ਦਲਭੰਜਨ ਗੁਰੁ ਸੂਰਮਾ

ਡਾ. ਅਜੀਤ ਸਿੰਘ ਕੋਟਕਪੂਰਾ
ਫੋਨ: 1-585-305-0443
ਸ਼ਹੀਦਾਂ ਦੇ ਸਿਰਤਾਜ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੇ ਸ਼ਾਸ਼ਕਾਂ ਵਲੋਂ ਦਿਤੇ ਗਏ ਅਕਹਿ ਅਤੇ ਅਸਹਿ ਜ਼ੁਲਮਾਂ ਨੂੰ ਉਸ ਅਕਾਲ ਪੁਰਖ ਦਾ ਮਿੱਠਾ ਭਾਣਾ ਕਰ ਕੇ ਮੰਨਿਆ ਤੇ ਆਪਣੇ ਸਿਖਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ। ਸਮਾਂ ਆਉਣ ‘ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਧਾਰਨ ਕੀਤੇ, ਕਲਗੀ ਸਜਾਈ ਅਤੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਉਨ੍ਹਾਂ ਨੇ ਦੁਸ਼ਮਣ ਨਾਲ ਦੋ ਹੱਥ ਕੀਤੇ ਅਤੇ ਉਨ੍ਹਾਂ ਦੇ ਦੰਦ ਖੱਟੇ ਕੀਤੇ। ਸਿੱਖ ਇਤਿਹਾਸ ‘ਤੇ ਝਾਤ ਮਾਰਿਆਂ ਪਤਾ ਚਲਦਾ ਹੈ ਕਿ ਸ਼ਹਾਦਤ ਲਈ ਲਾਹੌਰ ਨੂੰ ਜਾਣ ਸਮੇਂ ਬਾਲ ਹਰਗੋਬਿੰਦ ਸਿਰਫ ਬਾਰਾਂ ਸਾਲ ਦੇ ਹੀ ਸਨ। ਉਨ੍ਹਾਂ ਦੇ ਤੁਰਨ ਤੋਂ ਪਹਿਲਾਂ ਪੰਚਮ ਪਾਤਸ਼ਾਹ ਨੇ ਬਾਲ ਹਰਗੋਬਿੰਦ ਨੂੰ ਸਪਸ਼ਟ ਆਦੇਸ਼ ਦਿੱਤੇ ਸਨ ਕਿ ਗੁਰਗੱਦੀ ‘ਤੇ ਬੈਠਣ ਤੋਂ ਪਹਿਲਾਂ ਹਥਿਆਰਬੰਦ ਹੋ ਜਾਣਾ ਹੈ ਅਤੇ ਫੌਜ ਵੀ ਇਕੱਤਰ ਕਰਨੀ ਹੈ।

ਬਾਬਾ ਬੁੱਢਾ ਜੀ ਨੂੰ ਇਹ ਵੀ ਦੱਸਿਆ ਕਿ ਗੁਰਗੱਦੀ ਸੰਭਾਲਣ ਸਮੇਂ ਸੇਲੀ ਟੋਪੀ ਨੂੰ ਧਾਰਨ ਕਰਨ ਦੀ ਚਲ ਰਹੀ ਰੀਤ ਨੂੰ ਅਪਨਾਉਣ ਦੀ ਥਾਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਨੂੰ ਪਹਿਨਾਇਆ ਜਾਵੇ। (ਹਵਾਲਾ ਸ਼ ਜਗਜੀਤ ਸਿੰਘ ਦੀ ਪੁਸਤਕ ‘ਦੀ ਸਿੱਖ ਰੈਵੋਲੂਸ਼ਨ’, ਪੰਨਾ 172)
ਗੁਰਿਆਈ ਪ੍ਰਾਪਤ ਕਰਨ ਸਮੇਂ ਤੋਂ ਥੋੜੇ ਹੀ ਦਿਨਾਂ ਪਿੱਛੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਕਿ ਸਿੱਖ ਸੰਗਤਾਂ ਘੋੜਿਆਂ ਅਤੇ ਹਥਿਆਰਾਂ ਦੀ ਭੇਟਾ ਹਾਜ਼ਰ ਕਰਿਆ ਕਰਨ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਲਿਖਿਆ ਹੈ,
ਪੰਜਿ ਪਿਆਲੇ ਪੰਜ ਪੀਰ
ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਕਿਟੈ
ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ
ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ।
ਗੁਰੂ ਅਰਜਨ ਦੇਵ ਜੀ ਨੇ ਸਮੇਂ ਦੇ ਸ਼ਾਸ਼ਕਾਂ ਨੂੰ ਸਾਫ ਸਾਫ ਦੱਸ ਦਿੱਤਾ ਸੀ ਕਿ ਅਸੀਂ ਸਿਰਫ ਤੇ ਸਿਰਫ ਅਕਾਲ ਪੁਰਖ ਨੂੰ ਹੀ ਮੰਨਦੇ ਹਾਂ ਅਤੇ ਉਸ ਅਕਾਲ ਪੁਰਖ ਤੋਂ ਬਿਨਾ ਹੋਰ ਕਿਸੇ ਬਾਦਸ਼ਾਹ ਨੂੰ ਨਹੀਂ ਮੰਨਦੇ। ਛੇਵੇਂ ਪਾਤਸ਼ਾਹ ਨੇ ਇਸ ਸਿਧਾਂਤ ਨੂੰ ਠੋਸ ਰੂਪ ਵਿਚ ਮੰਨਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਅਕਾਲ ਤਖਤ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਮੀਰੀ-ਪੀਰੀ ਦੇ ਝੰਡੇ ਝੂਲਦੇ ਕਰ ਦਿਤੇ। ਅਕਾਲ ਤਖਤ ‘ਤੇ ਬੈਠ ਉਨ੍ਹਾਂ ਨੇ ਸੰਗਤਾਂ ਨੂੰ ਆਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਸਿੱਖਾਂ ਨੂੰ ਜ਼ੁਲਮ ਦੇ ਵਿਰੁੱਧ ਤਿਆਰ ਕਰਨਾ ਗੁਰੂ ਜੀ ਦੀ ਲਗਨ ਹੀ ਬਣ ਗਈ ਅਤੇ ਇਹ ਅਧਿਆਤਮਕ ਲੋੜ ਵੀ ਸੀ। ਉਹ ਸਿੱਖਾਂ ਨੂੰ ਸੰਤ ਸਿਪਾਹੀ ਬਣਾਉਣਾ ਚਾਹੁੰਦੇ ਸਨ, ਜੋ ਪਹਿਲਾਂ ਸੰਤ ਹੋਣ ਤੇ ਫਿਰ ਸਿਪਾਹੀ। ਇਸ ਲਈ ਸਿੱਖ ਸੰਗਤਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਹਥਿਆਰ ਅਤੇ ਘੋੜੇ ਲੈ ਕੇ ਗੁਰੂ ਸਾਹਿਬ ਦੀ ਭੇਟਾ ਵਿਚ ਹਾਜ਼ਰੀ ਭਰਨ ਲੱਗ ਪਈਆਂ। ਰੋਜ਼ਾਨਾ ਸਵੇਰ ਵੇਲੇ ਦੇ ਦੀਵਾਨ ਤੋਂ ਬਾਅਦ ਗੁਰੂ ਜੀ ਆਪ ਸੂਰਮਿਆਂ ਦਾ ਯੁੱਧ ਅਭਿਆਸ ਕਰਵਾਇਆ ਕਰਦੇ ਸਨ। ਰੋਜ਼ਾਨਾ ਹੀ ਸੰਤ ਸਿਪਾਹੀ ਜੰਗਲਾਂ ਵਿਚ ਸ਼ਿਕਾਰ ਖੇਡਣ ਲਈ ਜਾਇਆ ਕਰਦੇ, ਘੋੜ ਸਵਾਰੀ ਕੀਤੀ ਜਾਂਦੀ ਅਤੇ ਸ਼ਸਤਰ ਅਭਿਆਸ ਵੀ ਕੀਤਾ ਜਾਂਦਾ। ਜਿਸਮਾਨੀ ਖੇਡਾਂ ਦਾ ਇੰਤਜ਼ਾਮ ਕੀਤਾ ਜਾਂਦਾ ਅਤੇ ਜੇਤੂਆਂ ਨੂੰ ਉਤਸ਼ਾਹਿਤ ਕਰਨ ਹਿਤ ਇਨਾਮਾਂ ਦੀ ਬਖਸ਼ਿਸ਼ ਕੀਤੀ ਜਾਂਦੀ। ਜਲਦੀ ਹੀ ਗੁਰੂ ਜੀ ਦੇ ਸੈਨਿਕਾਂ ਦੀ ਗਿਣਤੀ ਹਜ਼ਾਰਾਂ ਵਿਚ ਹੋ ਗਈ। ਕਾਫੀ ਗਿਣਤੀ ਵਿਚ ਬੰਦੂਕਚੀ ਵੀ ਤਿਆਰ ਕਰ ਲਏ ਗਏ। ਅਕਾਲ ਤਖਤ ਸੈਨਾ ਲਈ ਹਥਿਆਰਾਂ ਅਤੇ ਜੰਗੀ ਮਸ਼ਕਾਂ ਦਾ ਕੇਂਦਰ ਬਣ ਗਿਆ। ਸਿੱਖ ਸੰਗਤਾਂ ਵਿਚੋਂ ਪੰਜ ਸੈਨਾਪਤੀ ਥਾਪ ਦਿੱਤੇ ਗਏ ਅਤੇ ਉਨ੍ਹਾਂ ਨੂੰ 100-100 ਸੈਨਿਕਾਂ ਦੀ ਜਿੰਮੇਵਾਰੀ ਦਿੱਤੀ ਗਈ। ਭਾਈ ਗੁਰਦਾਸ ਨੂੰ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਦੇ ਰੂਪ ਵਿਚ ਨਿਯੁਕਤ ਕਰ ਦਿਤਾ ਗਿਆ।
1628 ਵਿਚ ਗੁਰੂ ਜੀ ਨੇ ਅੰਮ੍ਰਿਤਸਰ ਵਿਚ ਉਚੇ ਟਿੱਬੇ ‘ਤੇ ਕਿਲਾ ਲੋਹਗੜ੍ਹ ਬਣਵਾ ਕੇ ਝੰਡਾ ਲਹਿਰਾਇਆ ਅਤੇ ਉਸ ਦੇ ਆਲੇ-ਦੁਆਲੇ ਇੱਕ ਮਜ਼ਬੂਤ ਕੰਧ ਵੀ ਬਣਵਾਈ ਗਈ। ਕਿਲੇ ਦੇ ਨਾਲ ਨਾਲ ਹੋਰ ਛਾਉਣੀਆਂ ਵਸਾਉਣ ਦੇ ਨਾਲ ਇੱਕ ਨਗਾਰਾ ਵੀ ਬਣਵਾਇਆ ਗਿਆ, ਜਿਸ ਨੂੰ ਵਜਾ ਕੇ ਸਵੇਰੇ ਤੇ ਸ਼ਾਮ ਸਮੇਂ ਸੰਗਤਾਂ ਨੂੰ ਇਕੱਠੇ ਹੋਣ ਦੇ ਸੰਦੇਸ਼ ਦਿੱਤੇ ਜਾਂਦੇ। ਇੰਜ ਛੇਵੇਂ ਪਾਤਸ਼ਾਹ ਨੇ ਫੌਜਾਂ ਨੂੰ ਤਿਆਰ-ਬਰ-ਤਿਆਰ ਕਰ ਲਿਆ ਤਾਂ ਜੋ ਧਰਮ ਦੀ ਰੱਖਿਆ ਲਈ, ਸਿੱਖਾਂ ਦੇ ਬਚਾਓ ਲਈ ਅਤੇ ਸੱਚਾਈ ਦੀ ਖਾਤਿਰ ਲੜਿਆ ਜਾ ਸਕੇ।
ਸ਼ਾਹਜਹਾਨ ਦੇ ਸਮੇਂ ਗੁਰੂ ਸਾਹਿਬਾਨ ਨੂੰ ਚਾਰ ਜੰਗਾਂ ਮੁਗਲ ਹਕੂਮਤ ਦੇ ਵਿਰੁੱਧ ਲੜਨੀਆਂ ਪਈਆਂ ਅਤੇ ਇਨ੍ਹਾਂ ਚਾਰਾਂ ਹੀ ਯੁੱਧਾਂ ਵਿਚ ਦੁਸ਼ਮਣ ਨੂੰ ਕਰਾਰੀ ਹਾਰ ਹੋਈ ਸੀ। ਮੁਗਲ ਫੌਜਾਂ ਨਾਲ ਪਹਿਲੀ ਲੜਾਈ 1628 ਵਿਚ ਅੰਮ੍ਰਿਤਸਰ ਵਿਖੇ ਹੋਈ। ਲੜਾਈ ਦਾ ਕਾਰਨ ਸੀ ਕਿ ਗੁਰੂ ਸਾਹਿਬ ਅਤੇ ਬਾਦਸ਼ਾਹ ਸ਼ਹਿਨਸ਼ਾਹ ਇੱਕ ਦੂਜੇ ਦੇ ਨੇੜੇ-ਤੇੜੇ ਹੀ ਸ਼ਿਕਾਰ ਖੇਡ ਰਹੇ ਸਨ ਤੇ ਗੁਰੂ ਜੀ ਦੇ ਸ਼ਿਕਾਰੀਆਂ ਨੇ ਮੁਗਲਾਂ ਦੇ ਬਾਜ ਨੂੰ ਥੱਲੇ ਡੇਗ ਲਿਆ। ਇਹ ਚਿੱਟਾ ਬਾਜ ਮੁਗਲ ਹਾਕਮ ਨੂੰ ਵਧੇਰੇ ਪਿਆਰਾ ਸੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਇਹ ਬਾਜ ਵਾਪਸ ਕਰਨ ਦਾ ਹੁਕਮ ਦਿੱਤਾ ਅਤੇ ਸਿੱਖਾਂ ਪ੍ਰਤੀ ਅਪਮਾਨ ਭਰੇ ਤੇ ਭੱਦੇ ਸ਼ਬਦ ਵਰਤੇ। ਗੁਰੂ ਜੀ ਦੇ ਸਾਥੀਆਂ ਨੇ ਚਿੱਟਾ ਬਾਜ ਮੋੜਨ ਤੋਂ ਇਹ ਆਖ ਕੇ ਨਾਂਹ ਕਰ ਦਿੱਤੀ ਕਿ ਇਹ ਬਾਜ ਆਪਣੀ ਮਰਜ਼ੀ ਨਾਲ ਗੁਰੂ ਜੀ ਦੀ ਸ਼ਰਨ ਵਿਚ ਆਇਆ ਹੈ। ਗੁੱਸੇ ਵਿਚ ਸ਼ਾਹਜਹਾਨ ਨੇ ਮੁਖਲਿਸ ਖਾਂ ਦੀ ਅਗਵਾਈ ਵਿਚ 7,000 ਦੀ ਫੌਜ ਦੇ ਕੇ ਗੁਰੂ ਜੀ ‘ਤੇ ਹਮਲਾ ਕਰਨ ਲਈ ਭੇਜ ਦਿੱਤਾ। ਗੁਰਬਿਲਾਸ ਅਨੁਸਾਰ ਇਸ ਘਟਨਾ ਬਾਰੇ ਗੁਰੂ ਹਰਗੋਬਿੰਦ ਜੀ ਨੇ ਫੁਰਮਾਇਆ,
ਤਿਨ ਕੋ ਬਾਜ ਨਹੀਂ ਮੈਂ ਦੇਨਾ।
ਤਾਜ ਬਾਜ ਤਿਨ ਤੇ ਸਭ ਲੇਨਾ।
ਦੇਸ ਰਾਜ ਮੈਂ ਤਿਨ ਕਾ ਲੈਹੁ।
ਗਰੀਬ ਅਨਾਥਨ ਕੋ ਸਭ ਦੇਹੋ।
ਮੁਗਲ ਫੌਜਾਂ ਨੇ ਪਹਿਲਾਂ ਲੋਹਗੜ੍ਹ ‘ਤੇ ਹਮਲਾ ਕੀਤਾ, ਜਿਥੇ ਲਗਭਗ 700 ਸੰਤ ਸਿਪਾਹੀ ਆਪਣੇ ਬਚਾਓ ਲਈ ਤਿਆਰ ਸਨ। ਪਹਿਲੀ ਰਾਤ ਮੁਗਲਾਂ ਦਾ ਪਾਸਾ ਹਾਵੀ ਰਿਹਾ। ਗੁਰੂ ਜੀ ਦੀ ਰਿਹਾਇਸ਼ ਨੂੰ ਵੀ ਲੁਟਿਆ ਗਿਆ, ਜਿਸ ਵਿਚੋਂ ਪਰਿਵਾਰ ਨੂੰ ਪਹਿਲਾਂ ਹੀ ਸੁਰੱਖਿਅਤ ਥਾਂ ਭੇਜਿਆ ਜਾ ਚੁਕਾ ਸੀ। ਘਰ ਦੀ ਲੁੱਟ ਮਾਰ ਸਮੇਂ ਮੁਗਲ ਫੌਜਾਂ ਨੇ ਉਹ ਮਠਿਆਈ ਵੀ ਖਾ ਲਈ, ਜੋ ਬੀਬੀ ਵੀਰੋ ਜੀ ਦੇ ਵਿਆਹ ਲਈ ਲਿਆ ਕੇ ਰੱਖੀ ਹੋਈ ਸੀ। ਅਗਲੀ ਸਵੇਰ ਸਿੱਖ ਫੌਜਾਂ ਅਤੇ ਮੁਗਲ ਫੌਜਾਂ ਦੇ ਕਾਫੀ ਸਿਪਾਹੀ ਮਾਰੇ ਗਏ। ਗੁਰੂ ਸਾਹਿਬ ਨੇ ਮੁਖਲਿਸ ਖਾਂ ਨੂੰ ਆਹਮੋ ਸਾਹਮਣੀ ਲੜਾਈ ਲਈ ਲਲਕਾਰਿਆ ਤੇ ਪਹਿਲਾ ਵਾਰ ਕਰਨ ਦਾ ਮੌਕਾ ਵੀ ਦਿਤਾ। ਮਗਰੋਂ ਗੁਰੂ ਸਾਹਿਬ ਨੇ ਆਪਣੀ ਦੋ ਧਾਰੀ ਤਲਵਾਰ ਨਾਲ ਮੁਖਲਿਸ ਖਾਂ ਨੂੰ ਪਾਰ ਬੁਲਾ ਦਿਤਾ। ਇਸ ਇਤਿਹਾਸਕ ਪਹਿਲੀ ਲੜਾਈ ਵਿਚ ਗੁਰੂ ਜੀ ਵਲੋਂ ਤਿਆਰ ਸੰਤ ਸਿਪਾਹੀਆਂ ਦੀ ਜਿੱਤ ਹੋਈ।
