ਚੰਨ ਦੀ ਲੋਅ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਟਿੱਚਰਾਂ ਦੇ ਲਹਿਜ਼ੇ ਨਾਲ ਗੱਲ ਸਾਰੇ ਪਿੰਡ ਵਿਚ ਘੁੰਮ ਰਹੀ ਸੀ ਕਿ ਗੰਢੇ ਕਾ ਭੋਲਾ ਬੰਗਾਲਣ ਲੈ ਕੇ ਆਇਆ ਹੈ। ਕਈ ਕਹਿੰਦੇ, ਵਧੀਆ ਕੀਤਾ, ਰੋਟੀ ਪੱਕਦੀ ਹੋ ਗਈ, ਭੋਲੇ ਦੀ ਬੇਬੇ ਬੁੱਢੇਵਾਰੇ ਹੱਥ ਸਾੜਦੀ ਫਿਰਦੀ ਸੀ। ਕਈ ਕਹਿਣ, ਭੋਲੇ ਦੀ ਜ਼ਮੀਨ ਵਿਕਾ ਦਊਗੀ। ਬੰਗਾਲਣਾਂ ਕਦੋਂ ਵਸਦੀਆਂ ਨੇ! ਮੱਛੀ ਖਾਣੀ ਜਾਤ ਨੇ, ਆਟੇ ਨਾਲ ਮੱਥਾ ਨਹੀਂ ਮਾਰਨਾ। ਇਹ ਤਾਂ ਦੋ ਟਾਈਮ ਮਾਸ-ਚੌਲ ਭਾਲਦੀਆਂ ਨੇ। ਇਕ ਭੋਲਾ, ਦੂਜੀ ਉਸ ਦੀ ਬੰਗਾਲਣ-ਦੋ ਸ਼ਬਦ ਪਿੰਡ ਵਾਲਿਆਂ ਨੂੰ ਮਿਲ ਗਏ ਸਨ। ਬੱਸ ਪਿੰਡ ਵਾਲਿਆਂ ਲਈ ਖੇਡ ਹੀ ਬਣ ਗਏ ਸਨ।

ਇੱਕ ਰੁੱਤ ਵੀ ਵਿਹਲੀ ਸੀ, ਸਾਰੇ ਕੱਤੇ ਦੀ ਬਿਜਾਈ ਕਰਕੇ ਵਿਹਲੇ ਹੋਏ ਸਨ। ਆਂਢ-ਗੁਆਂਢ ਦੀਆਂ ਬੀਬੀਆਂ ਨੇ ਆਪਸ ਵਿਚ ਰਾਏ ਕਰ ਕੇ ਭੋਲੇ ਦੀ ਘਰ ਵਾਲੀ ਨੂੰ ਸ਼ਗਨ ਪਾਉਣ ਲਈ ਤਿਆਰੀ ਖਿੱਚ ਲਈ। ਸਭ ਤੋਂ ਪਹਿਲਾਂ ਸੀਤੋ ਪੰਚਣੀ ਨੂੰ ਸੂਹ ਲੈਣ ਲਈ ਭੇਜਿਆ ਕਿ ਗੱਲ ਸੱਚੀ ਹੈ, ਜਾਂ ਸਾਰਾ ਪਿੰਡ ਹਵਾ ਵਿਚ ਤੀਰ ਛੱਡੀ ਜਾਂਦਾ ਹੈ। ਸੀਤੋ ਭੋਲੇ ਦੀ ਮਾਂ ਮਿੰਦੋ ਨੂੰ ਮਿਲ ਆਈ, ਗੱਲ ਸੱਚੀ ਸੀ। ਬੂਹੇ ਅੱਗੇ ਤੇਲ ਚੋਇਆ ਹੋਇਆ ਸੀ। ਭੋਲਾ ਵੀ ਘਰੇ ਘਰਵਾਲੀ ਨਾਲ ‘ਹਮਕੋ ਤੁਮਕੋ’ ਕਰ ਰਿਹਾ ਸੀ। ਸੀਤੋ ਦੀ ਹਰੀ ਝੰਡੀ ਪਿਛੋਂ ਬੀਬੀਆਂ ਦੀ ਰੇਲ ਨੇ ਭੋਲੇ ਕੇ ਘਰ ਜਾ ਕੇ ਸਟੇਸ਼ਨ ਹੀ ਬਣਾ ਲਿਆ। ਸਾਰੇ ਵਿਹੜੇ ਵਿਚ ‘ਵਧਾਈਆਂ ਬੇਬੇ ਜੀ! ਵਧਾਈਆਂ ਮਿੰਦੋ ਭੈਣ, ਵੇ ਭੋਲਿਆ ਆਹ ਤਾਂ ਬਹੁਤਾ ਚੰਗਾ ਕੀਤਾ, ਤਾਂ ਹੀ ਤਾਂ ਕਹਿੰਦੇ ਨੇ ਵਿਹੜੇ ਫਿਰੇ ਰੰਨ ਤੇ ਵਿਹੜਾ ਕਰੇ ਧੰਨ-ਧੰਨ’ ਸਭ ਪਾਸਿਓਂ ਰਲਵੀਆਂ ਅਵਾਜ਼ਾਂ ਆ ਰਹੀਆਂ ਸਨ। ਭੋਲਾ ਵੀ ਖਚਰਾ ਹਾਸਾ ਹੱਸਦਾ ਸੀ।
“ਬੇਬੇ ਜੀ! ਨੂੰਹ ਦਾ ਕੀ ਨਾਂ ਹੈ।” ਪਿਆਰੋ ਨੇ ਮਿੰਦੋ ਨੂੰ ਪੁੱਛਿਆ।
“ਪਿਆਰੋ ਭੋਲਾ ਰਹਿੰਦਾ ਤੀ, ਮੇਰਾ ਨਾਮ ਭੋਲਾ ਹੈ, ਇਸ ਦਾ ਭੋਲੀ ਰੱਖ ਦਿੰਦੇ ਹਾਂ।” ਮਿੰਦੋ ਨੇ ਸੰਗਰੂਰ ਵਾਲੀ ਬੋਲੀ ਨਹੀਂ ਛੱਡੀ ਸੀ। ਉਹ ਹਮੇਸ਼ਾ “ਤੀ” ਲਾਉਂਦੀ ਸੀ।
“ਬੇਬੇ ਜੀ! ਭੋਲੀ ਤਾਂ ਕੱਚਾ ਨਾਮ ਹੋ ਗਿਆ, ਪੱਕਾ ਵੀ ਰੱਖ ਲੈ। ਕੱਲ੍ਹ ਨੂੰ ਰਾਸ਼ਨ ਕਾਰਡ ਵੀ ਬਣਾਉਣਾ, ਫਿਰ ਭੋਲੀ ਚੰਗਾ ਲੱਗੂ!” ਲਾਗੇ ਬੈਠੀ ਚਰਨੋ ਨੇ ਰਾਇ ਦਿਤੀ।
“ਚਰਨੋ ਤੂੰ ਈ ਦੱਸ ਕਿਹੜਾ ਰੱਖੀਏ?” ਮਿੰਦੋ ਨੇ ਪੁੱਛਿਆ।
“ਚੰਨ ਕੌਰ ਰੱਖ ਦੇ ਬੇਬੇ।” ਚਰਨੋ ਤੋਂ ਪਹਿਲਾਂ ਪਿਆਰੋ ਬੋਲ ਪਈ। ਸਾਰੀਆਂ ਬੀਬੀਆਂ ਨੇ ਜੈਕਾਰਾ ਛੱਡ ਦਿੱਤਾ, ਭੋਲਾ ਵੀ ਖੁਸ਼ ਹੋ ਗਿਆ। ਮਿੰਦੋ ਨੇ ਸਾਰੀਆਂ ਨੂੰ ਚਾਹ ਨਾਲ ਲੱਡੂ ਖਵਾਏ, ਸਾਰੀਆਂ ਨੇ ਚੰਨ ਕੌਰ ਦਾ ਪੱਲਾ ਰੁਪਿਆਂ ਨਾਲ ਭਰ ਦਿੱਤਾ।
ਮਿੰਦੋ ਦਾ ਪਤੀ ਕਿਸੇ ਬਿਮਾਰੀ ਕਾਰਨ ਰੱਬ ਨੂੰ ਪਿਆਰਾ ਹੋ ਚੁਕਾ ਸੀ। ਵੱਡਾ ਪੁੱਤ ਮੱਘਰ ਜਮਾਂਦਰੂ ਸਿੱਧਰਾ ਸੀ। ਸਕੂਲੇ ਵੀ ਨਹੀਂ ਸੀ ਗਿਆ। 18-20 ਸਾਲ ਤੱਕ ਤਾਂ ਉਹ ਪਿੰਡ ਵਿਚ ਹੀ ਗੇੜੇ ਕੱਢਦਾ ਰਿਹਾ, ਫਿਰ ਪਤਾ ਨਹੀਂ ਕਿੱਥੇ ਤੁਰ ਗਿਆ। ਕੋਈ ਕਹਿੰਦਾ, ਬਾਰਡਰ ਟੱਪ ਗਿਆ ਹੋਊ; ਕੋਈ ਕਹਿ ਦਿੰਦਾ, ਅੰਮ੍ਰਿਤਸਰ ਪਾਗਲਖਾਨੇ ਹੋਊ।
