ਸਬਕ ਸਿਖਾਉਣ ਵਾਲੀ ਸਿਆਸਤ ਦੇ ਸਬਕ

ਮਹੀਪ ਸਿੰਘ
ਫੋਨ:91-93139-32888
ਵਿਸਾਖੀ 1919 ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਜਲ੍ਹਿਆਂਵਾਲਾ ਬਾਗ ਦੇ ਦੁਖਾਂਤ ਦੇ ਬੜਾ ਚਿਰ ਪਿੱਛੋਂ ਅੰਗਰੇਜ਼ ਲੇਖਕ ਅਲਫ੍ਰੇਡ ਡ੍ਰੈਪਰ ਨੇ ਪੁਸਤਕ ਲਿਖੀ ਸੀ-‘ਅੰਮ੍ਰਿਤਸਰ: ਉਹ ਕਤਲੇਆਮ ਜਿਸ ਨੇ (ਅੰਗਰੇਜ਼ੀ) ਰਾਜ ਖ਼ਤਮ ਕਰ ਦਿੱਤਾ (Aਮਰਟਿਸਅਰ, ਟਹe ਮਅਸਸਅਚਰe ਟਹਅਟ eਨਦeਦ ਟਹe ੍ਰਅਜ)। ਇਸ ਪੁਸਤਕ ਵਿਚ ਉਸ ਹੱਤਿਆ ਕਾਂਡ ਬਾਰੇ ਬੜਾ ਪ੍ਰਮਾਣਿਕ ਵੇਰਵਾ ਦਿੱਤਾ ਗਿਆ ਹੈ। ਉਸ ਦੁਖਾਂਤ ਬਾਰੇ ਉਸ ਵੇਲੇ ਦੀ ਬ੍ਰਿਟਿਸ਼ ਹਕੂਮਤ ਵੱਲੋਂ ਪੜਤਾਲ ਕਰਨ ਲਈ ਜੱਜ ਲਾਰਡ ਹੰਟਰ ਦੀ ਪ੍ਰਧਾਨਗੀ ਵਿਚ ਕਮਿਸ਼ਨ ਬਿਠਾਇਆ ਗਿਆ ਸੀ। ਹੰਟਰ ਕਮਿਸ਼ਨ ਅੱਗੇ ਬੋਲਦੇ ਹੋਏ ਇਸ ਖੂਨੀ ਸਾਕੇ ਦੇ ਖਲਨਾਇਕ ਬ੍ਰਿਗੇਡੀਅਰ ਜਨਰਲ ਡਾਇਰ ਨੇ ਬੜੇ ਫਖ਼ਰ ਨਾਲ ਇਹ ਕਿਹਾ ਸੀ ਕਿ ਜਲ੍ਹਿਆਂਵਾਲੇ ਬਾਗ ਵਿਚ ਗੋਲੀ ਚਲਾਉਣ ਦਾ ਜਿਹੜਾ ਹੁਕਮ ਮੈਂ ਦਿੱਤਾ ਸੀ, ਉਹ ਠੀਕ ਸੀ ਕਿਉਂਕਿ ਮੈਂ ਹਿੰਦੁਸਤਾਨੀਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਕਿਸੇ ਪੂਰੀ ਕੌਮ ਨੂੰ, ਪੂਰੇ ਭਾਈਚਾਰੇ ਨੂੰ ਜਾਂ ਪੂਰੇ ਦੇਸ਼ ਨੂੰ ਸਬਕ ਸਿਖਾਉਣ ਦੀ ਜ਼ਹਿਨੀਅਤ ਜਦੋਂ ਹਕੂਮਤ ਪਾਲ ਲਵੇ ਤਾਂ ਸਮਝੋ ਉਸ ਹਕੂਮਤ ਦੇ ਅਖੀਰਲੇ ਦਿਨ ਆ ਗਏ ਹਨ।
ਇਹ ਕਿਹੋ ਜਿਹਾ ਇਤਿਹਾਸਿਕ ਸੰਜੋਗ ਹੈ ਕਿ ਜਲ੍ਹਿਆਂਵਾਲਾ ਬਾਗ ਦਾ ਸਾਕਾ ਤੇ ਓਪਰੇਸ਼ਨ ਬਲਿਊ ਸਟਾਰ, ਦੋਵੇਂ ਹੀ ਅੰਮ੍ਰਿਤਸਰ ਵਿਚ ਵਾਪਰੇ। ਸਾਕੇ ਵਾਲੇ ਦੋਵੇਂ ਦਿਨ ਵਿਸ਼ੇਸ਼ ਮਹੱਤਤਾ ਵਾਲੇ ਸਨ। ਇਕ ਸਾਕੇ ਵਾਲੇ ਦਿਨ ਵਿਸਾਖੀ ਸੀ ਤੇ ਦੂਜਾ ਸਾਕਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ ਦਿਨ ਸ਼ੁਰੂ ਕੀਤਾ ਗਿਆ। ਪਹਿਲੇ ਸਾਕੇ ਨਾਲ ਬਰਤਾਨਵੀ ਹਕੂਮਤ ਹਿੰਦੁਸਤਾਨੀਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਓਪਰੇਸ਼ਨ ਬਲਿਊ ਸਟਾਰ ਰਾਹੀਂ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ।
ਕਈ ਵਾਰੀ ਇਹ ਸੋਚ ਕੇ ਮੈਨੂੰ ਬੜਾ ਅਚਰਜ ਹੁੰਦਾ ਹੈ ਕਿ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੇ ਓਪਰੇਸ਼ਨ ਬਲਿਊ ਸਟਾਰ ਵਿਚ ਕਿੰਨੀਆਂ ਸਮਾਨਤਾਵਾਂ ਸਨ। ਜਲ੍ਹਿਆਂਵਾਲੇ ਬਾਗ ਦੇ ਹਾਦਸੇ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਕਾਫੀ ਬਦਅਮਨੀ ਫੈਲੀ ਹੋਈ ਸੀ। ਰੌਲੇਟ ਐਕਟ ਦੇ ਖ਼ਿਲਾਫ 30 ਮਾਰਚ 1919 ਨੂੰ ਅੰਮ੍ਰਿਤਸਰ ਵਿਚ ਪੂਰੀ ਹੜਤਾਲ ਕੀਤੀ ਗਈ ਸੀ। 6 ਅਪਰੈਲ ਨੂੰ 5,000 ਲੋਕ ਜਲ੍ਹਿਆਂਵਾਲਾ ਬਾਗ ਵਿਚ ਇਕੱਤਰ ਹੋਏ ਸਨ ਤੇ ਘੰਟਾਘਰ ‘ਤੇ ਇਕ ਪਰਚਾ ਵੇਖਣ ਵਿਚ ਆਇਆ ਸੀ ਜਿਸ ‘ਤੇ ਲਿਖਿਆ ਹੋਇਆ ਸੀ-‘ਮਰਨ ਮਾਰਨ ਨੂੰ ਤਿਆਰ ਹੋ ਜਾਓ।’ 10 ਅਪਰੈਲ ਨੂੰ ਉੱਘੇ ਲੀਡਰ ਡਾæ ਸੈਫ਼ੂਦੀਨ ਕਿਚਲੂ ਤੇ ਡਾæ ਸਤਿਪਾਲ ਗ੍ਰਿਫ਼ਤਾਰ ਕੀਤੇ ਗਏ ਅਤੇ ਸਾਰੇ ਸ਼ਹਿਰ ਵਿਚ ਅੰਗਰੇਜ਼ਾਂ ਦੇ ਖਿਲਾਫ਼ ਹਿੰਸਕ ਕਾਰਵਾਈਆਂ ਸ਼ੁਰੂ ਹੋ ਗਈਆਂ ਸਨ। ਲੋਕਾਂ ਨੇ ਉਸ ਹਰ ਬੰਦੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜੋ ਯੂਰਪੀਅਨ ਨਜ਼ਰ ਆਉਂਦਾ ਸੀ। ਰੇਲਵੇ ਸਟੇਸ਼ਨ, ਤਾਰ ਘਰ, ਬੈਂਕਾਂ ‘ਤੇ ਹਮਲੇ ਹੋਏ। ਮਾਰਸੇਲਾ ਸ਼ੇਰਵੁਡ ਨਾਂ ਦੀ ਈਸਾਈ ਮਿਸ਼ਨਰੀ ਔਰਤ ਨੂੰ ਲੋਕਾਂ ਨੇ ਘੇਰ ਕੇ ਮਾਰਿਆ ਤੇ ਅਧਮੋਇਆ ਕਰ ਕੇ ਛੱਡ ਗਏ। ਗੁੱਸੇ ਵਿਚ ਆਏ ਲੋਕਾਂ ਨੇ ਅੰਗਰੇਜ਼ੀ ਸਕੂਲਾਂ ਤੇ ਗਿਰਜਾ ਘਰਾਂ ਨੂੰ ਅੱਗ ਲਾ ਦਿੱਤੀ। ਸੜਕਾਂ ‘ਤੇ ਲੋਕੀ ਚੀਕ ਰਹੇ ਸਨ-‘ਗੋਰਿਆਂ ਨੂੰ ਮਾਰ ਮੁਕਾਓæææ।’
ਜਨਰਲ ਡਾਇਰ ਨੇ ਇਸ ਬਦਅਮਨੀ ਨੂੰ ਆਪਣੀ ਕਰਤੂਤ ਦਾ ਬਹਾਨਾ ਬਣਾ ਲਿਆ। ਜਦੋਂ ਲਾਰਡ ਹੰਟਰ ਨੇ ਡਾਇਰ ਕੋਲੋਂ ਪੁੱਛਿਆ ਕਿ ਉਸ ਨੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਜਲ੍ਹਿਆਂਵਾਲਾ ਬਾਗ ਦੀ ਮੀਟਿੰਗ ਨੂੰ ਭੰਗ ਕਰਨ ਦਾ ਯਤਨ ਕਿਉਂ ਕੀਤਾ, ਤਾਂ ਜਨਰਲ ਡਾਇਰ ਨੇ ਜਵਾਬ ਦਿੱਤਾ-ਮੈਂ ਕਾਰ ਵਿਚ ਜਾਂਦੇ ਹੋਏ ਇਹ ਨਿਸਚਾ ਕਰ ਲਿਆ ਸੀ ਕਿ ਜੇ ਲੋਕਾਂ ਨੇ ਮੀਟਿੰਗ ਨਾ ਕਰਨ ਦੇ ਹੁਕਮ ਦੀ ਪਾਲਣਾ ਨਾ ਕੀਤੀ ਤਾਂ ਮੈਂ ਉਸੇ ਵੇਲੇ ਗੋਲੀ ਚਲਾਉਣ ਦਾ ਹੁਕਮ ਦੇ ਦਿਆਂਗਾ। ਲੋਕ ਉੱਥੇ ਮੀਟਿੰਗ ਕਰ ਰਹੇ ਸਨ, ਇਸ ਲਈ ਮੈਂ ਕਾਰਵਾਈ ਸ਼ੁਰੂ ਕਰ ਦਿੱਤੀ।
29 ਵਰ੍ਹੇ ਪਹਿਲਾਂ ਹੋਏ ਓਪਰੇਸ਼ਨ ਬਲਿਊ ਸਟਾਰ ਵੇਲੇ ਵੀ ਉਹੋ ਕੁਝ ਵਾਪਰਿਆ। ਪੰਜਾਬ ਵਿਚ ਖਾਸ ਤੌਰ ‘ਤੇ ਅੰਮ੍ਰਿਤਸਰ ਵਿਚ ਮਾਹੌਲ ਹਿੰਸਕ ਕਾਰਗੁਜ਼ਾਰੀਆਂ ਨਾਲ ਗੂੰਜ ਰਿਹਾ ਸੀ। ਇੰਦਰਾ ਗਾਂਧੀ ਦੀ ਸਰਕਾਰ ਲਈ, ਕਿਸੇ ਵੀ ਕਾਰਵਾਈ ਲਈ ਇਹ ਬਹਾਨਾ ਕਾਫੀ ਸੀ। ਬਿਨਾਂ ਕਿਸੇ ਚਿਤਾਵਨੀ ਦੇ 3 ਜੂਨ ਨੂੰ ਸਾਰੇ ਪੰਜਾਬ ਵਿਚ ਕਰਫ਼ਿਊ ਲਗਾ ਦਿੱਤਾ ਗਿਆ। ਸ਼ਹੀਦੀ ਗੁਰਪੁਰਬ ਮਨਾਉਣ ਆਏ ਹਜ਼ਾਰਾਂ ਯਾਤਰੀ ਦਰਬਾਰ ਸਾਹਿਬ ਖੇਤਰ ਵਿਚ ਫਸ ਗਏ। ਫਿਰ 5 