ਸਿੱਖਾਂ ਦੀ ਦੂਜੀ ਲੜਾਈ ਮੁਗਲ ਫੌਜਾਂ ਨਾਲ 1629 ਵਿਚ ਹੋਈ, ਜਿਸ ਵਿਚ ਸੰਤ ਸਿਪਾਹੀਆਂ ਨੂੰ ਫਤਿਹ ਪ੍ਰਾਪਤ ਹੋਈ ਸੀ। ਲੜਾਈ ਵਾਲੇ ਸਥਾਨ ਪਿੰਡ ਰੁਹੇਲਾ ਦੇ ਵਾਸੀਆਂ ਦੀ ਮਦਦ ਨਾਲ ਹਰਗੋਬਿੰਦਪੁਰ ਨਗਰ ਦੀ ਉਸਾਰੀ ਕੀਤੀ ਗਈ। ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਪਿੰਡ ਰੁਹੇਲਾ ਵਿਚ ਇੱਕ ਨਗਰੀ ਦੀ ਉਸਾਰੀ ਸ਼ੁਰੂ ਕਰਵਾਈ ਸੀ, ਪਰ ਉਸ ਜ਼ਮੀਨ ਦਾ ਮਾਲਕ ਭਗਵਾਨ ਦਾਸ ਇਸ ਨਗਰੀ ਦੀ ਉਸਾਰੀ ਲਈ ਰਜ਼ਾਮੰਦ ਨਹੀਂ ਸੀ। ਉਹ ਇਹ ਮਹਿਸੂਸ ਕਰਦਾ ਸੀ ਕਿ ਗੁਰੂ ਜੀ ਉਸ ਦੀ ਥਾਂ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜਦੋਂ ਛੇਵੇਂ ਨਾਨਕ ਉਸ ਸਥਾਨ ‘ਤੇ ਪੁਜੇ ਤਾਂ ਉਹ ਰਮਣੀਕ ਜਗ੍ਹਾ ਉਨ੍ਹਾਂ ਨੂੰ ਭਾਅ ਗਈ ਤੇ ਉਹ ਵੀ ਉਸ ਥਾਂ ਨਗਰੀ ਸਥਾਪਿਤ ਕਰਨ ਲਈ ਤਿਆਰ ਹੋ ਗਏ; ਪਰ ਮਾੜੇ ਵਿਚਾਰ ਭਗਵਾਨ ਦਾਸ ਦੇ ਮਨ ਵਿਚ ਭਰ ਜਾਣ ਕਾਰਨ ਉਸ ਨੇ ਛੇਵੇਂ ਗੁਰੂ ਲਈ ਬੜੇ ਮਾੜੇ ਅਤੇ ਘੋਰ ਅਪਮਾਨਜਨਕ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਜਦੋਂ ਗੁਰੂ ਜੀ ਦੇ ਵਾਰ ਵਾਰ ਸਮਝਾਉਣ ‘ਤੇ ਉਹ ਨਾ ਹਟਿਆ ਤਾਂ ਸਿੱਖਾਂ ਨੇ ਉਸ ਨੂੰ ਚੁੱਕ ਕੇ ਬਿਆਸ ਦਰਿਆ ਦੇ ਅੰਦਰ ਵਗਾਹ ਮਾਰਿਆ।
ਆਪਣੇ ਬਾਪ ਦੀ ਮੌਤ ਹੋ ਜਾਣ ਕਾਰਨ ਭਗਵਾਨ ਦਾਸ ਦਾ ਪੁੱਤਰ ਰਤਨ ਚੰਦ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਜਲੰਧਰ ਦੇ ਸੂਬੇਦਾਰ ਅਬਦੁਲਾ ਖਾਨ ਕੋਲ ਅਰਜ਼ ਗੁਜ਼ਾਰੀ ਤੇ ਮਦਦ ਲਈ ਗੁਹਾਰ ਲਾਈ। ਅਬਦੁਲਾ ਖਾਨ ਨੇ ਆਪਣੀਆਂ ਫੌਜਾਂ ਨੂੰ ਵੱਖ-ਵੱਖ ਸੈਨਾਪਤੀਆਂ ਦੀ ਅਗਵਾਈ ਹੇਠ ਗੁਰੂ ਜੀ ‘ਤੇ ਹਮਲਾ ਕਰਨ ਲਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਹਿੱਤ ਭੇਜਿਆ। ਪਹਿਲੇ ਦਿਨ ਹੀ ਸੰਤ ਸਿਪਾਹੀਆਂ ਵਲੋਂ ਉਨ੍ਹਾਂ ਨੂੰ ਹਰਾ ਦਿੱਤਾ ਗਿਆ ਅਤੇ ਅਬਦੁਲਾ ਖਾਨ ਦੇ ਦੋ ਪੁੱਤਰ ਵੀ ਇਸ ਵਿਚ ਮਾਰੇ ਗਏ। ਅਗਲੇ ਦਿਨ ਅਬਦੁਲਾ ਖਾਨ ਆਪਣੀ ਪੂਰੀ ਫੌਜ ਨਾਲ ਗੁਰੂ ਜੀ ਦੇ ਅਸਥਾਨ ਵੱਲ ਹਮਲੇ ਲਈ ਵਧਿਆ। ਇਸ ਲੜਾਈ ਵਿਚ ਗੁਰੂ ਜੀ ਆਪ ਵੀ ਅਬਦੁਲਾ ਖਾਨ ਨਾਲ ਸਾਹਮਣੇ ਹੋਏ। ਗੁਰੂ ਜੀ ਦੀ ਤਲਵਾਰ ਦੇ ਵਾਰਾਂ ਨਾਲ ਰਤਨ ਚੰਦ ਅਤੇ ਅਬਦੁਲਾ ਖਾਨ ਵੀ ਮਾਰੇ ਗਏ। ਲੜਾਈ ਖਤਮ ਹੋਣ ਪਿਛੋਂ ਸ਼ਾਮ ਨੂੰ ਸਿੱਖ ਸੰਤ ਸਿਪਾਹੀਆਂ ਦਾ ਸਸਕਾਰ ਕਰ ਦਿੱਤਾ ਗਿਆ ਅਤੇ ਮੁਸਲਮਾਨਾਂ ਦੀਆਂ ਲਾਸ਼ਾਂ ਨੂੰ ਟੋਏ ਪੁਟਵਾ ਕੇ ਹਥਿਆਰਾਂ ਸਮੇਤ ਦਫਨਾ ਦਿੱਤਾ ਗਿਆ।
ਗੁਰੂ ਸਾਹਿਬ ਦੇ ਸੰਤ ਸਿਪਾਹੀਆਂ ਦੀ ਤੀਜੀ ਲੜਾਈ ਮੁਗਲ ਫੌਜਾਂ ਨਾਲ ਨਥਾਣੇ ਪਿੰਡ ਦੀ ਢਾਬ ‘ਤੇ ਹੋਈ, ਜਿਸ ਨੂੰ ਹੁਣ ਗੁਰੂਸਰ ਕਿਹਾ ਜਾਂਦਾ ਹੈ। ਇਸ ਲੜਾਈ ਦਾ ਕਾਰਨ ਦੋ ਘੋੜੇ ਬਣੇ, ਜੋ ਗੁਰੂ ਸਾਹਿਬਾਨ ਨੂੰ ਭੇਟਾ ਕਰਨ ਖਾਤਿਰ ਸੇਠ ਕਰੋੜੀ ਮੱਲ ਕਾਬੁਲ ਤੋਂ ਪੰਜਾਬ ਵਲ ਲੈ ਕੇ ਆ ਰਿਹਾ ਸੀ। ਰਸਤੇ ਵਿਚ ਇਹ ਦੋਵੇਂ ਘੋੜੇ, ਜਿਨ੍ਹਾਂ ਦੇ ਨਾਮ ਦਿਲਬਾਗ ਤੇ ਗੁਲਬਾਗ ਸਨ ਅਤੇ ਬਹੁਤ ਹੀ ਫੁਰਤੀਲੇ ਸਨ, ਨੂੰ ਲਾਹੌਰ ਵਿਚ ਸੂਬੇਦਾਰ ਨੇ ਜ਼ਬਰਦਸਤੀ ਖੋਹ ਕੇ ਆਪਣੇ ਕੋਲ ਰੱਖ ਲਏ। ਜਦੋਂ ਗੁਰੂ ਜੀ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਭਾਈ ਬਿਧੀ ਚੰਦ ਨੂੰ ਕਿਸੇ ਵੀ ਢੰਗ ਨਾਲ ਘੋੜੇ ਵਾਪਿਸ ਲਿਆਉਣ ਲਈ ਆਖਿਆ। ਭਾਈ ਬਿਧੀ ਚੰਦ ਨੇ ਬੜੀ ਹੀ ਹੁਸ਼ਿਆਰੀ ਨਾਲ ਦੋਵੇਂ ਘੋੜੇ ਗੁਰੂ ਜੀ ਕੋਲ ਹਾਜ਼ਰ ਕਰ ਦਿੱਤੇ। (ਭਾਈ ਬਿਧੀ ਚੰਦ ਦਾ ਇੱਕ ਵਾਰਸ, ਹਾਕੀ ਵਿਚ ਸੋਨ ਤਮਗੇ ਜਿੱਤ ਕੇ ਭਾਰਤ ਨੂੰ ਦੇਣ ਵਾਲਾ ਖਿਡਾਰੀ ਸ਼ ਬਲਬੀਰ ਸਿੰਘ ਸੀਨੀਅਰ ਹੁਣੇ ਹੁਣੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਉਸ ਦੇ ਹਾਕੀ ਦੇ ਖੇਤਰ ਵਿਚ ਗੋਲ ਕਰਨ ਦਾ ਵਿਸ਼ਵ ਰਿਕਾਰਡ ਹਾਲੇ ਵੀ ਕਾਇਮ ਹੈ।)