ਹੁਣ ਪਿੱਛੇ ਮਿੰਦੋ ਅਤੇ ਭੋਲਾ ਹੀ ਰਹਿ ਗਏ ਸਨ। ਭੋਲਾ ਗੱਭਰੂ ਹੋਇਆ, ਪਰ ਕਿਸੇ ਸ਼ਰੀਕੇ-ਕਬੀਲੇ ਜਾਂ ਰਿਸ਼ਤੇਦਾਰ ਨੇ ਭੋਲੇ ਨੂੰ ਰਿਸ਼ਤਾ ਨਹੀਂ ਕਰਵਾਇਆ, ਹਾਲਾਂਕਿ ਉਹ ਸੱਤ ਜਮਾਤਾਂ ਪੜ੍ਹਿਆ ਸੀ। ਤਿੰਨ ਕਿੱਲੇ ਜ਼ਮੀਨ ਸੀ। ਵਧੀਆ ਢੰਗ ਤਰੀਕੇ ਨਾਲ ਖੇਤੀ ਕਰਦਾ ਸੀ। ਕਦੇ-ਕਦੇ ਬਲਦਾਂ ਦਾ ਵਪਾਰ ਵੀ ਕਰ ਲੈਂਦਾ, ਪਰ ਭੋਲੇ ਦੀ ਕਾਬਲੀਅਤ ਕਿਸੇ ਦੀ ਨਜ਼ਰੀਂ ਨਹੀਂ ਚੜ੍ਹੀ। ਮਿੰਦੋ ਨੇ ਬਥੇਰੀਆਂ ਚਾਹਾਂ ਪਿਲਾਈਆਂ, ਪਰ ਕਿਸੇ ਚਰਨੋ, ਪਿਆਰੋ ਦੇ ਮਨ ਮਿਹਰ ਨਾ ਪਈ। ਮਾਂ-ਪੁੱਤ ਨੇ ਇਕ ਰੁਪਏ ਦਾ ਵੀ ਕਦੇ ਕਰਜ਼ਾ ਨਹੀਂ ਸੀ ਲਿਆ। ਭੋਲੇ ਨੂੰ ਸਾਰੇ ਪਿੰਡ ਦੀ ਜ਼ਮੀਨ ਦਾ ਹਿਸਾਬ ਸੀ। ਸਾਰੇ ਪੁਰਾਣੇ ਖੂਹਾਂ ਦੇ ਮਾਲਕਾਂ ਨੂੰ ਜਾਣਦਾ ਸੀ। ਮੁਰੱਬੇਬੰਦੀ ਉਸ ਨੇ ਅੱਖੀਂ ਦੇਖੀ ਸੀ। ਉਹ ਤਹਿਸੀਲਦਾਰ ਨਾਲ ਹੱਥ ਮਿਲਾ ਕੇ ਆਪਣੀ ਦੋ ਥਾਂਵਾਂ ਦੀ ਜ਼ਮੀਨ ਇਕੋ ਥਾਂ ਕਰਵਾ ਗਿਆ ਸੀ। ਦੋ ਵਧੀਆ ਬਲਦ ਰੱਖੇ ਹੋਏ ਸਨ। ਘਰ ਵੀ ਦੋ ਬੈਠਕਾਂ ਅਤੇ ਮੂਹਰੇ ਬਰਾਂਡਾ ਪਾ ਲਿਆ ਸੀ, ਪਰ ਰਿਸ਼ਤੇ ਦਾ ਲੜ ਕਿਸੇ ਨੇ ਨਾ ਫੜਾਇਆ।
ਭੋਲਾ ਪੈਂਤੀਆਂ ਤੋਂ ਉਪਰ ਹੋਇਆ ਤਾਂ ਮਾਂ ਨਾਲ ਰਾਇ ਕਰ ਕੇ ਜਗਰਾਵਾਂ ਵਾਲੇ ਤਾਰੀ ਨਾਲ ਟਰੱਕ ‘ਤੇ ਚੜ੍ਹ ਗਿਆ। ਫਿਰ ਜਾ ਕੇ ਚੰਨ ਕੌਰ ਦੇ ਪਿਤਾ ਨੂੰ ਤਿੰਨ ਹਜ਼ਾਰ ਰੁਪਏ ਦਿੱਤੇ ਅਤੇ ਤਾਰੀ ਦੇ ਟਰੱਕ ਵਿਚ ਬਿਠਾ ਲਿਆਇਆ। ਤਾਰੀ ਨੇ ਜਗਰਾਵੀਂ ਆ ਕੇ ਕਾਰ ਕਿਰਾਏ ‘ਤੇ ਕਰ ਦਿੱਤੀ, ਨਾਲ ਲੱਡੂ ਤੇ ਸ਼ਗਨਾਂ ਦਾ ਹੋਰ ਸਮਾਨ ਲੈ ਦਿੱਤਾ। ਭੋਲੇ ਨੇ ਬੂਹੇ ਆ ਕੇ ਮਾਂ ਨੂੰ ਅਵਾਜ਼ ਮਾਰੀ, ਤੇ ਮਾਂ ਨੇ ਪੂਰੇ ਸ਼ਗਨਾਂ ਨਾਲ ਨੂੰਹ-ਪੁੱਤ ਅੰਦਰ ਲੰਘਾਏ। ਦੂਜੇ ਦਿਨ ਤੜਕੇ ਹੀ ਗੱਲ ਸਾਰੇ ਪਿੰਡ ਵਿਚ ਘੁੰਮ ਗਈ ਸੀ।
ਚੰਨ ਕੌਰ ਤੇਈ-ਚੌਵੀ ਸਾਲ ਦੀ ਹੋਵੇਗੀ। ਸਰੀਰ ਭਰਵਾਂ ਸੀ। ਰੰਗ ਕਣਕ ਵੰਨਾ। ਨੈਣ-ਨਕਸ਼ਾਂ ਦੀ ਮੋਟੀ ਸੀ, ਪਰ ਅਕਲ ਦੀ ਸਿਆਣੀ ਲੱਗਦੀ ਸੀ। ਕਈ ਮਹੀਨੇ ਉਹਦਾ ਜੀਅ ਨਾ ਲੱਗਾ। ਤਾਰੀ ਹੱਥ ਚਿੱਠੀ ਦੇ ਕੇ ਮਾਪਿਆਂ ਦਾ ਹਾਲ-ਚਾਲ ਪੁੱਛਦੀ ਰਹੀ। ਫਿਰ ਹੌਲੀ-ਹੌਲੀ ਉਸ ਨੂੰ ਭੋਲੇ ਦੇ ਘਰ ਨਾਲ ਮੋਹ ਪੈ ਗਿਆ। ਉਹ ਸਾਰਾ ਕੰਮ ਵੀ ਸਿੱਖ ਗਈ ਸੀ। ਮੱਛੀ ਖਾਣ ਨੂੰ ਵੀ ਬਹੁਤੀ ਜ਼ਿੱਦ ਨਾ ਕੀਤੀ। ਪਿੰਡ ਵਾਲੇ ਖਾਣੇ ਨਾਲ ਢਿੱਡ ਭਰਨਾ ਸਿੱਖ ਗਈ। ਭੋਲੇ ਦੀ ਹਿੰਦੀ ਅਤੇ ਚੰਨ ਕੌਰ ਦੀ ਪੰਜਾਬੀ ਹਸਾ-ਹਸਾ ਕੇ ਵੱਖੀਆਂ ਦੁਖਣ ਲਾ ਦਿੰਦੀ।
ਚੰਨ ਕੌਰ ਦੇ ਘਰ ਬਹੁਤ ਗਰੀਬੀ ਸੀ। ਇਸੇ ਕਰਕੇ ਉਸ ਦੇ ਬਾਪ ਨੇ ਚਾਰੇ ਭੈਣਾਂ ਪੰਜਾਬੀਆਂ ਕੋਲ ਵੇਚ ਦਿੱਤੀਆਂ ਸਨ। ਚੰਨ ਕੌਰ ਨੂੰ ਰੱਜਵਾਂ ਟੁੱਕ ਮਿਲਣ ਲੱਗ ਗਿਆ ਤੇ ਭੋਲੇ ਦਾ ਰੱਜਵਾਂ ਪਿਆਰ! ਬੱਸ ਫਿਰ ਕੀ ਸੀ, ਚੰਨ ਕੌਰ ਨੇ ਇਕ ਸਾਲ ਬਾਅਦ ਮੁੰਡੇ ਨੂੰ ਜਨਮ ਦਿੱਤਾ। ਭੋਲੇ ਦੀ ਜੜ੍ਹ ਲੱਗ ਗਈ। ਮਿੰਦੋ ਨੇ ਵੀ ਖੂੰਡੀ ਪਰ੍ਹਾਂ ਵਗ੍ਹਾ ਮਾਰੀ ਸੀ। ਚੰਨ ਕੌਰ ਦੀ ਸਲਾਹ ‘ਤੇ ਭੋਲੇ ਨੇ ਦੋ ਮੱਝਾਂ ਤੇ ਦੋ ਗਾਊਆਂ ਹੋਰ ਲੈ ਲਈਆਂ। ਦੁੱਧ ਡੇਅਰੀ ਪੈਣ ਲੱਗ ਪਿਆ। ਦਸਾਂ ਦਿਨਾਂ ਬਾਅਦ ਘਰ ਪੈਸੇ ਆਉਣ ਲੱਗ ਪਏ। ਚੰਨ ਕੌਰ ਨੇ ਘਰ ਦੀ ਹਰ ਚੀਜ਼ ਬਣਾ ਲਈ ਸੀ। ਭੋਲਾ ਵੀ ਚੰਨ ਕੌਰ ਦੀ ਪੈੜ ਵਿਚ ਪੈਰ ਧਰਦਾ। ਚੰਨ ਕੌਰ ਦੀ ਇੱਕ ਸਿਫਤ ਸਾਰੇ ਕਰਦੇ ਸੀ ਕਿ ਉਹ ਕਦੇ ਸਿਰ ਤੋਂ ਚੁੰਨੀ ਦੀ ਬੁੱਕਲ ਨਹੀਂ ਸੀ ਲਾਹੁੰਦੀ, ਪੰਜਾਬੀ ਸੂਟ ਪਾ ਕੇ ਰੱਖਦੀ। ਆਂਢ-ਗੁਆਂਢ ਦੀਆਂ ਬੀਬੀਆਂ ਨਾਲ ਵੀ ਉਸ ਦੀ ਬਹੁਤ ਬਣਦੀ ਸੀ। ਚੰਨ ਕੌਰ ਆਪਣੇ ਪੁੱਤ ਬਸੰਤ ਨਾਲ ਬਹੁਤ ਖੁਸ਼ ਰਹਿੰਦੀ ਸੀ।
ਸਮਾਂ ਬੀਤਿਆ, ਚੰਨ ਕੌਰ ਨੇ ਦੂਜੇ ਪੁੱਤ ਨੂੰ ਜਨਮ ਦਿੱਤਾ। ਮਿੰਦੋ ਦੇ ਧਰਤੀ ਪੈਰ ਨਾ ਲੱਗਣ। ਪੋਤਿਆਂ ਦੀ ਜੋੜੀ ਦੇਖ ਕੇ ਖੁਸ਼ ਹੁੰਦੀ ਰਹਿੰਦੀ। ਚੰਨ ਕੌਰ ਕਹਿੰਦੀ, ਇੱਕ ਧੀ ਵੀ ਲੈਣੀ ਹੈ। ਉਹਦੀ ਅਕਲ ਅੱਗੇ ਕਈ ਪੰਜਾਬਣਾਂ ਨੂੰਹਾਂ ਵੀ ਪਿੱਛੇ ਰਹਿ ਗਈਆਂ ਸਨ। ਹਰ ਇਕ ਦੇ ਮੂੰਹ ‘ਤੇ ਮਿੰਦੋ ਦੀ ਨੂੰਹ ਦਾ ਨਾਂ ਹੀ ਚੜ੍ਹਿਆ ਹੋਇਆ ਸੀ। ਲੋਕ ਤਾਂ ਉਦੋਂ ਹੈਰਾਨ ਹੋ ਗਏ, ਜਦੋਂ ਭੋਲੇ ਨੇ ਨਾਲ ਲੱਗਦਾ ਇੱਕ ਕਿੱਲਾ ਬੈਅ ਖਰੀਦ ਲਿਆ। ਚੰਨ ਕੌਰ ਨੇ ਕਹਿ ਕੇ ਖੇਤ ਮੋਟਰ ਵੀ ਲਵਾ ਲਈ। ਭੋਲਾ ਵੀ ਲੋਕਾਂ ਵਾਂਗ ਝੋਨਾ ਲਾਉਣ ਲੱਗ ਗਿਆ। ਖਰਚਾ ਘੱਟ ਤੇ ਆਮਦਨ ਬਹੁਤੀ ਦੇ ਰਾਹ ਤੁਰਿਆ ਭੋਲਾ ਕਈਆਂ ਨੂੰ ਪਿੱਛੇ ਛੱਡ ਗਿਆ ਸੀ।
ਬਸੰਤ ਪੜ੍ਹਨ ਲੱਗ ਗਿਆ ਸੀ। ਪਿੰਡ ਦੇ ਮਖੌਲੀਏ ਬੰਦੇ ਬਸੰਤ ਨੂੰ ਗੁੱਝੀਆਂ ਟਿੱਚਰਾਂ ਕਰਦੇ ਰਹਿੰਦੇ, ਪਰ ਉਹ ਕੁਝ ਨਾ ਬੋਲਦਾ। ਉਸ ਨੂੰ ਪਤਾ ਤਾਂ ਸੀ ਕਿ ਉਸ ਦੀ ਮਾਂ ਬੰਗਾਲਣ ਹੈ, ਤਾਂ ਹੀ ਇਹ ਲੋਕ ਉਸ ਨੂੰ ਹਿੰਦੀ ਵਿਚ ਮਖੌਲ ਕਰਦੇ ਹਨ। ਖੈਰ! ਜਿਵੇਂ ਆਖਦੇ ਹਨ, ਹਾਥੀ ਆਪਣੀ ਚਾਲ ਤੁਰਦਾ ਗਿਆ। ਬਸੰਤ ਪਿੱਛੇ ਹੀ ਉਸ ਦਾ ਛੋਟਾ ਭਰਾ ਨੇਕੀ ਵੀ ਸਕੂਲ ਜਾਣ ਲੱਗ ਪਿਆ। ਦੋਵੇਂ ਵਿਹਲੇ ਸਮੇਂ ਆਪਣੇ ਬਾਪ ਨਾਲ ਕੰਮ ਵੀ ਕਰਵਾਉਂਦੇ। ਚੰਨ ਕੌਰ ਕਦੇ ਵੀ ਉਨ੍ਹਾਂ ਨੂੰ ਵਿਹਲੇ ਨਾ ਛੱਡਦੀ, ਉਹ ਸਗੋਂ ਆਪਣੀ ਸੱਸ ਨੂੰ ਦੱਸਦੀ ਕਿ ਕਿਵੇਂ ਉਸ ਦੇ ਬਾਪ ਨੇ ਚਾਰ ਧੀਆਂ ਪਿਛੋਂ ਜੰਮੇ ਪੁੱਤ ਨੂੰ ਵਿਹਲਾ ਰੱਖ ਕੇ ਨਸ਼ੇ ਦੇ ਨਾਲੇ ਵਿਚ ਰੋੜ੍ਹ ਦਿੱਤਾ ਸੀ। ਮੁੜ ਕੇ ਚਾਰ ਧੀਆਂ ਵੇਚਣੀਆਂ ਪਈਆਂ! ਮਿੰਦੋ ਵੀ ਨੂੰਹ ਦੀ ਸਿਆਣਪ ਦੀ ਕਦਰ ਕਰਦੀ।
ਚੰਨ ਕੌਰ ਤੀਜੀ ਵਾਰ ਮਾਂ ਬਣਨ ਵਾਲੀ ਹੋਈ ਤਾਂ ਉਹ ਗੁਰੂ ਘਰ ਜਾ ਕੇ ਅਰਦਾਸਾਂ ਕਰਦੀ ਕਿ ਇਸ ਵਾਰ ਧੀ ਦੀ ਦਾਤ ਬਖਸ਼ੋ। ਉਸ ਦੀ ਅਰਦਾਸ ਕਬੂਲ ਲਈ ਅਤੇ ਚੰਨ ਕੌਰ ਨੂੰ ਧੀ ਮਿਲ ਗਈ। ਭੋਲੇ ਦਾ ਵਿਹੜਾ ਭਰ ਗਿਆ। ਇਸ ਦੇ ਨਾਲ ਹੀ ਘਰ ਵਿਚ ਹਰ ਸਹੂਲਤ ਆ ਗਈ ਸੀ। ਸੀਤੋ ਪੰਚਣੀ ਜਿਹੀਆਂ ਵੀ ਹੈਰਾਨ ਸਨ ਕਿ ਬੰਗਾਲਣ ਨੇ ਤਾਂ ਘਰ ਨੂੰ ਚਾਰ ਚੰਨ ਲਾ ਦਿੱਤੇ।
ਭੋਲਾ ਹੁਣ ਦਾੜ੍ਹੀ ਕਾਲੀ ਕਰਨ ਲੱਗ ਪਿਆ ਸੀ। ਚੰਨ ਕੌਰ ਨੇ ਕਿਹਾ ਕਿ ਤੂੰ ਧੀ ਦਾ ਬਾਪ ਹੈਂ, ਦਾੜ੍ਹੀ ਕਾਲੀ ਕਰਨੋਂ ਹਟ ਜਾ। ਫਿਰ ਭੋਲੇ ਨੇ ਦਾੜ੍ਹੀ ਕਾਲੀ ਨਹੀਂ ਕੀਤੀ, ਸਗੋਂ ਦਾੜ੍ਹੀ ਰੱਖ ਲਈ। ਚੰਨ ਕੌਰ ਸਿੱਖ ਧਰਮ ਦੀ ਰਹਿਤ ਮਰਿਆਦਾ ਸੀਤੋ ਪੰਚਣੀ ਤੋਂ ਸਿੱਖਦੀ ਰਹਿੰਦੀ। ਬਸੰਤ ਦਸ ਜਮਾਤਾਂ ਪਾਸ ਕਰਕੇ ਹਟ ਗਿਆ। ਮਿੰਦੋ ਚੰਗੀ ਭਲੀ ਸੀ, ਪਰ ਸੁਆਸਾਂ ਦੀ ਪੂੰਜੀ ਮੁੱਕ ਗਈ ਅਤੇ ਉਹ ਜਹਾਨੋਂ ਤੁਰ ਗਈ। ਭੋਲੇ ਨੂੰ ਮਾਂ ਦਾ ਬਹੁਤ ਦੁੱਖ ਹੋਇਆ। ਚੰਨ ਕੌਰ ਨੇ ਬਹੁਤ ਹੌਸਲਾ ਦਿੱਤਾ। ਬਸੰਤ ਨੇ ਭੋਲੇ ਨੂੰ ਟਰੈਕਟਰ ਲੈਣ ਲਈ ਮਨਾ ਲਿਆ। ਉਨ੍ਹਾਂ ਨੇ ਜੀਟਰ ਪੈਂਤੀ ਗਿਆਰਾਂ ਟਰੈਕਟਰ ਲਿਆਂਦਾ। ਉਹ ਆਪਣੀ ਜ਼ਮੀਨ ਨਾਲ ਦਸ ਕਿੱਲੇ ਹੋਰ ਮਾਮਲੇ ‘ਤੇ ਲੈ ਕੇ ਵਾਹੁਣ ਲੱਗ ਪਏ। ਭੋਲੇ ਦੇ ਦੋਹਾਂ ਪੁੱਤਰਾਂ ਨੇ ਕੰਮ ਚੁੱਕ ਲਿਆ ਸੀ। ਧੀ ਵੀ ਪੜ੍ਹਨ ਲੱਗ ਪਈ। ਚੰਨ ਕੌਰ ਨੇ ਧੀ ਨੂੰ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਦਿਵਾਉਣੀ ਵੀ ਸ਼ੁਰੂ ਕਰ ਦਿੱਤੀ। ਧੀ ਕੋਮਲ ਦੀ ਅਵਾਜ਼ ਮਿਸ਼ਰੀ ਨਾਲੋਂ ਵੀ ਮਿੱਠੀ ਸੀ।
ਬਸੰਤ ਹੁਣ ਗੱਭਰੂ ਹੋ ਗਿਆ ਸੀ। ਉਸ ਨੂੰ ਰਿਸ਼ਤੇ ਆਉਣ ਲੱਗੇ। ਭੋਲੇ ਅਤੇ ਚੰਨ ਕੌਰ ਨੇ ਇਕ ਵਧੀਆ ਰਿਸ਼ਤਾ ਲੈ ਲਿਆ। ਸਾਦਾ ਵਿਆਹ ਕੀਤਾ। ਬਸੰਤ ਹੋਰੀਂ ਪੈਸਾ ਨਾ ਖਰਚਦੇ। ਜੇ ਕਿਧਰੇ ਜ਼ਮੀਨ ਮਿਲਦੀ ਤਾਂ ਖਰੀਦ ਲੈਂਦੇ। ਗੁਆਂਢ ਵਿਚ ਹੀ ਉਨ੍ਹਾਂ ਨੇ ਤੀਹ ਬਿਸਵੇ ਦਾ ਪਲਾਟ ਖਰੀਦ ਲਿਆ। ਹੁਣ ਨੇਕੀ ਵੀ ਪੜ੍ਹ ਕੇ ਹਟ ਗਿਆ ਸੀ। ਉਸ ਦਾ ਵਿਆਹ ਵੀ ਟਾਈਮ ਨਾਲ ਕਰ ਦਿੱਤਾ। ਚੰਨ ਕੌਰ ਦੀਆਂ ਦੋਵੇਂ ਨੂੰਹਾਂ ਬਹੁਤ ਚੰਗੀਆਂ ਆਈਆਂ। ਉਸ ਦੀ ਧੀ ਕੋਮਲ ਪੜ੍ਹੀ ਜਾਂਦੀ ਸੀ ਅਤੇ ਮਾਂ ਆਪਣੀ ਧੀ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੁੰਦੀ ਸੀ। ਉਹ ਪੜ੍ਹੀ ਵੀ ਜਾਂਦੀ ਸੀ।
ਇਸੇ ਦੌਰਾਨ ਬਸੰਤ ਦੀ ਪਤਨੀ ਨੇ ਧੀ ਨੂੰ ਜਨਮ ਦਿੱਤਾ ਤਾਂ ਚੰਨ ਕੌਰ ਨੇ ਪੁੱਤਾਂ ਜਿਹਾ ਪਿਆਰ ਦਿੱਤਾ, ਨੂੰਹ ਨੂੰ ਡੋਲਣ ਨਾ ਦਿੱਤਾ। ਇਸੇ ਤਰ੍ਹਾਂ ਹੀ ਨੇਕੀ ਦੀ ਪਤਨੀ ਨੇ ਧੀ ਨੂੰ ਜਨਮ ਦਿੱਤਾ ਤਾਂ ਚੰਨ ਕੌਰ ਨੇ ਮੱਥੇ ਵੱਟ ਨਾ ਪਾਇਆ, ਸਗੋਂ ਵਾਹਿਗੁਰੂ ਦਾ ਸ਼ੁਕਰ ਮਨਾਇਆ ਕਿ ਕੁੱਖ ਸੁਲੱਖਣੀ ਹੋਈ ਹੈ। ਇੱਕ ਦਿਨ ਕੋਮਲ ਗੁਰਦੁਆਰੇ ਦੀ ਸੇਵਾ ਕਰ ਰਹੀ ਸੀ ਕਿ ਪਿੰਡ ਦੇ ਹੀ ਇੱਕ ਬੰਦੇ ਨੇ ਕੋਮਲ ਨੂੰ ਨਿਖਾਰ ਕੇ ਤੱਕਿਆ। ਉਨ੍ਹਾਂ ਦੀ ਰਿਸ਼ਤੇਦਾਰੀ ਵਿਚੋਂ ਕੈਨੇਡਾ ਤੋਂ ਮੁੰਡਾ ਵਿਆਹ ਕਰਵਾਉਣ ਆਇਆ ਹੋਇਆ ਸੀ। ਕੋਮਲ ਉਸ ਮੁੰਡੇ ਲਈ ਬਿਲਕੁੱਲ ਮੇਚ ਸੀ। ਉਸ ਬੰਦੇ ਨੇ ਭੋਲੇ ਨਾਲ ਗੱਲ ਕੀਤੀ, ਪਰ ਭਾਨੀਮਾਰਾਂ ਨੇ ਮੁੰਡੇ ਵਾਲਿਆਂ ਤਕ ਗੱਲ ਪਹੁੰਚਾ ਦਿੱਤੀ ਕਿ ਇਹ ਤਾਂ ਬੰਗਾਲਣ ਦੀ ਧੀ ਹੈ। ਉਂਜ, ਮੁੰਡੇ ਵਾਲੇ ਕਹਿੰਦੇ, ਅਸੀਂ ਪੰਜਾਬਣ ਜਾਂ ਬੰਗਾਲਣ ਦਾ ਨਾਪ-ਤੋਲ ਨਹੀਂ ਦੇਖਿਆ, ਕੁੜੀ ਨੂੰ ਮਿਲੇ ਹੋਏ ਸੰਸਕਾਰ ਦੇਖੇ ਨੇ, ਜਿਹੜੇ ਅੱਜ ਪੰਜਾਬਣ ਕੁੜੀਆਂ ਵਿਚੋਂ ਗਾਇਬ ਹੋ ਗਏ ਜਾਪਦੇ ਹਨ। ਅਗਲੇ ਸਾਦੇ ਜਿਹੇ ਵਿਆਹ ਨਾਲ ਕੋਮਲ ਆਪਣੇ ਘਰ ਲੈ ਗਏ। ਪਿੰਡ ਵਿਚ ਇਕ ਵਾਰ ਫਿਰ ਭੋਲੇ ਅਤੇ ਚੰਨ ਕੌਰ ਦਾ ਨਾਮ ਘੁੰਮਣ ਲੱਗਾ। ਚੰਨ ਕੌਰ ਦੀ ਸਿਆਣਪ ਦੀ ਝੰਡੀ ਗੱਡੀ ਗਈ।
ਕੋਮਲ ਨੇ ਭੋਲੇ ਅਤੇ ਚੰਨ ਕੌਰ ਨੂੰ ਕੈਨੇਡਾ ਦਿਖਾ ਦਿੱਤਾ, ਪਰ ਉਹ ਪੱਕੇ ਤੌਰ ‘ਤੇ ਕੈਨੇਡਾ ਨਹੀਂ ਰਹੇ। ਚੰਨ ਕੌਰ ਕਹਿੰਦੀ, ਮੈਂ ਤਾਂ ਪੋਤੀਆਂ ਨੂੰ ਵੀ ਕੋਮਲ ਜਿਹੀਆਂ ਬਣਾਉਣਾ ਹੈ। ਬਸੰਤ ਅਤੇ ਨੇਕੀ ਨੇ ਕੰਬਾਈਨ ਲੈ ਲਈ। ਪਲਾਟ ਵਿਚ ਵਧੀਆ ਕੋਠੀ ਪਾ ਲਈ। ਬਸੰਤ ਨੂੰ ਬਚਪਨ ਵਿਚ ਜੋ ਲੋਕ ਟਿੱਚਰਾਂ ਕਰਦੇ ਸਨ, ਉਨ੍ਹਾਂ ਵਿਚੋਂ ਤਿੰਨ ਤਾਂ ਕਰਜ਼ੇ ਦੀ ਪੰਡ ਦਾ ਭਾਰ ਨਾ ਸਹਾਰਦੇ ਆਤਮ-ਹੱਤਿਆ ਕਰ ਗਏ। ਚੰਨ ਕੌਰ ਦੇ ਦੋਵੇਂ ਚੰਨ ਸਾਰੇ ਪਿੰਡ ਵਿਚ ਰੋਸ਼ਨੀ ਖਿਲਾਰਦੇ ਨੇ ਅਤੇ ਲੋਕਾਂ ਦੀਆਂ ਅਸੀਸਾਂ ਇਕੱਠੀਆਂ ਕਰਦੇ ਹਨ। ਰੱਬ ਨੇ ਭੋਲੇ ਦੀ ਦੇਰ ਬਾਅਦ ਸੁਣੀ ਸੀ, ਪਰ ਧੰਨ-ਧੰਨ ਕਰਵਾ ਦਿੱਤੀ ਸੀ। ਚੰਨ ਕੌਰ ਅੱਜ ਵੀ ਭੋਲੇ ਨੂੰ ਭੋਲੀ ਕਹਿ ਕੇ ਬਲਾਉਂਦੀ ਹੈ। ਰੱਬ ਰਾਖਾ!