ਡਾæ ਗੁਰਨਾਮ ਕੌਰ ਕੈਨੇਡਾ
ਬੀਬੀਆਂ ਦੀ ਬਹਾਦਰੀ ਨਾਲ ਭਾਵੇਂ ਸਿੱਖ ਇਤਿਹਾਸ ਭਰਿਆ ਪਿਆ ਹੈ ਪਰ ਸਾਰਾ ਇਤਿਹਾਸ ਫਰੋਲਣਾ ਸੰਭਵ ਨਹੀਂ ਹੈ। ਇਨ੍ਹਾਂ ਲੇਖਾਂ ਦਾ ਮਕਸਦ ਇਤਿਹਾਸ ਦੀਆਂ ਕੁੱਝ ਚੋਣਵੀਆਂ ਉਦਾਹਰਣਾਂ ਰਾਹੀਂ ਅਜੋਕੀਆਂ ਬੀਬੀਆਂ ਨੂੰ ਇਹ ਚੇਤੇ ਕਰਵਾਉਣਾ ਹੈ ਕਿ ਗੁਰੂ ਦੇ ਅੰਮ੍ਰਿਤ ਅਤੇ ਸਿੱਖ ਇਸਤਰੀ ਵਿਚ ਬੇਹੱਦ ਸਮਰੱਥਾ ਹੈ। ਸਿੱਖ ਇਤਿਹਾਸ ਤੋਂ ਅਗਵਾਈ ਲੈ ਕੇ ਉਹ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰ ਸਕਦੀਆਂ ਹਨ। ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ 18ਵੀਂ ਜਾਂ 19ਵੀਂ ਸਦੀ ਤੱਕ ਦੀਆਂ ਚੁਣੌਤੀਆਂ ਸਿੱਧੀਆਂ ਦਿਖਾਈ ਦਿੰਦੀਆਂ, ਵੱਖਰੀ ਕਿਸਮ ਦੀਆਂ ਅਤੇ ਬਾਹਰੋਂ ਸਨ ਪਰ ਵਰਤਮਾਨ ਚੁਣੌਤੀਆਂ ਜ਼ਿਆਦਾ ਗੁੰਝਲਦਾਰ ਅਤੇ ਅੰਦਰੋਂ ਹਨ ਜੋ ਘੁਣ ਵਾਂਗ ਪੰਥ ਦੀਆਂ ਜੜਾਂ ਨੂੰ ਖੋਖਲਾ ਕਰ ਰਹੀਆਂ ਹਨ।
ਸਿੱਖ ਧਰਮ ਨੇ ਹਮੇਸ਼ਾ ਇਤਿਹਾਸ ਰਚਿਆ ਹੈ, ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ। ਇਤਿਹਾਸ ਘੜਨ ਵਿਚ ਬੀਬੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖ ਰਾਜ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ ਜਿਸ ਦੀਆਂ ਗੂੰਜਾਂ ਧੁਰ ਕਾਬਲ ਤੱਕ ਪੈਂਦੀਆਂ ਸਨ। ਜੇ ਹਰੀ ਸਿੰਘ ਨਲੂਆ ਵਰਗੇ ਬਹਾਦਰ ਜਰਨੈਲ ਅਤੇ ਅਕਾਲੀ ਫੂਲਾ ਸਿੰਘ ਵਰਗੇ ਸੂਰਮੇ ਸਿੱਖ ਰਾਜ ਦੇ ਥੰਮ ਸਨ ਤਾਂ ਮਹਾਰਾਣੀ ਸਦਾ ਕੌਰ ਦਾ ਯੋਗਦਾਨ ਵੀ ਕੋਈ ਘੱਟ ਨਹੀਂ ਸੀ ਜਿਸ ਨੇ ਰਣਜੀਤ ਸਿੰਘ ਨੂੰ ਲਾਹੌਰ ਦੇ ਤਖ਼ਤ ‘ਤੇ ਬਿਠਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਫ਼ਲਤਾ ਪਿੱਛੇ ਉਸ ਦੀ ਸੱਸ ਰਾਣੀ ਸਦਾ ਕੌਰ ਦਾ ਬਹੁਤ ਵੱਡਾ ਹੱਥ ਸੀ। ਇਤਿਹਾਸਕਾਰਾਂ ਅਨੁਸਾਰ ਜਦੋਂ ਕਾਬਲ ਦੇ ਬਾਦਸ਼ਾਹ ਸ਼ਾਹ ਜਮਾਨ ਨੂੰ ਇਹ ਯਕੀਨ ਹੋ ਗਿਆ ਕਿ ਉਹ ਪੰਜਾਬ ਉਤੇ ਰਾਜ ਨਹੀਂ ਕਰ ਸਕਦਾ ਤਾਂ ਉਸ ਨੇ ਰਣਜੀਤ ਸਿੰਘ ਨੂੰ ਗੁਪਤ ਸੁਨੇਹਾ ਦਿੱਤਾ ਕਿ ਉਹ ਲਾਹੌਰ ਦੇ ਤਖ਼ਤ ਤੇ ਕਬਜ਼ਾ ਕਰ ਲਵੇ। ਲਾਹੌਰ-ਵਾਸੀ ਵੀ ਨਿੱਤ ਚੜ੍ਹਦੇ ਸੂਰਜ ਨਾਲ ਬਦਲਦੇ ਰਾਜਿਆਂ ਤੋਂ ਤੰਗ ਆ ਚੁੱਕੇ ਸੀ। ਇਸ ਲਈ ਜਿਉਂ ਹੀ ਉਨ੍ਹਾਂ ਨੂੰ ਸ਼ਾਹ ਦੇ ਸੁਨੇਹੇ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਵੀ ਰਣਜੀਤ ਸਿੰਘ ਨੂੰ ਲਾਹੌਰ ਦੇ ਤਖ਼ਤ ‘ਤੇ ਕਬਜ਼ਾ ਕਰਨ ਦਾ ਸੁਨੇਹਾ ਭੇਜ ਦਿੱਤਾ। ਰਣਜੀਤ ਸਿੰਘ ਰਾਮ ਨਗਰ ਵਿਚ ਸੀ ਜਿਸ ਵਕਤ ਉਸ ਨੂੰ ਲਾਹੌਰ ਵਾਸੀਆਂ, ਅਤੇ ਸ਼ਾਹ ਜਮਾਨ ਦਾ ਕਾਬਲ ਤੋਂ ਲਾਹੌਰ ਤੇ ਕਬਜ਼ਾ ਕਰਨ ਦਾ ਸੁਨੇਹਾ ਮਿਲਿਆ। ਰਣਜੀਤ ਸਿੰਘ ਵਾਸਤੇ ਇਹ ਏਨਾ ਸੌਖਾ ਕੰਮ ਨਹੀਂ ਸੀ ਕਿਉਂਕਿ ਨਾ ਤੇ ਲਾਹੌਰ ਵਾਸੀਆਂ ਨੇ ਹੀ ਕਿਸੇ ਫ਼ੌਜ ਦਾ ਇੰਤਜ਼ਾਮ ਕੀਤਾ ਸੀ ਅਤੇ ਨਾ ਹੀ ਸ਼ਾਹ ਨੇ ਕਾਬਲ ਤੋਂ ਕੋਈ ਫ਼ੌਜੀ ਇਮਦਾਦ ਭੇਜੀ ਸੀ। ਇਸ ਲਈ ਰਣਜੀਤ ਸਿੰਘ ਫ਼ੈਸਲਾ ਨਹੀਂ ਸੀ ਲੈ ਸਕਿਆ।
ਬਹੁਤ ਘੱਟ ਲੋਕਾਂ ਨੂੰ ਇਹ ਜਾਣਕਾਰੀ ਹੈ ਕਿ ਲਾਹੌਰ ਦੇ ਤਖ਼ਤ ‘ਤੇ ਕਬਜ਼ਾ ਰਣਜੀਤ ਸਿੰਘ ਦੀ ਸ਼ਕਤੀ ਜਾਂ ਬੁੱਧੀ ਕਾਰਨ ਨਹੀਂ ਸੀ ਹੋ ਸਕਿਆ ਪ੍ਰੰਤੂ ਇਹ ਇੱਕ ਜ਼ਹੀਨ ਅਤੇ ਬਹਾਦਰ ਇਸਤਰੀ ਦੀ ਦ੍ਰਿੜਤਾ ਅਤੇ ਸਿਆਣਪ ਕਰਕੇ ਹੋ ਸਕਿਆ ਸੀ ਅਤੇ ਇਹ ਇਸਤਰੀ ਰਣਜੀਤ ਸਿੰਘ ਦੀ ਸੱਸ ਬਟਾਲੇ ਦੀ ਰਾਣੀ ਸਦਾ ਕੌਰ ਵਾਲੀਆ ਸੀ। ਸ਼ਾਹ ਜਮਾਨ ਅਤੇ ਲਾਹੌਰ ਵਾਸੀਆਂ ਦਾ ਸੁਨੇਹਾ ਮਿਲਦਿਆਂ ਹੀ ਰਣਜੀਤ ਸਿੰਘ ਰਾਮ ਨਗਰ ਤੋਂ ਬਟਾਲੇ ਪਹੁੰਚ ਗਿਆ। ਰਣਜੀਤ ਸਿੰਘ ਨੇ ਰਾਣੀ ਨੂੰ ਫ਼ਤਿਹ ਬੁਲਾਈ ਅਤੇ ਅੱਗੇ ਹੋ ਕੇ ਚਰਨ ਛੂਹੇ ਤਾਂ ਰਾਣੀ ਨੇ ਉਸ ਦੇ ਸਿਰ ‘ਤੇ ਪਿਆਰ ਦਿੱਤਾ। ਵਾਰਤਾਲਾਪ ਸ਼ੁਰੂ ਕਰਦਿਆਂ ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ੇ ਸਬੰਧੀ ਸੁਨੇਹਿਆਂ ਬਾਰੇ ਦੱਸਿਆ ਅਤੇ ਪ੍ਰਸ਼ਨ ਕੀਤਾ, “ਮਾਤਾ ਜੀ ਮੈਨੂੰ ਦੱਸੋ ਕਿ ਹੁਣ ਕੀ ਕਰਨਾ ਚਾਹੀਦਾ ਹੈ?” ਸਦਾ ਕੌਰ ਨੇ ਇਸ ਦੇ ਉਤਰ ਵਿਚ ਪੁੱਛਿਆ, “ਤੁਸੀਂ ਇਸ ਬਾਰੇ ਕੀ ਸੋਚਿਆ ਹੈ?”
ਰਣਜੀਤ ਸਿੰਘ ਦਾ ਉਤਰ ਸੀ, “ਹੁਣੇ ਚਾਲੇ ਪਾਉਣੇ, ਧਾਵਾ ਬੋਲਣਾ ਅਤੇ ਲਾਹੌਰ ‘ਤੇ ਕਬਜ਼ਾ ਕਰਨਾ।”
ਸਦਾ ਕੌਰ ਨੇ ਫਿਰ ਪੁੱਛਿਆ, “ਤੁਹਾਡੇ ਕੋਲ ਕਿੰਨੀ ਫ਼ੌਜ ਹੈ?”
ਰਣਜੀਤ ਸਿੰਘ ਨੇ ਉਤਰ ਦਿੱਤਾ, “ਤਕਰੀਬਨ 3500 ਸਿਪਾਹੀ।” ਸਦਾ ਕੌਰ ਨੇ ਕਿਹਾ, “2000 ਕੁ ਹਜ਼ਾਰ ਇੱਥੇ ਹਨ ਅਤੇ ਕੁੱਲ ਮਿਲਾ ਕੇ 5 ਕੁ ਹਜਾਰ ਬਣਦੇ ਹਨ।” ਉਸ ਨੇ ਜਦੋਂ ਹਾਂ ਵਿਚ ਜੁਆਬ ਦਿੱਤਾ ਤਾਂ ਸਦਾ ਕੌਰ ਨੇ ਅੱਗੋਂ ਪ੍ਰਸ਼ਨ ਕੀਤਾ, “ਬੀਬਾ ਕੀ ਏਨੀ ਕੁ ਫ਼ੌਜ ਨਾਲ ਤੁਸੀਂ ਇਹ ਆਸ ਕਰਦੇ ਹੋ ਕਿ ਤੁਸੀਂ ਲਾਹੌਰ ‘ਤੇ ਧਾਵਾ ਬੋਲੋਗੇ ਅਤੇ ਕਬਜ਼ਾ ਕਰ ਲਵੋਗੇ?” ਇਸ ਉਤਰ ਨਾਲ ਰਣਜੀਤ ਸਿੰਘ ਦੇ ਚਿਹਰੇ ਤੇ ਮਾਯੂਸੀ ਛਾ ਗਈ। ਉਹ ਸਿਰ ਨੀਵਾਂ ਕਰਕੇ ਡੂੰਘੀਆਂ ਸੋਚਾਂ ਵਿਚ ਪੈ ਗਿਆ। ਅੰਮ੍ਰਿਤਸਰ ‘ਤੇ ਉਸ ਦੇ ਪੁਰਾਣੇ ਦੁਸ਼ਮਣ ਰਾਮਗੜ੍ਹੀਏ ਅਤੇ ਭੰਗੀ ਕਾਬਜ਼ ਸਨ। ਜੇ ਉਹ 5000 ਦੀ ਨਫ਼ਰੀ ਲੈ ਕੇ ਬਟਾਲਾ ਛੱਡਦਾ ਅਤੇ ਲਾਹੌਰ ‘ਤੇ ਹਮਲਾ ਕਰਦਾ ਤਾਂ ਫ਼ਤਿਹ ਕਰਨਾ ਤਾਂ ਇੱਕ ਪਾਸੇ ਉਸ ਲਈ ਲਾਹੌਰ ਪਹੁੰਚਣਾ ਵੀ ਮੁਸ਼ਕਿਲ ਸੀ।
ਉਸ ਨੂੰ ਸੋਚਾਂ ਵਿਚ ਡੁੱਬਿਆ ਦੇਖ ਕੇ ਰਾਣੀ ਸਦਾ ਕੌਰ ਨੇ ਕਿਹਾ, “ਸਫ਼ਲਤਾ ਦਾ ਇੱਕ ਰਸਤਾ ਹੈ।” ਜਦੋਂ ਰਣਜੀਤ ਸਿੰਘ ਨੇ ਤੀਬਰਤਾ ਨਾਲ ਪੁੱਛਿਆ ਕਿ ਕਿਹੜਾ? ਤਾਂ ਸਦਾ ਕੌਰ ਨੇ ਕਿਹਾ, “ਤੁਹਾਡੇ ਲਾਹੌਰ ਪਹੁੰਚਣ ਤੋਂ ਪਹਿਲਾਂ ਕਿਸੇ ਨੂੰ ਵੀ ਇਸ ਦੀ ਸੂਹ ਨਹੀਂ ਲੱਗਣੀ ਚਾਹੀਦੀ।” ਰਣਜੀਤ ਸਿੰਘ ਦੇ ਇਹ ਪੁੱਛਣ ‘ਤੇ ਕਿ ਇਹ ਕਿਵੇਂ ਸੰਭਵ ਹੋਵੇਗਾ ਅਤੇ ਮੁੜ ਸੋਚਾਂ ਵਿਚ ਡੁੱਬ ਜਾਣ ‘ਤੇ ਸਦਾ ਕੌਰ ਨੇ ਹੱਸ ਕੇ ਕਿਹਾ ਕਿ ਸਭ ਕੁੱਝ ਸੰਭਵ ਹੈ। ਉਸ ਦੇ ਮਨ ਵਿਚ ਇੱਕ ਯੋਜਨਾ ਸੀ। ਫ਼ੌਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿੱਤਾ, ਜਦੋਂ ਕਮਾਂਡਰਾਂ ਨੇ ਪੁੱਛਿਆ ਕਿ ਸਰਦਾਰ ਕਿਧਰ ਨੂੰ? ਤਾਂ ਸਦਾ ਕੌਰ ਨੇ ਉਤਰ ਦਿੱਤਾ ਕਿ ਅੰਮ੍ਰਿਤਸਰ ਇਸ਼ਨਾਨ ਕਰਨ ਲਈ। ਸਾਰੇ ਪਾਸੇ ਇਹ ਖ਼ਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਰਾਣੀ ਸਦਾ ਕੌਰ ਆਪਣੇ ਜੁਆਈ ਨਾਲ ਅੰਮ੍ਰਿਤਸਰ ਇਸ਼ਨਾਨ ਕਰਨ ਜਾ ਰਹੀ ਹੈ। ਸਾਰੇ ਅਮਲੇ ਨੇ ਦੁਪਹਿਰ ਤੋਂ ਬਾਅਦ ਬਟਾਲੇ ਤੋਂ ਕੂਚ ਕੀਤਾ ਅਤੇ ਸ਼ਾਮ ਨੂੰ ਅੰਮ੍ਰਿਤਸਰ ਪਹੁੰਚ ਗਏ। ਸਭ ਨੇ ਸਰੋਵਰ ਵਿਚ ਇਸ਼ਨਾਨ ਕੀਤਾ, ਮੱਥਾ ਟੇਕਿਆ, ਅਰਦਾਸ ਕੀਤੀ ਅਤੇ ਸ਼ਹਿਰ ਦੇ ਬਾਹਰ ਡੇਰਾ ਲਾ ਲਿਆ। ਫਿਰ ਸਦਾ ਕੌਰ ਨੇ ਸਾਰੇ ਕਮਾਂਡਰਾਂ ਨੂੰ ਮੀਟਿੰਗ ਲਈ ਬੁਲਾਇਆ ਅਤੇ ਆਪਣੀ ਯੁੱਧ-ਨੀਤੀ ਦੱਸੀ। ਜਦੋਂ ਮੀਟਿੰਗ ਖ਼ਤਮ ਹੋਈ ਤਾਂ ਅੱਧੀ ਰਾਤ ਬੀਤ ਚੁੱਕੀ ਸੀ। ਇੱਕਦਮ ਘੋੜਿਆਂ ਨੂੰ ਕਾਠੀਆਂ ਪਾ ਲਈਆਂ ਗਈਆਂ ਅਤੇ ਕੂਚ ਕਰ ਦਿੱਤਾ। ਸੂਰਜ ਚੜ੍ਹਦੇ ਤੱਕ ਰਣਜੀਤ ਸਿੰਘ ਆਪਣੀ ਸੱਸ ਸਮੇਤ ਲਾਹੌਰ ਦੇ ਦਰਵਾਜ਼ਿਆਂ ਤੱਕ ਪਹੁੰਚ ਗਿਆ ਅਤੇ ਨਵਾਬ ਵਜ਼ੀਰ ਖਾਨ ਦੀ ਜ਼ਮੀਨ ‘ਤੇ ਛਉਣੀ ਪਾ ਲਈ। ਵਜ਼ੀਰ ਖਾਨ ਬਿਨਾਂ ਕਿਸੇ ਦੀ ਜਾਣਕਾਰੀ ਦੇ ਚੁੱਪ-ਚਾਪ ਲਾਹੌਰ ਤੋਂ ਖਿਸਕ ਗਿਆ। ਇਹ ਸਦਾ ਕੌਰ ਦੀ ਵਿਉਂਤ ਸਦਕਾ ਸੀ।
ਰਣਜੀਤ ਸਿੰਘ ਨੂੰ ਪਹੁੰਚਿਆ ਦੇਖ ਕੇ ਲਾਹੌਰ ਦੇ ਰਾਜਿਆਂ ਨੇ ਹਿਫ਼ਾਜ਼ਤ ਕਰਨ ਲਈ ਫ਼ੌਜ ਭੇਜੀ ਪਰ ਕਿਸੇ ਨੇ ਲੜਾਈ ਨਹੀਂ ਕੀਤੀ। ਇਹ ਸਦਾ ਕੌਰ ਦੀ ਰਣਨੀਤੀ ਦਾ ਜਾਦੂਈ ਅਸਰ ਸੀ। ਸਦਾ ਕੌਰ ਨੇ ਸਮਝੌਤੇ ਨਾਲ ਹਥਿਆਰ ਸੁੱਟਵਾ ਲਏ ਅਤੇ ਲਾਹੌਰ ਉਤੇ ਕਬਜ਼ੇ ਤੋਂ ਬਾਅਦ ਨੌਕਰੀਆਂ ਦੀ ਪੇਸ਼ਕਸ਼ ਕੀਤੀ। ਲਾਹੌਰ ਵਾਸੀਆਂ ਨੇ ਆਪਣਾ ਵਾਅਦਾ ਨਿਭਾਇਆ ਅਤੇ ਦਰਵਾਜ਼ੇ ਖੋਲ੍ਹ ਦਿੱਤੇ। ਰਣਜੀਤ ਸਿੰਘ ਇੱਕ ਵੀ ਗੋਲੀ ਚਲਾਏ ਬਿਨਾਂ ਲਾਹੌਰ ਅੰਦਰ ਦਾਖ਼ਲ ਹੋ ਗਿਆ। ਦੋ ਸਰਦਾਰ ਦੌੜ ਗਏ ਅਤੇ ਤੀਸਰੇ ਨੇ ਕਿਲੇ ਅੰਦਰੋਂ ਬਗ਼ਾਵਤ ਕਰ ਦਿੱਤੀ। ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਤੁਰੰਤ ਕਿਲੇ ਨੂੰ ਘੇਰ ਲਿਆ ਅਤੇ ਮੋਰਚਿਆਂ ਵਿਚੋਂ ਗੋਲੀਆਂ ਚਲਾਉਣ ਲੱਗੇ। ਪਰ ਇਸ ਦਾ ਕਿਲੇ ‘ਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਇਸ ਤਰ੍ਹਾਂ ਲਾਹੌਰ ਦੇ ਅੰਦਰ ਜਾ ਕੇ ਉਸ ਨੂੰ ਇੱਕ ਹੋਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ। ਉਸ ਨੇ ਇੱਕ ਵਾਰ ਫਿਰ ਸਦਾ ਕੌਰ ਤੋਂ ਸਲਾਹ ਲਈ, “ਮਾਤਾ ਜੀ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ?” ਸਦਾ ਕੌਰ ਨੇ ਮੋੜਵਾਂ ਪ੍ਰਸ਼ਨ ਕੀਤਾ “ਕੀ ਤੁਸੀਂ ਸੋਚਦੇ ਹੋ ਕਿ ਗੋਲੀਆਂ ਨਾਲ ਕਿਲੇ ‘ਤੇ ਕਬਜ਼ਾ ਹੋ ਸਕਦਾ ਹੈ?” ਰਣਜੀਤ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ‘ਨਾਂਹ’ ਵਿਚ ਉਤਰ ਦਿੱਤਾ, ਜਿਸ ‘ਤੇ ਸਦਾ ਕੌਰ ਨੇ ਫਿਰ ਪ੍ਰਸ਼ਨ ਕੀਤਾ ਕਿ ਗੋਲੀ-ਸਿੱਕਾ ਕਿਉਂ ਬਰਬਾਦ ਕੀਤਾ ਜਾ ਰਿਹਾ ਸੀ? ਰਣਜੀਤ ਸਿੰਘ ਨੇ ਸਿਰ ਨੀਵਾਂ ਕਰ ਲਿਆ ਤਾਂ ਸਦਾ ਕੌਰ ਨੇ ਤੁਰੰਤ ਗੋਲੀਆਂ ਬੰਦ ਕਰਾਉਣ ਲਈ ਕਿਹਾ। ਰਣਜੀਤ ਸਿੰਘ ਨੂੰ ਆਪਣੀ ਸੱਸ ਦੀ ਸਿਆਣਪ ‘ਤੇ ਭਰੋਸਾ ਸੀ। ਉਸ ਨੇ ਬਿਨਾਂ ਕਿਸੇ ਪ੍ਰਸ਼ਨ ਦੇ ਗੋਲੀਆਂ ਚਲਾਉਣੀਆਂ ਬੰਦ ਕਰਾ ਦਿੱਤੀਆਂ।
ਸਦਾ ਕੌਰ ਉਸੇ ਵੇਲੇ ਹੱਥ ਵਿਚ ਚਿੱਟਾ ਝੰਡਾ ਲੈ ਕੇ ਮੋਰਚੇ ਤੋਂ ਬਾਹਰ ਆਈ ਅਤੇ ਕਿਲੇ ਵੱਲ ਵਧੀ। ਕਿਲੇ ਦੇ ਦਰਵਾਜ਼ੇ ‘ਤੇ ਚੇਤ ਸਿੰਘ ਦਾ ਦੂਤ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਚੇਤ ਸਿੰਘ ਨੂੰ ਮਿਲਣ ਲਈ ਕਿਹਾ ਤਾਂ ਦੂਤ ਨੇ ਪੁੱਛਿਆ ਕਿ ਉਹ ਕੌਣ ਸੀ? ਸਦਾ ਕੌਰ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਚੇਤ ਸਿੰਘ ਦੇ ਫ਼ਾਇਦੇ ਵਾਸਤੇ ਹੀ ਉਸ ਨੂੰ ਮਿਲਣਾ ਚਾਹੁੰਦੀ ਸੀ। ਥੋੜੀ ਦੇਰ ਬਾਅਦ ਦੂਤ ਵਾਪਸ ਆਇਆ ਅਤੇ ਸੁਨੇਹਾ ਦਿੱਤਾ ਕਿ ਸਰਦਾਰ ਕਿਲੇ ਦੇ ਅੰਦਰ ਹੀ ਮਿਲਣਾ ਚਾਹੁੰਦਾ ਸੀ। ਰਾਣੀ ਨੇ ਦੱਸਿਆ ਕਿ ਉਸ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਉਸ ਲਈ ਚੇਤ ਸਿੰਘ ਵੀ ਰਣਜੀਤ ਸਿੰਘ ਵਰਗਾ ਹੀ ਪੁੱਤਰ ਸੀ। ਚੇਤ ਸਿੰਘ ਉਸ ਦਾ ਦੂਰ ਦਾ ਰਿਸ਼ਤੇਦਾਰ ਸੀ। ਉਸ ਨੇ ਅੰਦਰ ਜਾਂਦਿਆਂ ਹੀ ਕਿਲੇ ਦੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਦੇਖਿਆ ਕਿ ਕਿਲੇ ਅੰਦਰ ਹਾਲਾਤ ਵਿਗੜ ਰਹੇ ਸਨ। ਚੇਤ ਸਿੰਘ ਨੂੰ ਮਿਲਦਿਆਂ ਹੀ ਉਸ ਨੇ ਦੱਸਿਆ ਕਿ ਉਹ ਉਸ ਦਾ ਕੋਈ ਨੁਕਸਾਨ ਨਹੀਂ ਸੀ ਕਰਨਾ ਚਾਹੁੰਦੀ ਅਤੇ ਉਸ ਦੇ ਭਲੇ ਵਾਸਤੇ ਆਈ ਸੀ। ਚੇਤ ਸਿੰਘ ਪਹਿਲਾਂ ਹੀ ਡਰਿਆ ਹੋਇਆ ਸੀ ਅਤੇ ਉਸ ਦੀ ਗੱਲ ਸੁਣ ਕੇ ਹੋਰ ਡਰ ਗਿਆ। ਉਸ ਨੂੰ ਨਹੀਂ ਸੀ ਪਤਾ ਕਿ ਉਸ ‘ਤੇ ਕੀ ਆਫ਼ਤ ਆ ਪਵੇਗੀ।
ਉਸ ਨੇ ਚੇਤ ਸਿੰਘ ਨੂੰ ਸਮਝਾਇਆ ਕਿ ਰਣਜੀਤ ਸਿੰਘ ਕੋਲ ਫ਼ੌਜੀ ਤਾਕਤ ਹੈ ਅਤੇ ਉਸ ਨੇ ਗੋਲੀਬੰਦੀ ਲਈ ਉਸ ਨੂੰ ਬੜੀ ਮੁਸ਼ਕਿਲ ਨਾਲ ਮਨਾਇਆ ਸੀ ਅਤੇ ਸਾਰੇ ਸਰਦਾਰਾਂ ਨੇ ਰਣਜੀਤ ਸਿੰਘ ਦੀ ਤਾਕਤ ਨੂੰ ਸਵੀਕਾਰ ਕਰ ਲਿਆ ਸੀ। ਚੇਤ ਸਿੰਘ ਕੋਲ ਏਨੀ ਫ਼ੌਜੀ ਸ਼ਕਤੀ ਨਹੀਂ ਸੀ ਕਿ ਉਹ ਰਣਜੀਤ ਸਿੰਘ ਦਾ ਸਾਹਮਣਾ ਕਰ ਸਕੇ। ਇਸ ਲਈ ਉਹ ਮਾਰਿਆ ਵੀ ਜਾ ਸਕਦਾ ਸੀ। ਚੇਤ ਸਿੰਘ ਨੇ ਸਵਾਲ ਕੀਤਾ ਕਿ ਅਗਰ ਮਰਨਾ ਹੀ ਹੈ ਤਾਂ ਬਹਾਦਰ ਸਿਪਾਹੀ ਦੀ ਤਰ੍ਹਾਂ ਲੜ ਕੇ ਕਿਉਂ ਨਾ ਮਰਿਆ ਜਾਵੇ? ਸਦਾ ਕੌਰ ਨੇ ਫਿਰ ਸਮਝਾਇਆ ਕਿ ਮਰਨ ਦੀ ਲੋੜ ਨਹੀਂ ਕਿਉਂਕਿ ਉਹ ਬਾਲ-ਬੱਚੇਦਾਰ ਸੀ। ਜੇ ਉਹ ਉਸ ਦੀ ਮੌਤ ਹੀ ਚਾਹ ਰਹੀ ਹੁੰਦੀ ਤਾਂ ਉਸ ਕੋਲ ਚੱਲ ਕੇ ਕਿਉਂ ਆਉਂਦੀ? ਉਸ ਨੇ ਫਿਰ ਸਮਝਾਇਆ ਕਿ ਜੇ ਉਹ ਕਿਲਾ ਛੱਡ ਦੇਵੇ ਤਾਂ ਨਾ ਸਿਰਫ ਉਹ ਤੇ ਉਸ ਦਾ ਪਰਿਵਾਰ ਸਹੀ ਸਲਾਮਤ ਰਹਿਣਗੇ ਸਗੋਂ ਉਹ ਉਨ੍ਹਾਂ ਦੀ ਲਗਾਤਾਰ ਗੁਜ਼ਾਰੇ ਦੀ ਵੀ ਜਿੰਮੇਵਾਰੀ ਲਵੇਗੀ।
ਸਦਾ ਕੌਰ ਦੇ ਸ਼ਬਦਾਂ ਨੇ ਚੇਤ ਸਿੰਘ ਦੇ ਮਨ ਤੇ ਕਾਟ ਕੀਤੀ ਅਤੇ ਚੇਤ ਸਿੰਘ ਕਿਲਾ ਛੱਡਣ ਲਈ ਮੰਨ ਗਿਆ। ਦੋ ਘੰਟੇ ਬਾਅਦ ਉਹ ਰਾਣੀ ਸਦਾ ਕੌਰ ਨਾਲ ਰਣਜੀਤ ਸਿੰਘ ਦੇ ਤੰਬੂ ਵਿਚ ਗਿਆ ਅਤੇ ਕਿਲੇ ਦੀਆਂ ਚਾਬੀਆਂ ਸੌਂਪ ਦਿੱਤੀਆਂ। ਲਾਹੌਰ ਦੇ ਕਿਲੇ ‘ਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ਅਤੇ ਕਿਲੇ ‘ਤੇ ਕੇਸਰੀ ਨਿਸ਼ਾਨ ਝੂਲਣ ਲੱਗਾ। ਸਦਾ ਕੌਰ ਦੇ ਕੀਤੇ ਵਾਅਦੇ ਅਨੁਸਾਰ ਚੇਤ ਸਿੰਘ ਨੂੰ ਜਗੀਰ ਲਾ ਦਿੱਤੀ ਗਈ। ਲਾਹੌਰ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ ਗਏ, ਕਿਲੇ ਨੂੰ ਮਜ਼ਬੂਤ ਕੀਤਾ ਗਿਆ ਅਤੇ ਭਵਿੱਖ ਵਿਚ ਸੁਰੱਖਿਆ ਲਈ ਕਿਲੇ ਦੁਆਲੇ ਖਾਈਆਂ ਪੁੱਟ ਦਿੱਤੀਆਂ ਗਈਆਂ। ਇਸੇ ਸਮੇਂ ਖ਼ਬਰ ਮਿਲੀ ਕਿ ਜੋਧ ਸਿੰਘ ਰਾਮਗੜ੍ਹੀਆ, ਗੁਲਾਬ ਸਿੰਘ ਭੰਗੀ, ਸਾਹਿਬ ਸਿੰਘ ਭੰਗੀ, ਨਿਜਾਮ ਦੀਨ ਕਸੂਰੀਆ ਅਤੇ ਕੁੱਝ ਹੋਰ ਸਰਦਾਰਾਂ ਨੇ ਆਪਣੀਆਂ ਫ਼ੌਜਾਂ ਨਾਲ ਬਸੀਨ ਦੇ ਮੈਦਾਨਾਂ ਵਿਚ ਡੇਰੇ ਲਾ ਲਏ ਸਨ। ਉਹ ਵਾਧੂ ਨਫ਼ਰੀ ਦੀ ਇੰਤਜ਼ਾਰ ਕਰ ਰਹੇ ਸਨ ਅਤੇ ਲਾਹੌਰ ‘ਤੇ ਹਮਲੇ ਦੀ ਤਿਆਰੀ ਵਿਚ ਸਨ। ਰਣਜੀਤ ਸਿੰਘ ਨੂੰ ਬਹੁਤ ਚਿੰਤਾ ਹੋ ਗਈ, ਇਸ ਕਰਕੇ ਨਹੀਂ ਕਿ ਉਹ ਜੁੱਧ ਤੋਂ ਡਰਦਾ ਸੀ ਪਰ ਇਸ ਲਈ ਕਿ ਉਸ ਦੀ ਆਪਣੀ ਫ਼ੌਜ ਖਿਲਰੀ ਹੋਈ ਸੀ। ਲਾਹੌਰ ਦੀ ਜਿੱਤ ਤੋਂ ਬਾਅਦ ਨਾ ਹੀ ਉਸ ਨੇ ਆਪਣੀ ਫ਼ੌਜ ਨੂੰ ਲੁੱਟ ਮਚਾਉਣ ਦੀ ਆਗਿਆ ਦਿੱਤੀ ਸੀ ਅਤੇ ਨਾ ਹੀ ਉਹ ਕਈ ਮਹੀਨੇ ਤੋਂ ਤਨਖਾਹਾਂ ਦੇ ਸਕਿਆ ਸੀ। ਸਿਪਾਹੀਆਂ ਨੇ ਖੁਲ੍ਹੇ-ਆਮ ਐਲਾਨ ਕਰ ਦਿੱਤਾ ਸੀ ਕਿ ਉਹ ਤਨਖਾਹ ਲਏ ਬਿਨਾ ਨਹੀਂ ਲੜਨਗੇ। ਰਣਜੀਤ ਸਿੰਘ ਖਾਲੀ ਹੱਥ ਸੀ ਕਿਉਂਕਿ ਉਸ ਦਾ ਆਪਣਾ ਖ਼ਜਾਨਾ ਸਿਆਲਕੋਟ ਵਿਚ ਸੀ ਜਿਸ ਦਾ ਰਾਹ ਦੁਸ਼ਮਣਾਂ ਨੇ ਰੋਕ ਰੱਖਿਆ ਸੀ। ਉਸ ਸਵੇਰ ਉਸ ਨੇ ਆਪਣੀ ਚਿੰਤਾ ਰਾਣੀ ਸਦਾ ਕੌਰ ਕੋਲ ਜ਼ਾਹਰ ਕੀਤੀ, ਜਿਸ ਨੇ ਉਸ ਨੂੰ ਭਰੋਸਾ ਦਿੱਤਾ ਕਿ ਕੁੱਝ ਨਾ ਕੁੱਝ ਪ੍ਰਬੰਧ ਹੋ ਜਾਵੇਗਾ।
