ਨਹੀਂ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ

ਗੁਲਜ਼ਾਰ ਸਿੰਘ ਸੰਧੂ
ਮੈਂ ਬਲਬੀਰ ਸਿੰਘ ਸੀਨੀਅਰ ਨੂੰ ਆਪਣੇ ਨਾਮੀ-ਗ੍ਰਾਮੀਆਂ ਵਿਚ ਸ਼ਾਮਲ ਕਰਕੇ ਸ਼ਰਧਾਂਜਲੀ ਭੇਟ ਕਰਨ ਦੀ ਖੁਲ੍ਹ ਲੈ ਰਿਹਾਂ। ਮੇਰੇ ਵਾਂਗ ਉਸ ਦਾ ਜ਼ੱਦੀ ਪੁਸ਼ਤੀ ਪਿੰਡ ਦੁਆਬੇ ਵਿਚ ਹੈ। ਮੇਰਾ ਮਾਹਿਲਪੁਰ ਨੇੜੇ ਤੇ ਉਸ ਦਾ ਫਿਲੌਰ ਤਹਿਸੀਲ ਵਿਚ। ਉਹ ਪਿਛਲੇ ਕਈ ਸਾਲਾਂ ਤੋਂ ਮੇਰਾ ਗਵਾਂਢੀ ਵੀ ਸੀ। ਮੈਂ ਚੰਡੀਗੜ੍ਹ ਦੇ ਸੈਕਟਰ 36-ਡੀ ਵਿਚ ਰਹਿੰਦਾ ਹਾਂ ਤੇ ਉਹ 36-ਸੀ ਵਿਚ, 100 ਗਜ ਦੀ ਦੂਰੀ ਉਤੇ। ਕਦੀ ਕਦਾਈ ਸੈਰ ਕਰਦਿਆਂ ਸਾਹਬ ਸਲਾਮ ਵੀ ਹੋ ਜਾਂਦੀ।

ਖੇਡ ਜਗਤ ਦੀਆਂ ਬਾਤਾਂ ਪਾਉਣ ਵਾਲਾ ਪ੍ਰਿੰਸੀਪਲ ਸਰਵਣ ਸਿੰਘ ਜਦੋਂ ਵੀ ਉਸ ਨੂੰ ਮਿਲਣ ਆਉਂਦਾ ਤਾਂ ਮੈਨੂੰ ਮਿਲੇ ਬਿਨਾ ਨਹੀਂ ਸੀ ਜਾਂਦਾ। ਤਾਲਾਬੰਦੀ ਤੋਂ ਥੋੜ੍ਹੇ ਦਿਨ ਪਹਿਲਾਂ ਵੀ ਏਦਾਂ ਹੀ ਹੋਇਆ। ਸਰਵਣ ਆਪਣੇ ਪਿੰਡ ਦੀ ਮੁੱਕੇਬਾਜ਼ ਓਲੰਪੀਅਨ ਸਿਮਰ ਚਕਰ ਨੂੰ ਟੋਕੀਓ ਜਾਣ ਤੋਂ ਪਹਿਲਾਂ ਬਲਬੀਰ ਸਿੰਘ ਤੋਂ ਅਸ਼ੀਰਵਾਦ ਦਿਵਾਉਣ ਲਿਆਇਆ ਤਾਂ ਮੈਨੂੰ ਵੀ ਮਿਲਿਆ, ਮੈਂ ਵੀ ਅਸ਼ੀਰਵਾਦ ਦਿੱਤੀ। ਸਾਡੀਆਂ ਅਸ਼ੀਰਵਾਦਾਂ ਕਰੋਨਾ ਵਾਇਰਸ ਵਿਚ ਰੁਲ੍ਹ ਗਈਆਂ। ਟੋਕੀਓ ਓਲੰਪਿਕਸ ਖੇਡਾਂ ਅੱਗੇ ਜਾ ਪਈਆਂ। ਸਰਵਣ ਸਿੰਘ ਉਸ ਦੇ ਤੁਰ ਜਾਣ ਤੋਂ ਪਹਿਲਾਂ ਹੀ ਬਲਬੀਰ ਸਿੰਘ ਦੀ ਬੇਟੀ ਸੁਸ਼ਬੀਰ ਤੋਂ ਪ੍ਰਾਪਤ ਹੁੰਦੀ ਸਾਰੀ ਖਬਰ ਸਾਰ ਮੇਰੇ ਤੱਕ ਪੁੱਜਦੀ ਕਰਦਾ ਰਿਹਾ, ਇਹ ਕਹਿ ਕੇ ਕਿ ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ ‘ਸੰਧੂ’ ਸੀ, ਨਸ਼ਹਿਰਾ ਪਢਾਣਾ (ਪਾਕਿਸਤਾਨ) ਦੀ ਜੰਮਪਲ। ਸੋ ਬਲਬੀਰ ਸਿੰਘ ਸੰਧੂਆਂ ਦਾ ਜਵਾਈ ਸੀ।
ਸਾਡੀ ਇੱਕ ਸਾਂਝ ਹੋਰ ਵੀ ਹੈ, ਜ਼ਰਾ ਨਿਰਾਲੀ। ਮੇਰਾ ਜਨਮ ਵੀ ਪਿੰਡ ਦਾ ਹੈ। ਮੇਰਾ ਨਾਨਕਾ ਪਿੰਡ ਕੋਟਲਾ ਬਡਲਾ ਖੰਨਾ ਸੰਘੋਲ ਮਾਰਗ ਉਤੇ ਪੈਂਦਾ ਹੈ। ਮੇਰੇ ਨਾਨਕਿਆਂ ਨੇ ਮੇਰਾ ਨਾਂ ਬਲਬੀਰ ਸਿੰਘ ਰੱਖਿਆ ਸੀ ਤੇ ਕੋਟਲੇ ਬਡਲੇ ਵਾਲੇ ਮੈਨੂੰ ‘ਬੱਲਾ’ ਕਹਿੰਦੇ ਸਨ। ਫੇਰ ਮੇਰੀ ਦਾਦੀ ਵਲੋਂ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈਣ ਪਿੱਛੋਂ ਪਹਿਲਾ ਅੱਖਰ ਗੱਗਾ ਆਉਣ ਉਤੇ ਮੇਰਾ ਨਾਂ ਗੁਲਜ਼ਾਰਾ ਸਿੰਘ ਰੱਖਿਆ, ਜੋ ਸਿਰਫ ਕਾਗਜ਼ਾਂ ਵਿਚ ਹੀ ਚੱਲਿਆ।
ਮਿਡਲ ਪਾਸ ਕਰਨ ਤੱਕ ਮੈਂ ਬਲਬੀਰ ਸਿੰਘ ਉਰਫ ਬੱਲਾ ਹੀ ਰਿਹਾ, ਨਾਨਕਿਆਂ ਤੋਂ ਦਾਦਕੀਂ ਜਾਣ ਤੱਕ। ਇਸ ਵਾਰੀ ਮੈਂ ਆਪਣੇ ਨਾਨਕੀਂ ਇਕ ਸੋ ਸਾਲਾ ਨਾਨੀ ਨੂੰ ਮਿਲਣ ਗਿਆ ਤਾਂ ਉਸ ਦੇ ਬੱਚਿਆਂ ਨੂੰ ਇਹ ਸਮਝਾਉਣਾ ਨਾ ਆਵੇ ਕਿ ਮੈਂ ਕੌਣ ਹਾਂ। ਮੈਂ ਆਪਣੀ ਮਾਂ ਗੁਰਚਰਨ ਕੌਰ ਦਾ ਨਾਂ ਲੈ ਕੇ ਦੱਸਿਆ, “ਮੈਂ ਚਰਨੋਂ ਬੀਬੀ ਦਾ ਪੁੱਤ ਹਾਂ।” ਉਹ ਐਨਕ ਲਾਹ ਕੇ ਮੈਨੂੰ ਦੇਖਦੀ ਹੋਈ ਬੋਲੀ, “ਤੂੰ ਬੱਲਾ ਏ?”
