ਕੀ ਸਿੱਖ ਵੱਸਦੇ ਹਨ, ਗੁਰਾਂ ਦੇ ਨਾਂ ‘ਤੇ?

ਅਮਰਜੀਤ ਸਿੰਘ ਮੁਲਤਾਨੀ ਨਿਊ ਯਾਰਕ
ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਦਰਵੇਸ਼ ਕਵੀ ਪ੍ਰੋ. ਪੂਰਨ ਸਿੰਘ ਦਾ ਇਹ ਲਿਖਣਾ, ‘ਪੰਜਾਬ ਵੱਸਦਾ ਗੁਰਾਂ ਦੇ ਨਾਂ ‘ਤੇ’ ਉਨ੍ਹਾਂ ਭਲਿਆਂ ਸਮਿਆਂ ਦੇ ਵਿਸ਼ਾਲ ਪੰਜਾਬ ‘ਤੇ ਬਿਲਕੁਲ ਸਟੀਕ ਬੈਠਦਾ ਹੈ। ਉਨ੍ਹਾਂ ਦਿਨਾਂ ਵਿਚ ਅਣ ਵੰਡਿਆ ਵਿਸ਼ਾਲ ਪੰਜਾਬ ਵਾਕਈ ਗੁਰਾਂ ਦੇ ਨਾਮ ‘ਤੇ ਹੀ ਵੱਸਦਾ ਸੀ। ਸਿੱਖਾਂ ਦੀ ਟੇਕ ਤਾਂ ਗੁਰਾਂ ‘ਤੇ ਹੈ ਈ ਸੀ, ਪਰ ਵੱਡੀ ਗਿਣਤੀ ਵਿਚ ਹਿੰਦੂ ਅਬਾਦੀ ਦੀ ਟੇਕ ਵੀ ਗੁਰਾਂ ‘ਤੇ ਹੀ ਸੀ। ਸਾਡੇ ਗੁਰੂਆਂ ਦੀ ਵੰਸਾਵਲੀ ਵੀ ਸ਼ਾਇਦ ਹਿੰਦੂਆਂ ਦੀ ਗੁਰਾਂ ‘ਤੇ ਟੇਕ ਦਾ ਵੱਡਾ ਕਾਰਨ ਸੀ।

ਉਨ੍ਹਾਂ ਦਿਨਾਂ ਵਿਚ ਪੰਜਾਬ ਦਾ ਚੜ੍ਹਦਾ ਹਿੱਸਾ ਹੋਵੇ ਜਾਂ ਲਹਿੰਦਾ, ਅੱਜ ਦੇ ਪੰਜਾਬ ਵਾਂਗ ਹਰ ਗਲੀ ਮੁਹੱਲੇ ਵਿਚ ਸ਼ਰਤੀਆ ਮੰਦਿਰ ਨਹੀਂ ਸੀ ਹੁੰਦਾ। ਹਾਂ, ਉਨ੍ਹਾਂ ਦਿਨੀਂ ਗਿਣਤੀ ਦੇ ਹੀ ਪੁਰਾਤਨ ਜਾਂ ਇਤਿਹਾਸਕ ਮਹੱਤਤਾ ਵਾਲੇ ਮੰਦਿਰ ਜਾਂ ਸ਼ਿਵਾਲੇ ਹੁੰਦੇ ਸਨ। ਇਸ ਗੱਲ ਦਾ ਗਵਾਹ ਤਾਂ ਮੈਂ ਵੀ ਹਾਂ। ਅਸੀਂ ਛੋਟੇ ਹੁੰਦੇ ਜਦੋਂ ਕਦੇ ਦਰਬਾਰ ਸਾਹਿਬ ਮੱਥਾ ਟੇਕਣ ਜਾਇਆ ਕਰਦੇ ਸਾਂ ਤੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਵੱਡੀ ਗਿਣਤੀ ਸਿਆਣੀ ਉਮਰ ਦੇ ਹਿੰਦੂਆਂ ਨੂੰ ਸਿਰ ‘ਤੇ ਸ਼ਮਲੇ ਵਾਲੀ ਪੱਗ ਨਾਲ ਵੇਖਦੇ ਹੁੰਦੇ ਸਾਂ।
