਤੇ ਦੂਜੇ ਪਾਸੇ ਸੈਕੂਲਰਿਜ਼ਮ ਦੀ ਆੜ ਹੇਠ ਜੋੜੀਆਂ ਹੋਈਆਂ ਕਮਿਊਨਿਸਟ ਪਾਰਟੀਆਂ ਤੇ ਕਮਿਊਨਿਸਟ ਵਿਦਵਾਨਾਂ (ਯਾਦ ਰਹੇ, ਪੰਜਾਬ ਦੀਆਂ ਕਮਿਊਨਿਸਟ ਪਾਰਟੀਆਂ ਤੇ ਕਮਿਊਨਿਸਟ ਵਿਦਵਾਨਾਂ ਵਿਚ ਬਹੁ-ਗਿਣਤੀ ਜੱਟ ਸਿੱਖਾਂ ਦੀ ਹੀ ਹੈ) ਨੂੰ ਵੀ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਧਰਮ ਨਿਰਪੱਖਤਾ ਦੇ ਨਾਮ ਹੇਠ ਸਿੱਖਾਂ ਖਿਲਾਫ ਵਰਤਣਾ ਸ਼ੁਰੂ ਕਰ ਦਿੱਤਾ। ਅਖੀਰ ਅਕਾਲੀਆਂ ਦੇ ਸੰਘਰਸ਼ ਅੱਗੇ ਝੁਕਦਿਆਂ, 1966 ਵਿਚ ਜੋ ਪੰਜਾਬੀ ਸੂਬਾ ਬਣਾਇਆ ਗਿਆ, ਉਹ ਇਸ ਢੰਗ ਦਾ ਸੀ ਕਿ ਸਿੱਖ (ਅਕਾਲੀ) ਕਦੇ ਵੀ ਹਿੰਦੂਆਂ ਤੋਂ ਬਿਨਾ ਆਪਣੀ ਬਹੁ-ਗਿਣਤੀ ਸਿੱਖ ਸਰਕਾਰ ਨਾ ਬਣਾ ਸਕਣ।
ਇਨ੍ਹਾਂ ਹੀ ਸਮਿਆਂ ਵਿਚ ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ ਆਦਿ ਰਾਹੀਂ ਜੱਟ-ਭਾਪੇ (ਉਸ ਸਮੇਂ ਤੱਕ ਮਾਸਟਰ ਤਾਰਾ ਸਿੰਘ, ਜੋ ਸ਼ਹਿਰੀ ਹਿੰਦੂ ਪਰਿਵਾਰ ਤੋਂ ਸਿੱਖ ਬਣਿਆ ਸੀ) ਦਾ ਵਿਵਾਦ ਖੜ੍ਹਾ ਕਰਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਮਾਸਟਰ ਤਾਰਾ ਸਿੰਘ ਨੂੰ ਸਿੱਖ ਲੀਡਰਸ਼ਿਪ ਤੋਂ ਲਾਂਭੇ ਕਰਨ ਲਈ, ਆਪਣੀ ਪਸੰਦ ਦੀ ਲੀਡਰਸ਼ਿਪ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਉਹ ਕਾਮਯਾਬ ਵੀ ਹੋਏ ਤੇ ਮਾਸਟਰ ਤਾਰਾ ਸਿੰਘ ਵਾਲੀ ਲੀਡਰਸ਼ਿਪ ਦਾ ਭੋਗ ਪਾ ਦਿੱਤਾ ਗਿਆ। ਇਸ ਪਿਛੋਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਜੱਟਾਂ ਦੀ ਪਾਰਟੀ ਬਣਾ ਦਿੱਤਾ ਗਿਆ ਅਤੇ ਬਾਕੀ ਕਮਿਊਨਿਟੀਆਂ (ਜਾਤਾਂ) ਨੂੰ ਸਿੱਖ ਸਿਆਸਤ ਵਿਚੋਂ ਮਨਫੀ ਕਰ ਦਿੱਤਾ ਗਿਆ ਤਾਂ ਕਿ ਉਹ ਕਾਂਗਰਸ ਦੇ ਹੱਕ ਵਿਚ ਭੁਗਤਣ। ਜੇ ਪੰਜਾਬ ਦੀ ਸਾਰੀ ਸਿਆਸਤ ਨੂੰ ਦੇਖੋ ਤਾਂ ਨਵੇਂ ਹਿੰਦੂ ਹਾਕਮਾਂ ਵਲੋਂ ਸਿੱਖ ਸਿਆਸਤ ਵਿਚ ਭਾਰੂ ਜੱਟ ਕਮਿਊਨਿਟੀ ਨੂੰ ਕਾਬੂ ਕਰਨ ਦੀ ਹੀ ਸਿਆਸਤ ਹੈ।
1978 ਦੇ ਅੰਮ੍ਰਿਤਸਰ ਵਿਚ ਵਾਪਰੇ ਸਿੱਖ-ਨਿਰੰਕਾਰੀ ਖੂਨੀ ਕਾਂਡ ਦੀ ਆੜ ਵਿਚ ਇੰਦਰਾ ਗਾਂਧੀ ਤੇ ਸਟੇਟ ਦੀਆਂ ਏਜੰਸੀਆਂ ਨੇ ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ ਤੇ ਦਿੱਲੀ ਦੇ ਸਿੱਖ ਨੇਤਾ ਸੰਤੋਖ ਸਿੰਘ (ਜਿਸ ਦਾ ਲੜਕਾ ਮਨਜੀਤ ਸਿੰਘ ਜੀ. ਕੇ. ਪਿਛਲੇ ਕਈ ਸਾਲ ਬਾਦਲ ਦਲ ਵਲੋਂ ਦਿੱਲੀ ਕਮੇਟੀ ਦਾ ਪ੍ਰਧਾਨ ਰਿਹਾ ਸੀ) ਰਾਹੀਂ ਸਿੱਖਾਂ ਵਿਚਲੇ ਗਰਮ ਖਿਆਲੀ ਧੜਿਆਂ, ਖਾਸ ਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਅਖੰਡ ਕੀਰਤਨੀ ਜਥੇ ਦੀ ਸ਼ਾਖ ਬੱਬਰ ਖਾਲਸਾ ਤੇ ਦਲ ਖਾਲਸਾ ਨੂੰ ਮਾਸਟਰ ਤਾਰਾ ਸਿੰਘ ਤੋਂ ਬਾਅਦ ਬਾਦਲ, ਟੌਹੜਾ, ਤੁੜ, ਤਲਵੰਡੀ, ਬਰਨਾਲਾ ਆਦਿ ਰਾਹੀਂ ਨਵੀਂ ਉਭਰੀ ਅਕਾਲੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਲਈ ਉਭਾਰਨਾ ਤੇ ਹਥਿਆਰਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਅਕਾਲੀਆਂ ਨੇ ਇੱਕ ਪਾਸੇ ਕਾਂਗਰਸ ਦਾ ਮੁਕਾਬਲਾ ਕਰਨ ਅਤੇ ਹਿੰਦੂਆਂ ਦੀਆਂ ਵੋਟਾਂ ਲਈ ਪਹਿਲਾਂ ਜਨ ਸੰਘ ਤੇ ਫਿਰ ਭਾਜਪਾ ਨਾਲ ਗੱਠਜੋੜ ਕਰ ਲਿਆ, ਜਿਸ ਦੇ ਨਤੀਜੇ ਵਜੋਂ 1975 ਦੀ ਐਮਰਜੈਂਸੀ ਤੋਂ ਬਾਅਦ 1977 ਵਿਚ ਬਾਦਲ ਦੀ ਅਗਵਾਈ ਵਿਚ ਪਹਿਲੀ ਵਾਰ ਬਣੀ ਅਕਾਲੀ ਸਰਕਾਰ (ਬੇਸ਼ਕ ਇਸ ਤੋਂ ਪਹਿਲਾਂ ਕੁਝ ਚਿਰ ਲਈ 1-2 ਵਾਰ ਅਕਾਲੀਆਂ ਦੀ ਕੁਝ ਚਿਰ ਲਈ ਗੱਠਜੋੜ ਸਰਕਾਰ ਬਣੀ ਸੀ) ਬਣਾਈ ਸੀ, ਭਾਵੇਂ ਇਸ ਨੂੰ ਇੰਦਰਾ ਨੇ ਦੁਬਾਰਾ ਸੱਤਾ ਵਿਚ ਆ ਕੇ 1980 ਵਿਚ ਭੰਗ ਕਰ ਦਿੱਤਾ ਸੀ ਤੇ ਕਾਂਗਰਸ ਨੇ ਦਰਬਾਰਾ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਬਣਾ ਲਈ ਸੀ।
1978 ਤੋਂ 1980 ਤੱਕ ਜਿਥੇ ਗਰਮ ਖਿਆਲੀ ਧੜਿਆਂ ਨੂੰ ਸਿੱਖ-ਨਿਰੰਕਾਰੀ ਟਕਰਾਅ ਨੂੰ ਵਧਾਉਣ ਵਿਚ ਅੰਦਰਖਾਤੇ ਮਦਦ ਕੀਤੀ ਗਈ, ਉਥੇ 1980 ਤੋਂ ਕਾਂਗਰਸ ਨੇ ਸਿੱਧੇ ਰੂਪ ਵਿਚ ਇਨ੍ਹਾਂ ਰਾਹੀਂ ਪੰਜਾਬ ਵਿਚ ਹਿੰਸਾ ਫੈਲਾਉਣ ਦੀ ਖੁੱਲ੍ਹ ਦੇ ਦਿੱਤੀ ਸੀ। ਅਕਾਲੀਆਂ ਨੇ ਉਸ ਵਕਤ 1980 ਵਿਚ ਆਪਣੀ ਸਾਖ ਬਚਾਉਣ ਤੇ ਕਾਂਗਰਸ ਨੂੰ ਸਬਕ ਸਿਖਾਉਣ ਦੇ ਪੈਂਤੜੇ ਤੋਂ ਸਰਕਾਰ ਟੁੱਟਣ ਦੇ ਗੁੱਸੇ ਵਿਚ 1982 ਵਿਚ ਪੰਜਾਬ ਤੇ ਸਿੱਖਾਂ ਦੀਆਂ ਧਾਰਮਿਕ ਮੰਗਾਂ ਨੂੰ ਲੈ ਕੇ ‘ਧਰਮ ਯੁੱਧ ਮੋਰਚਾ’ ਸ਼ੁਰੂ ਕਰ ਦਿੱਤਾ, ਜਿਸ ਨੂੰ ਜਲਦੀ ਹੀ ਬੜੀ ਵਿਉਂਤਬੰਦੀ ਨਾਲ ਟਕਸਾਲ ਤੇ ਬੱਬਰ ਖਾਲਸਾ ਨੇ ਹਾਈਜੈਕ ਕਰ ਲਿਆ ਅਤੇ ਬਾਅਦ ਵਿਚ ਸਾਰਾ ਕੰਟਰੋਲ ਸੰਤ ਭਿੰਡਰਾਂਵਾਲੇ ਕੋਲ ਚਲਾ ਗਿਆ। 