ਜ਼ਿੰਦਗੀ ਦੀ ਬਾਤ: ਟੇਸਟ ਆਫ ਚੈਰੀ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ eਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਉਨ੍ਹਾਂ ਇਰਾਨੀ ਫਿਲਮਸਾਜ਼ ਅੱਬਾਸ ਕਇਰੋਸਤਮੀ ਦੀ ਫਿਲਮ ‘ਦਿ ਟੇਸਟ ਆਫ ਚੈਰੀ’ ਬਾਰੇ ਗੱਲ ਕੀਤੀ ਗਈ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਫਿਲਮ ‘ਦਿ ਟੇਸਟ ਆਫ ਚੈਰੀ’ ਤਰਾਸਦਿਕ ਕਵਿਤਾ ਵਾਂਗ ਖੁੱਲ੍ਹਦੀ ਹੈ ਅਤੇ ਅੰਤ ਤੱਕ ਪੁੱਜਦੀ-ਪੁੱਜਦੀ ਸਾਬਤ ਕਰ ਦਿੰਦੀ ਹੈ ਕਿ ਜ਼ਿੰਦਗੀ ਦੇ ਸਭ ਤੋਂ ਉਦਾਸ ਦਿਨਾਂ ਵਿਚ ਵੀ ਉਮੀਦ ਦੀ ਖੂਬਸੂਰਤੀ ਬਰਕਰਾਰ ਰਹਿੰਦੀ ਹੈ। ਫਿਲਮਸਾਜ਼ ਅੱਬਾਸ ਕਇਰੋਸਤਮੀ ਦੀ ਇਸ ਫਿਲਮ ਨੂੰ ਕਲਾ ਅਤੇ ਬਿਰਤਾਂਤ ਪੱਖੋਂ ਉਸ ਦੀ ਸਭ ਤੋਂ ਚੰਗੀ ਫਿਲਮ ਮੰਨਿਆ ਜਾਂਦਾ ਹੈ। ਫਿਲਮ ਮੌਤ ਦੀ ਤਲਾਸ਼ ਵਿਚ ਨਿੱਕਲੇ ਬੰਦੇ ਦੀ ਜ਼ਿੰਦਗੀ ਵਿਚ ਨਿੱਕੇ ਜਿਹੇ ਫਲ ਦੇ ਸੁਆਦ ਦੀ ਮਹੱਤਤਾ ‘ਤੇ ਆਧਾਰਿਤ ਹੈ। ਫਿਲਮ ਇੱਕੋ ਸਮੇਂ ਹਕੀਕਤ, ਬੇਤੁਕੇਪਣ, ਅਜੀਬ ਹੋਣ ਦੇ ਅਨੇਕਾਂ ਸਾਰੇ ਬਿੰਦੂਆਂ ਵਿਚੋਂ ਗੁਜ਼ਰਦੀ ਹੈ।
ਇਸ ਫਿਲਮ ਦੀ ਦਾਰਸ਼ਨਿਕ ਸੁਰ ਨੂੰ ਇੱਕ ਪਾਸੇ ਵੀ ਰੱਖ ਦਈਏ, ਤਾਂ ਵੀ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਫਿਲਮ ਦਾ ਫਿਲਮ ਇਤਿਹਾਸ ਵਿਚ ਇਸ ਲਈ ਵੀ ਹਮੇਸ਼ਾ ਜ਼ਿਕਰ ਆਉਂਦਾ ਰਹੇਗਾ ਕਿ ਇਰਾਨ ਵਰਗੇ ਮੁਲਕ ਜਿੱਥੇ ਧਾਰਮਿਕ ਅਕੀਦੇ ਮੁਤਾਬਿਕ ਖੁਦਕੁਸ਼ੀ ਬਾਰੇ ਗੱਲ ਕਰਨੀ ਵੀ ਹਰਾਮ ਹੈ, ਅੱਬਾਸ ਕਇਰੋਸਤਮੀ ਫਿਲਮ ਵਿਚ ਅਜਿਹੇ ਕਿਰਦਾਰ ਦੀ ਸਿਰਜਣਾ ਕਰਦਾ ਹੈ ਜਿਹੜਾ ਖੁਦ ਦੇ ਮਰਨ ਲਈ ਕਿਸੇ ਸਾਥੀ ਦੀ ਤਲਾਸ਼ ਵਿਚ ਹੈ। ਇਹ ਵੀ ਸਿਰਫ ਅੱਬਾਸ ਕਇਰੋਸਤਮੀ ਦੀ ਸਿਨੇਮਈ ਦ੍ਰਿਸ਼ਟੀ ਦੀ ਸਮਝ ਹੈ ਕਿ ਉਸ ਨੇ ਆਪਣੇ ਇਸ ਕਿਰਦਾਰ ਦੇ ਮਰਨ ਦਾ ਫੈਸਲਾ ਕਰਨ ਦੇ ਕਾਰਨਾਂ ਬਾਰੇ ਕੋਈ ਵੀ ਤਫਸੀਲ ਦੱਸਣ ਦੀ ਤਕਲੀਫ ਨਹੀਂ ਕੀਤੀ ਜਿਹੜੀ ਇਸ ਫਿਲਮ ਦੀ ਕਲਾਤਮਿਕਤਾ ਨੂੰ ਹੋਰ ਜ਼ਰਬ ਦਿੰਦੀ ਹੈ।
ਇਸ ਫਿਲਮ ਦੇ ਫਿਲਮਾਂਕਣ ਲਈ ਅੱਬਾਸ ਕਇਰੋਸਤਮੀ ਅਜਿਹੇ ਲੈਂਡਸਕੇਪ ਦੀ ਚੋਣ ਕਰਦਾ ਹੈ ਜਿਹੜਾ ਬਿਲਕੁੱਲ ਬੰਜਰ ਅਤੇ ਸਾਲਾਂ ਤੋਂ ਅਣਵਰਤਿਆ ਪਿਆ ਹੈ। ਸਾਹਿਤਕ ਭਾਸ਼ਾ ਵਿਚ ਕਿਹਾ ਜਾਵੇ ਤਾਂ ਇਹ ਕਿਸੇ ਫਿਲਮ ਦੀ ਦ੍ਰਿਸ਼-ਭੂਮੀ ਦੀ ਥਾਂ ਬਰੈਖਤ ਦੇ ਕਿਸੇ ਡਰਾਮੇ ਵਾਲੀ ਥਾਂ ਜ਼ਿਆਦਾ ਭਾਸਦੀ ਹੈ। ਇਸ ਜ਼ਮੀਨ ਉਪਰ ਸ਼ਹਿਰ ਦੀਆਂ ਉਦਯੋਗਿਕ ਬਸਤੀਆਂ ਦੀ ਰਹਿੰਦ-ਖੂੰਹਦ ਸੁੱਟੀ ਗਈ ਹੈ, ਸ਼ਹਿਰ ਦੇ ਉਹ ਸਾਰੇ ਪੁਰਜ਼ੇ ਅਤੇ ਯੰਤਰ ਜਿਹੜੇ ਆਪਣੀ ਆਉਧ ਹੰਢਾ ਚੁੱਕੇ ਹਨ ਅਤੇ ਜਿਨ੍ਹਾਂ ਦਾ ਕੋਈ ਤਤਕਾਲੀ ‘ਫਾਇਦਾ’ ਸ਼ਹਿਰ ਨੂੰ ਹੋਣ ਦੀ ਸੰਭਾਵਨਾ ਨਹੀਂ। ਇਨ੍ਹਾਂ ਬੇਕਾਰ ਅਤੇ ਜੰਗਾਲ ਖਾਧੇ ਕਬਾੜ ਦੇ ਢੇਰਾਂ ਵਿਚ ਕਿਸੇ ਫਿਲਮਸਾਜ਼ ਦੀ ਕੀ ਦਿਲਚਸਪੀ ਹੋ ਸਕਦੀ ਹੈ? ਆਪਣੇ ਮੁੱਖ ਕਿਰਦਾਰ ਬਦਈ (ਹਮਾਯੂੰ ਇਰਸ਼ਾਦੀ) ਨੂੰ ਅੱਬਾਸ ਆਪਣੇ ਕੈਮਰੇ ਦੇ ਫਰੇਮ ਵਿਚ ਇੱਦਾਂ ਲੈ ਕੇ ਆਉਂਦਾ ਹੈ, ਜਿੱਦਾਂ ਸਦੀਆਂ ਤੋਂ ਜੰਗਾਲ ਖਾਧੀ ਕੋਈ ਮਸ਼ੀਨ ਅਚਾਨਕ ਚਾਲੂ ਹੋ ਜਾਵੇ। ਦਰਸ਼ਕ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਫਿਲਮ ਸ਼ੁਰੂ ਹੋਈ ਹੈ ਜਾਂ ਫਿਲਮ ਦਾ ਮੁੱਖ ਕਿਰਦਾਰ ਉਸ ਦੇ ਆਤਮਾ ਦੇ ਦਰਵਾਜ਼ੇ ‘ਤੇ ਆਪਣਾ ਸਿਰ ਮਾਰ ਰਿਹਾ।
ਇਹ ਫਿਲਮ ਜਦੋਂ ਵੱਖ-ਵੱਖ ਫਿਲਮ ਮੇਲਿਆਂ ਵਿਚ ਦਿਖਾਈ ਗਈ ਤਾਂ ਬਹੁਤ ਸਾਰੇ ਫਿਲਮ ਆਲੋਚਕਾਂ ਨੇ ਇਸ ਤੱਥ ਨੂੰ ਮੰਨਿਆ ਕਿ ਉਹ ਕੋਸ਼ਿਸ਼ ਕਰਨ ‘ਤੇ ਵੀ ਇਸ ਫਿਲਮ ਦੇ ਪਹਿਲੇ ਦ੍ਰਿਸ਼ ਨਹੀਂ ਭੁੱਲ ਸਕੇ। ਫਿਲਮ ਦੇ ਪਹਿਲੇ ਦ੍ਰਿਸ਼ਾਂ ਰਾਹੀ ਸਥਾਪਿਤ ਹੋਇਆ ਫਿਲਮ ਦਾ ਮੁੱਖ ਨੁਕਤਾ ਹੋਰ ਵੀ ਹੈਰਾਨੀਜਨਕ ਹੈ। ਫਿਲਮ ਵਿਚ ਮੁੱਖ ਕਿਰਦਾਰ ਆਪਣੀ ਕਬਰ ਖੋਦ ਚੁੱਕਾ ਹੈ ਅਤੇ ਖੁਦਕੁਸ਼ੀ ਕਰਨ ‘ਤੇ ਉਤਾਰੂ ਹੈ। ਉਸ ਨੂੰ ਕਿਰਾਏ ਉਤੇ ਕਰਨ ਲਈ ਅਜਿਹੇ ਬੰਦੇ ਦੀ ਤਲਾਸ਼ ਹੈ ਜਿਹੜਾ ਉਸ ਦੁਆਰਾ ਨੀਂਦ ਦੀਆਂ ਗੋਲੀਆਂ ਖਾ ਕੇ ਕਬਰ ਵਿਚ ਲੇਟਣ ਅਤੇ ਉਸ ਦੇ ਮਰਨ ਦਾ ਇੰਤਜ਼ਾਰ ਕਰੇ।
