ਜ਼ਿੰਦਗੀ ਜ਼ਿੰਦਾਦਿਲੀ ਦਾ ਦੂਜਾ ਨਾਂ

ਸ਼ੰਕਰ ਮਹਿਰਾ, ਲੁਧਿਆਣਾ
ਫੋਨ: 91-99888-98227
ਜ਼ਿੰਦਗੀ ਕੀ ਹੈ? ਇਸ ਬਾਰੇ ਲੋਕਾਂ ਦੀਆਂ ਅਜੀਬ ਅਜੀਬ ਧਾਰਨਾਵਾਂ ਹਨ। ਕੋਈ ਜ਼ਿੰਦਗੀ ਨੂੰ ਕਲਾ ਦੱਸਦਾ ਹੈ, ਕੋਈ ਤਪੱਸਿਆ; ਕੋਈ ਜ਼ਿੰਦਗੀ ਨੂੰ ਜੱਦੋ-ਜਹਿਦ ਦੱਸਦਾ ਹੈ ਅਤੇ ਕੋਈ ਸਫਰ ਦਾ ਨਾਂ ਦਿੰਦਾ ਹੈ; ਕੋਈ ਇਸ ਨੂੰ ਗੱਲ ਪਿਆ ਢੋਲ ਵਜਾਉਣਾ ਕਹਿੰਦਾ ਹੈ, ਕੋਈ ਜ਼ਿੰਦਾਦਿਲੀ ਵਜੋਂ ਸਨਮਾਨਦਾ ਹੈ ਅਤੇ ਕੋਈ ਕਰਮਾਂ ਦਾ ਫਲ ਤੇ ਕੋਈ ਕੰਡਿਆਂ ਦੀ ਸੇਜ। ਗੱਲ ਕੀ, ਅਣਗਿਣਤ ਧਾਰਨਾਵਾਂ ਹਨ, ਜ਼ਿੰਦਗੀ ਸਬੰਧੀ। ਫਿਰ ਵੀ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ ਆਦਿ ਤੱਕ ਦਾ ਸਫਰ ਤੈਅ ਕਰਦਿਆਂ ਜੋ ਸਮਾਂ ਆ ਜਾਂਦਾ ਹੈ, ਉਹੀ ਜ਼ਿੰਦਗੀ ਹੈ।

ਜ਼ਿੰਦਗੀ ਇਕ ਛੋਟਾ ਜਿਹਾ ਸ਼ਬਦ ਆਪਣੇ ਆਪ ਵਿਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ। ਜ਼ਿੰਦਗੀ ਨਾਂ ਹੈ ਦੁੱਖਾਂ ਤੇ ਸੁੱਖਾਂ ਦਾ; ਪਿਆਰ ਤੇ ਤਕਰਾਰ ਦਾ; ਦੋਸਤੀ ਤੇ ਚਾਹਤ ਦਾ; ਖੁਸ਼ੀਆਂ ਅਤੇ ਗਮੀਆਂ ਦਾ ਪਾਉਣ ਤੇ ਗਵਾਉਣ ਦਾ; ਰੁੱਸਣ ਤੇ ਮਨਾਉਣ ਦਾ ਅਤੇ ਆਸ ਅਤੇ ਨਿਰਾਸ਼ਾ ਦਾ।
ਵੱਖ ਵੱਖ ਵਿਦਵਾਨਾਂ ਦੇ ਜ਼ਿੰਦਗੀ ਬਾਰੇ ਵੱਖ-ਵੱਖ ਮੱਤ ਹਨ। ਅੰਗਰੇਜ਼ੀ ਕਵੀ ਵਿਲੀਅਮ ਸ਼ੇਕਸਪੀਅਰ ਅਨੁਸਾਰ “ਜ਼ਿੰਦਗੀ ਇੱਕ ਰੰਗਮੰਚ ਹੈ, ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ।”
ਨਿਊ ਰਿਟੀਅਸ ਅਨੁਸਾਰ “ਜ਼ਿੰਦਗੀ ਹਨੇਰੇ ਵਿਚ ਜੱਦੋ-ਜਹਿਦ ਹੈ।”
ਮੁਨਸ਼ੀ ਪ੍ਰੇਮ ਚੰਦ ਅਨੁਸਾਰ “ਖਾਣ ਅਤੇ ਪੀਣ ਦਾ ਨਾਂ ਜੀਵਨ ਨਹੀਂ, ਜੀਵਨ ਸਦਾ ਹੀ ਅੱਗੇ ਵਧਦੇ ਰਹਿਣ ਦੀ ਲਗਨ ਦਾ ਨਾਂ ਹੈ।
ਗੋਰਕੀ ਅਨੁਸਾਰ “ਜੀਵਨ ਚਾਬਕ ਮਾਰ ਕੇ ਚਲਾਉਣ ਵਾਲਾ ਘੋੜਾ ਨਹੀਂ ਹੈ।”
ਜੇਏਲਰ ਅਨੁਸਾਰ “ਜੀਵਨ ਇੱਕ ਬਾਜੀ ਵਾਂਗ ਹੈ, ਹਾਰ-ਜਿੱਤ ਬੇਸ਼ਕ ਸਾਡੇ ਹੱਥ ਵਿਚ ਨਹੀਂ, ਪਰ ਬਾਜੀ ਖੇਡਣਾ ਤਾਂ ਸਾਡੇ ਹੱਥ ਵਿਚ ਹੈ।”
ਡਾ. ਰਾਧਾ ਕ੍ਰਿਸ਼ਨਨ ਨੇ ਇੱਕ ਥਾਂ ਲਿਖਿਆ ਹੈ ਕਿ ਜ਼ਿੰਦਗੀ ਤਾਸ਼ ਦੇ ਪੱਤਿਆਂ ਦੀ ਵੰਡ ਵਾਂਗ ਹੈ। ਕਿਸੇ ਨੂੰ ਯੱਕੇ, ਬੇਗੀਆਂ ਤੇ ਬਾਦਸ਼ਾਹ ਜਿਹੇ ਭਾਰੀ ਪੱਤੇ ਆ ਜਾਂਦੇ ਹਨ ਅਤੇ ਕਿਸੇ ਨੂੰ ਸਿਰਫ ਦੁੱਕੀਆਂ ਤਿੱਕੀਆਂ ਹੀ ਆਉਂਦੀਆਂ ਹਨ। ਖੇਡਣ ਵਾਲੇ ਨੇ ਆਪਣੇ ਪੱਤਿਆਂ ਨਾਲ ਖੇਡਣਾ ਹੁੰਦਾ ਹੈ। ਵਧੀਆ ਖਿਡਾਰੀ ਓਹੀ ਗਿਣਿਆ ਜਾਂਦਾ ਹੈ, ਜੋ ਹਿੱਸੇ ਆਏ ਪੱਤਿਆਂ ਰਾਹੀਂ ਸਿਆਣਪ ਨਾਲ ਖੇਡੇ। ਕਈ ਵਾਰ ਬਾਦਸ਼ਾਹ ਨੂੰ ਵੀ ਦੁੱਕੀਆਂ ਦੀ ਈਨ ਮੰਨਣੀ ਪੈਂਦੀ ਹੈ।
ਮਨੋਵਿਗਿਆਨੀਆਂ ਨੇ ਵੀ ਵਿਗਿਆਨਕ ਆਧਾਰ ‘ਤੇ ਤਜਰਬੇ ਕਰਕੇ ਵਾਰ ਵਾਰ ਸਿੱਧ ਕੀਤਾ ਹੈ ਕਿ ਹਾਂਪੱਖੀ ਸੋਚ, ਪ੍ਰਤੀਬੱਧਤਾ, ਲਗਨ ਤੇ ਦ੍ਰਿੜ੍ਹ ਵਿਸ਼ਵਾਸ ਦੇ ਸਾਹਮਣੇ ਸਭ ਮੁਸੀਬਤਾਂ ਸਿਰ ਝੁਕਾ ਦਿੰਦੀਆਂ ਹਨ ਅਤੇ ਅਜਿਹੇ ਮਨੁੱਖ ਦਾ ਕੁਦਰਤ ਵੀ ਸਾਥ ਦੇਣ ਲੱਗਦੀ ਹੈ। ਕਿਸੇ ਸ਼ਾਇਰ ਨੇ ਕਿੰਨਾ ਖੂਬ ਲਿਖਿਆ ਹੈ,
ਖੁਦੀ ਕੋ ਕਰ ਬੁਲੰਦ ਇਤਨਾ
ਕਿ ਹਰ ਤਕਦੀਰ ਲਿਖਨੇ ਸੇ ਪਹਿਲੇ
ਖੁਦਾ ਬੰਦੇ ਸੇ ਪੂਛੇ
ਬਤਾ ਤੇਰੀ ਰਜ਼ਾ ਕਿਆ ਹੈ।
ਜ਼ਿੰਦਗੀ ਜਿਉਣਾ ਵੀ ਇਕ ਕਲਾ ਹੈ, ਕਲਾ ਹੀ ਨਹੀਂ ਸਗੋਂ ਇਕ ਤਪੱਸਿਆ ਹੈ। ਜੀਵਨ ਵਿਕਾਸ ਦਾ ਸਿਧਾਂਤ ਹੈ, ਸਥਿਰ ਰਹਿਣ ਦਾ ਨਹੀਂ। ਜ਼ਿੰਦਗੀ ਜਿਉਣਾ ਹੋਰ ਗੱਲ ਹੈ ਅਤੇ ਭੋਗਣਾ ਹੋਰ। ਜ਼ਿੰਦਗੀ ਜਿਉਣ ਵਾਲੇ ਬੰਦੇ ਉਹ ਹੁੰਦੇ ਹਨ, ਜੋ ਆਪਣੀ ਜ਼ਿੰਦਗੀ ਦੇ ਮਾਲਕ ਆਪ ਹੁੰਦੇ ਹਨ। ਆਪ ਇਸ ਨੂੰ ਸੇਧ ਦਿੰਦੇ ਹਨ, ਮਕਸਦ ਦਿੰਦੇ ਹਨ, ਇਸ ਵਿਚ ਰੰਗ ਭਰਦੇ ਹਨ। ਜ਼ਿੰਦਗੀ ਭੋਗਣ ਜਾਂ ਕੱਟਣ ਵਾਲੇ ਬੰਦੇ ਉਹ ਹੁੰਦੇ ਹਨ, ਜਿਨ੍ਹਾਂ ਨੂੰ ਜ਼ਿੰਦਗੀ ਆਪ ਚਲਾਉਂਦੀ ਹੈ। ਕਦੇ ਰੁਆਉਂਦੀ, ਕਦੇ ਹਸਾਉਂਦੀ ਹੈ। ਉਹ ਜ਼ਿੰਦਗੀ ਦੇ ਗੁਲਾਮ ਬਣੇ ਰਹਿੰਦੇ ਹਨ। ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾਂ ਰੱਬ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ।
ਜ਼ਿੰਦਗੀ ਵਿਚ ਦੁੱਖ ਸੁਖ ਨਾਲ ਨਾਲ ਚਲਦੇ ਹਨ। ਦੁੱਖਾਂ ਵਿਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਸਗੋਂ ਹਿੰਮਤ ਅਤੇ ਦਲੇਰੀ ਨਾਲ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਇੱਕ ਵਾਰ ਕਿਸੇ ਬੰਦੇ ਨੇ ਇੱਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਬਚਨ ਕਰੋ, ਜਿਸ ਨਾਲ ਆਤਮ ਵਿਸ਼ਵਾਸ ਮਜਬੂਤ ਹੋਵੇ। ਉਸ ਸਿੱਧ ਪੁਰਖ ਨੇ ਜਵਾਬ ਦਿੱਤਾ, “ਇਹ ਸਮਾਂ ਵੀ ਗੁਜਰ ਜਾਏਗਾ।”
ਸੱਚਮੁੱਚ ਉਸ ਭਲੇ ਪੁਰਖ ਦਾ ਜਵਾਬ ਬਹੁਤ ਕਮਾਲ ਦਾ ਸੀ। ਸੁੱਖ ਵਿਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ ਵਿਚ ਹਿੰਮਤ। ਚੰਗਾ ਅਤੇ ਮਾੜਾ ਸਮਾਂ ਨਾਲ ਨਾਲ ਚਲਦਾ ਹੈ-ਦੁੱਖ ਤੇ ਸੁੱਖ ਇੱਕੋ ਸਿੱਕੇ ਦੇ ਦੋ ਪਹਿਲੂ ਹਨ।
ਸ਼ਾਇਦ ਇਸੇ ਲਈ ਕਹਿੰਦੇ ਹਨ ਕਿ ਪਰਮਾਤਮਾ ਨੇ ਹਰ ਵਸਤੂ ਜੋੜਿਆਂ ਵਿਚ ਬਣਾਈ-ਦਿਨ ਤੇ ਰਾਤ, ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ, ਚੰਗਾ ਤੇ ਬੁਰਾ ਤਾਂ ਜੋ ਚੰਗੇ ਦੀ ਕੀਮਤ ਬਣੀ ਰਹਿ ਸਕੇ। ਫੁੱਲਾਂ ਦੀ ਹੋਂਦ ਵੀ ਕੰਡਿਆਂ ਕਰਕੇ ਹੀ ਹੁੰਦੀ ਹੈ।
ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ, ਪਰ ਸੁਧਾਰਨਾ ਨਹੀਂ। ਇਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ? ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਉਂਦੇ ਹਾਂ। ਜ਼ਿੰਦਗੀ ਭਾਵੇਂ ਥੋੜ੍ਹੀ ਹੀ ਕਿਉਂ ਨਾ ਹੋਵੇ, ਪਰ ਚੰਗੀ ਹੋਣੀ ਚਾਹੀਦੀ ਹੈ,
ਦੋ ਪੈਰ ਘੱਟ ਤੁਰਨਾ,
ਪਰ ਤੁਰਨਾ ਮੜਕ ਦੇ ਨਾਲ।
ਦੋ ਦਿਨ ਘੱਟ ਜੀਵਣਾ,
ਪਰ ਜੀਵਣਾ ਮੜਕ ਦੇ ਨਾਲ।
ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ। ਦੁੱਖ ਤੇ ਸੁੱਖ ਜ਼ਿੰਦਗੀ ਵਿਚ ਨਾਲ ਨਾਲ ਚਲਦੇ ਹਨ, ਪਰ ਜ਼ਿੰਦਗੀ ਨੂੰ ਵਧੀਆ ਜਾਂ ਘਟੀਆ ਬਣਾਉਣਾ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ। ਕਈ ਲੋਕ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ। ਜੋ ਕੁਝ ਕੋਲ ਮੌਜੂਦ ਹੈ, ਉਸ ਨੂੰ ਮਾਣਨ ਦੀ ਥਾਂ, ਜੋ ਕੋਲ ਨਹੀਂ, ਉਸ ਦਾ ਰੋਣਾ ਰੋਂਦੇ ਰਹਿੰਦੇ ਹਨ। ਵਕਤ ਅਤੇ ਕਿਸਮਤ ਨੂੰ ਕੋਸਦੇ ਰਹਿੰਦੇ ਹਨ।
ਗੌਰਤਲਬ ਹੈ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਸਫਲ ਹੋਣ ਦੀ ਲੋਚਾ ਰੱਖਦਾ ਹੈ। ਕੋਈ ਬੰਦਾ ਅਸਫਲ ਨਹੀਂ ਹੋਣਾ ਚਾਹੁੰਦਾ। ਕਈ ਲੋਕ ਜ਼ਿੰਦਗੀ ਵਿਚ ਸਫਲਤਾ ਦੀਆਂ ਕਹਾਣੀਆਂ ਸਿਰਜ ਜਾਂਦੇ ਹਨ ਅਤੇ ਕਈ ਹੱਥ ਮਲਦੇ ਰਹਿ ਜਾਂਦੇ ਹਨ। ਕਈਆਂ ਦੇ ਦਰਵਾਜੇ ‘ਤੇ ਸਫਲਤਾ ਵਾਰ ਵਾਰ ਦਸਤਕ ਦਿੰਦੀ ਹੈ ਅਤੇ ਕਈਆਂ ਕੋਲੋਂ ਸਫਲਤਾ ਮੂੰਹ ਮੋੜ ਕੇ ਲੰਘ ਜਾਂਦੀ ਹੈ। ਕਈ ਲੋਕਾਂ ਨਾਲ ਸਫਲਤਾ ਪਰਛਾਵਾਂ ਬਣ ਕੇ ਚਲਦੀ ਹੈ ਅਤੇ ਕਈਆਂ ਨੂੰ ਸਫਲਤਾ ਖੁਆਬਾਂ ਵਿਚ ਵੀ ਨਸੀਬ ਨਹੀਂ ਹੁੰਦੀ। ਅਜਿਹੀ ਸਥਿਤੀ ਵਿਚ ਮਨੁੱਖ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ। ਜੇ ਅਸੀਂ ਅਸਫਲ ਵੀ ਹੁੰਦੇ ਹਾਂ ਤਾਂ ਸਾਨੂੰ ਇਸ ਨੂੰ ਵੀ ਸਕਾਰਾਤਮਕ ਪੱਖ ਤੋਂ ਕਬੂਲਣਾ ਚਾਹੀਦਾ ਹੈ। ਅਸਫਲਤਾ ਤੋਂ ਨਿਰਾਸ਼ ਹੋ ਕੇ ਯਤਨ ਨਹੀਂ ਛੱਡਣੇ ਚਾਹੀਦੇ। ਜੇ ਅਸੀਂ ਅਸਫਲ ਵੀ ਰਹਿੰਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਪ੍ਰਾਪਤ ਨਹੀਂ ਕੀਤਾ। ਇਸ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਅਸੀਂ ਮੰਜ਼ਿਲ ਪ੍ਰਾਪਤੀ ਤੋਂ ਕਿੰਨੀ ਦੂਰ ਹਾਂ। ਜਿੰਨੇ ਕਦਮ ਅਸੀਂ ਸਫਲਤਾ ਵੱਲ ਜਾਣ ਨੂੰ ਪੁੱਟੇ ਹਨ, ਉਹ ਆਉਣ ਵਾਲੇ ਸਮੇਂ ਵਿਚ ਸਾਡੀ ਬਣਨ ਵਾਲੀ ਸਫਲਤਾ ਦੀਆਂ ਨੀਂਹਾਂ ਵਿਚ ਇੱਟਾਂ ਦਾ ਕੰਮ ਕਰਨਗੇ। ਇਸ ਲਈ ਹਿੰਮਤ ਦਾ ਪੱਲਾ ਕਦੇ ਨਾ ਛੱਡੋ।
ਹਾਸ਼ਮ ਫਤਿਹ ਨਸੀਬ ਉਨ੍ਹਾਂ,
ਜਿਨ੍ਹਾਂ ਹਿੰਮਤ ਯਾਰ ਬਣਾਈ।
ਜ਼ਿੰਦਗੀ ਇੱਕ ਅਮਲੀ ਜਾਮਾ ਹੈ, ਇਕ ਰੰਗਮੰਚ ਹੈ। ਹਰ ਇਨਸਾਨ ਇਸ ਦੁਨੀਆਂ ਰੂਪੀ ਰੰਗਮੰਚ ਉਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ। ਇਸ ਲਈ ਸਾਨੂੰ ਹਰ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ।
ਇੰਨੀ ਸ਼ਿੱਦਤ ਨਾਲ ਨਿਭਾਓ
ਜ਼ਿੰਦਗੀ ਦਾ ਕਿਰਦਾਰ,
ਕਿ ਪਰਦਾ ਡਿੱਗਣ ਤੋਂ ਬਾਅਦ ਵੀ
ਵਜਦੀਆਂ ਰਹਿਣ ਤਾੜੀਆਂ।
ਸੋ, ਆਓ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣ ਦੀ ਆਦਤ ਪਾਈਏ। ਖੁਸ਼ ਰਹੀਏ ਤੇ ਖੁਸ਼ੀਆਂ ਵੰਡੀਏ!