ਵੰਡ ਨਾਲ ਪਹਿਲਾਂ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ। ਫਿਰ ਵੰਡ ਦੇ ਸਿਲਸਿਲਿਆਂ ਦਾ ਅਜਿਹਾ ਦੌਰ ਸ਼ੁਰੂ ਹੋਇਆ, ਜੋ ਅੱਜ ਵੀ ਬਾਦਸਤੂਰ ਜਾਰੀ ਹੈ। ਦੋ ਜਾਂ ਤਿੰਨ ਦਹਾਕਿਆਂ ਬਾਅਦ ਹੀ ਸਿੱਖਾਂ ਨੇ ਦਾਅਵਾ ਠੋਕ ਦਿੱਤਾ ਕਿ ਪੰਜਾਬ ਹੁਣ ਗੁਰਾਂ ਦੇ ਨਾਮ ‘ਤੇ ਨਹੀਂ ਵੱਸਦਾ, ਸਗੋਂ ਸਿੱਖਾਂ ਦੀਆਂ ਵੱਖ-ਵੱਖ ਕਈ ਪਾਤਸ਼ਾਹੀਆਂ ਦੇ ਨਾਮ ‘ਤੇ ਵੱਸਦਾ ਹੈ। ਅਪਣੀ ਸਿਆਣਪ ਵਿਖਾਉਣ ਦੇ ਚੱਕਰ ਵਿਚ ਆਪਣੇ ਆਪ ਨੂੰ ਪੱਕੇ ਸਿੱਖ ਅਖਵਾਉਣ ਵਾਲਿਆਂ ਨੇ ਹਿੰਦੂਆਂ ਨੂੰ ਮੱਤਾਂ ਦਿੱਤੀਆਂ ਕਿ ਹੁਣ ਅੱਗੇ ਤੋਂ ਸਾਡੇ ਗੁਰਾਂ ‘ਤੇ ਟੇਕ ਨਹੀਂ ਰੱਖਣੀ, ਸਗੋਂ ਆਪਣੇ ਦੇਵੀ-ਦੇਵਤਿਆਂ ਕੋਲ ਜਾਓ; ਤੇ ਉਹ ਸਾਰੇ ਚਲੇ ਗਏ।
ਜਦੋਂ ਪੰਜਾਬ ਵਿਚ ਸਿੱਖੀ ਮਰਿਆਦਾ ਦੀ ਆੜ ਵਿਚ ‘ਅਸੀਂ ਅਸਲੀ, ਤੁਸੀਂ ਨਕਲੀ’ ਦੀ ਲਹਿਰ ਚੱਲੀ ਤਾਂ ਇਸ ਦੀ ਜ਼ੱਦ ਵਿਚ ਸਿੰਧੀ ਵੀ ਆ ਗਏ, ਜੋ ਵੱਡੀ ਗਿਣਤੀ ਵਿਚ ਸਹਿਜਧਾਰੀ ਸਰੂਪ ਵਿਚ ਗੁਰੂ ਨਾਨਕ ਨਾਮ ਲੇਵਾ ਸਨ। ਇਹ ਵਪਾਰੀ ਲੋਕ ਵੰਡ ਪਿਛੋਂ ਕਲਕੱਤਾ, ਬੰਬਈ ਤੇ ਭਾਰਤ ਦੇ ਹੋਰਨਾਂ ਕਈ ਸ਼ਹਿਰਾਂ ਵਿਚ ਰਹਿਣ ਲੱਗ ਪਏ ਸਨ। ਹਰ ਥਾਂ ਸਿੰਧੀਆਂ ਨੇ ਆਪਣੇ ਗੁਰਦੁਆਰੇ ਬਣਾਏ ਹੋਏ ਸਨ, ਜਿੱਥੇ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਸੰਧਿਆ ਵੇਲੇ ਸੁਖ ਆਸਨ ਹੁੰਦਾ ਸੀ। ਉਨ੍ਹਾਂ ਲਈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਵੱਡਾ ਦਿਨ ਹੁੰਦਾ ਸੀ। ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਨਾਮ ‘ਤੇ ਪ੍ਰਚੰਡ ਸਿੱਖੀ ਸਰੂਪ ਦੀ ਮਰਿਆਦਾ ਦੀ ਲਹਿਰ ਅਤੇ ਗੱਲ-ਗੱਲ ‘ਤੇ ‘ਅਸੀਂ ਹਿੰਦੂ ਨਹੀਂ’ ਦੇ ਵਾਰਤਾਲਾਪਾਂ ਨੇ ਸਹਿਜਧਾਰੀ ਸਿੰਧੀਆਂ ਦੀ ਨਵੀਂ ਪਨੀਰੀ ਨੂੰ ਮੋਕਲੇ ਤੇ ਸਹਿਜ ਹਿੰਦੂ ਧਰਮ ਵਲ ਨੂੰ ਧੱਕ ਦਿੱਤਾ। ਸਿੰਧੀਆਂ ਦੀ ਗੁਰੂ ਨਾਨਕ ਪ੍ਰਤੀ ਸ਼ਰਧਾ ਤੇ ਲਗਾਓ ਦੀ ਇਕ ਵੱਡੀ ਮਿਸਾਲ ਸਿੰਧੀ ਦਾਦਾ ਚੇਲਾ ਰਾਮ ਦੇ ਪਰਿਵਾਰ ਵੱਲੋਂ ਗੁਰਬਾਣੀ ਦੇ ਕੀਰਤਨ ਪ੍ਰਤੀ ਪੂਰਨ ਸਮਰਪਣ ਦੀ ਹੈ, ਪਰ ਸਿੱਖਾਂ ਨੇ ਗੁਰੂ ਨਾਨਕ ਦੇ ਸਹਿਜਧਾਰੀ ਪੈਰੋਕਾਰਾਂ ਦਾ ਮਾਣ ਨਹੀਂ ਰੱਖਿਆ ਤੇ ਫਿਰ ਸਿੰਧੀ ਵੀ ਚਲੇ ਗਏ।
ਆਜ਼ਾਦੀ ਪਿਛੋਂ ਜਦੋਂ ਤੋਂ ਸਿੱਖਾਂ ਨੇ ਪੜ੍ਹਾਈ ਵਿਚ ਵੱਡੀਆਂ-ਵੱਡੀਆਂ ਡਿਗਰੀਆਂ ਹਾਸਿਲ ਕਰਨੀਆਂ ਸ਼ੁਰੂ ਕੀਤੀਆਂ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਪਾੜ੍ਹਿਆਂ (ਪੜ੍ਹੇ-ਲਿਖੇ) ਦੀ ਵੱਡੀ ਗਿਣਤੀ ਨੇ ਪੜ੍ਹਾਈ ਤੋਂ ਪ੍ਰਾਪਤ ਵਿਦਵਤਾ ਦੇ ਨਾਮ ‘ਤੇ ਬਹੁਤਾਤ ਵਿਚ ਅਜਿਹੇ ਕਾਰਜ ਕੀਤੇ, ਜੋ ਸਿੱਖ ਕੌਮ ਅਤੇ ਸਿੱਖ ਧਰਮ ‘ਤੇ ਹੋਏ ਅਪਰੇਸ਼ਨਾਂ ਤੁੱਲ ਹਨ। ਆਜ਼ਾਦੀ ਤੋਂ ਪਹਿਲਾਂ ਜਦੋਂ ਸਿੱਖ ਗੁਲਾਮ ਅਤੇ ਵੱਡੀ ਗਿਣਤੀ ਵਿਚ ਅਸਿੱਖਿਅਤ ਵੀ ਸਨ, ਪਰ ਵਿੱਦਿਆ ਦੀ ਘਾਟ ਦੇ ਬਾਵਜੂਦ ਸਿੱਖ ਸੁੱਚੇ ਅਤੇ ਉਚੇ ਕਿਰਦਾਰਾਂ ਵਾਲੇ ਸਨ। ਗੁਲਾਮ ਹੁੰਦੇ ਹੋਏ ਉਨ੍ਹਾਂ ਗੁਰੂ ਘਰਾਂ ਵਿਚ ਧਰਮ ਅਤੇ ਪੂਜਾ ਦੇ ਨਾਮ ‘ਤੇ ਮਹੰਤਾਂ ਅਤੇ ਉਨ੍ਹਾਂ ਦੇ ਪੂਜਾਰੀਆਂ ਵੱਲੋਂ ਕੀਤੇ ਜਾ ਰਹੇ ਅਨਰਥਾਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਜਦੋਂ ਉਨ੍ਹਾਂ ਵੇਖਿਆ ਕਿ ਹਾਕਮ ਅੰਗਰੇਜ਼ ਸਿੱਖਾਂ ਦੀ ਅਵਾਜ਼ ਨਹੀਂ ਸੁਣ ਰਹੇ ਅਤੇ ਭ੍ਰਿਸ਼ਟ ਪੂਜਾਰੀਆਂ ਦਾ ਪੱਖ ਲੈ ਰਹੇ ਹਨ, ਸਿੱਖਾਂ ਵਿਚੋਂ ਹੀ ਕੁਝ ਰੌਸ਼ਨ ਦਿਮਾਗ ਸੱਜਣ ਸਿੱਖ ਅੱਗੇ ਆਏ ਤੇ ਸਿੱਖ ਕੌਮ ਨੂੰ ਲਾਮਬੰਦ ਕਰਕੇ ਗੁਰੂ ਨਾਨਕ ਸਾਹਿਬ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਸਮੇਤ ਬਾਕੀ ਗੁਰੂ ਅਸਥਾਨਾਂ ਦੀ ਆਜ਼ਾਦੀ ਲਈ ਸਾਕੇ ਕੀਤੇ, ਮੋਰਚੇ ਲਾਏ ਤੇ ਸਫਲਤਾਵਾਂ ਹਾਸਿਲ ਕੀਤੀਆਂ। ਇਥੇ ਹੀ ਬਸ ਨਹੀਂ, ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧਾਂ ਲਈ ਵੱਡੀ ਜੱਦੋ ਜਹਿਦ ਪਿਛੋਂ ਹਾਕਮ ਅੰਗਰੇਜ਼ਾਂ ਤੋਂ ਸਿੱਖ ਸਟੇਟ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨ ਪਾਸ ਕਰਵਾਇਆ। ਇਹ ਤਾਂ ਸਨ ਉਹ ਘਟ ਪੜ੍ਹੇ-ਲਿਖੇ, ਰੱਬ ਦਾ ਭਉ ਮੰਨਣ ਵਾਲੇ, ਉਚੇ ਕਿਰਦਾਰਾਂ ਲਈ ਬਲੀਦਾਨ ਦੇਣ ਵਾਲੇ ਅਸੂਲ ਪ੍ਰਸਤ ਗੁਰੂ ਨਾਨਕ ਦੇ ਸਿੱਖ ਲੋਕ।
ਹੁਣ ਪੜ੍ਹੇ-ਲਿਖੇ ਸਿੱਖਾਂ ਨੇ ਉਚ ਵਿਦਵਤਾ ਅਤੇ ਰੌਸ਼ਨ ਦਿਮਾਗੀ ਦੇ ਨਾਮ ‘ਤੇ ਸਿੱਖ ਧਰਮ, ਸਿੱਖ ਸਮਾਜ ਅਤੇ ਸਿੱਖ ਰਵਾਇਤਾਂ ਦੀ ਅਜਿਹੀ ਘਾਣੀ ਪੀੜਨੀ ਅਰੰਭ ਕੀਤੀ ਹੈ ਕਿ ਹਰ ਆਮ ਨਾਨਕ ਨਾਮ ਲੇਵਾ ਅਚੰਭਿਤ ਹੈ ਤੇ ਕੁਝ ਸਮਝ ਨਾ ਪਾ ਕੇ ਮੂਕ ਦਰਸ਼ਕ ਬਣਿਆ ਬੈਠਾ ਹੈ। ਹਰ ਕੰਮ ਧਰਮ ਵਿਚ ਸੋਧ ਦੇ ਨਾਮ ‘ਤੇ ਹੋ ਰਿਹਾ ਹੈ, ਜੋ ਕਿ ਸਿੱਖ ਧਰਮ ਦੇ ਸੰਸਥਾਪਕ ਵਲੋਂ ਵਰਜਿਤ ਹੈ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਨੂੰ ਹੌਲੀ-ਹੌਲੀ ਬਾਣੀ ਤੇ ਬਾਣੇ ਦੇ ਨਾਮ ‘ਤੇ ਮਨਫੀ ਕੀਤਾ ਜਾ ਰਿਹਾ ਹੈ। ਇਸੇ ਕਰਕੇ ਕਈ ਸਿੱਖ ਵੀ ਅਖੌਤੀ ਸਮਾਨੰਤਰ ਸੰਪਰਦਾਵਾਂ ਵਿਚ ਚਲੇ ਗਏ।
ਸਿੱਖ ਦੀ ਬਾਹਰੀ ਦਿੱਖ ਯਾਨਿ ਬਾਣੇ ਉਪਰ ਇਸ ਵੇਲੇ ਵਿਦਵਾਨ ਬਹੁਤ ਹੀ ਜ਼ਿਆਦਾ ਅਹਿਮੀਅਤ ਦੇ ਰਹੇ ਹਨ, ਇਸ ਮੁਹਿੰਮ ਦੇ ਪ੍ਰਗਟਾਵੇ ਵਿਚ ਗੁਰੂ ਨਾਨਕ ਅਤੇ ਉਸ ਦੀਆਂ ਮੁਢਲੀਆਂ ਸਿੱਖਿਆਵਾਂ ਹਕੀਕੀ ਤੌਰ ‘ਤੇ ਨਜ਼ਰ ਨਹੀਂ ਆਉਂਦੀਆਂ। ਗੁਰੂ ਨਾਨਕ ਦੇ ਸਾਦਗੀ ਤੇ ਨਿਮਰਤਾ ਦੇ ਸਿਧਾਂਤਾਂ ਨੂੰ ਤਾਂ ਸਿੱਖਾਂ ਨੇ ਪੂਰੀ ਤਰ੍ਹਾਂ ਨਾਲ ਦਰਕਿਨਾਰ ਕਰ ਦਿੱਤਾ ਹੈ। ਸਿੱਖ ਰਹਿਣ-ਬਹਿਣ ਤੇ ਸਿੱਖ ਧਰਮ ਦੇ ਪਾਲਨ ਵਿਚ ਸਾਦਗੀ ਅਤੇ ਨਿਮਰਤਾ ਰਹੀ ਹੀ ਨਹੀਂ। ਸਿੱਖਾਂ ਦਾ ਰਹਿਣ-ਬਹਿਣ ਤੇ ਵਿਚਰਨ ਦਾ ਢੰਗ ਤਾਂ ਬਿਲਕੁਲ ਸ਼ਾਹੀ ਅੰਦਾਜ਼ ਵਾਲਾ ਬਣ ਗਿਆ ਹੈ। ਉਨ੍ਹਾਂ ਦੇ ਸਮਾਜਕ ਸਰੋਕਾਰਾਂ ਨੇ ਸ਼ਾਨੋ-ਸ਼ੌਕਤ ਨਾਲ ਗੂੜ੍ਹਾ ਰਿਸ਼ਤਾ ਜੋੜ ਲਿਆ ਹੈ। ਹਰ ਕੰਮ ਹੁਣ ਉਹ ਸ਼ਾਨ ਨਾਲ ਕਰਦੇ ਹਨ। ਕਿਸੇ ਵੀ ਪੱਖੋਂ ਅੱਜ ਦੇ ਸਿੱਖਾਂ ਦਾ, ਆਮ ਵਿਅਕਤੀ ਦੇ ਮਸੀਹਾ ਅਤੇ ਗਰੀਬੀ ਵੇਸ ਨੂੰ ਸ਼ਿੰਗਾਰ ਸਮਝਣ ਵਾਲੇ ਗੁਰੂ ਨਾਨਕ ਨਾਲ ਸਬੰਧ ਜੁੜਦਾ ਨਜ਼ਰ ਨਹੀਂ ਆਉਂਦਾ। ਅਜਿਹੇ ਹਾਲਾਤ ਵਿਚ ਗਰੀਬ ਸਿੱਖ ਆਪਣੇ ਆਪ ਨੂੰ ਲਾਵਾਰਿਸ ਸਮਝ ਕੇ ਕ੍ਰਿਸ਼ਚੈਨਿਟੀ ਵੱਲ ਨੂੰ ਚਲੇ ਗਏ।
