ਬਲਜੀਤ ਬਾਸੀ
ਜੀਵਨ ਦਾ ਮੁਢ ਖਾਰੇ ਸਮੁੰਦਰ ਵਿਚ ਬੱਝਾ। ਸ਼ਾਇਦ ਇਸੇ ਲਈ ਮਨੁਖ ਦੀ ਖੁਰਾਕ ਵਿਚ ਲੂਣ ਦਾ ਹੋਣਾ ਇਕ ਜੈਵਿਕ ਲੋੜ ਹੈ। ਇਹ ਭੋਜਨ ਨੂੰ ਮਸਾਲੇਦਾਰ ਅਤੇ ਸਵਾਦੀ ਤਾਂ ਬਣਾਉਂਦਾ ਹੀ ਹੈ, ਇਸ ਨੂੰ ਕਾਫੀ ਦੇਰ ਤੱਕ ਸਾਂਭੇ ਜਾਣ ਲਈ ਵੀ ਵਰਤਿਆ ਜਾਂਦਾ ਹੈ। ਕਹਿੰਦੇ ਹਨ, ਲੂਣ ਨੂੰ ਕੀੜਾ ਨਹੀਂ ਲਗਦਾ। ਯਸੂ ਮਸੀਹ ਨੇ ਚੇਲਿਆਂ ਨੂੰ ਕਿਹਾ, “ਤੁਸੀਂ ਧਰਤੀ ਦੇ ਲੂਣ ਹੋ।” ਅਰਥਾਤ ਧਰਤੀ ਨੂੰ ਬੁਰਾਈ ਤੋਂ ਬਚਾਉਣ ਵਾਲੇ, ਇਸ ਨੂੰ ਸਾਂਭਣ ਵਾਲੇ। ਬਿਨਾ ਲੂਣ ਤੋਂ ਅਚਾਰ ਨਹੀਂ ਬਣ ਸਕਦਾ। ਬਿਨਾ ਲੂਣ ਤੋਂ ਦਾਲ, ਸਬਜ਼ੀ ਜਾਂ ਮੀਟ ਖਾਣਾ ਅਲੂਣੀ ਸਿੱਲ ਚੱਟਣਾ ਹੀ ਤਾਂ ਹੈ। ਐਵੇਂ ਨਹੀਂ ਕਿਹਾ, ‘ਲੂਣ ਨਾ ਹਲਦ, ਤੇ ਖਾਣਗੇ ਬਲਦ।’ ਉਂਜ ਜੇ ਦਾਲ ਸਬਜ਼ੀ ਜਾਂ ਅਚਾਰ ਵੀ ਨਾ ਹੋਵੇ ਤਾਂ ਰੋਟੀ ਲੂਣ ਨਾਲ ਹੀ ਖਾਧੀ ਜਾ ਸਕਦੀ ਹੈ। ‘ਅੰਨ ਪਾਣੀ’ ਦੀ ਥਾਂ ‘ਲੂਣ ਪਾਣੀ’ ਮੁਹਾਵਰਾ ਵੀ ਚਲਦਾ ਹੈ। ਕਹਾਵਤ ਹੈ, ‘ਲੂਣ ਪਾਣੀ ਖਾਹ ਤੇ ਨੱਕ ਦੀ ਸੇਧੇ ਜਾਹ।’
ਪੰਜਾਬੀਆਂ ਨੂੰ ਦੂਜੇ ਦੀ ਥਾਲੀ ਦਾ ਲੱਡੂ ਵੱਡਾ ਲਗਦਾ ਹੈ ਪਰ ਇਤਾਲਵੀਆਂ ਲਈ ਦੂਜੇ ਦੀ ਰੋਟੀ ਸੁਧੀ ਲੂਣ ਹੈ। ਗੁਜਰਾਤੀ ਵਿਚ ਲੂਣ ਦੀ ਮਹੱਤਤਾ ਮਿੱਠੇ ਜਿੰਨੀ ਹੈ, ਇਸ ਲਈ ਲੂਣ ਵਾਸਤੇ ਇਕ ਸ਼ਬਦ ਮੀਠੁੰ ਜਾਂ ਮੀਠ ਵੀ ਹੈ। ਅਜਿਹਾ ਇਸ ਲਈ ਹੈ ਕਿ ਲੂਣ ਤੋਂ ਬਿਨਾ ਭੋਜਨ ਫਿੱਕਾ ਲਗਦਾ ਹੈ। ਅਸਲ ਵਿਚ ਤਾਂ ਮਿੱਠੇ ਦਾ ਅਰਥ ‘ਮਿੱਠੇ ਵਾਲਾ’ ਹੀ ਨਹੀਂ ਸਗੋਂ ਸੁਆਦੀ ਵੀ ਹੈ, ‘ਸਹਿਜ ਪਕੇ ਸੋ ਮੀਠਾ ਹੋਏ’ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ। ਮਿੱਤਰਾਂ ਦੀ ਲੂਣ ਦੀ ਡਲੀ ਖੰਡ ਦੇ ਬਰਾਬਰ ਹੀ ਹੁੰਦੀ ਹੈ। ਨਾਲੇ ‘ਜਿਹਨੇ ਚਖ ਲੀ ਡਲੀ ਸਾਡੇ ਲੂਣ ਦੀ, ਖਾਂਦੇ ਨੀ ਮਖਾਣੇ ਮਾਹੀ ਦੇ।’ ਪਛਮੀ ਪੰਜਾਬ ਵਿਚ ਮਠਲੂਣਾ ਸ਼ਬਦ ਘੱਟ ਲੂਣ ਵਾਲੇ ਭੋਜਨ ਲਈ ਵਰਤਿਆ ਜਾਂਦਾ ਹੈ। ਇਥੇ ‘ਮਠ’ ਦਾ ਅਰਥ ਹਲਕਾ ਹੈ ਜੋ ‘ਮੱਠਾ’ ਤੋਂ ਆਇਆ ਹੈ। ਲੂਣ ਮਨੁਖ ਦੇ ਹੱਡਾਂ ਵਿਚ ਰਚਿਆ ਹੋਇਆ ਹੈ। ਕਹਿੰਦੇ ਹਨ, ਲੂਣ ਦਾ ਆਸਰਾ ਹੀ ਬੜਾ ਹੁੰਦਾ ਹੈ। ਪੁਰਾਣੇ ਸਮਿਆਂ ਵਿਚ ਲੂਣ ਦੀ ਕਮੀ ਕਾਰਨ ਪੂਰੇ ਦੇ ਪੂਰੇ ਦੇਸ਼-ਕੌਮ ਦੀਆਂ ਸਿਹਤਾਂ ਵਿਗੜ ਜਾਂਦੀਆਂ ਸਨ। ਲੂਣ ਦੀ ਵਰਤੋਂ ਕਰੰਸੀ ਵਜੋਂ ਹੁੰਦੀ ਰਹੀ ਹੈ। ਰੋਮਨ ਫੌਜੀਆਂ ਨੂੰ ਮਿਲਦੀ ਤਨਖਾਹ ਲਈ ਵਰਤੇ ਜਾਂਦੇ ਸ਼ਬਦ ਦਾ ਜੇ ਅਨੁਵਾਦ ਕਰੀਏ ਤਾਂ ‘ਲੂਣੀ ਧਨ’ ਬਣਦਾ ਹੈ। ਅੱਜ ਵੀ ਤਨਖਾਹ ਲਈ ਵਰਤਿਆ ਜਾਂਦਾ ਅੰਗਰੇਜ਼ੀ ਸ਼ਬਦ ਸਅਲਅਰੇ ਲਾਤੀਨੀ ਸਅਲਅਰਿਮ ਵਿਚੋਂ ਨਿਕਲਿਆ ਹੈ ਤੇ ਇਸ ਦਾ ਸ਼ਾਬਦਿਕ ਅਰਥ ‘ਲੂਣ ਭੱਤਾ’ ਹੈ। ਬਹੁਤ ਸਾਰੀਆਂ ਭਾਸ਼ਾਵਾਂ ਦੀਆਂ ਕਹਾਵਤਾਂ ਵਿਚ ਲੂਣ ਦਾ ਸਬੰਧ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ।
ਲੂਣ ਨੇ ਇਤਿਹਾਸ ਵਿਚ ਕਾਫੀ ਵਖਤ ਪਾਈ ਰੱਖਿਆ ਹੈ। ਕਹਿੰਦੇ ਹਨ, ਤਾਨਾਸ਼ਾਹ ਬਾਦਸ਼ਾਹਾਂ ਦੀ ਹਮੇਸ਼ਾ ਨਜ਼ਰ ਲੂਣ ‘ਤੇ ਰਹਿੰਦੀ ਸੀ। ਉਹ ਇਸ ਦੇ ਬਣਾਉਣ ਅਤੇ ਇਸ ਦੀ ਵਿਕਰੀ ਉਤੇ ਟੈਕਸ ਵਧਾਈ ਹੀ ਤੁਰੇ ਜਾਂਦੇ ਸਨ। ਚੰਦਰ ਗੁਪਤ ਮੋਰੀਆ ਵੇਲੇ ਵੀ ਲੂਣ ‘ਤੇ ਕਰ ਲਾਏ ਜਾਂਦੇ ਸਨ। ਇਸ ਕਰ ਨੂੰ ਉਗਰਾਹੁਣ ਲਈ ‘ਲਵਣ ਅਧਿਅਕਸ਼’ ਨਿਯੁਕਤ ਕੀਤੇ ਜਾਂਦੇ ਸਨ। ਚੀਨ ਵਿਚ ਇਕ ਸਮੇਂ ਕੁਲ ਮਾਲੀਏ ਦਾ ਅੱਧਾ ਹਿੱਸਾ ਲੂਣ ਟੈਕਸ ਤੋਂ ਆਉਂਦਾ ਸੀ। ਇਹ ਪੈਸਾ ਚੀਨ ਦੀ ਮਹਾਨ ਦੀਵਾਰ ਬਣਾਉਣ ‘ਤੇ ਖਰਚ ਕੀਤਾ ਜਾਂਦਾ ਸੀ। ਪ੍ਰਾਚੀਨ ਰੋਮਨ ਸਾਮਰਾਜ ਦੌਰਾਨ ਲੂਣ ‘ਤੇ ਬੇਹਦ ਟੈਕਸ ਲਾਏ ਗਏ। ਇਕ ਸੜਕ ਹੀ ਲੂਣ ਢੋਣ ਲਈ ਬਣਾਈ ਗਈ ਸੀ ਜੋ ਇਤਿਹਾਸ ਵਿਚ ‘ਲੂਣ ਮਾਰਗ’ (ਵਅਿ ਸਅਲਅਰਅਿ) ਵਜੋਂ ਪ੍ਰਸਿਧ ਹੋਈ। ਇਸ ਦਾ ਕੁਝ ਹਿੱਸਾ ਅਜੇ ਵੀ ਕਾਇਮ ਹੈ। ਰੋਮ ਦੇ ਵਪਾਰੀਆਂ ਨੇ ਲੂਣ ਦੀ ਕੀਮਤ ਏਨੀ ਚੁਕ ਦਿੱਤੀ ਕਿ ਸਰਕਾਰ ਨੂੰ ਲੂਣ ਆਪਣੇ ਹੱਥਾਂ ਵਿਚ ਲੈਣਾ ਪਿਆ। 1789 ਦੇ ਇਨਕਲਾਬ ਪਿਛੋਂ ਫਰਾਂਸ ਵਿਚੋਂ ਲੂਣ ਟੈਕਸ ਹਟਾ ਦਿਤਾ ਗਿਆ ਸੀ ਪਰ ਪਿਛੋਂ ਨੈਪੋਲੀਅਨ ਨੇ ਗੱਦੀ ‘ਤੇ ਬੈਠਦੇ ਸਾਰ ਹੀ ਯੁਧਾਂ ਉਤੇ ਕੀਤਾ ਖਰਚਾ ਪੂਰਾ ਕਰਨ ਲਈ ਮੁੜ ਇਹ ਟੈਕਸ ਲਾਗੂ ਕਰ ਦਿੱਤਾ। ਸਪੇਨ ਨੇ ਲੂਣ ਤੋਂ ਕੀਤੀ ਕਮਾਈ ਨਾਲ ਕੋਲੰਬਸ ਦੀ ਅਮਰੀਕੀ ਯਾਤਰਾ ਦਾ ਖਰਚਾ ਤਾਰਿਆ। ਨਿਊ ਯਾਰਕ ਨੇ ਲੂਣ ‘ਤੇ ਟੈਕਸ ਲਾ ਕੇ ਐਰੀ ਨਹਿਰ ਬਣਾਉਣ ਦੇ ਖਰਚੇ ਕੱਢੇ। ਭਾਰਤ ਵਿਚ ਵੀ ਪੁਰਾਣੇ ਸਮੇਂ ਤੋਂ ਹੀ ਲੂਣ ਕਰ ਲਾਏ ਜਾਂਦੇ ਸਨ। ਇੰਗਲੈਂਡ ਤੋਂ ਘਟੀਆ ਲੂਣ ਦੀ ਦਰਾਮਦ ਨੂੰ ਪ੍ਰਫੁਲਤ ਕਰਨ ਲਈ ਭਾਰਤ ਵਿਚ ਕੰਪਨੀ ਰਾਜ ਨੇ ਲੂਣ ‘ਤੇ ਬਹੁਤ ਟੈਕਸ ਵਧਾ ਦਿੱਤੇ। ਉਸ ਵੇਲੇ ਸਿਰਫ ਕੰਪਨੀ ਦੇ ਅਧਿਕਾਰੀਆਂ ਨੂੰ ਹੀ ਲੂਣ ਦਾ ਕਾਰੋਬਾਰ ਕਰਨ ਦੀ ਇਜਾਜ਼ਤ ਹੁੰਦੀ ਸੀ। ਸਿਧੇ ਅੰਗਰੇਜ਼ੀ ਰਾਜ ਸਮੇਂ ਵੀ ਲੂਣ ਦੇ ਮਾਮਲੇ ਵਿਚ ਬਹੁਤ ਹੇਰ-ਫੇਰ ਹੁੰਦੇ ਰਹੇ। ਭਾਰਤੀਆਂ ਨੂੰ ਆਪਣਾ ਲੂਣ ਬਣਾਉਣ ਦੀ ਇਜਾਜ਼ਤ ਨਹੀਂ ਸੀ। ਗੋਰੀ ਸਰਕਾਰ ਦੀ ਲੂਣ ਨੀਤੀ ਦੇ ਵਿਰੋਧ ਵਿਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ 1930 ਵਿਚ ਡਾਂਡੀ ਮਾਰਚ ਨਾਲ ਲੂਣ ਸਤਿਆਗ੍ਰਹਿ ਸ਼ੁਰੂ ਹੋਇਆ। ਇਹ ਸਤਿਆਗ੍ਰਹਿ ਹੀ ਆਖਿਰ ਪੂਰਨ ਸਵਰਾਜ ਲਹਿਰ ਵਿਚ ਵਟ ਗਿਆ ਸੀ।