ਜੂਨ ਨੂੰ ਫ਼ੌਜੀ ਕਾਰਵਾਈ ਕਰਨ ਤੋਂ ਪਹਿਲਾਂ ਠੀਕ ਢੰਗ ਨਾਲ ਲੋਕਾਂ ਨੂੰ ਇਸ ਗੱਲ ਲਈ ਸਾਵਧਾਨ ਨਹੀਂ ਕੀਤਾ ਗਿਆ ਕਿ ਜਿਹੜੇ ਲੋਕ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ, ਉਹ ਚਲੇ ਜਾਣ। ਹੰਟਰ ਕਮਿਸ਼ਨ ਅੱਗੇ ਜਨਰਲ ਡਾਇਰ ਨੇ ਇਹ ਕਿਹਾ ਕਿ ਮੈਂ ਅਸਲ ਵਿਚ ਸ਼ਰਾਰਤੀ ਲੋਕਾਂ ਨੂੰ ਸਜ਼ਾ ਦੇਣੀ ਚਾਹੁੰਦਾ ਸੀ, ਇਸ ਲਈ ਜਿਹੜੇ ਸ਼ਰਾਰਤੀ ਨਹੀਂ ਸਨ, ਉਹ ਵੀ ਕਲਾਵੇ ਵਿਚ ਆ ਗਏ। ਓਪਰੇਸ਼ਨ ਬਲਿਊ ਸਟਾਰ ਵੇਲੇ ਵੀ ਇਹੋ ਹੋਇਆ। ਸਰਕਾਰ ਕਹਿੰਦੀ ਹੈ ਕਿ ਉਹ ਅਤਿਵਾਦੀਆਂ ਨੂੰ ਸਜ਼ਾ ਦੇਣੀ ਚਾਹੁੰਦੀ ਸੀ, ਪਰ ਇਸ ਅਮਲ ਵਿਚ ਹੋਰ ਹਜ਼ਾਰਾਂ ਲੋਕ ਵੀ ਫ਼ੌਜ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਗਏ।
ਜਲ੍ਹਿਆਂਵਾਲਾ ਬਾਗ ਦੀ ਘਟਨਾ ਨੇ ਇੰਗਲੈਂਡ ਵਿਚ ਬੈਠੇ ਹੁਕਮਰਾਨਾਂ ਦੀ ਆਤਮਾ ਨੂੰ ਬੁਰੀ ਤਰ੍ਹਾਂ ਟੁੰਬਿਆ ਅਤੇ ਉੱਥੇ ਪਾਰਲੀਮੈਂਟ ਵਿਚ ਇਸ ਖੂਨੀ ਹਾਦਸੇ ਨੂੰ ਲੈ ਕੇ ਬੜਾ ਰੌਲਾ ਪਿਆ ਸੀ। ਭਾਰਤ ਵਿਰੋਧੀ ਸਮਝੇ ਜਾਣ ਵਾਲੇ ‘ਯੁੱਧ ਮੰਤਰੀ’ ਸਰ ਵਿੰਸਟਨ ਚਰਚਿਲ ਨੇ ਇਸ ਹਾਦਸੇ ਬਾਰੇ ਡੂੰਘਾ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਸੀ-‘ਇਕ ਅਸਾਧਾਰਨ ਘਟਨਾ, ਇਕ ਭਿਆਨਕ ਘਟਨਾ, ਇਕ ਅਜਿਹੀ ਵਿਨਾਸ਼ਕਾਰੀ ਘਟਨਾ ਜਿਸ ਦੀ ਕੋਈ ਮਿਸਾਲ ਨਹੀਂ।’ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਇਹ ਮੰਗ ਕਰ ਰਹੇ ਸਨ ਕਿ ਇਸ ਘਟਨਾ ਦੀ ਪੂਰੀ ਜਾਂਚ ਕਰਾਈ ਜਾਏ। ਉਸ ਵੇਲੇ ਹਿੰਦੁਸਤਾਨ ਦਾ ਵਾਇਸਰਾਇ ਲਾਰਡ ਚੈਮਸਫੋਰਡ ਇਹ ਨਹੀਂ ਸੀ ਚਾਹੁੰਦਾ ਕਿ ਇਸ ਘਟਨਾ ਦੀ ਅਦਾਲਤੀ ਜਾਂਚ ਹੋਏ, ਕਿਉਂਕਿ ਉਸ ਦੀ ਦਲੀਲ ਸੀ ਕਿ ਇਸ ਨਾਲ ਹਿੰਦੁਸਤਾਨੀ ਅਤਿਵਾਦੀਆਂ ਨੂੰ ਸ਼ਹਿ ਮਿਲੇਗੀ ਅਤੇ ਉਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਨੂੰ ਬਦਨਾਮ ਕਰਨ ਦਾ ਮੌਕਾ ਮਿਲੇਗਾ।
ਪਰ ਬ੍ਰਿਟਿਸ਼ ਕੈਬਨਿਟ ਵਿਚ ਭਾਰਤੀ ਮਾਮਲਿਆਂ ਦੇ ਮੰਤਰੀ ਏਡਵਿਨ ਮਾਂਟੇਗਿਊ ਉੱਤੇ ਮੈਂਬਰਾਂ ਦਾ ਲਗਾਤਾਰ ਜ਼ੋਰ ਪੈ ਰਿਹਾ ਸੀ ਕਿ ਪੰਜਾਬ ਵਿਚ ਜੋ ਕੁਝ ਵੀ ਹੋਇਆ ਹੈ, ਉਸ ਦੀ ਪੂਰੀ ਜਾਂਚ ਕਰਾਈ ਜਾਏ। ਲਾਰਡ ਚੈਮਸਫੋਰਡ ਦੀ ਚਿਤਾਵਨੀ ਤੇ ਵਿਰੋਧ ਦੇ ਬਾਵਜੂਦ ਮਾਂਟੇਗਿਊ ਜਾਂਚ ਕਰਾਉਣ ਦੀ ਮੰਗ ‘ਤੇ ਅੜਿਆ ਰਿਹਾ। ਅਖ਼ੀਰ ਨਵੰਬਰ ਵਿਚ ਉਸ ਨੇ ਲਾਰਡ ਹੰਟਰ ਦੀ ਪ੍ਰਧਾਨਗੀ ਵਿਚ ਜਾਂਚ ਕਮੇਟੀ ਬਣਾ ਦਿੱਤੀ, ਪਰ ਕਿੰਨੇ ਅਸਚਰਜ ਤੇ ਅਫ਼ਸੋਸ ਦੀ ਗੱਲ ਹੈ ਕਿ ਓਪਰੇਸ਼ਨ ਬਲਿਊ ਸਟਾਰ ਦੇ ਦੁਖਾਂਤ ਜਿਹੜਾ ਜਲ੍ਹਿਆਂਵਾਲਾ ਬਾਗ ਦੇ ਹਾਦਸੇ ਤੋਂ ਕਿਤੇ ਵੱਡਾ ਤੇ ਸੰਤਾਪਕਾਰੀ ਸੀ, ਬਾਰੇ ਇਸ ਦੇਸ਼ ਦੀ ‘ਆਪਣੀ’ ਸਰਕਾਰ ਨੇ ਕੋਈ ਜਾਂਚ ਕਮਿਸ਼ਨ ਨਹੀਂ ਬਣਾਇਆ। ਉਸ ਨੇ ‘ਵਾਈਟ ਪੇਪਰ’ ਜ਼ਰੂਰ ਛਾਪਿਆ ਜਿਹੜਾ ਵਾਈਟ (ਸਫੇਦ) ਘੱਟ ਤੇ ਬਲੈਕ (ਕਾਲਾ) ਵਧੇਰਾ ਸੀ।
ਇਹ ਵੇਖ ਕੇ ਕਿਸ ਨੂੰ ਸ਼ਰਮਿੰਦਗੀ ਨਹੀਂ ਹੋਵੇਗੀ ਕਿ 1919 ਵਿਚ ਵਿਦੇਸ਼ੀ ਹਕੂਮਤ ਨੇ ਜਲ੍ਹਿਆਂਵਾਲਾ ਬਾਗ ਕਾਂਡ ਬਾਰੇ ਹੰਟਰ ਕਮਿਸ਼ਨ ਬਣ ਦਿੱਤਾ ਸੀ ਜਿਸ ਨੇ ਉਸ ਕਾਂਡ ਬਾਰੇ ਅਜਿਹੀ ਰਿਪੋਰਟ ਦਿੱਤੀ ਸੀ ਜਿਸ ਨਾਲ ਬ੍ਰਿਟਿਸ਼ ਹਕੂਮਤ ਦਾ ਅਕਸ ਸਾਰੀ ਦੁਨੀਆ ਵਿਚ ਮੈਲਾ ਹੁੰਦਾ ਸੀ; ਪਰ ਸਾਡੀ ਸਵਦੇਸ਼ੀ ਸਰਕਾਰ ਓਪਰੇਸ਼ਨ ਬਲਿਊ ਸਟਾਰ ਬਾਰੇ ਸਾਰੇ ਪ੍ਰਚਾਰ ਮਾਧਿਅਮਾਂ ਦੀ ਪੂਰੀ ਦੁਰਵਰਤੋਂ ਕਰਦੀ ਹੋਈ ਝੂਠ ਦੇ ਪੁਲੰਦੇ ਤਿਆਰ ਕਰਦੀ ਰਹੀ, ਕੋਈ ਨਿਰਪੱਖ ਜਾਂਚ ਕਮਿਸ਼ਨ ਬਣਾਉਣ ਦਾ ਉਸ ਨੇ ਹੀਆ ਨਾ ਕੀਤਾ। ਇਸ ਦੁਖਦਾਈ ਘਟਨਾ ਨੇ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਜਿਹੜੇ ਡੂੰਘੇ ਜ਼ਖ਼ਮ ਦਿੱਤੇ ਸਨ, ਉਹ ਅੱਜ ਵੀ ਹਰੇ ਹਨ। ਮੈਂ ਸੋਚਦਾ ਹਾਂ ਕਿ ਸਬਕ ਸਿਖਾਉਣ ਦੀ ਇਹ ਰਾਜਨੀਤੀ ਭਾਰਤ ਨੂੰ ਕਿੱਥੇ ਲਿਜਾਏਗੀ? ਸਬਕ ਸਿਖਾਉਣ ਵਾਲੀਆਂ ਤਾਕਤਾਂ ਇਤਿਹਾਸ ਤੋਂ ਆਪ ਕੋਈ ਸਬਕ ਨਹੀਂ ਸਿਖਦੀਆਂ। ਜਨਰਲ ਡਾਇਰ ਨੇ ਸੋਚਿਆ ਸੀ ਕਿ ਉਹ ਹਿੰਦੁਸਤਾਨੀਆਂ ਨੂੰ ਸਬਕ ਸਿਖਾ ਕੇ ਇਸ ਦੇਸ਼ ਵਿਚ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ। ਉਸ ਨੂੰ ਇਹ ਨਹੀਂ ਸੀ ਪਤਾ ਕਿ ਆਪਣੀ ਉਸ ਕਰਤੂਤ ਨਾਲ ਉਸ ਨੇ ਅੰਗਰੇਜ਼ੀ ਰਾਜ ਦੀਆਂ ਜੜ੍ਹਾਂ ਨੂੰ ਆਪ ਹੀ ਹਿਲਾ ਦਿੱਤਾ ਸੀ।
ਜਲ੍ਹਿਆਂਵਾਲਾ ਬਾਗ ਦੀ ਗੱਲ ਫਿਰ ਚੇਤੇ ਆਉਂਦੀ ਹੈ। ਜਨਰਲ ਡਾਇਰ ਨੂੰ ਉਸ ਦੀ ਵਹਿਸ਼ੀਆਨਾ ਕਾਰਵਾਈ ਲਈ ਬ੍ਰਿਟਿਸ਼ ਸਰਕਾਰ ਵੱਲੋਂ ਸਜ਼ਾ ਦਿੱਤੀ ਗਈ ਸੀ। ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਦੀ ਤਨਖਾਹ ਘਟਾ ਕੇ ਅੱਧੀ ਕਰ ਦਿੱਤੀ ਗਈ ਸੀ। ਬ੍ਰਿਟਿਸ਼ ਪਾਰਲੀਮੈਂਟ ਵਿਚ ਉਸੇ ਵੇਲੇ ਦੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਦਾ ਮਤਾ, ਵਿਰੋਧੀ ਪੱਖ ਵੱਲੋਂ ਰੱਖਿਆ ਗਿਆ ਸੀ। ਜਿਸ ਦਿਨ ਇਸ ਮਤੇ ਉੱਤੇ ਬਹਿਸ ਹੋਣੀ ਸੀ, ਜਨਰਲ ਡਾਇਰ ਆਪਣੀ ਪਤਨੀ ਅਤੇ ਜਲ੍ਹਿਆਂਵਾਲਾ ਬਾਗ ਕਾਂਡ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਉਡਵਾਇਰ ਦੇ ਨਾਲ ਪਾਰਲੀਮੈਂਟ ਦੀ ਦਰਸ਼ਕ ਗੈਲਰੀ ਵਿਚ ਬੈਠਿਆ ਹੋਇਆ ਸੀ। ਉਸ ਵੇਲੇ ਸਰਕਾਰ ਵੱਲੋਂ ਬੋਲਦੇ ਹੋਏ ਏਡਵਿਨ ਮਾਂਟੇਗਿਊ ਨੇ ਕਿਹਾ ਸੀ-‘ਸਦਨ ਦੇ ਸਾਹਮਣੇ ਮਾਮਲਾ ਬੜਾ ਸਿੱਧਾ ਹੈ। ਜਦੋਂ ਕੋਈ ਅਫਸਰ ਆਪਣੇ ਕਿਸੇ ਕੰਮ ਨੂੰ ਇਹ ਆਖ ਕੇ ਠੀਕ ਦੱਸਦਾ ਹੈ ਕਿ ਜੇ ਮੇਰੇ ਕੋਲ ਹੋਰ ਵਸੀਲੇ ਹੁੰਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਵੱਧ ਹੁੰਦੀ, ਕਿ ਮੇਰਾ ਮੰਤਵ ਸਾਰੇ ਪੰਜਾਬ ਨੂੰ ਸਬਕ ਸਿਖਾਉਣਾ ਸੀ-ਤਾਂ ਮੇਰਾ ਇਹ ਕਹਿਣਾ ਹੈ ਕਿ ਇਹ ਦਹਿਸ਼ਤਗਰਦੀ ਦਾ ਸਿਧਾਂਤ ਹੈ। ਮੇਰਾ ਇਹ ਵੀ ਆਖਣਾ ਹੈ ਕਿ ਜਦੋਂ ਹਿੰਦੁਸਤਾਨੀਆਂ ਨੂੰ ਇਕ ਖਾਸ ਥਾਂ ‘ਤੇ ਪੇਟ ਦੇ ਬਲ ਰੀਂਗ ਕੇ ਚੱਲਣ ਦਾ ਹੁਕਮ ਦਿੰਦੇ ਹੋ, ਜਦੋਂ ਤੁਸੀਂ ਹਿੰਦੁਸਤਾਨੀਆਂ ਨੂੰ ਬ੍ਰਿਟਿਸ਼ ਬਾਦਸ਼ਾਹ ਦੇ ਕਿਸੇ ਅਫਸਰ ਨੂੰ ਜ਼ਬਰਦਸਤੀ ਸਲਾਮ ਕਰਨ ਦਾ ਹੁਕਮ ਦਿੰਦੇ ਹੋ ਤਾਂ ਤੁਸੀਂ ਸਮੁੱਚੀ ਕੌਮ ਦਾ ਅਪਮਾਨ ਕਰਦੇ ਹੋ। ਜਦੋਂ ਤੁਸੀਂ ਅਪਰਾਧ ਸਾਬਤ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਕੋੜੇ ਲਗਵਾਉਂਦੇ ਹੋ, ਇਕ ਪੂਰੀ ਜੰਝ ਨੂੰ ਬੈਂਤਾਂ ਨਾਲ ਪਿਟਵਾਉਂਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਨੂੰ ਦਹਿਸ਼ਤਜ਼ਦਾ ਕਰਨਾ ਚਾਹੁੰਦੇ ਹੋ। ਕੀ ਤੁਸੀਂ ਅਤਿਵਾਦ, ਕੌਮੀ ਵਿਤਕਰੇ ਅਤੇ ਅਪਮਾਨ ਨਾਲ ਡਰਾ-ਧਮਕਾ ਕੇ ਹਿੰਦੁਸਤਾਨੀਆਂ ‘ਤੇ ਹਕੂਮਤ ਕਰਨੀ ਚਾਹੁੰਦੇ ਹੋ ਜਾਂ ਸਦਭਾਵਨਾ ਦੇ ਆਧਾਰ ‘ਤੇ?’