ਰਣਜੀਤ ਸਿੰਘ ਚਿੰਤਾ ਵਿਚ ਸੀ ਕਿ ਲੱਖਾਂ ਰੁਪਏ ਦਾ ਇੰਤਜ਼ਾਮ ਰਾਣੀ ਕਿਥੋਂ ਕਰੇਗੀ? ਉਹ ਫ਼ਿਕਰ ਵਿਚ ਗੁੰਮ ਸੀ ਜਦੋਂ ਪਹਿਰੇਦਾਰ ਨੇ ਕਿਹਾ ਕਿ ਰਾਣੀ ਜੀ ਇਸ ਪਾਸੇ ਆ ਰਹੇ ਹਨ। ਰਣਜੀਤ ਸਿੰਘ ਨੇ ਕਿਹਾ ਕਿ ਆਉਣ ਦਿੱਤਾ ਜਾਵੇ ਅਤੇ ਉਸ ਦੀ ਆਸ ਬੱਝੀ। ਸਦਾ ਕੌਰ ਇਕੱਲੀ ਨਹੀਂ ਸੀ, ਉਸ ਨਾਲ ਸੌ ਸਾਲ ਦਾ ਇੱਕ ਮੁਸਲਮਾਨ ਬਜ਼ੁਰਗ ਵੀ ਸੀ। ਉਸ ਬਜ਼ੁਰਗ ਦੀ ਅਗਵਾਈ ਵਿਚ ਕਿਲੇ ਦਾ ਇੱਕ ਕੋਨਾ ਪੁੱਟਿਆ ਗਿਆ ਜਿਸ ਵਿਚੋਂ ਮੀਰ ਮਨੂੰ ਦੇ ਦੱਬੇ ਹੋਏ ਖ਼ਜਾਨੇ ਦੇ ਕਰੋੜਾਂ ਰੁਪਏ ਨਿਕਲੇ ਅਤੇ ਪਿਛਲੀ ਤਨਖਾਹ ਦੇ ਨਾਲ ਦੋ ਮਹੀਨੇ ਦੀ ਅਗਾਊਂ ਤਨਖਾਹ ਵੀ ਪਾ ਕੇ ਸਿਪਾਹੀ ਲੜਨ ਲਈ ਤਤਪਰ ਹੋ ਗਏ। ਬਜ਼ੁਰਗ ਦੇ ਇਸ਼ਾਰੇ ਤੇ ਇੱਕ ਹੋਰ ਥਾਂ ਪੁੱਟੀ ਗਈ ਜਿੱਥੋਂ ਹਥਿਆਰਾਂ ਅਤੇ ਗੋਲੀ-ਸਿੱਕੇ ਦਾ ਵੱਡਾ ਭੰਡਾਰ ਮਿਲਿਆ। ਬਜ਼ੁਰਗ ਨੂੰ ਬਹੁਤ ਸਾਰੇ ਨਜ਼ਰਾਨੇ ਦੇ ਕੇ ਵਿਦਾ ਕੀਤਾ ਗਿਆ ਜਿਸ ਨੂੰ ਲੱਭਣ ਲਈ ਸਦਾ ਕੌਰ ਨੂੰ ਸਾਰਾ ਦਿਨ ਲੱਗ ਗਿਆ ਸੀ। ਇੱਕ ਵਾਰ ਫਿਰ ਉਸ ਨੇ ਆਪਣੀ ਸਿਆਣਪ ਅਤੇ ਦੂਰ-ਅੰਦੇਸ਼ੀ ਦਾ ਸਬੂਤ ਦਿੱਤਾ। ਪੂਰੀ ਤਿਆਰੀ ਨਾਲ ਉਸ ਨੇ ਆਪ ਵੀ ਬਸੀਨ ਦੀ ਜੰਗ ਵਿਚ ਹਿੱਸਾ ਲਿਆ। ਉਸ ਦੀ ਸਿਆਣਪ ਸਦਕਾ ਇੱਕ ਵਾਰ ਫੇਰ ਦੁਸ਼ਮਣ ਦੀਆਂ ਬਹੁਤ ਸਾਰੀਆਂ ਫ਼ੌਜਾਂ ਰਣਜੀਤ ਸਿੰਘ ਨਾਲ ਮਿਲ ਗਈਆਂ ਅਤੇ ਰਣਜੀਤ ਸਿੰਘ ਜੇਤੂ ਬਣ ਕੇ ਲਾਹੌਰ ਪਰਤਿਆ।
ਹੁਣ ਰਣਜੀਤ ਸਿੰਘ ਦਾ ਲਾਹੌਰ ‘ਤੇ ਪੂਰਨ ਕਬਜ਼ਾ ਸੀ ਅਤੇ ਤੁਰੰਤ ਕਿਸੇ ਕਿਸਮ ਦਾ ਕੋਈ ਖ਼ਤਰਾ ਨਹੀਂ ਸੀ। ਸਦਾ ਕੌਰ ਆਪਣੇ ਜੁਆਈ ਦੇ ਲਾਹੌਰ ਦੇ ਤਖ਼ਤ ‘ਤੇ ਪੈਰ ਜਮਾ ਕੇ ਅਤੇ ਉਸ ਨੂੰ ਮਹਾਰਾਜਾ ਬਣਾ ਕੇ ਬਟਾਲੇ ਪਰਤਣ ਦੀ ਤਿਆਰੀ ਕਰਨ ਲੱਗੀ। ਮਹਾਰਾਜਾ ਉਸ ਨੂੰ ਅੰਮ੍ਰਿਤਸਰ ਤੱਕ ਛੱਡਣ ਆਇਆ। ਉਹ ਉਸ ਦਾ ਕਿਸੇ ਦੇਵੀ ਵਾਂਗ ਸਤਿਕਾਰ ਕਰਨ ਲੱਗਾ ਕਿਉਂਕਿ ਉਸ ਦੀਆਂ ਪ੍ਰਾਪਤੀਆਂ ਦਾ ਸਿਹਰਾ ਸਦਾ ਕੌਰ ਨੂੰ ਜਾਂਦਾ ਸੀ। ਜੇ ਸੋਚਿਆ ਜਾਵੇ ਤਾਂ ਸਿੱਖ ਰਾਜ ਦੀ ਨੀਂਹ ਰੱਖਣ ਵਾਲੀ ਅਸਲ ਵਿਚ ਰਾਣੀ ਸਦਾ ਕੌਰ ਸੀ।
(ਚਲਦਾ)
Leave a Reply