ਲੂਣ ਦਾ ਸੰਸਕ੍ਰਿਤ ਰੂਪ ‘ਲਵਣ’ ਹੈ ਤੇ ਇਹੋ ਜਿਹਾ ਰੂਪ ਪੁਰਾਣੀ ਪੰਜਾਬੀ ਵਿਚ ਵੀ ਕਿਧਰੇ ਕਿਧਰੇ ਮਿਲਦਾ ਹੈ,
ਫਰੀਦਾ ਰੋਟੀ ਮੇਰੀ ਕਾਠ ਕੀ
ਲਾਵਣੁ ਮੇਰੀ ਭੁਖ।
ਜਿਨਾ ਖਾਧੀ ਚੋਪੜੀ
ਘਣੇ ਸਹਿਨਗੇ ਦੁਖ।
—
ਪਿਰਿਆ ਸੰਦੜੀ ਭੁਖ ਮੂ
ਲਾਵਣ ਥੀ ਵਿਰਥਾ॥ -ਗੁਰੂ ਅਰਜਨ ਦੇਵ
ਭਾਵ, ਪ੍ਰਭੂ ਦੀ ਭੁਖ ਮਿਟਾਉਣ ਲਈ ਮੈਂ ਲੂਣ (ਭੋਜਨ) ਬਣ ਜਾਵਾਂ।
ਉਪਰੋਕਤ ਤੋਂ ਸਾਫ਼ ਹੈ ਕਿ ਲਵਣ ਨੂੰ ਹੀ ਭੋਜਨ ਕਿਹਾ ਗਿਆ ਹੈ। ਇਹ ਵੀ ਸਹੀ ਹੈ ਕਿ ਸੰਸਕ੍ਰਿਤ ਵਿਚ ‘ਲਾਵਣ’ ਦਾ ਇਕ ਅਰਥ ਵਧੇਰੇ ਲੂਣ ਲੱਗਾ ਭੋਜਨ ਹੈ। ਲਾਵਣ ਤੋਂ ਪੰਜਾਬੀ ਦਾ ਲੂਣ ਬਣਦਿਆਂ ਕੇਵਲ ‘ਵ’ ਧੁਨੀ ਅਲੋਪ ਹੋ ਕੇ ‘ਊ’ ਵਿਚ ਬਦਲ ਗਈ। ਇਹ ਆਮ ਹੀ ਵਰਤਾਰਾ ਹੈ। ਗੁਰਬਾਣੀ ਵਿਚ ਵਧੇਰੇ ਕਰਕੇ ਲੂਣ ਜਾਂ ਲੂਨ ਰੂਪ ਹੀ ਆਏ ਹਨ,
ਲੂਣ ਖਾਇ ਕਰੇ ਹਰਾਮਖੋਰੀ॥ -ਗੁਰੂ ਅਰਜਨ ਦੇਵ
ਪਾਉ ਘੀਉ ਸੰਗਿ ਲੂਨਾ॥ -ਭਗਤ ਕਬੀਰ
ਲੂਣ ਦਾ ਇਕ ਰੁਪਾਂਤਰ ‘ਲੁੰਡ’ ਵੀ ਹੈ ਜੋ ਪੱਛਮੀ ਪੰਜਾਬ ਦੇ ਕੁਝ ਹਿੱਸਿਆਂ ਵਿਚ ਵਰਤਿਆ ਜਾਂਦਾ ਹੈ। ਇਸ ਇਲਾਕੇ ਦੇ ਲੂਣ ਨਾਲ ਜੁੜਦੇ ਕਈ ਮੁਹਾਵਰਿਆਂ ਵਿਚ ਲੁੰਡ ਸ਼ਬਦ ਮਿਲਦਾ ਹੈ, ਜਿਵੇਂ ਲੁੰਡ ਤੇਲ, ਲੁੰਡ ਹਰਾਮੀ, ਲੁੰਡ ਤੇਲ ਦੀ ਹੱਟੀ, ਲੁੰਡ ਤੋਲਣਾ (ਝੂਠ ਮਾਰਨਾ), ਲੁੰਡੀ ਮਾਰ ਹੋਣੀ (ਫੋੜੇ ਹੋਣੇ-ਸਮਝਿਆ ਜਾਂਦਾ ਹੈ ਕਿ ਕਿਸੇ ਦਾ ਲੂਣ ਹਰਾਮ ਕਰਨ ਕਰਕੇ ਫੋੜੇ ਨਿਕਲੇ ਹਨ), ਲੁੰਡ ਮਿਰਚ ਲਾਉਣਾ (ਵਧਾ ਚੜ੍ਹਾ ਕੇ ਗੱਲ ਕਰਨਾ), ਜ਼ਖਮ ‘ਤੇ ਲੁੰਡ ਪਾਉਣਾ ਆਦਿ।
ਲੂਣ ਦਾ ਇਕ ਹੋਰ ਰੂਪ ਨੂਨ ਵੀ ਹੈ। ਬਹੁਤ ਸਾਰੇ ਲੋਕ ਨੂਨ ਜਾਂ ਨੂਣ ਹੀ ਬੋਲਦੇ ਹਨ ਤੇ ਇਹ ਵਰਤੋਂ ਸਿਰਫ ਪੰਜਾਬੀ ਵਿਚ ਹੀ ਨਹੀਂ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਹੈ ਜਿਵੇਂ ਹਿੰਦੀ ਵਿਚ। ਆਂਧਰਾ ਪ੍ਰਦੇਸ਼ ਦੀ ਇਕ ਨਦੀ ਦਾ ਨਾਂ ਹੀ ਨੂਨ ਨਦੀ ਹੈ। ਕੁਝ ਇਕ ਥਾਂਵਾਂ ‘ਤੇ ਨੋਨ ਸ਼ਬਦ ਵੀ ਪ੍ਰਚਲਿਤ ਹੈ। ਨੂਨ ਲੂਣ ਜਿੰਨਾ ਹੀ ਪ੍ਰਮਾਣੀਕ ਸ਼ਬਦ ਹੈ। ਜੀਵਨ ਦੀਆਂ ਬੁਨਿਆਦੀ ਲੋੜਾਂ ਲਈ ਵਰਤੇ ਜਾਂਦੇ ਮੁਹਾਵਰੇ ‘ਲੂਣ, ਤੇਲ ਤੇ ਲੱਕੜੀਆਂ’ ਦਾ ਹਿੰਦੀ ਰੂਪ ਹੈ, ‘ਨੂਨ ਤੇਲ।’ ਇਕ ਵਾਰੀ ਸੰਤੋਖ ਸਿੰਘ ਧੀਰ ਨੇ ‘ਸਿਰਜਣਾ’ ਮੈਗਜ਼ੀਨ ਵਿਚ ਇਕ ਕਵਿਤਾ ਭੇਜ ਦਿੱਤੀ ਜਿਸ ਵਿਚ ਨੂਨ ਸ਼ਬਦ ਆਇਆ ਸੀ। ਸੰਪਾਦਕ ਨੇ ਇਸ ਨੂੰ ਬਦਲ ਕੇ ਲੂਣ ਕਰ ਦਿੱਤਾ। ਧੀਰ ਏਨਾ ਖਿਝਿਆ ਕਿ ਉਸ ਨੇ ਸੰਪਾਦਕ ਨਾਲ ਕਿੰਨਾ ਚਿਰ ਬੋਲਣਾ ਬੰਦ ਕਰੀ ਰੱਖਿਆ।