ਜਿਹੜੀਆਂ ਗੱਲਾਂ ਬ੍ਰਿਟਿਸ਼ ਪਾਰਲੀਮੈਂਟ ਵਿਚ ਭਾਰਤੀ ਮਾਮਲਿਆਂ ਦੇ ਮੰਤਰੀ ਮਾਂਟੇਗਿਊ ਨੇ ਕਹੀਆਂ ਸਨ, ਕਾਸ਼ ਅੱਜ ਦੀ ਭਾਰਤੀ ਪਾਰਲੀਮੈਂਟ ਵਿਚ ਵੀ ਅਜਿਹੀ ਗੱਲ ਕਹਿਣ ਦੀ ਕਿਸੇ ਵਿਚ ਹਿੰਮਤ ਹੁੰਦੀ। ਕੀ ਓਪਰੇਸ਼ਨ ਬਲਿਊ ਸਟਾਰ ਵੇਲੇ ਵੀ ਉਹੋ ਸਭ ਕੁਝ ਨਹੀਂ ਵਾਪਰਿਆ ਜੋ ਜਲ੍ਹਿਆਂਵਾਲਾ ਬਾਗ ਵੇਲੇ ਹੋਇਆ ਸੀ। ਇਸ ਵੇਲੇ ਕਿੰਨੇ ਹੀ ਨੌਜਵਾਨਾਂ ਦੇ ਹੱਥ ਪਿੱਛੇ ਬੰਨ੍ਹ ਕੇ ਉਨ੍ਹਾਂ ਨੂੰ ਨੇੜੇ ਤੋਂ ਗੋਲੀ ਨਾਲ ਉਡਾਇਆ ਗਿਆ ਸੀ। ਗੁਰੂ ਰਾਮਦਾਸ ਸਰਾਂ ਵਿਚ ਕਿੰਨੇ ਲੋਕੀ ਜੂਨ ਦੀ ਅੰਤਾਂ ਦੀ ਗਰਮੀ ਵਿਚ ਇਕ ਕਮਰੇ ਵਿਚ ਬੰਦ ਤ੍ਰਿਹਾਏ ਮਰ ਗਏ। ਫ਼ੌਜੀਆਂ ਨੇ ਜਿਸ ਢੰਗ ਨਾਲ ਆਮ ਲੋਕਾਂ ਦੀ ਬੇਪਤੀ ਕੀਤੀ, ਉਨ੍ਹਾਂ ਦੇ ਘਰਾਂ ਨੂੰ ਲੁੱਟਿਆ ਅਤੇ ਓਪਰੇਸ਼ਨ ਵਿਚ ਮਾਰੇ ਗਏ ਲੋਕਾਂ ਦੀਆਂ ਦੇਹਾਂ ਨੂੰ ਜਿਸ ਤਰ੍ਹਾਂ ਬੰਨੇ ਲਾਇਆ ਸੀ, ਕੀ ਉਹ ਜਲ੍ਹਿਆਂਵਾਲਾ ਬਾਗ ਦੇ ਸਾਕੇ ਨਾਲੋਂ ਘੱਟ ਸੀ? ਅੱਗੇ ਜੇ ਕੋਈ ਨਵਾਂ ਅਲਫ੍ਰੇਡ ਡ੍ਰੇਪਰ ਓਪਰੇਸ਼ਨ ਬਲਿਊ ਸਟਾਰ ਦੇ ਸਾਕੇ ਬਾਰੇ ਆਪਣੀ ਪੁਸਤਕ ਲਿਖੇਗਾ ਤਾਂ ਉਸ ਦਾ ਸਿਰਨਾਵਾਂ ਇਹ ਹੋਵੇਗਾ-‘ਅੰਮ੍ਰਿਤਸਰ: ਉਹ ਕਤਲੇਆਮ ਜਿਸ ਨੇ ਕਾਂਗਰਸ ਰਾਜ ਖ਼ਤਮ ਕਰ ਦਿੱਤਾ (Aਮਰਟਿਸਅਰ, ਟਹe ਮਅਸਸਅਚਰe ਟਹਅਟ eਨਦeਦ ਟਹe ਛੋਨਗਰeਸਸ ੍ਰਅਜ)।

Be the first to comment

Leave a Reply

Your email address will not be published.