ਗੁਰੂ ਨਾਨਕ ਨੇ ‘ਘਰ ਘਰ ਅੰਦਰ ਧਰਮਸਾਲ’ ਦਾ ਪੈਗਾਮ ਦਿੱਤਾ ਸੀ, ਪਰ ਸਿੱਖਾਂ ਨੇ ਗੁਰਦਆਰੇ ਬਣਾ ਲਏ। ਸਿੱਖਾਂ ਦੇ ਵੱਡੇ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਗੁਰਦੁਆਰੇ ਦਾ ਅਰਥ ਹੁੰਦਾ ਹੈ, “ਸਿੱਖਾਂ ਦਾ ਗੁਰੂਦਵਾਰਾ, ਵਿੱਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਿਰਾਂ ਲਈ ਵਿਸ਼ਰਾਮ ਦਾ ਸਥਾਨ।” ਸ਼ਾਇਦ ਹੀ ਕੋਈ ਗੁਰਦੁਆਰਾ ਇਸ ਕਸੌਟੀ ‘ਤੇ ਖਰਾ ਉਤਰਦਾ ਹੋਵੇ। ਉਥੇ ਹੁੰਦਾ ਹੈ ਅਹੰਕਾਰਾਂ ਦਾ ਖੂਨੀ ਟਕਰਾਅ, ਪ੍ਰਬੰਧਕਾਂ ਵਲੋਂ ਮਾਇਕ ਘਪਲੇ, ਪੂਜਾਰੀਆਂ ਵਲੋਂ ਅਨੈਤਿਕ ਕਰਮ!
ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉਹ ਵੀ ਗੁਰੂ ਸਾਹਿਬ ਦੀ ਆੜ ਵਿਚ ਸਿੱਖਾਂ ਨੂੰ ਇਕੱਠੇ ਕਰਨ ਲਈ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦਿਖਾਵਾ ਮਾਤਰ ਹੀ ਹੁੰਦਾ ਹੈ। ਇਥੇ ਹੀ ਬੱਸ ਨਹੀਂ, ਵੱਡੇ ਇਕੱਠ ਕਰਨ ਲਈ ਆਮ ਸਿੱਖਾਂ ਨੂੰ ‘ਗੁਰੂ ਕਾ ਲੰਗਰ’ ਦੇ ਨਾਮ ‘ਤੇ ਭਾਂਤ-ਭਾਂਤ ਦੇ ਭੋਜਨ ਪਰੋਸੇ ਜਾਂਦੇ ਹਨ। ਇਨ੍ਹਾਂ ਪੜ੍ਹੇ-ਲਿਖਿਆਂ ਦੇ ਦੌਰ ਵਿਚ ਮਾਨ ਸਿੰਘ ਪਿਹੋਵੇ ਵਾਲਾ, ਜੋ ਸੰਤ ਤੇ ਬਾਬਾ ਲਕਬਾਂ ਦਾ ਘੋਰ ਅਪਮਾਨ ਹੈ, ਦੇ ਹਜੂਰ ਸਾਹਿਬ ਵਿਖੇ 350 ਸਾਲਾ ਸਮਾਰੋਹ ਦੌਰਾਨ ਲਾਏ ਲੰਗਰ ਵਿਚ ਭੋਜਨਾਂ ਦੀਆਂ ਇੰਨੀਆਂ ਵੰਨਗੀਆਂ ਪਰੋਸੀਆਂ ਗਈਆਂ ਸਨ ਕਿ ਗੁਰੂ ਨਾਨਕ ਵੱਲੋਂ ਠੁਕਰਾਏ ਮਲਿਕ ਭਾਗੋ ਦੇ ਭੋਜ ਨੂੰ ਵੀ ਪਛਾੜ ਦੇਣ!
ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪੜ੍ਹੇ-ਲਿਖੇ ਤਰੱਕੀ ਪਸੰਦ ਸਿੱਖਾਂ ਵਲੋਂ ਥਾਂ-ਥਾਂ ਸਥਾਪਿਤ ਕੀਤੇ ਗੁਰਦੁਆਰੇ ਸਕੂਲਾਂ ਤੋਂ ਵਿਹੀਨ ਹਨ। ਪੜ੍ਹਾਈ ਦੇ ਨਾਮ ‘ਤੇ ਖਾਨਾਪੂਰਤੀ ਲਈ ਹਫਤੇ ਦੇ ਅਖੀਰ ਵਿਚ ਪੰਜਾਬੀ ਸਿਖਾਉਣ ਦੇ ਨਾਮ ‘ਤੇ ਅਸਥਾਈ ਕਲਾਸਾਂ ਲੱਗਦੀਆਂ ਹਨ। ਵਿਦੇਸ਼ਾਂ ਵਿਚ ਗੁਰਦੁਆਰੇ ਰਾਹੀਂ ਕਾਲਜ ਜਾਂ ਵਿਦਿਅਕ ਅਦਾਰੇ ਸਥਾਪਤ ਕਰਕੇ ਵਿੱਦਿਆ ਦੇ ਪਸਾਰ ਦਾ ਰੁਝਾਨ ਨਾਦਾਰਦ ਹੈ। ਹਰ ਇਕ ਗੁਰਦੁਆਰੇ ਦੀ ਸ਼ਾਨਦਾਰ ਤੇ ਵੱਡੀ ਇਮਾਰਤ ਹੈ। ਸੰਗਤਾਂ ਨੂੰ ਪਾਰਕਿੰਗ ਦੀ ਅਸੁਵਿਧਾ ਨਾ ਹੋਏ, ਇਸ ਲਈ ਵੱਡੇ-ਵੱਡੇ ਪਾਰਕਿੰਗ ਲਾਟਾਂ ਦੀ ਵਿਵਸਥਾ ਜਰੂਰ ਕੀਤੀ ਜਾਂਦੀ ਹੈ; ਪਰ ਵਿੱਦਿਆ ਦੇ ਪਸਾਰ ਲਈ ਸਕੂਲ ਦਾ ਪ੍ਰਬੰਧ ਕਦੇ ਵੀ ਕਿਸੇ ਵੀ ਪ੍ਰਬੰਧਕ ਕਮੇਟੀ ਲਈ ਪ੍ਰਾਥਮਿਕਤਾ ਦਾ ਵਿਸ਼ਾ ਨਹੀਂ ਰਿਹਾ। ਜੇ ਤੁਸੀਂ ਇਸ ਵਿਸ਼ੇ ‘ਤੇ ਉਨ੍ਹਾਂ ਨਾਲ ਗੱਲ ਕਰੋਗੇ ਤਾਂ ਉਹ ਅਣਗਿਣਤ ਸਮੱਸਿਆਵਾਂ ਤੁਹਾਨੂੰ ਗਿਣਾ ਦੇਣਗੇ।
ਲੱਗਦਾ ਹੈ ਕਿ ਅਸੀਂ ਕੁਝ ਜ਼ਿਆਦਾ ਹੀ ਵਿਦਵਤਾ ਦੀ ਪ੍ਰਾਪਤੀ ਕਰ ਲਈ ਹੈ, ਇੰਨੀ ਕਿ ਦੂਜੇ ਕਿਸੇ ਗੱਲ ਦੀ ਗੱਲ ਸਾਨੂੰ ਸਮਝ ਹੀ ਨਹੀਂ ਆਉਂਦੀ। ਹਰ ਕੋਈ ਵਿਸਥਾਰ ਦੀਆਂ ਯੋਜਨਾਵਾਂ ਬਣਾਉਂਦਾ ਹੈ, ਪਰ ਸਿੱਖ ਆਪਸੀ ਘਾਤ ਤੇ ਫਿਰ ਘਾਣ ਦੀ ਨੀਤੀ ‘ਤੇ ਸਰਪਟ ਚੱਲਦੇ ਜਾ ਰਹੇ ਹਨ।