ਲੂਣ ਬਣਾਉਣ ਜਾਂ ਵੇਚਣ ਵਾਲੇ ਨੂੰ ਨੋਨੀਆ ਕਿਹਾ ਜਾਂਦਾ ਹੈ। ਲੂਣ ਲਈ ‘ਨਮਕ’ ਸ਼ਬਦ ਵੀ ਪ੍ਰਚਲਿਤ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ਫਾਰਸੀ ਦਾ ਨਮਕ ‘ਨਮ’ ਤੋਂ ਬਣਿਆ ਕਿਉਂਕਿ ਲੂਣ ਨਾਲ ਲੱਗ ਕੇ ਚੀਜ਼ਾਂ ਪਾਣੀ ਛੱਡ ਦਿੰਦੀਆਂ ਹਨ। ਪਰ ਵਾਸਤਵ ਵਿਚ ਨਮਕ ਪਾਣੀ ਸੋਖ ਲੈਂਦਾ ਹੈ। ਬਹੁਤ ਘਟ ਲੋਕਾਂ ਨੂੰ ਪਤਾ ਹੈ ਕਿ ਨਮਕ ਸ਼ਬਦ ਵੀ ‘ਲਵਣਕ’ ਵਿਚੋਂ ਹੀ ਨਿਕਲਿਆ ਹੈ। ਲੂਣ/ਨਮਕ ਦਾ ਵਿਕਾਸ ਇਸ ਤਰ੍ਹਾਂ ਉਲੀਕਿਆ ਜਾ ਸਕਦਾ ਹੈ,
ਲਵਣਕ> ਲਮਨਕ> ਨਮਨਕ> ਨਮਕ
ਲਵਣ> ਲਾਵਣਯ> ਲੂਣ> ਲੂਨ> ਨੂਨ
ਲੂਣ ਤੋਂ ਬਣੇ ਭੋਜਨ, ਖਾਸ ਤੌਰ ‘ਤੇ ਮੂੰਹ ਮਾਰਨ ਵਾਲੇ ਸਨੈਕ ਲਈ ਸਲੂਣਾ ਸ਼ਬਦ ਚਲਦਾ ਹੈ। ਇਸ ਵਿਚ ‘ਸ’ ਅਗੇਤਰ ‘ਨਾਲ’ ‘ਸਹਿਤ’, ‘ਵਾਲਾ’ ਦੇ ਅਰਥ ਦਿੰਦਾ ਹੈ ਅਰਥਾਤ ਲੂਣ ਵਾਲਾ। ਵਿਸ਼ੇਸ਼ਣ ਦੇ ਤੌਰ ‘ਤੇ ਲੂਣੇ ਸਵਾਦ ਲਈ ਸਲੂਣਾ ਸ਼ਬਦ ਵਰਤਿਆ ਜਾਂਦਾ ਹੈ। ਸ਼ਹਿਰੀ ਵਰਗ ਇਸ ਨੂੰ ਨਮਕੀਨ ਕਹਿ ਕੇ ਸੁਆਦ ਲੈਂਦਾ ਹੈ। ਸਿੰਧ-ਪਾਰ ਦੇ ਵੀਰਾਨ ਇਲਾਕੇ ਵਿਚ ਸਲੋਣੀ ਨਾਂ ਦਾ ਇਕ ਬੂਟਾ ਵੀ ਹੁੰਦਾ ਹੈ। ਸ਼ਾਇਦ ਲੂਣੀ ਧਰਤੀ ਵਿਚ ਪੈਦਾ ਹੋਣ ਕਰਕੇ ਇਹ ਨਾਂ ਪਿਆ। ਦਾਲਾਂ ਸਬਜ਼ੀਆਂ ਮਿਲਾ ਕੇ ਬਣਾਏ ਜਾਂਦੇ ਇਕ ਪਕਵਾਨ ਨੂੰ ਸਾਲਨ ਜਾਂ ਸਾਲਣ ਕਿਹਾ ਜਾਂਦਾ ਹੈ। ਇਹ ਪਕਵਾਨ ਪਛਮੀ ਪੰਜਾਬ ਵਿਚ ਬਹੁਤ ਪ੍ਰਚਲਿਤ ਹੈ। ‘ਬਹੁ ਰਸ ਸਾਲਣੇ ਸਵਾਰਦੀ’ -ਗੁਰੂ ਅਮਰ ਦਾਸ। ਸ਼ਾਹ ਹੁਸੈਨ ਨੇ ਵੀ ਇਹ ਸ਼ਬਦ ਵਰਤਿਆ ਹੈ,