ਇਹ ਗੱਲ ਮੈਂ ਏਸ ਲਈ ਦੱਸ ਰਿਹਾ ਹਾਂ ਕਿ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕਿਵੇਂ ਬਣਿਆ। ਉਸ ਵੇਲੇ ਚਾਰ ਹੋਰ ਬਲਬੀਰ ਸਿੰਘ ਹਾਕੀ ਦੇ ਜਾਣੇ-ਪਛਾਣੇ ਖਿਡਾਰੀ ਸਨ। ਜਿਸ ਕਰਕੇ ਉਸ ਨੂੰ ਬਲਬੀਰ ਸਿੰਘ ਸੀਨੀਅਰ ਕਿਹਾ ਜਾਣਾ ਜ਼ਰੂਰੀ ਹੋਇਆ। ਅੱਜ ਦੇ ਸਮਿਆਂ ਵਿਚ ਇਹ ਨਾਂ ਅਲੋਪ ਹੋ ਰਿਹਾ ਹੈ। ਮੇਰੇ ਤੁਰ ਜਾਣ ਤੋਂ ਪਿੱਛੋਂ ਤਾਂ ਸ਼ਾਇਦ ਕੋਈ ਨਾਂ ਲੱਭੇ। ਜੇ ਲੱਭ ਗਿਆ ਤਾਂ ਸਾਡੇ ਜਿਹਾ ਨਹੀਂ ਹੋਣਾ। ਉਹਦੇ ਜਿਹਾ ਤਾਂ ਉਕਾ ਹੀ ਨਹੀਂ। ਮੈਂ ਤਾਂ ਧੱਕੇ ਨਾਲ ਉਹਦੇ ਵਾਲੀ ਕਤਾਰ ਵਿਚ ਆ ਵੜਿਆ ਹਾਂ।
ਬਲੋਚ ਬੇਟੀ ਉਮਾ ਗੁਰਬਖਸ਼ ਸਿੰਘ: ਉਮਾ ਦੇ ਅਕਾਲ ਚਲਾਣੇ ਤੋਂ ਪਿੱਛੋਂ ਉਮਾ ਦੀ ਅਦਾਕਾਰੀ ਤੋਂ ਬਿਨਾ ਇਹ ਵੀ ਜ਼ਿਕਰ ਹੋਇਆ ਕਿ ਉਸ ਦਾ ਜਨਮ ਖੇਨਈ ਵਿਖੇ ਹੋਇਆ, ਜੋ ਲੰਡੀਕੋਤਲ ਤੋਂ ਅਫਗਾਨਿਸਤਾਨ ਜਾਣ ਵਾਲੀ ਰੇਲਵੇ ਲਾਈਨ ਉਤੇ ਪੈਂਦਾ ਹੈ। ਉਥੇ ਗੁਰਬਖਸ਼ ਸਿੰਘ ਇੰਜੀਨੀਅਰ ਵਜੋਂ ਤਾਇਨਾਤ ਸੀ। ਸ਼੍ਰੀਮਤੀ ਮਾਲਵੀ ਦੀ ਕੁੱਖੋਂ ਜਾਏ ਛੇ ਬੱਚਿਆਂ ਵਿਚੋਂ ਉਹੀਓ ਸੀ, ਜਿਸ ਨੂੰ ਬਲੋਚਿਸਤਾਨ ਦੀ ਜਾਈ ਹੋਣ ਕਾਰਨ ਬਲੋਚ ਕਹਿ ਸਕਦੇ ਹਾਂ। ਸੰਨ 1944 ਜਦੋਂ ਉਸ ਨੇ ‘ਹੁੱਲੇ ਹੁਲਾਰੇ’ ਨਾਟਕ ਖੇਡਦਿਆਂ ‘ਕੱਢ ਦੋ ਬਾਹਰ ਫਿਰੰਗੀ ਨੂੰ, ਸਾਗਰ ਪਾਰ ਫਿਰੰਗੀ ਨੂੰ’ ਗੀਤ ਗਇਆ ਤਾਂ ਉਹਨੂੰ ਤੇ ਉਹਦੀਆਂ ਛੇ ਸਾਥਣਾਂ ਨੂੰ ਗੋਰੀ ਸਰਕਾਰ ਨੇ ਇੱਕ ਮਹੀਨਾ ਲਾਹੌਰੀ ਗੇਟ, ਅੰਮ੍ਰਿਤਸਰ ਦੀਆਂ ਉਨ੍ਹਾਂ ਬੈਰਕਾਂ ਵਿਚ ਰੱਖਿਆ, ਜੋ ਪਹਿਲਾਂ ਮੁਜ਼ਰਿਮਾਂ ਲਈ ਸਨ। ਅੰਤ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਨੇ ਉਨ੍ਹਾਂ ਦਾ ਕੇਸ ਲੜਿਆ ਤੇ ਜਿੱਤਿਆ। ਉਹ ਉਦੋਂ ਲਾਹੌਰ ਦੀ ਕਚਹਿਰੀ ਵਿਚ ਵਕਾਲਤ ਕਰਦਾ ਸੀ। ਮੈਂ ਉਮਾ ਨੂੰ ਪਹਿਲੀ ਤੇ ਆਖਰੀ ਵਾਰ ਤਿੰਨ ਸਾਲ ਪਹਿਲਾਂ ਵੇਖਿਆ, ਜਦੋਂ ਉਨ੍ਹਾਂ ਦੀ ਉਮਰ 90 ਸਾਲ ਸੀ। ‘ਖੰਡਰਾਤ ਬਤਾਤੇ ਹੈਂ, ਇਮਾਰਤ ਅਜੀਮ ਥੀ’ ਚਿਹਰੇ ਮੋਹਰੇ ਤੋਂ ਸਪਸ਼ਟ ਸੀ। ਕੇਸ ਲੜਨ ਸਮੇਂ ਖੁਸ਼ਵੰਤ ਸਿੰਘ 29 ਸਾਲ ਦਾ ਸੀ ਤੇ ਉਮਾ 17 ਦੀ। ਮੈਨੂੰ ਨਹੀਂ ਜਾਪਦਾ ਕਿ ਉਸ ਨੇ ਫੀਸ ਲਈ ਹੋਵੇ। ਦੋਵੇਂ ਤੁਰ ਗਏ ਹਨ। ਅਮਰ ਰਹਿਣ।
ਦਰਿਆ ਦਿਲ ਕਾਮਰੇਡ ਨੌਨਿਹਾਲ ਚੱਠਾ: ਨੌਨਿਹਾਲ ਸਿੰਘ ਚੱਠਾ ਮੇਰਾ ਹਾਣੀ ਵੀ ਸੀ ਤੇ ਸਬੰਧੀ ਵੀ। ਉਸ ਦਾ ਭਰਾ ਹਰਦਿਆਲ ਸਿੰਘ ਉਰਫ ਨੇਤਾ ਜੀ ਮੇਰਾ ਸਾਂਢੂ ਸੀ। ਦੋਵੇਂ ਭਰਾ ਜ਼ਮੀਨਾਂ ਦੇ ਮਾਲਕ ਹੋਣ ਦੇ ਬਾਵਜੂਦ ਅੰਤਲੇ ਦਮ ਤੱਕ ਅਗਾਂਹਵਧੂ ਸੋਚ ਨੂੰ ਪ੍ਰਨਾਏ ਰਹੇ, ਖਾਸ ਕਰਕੇ ਨੌਨਿਹਾਲ। ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਸਥਾਪਤ ਕਰਨ ਵਾਲੇ ਤਿੰਨ ਥੰਮਾਂ-ਬਾਬਾ ਭਗਤ ਸਿੰਘ ਬਿਲਗਾ, ਗੰਧਰਵ ਸੈਨ ਕੋਛੜ ਤੇ ਨੌਨਿਹਾਲ ਸਿੰਘ ਵਿਚੋਂ ਉਹ ਤੀਜਾ ਸੀ, ਜੋ ਤੁਰ ਗਿਆ। ਦੇਸ਼ ਭਗਤ ਯਾਦਗਾਰ ਵਿਖੇ ‘ਮੇਲਾ ਗਦਰੀ ਬਾਬਿਆਂ ਦਾ’ ਸ਼ੁਰੂ ਕਰਾਉਣ ਵਿਚ ਉਸ ਦਾ ਯੋਗਦਾਨ ਸਭ ਤੋਂ ਉਤੇ ਸੀ। ‘ਨਵਾਂ ਜ਼ਮਾਨਾ’ ਅਖਬਾਰ ਤੇ ਮਾਪਿਆਂ ਬਾਹਰੇ ਬੱਚਿਆਂ ਲਈ ‘ਯੁਨੀਕ ਹੋਮ’ ਸਥਾਪਤ ਕਰਨ ਵਿਚ ਉਸ ਦਾ ਸਰੀਰਕ ਤੇ ਮਾਇਕ ਯੋਗਦਾਨ ਵੀ ਸਦਾ ਚੇਤੇ ਰਹੇਗਾ। ਮੈਂ ਖੁਦ ਦੋਹਾਂ ਭਰਾਵਾਂ ਵਲੋਂ ਆਪਣੀ ਅਗਾਂਹਵਧੂ ਪਹੁੰਚ ਨੂੰ ਮਿਲਦੇ ਹੁੰਗਾਰੇ ਲਈ ਉਨ੍ਹਾਂ ਦਾ ਰਿਣੀ ਹਾਂ। ਚੱਠਾ ਭਰਾਵਾਂ ਦੇ ਕੀ ਕਹਿਣੇ!
ਨੌਨਿਹਾਲ ਸਿੰਘ ਨੇ ਧਰਮਸ਼ਾਲਾ ਵਿਚ ਆਪਣੀ ਬੇਟੀ ਕੀਰਤ ਦੇ ਘਰ ਅੰਤਿਮ ਸਵਾਸ ਲਏ, ਜਿੱਥੇ ਉਸ ਦੀ ਹਮਸਫਰ ਤਰਲੋਚਨ ਕੌਰ ਵੀ ਹਾਜ਼ਰ ਸੀ, ਪਰ ਖੁਦ ਅੰਗ ਦਾਨੀ ਹੋਣ ਦੇ ਨਾਤੇ ਮੈਨੂੰ ਨਿਜੀ ਤੌਰ ‘ਤੇ ਇਸ ਗੱਲ ਦਾ ਅਫਸੋਸ ਹੈ ਕਿ ਕਰੋਨਾ ਵਾਇਰਸ ਦੀਆਂ ਪੈਦਾ ਕੀਤੀਆਂ ਗੁੰਝਲਾਂ ਕਾਰਨ ਉਸ ਦੀ ਮ੍ਰਿਤਕ ਦੇਹ ਲੋੜੀਂਦੇ ਹਸਪਤਾਲ ਤੱਕ ਅੰਗਦਾਨ ਕਰਨ ਲਈ ਨਹੀਂ ਪਹੁੰਚਾਈ ਜਾ ਸਕੀ। ਕਾਮਰੇਡ ਨੌਨਿਹਾਲ ਜ਼ਿੰਦਾਬਾਦ!
ਹਮਦਰਦਵੀਰ ਨੌਸ਼ਹਿਰਵੀ: ਇਕ ਹੋਰ ਸਮਕਾਲੀ ਤੇ ਅਗਾਂਹਵਧੂ ਲੇਖਕ ਬੂਟਾ ਸਿੰਘ ਪੰਨੂੰ ਉਰਫ ਹਮਦਰਦਵੀਰ ਨੌਸ਼ਹਿਰਵੀ ਦੇ ਤੁਰ ਜਾਣ ਨੇ ਮੈਨੂੰ ਆਪਣੇ ਨਾਨਕੇ ਤੇ ਸਹੁਰੇ ਹੀ ਨਹੀਂ, ਆਪਣੇ ਬਚਪਨ ਵਿਚ ਵੇਖੇ ਨਾਨਕਿਆਂ ਦੇ ਹਿਰਨ ਵੀ ਚੇਤੇ ਕਰਵਾ ਦਿੱਤੇ ਹਨ। ਹੇਠ ਲਿਖੀ ਲੋਕ ਬੋਲੀ ਸਮੇਤ,
ਹੀਰਿਆ ਹਰਨਾ ਬਾਗੀਂ ਚਰਨਾ
ਤੇਰੇ ਸਿੰਗਾ ਤੇ ਕੀ ਕੁਝ ਲਿਖਿਆ,
ਮਿਰਗ ਤੇ ਮਿਰਗਾਈਆਂ…।
ਉਹ ਮੇਰੇ ਸਹੁਰੇ ਪਿੰਡ ਨੌਸ਼ਹਿਰਾ ਪੰਨੂਆ (ਤਰਨਤਾਰਨ) ਦਾ ਜੰਮਪਲ ਸੀ ਤੇ ਸਾਰੀ ਉਮਰ ਬੌਂਦਲੀ (ਸਮਰਾਲਾ) ਦੇ ਡਿਗਰੀ ਕਾਲਜ ਵਿਚ ਪੜ੍ਹਾਉਂਦਾ ਰਿਹਾ, ਮੇਰੀ ਨਾਨਕਾ ਭੋਂ ਵਿਚ। ਦੇਖੀਏ ਤੁਹਾਡੇ ਨਾਲ ਕਦੋਂ ਰਲਦਾ ਹਾਂ, ਮੇਰੇ ਸਮਕਾਲੀਓ।
ਅੰਤਿਕਾ: ਸਿਕੰਦਰ ਅਲੀ ਵਜ਼ਦ
ਜਾਨੇ ਵਾਲੇ ਕਭੀ ਨਹੀਂ ਆਤੇ,
ਜਾਨੇ ਵਾਲੋਂ ਕੀ ਯਾਦ ਆਤੀ ਹੈ।
ਸਾਦਗੀ ਲਾਜਵਾਬ ਥੀ ਜਿਨਕੀ,
ਉਨ ਸਵਾਲੋਂ ਕੀ ਯਾਦ ਆਈ ਹੈ।
ਵਜਦ ਲੁਤਫ-ਏ-ਸੁਖਨ ਮੁਬਾਰਕ ਹੋ,
ਬਾਕਮਾਲੋਂ ਕੀ ਯਾਦ ਆਤੀ ਹੈ।