ਸਿਆਹਫਾਮ ਰੋਹ: ਟਰੰਪ ਦਾ ਸਿੰਘਾਸਣ ਹਿੱਲਿਆ

ਵਾਸ਼ਿੰਗਟਨ: ਅਮਰੀਕਾ ਵਿਚ ਸਿਆਹਫਾਮ ਜੌਰਜ ਫਲਾਇਡ ਦੀ ਹੱਤਿਆ ਪਿੱਛੋਂ ਪੈਦਾ ਹੋਏ ਰੋਹ ਨੇ ਟਰੰਪ ਸਿੰਘਾਸਣ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਰਾਸ਼ਟਰਪਤੀ ਡੋਨਲਡ ਟਰੰਪ ਲਈ ਸਭ ਤੋਂ ਵੱਡੀ ਸਮੱਸਿਆ ਇਹ ਖੜ੍ਹੀ ਹੋ ਗਈ ਹੈ ਕਿ ਮੁਜ਼ਾਹਰਿਆਂ ਵਿਚ ਗੋਰੇ ਅਤੇ ਕੁਝ ਹੋਰ ਨਸਲਾਂ ਦੇ ਲੋਕ ਵੀ ਸਿਆਹਫਾਮ ਲੋਕਾਂ ਦੇ ਹੱਕ ਵਿਚ ਨਿੱਤਰ ਆਏ ਹਨ।

ਇਸ ਹਿੰਸਾ ਨੂੰ ਪਿਛਲੇ ਕੁਝ ਦਹਾਕਿਆਂ ਅੰਦਰ ਅਮਰੀਕਾ ‘ਚ ਸਭ ਤੋਂ ਭਿਅੰਕਰ ਖਾਨਾਜੰਗੀ ਦੱਸਿਆ ਜਾ ਰਿਹਾ ਹੈ ਜਿਸ ਨੇ ਤਕਰੀਬਨ 140 ਤੋਂ ਵੱਧ ਸ਼ਹਿਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਅਮਰੀਕੀ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਪ੍ਰਦਰਸ਼ਨਕਾਰੀ ਵ੍ਹਾਈਟ ਹਾਊਸ ਦੀ ਗੈਲਰੀ ਤੱਕ ਪਹੁੰਚ ਗਏ ਅਤੇ ਟਰੰਪ ਨੂੰ ਵ੍ਹਾਈਟ ਹਾਊਸ ਅੰਦਰ ਬਣੇ ਸੁਰੱਖਿਆ ਬੰਕਰ ਵਿਚ ਸ਼ਰਨ ਲੈਣੀ ਪਈ।
ਇਹ ਪ੍ਰਦਰਸ਼ਨ ਕਾਫੀ ਥਾਂਵਾਂ ‘ਤੇ ਹਿੰਸਕ ਰੂਪ ਧਾਰ ਗਏ ਅਤੇ ਹੁਣ ਤੱਕ ਹੋਏ ਟਕਰਾਓ ਵਿਚ 11 ਮੌਤਾਂ ਹੋ ਗਈਆਂ ਹਨ। ਉਧਰ, ਟਰੰਪ ਨੂੰ ਲੋਕ ਰੋਹ ਡੱਕਣ ਲਈ ਫੌਜੀ ਕਾਰਵਾਈ ਦੀਆਂ ਧਮਕੀਆਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਲੱਭ ਰਿਹਾ। ਇਹ ਪਹਿਲਾ ਮੌਕਾ ਹੈ, ਜਦੋਂ ਅਮਰੀਕਾ ‘ਚ ਗੋਰਿਆਂ ਅਤੇ ਕਾਲਿਆਂ ਦਰਮਿਆਨ ਸੰਘਰਸ਼ ਦਾ ਲੰਮਾ ਇਤਿਹਾਸ ਹੋਣ ਦੇ ਬਾਵਜੂਦ ਕਿਸੇ ਕਾਲੇ ਵਿਅਕਤੀ ਦੀ ਪੁਲਿਸ ਦੇ ਹੱਥੋਂ ਮੌਤ ‘ਤੇ ਰੋਸ ਪ੍ਰਗਟ ਕਰਨ ਲਈ ਗੋਰੇ ਵੀ ਸੜਕਾਂ ‘ਤੇ ਉਤਰ ਆਏ ਹਨ। ਇਹ ਲੋਕ ਰੋਹ ਉਸ ਸਮੇਂ ਉਠਿਆ ਹੈ ਜਦੋਂ ਟਰੰਪ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਮਾਹੌਲ ਬਣਾ ਰਹੇ ਹਨ। ਅਸਲ ਵਿਚ ਟਰੰਪ ਸਰਕਾਰ ਦੇ ਆਖਰੀ ਵਰ੍ਹੇ ਨੂੰ ਵੱਡੀਆਂ ਨਕਾਮੀਆਂ ਵਜੋਂ ਦੇਖਿਆ ਜਾ ਰਿਹਾ ਹੈ। ਯੂਰਪੀ ਦੇਸ਼ਾਂ ਨਾਲ ਵਧਦੀ ਦੂਰੀ, ਕਰੋਨਾ ਦੇ ਟਾਕਰੇ ਵਿਚ ਨਾਕਾਮੀ, ਵਿਸ਼ਵ ਸਿਹਤ ਸੰਗਠਨ ਨਾਲ ਤੋੜ-ਵਿਛੋੜਾ, ਅਮਰੀਕਾ ‘ਚ ਪੜ੍ਹਨ ਵਾਲੇ ਚੀਨੀ ਵਿਦਿਆਰਥੀਆਂ ‘ਤੇ ਪਾਬੰਦੀ, ਚੀਨੀਆਂ ਦੀ ਅਮਰੀਕਾ ਤੋਂ ਹਿਜਰਤ ਅਤੇ ਅਮਰੀਕਾ ‘ਚ ਰਹਿਣ ਤੇ ਕੰਮ ਕਰਨ ਵਾਲੇ ਵਧੇਰੇ ਭਾਰਤੀਆਂ ਦੀ ਟਰੰਪ ਸਰਕਾਰ ਨਾਲ ਨਾਰਾਜ਼ਗੀ ਵੱਡੀ ਚੁਣੌਤੀ ਬਣ ਗਈ ਹੈ। ਹੁਣ ਸਿਆਹਫਾਮ ਰੋਹ ਨੇ ਰਹਿੰਦੀ ਕਸਰ ਕੱਢ ਦਿੱਤੀ ਹੈ।
ਯਾਦ ਰਹੇ ਕਿ 25 ਮਈ ਨੂੰ ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਮਿਨਿਆਪੋਲਿਸ ਦੇ ਪੁਲਿਸ ਅਫਸਰਾਂ ਨੇ ਜੌਰਜ ਫਲਾਇਡ ਨੂੰ ਇਸ ਲਈ ਗ੍ਰਿਫਤਾਰ ਕੀਤਾ ਸੀ। ਉਸ ‘ਤੇ 20 ਡਾਲਰਾਂ ਦੇ ਨਕਲੀ ਨੋਟ ਨਾਲ ਸਿਗਰਟ ਖਰੀਦਣ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਅਧਿਕਾਰੀ ਡੈਰਿਕ ਚੌਵਿਨ ਨੇ ਜਾਰਜ ਫਲਾਇਡ ਨੂੰ ਜ਼ਮੀਨ ‘ਤੇ ਸੁੱਟ ਕੇ ਲਗਭਗ 8æ46 ਮਿੰਟ ਗੋਡੇ ਨਾਲ ਉਸ ਦੀ ਧੌਣ ਦਬਾਈ ਰੱਖੀ। ਜਾਰਜ ਫਲਾਇਡ ਨੇ ਵਿਰੋਧ ਕਰਦਿਆਂ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਡੈਰਿਕ ਚੌਵਿਨ ਨੇ ਇਸ ਦੀ ਕੋਈ ਪਰਵਾਹ ਨਾ ਕੀਤੀ ਅਤੇ ਫਲਾਇਡ ਦੀ ਮੌਕੇ ਉਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਵਿਭਾਗ ਨੇ ਉਥੇ ਮੌਜੂਦ 4 ਪੁਲਿਸ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਡੈਰਿਕ ਚੌਵਿਨ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ ਵੱਡੇ ਪੱਧਰ ਉਤੇ ਲੋਕ ਰੋਹ ਉਠ ਖਲੋਤਾ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕਾਲੇ ਲੋਕਾਂ ਉਤੇ ਜ਼ੁਲਮ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਜੇ ਹੁਣ ਹਾਲਾਤ ਵਿਗੜੇ ਹਨ ਤਾਂ ਇਸ ਪਿੱਛੇ ਟਰੰਪ ਦੀ ਹੈਂਕੜਬਾਜ਼ੀ ਹੈ। ਟਰੰਪ ਨੇ ਨਾ ਤਾਂ ਮੌਕੇ ਦੀ ਨਜ਼ਾਕਤ ਸਮਝੀ ਤੇ ਸਥਾਨਕ ਪ੍ਰਸ਼ਾਸਨ ਦੀ ਚਿਤਾਵਨੀ ਦੀ ਪਰਵਾਹ ਕੀਤੀ। ‘ਵਿਖਾਵਾਕਾਰੀਆਂ ਦਾ ਸਵਾਗਤ ਖਤਰਨਾਕ ਕੁੱਤਿਆਂ ਤੇ ਹਥਿਆਰਾਂ ਨਾਲ ਕਰਨ ਅਤੇ ਜਿਥੇ ਲੁੱਟ ਹੋਵੇਗੀ ਉਥੇ ਸ਼ੂਟ ਹੋਵੇਗੀ’, ਵਰਗੇ ਟਰੰਪ ਦੇ ਬੋਲਾਂ ਨੇ ਸਥਿਤੀ ਹੋਰ ਵਿਗਾੜ ਦਿੱਤੀ। ਨਿਊ ਯਾਰਕ ਦੇ ਮੇਅਰ ਬਿਲ ਡੇ ਬਲਾਸਿਓ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਨੇ ਲੋਕਾਂ ‘ਚ ਜ਼ਹਿਰ ਫੈਲਾਉਣ ਦਾ ਕੰਮ ਕੀਤਾ ਹੈ ਜਿਸ ਨਾਲ ਲੋਕਾਂ ‘ਚ ਗੁੱਸਾ ਵਧਿਆ ਅਤੇ ਅਜਿਹਾ ਮਾਹੌਲ ਬਣਿਆ ਜੋ ਸਾਰਿਆਂ ਲਈ ਦੁਖਦਾਈ ਹੈ।
ਅਮਰੀਕਾ ‘ਚ ਲਗਭਗ 5 ਕਰੋੜ ਕਾਲੇ ਹਨ ਜਿਨ੍ਹਾਂ ਦਾ ਰਵਾਇਤੀ ਤੌਰ ਉਤੇ ਝੁਕਾਅ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਹੈ। ਹਾਲਾਂਕਿ ਰਾਸ਼ਟਰਪਤੀ ਬਣਨ ਦੇ ਇਲਾਵਾ ਟਰੰਪ ਗੋਰਿਆਂ ਤੋਂ ਇਲਾਵਾ ਕਾਲਿਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। ‘ਵਾਸ਼ਿੰਗਟਨ ਪੋਸਟ’ ਅਨੁਸਾਰ ਹਾਲਾਂਕਿ ਅਮਰੀਕਾ ‘ਚ ਸਿਰਫ 13 ਫੀਸਦੀ ਹੀ ਕਾਲੇ ਲੋਕ ਹਨ ਪਰ ਪੁਲਿਸ ਦੀ ਗੋਲੀ ਨਾਲ 24 ਫੀਸਦੀ ਕਾਲੇ ਲੋਕ ਹੀ ਮਾਰੇ ਜਾਂਦੇ ਹਨ ਅਤੇ 99 ਫੀਸਦੀ ਮਾਮਲਿਆਂ ‘ਚ ਪੁਲਿਸ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੁੰਦੀ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਸੰਕਟ ਦੌਰਾਨ ਸਿਆਹਫਾਮ ਲੋਕਾਂ ਨੂੰ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਵਿਚ ਹਕੂਮਤ ਵਿਰੁੱਧ ਗੁੱਸਾ ਬੜੀ ਦੇਰ ਤੋਂ ਵਧ ਰਿਹਾ ਸੀ। ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੀ ਪੁਲਿਸ ਦੇ ਗੋਰੇ ਅਫਸਰਾਂ ‘ਤੇ ਸਿਆਹਫਾਮ ਲੋਕਾਂ ਨਾਲ ਮਾੜਾ ਵਰਤਾਅ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ।
ਯਾਦ ਰਹੇ ਕਿ ਸਿਆਹਫਾਮ ਲੋਕਾਂ ਤੋਂ ਇਲਾਵਾ ਲਾਤੀਨੀ ਅਮਰੀਕੀਆਂ, ਏਸ਼ੀਅਨ ਮੂਲ ਦੇ ਲੋਕਾਂ ਅਤੇ ਯਹੂਦੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਵਿਡ ਮਹਾਮਾਰੀ ਅਤੇ ਇਸ ਦੁਰਘਟਨਾ ਤੋਂ ਬਾਅਦ ਹੋਏ ਮੁਜ਼ਾਹਰਿਆਂ ਦੌਰਾਨ ਡੋਨਲਡ ਟਰੰਪ ਇਕ ਵਾਰ ਫਿਰ ਲੋਕਾਂ ਦੀ ਯੋਗ ਅਗਵਾਈ ਕਰਨ ਵਿਚ ਅਸਫਲ ਰਿਹਾ ਹੈ ਅਤੇ ਆਉਣ ਵਾਲੇ ਦਿਨ ਅਮਰੀਕੀ ਲੋਕਾਂ ਲਈ ਕਾਫੀ ਸੰਕਟ ਵਾਲੇ ਹੋ ਸਕਦੇ ਹਨ।