1982 ਤੋਂ 1984 ਤੱਕ ਅਕਾਲੀ ਲੀਡਰਸ਼ਿਪ ਕਹਿਣ ਨੂੰ ਮੋਰਚਾ ਚਲਾਉਂਦੀ ਰਹੀ, ਪਰ ਉਹ ਬੜੀ ਨਿਪੁੰਸਕ ਸਾਬਿਤ ਹੋਈ। ਆਪਣੀ ਰਾਜਸੀ ਲਾਲਸਾ ਅਧੀਨ ਨਾ ਤਾਂ ਉਹ ਮੋਰਚਾ ਵਾਪਿਸ ਲੈ ਕੇ ਕਾਂਗਰਸ ਦੀ ਪੰਜਾਬ ਤੇ ਖਾਸਕਰ ਸਿੱਖਾਂ ਨੂੰ ਬਰਬਾਦ ਕਰਨ ਦੀ ਚਾਲ ਨੂੰ ਫੇਲ੍ਹ ਕਰ ਸਕੇ ਅਤੇ ਨਾ ਹੀ ਪੰਜਾਬ ਵਿਚ ਕਾਂਗਰਸ ਦੀ ਸ਼ਹਿ ‘ਤੇ ਅਤਿਵਾਦ ਫੈਲਾ ਰਹੇ ਤੱਤਾਂ ਖਿਲਾਫ ਕੋਈ ਸਖਤ ਸਟੈਂਡ ਲੈ ਸਕੇ। ਅਖੀਰ ਜੂਨ 84 ਦਾ ਭਾਣਾ ਵਾਪਰਿਆ, ਜੋ ਵਾਪਰਨਾ ਹੀ ਸੀ।
ਮੈਨੂੰ ਅਕਾਲੀਆਂ, ਖਾਸਕਰ ਖਾਲਿਸਤਾਨੀ ਲੀਡਰਸ਼ਿਪ ਦੀ ਇਹ ਗੱਲ ਕਦੇ ਸਮਝ ਨਹੀਂ ਆਈ, ਜਦੋਂ ਉਹ ਇਹ ਕਹਿੰਦੇ ਹਨ ਕਿ ਸਰਕਾਰ ਨੇ ਜੂਨ 84 ਦੇ ਹਮਲੇ ਦੀ ਯੋਜਨਾ ਲੰਮਾ ਸਮਾਂ ਪਹਿਲਾਂ ਬਣਾ ਲਈ ਸੀ; ਕਰੀਬ ਸਾਲ ਪਹਿਲਾਂ ਹਿਮਾਚਲ ਦੇ ਮਿਲਟਰੀ ਬੇਸ ਵਿਚ ਦਰਬਾਰ ਸਾਹਿਬ ਤੇ ਅਕਾਲ ਤਖਤ ਦਾ ਮਾਡਲ ਬਣਾ ਕੇ ਕਮਾਂਡੋ ਟਰੇਨਿੰਗ ਦਿੱਤੀ ਗਈ ਸੀ ਅਤੇ ਰੂਸ ਤੇ ਇੰਗਲੈਂਡ ਤੋਂ ਵੀ ਇਸ ਲਈ ਮਦਦ ਲਈ ਗਈ ਸੀ। ਫਿਰ ਉਹ ਇਹ ਕਿਉਂ ਨਹੀਂ ਮੰਨਦੇ ਕਿ ਦਰਬਾਰ ਸਾਹਿਬ ਅੰਦਰ ਸਾਰੇ ਹਥਿਆਰ ਸਰਕਾਰ ਨੇ ਮਰਜ਼ੀ ਨਾਲ ਭੇਜੇ ਸਨ ਤੇ ਮਰਜ਼ੀ ਨਾਲ ਹੀ ਮੋਰਚੇ ਬਣਨ ਦਿੱਤੇ ਸਨ? ਜੇ ਅਕਾਲੀ ਲੀਡਰ ਅਤੇ ਭਿੰਡਰਾਂਵਾਲਾ ਦੇ ਸਾਥੀ ਸਿੱਖਾਂ ਤੇ ਦਰਬਾਰ ਸਾਹਿਬ ਪ੍ਰਤੀ ਸੁਹਿਰਦ ਹੁੰਦੇ ਤਾਂ ਅੰਦਰ ਹਥਿਆਰ ਜਮ੍ਹਾਂ ਨਾ ਹੋਣ ਦਿੰਦੇ ਜਾਂ ਜੇ ਫੌਜ ਚੜ੍ਹ ਕੇ ਆ ਹੀ ਗਈ ਸੀ ਤਾਂ ਕਹਿ ਦਿੰਦੇ ਕਿ ਅਸੀਂ ਲੜਾਈ ਲੜ ਕੇ ਦਰਬਾਰ ਸਾਹਿਬ ਜਾਂ ਅਕਾਲ ਤਖਤ ਦਾ ਨੁਕਸਾਨ ਨਹੀਂ ਕਰਵਾਉਣਾ, ਅਸੀਂ ਬਾਹਰ ਆ ਜਾਂਦੇ ਹਾਂ। ਵੈਸੇ ਵੀ ਜਿਸ ਤਰ੍ਹਾਂ ਦੇ ਹਥਿਆਰ ਅੰਦਰ ਸਨ, ਉਸ ਨਾਲ ਟੈਂਕਾਂ ਤੋਪਾਂ ਨਾਲ ਲੈਸ ਫੌਜ ਦਾ ਕਿੰਨਾ ਕੁ ਚਿਰ ਮੁਕਾਬਲਾ ਹੋ ਸਕਦਾ ਸੀ?
