ਕਰੋਨਾ ਦਾ ਸ਼ਿਕੰਜਾ ਤੇ ਵਿਧਾਨ ਸਭਾ ਚੋਣਾਂ ਦੀ ਮੋਰਚਾਬੰਦੀ

-ਜਤਿੰਦਰ ਪਨੂੰ
ਕਰੋਨਾ ਵਾਇਰਸ ਦੀ ਬਿਮਾਰੀ ਰੋਕਣ ਲਈ ਲਾਏ ਲੌਕਡਾਊਨ ਤੇ ਕਰਫਿਊ ਦੀਆਂ ਪਾਬੰਦੀਆਂ ਤੋਂ ਭਾਰਤ ਥੋੜ੍ਹਾ-ਥੋੜ੍ਹਾ ਨਿਕਲਣਾ ਸ਼ੁਰੂ ਹੋ ਚੁਕਾ ਹੈ। ਕੁਝ ਕੰਮ ਕਰਨ ਦੀ ਖੁੱਲ੍ਹ ਮਿਲ ਗਈ ਅਤੇ ਇਨ੍ਹਾਂ ਦੇ ਅਸਰ ਦੀ ਉਡੀਕ ਇਸ ਲਈ ਹੋ ਰਹੀ ਹੈ ਕਿ ਕੁਝ ਹੋਰ ਕੰਮ ਇਸ ਪਿਛੋਂ ਚਾਲੂ ਕੀਤੇ ਜਾ ਸਕਣ। ਸਥਿਤੀ ਦਾ ਦੂਜਾ ਪੱਖ ਵੇਖਿਆਂ ਇਹ ਜਾਪਦਾ ਹੈ ਕਿ ਇਹ ਸਾਰੀ ਢਿੱਲ ਵੇਲੇ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ। ਮਾਰਚ ਵਿਚ ਇਹ ਪਾਬੰਦੀਆਂ ਲਾਏ ਜਾਣ ਦੇ ਵਕਤ ਤੱਕ ਭਾਰਤ ਵਿਚ ਇਸ ਬਿਮਾਰੀ ਦਾ ਬਹੁਤਾ ਅਸਰ ਨਹੀਂ ਸੀ ਦਿਖਾਈ ਦਿੰਦਾ। ਅੱਜ ਕਰੋਨਾ ਦੇ ਕੇਸਾਂ ਦੀ ਵਧੀ ਗਿਣਤੀ ਵਾਲੇ ਪੱਖ ਤੋਂ ਸੰਸਾਰ ਵਿਚ ਭਾਰਤ ਛੇਵੇਂ ਥਾਂ ਲਿਖਿਆ ਪਿਆ ਹੈ ਤੇ ਅਗਲੇ ਹਫਤੇ ਤੱਕ ਚੌਥੇ ਥਾਂ ਆਉਣ ਦੇ ਆਸਾਰ ਜਾਪਦੇ ਹਨ।

ਮੌਤਾਂ ਦੇ ਪੱਖ ਤੋਂ ਭਾਰਤ ਇਸ ਵੇਲੇ ਗਿਆਰਵੇਂ ਥਾਂ ਹੈ, ਪਰ ਜੇ ਮਹਾਰਾਸ਼ਟਰ ਤੇ ਗੁਜਰਾਤ ਵਿਚ ਮੌਤਾਂ ਦਾ ਸਿਲਸਿਲਾ ਏਦਾਂ ਹੀ ਜਾਰੀ ਰਿਹਾ ਤਾਂ ਭਾਰਤ ਇਸ ਪੱਖੋਂ ਵੀ ਦੂਜਿਆਂ ਨੂੰ ਪਿੱਛੇ ਛੱਡ ਸਕਦਾ ਹੈ। ਭਾਰਤੀ ਪਰੰਪਰਾ ਵਿਚ ਕੁਦਰਤੀ ਕਹਿਰ ਨਾਲ ਇੱਕ ਵੀ ਮੌਤ ਹੋਣ ਦਾ ਡਾਢਾ ਅਫਸੋਸ ਕੀਤਾ ਜਾਂਦਾ ਹੈ, ਹਰ ਕਿਸੇ ਦੀ ਸੁੱਖ ਮੰਗਣ ਵਾਲੀ ਏਸੇ ਰਵਾਇਤ ਦੇ ਮੁਤਾਬਕ ਅਸੀਂ ਸੁੱਖ ਮੰਗਾਂਗੇ ਕਿ ਮੌਤਾਂ ਦੀ ਗਿਣਤੀ ਹੋਰ ਨਾ ਵਧੇ, ਪਰ ਆਸਾਰ ਹਾਲੇ ਰੁਕਣ ਵਾਲੇ ਨਹੀਂ ਦਿੱਸਦੇ।
ਐਨ ਉਦੋਂ, ਜਦੋਂ ਦੇਸ਼ ਹਾਲੇ ਇਸ ਮਹਾਮਾਰੀ ਦੇ ਸ਼ਿਕੰਜੇ ਵਿਚੋਂ ਨਹੀਂ ਨਿਕਲਿਆ, ਭਾਰਤ ਦੀ ਰਾਜਨੀਤੀ ਆਪਣੇ ਚੋਣਾਂ ਲੜਨ ਦੇ ਕੁਚੱਜੇ ਸ਼ੌਕ ਵੱਲ ਤੇਜ਼ੀ ਨਾਲ ਮੋੜਾ ਕੱਟਣ ਲੱਗ ਪਈ ਹੈ। ਬਿਹਾਰ ਦੀਆਂ ਚੋਣਾਂ ਹੋਰ ਚਾਰ ਮਹੀਨਿਆਂ ਤੱਕ ਹੋਣੀਆਂ ਬਣਦੀਆਂ ਹਨ ਅਤੇ ਲੱਗਦਾ ਨਹੀਂ ਕਿ ਅੱਗੇ ਪਾਈਆਂ ਜਾਣਗੀਆਂ, ਕਿਉਂਕਿ ਲੀਡਰਾਂ ਨੂੰ ਕਰੋਨਾ ਨਾਲੋਂ ਚੋਣਾਂ ਵੱਧ ਖਿੱਚ ਪਾਉਂਦੀਆਂ ਹਨ ਅਤੇ ਛੇ ਮਹੀਨਿਆਂ ਨੂੰ ਅਗਲਾ ਸਾਲ ਚੜ੍ਹਦੇ ਸਾਰ ਪੱਛਮੀ ਬੰਗਾਲ, ਕੇਰਲਾ, ਤਾਮਿਲਨਾਡੂ, ਅਸਾਮ ਤੇ ਪਾਂਡੀਚੇਰੀ ਦੀਆਂ ਚੋਣਾਂ ਪਹਿਲੇ ਪੰਜ ਮਹੀਨਿਆਂ ਵਿਚ ਹੋਣੀਆਂ ਬਣਦੀਆਂ ਹਨ। ਭਲਵਾਨ ਢੋਲ ਉਤੇ ਸੱਟ ਪਈ ਸੁਣਨ ਪਿਛੋਂ ਅਖਾੜੇ ਵਿਚ ਕੁੱਦਦੇ ਹਨ। ਸਿਆਸੀ ਆਗੂ ਅਗੇਤੇ ਹੀ ਮੈਦਾਨ ਵਿਚ ਨਿਕਲ ਤੁਰਦੇ ਹਨ।
ਸਾਡੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਹਾਲੇ ਇੱਕੀ ਮਹੀਨੇ ਰਹਿੰਦੇ ਹਨ, ਪਰ ਇਥੇ ਵੀ ਚੋਣਾਂ ਵਾਲੀ ਚਰਚਾ ਇਸ ਹਫਤੇ ਚੱਲ ਪਈ ਹੈ। ਇਸ ਵਾਰੀ ਚਰਚਾ ਇਸ ਖਬਰ ਤੋਂ ਚੱਲੀ ਹੈ ਕਿ ਕਾਂਗਰਸ ਦੇ ਰੁੱਸੇ ਹੋਏ ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀ ਸੰਭਾਵਨਾ ਹੈ। ਖਬਰ ਕਹਿੰਦੀ ਹੈ ਕਿ ਕੋਈ ‘ਪੀ. ਕੇ.’ ਨਾਂ ਦਾ ਬੰਦਾ ਉਸ ਦਾ ਦੂਤ ਬਣ ਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਅਤੇ ਇਸ ਬਾਰੇ ਗੱਲ ਚਲਾਈ ਹੈ। ਕੇਜਰੀਵਾਲ ਨੇ ਇਸ ਮਿਲਣੀ ਦੀ ਪੁਸ਼ਟੀ ਕੀਤੇ ਬਿਨਾ ਇਹ ਆਖ ਛੱਡਿਆ ਹੈ ਕਿ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਆਵੇ ਤਾਂ ਅਸੀਂ ਸਵਾਗਤ ਕਰਾਂਗੇ, ਪਰ ਪੰਜਾਬ ਦੀ ਪਾਰਟੀ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਕੋਈ ਬੰਦਾ ਮਿਲਣ ਜ਼ਰੂਰ ਗਿਆ ਸੀ, ਕੇਜਰੀਵਾਲ ਨੇ ਹੁੰਗਾਰਾ ਭਰਨ ਦੀ ਥਾਂ ਪੰਜਾਬ ਦੀ ਲੀਡਰਸ਼ਿਪ ਨੂੰ ਮਿਲਣ ਲਈ ਕਹਿ ਕੇ ਤੋਰ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਆਪ ਅਜੇ ਇਸ ਬਾਰੇ ਬੋਲਿਆ ਨਹੀਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਸਾਡਾ ਹੈ, ਸਾਡੇ ਨਾਲ ਹੀ ਰਹੇਗਾ। ਫਿਰ ਵੀ ਇਹ ਚਰਚਾ ਰੁਕਦੀ ਨਹੀਂ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਵਿਚ ਜਾਵੇਗਾ ਕਿ ਕਾਂਗਰਸ ਵਿਚ ਰਹੇਗਾ! ਇੱਕ ਖਬਰ ਇਹ ਵੀ ਕਿਸੇ ਪਾਸੇ ਤੋਂ ਚੱਲੀ ਹੈ ਕਿ ਸਿੱਧੂ ਨੇ ਕਾਂਗਰਸ ਦੇ ਨਾਲ ਰਹਿਣਾ ਨਹੀਂ, ਆਮ ਆਦਮੀ ਪਾਰਟੀ ਵੱਲ ਵੀ ਜਾਣਾ ਨਹੀਂ, ਸਗੋਂ ਉਹ ਭਾਜਪਾ ਨਾਲ ਪੁਰਾਣੀ ਸਾਂਝ ਦੀਆਂ ਕੜੀਆਂ ਜੋੜਨ ਲੱਗਾ ਹੈ ਤੇ ਓਧਰ ਜਾ ਸਕਦਾ ਹੈ। ਸ਼ਾਇਦ ਇਹ ਵੱਡੀ ਗੱਪ ਮਾਰੀ ਗਈ ਹੈ।
ਜਿਵੇਂ ਅਸੀਂ ਦੱਸਿਆ ਹੈ ਕਿ ਚਰਚਾ ਵਿਚ ਕਿਸੇ ‘ਪੀ. ਕੇ.’ ਦਾ ਨਾਂ ਵੱਜ ਰਿਹਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਗਿਆ ਸੀ, ਇਸ ਕਾਰਨ ਫਿਰ ‘ਪੀ. ਕੇ.’ ਬਾਰੇ ਵੀ ਕੁਝ ਚਰਚਾ ਚੱਲ ਪਈ ਹੈ। ਉਸ ਦੇ ਪਿਛੋਕੜ ਵਿਚ ਕਿਸੇ ਦੀ ਦਿਲਚਸਪੀ ਨਹੀਂ, ਪਰ ਇਹ ਗੱਲ ਸਭ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਨੇ ਜਦੋਂ ਦਿੱਲੀ ਵਾਲੀ ਵੱਡੀ ਕੁਰਸੀ ਵੱਲ ਦੌੜ ਲਾਉਣੀ ਸੀ, ਉਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਪ੍ਰਚਾਰ ਮੁਹਿੰਮ ਇੱਕ ਪ੍ਰਸ਼ਾਂਤ ਕਿਸ਼ੋਰ ਨੂੰ ਸੌਂਪੀ ਗਈ ਸੀ, ਜਿਸ ਨੂੰ ਨਾਂ ਦੇ ਮੁੱਢਲੇ ਅੱਖਰਾਂ ਮੁਤਾਬਕ ‘ਪੀ. ਕੇ.’ ਕਿਹਾ ਜਾਂਦਾ ਹੈ। ਅਗਲੇ ਮੌਕਿਆਂ ‘ਤੇ ਉਹ ਬਿਹਾਰ ਦੇ ਨਿਤੀਸ਼ ਕੁਮਾਰ ਲਈ ਵੀ ਕਿਰਾਏ ਦਾ ਕਾਰਿੰਦਾ ਬਣਿਆ ਸੀ, ਪੰਜਾਬ ਵਿਚ ਕਾਂਗਰਸ ਲਈ ਵੀ ਉਸ ਨੇ ਤਿੰਨ ਸਾਲ ਪਹਿਲਾਂ ਕੰਮ ਕੀਤਾ ਸੀ ਤੇ ਹਾਲੇ ਚਾਰ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਚੋਣ ਮੁਹਿੰਮ ਦੀ ਕਮਾਨ ਵੀ ਸੰਭਾਲ ਚੁਕਾ ਹੈ। ਜਿੱਤਣ ਵਾਲੀ ਧਿਰ ਦਾ ਅਗੇਤਾ ਅੰਦਾਜ਼ਾ ਲਾ ਕੇ ਉਸ ਨਾਲ ਜੁੜਨ ਦਾ ਮਾਹਰ ‘ਪੀ. ਕੇ.’ ਕਦੋਂ ਕਿਸੇ ਨਾਲ ਜੁੜ ਸਕਦਾ ਤੇ ਕਿਸ ਨੂੰ ਛੱਡ ਸਕਦਾ ਹੈ, ਕਿਸੇ ਨੂੰ ਪਤਾ ਨਹੀਂ। ਅਰਵਿੰਦ ਕੇਜਰੀਵਾਲ ਦੇ ਨਾਲ ਉਸ ਦੇ ਸਿੱਧੇ ਸਬੰਧ ਹੋਣ ਕਰ ਕੇ ਇਹ ਗੱਲ ਲੋਕਾਂ ਵਿਚ ਚਲੀ ਗਈ ਕਿ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਨ ਲਈ ਉਹੀ ਕੇਜਰੀਵਾਲ ਨੂੰ ਮਿਲਣ ਗਿਆ ਹੋਵੇਗਾ, ਪਰ ਇਸ ਚੱਕਰ ਵਿਚ ਇਸ ਵਾਰੀ ਇੱਕ ਹੋਰ ‘ਪੀ. ਕੇ.’ ਦਾ ਨਾਂ ਵੱਜਦਾ ਸੁਣਨ ਨੂੰ ਮਿਲਿਆ ਹੈ। ਇਹ ਦੂਜਾ ‘ਪੀ. ਕੇ.’ ਕੋਈ ਗੈਰ-ਸਿਆਸੀ ਬੰਦਾ ਦੱਸਿਆ ਜਾਂਦਾ ਹੈ। ਰਾਜੀਵ ਗਾਂਧੀ ਦੇ ਵਕਤ ਤੋਂ ਕਈ ਵਾਰੀ ਪੱਤਰਕਾਰ ਅਤੇ ਗੈਰ-ਸਿਆਸੀ ਲੋਕ ਜਾਂ ਸਾਧ-ਸੰਤ ਇਹੋ ਜਿਹੇ ਵਕਤ ਰਾਜਨੀਤੀ ਵਿਚ ਦਖਲ ਦਿੰਦੇ ਤੇ ਏਦਾਂ ਸਿਆਸੀ ਸਮਝੌਤਾ ਕਰਵਾ ਕੇ ਆਪਣਾ ਹਲਵਾ-ਮੰਡਾ ਕਰਦੇ ਰਹੇ ਹਨ। ਇਸ ਵਾਰੀ ਇਹ ਨਵਾਂ ‘ਪੀ. ਕੇ.’ ਪੰਜਾਬ ਦੀ ਸਿਆਸਤ ਵਿਚ ਲੱਤ ਅੜਾਉਂਦਾ ਸੁਣਿਆ ਜਾ ਰਿਹਾ ਹੈ। ਉਹ ਹੈ ਕੌਣ ਅਤੇ ਕਿਸ ਦੇ ਕਹਿਣ ‘ਤੇ ਏਦਾਂ ਦਾ ਬੀੜਾ ਚੁੱਕ ਤੁਰਿਆ ਹੈ, ਇਹ ਤਾਂ ਪਤਾ ਨਹੀਂ, ਪਰ ਉਸ ਦੀ ਸਰਗਰਮੀ ਨੇ ਪੰਜਾਬ ਦੀਆਂ ਚੋਣਾਂ ਲਈ ਚੱਕਾ ਵਾਹਵਾ ਅਗੇਤਾ ਗੇੜ ਦਿੱਤਾ ਹੈ।
ਜਦੋਂ ਹਾਲੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਇੱਕੀ ਮਹੀਨੇ ਬਾਕੀ ਹਨ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਵਿਚ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹਨ ਤੇ ਅਗਵਾਈ ਕਰਨਗੇ। ਇਹੀ ਨਹੀਂ, ਅਗਲੀ ਗੱਲ ਇਹ ਕਿ ਕੇਂਦਰ ਦੀ ਕਾਂਗਰਸ ਲੀਡਰਸ਼ਿਪ ਬਿਨਾ ਸ਼ੱਕ ਪ੍ਰਸ਼ਾਂਤ ਕਿਸ਼ੋਰ, ਪੀ. ਕੇ., ਨਾਲ ਖੁਸ਼ ਨਹੀਂ ਦੱਸੀ ਜਾਂਦੀ, ਕੈਪਟਨ ਅਮਰਿੰਦਰ ਸਿੰਘ ਨੇ ਅਗਲੀਆਂ ਚੋਣਾਂ ਵਾਸਤੇ ਫਿਰ ਉਸ ਦੀ ਸੇਵਾਵਾਂ ਲੈਣ ਦਾ ਵੀ ਇਸ਼ਾਰਾ ਕਰ ਦਿੱਤਾ ਹੈ। ਇਸ ਤੋਂ ਕਈ ਲੋਕ ਇਹ ਸੋਚ ਰਹੇ ਹਨ ਕਿ ‘ਪੀ. ਕੇ.’ ਦੋਵੀਂ ਹੱਥੂ ਲੱਡੂ ਫੜੀ ਬੈਠਾ ਹੈ, ਚੋਣਾਂ ਨੇੜੇ ਜਾ ਕੇ ਵੇਖੇਗਾ, ਜੇ ਕਾਂਗਰਸ ਦੇ ਤਿਲਾਂ ਵਿਚ ਤੇਲ ਦਿੱਸ ਪਿਆ ਤਾਂ ਇਸ ਨਾਲ ਜੁੜਨ ਦਾ ਰਾਹ ਖੁੱਲ੍ਹਾ ਹੈ ਤੇ ਜੇ ਏਧਰ ਗੱਲ ਨਾ ਬਣੀ ਤਾਂ ਆਮ ਆਦਮੀ ਪਾਰਟੀ ਨਾਲ ਕੁੰਡੀ ਪਾਈ ਹੋਈ ਹੈ। ਅੰਦਰੋਂ ਉਸ ਦੇ ਭਾਜਪਾ ਨਾਲ ਪੁਰਾਣੀ ਤਾਰ ਮੁੜ ਜੋੜਨ ਦੇ ਵੀ ਚਰਚੇ ਹਨ, ਪਰ ਉਹ ਖੁਦ ਕੁਝ ਨਹੀਂ ਬੋਲਦਾ, ਇਸ ਲਈ ਹਰ ਕਿਸੇ ਨੂੰ ਅੰਦਾਜ਼ੇ ਲਾਉਣ ਦੀ ਖੁੱਲ੍ਹ ਹੈ। ਕਾਂਗਰਸ ਦੇ ਅੰਦਰਲਾ ਇੱਕ ਬਾਗੀ ਗਰੁੱਪ ਇਸ ਵਕਤ ਹਾਈ ਕਮਾਨ ਦੇ ਆਸ਼ੀਰਵਾਦ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਕੋਈ ਝਟਕਾ ਦੇਣ ਲਈ ਵੀ ਸਰਗਰਮ ਹੋਇਆ ਪਿਆ ਹੈ।
ਦੂਜੇ ਪਾਸੇ ਅਕਾਲੀ ਦਲ ਇਸ ਲਈ ਕੁਝ ਮੁਸ਼ਕਿਲ ਵਿਚ ਹੈ ਕਿ ਕੇਂਦਰ ਸਰਕਾਰ ਦੀ ਇੱਕ ਵਜ਼ੀਰੀ ਦੇ ਲਿਹਾਜ਼ ਕਾਰਨ ਉਹ ਬੋਲਣ ਜੋਗੇ ਨਹੀਂ ਤੇ ਕੇਂਦਰ ਸਰਕਾਰ ਪੰਜਾਬ ਤੇ ਅਕਾਲੀਆਂ ਦਾ ਆਧਾਰ ਗਿਣੇ ਜਾਂਦੇ ਕਿਸਾਨ ਭਾਈਚਾਰੇ ਦੇ ਖਿਲਾਫ ਇੱਕ ਪਿੱਛੋਂ ਦੂਜਾ ਕਦਮ ਚੁੱਕੀ ਜਾਂਦੀ ਹੈ। ਪਿਛਲੇ ਦਿਨੀਂ ਜੋ ਫੈਸਲਾ ਹਰ ਰਾਜ ਦੀ ਮੰਡੀ ਵਿਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੀ ਖੁੱਲ੍ਹ ਦੇਣ ਵਾਲਾ ਕਿਹਾ ਗਿਆ ਸੀ, ਉਸ ਨਾਲ ਪੰਜਾਬ ਦੇ ਕਿਸਾਨਾਂ ਵਿਚ ਚੋਖੀ ਨਾਰਾਜ਼ਗੀ ਹੈ, ਕਿਉਂਕਿ ਕਿਸਾਨ ਕਿਸੇ ਹੋਰ ਰਾਜ ਵਿਚ ਜਾ ਕੇ ਫਸਲ ਵੇਚਣ ਜੋਗੇ ਕਦੇ ਹੁੰਦੇ ਨਹੀਂ ਤੇ ਮੰਡੀਆਂ ਵਾਲਾ ਅਜੋਕਾ ਪ੍ਰਬੰਧ ਵੀ ਉਨ੍ਹਾਂ ਦੀ ਪਹੁੰਚ ਤੋਂ ਨਿਕਲ ਸਕਦਾ ਹੈ। ਸਭ ਕਿਸਾਨ ਜਥੇਬੰਦੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਇਸ ਵਿਰੋਧ ਨੂੰ ਵੇਖ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁਦ ਮੀਡੀਆ ਸਾਹਮਣੇ ਜਾ ਕੇ ਇਹ ਗੱਲ ਕਹਿਣੀ ਪਈ ਹੈ ਕਿ ਉਹ ਕਿਸਾਨ-ਹਿੱਤਾਂ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਉਹ ਪਹਿਲਾਂ ਚਾਰ ਦਿਨ ਤੱਕ ਬੋਲੇ ਨਹੀਂ ਸਨ ਤੇ ਹਰ ਪਾਸੇ ਅਕਾਲੀ ਦਲ ਦੀ ਨੁਕਤਾਚੀਨੀ ਹੁੰਦੀ ਵੇਖਣ ਪਿਛੋਂ ਕੁਰਬਾਨੀਆਂ ਦੀ ਕਹਾਣੀ ਇਸ ਲਈ ਪਾਉਣੀ ਪਈ ਹੈ ਕਿ ਆਮ ਲੋਕਾਂ ਵਿਚ ਜਾਣਾ ਔਖਾ ਮਹਿਸੂਸ ਜਾਪਦਾ ਸੀ। ਫਿਰ ਵੀ ਉਹ ਅਜੋਕੇ ਹਾਲਾਤ ਨੂੰ ਚੰਗੀ ਤਰ੍ਹਾਂ ਵੇਖਦੇ ਹੋਏ ਭਾਜਪਾ ਦੇ ਆਸਰੇ ਬਿਨਾ ਖੁਦ ਕਿਸੇ ਚੋਣ ਵਿਚ ਕੁੱਦਣ ਜੋਗੇ ਨਾ ਹੋਣ ਕਰ ਕੇ ਇਥੇ ਬਿਆਨ ਜਿਹੋ ਜਿਹੇ ਵੀ ਦੇ ਲੈਣ, ਕੇਂਦਰ ਵਿਚ ਨਰਿੰਦਰ ਮੋਦੀ ਸਰਕਾਰ ਦੇ ਕਿਸੇ ਫੈਸਲੇ ਦਾ ਸਿੱਧਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰ ਸਕਦੇ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਲੋਕ ਜਦੋਂ ਸਵੇਰੇ ਉੱਠ ਕੇ ਰੋਜ਼ ਇਹ ਖਬਰਾਂ ਧਿਆਨ ਨਾਲ ਪੜ੍ਹਦੇ ਹਨ ਕਿ ਦੇਸ਼ ਵਿਚ ਕੇਸ ਕਿੰਨੇ ਕੁ ਹੋਰ ਵਧ ਗਏ ਹਨ ਤੇ ਮੌਤਾਂ ਕਿੱਥੇ ਕਿੰਨੀਆਂ ਹੋਰ ਹੋਈਆਂ ਹਨ, ਸਿਆਸੀ ਆਗੂ ਇੱਕੀ ਮਹੀਨੇ ਦੂਰ ਦੀਆਂ ਚੋਣਾਂ ਬਾਰੇ ਕਮਰਕੱਸੇ ਕਰੀ ਫਿਰਦੇ ਹਨ। ਸਿਆਸਤ ਦੇ ਅਸਲੀ ਜੀਨ ਦਾ ਪਤਾ ਇਥੋਂ ਹੀ ਲੱਗਦਾ ਹੈ। ਇਹ ਵਕਤ ਅਜੇ ਭਾਰਤ ਤੇ ਪੰਜਾਬ ਨੂੰ ਕਰੋਨਾ ਤੋਂ ਬਚਾਉਣ ਦਾ ਹੈ। ਲੀਡਰਾਂ ਨੂੰ ਇਸ ਵੇਲੇ ਵੀ ਚੋਣਾਂ ਦੀ ਕਾਹਲੀ ਪਈ ਹੈ।