ਜਾਣੀ ਜਾਣ ਗੁਰੂ ਸਾਹਿਬ ਨੇ ਸੰਗਤਾਂ ਅਤੇ ਸੰਤ ਸਿਪਾਹੀਆਂ ਨੂੰ ਹੋਣ ਵਾਲੇ ਯੁੱਧ ਲਈ ਤਿਆਰ-ਬਰ-ਤਿਆਰ ਕਰ ਲਿਆ। ਉਨ੍ਹਾਂ ਇਹ ਭਾਸ ਲਿਆ ਕਿ ਘੋੜੇ ਵਾਪਿਸ ਲੈਣ ਖਾਤਿਰ ਹਮਲਾ ਕੀਤਾ ਜਾਵੇਗਾ। ਸ਼ਾਹਜਹਾਂ ਪਹਿਲੀਆਂ ਦੋਵੇਂ ਲੜਾਈਆਂ ਹਾਰ ਜਾਣ ਕਾਰਨ ਗੁਰੂ ਜੀ ਨਾਲ ਕਾਫੀ ਰੰਜਸ਼ ਰੱਖਦਾ ਸੀ। ਇਸ ਲਈ ਸੂਬੇਦਾਰ ਸੈਨਾਪਤੀ ਲੱਲਾਬੇਗ ਤੇ ਉਸ ਦੇ ਭਰਾ ਦੀ ਅਗਵਾਈ ਵਿਚ ਕਈ ਹਜ਼ਾਰ ਫੌਜਾਂ ਗੁਰੂ ਸਾਹਿਬਾਨ ‘ਤੇ ਹਮਲਾ ਕਰਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਭੇਜੀਆਂ। ਮੁਗਲ ਫੌਜਾਂ ਨੇ ਨਥਾਣੇ ਦੀ ਢਾਬ ਨੇੜੇ ਪੁਜਦਿਆਂ ਹੀ ਹਮਲਾ ਕਰ ਦਿੱਤਾ। ਸੰਤ ਸਿਪਾਹੀਆਂ ਵਲੋਂ ਡੱਟ ਕੇ ਮੁਕਾਬਲਾ ਕੀਤਾ ਗਿਆ। ਲੜਾਈ ਦਿਨ ਰਾਤ ਹੀ ਚਲਦੀ ਰਹੀ। ਜਰਨੈਲ ਲੱਲਾਬੇਗ ਤੇ ਉਸ ਦਾ ਭਰਾ ਕਮਰਬੇਗ ਗੁਰੂ ਜੀ ਦੇ ਹੱਥੋਂ ਦੋ ਧਾਰੀ ਤਲਵਾਰ ਨਾਲ ਮਾਰੇ ਗਏ। ਲੜਾਈ ਖਤਮ ਹੋਣ ‘ਤੇ ਫੱਟੜਾਂ ਦੀ ਮਲ੍ਹਮ ਪੱਟੀ ਕਰਵਾਈ ਗਈ। ਸ਼ਹੀਦ ਸਿੱਖਾਂ ਦਾ ਆਪਣੇ ਹੱਥੀਂ ਗੁਰੂ ਜੀ ਨੇ ਸਸਕਾਰ ਕੀਤਾ। ਮੁਸਲਿਮ ਮ੍ਰਿਤਕ ਦੇਹਾਂ ਨੂੰ ਵੀ ਉਸੇ ਥਾਂ ਦਫਨਾ ਦਿੱਤਾ ਗਿਆ।
ਸਿੱਖਾਂ ਦੀ ਚੌਥੀ ਲੜਾਈ ਕਰਤਾਰਪੁਰ ਦੇ ਸਥਾਨ ‘ਤੇ ਹੋਈ ਸੀ। ਇਸ ਲੜਾਈ ਦਾ ਕਾਰਨ ਓਹੋ ਹੀ ਬਾਜ ਬਣਿਆ, ਜੋ ਪਹਿਲੀ ਲੜਾਈ ਤੋਂ ਪਹਿਲਾਂ ਗੁਰੂ ਜੀ ਦੀ ਸ਼ਰਨ ਆ ਗਿਆ ਸੀ। ਗੁਰੂ ਸਾਹਿਬਾਨ ਕੋਲ ਇਕ ਮੁਸਲਿਮ ਸਰਦਾਰ ਪੈਂਦਾ ਖਾਨ ਸੀ, ਜੋ ਬਹੁਤ ਸੁੰਦਰ ਤੇ ਸੁਨੱਖਾ ਗੱਭਰੂ ਸੀ ਅਤੇ ਬਹੁਤ ਹੀ ਤਾਕਤਵਰ ਵੀ ਸੀ। ਗੁਰੂ ਜੀ ਉਸ ਨੂੰ ਆਪਣਾ ਮਿੱਤਰ ਮੰਨਦੇ ਸਨ ਅਤੇ ਪਿਆਰ ਸਹਿਤ ਬਹੁਤ ਬਖਸ਼ਿਸ਼ਾਂ ਵੀ ਦਿਆ ਕਰਦੇ ਸਨ। ਇਸ ਨਾਲ ਪੈਂਦਾ ਖਾਨ ਹੰਕਾਰੀ ਹੋ ਗਿਆ। ਆਪਣੇ ਸੁੰਦਰ ਕੱਪੜੇ ਅਤੇ ਵਧੀਆ ਘੋੜਾ, ਜੋ ਗੁਰੂ ਸਾਹਿਬਾਨ ਵਲੋਂ ਬਖਸ਼ਿਆ ਹੋਇਆ ਸੀ, ਉਸ ਨੇ ਆਪਣੇ ਜਵਾਈ ਉਸਮਾਨ ਖਾਨ ਨੂੰ ਦੇ ਦਿੱਤੇ। ਉਸਮਾਨ ਖਾਨ ਨੇ ਚਿੱਟਾ ਬਾਜ, ਜੋ ਗੁਰੂ ਜੀ ਦੇ ਸਿੱਖਾਂ ਵਲੋਂ ਫੜਿਆ ਹੋਇਆ ਸੀ, ਫੜ ਲਿਆ ਅਤੇ ਵਾਪਸ ਨਾ ਕੀਤਾ। ਜਦੋਂ ਪੁੱਛਿਆ ਗਿਆ ਤਾਂ ਪੈਂਦੇ ਖਾਨ ਨੇ ਝੂਠ ਬੋਲਿਆ। ਗੁਰੂ ਜੀ ਪੈਂਦਾ ਖਾਨ ‘ਤੇ ਨਾਰਾਜ਼ ਹੋ ਗਏ ਅਤੇ ਉਸ ਨੂੰ ਨੌਕਰੀਓਂ ਕੱਢ ਦਿਤਾ। ਉਹ ਮੁਗਲ ਫੌਜਾਂ ਨਾਲ ਜਾ ਰਲਿਆ ਅਤੇ ਗੁਰੂ ਜੀ ਦੇ ਖਿਲਾਫ ਯੁੱਧ ਕਰਨ ਲਈ ਤਿਆਰ ਹੋ ਗਿਆ। ਬਾਦਸ਼ਾਹ ਸ਼ਾਹਜਹਾਂ ਨੇ 50,000 ਫੌਜਾਂ ਸੈਨਾਪਤੀ ਕਾਲੇ ਖਾਨ ਦੀ ਅਗਵਾਈ ਵਿਚ ਹਮਲਾ ਕਰਨ ਲਈ ਭੇਜੀਆਂ। ਦੋਹਾਂ ਦਲਾਂ ਦਾ ਆਹਮੋ-ਸਾਹਮਣਾ ਮੁਕਾਬਲਾ ਹੋਇਆ। ਉਸਮਾਨ ਖਾਨ ਇਸ ਲੜਾਈ ਵਿਚ ਮਾਰਿਆ ਗਿਆ। ਗੁਰੂ ਸਾਹਿਬ ਨੂੰ ਇਕੱਲਾ ਸਮਝ ਕੇ ਪੈਂਦਾ ਖਾਨ ਉਨ੍ਹਾਂ ‘ਤੇ ਟੁੱਟ ਪਿਆ। ਕਰੁਣਾਮਈ ਹਿਰਦੇ ਵਾਲੇ ਗੁਰੂ ਸਾਹਿਬ ਜੀ ਨੇ ਉਸ ਨੂੰ ਸਮਝਾਇਆ ਕਿ ਹਾਲੇ ਵੀ ਆਪਣੇ ਕੀਤੇ ਗੁਨਾਹਾਂ ਨੂੰ ਕਬੂਲ ਕਰ ਤੇ ਮੁਆਫੀ ਮੰਗ ਲੈ; ਪਰ ਜਦੋਂ ਉਹ ਨਾ ਸਮਝਿਆ ਤੇ ਮੁੜ ਮੁੜ ਵਾਰ ਕਰੀ ਜਾ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਆਪਣੀ ਤਲਵਾਰ ਨਾਲ ਉਸ ਨੂੰ ਪਾਰ ਬੁਲਾ ਦਿੱਤਾ। ਫਿਰ ਜਰਨੈਲ ਕਾਲੇ ਖਾਨ ਨੇ ਗੁਰੂ ਜੀ ਨੂੰ ਲਲਕਾਰਿਆ ਕਿ ਘੋੜੇ ਤੋਂ ਉਤਰ ਕੇ ਉਸ ਨਾਲ ਯੁੱਧ ਕਰਨ। ਗੁਰੂ ਜੀ ਨੇ ਘੋੜੇ ਤੋਂ ਉਤਰ ਕੇ ਕਾਲੇ ਖਾਨ ਨਾਲ ਲੜਾਈ ਕੀਤੀ ਤੇ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਇਸ ਲੜਾਈ ਵਿਚ 700 ਸੰਤ ਸਿਪਾਹੀ ਸ਼ਹੀਦ ਹੋਏ। ਮੁਗਲ ਫੌਜਾਂ ਦਾ ਭਾਰੀ ਨੁਕਸਾਨ ਹੋਇਆ।
ਇਹ ਚਾਰੇ ਹੀ ਲੜਾਈਆਂ ਗੁਰੂ ਜੀ ਨੇ ਰਾਜ ਭਾਗ ‘ਤੇ ਕਬਜ਼ਾ ਕਰਨ ਲਈ ਨਹੀਂ ਸਨ ਲੜੀਆਂ, ਸਗੋਂ ਸਿੱਖਾਂ ਨੂੰ ਨਿਡਰ ਬਣਾਉਣ ਖਾਤਿਰ ਲੜੀਆਂ ਸਨ। ਧਰਮ ਅਤੇ ਸੱਚਾਈ ਦੀ ਰਖਿਆ ਖਾਤਿਰ ਲੜੀਆਂ ਲੜਾਈਆਂ ਵਿਚ ਕਦੇ ਵੀ ਗੁਰੂ ਸਾਹਿਬ ਨੇ ਪਹਿਲ ਨਹੀਂ ਕੀਤੀ ਅਤੇ ਆਪਣੇ ਬਚਾਅ ਵਾਸਤੇ ਹੀ ਜੰਗ ਵਿਚ ਕੁੱਦਣਾ ਪਿਆ ਸੀ। ਉਹ ਹਮੇਸ਼ਾ ਪਹਿਲਾਂ ਹਮਲਾ ਕਰਨ ਵਾਲੇ ਨੂੰ ਲਲਕਾਰਦੇ ਸਨ ਅਤੇ ਪਹਿਲਾ ਵਾਰ ਕਰਨ ਦਾ ਮੌਕਾ ਵੀ ਦੁਸ਼ਮਣ ਨੂੰ ਹੀ ਦਿੱਤਾ ਜਾਂਦਾ ਸੀ। ਦੁਸ਼ਮਣ ਫੌਜਾਂ ਦੇ ਸ਼ਸਤਰ ਲੜਾਈ ਜਿੱਤਣ ਪਿਛੋਂ ਉਨ੍ਹਾਂ ਨੂੰ ਵਾਪਿਸ ਕਰ ਦਿੱਤੇ ਜਾਂਦੇ ਸਨ।