ਸਾਡੇ ਕੋਲ ਤਾਂ ਗੁਰੂਆਂ ਦੀਆਂ ਮਿਸਾਲਾਂ ਵੀ ਮੌਜੂਦ ਸਨ, ਜਦੋਂ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਛੱਡ ਕੇ ਕੀਰਤਪੁਰ ਚਲੇ ਗਏ ਸਨ ਅਤੇ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਸਨ; ਪਰ ਨਹੀਂ, ਸਿੱਖਾਂ ਦੀ ਨਰਮ ਖਿਆਲੀ ਤੇ ਗਰਮ ਖਿਆਲੀ ਲੀਡਰਸ਼ਿਪ ਨਾ-ਅਹਿਲ, ਕਮਜ਼ੋਰ, ਮੱਕਾਰ, ਧੋਖੇਬਾਜ਼, ਸਿੱਖ ਵਿਰੋਧੀ ਸਾਬਿਤ ਹੋਈ। ਇਸ ਨਾਲ ਸਿੱਖਾਂ ਦਾ ਪਹਿਲਾਂ ਜੂਨ 84 ਵਿਚ, ਤੇ ਫਿਰ ਨਵੰਬਰ 84 ਵਿਚ ਭਾਰੀ ਕਤਲੇਆਮ ਹੋਇਆ। ਇਨ੍ਹਾਂ ਦੋ ਵੱਡੇ ਘੱਲੂਘਾਰਿਆਂ ਤੋਂ ਵੀ ਲੀਡਰਸ਼ਿਪ ਨੇ ਸਬਕ ਨਹੀਂ ਸਿੱਖਿਆ, ਸਗੋਂ ਜਜ਼ਬਾਤ ਵਿਚ ਆ ਕੇ ਹਥਿਆਰ ਚੁੱਕੀ ਫਿਰਦੇ ਬੇਮੁਹਾਰ ਖਾੜਕੂਆਂ ਨੂੰ ਵੀ ਨਾ ਤਾਂ ਕੋਈ ਸੇਧ ਦੇ ਸਕੇ, ਨਾ ਹੀ ਪਿਛੇ ਹਟ ਕੇ ਘਰ ਬੈਠੇ, ਸਗੋਂ ਨਰਮ ਖਿਆਲੀ ਸਾਰੀ ਲੀਡਰਸ਼ਿਪ ਸਰਕਾਰ ਨਾਲ ਰਲ ਕੇ ਇੱਕ ਪਾਸੇ ਖਾੜਕੂਆਂ ਨੂੰ ਪੁਲਿਸ ਮੁਕਾਬਲਿਆਂ ਵਿਚ ਮਰਵਾਉਣ ਦੀ ਭਾਗੀਦਾਰ ਬਣੀ ਹੋਈ ਸੀ ਅਤੇ ਦੂਜੇ ਪਾਸੇ ਖਾੜਕੂਆਂ ਦੇ ਭੋਗਾਂ ‘ਤੇ ਜਾ ਕੇ ਗਰਮ ਭਾਸ਼ਨ ਦਿੰਦੇ ਸਨ। ਅੱਜ ਦੀ ਬਾਦਲ ਦੀ ਅਗਵਾਈ ਵਿਚ ਚੱਲ ਰਹੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਕਦੇ ਕੋਈ ਫੈਸਲਾ ਮਜ਼ਬੂਤੀ ਨਾਲ ਕਰਨ ਤੋਂ ਨਾਕਾਮ ਰਹੀ ਹੈ।
ਜ਼ਮੀਨੀ ਪੱਧਰ ‘ਤੇ ਵਿਚਰ ਰਹੇ ਗਰਮ ਖਿਆਲੀ ਖਾਲਿਸਤਾਨੀ ਧੜੇ ਅਤੇ ਪੰਥਕ ਜਥੇਬੰਦੀਆਂ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈਆਂ ਹਨ। ਇਹ ਪਿਛਲੇ 36 ਸਾਲਾਂ ਵਿਚ ਇੱਕ ਵੀ ਸੂਝਵਾਨ ਲੀਡਰ ਪੈਦਾ ਨਹੀਂ ਕਰ ਸਕੀਆਂ? ਇਹੀ ਹਾਲ ਵਿਦੇਸ਼ਾਂ ਵਿਚ ਹੈ। ਇਨ੍ਹਾਂ ਸਾਲਾਂ ਦੌਰਾਨ ਇੱਕ ਵੀ ਸਾਂਝੀ ਜਥੇਬੰਦੀ ਬਣਾ ਕੇ ਸਿੱਖਾਂ ਦਾ ਪੱਖ ਦੁਨੀਆਂ ਸਾਹਮਣੇ ਨਹੀਂ ਰੱਖਿਆ ਗਿਆ? ਗੁਰਦੁਆਰਿਆਂ ‘ਤੇ ਕਬਜ਼ੇ ਰੱਖਣ ਜਾਂ ਆਪਣੀ ਚੌਧਰ ਤੇ ਨਿੱਜੀ ਲਾਭਾਂ ਲਈ ਜੂਨ ਮਹੀਨੇ ਸ਼ਹੀਦੀ ਦਿਵਸ ਮਨਾ ਕੇ ਖਾਲਿਸਤਾਨ ਦੇ ਨਾਹਰੇ ਮਾਰ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ।
ਇਸ ਵੇਲੇ ਸਿੱਖਾਂ ਕੋਲ ਕੋਈ ਲੀਡਰਸ਼ਿਪ ਨਹੀਂ, ਕੋਈ ਜਥੇਬੰਦੀ ਨਹੀਂ, ਕੋਈ ਆਗੂ ਨਹੀਂ, ਕੋਈ ਏਜੰਡਾ ਨਹੀਂ, ਕੋਈ ਵਿਜ਼ਨ ਨਹੀਂ? ਜਜ਼ਬਾਤੀ ਲੋਕਾਂ ਨੂੰ ਜਜ਼ਬਾਤੀ ਲੋਕ ਲੁੱਟ ਰਹੇ ਹਨ, ਸਰਕਾਰਾਂ ਤੋਂ ਕੁੱਟ ਪਵਾਈ ਜਾਂਦੇ ਹਨ, ਸਿੱਖਾਂ ਦੀ ਬਦਨਾਮੀ ਕਰਾਈ ਜਾਂਦੇ ਹਨ। 1984 ਤੋਂ 1994 ਤੱਕ ਚੱਲੇ ਖੂਨੀ ਸੰਘਰਸ਼ ਵਿਚ ਜਿਥੇ ਹਜ਼ਾਰਾਂ ਖਾੜਕੂ ਪੁਲਿਸ ਮੁਕਾਬਲਿਆਂ ਵਿਚ ਮਰੇ, ਉਥੇ ਹਜ਼ਾਰਾਂ ਬੇਗੁਨਾਹ ਲੋਕ ਖਾੜਕੂਆਂ ਵਲੋਂ ਮੌਤ ਦੇ ਘਾਟ ਉਤਾਰ ਦਿੱਤੇ ਗਏ। ਇੱਕ ਪਾਸੇ ਸਿੱਖ ਝੂਠੇ ਮੁਕਾਬਲਿਆਂ ਵਿਚ ਮਰੇ ਨੌਜਵਾਨਾਂ ਲਈ ਇਨਸਾਫ ਦੀ ਮੰਗ ਕਰਦੇ ਹਨ, ਦੂਜੇ ਪਾਸੇ ਖਾੜਕੂਆਂ ਵਲੋਂ ਮਾਰੇ ਬੇਗੁਨਾਹ ਲੋਕਾਂ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੁੰਦੇ, ਸਗੋਂ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕਰਦੇ ਹਨ ਕਿ ਸਰਕਾਰੀ ਏਜੰਸੀਆਂ ਨੇ ਆਪਣੇ ਬੰਦੇ ਖਾੜਕੂਆਂ ਵਿਚ ਵਾੜੇ ਹੋਏ ਸਨ। ਇਹ ਲੋਕ ਗਲਤ ਕੰਮ ਕਰਦੇ ਸਨ, ਪਰ ਇਸ ਗੱਲ ਲਈ ਕਦੇ ਵਿਚਾਰ ਨਹੀਂ ਕਰਦੇ ਕਿ ਕਿਹੜੇ ਖਾੜਕੂ ਅਸਲੀ ਸਨ ਅਤੇ ਕਿਹੜੇ ਨਕਲੀ ਸਨ? ਜਦੋਂ ਗਿਣਤੀ ਦੱਸਣੀ ਹੁੰਦੀ ਹੈ ਤਾਂ ਸਾਰੇ ਖਾੜਕੂ ਹੁੰਦੇ ਹਨ ਅਤੇ ਸਾਰੇ ਕੌਮ ਲਈ ਮਰਨ ਵਾਲੇ ਸ਼ਹੀਦ ਹੁੰਦੇ ਹਨ।
ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਕੋਈ ਕੌਮ ਜਾਂ ਧਿਰ ਕਿਸੇ ਸਟੇਟ ਖਿਲਾਫ ਵੱਖਰਾ ਦੇਸ਼ ਬਣਾਉਣ ਲਈ ਲੜਦੀ ਹੈ ਤਾਂ ਉਸ ਦੇ ਕਾਨੂੰਨ ਨੂੰ ਵੀ ਨਹੀਂ ਮੰਨਦੀ। ਦੋਨੋਂ ਧਿਰਾਂ ਇੱਕ ਦੂਜੇ ‘ਤੇ ਹਮਲੇ ਕਰਦੀਆਂ ਹਨ, ਤਕੜੀ ਧਿਰ ਜਿੱਤ ਜਾਂਦੀ ਹੈ, ਪਰ ਇਹ ਕਿਥੋਂ ਦਾ ਇਨਸਾਫ ਹੈ, ਜਾਂ ਕਿਹੜਾ ਸੰਘਰਸ਼ ਹੈ ਕਿ ਵਿਰੋਧੀ ਧਿਰ ਤੁਹਾਡੇ ਬੰਦੇ ਮਾਰੇ ਤਾਂ ਤੁਸੀਂ ਕਹੋ ਕਿ ਸਾਨੂੰ ਕੋਰਟਾਂ ਰਾਹੀਂ ਇਨਸਾਫ ਵੀ ਦਿਉ ਤੇ ਮੁਆਵਜ਼ੇ ਵੀ ਦਿਉ? ਜਿਨ੍ਹਾਂ ਨੂੰ ਤੁਸੀਂ ਮਾਰਿਆ, ਉਨ੍ਹਾਂ ਨੂੰ ਮਾਰਨਾ ਤੁਹਾਡਾ ਹੱਕ ਸੀ? ਜਦੋਂ ਤੁਸੀਂ ਸਟੇਟ ਖਿਲਾਫ ਹਥਿਆਰ ਚੁੱਕ ਲਏ, ਕਾਨੂੰਨ ‘ਤੇ ਯਕੀਨ ਨਹੀਂ ਰਿਹਾ ਤਾਂ ਫਿਰ ਉਨ੍ਹਾਂ ਤੋਂ ਇਨਸਾਫ ਕਿਉਂ ਮੰਗਦੇ ਹੋ? ਸਿੱਖਾਂ ਦੀ ਬਦਕਿਸਮਤੀ ਇਹ ਹੈ ਕਿ ਦੂਰ ਅੰਦੇਸ਼ ਤੇ ਸਿਆਣੇ ਲੀਡਰਾਂ ਦੀ ਘਾਟ ਅਤੇ ਕਿਸੇ ਜਥੇਬੰਦਕ ਢਾਂਚੇ ਦੀ ਅਣਹੋਂਦ ਕਾਰਨ ਸਿੱਖਾਂ ਵਿਚ ਹਮੇਸ਼ਾ ਆਪੋ-ਧਾਪੀ ਰਹਿੰਦੀ ਹੈ। ਜਿਸ ਦਾ ਜ਼ੋਰ ਚੱਲਦਾ ਹੈ, ਚਲਾਈ ਜਾਂਦਾ ਹੈ ਜਾਂ ਜਿਹੜਾ ਵੱਧ ਸ਼ਾਤਰ ਤੇ ਕਮੀਨਾ ਹੈ, ਉਹ ਕਾਮਯਾਬ ਹੋ ਜਾਂਦਾ ਹੈ।