ਜੇ ਖੁਦਾ-ਨਾ-ਖਾਸਤਾ ਉਹ ਨਹੀਂ ਮਰਦਾ ਤਾਂ ਉਸ ਨੂੰ ਸਹਾਰਾ ਦੇ ਕੇ ਉਸ ਕਬਰ ਵਿਚੋਂ ਬਾਹਰ ਕੱਢ ਲਵੇ। ਜੇ ਉਹ ਮਰ ਜਾਂਦਾ ਹੈ ਤਾਂ ਉਸ ਦੀ ਕਬਰ ਵਿਚ ਪੂਰੀਆਂ ਵੀਹ ਕੁਦਾਲਾ ਭਰ ਕੇ ਮਿੱਟੀ ਦੀਆਂ ਪਾ ਦੇਵੇ ਤੇ ਉਸ ਦਾ ਫਾਤਿਹਾ ਪੜ੍ਹ ਦੇਵੇ। ਇਹ ਸਭ ਉਸ ਦੇ ਦਿਮਾਗ ਵਿਚ ਇੰਨਾ ਸਪਸ਼ਟ ਤੇ ਸਾਫ ਹੈ ਕਿ ਉਸ ਨੂੰ ਇਸ ਗੱਲ ‘ਤੇ ਹੈਰਾਨੀ ਹੁੰਦੀ ਹੈ, ਜਦੋਂ ਉਸ ਨੂੰ ਇਹ ਜਾਪਦਾ ਹੈ ਕਿ ਲੋਕ ਇਸ ਨੂੰ ਸਮਝਣ ਤੋਂ ਅਸਮਰੱਥ ਹਨ। ਅੱਬਾਸ ਕਰਿਓਸਤਮੀ ਦੀ ਇਸ ਫਿਲਮ ਦੇ ਮੁੱਖ ਨੁਕਤੇ ਨਾਲ ਜੁੜਿਆਂ ਇਹ ਸਭ ਬਹੁਤੇ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਦੇਰ-ਸਵੇਰ ਗੇੜਾ ਮਾਰਦਾ ਹੈ।
ਮੁੱਖ ਕਿਰਦਾਰ ਬਦਈ ਦੀ ਪਹਿਲੀ ਮੁਲਾਕਾਤ ਤਹਿਰਾਨ ਦੇ ਚੌਕਾਂ ਅਤੇ ਚੁਰਾਹਿਆਂ ‘ਤੇ ਖੜ੍ਹੇ ਮਜ਼ਦੂਰਾਂ ਨਾਲ ਹੁੰਦੀ ਹੈ। ਉਹ ਉਸ ਦੀ ਗੱਡੀ ਦੇ ਆਲੇ-ਦੁਆਲੇ ਘੇਰਾ ਪਾ ਲੈਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਸ਼ਹਿਰੀ ਗੱਡੀ ਵਾਲੇ ਨੂੰ ਦਿਹਾੜੀਦਾਰਾਂ ਦੀ ਜ਼ਰੂਰਤ ਹੈ। ਬਦਈ ਨੂੰ ਉਨ੍ਹਾਂ ਵਿਚੋਂ ਕੋਈ ਵੀ ਨਹੀਂ ਜਚਦਾ। ਸ਼ਾਇਦ ਉਸ ਨੂੰ ਜਾਪਦਾ ਹੈ ਕਿ ਇਹ ਉਸ ਦੀ ਰੂਹ ਦੀ ਲੋੜ ਪੂਰੀ ਨਹੀਂ ਕਰਦੇ। ਆਪਣੀ ਤਲਾਸ਼ ਜਾਰੀ ਰੱਖਦਿਆਂ ਉਹ ਗੱਡੀ ਸ਼ਹਿਰ ਤੋਂ ਬਾਹਰਵਾਰ ਲੈ ਜਾਂਦਾ ਹੈ ਜਿਥੇ ਉਸ ਦੀ ਮੁਲਾਕਾਤ ਇੱਕ ਮੁੰਡੇ ਨਾਲ ਹੁੰਦੀ ਹੈ ਜਿਹੜਾ ਫੋਨ ‘ਤੇ ਆਪਣੀ ਪ੍ਰੇਮਿਕਾ ਨਾਲ ਬਹਿਸ ਰਿਹਾ ਹੈ। ਉਸ ਮੁੰਡੇ ਨੂੰ ਬਦਈ ਦੀ ਡੌਰ-ਭੌਰ ਜਿਹੀ ਸ਼ਕਲ ਤੋਂ ਲੱਗਦਾ ਹੈ ਕਿ ਸ਼ਾਇਦ ਉਸ ਨੂੰ ਕਿਸੇ ਵੇਸਵਾ ਦੀ ਜ਼ਰੂਰਤ ਹੈ। ਉਹ ਮੁੰਡਾ ਉਸ ਦੀ ਗੱਲ ਸੁਣੇ ਬਗੈਰ ਹੀ ਉਸ ਨੂੰ ‘ਦਫਾ ਹੋ ਜਾਣ’ ਦੀ ਨਸੀਹਤ ਦਿੰਦਾ ਹੈ।
ਫਿਲਮ ਵਿਚ ਬਦਈ ਦਾ ਚਿਹਰਾ ਇੰਨਾ ਜ਼ਿਆਦਾ ਅਜੀਬ ਅਤੇ ਬੇਤੁਕਾ ਹੈ ਕਿ ਉਸ ਬਾਰੇ ਦੇਖਣ ਵਾਲਾ ਕੁਝ ਵੀ ਸੋਚ ਸਕਦਾ ਹੈ; ਇਥੋਂ ਤੱਕ ਕਿ ਰਸਤੇ ਵਿਚ ਮਿਲੇ ਦੋ ਛੋਟੇ ਬੱਚਿਆਂ ਦੇ ਚਿਹਰੇ ਵੀ ਉਸ ਦੇ ਮੂੰਹ ‘ਤੇ ਕੁਝ ਭਾਵ ਪੈਦਾ ਨਹੀਂ ਕਰਦੇ। ਇਸ ਤੋਂ ਬਾਅਦ ਉਸ ਦੀ ਮੁਲਾਕਾਤ ਸੈਨਿਕ ਨਾਲ ਹੁੰਦੀ ਹੈ ਜਿਹੜਾ ਮੁਲਕ ਦੀ ਸੈਨਾ ਵਿਚ ਸੇਵਾ ਕਰ ਰਿਹਾ ਹੈ। ਬਦਈ ਉਸ ਨੂੰ ਆਪਣੀ ਤਾਜ਼ੀ ਪੁੱਟੀ ਕਬਰ ਕੋਲ ਲੈ ਜਾਂਦਾ ਹੈ ਅਤੇ ਉਸ ਨੂੰ ਸਾਰੀ ਹਾਲਤ ਸਮਝਾਉਂਦਿਆਂ ਚੰਗੇ ਪੈਸੇ ਦੇਣ ਦਾ ਭਰੋਸਾ ਦਿੰਦਾ ਹੈ। ਸੈਨਿਕ ਇਸ ਅਜੀਬੋ-ਗਰੀਬ ਕੰਮ ਬਾਰੇ ਸੁਣ-ਸਮਝ ਕੇ ਹੈਰਾਨ-ਪ੍ਰੇਸ਼ਾਨ ਹੋ ਜਾਂਦਾ ਹੈ ਅਤੇ ਉਥੋ ਖਿਸਕਣ ਦੀ ਸੋਚਦਾ ਹੈ।
ਅੱਗੇ ਰਾਸਤੇ ਵਿਚ ਬਦਈ ਇੱਕ ਸੁਰੱਖਿਆ ਗਾਰਡ ਅਤੇ ਇੱਕ ਹੋਰ ਬੰਦੇ ਨਾਲ ਵੀ ਇਹ ਸੌਦਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਅਸਫਲ ਰਹਿੰਦਾ ਹੈ। ਦਰਅਸਲ, ਫਿਲਮ ਵਿਚ ਬਹੁਤ ਸੂਖਮਤਾ ਨਾਲ ਮੌਤ ਨਾਲ ਜੁੜੇ ਭੈਅ, ਅਸੁਰੱਖਿਆ ਅਤੇ ਬੇਵਿਸਾਹੀ ਨੂੰ ਸਾਧਾਰਨ ਬਿਰਤਾਂਤ ਵਿਚ ਬਦਲ ਦਿੱਤਾ ਗਿਆ ਹੈ। ਪੂਰੀ ਫਿਲਮ ਵਿਚ ਮੁੱਖ ਕਿਰਦਾਰ ਖੁਦ ਨੂੰ ਮਿੱਟੀ ਵਿਚ ਦਫਨ ਕਰਨ ਲਈ ਕਿਸੇ ਨੂੰ ਇੰਝ ਸਹਿਜ-ਸੁਭਾਅ ਤਲਾਸ਼ ਕਰ ਰਿਹਾ ਹੈ, ਜਿਵੇਂ ਕੋਈ ਆਪਣੇ ਘਰ ਦੀਆਂ ਕੰਧਾਂ ‘ਤੇ ਰੰਗ-ਰੋਗਨ ਕਰਨ ਲਈ ਦਿਹਾੜੀਆ ਲੱਭ ਰਿਹਾ ਹੋਵੇ। ਇਸ ਨੂੰ ਅੱਬਾਸ ਕਰਿਓਸਤਮੀ ਨੇ ਜਾਨ-ਲੇਵਾ ਸਾਦਗੀ ਨਾਲ ਚਿਤਰਿਆ ਹੈ। ਇਸ ਫਿਲਮ ਦੇ ਕੁਝ ਮਹੱਤਵਪੂਰਨ ਦ੍ਰਿਸ਼ਾਂ ਨੂੰ ਸਮਝਣਾ ਜ਼ਰੂਰੀ ਹੈ:
-ਜਦੋਂ ਸੈਨਿਕ ਉਸ ਦੀ ਬੇਨਤੀ ਨਹੀਂ ਮੰਨਦਾ ਤਾਂ ਬਦਈ ਉਸਨੂੰ ਆਖਦਾ ਹੈ, “ਤੂੰ ਬੰਦੂਕ ਕਿਵੇਂ ਚਲਾਵੇਂਗਾ? ਕੁਦਾਲ ਤਾਂ ਚੁੱਕਣ ਨੂੰ ਤੂੰ ਤਿਆਰ ਨਹੀਂ।”
-ਅੱਬਾਸ ਬਹੁਤ ਨਜ਼ਦੀਕੀ ਦ੍ਰਿਸ਼ਾਂ ਨੂੰ ਬਹੁਤ ਲੰਮੇ ਦ੍ਰਿਸ਼ਾਂ ਨਾਲ ਤਰਤੀਬਵਾਰ ਗੁੰਦਦਾ ਹੈ ਜਿਸ ਨਾਲ ਗੱਡੀ ਦੇ ਅੰਦਰਲੇ ਬੰਦੇ ਦੀ ਦੁਨੀਆਂ, ਬਾਹਰ ਦੀ ਦੁਨੀਆਂ ਨਾਲ ਲਗਾਤਾਰ ਚੱਲਦੇ ਦਵੰਦ ਵਿਚ ਬਦਲ ਜਾਂਦੀ ਹੈ।
-ਬੰਦ ਪਈ ਸੀਮਿੰਟ ਬਣਾਉਣ ਵਾਲੀ ਮਸ਼ੀਨ ਨੂੰ ਦੇਖਣ ਗਿਆ ਬਦਈ ਜਦ ਪੌੜ੍ਹੀਆਂ ਉਤਰਨ ਲੱਗਦਾ ਹੈ ਤਾਂ ਉਥੇ ਮੌਜੂਦ ਗਾਰਡ ਉਸ ਨੂੰ ਇਹਤਿਆਤ ਰੱਖਣ ਲਈ ਆਖਦਾ ਹੈ। ਆਪਣੀ ਮੌਤ ਦਾ ਸਾਮਾਨ ਇਕੱਠਾ ਕਰ ਰਹੇ ਬੰਦੇ ਲਈ ਇਸ ਸਾਵਧਾਨੀ ਦਾ ਕੀ ਅਰਥ ਬਣ ਸਕਦਾ ਹੈ?
-ਫਿਲਮ ਵਿਚ ਲਗਾਤਾਰ ਉਡਦੀ ਮਿੱਟੀ ਅਤੇ ਗਰਦਾ ਸਾਰੀਆਂ ਚੀਜ਼ਾਂ ਦੀ ਸਾਰਥਿਕਤਾ ਨੂੰ ਧੁੰਦਲਾ ਦਿੰਦੇ ਹਨ। ਇਸ ਵਿਚ ਜਦੋਂ ਮਸ਼ੀਨਾਂ ਦਾ ਖੜਕਾ ਮਿਲ ਜਾਂਦਾ ਹੈ ਤਾਂ ਇਹ ਅਨਿਸ਼ਚਿਤਤਾ ਵਾਲੀ ਹਾਲਤ ਪੈਦਾ ਕਰਦੀ ਹੈ, ਸਿਰਫ ਬਦਈ ਆਪਣੀ ਖੁਦਕੁਸ਼ੀ ਬਾਰੇ ਪੂਰਾ ਨਿਸ਼ਚਿੰਤ ਹੈ ਪਰ ਕੀ ਇਹ ਨਿਸ਼ਚਿੰਤ ਮਾਣੀ ਜਾ ਸਕਦੀ ਹੈ?
ਅੰਤ ਵਿਚ ਉਸ ਦੀ ਮੁਲਾਕਾਤ ਬਜ਼ੁਰਗ ਆਦਮੀ ਬਗਹੇਰੀ ਨਾਲ ਹੁੰਦੀ ਹੈ। ਬਗਹੇਰੀ ਨੇ ਦੁਨੀਆਂ ਛਾਣੀ ਹੋਈ ਹੈ ਪਰ ਉਹ ਗਰੀਬ ਹੈ ਤੇ ਉਸ ਨੂੰ ਆਪਣੇ ਬੱਚੇ ਦੇ ਇਲਾਜ ਲਈ ਪੈਸੇ ਚਾਹੀਦੇ ਹਨ। ਉਹ ਉਸ ਦਾ ਸੌਦਾ ਕਬੂਲ ਕਰ ਲੈਂਦਾ ਹੈ; ਇਹ ਦੱਸਦਿਆਂ ਕਿ ਕਿਵੇਂ ਉਸ ਨੇ ਵੀ ਇੱਕ ਵਾਰ ਜਵਾਨੀ ਵਿਚ ਮਰਨ ਦੀ ਕੋਸ਼ਿਸ ਕੀਤੀ ਸੀ। ਉਹ ਉਸ ਨਾਲ ਗੱਡੀ ਵਿਚ ਬੈਠ ਜਾਂਦਾ ਹੈ ਅਤੇ ਉਮੀਦ ਕਰਦਾ ਹੈ ਕਿ ਬਦਈ ਆਪਣਾ ਮਰਨ ਦਾ ਫੈਸਲਾ ਸ਼ਾਇਦ ਬਦਲ ਲਵੇ। ਉਹ ਦੋਨੋਂ ਕਬਰ ਵਲ ਚੱਲ ਪੈਂਦੇ ਹਨ। ਰਸਤੇ ਵਿਚ ਬਦਈ ਨਾਲ ਬਹੁਤ ਕੁਝ ਵਾਪਰਦਾ ਹੈ ਪਰ ਇਸ ਵਿਚ ਕੁਝ ਵੀ ਇੱਦਾਂ ਦਾ ਨਹੀਂ ਜੋ ਉਸ ਨੂੰ ਵਾਪਸ ਜ਼ਿੰਦਗੀ ਵਲ ਧਕੇਲ ਸਕੇ। ਬਗਹੇਰੀ ਲਗਾਤਾਰ ਬੋਲ ਰਿਹਾ ਹੈ। ਉਸ ਨੂੰ ਇਸ ਅਣਜਾਣ ਆਦਮੀ ਦੀ ਫਿਕਰ ਹੈ। ਉਹ ਉਸ ਨੂੰ ਦੱਸਦਾ ਹੈ ਕਿ ਜ਼ਿੰਦਗੀ ਇੱਦਾਂ ਗਵਾਉਣ ਵਾਲੀ ਸ਼ੈਅ ਨਹੀਂ। ਇਸ ਨੂੰ ਨਿੱਕੀ ਜਿਹੀ ਚੈਰੀ ਦਾ ਸਵਾਦ ਵੀ ਬੰਨ੍ਹ ਕੇ ਰੱਖ ਸਕਦਾ ਹੈ। ਉਹ ਉਸ ਨੂੰ ਦੱਸਦਾ ਹੈ ਕਿ ਇਹ ਸੂਰਜ, ਚੰਦ, ਤਾਰੇ, ਕੁਦਰਤ ਸਭ ਤਾਂ ਤੇਰੀ ਝੋਲੀ ਵਿਚ ਹਨ। ਤੂੰ ਇਨ੍ਹਾਂ ਨੂੰ ਇੱਦਾਂ ਰੱਦ ਕਰਕੇ ਕਿਹੜੀ ਖੁਸ਼ੀ ਕਮਾਉਣਾ ਚਾਹੁੰਦਾ ਹੈਂ?
ਦੂਜੇ ਦਿਨ ਦੀ ਸਵੇਰ ਹੁੰਦੀ ਹੈ। ਬਦਈ ਕਬਰ ਵਿਚ ਲੇਟਿਆ ਹੋਇਆ ਹੈ। ਉਸ ਉਪਰੋਂ ਬੱਦਲ ਅਤੇ ਚੰਨ ਹੌਲੀ-ਹੌਲੀ ਗੁਜ਼ਰ ਰਹੇ ਹਨ। ਕੁੱਤਿਆਂ ਅਤੇ ਬਿੱਲਿਆਂ ਦੀਆਂ ਆਵਾਜ਼ਾਂ ਨਾਲ ਸਵੇਰ ਭਰੀ ਹੋਈ ਹੈ। ਮੀਂਹ ਪੈਣ ਲੱਗ ਪਿਆ ਹੈ। ਸੂਰਜ ਨਿਕਲਣ ਵਿਚ ਅਜੇ ਥੋੜ੍ਹੀ ਦੇਰ ਹੈ। ਫਿਲਮ ਦੇ ਅੰਤ ਵਿਚ ਦਰਸ਼ਕ ਅੱਬਾਸ ਦੀ ਫਿਲਮ-ਟੀਮ ਨੂੰ ਫਿਲਮ ਦੀ ਸ਼ੂਟਿੰਗ ਵਿਚ ਰੁਝਿਆ ਦੇਖਦੇ ਹਨ। ਰਸਤੇ ਵਿਚ ਸੈਨਿਕਾਂ ਦੀ ਪਰੇਡ ਨਿਰਵਿਘਨ ਜਾਰੀ ਹੈ। ਕਿਤੇ ਕੁਝ ਵੀ ਨਹੀਂ ਬਦਲਿਆ ਪਰ ਬਦਈ ਨੂੰ ਅਜੇ ਸ਼ਾਇਦ ਲੰਮੇ ਸਮੇਂ ਤੱਕ ਕਬਰ ਦੀ ਜ਼ਰੂਰਤ ਨਹੀਂ ਪੈਣੀ।