ਅਖੀਰ ਵਿਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਪਿਛਲੇ 36 ਸਾਲਾਂ ਵਿਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਹੈ, ਜਿਸ ਤਰ੍ਹਾਂ ਦੀ ਲਡਿਰਸ਼ਿਪ ਕਾਬਜ਼ ਹੈ, ਜੇ ਉਸ ਨੂੰ ਰੋਕਿਆ ਨਾ ਗਿਆ ਤਾਂ ਅਗਲੇ 36 ਸਾਲ ਵੀ ਨੁਕਸਾਨ ਹੁੰਦਾ ਰਹਿਣਾ ਹੈ। ਦੂਜਾ, ਸਾਨੂੰ ਪਿਛਲੇ 36 ਸਾਲਾਂ ਵਿਚ ਵਾਪਰੀਆਂ ਘਟਨਾਵਾਂ ਨੂੰ ਹਰ ਪੱਖੋਂ ਸਮਝਣ ਅਤੇ ਚਿੰਤਨ ਕਰਨ ਦੀ ਲੋੜ ਹੈ। ਆਪਣੇ ਆਪ ਨੂੰ ਦੁੱਧ ਧੋਤੇ ਤੇ ਧਰਮਰਾਜ ਦੇ ਪੁੱਤਰ ਨਾ ਸਮਝੀਏ। ਜਿਥੇ ਸਾਡੇ ਕੋਲੋਂ ਗਲਤੀਆਂ ਹੋਈਆਂ ਹਨ, ਅਸੀਂ ਵਰਤੇ ਗਏ ਹਾਂ, ਉਸ ਨੂੰ ਸਵੀਕਾਰ ਕਰੀਏ। ਗੁਰੂਆਂ ਦੀ ਮਨੁੱਖਤਾਵਾਦੀ ਤੇ ਸਰਬ ਸਾਂਝੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਵਾਲੇ ਸਮਾਜ ਦੀ ਸਿਰਜਣਾ ਲਈ, ਬੀਤੇ ਤੋਂ ਸਬਕ ਸਿੱਖੀਏ। ਇਮਾਨਦਾਰੀ ਨਾਲ ਬੀਤੇ ਦਾ ਵਿਸ਼ਲੇਸ਼ਣ ਕਰੀਏ ਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਕਰੀਏ। ਅੱਜ ਦੇ ਨਵੇਂ ਹਾਲਾਤ ਵਿਚ ਜਿਸ ਤਰ੍ਹਾਂ ਹਿੰਦੂਤਵੀ-ਫਾਸ਼ੀਵਾਦੀ ਤਾਕਤਾਂ ਆਪਣੇ ਏਜੰਡੇ ਨਾਲ ਲੈਸ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ਤੁਰੀਆਂ ਹੋਈਆਂ ਹਨ, ਜੇ ਅਜਿਹੇ ਹਾਲਾਤ ਵਿਚ ਸਿਆਣਪ ਤੇ ਦੂਰਅੰਦੇਸ਼ ਨੀਤੀਆਂ ਨਾ ਬਣਾਈਆਂ ਤਾਂ ’84 ਵਰਗੇ ਹਮਲੇ ਹੁੰਦੇ ਰਹਿਣੇ ਹਨ। ਸਵਾਲ ਇਹ ਵੀ ਹੈ ਕਿ ਅੱਜ ਦੇ ਬਦਲੇ ਹਾਲਾਤ ਵਿਚ ਧਰਮ ਆਧਾਰਿਤ ਸਟੇਟ ਸਿੱਖਾਂ ਦੇ ਹਿੱਤ ਵਿਚ ਹੋਵੇਗੀ? ਜਜ਼ਬਾਤੀ ਅਤੇ ਉਲਾਰ ਪਹੁੰਚ ਸਿਆਸਤ ਵਿਚ ਕਦੇ ਕੰਮ ਨਹੀਂ ਆਉਂਦੀ! ਇਸ ਦਾ ਸਿੱਖ ਹਮੇਸ਼ਾ ਸ਼ਿਕਾਰ ਰਹਿੰਦੇ ਹਨ, ਇਸੇ ਲਈ ਵਾਰ-ਵਾਰ ਵਰਤੇ ਜਾਂਦੇ ਹਨ।