ਮਾਏ ਨੀ ਮੈਂ ਕੀਹਨੂੰ ਆਖਾਂ,
ਦਰਦ ਵਿਛੋੜੇ ਦਾ ਹਾਲ ਨੀ।
ਧੂਆਂ ਧੁਖੇ ਮੇਰੇ ਮੁਰਸ਼ਦ ਵਾਲਾ,
ਜਾਂ ਫੋਲਾਂ ਤਾਂ ਲਾਲ ਨੀ।
ਜੰਗਲ ਬੇਲੇ ਫਿਰਾਂ ਢੂੰਡੇਂਦੀ,
ਅਜੇ ਨਾ ਪਾਇਓ ਲਾਲ ਨੀ।
ਦੁਖਾਂ ਦੀ ਰੋਟੀ, ਸੂਲਾਂ ਦਾ ਸਾਲਣ,
ਆਹੇਂ ਦਾ ਬਾਲਣ ਬਾਲ ਨੀ।
ਕਹੇ ਹੁਸੈਨ ਫਕੀਰ ਨਿਮਾਣਾ,
ਸ਼ਹੁ ਮਿਲੇ ਤਾਂ ਥੀਵਾਂ ਨਿਹਾਲ ਨੀ।
ਇਥੇ ਸਲੋਨਾ/ਸਲੋਨੀ ਜਿਹੇ ਕਾਵਿਕ ਸ਼ਬਦ ਦੀ ਚਰਚਾ ਵੀ ਢੁਕਵੀਂ ਹੈ। ਭਾਵੇਂ ਇਸ ਦਾ ਸ਼ਾਬਦਿਕ ਅਰਥ ਵੀ ਲੂਣ ਵਾਲਾ ਜਾਂ ਮਸਾਲੇਦਾਰ ਹੀ ਹੈ ਪਰ ਹੋਰ ਭਾਵਾਂ ਵਿਚ। ਕਈ ਜਗ੍ਹਾ ‘ਤੇ ਇਸ ਦਾ ਅਰਥ ਸੁੰਦਰ, ਸੁਹਣਾ, ਖੁਬਸੂਰਤ ਬਿਆਨਿਆ ਗਿਆ ਹੈ। ਪਰ ਲੂਣ ਤੋਂ ਇਹ ਭਾਵ ਕਿਵੇਂ ਵਿਕਸਿਤ ਹੋਏ? ਇਕ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਲੂਣ ਚਮਕੀਲਾ ਹੁੰਦਾ ਹੈ ਤੇ ਸੁੰਦਰਤਾ ਵਿਚ ਚਿਹਰੇ ਦਾ ਚਮਕੀਲਾਪਣ ਉਘੜਵਾਂ ਹੁੰਦਾ ਹੈ। ਦੂਜੀ ਗੱਲ ਇਹ ਕਿ ਪਸੀਨੇ ਵਾਲਾ ਚਿਹਰਾ ਚਮਕਦਾਰ ਅਤੇ ਮੁਲਾਇਮ ਹੁੰਦਾ ਹੈ ਅਤੇ ਪਸੀਨਾ ਲੂਣਯੁਕਤ ਹੁੰਦਾ ਹੈ। ਉਂਜ ਕੁਝ ਲੜਕੀਆਂ ਦਾ ਨਾਂ ਵੀ ਸਲੋਨੀ ਹੁੰਦਾ ਹੈ। ਪੂਰਨ ਭਗਤ ਦੀ ਨਾਇਕਾ ‘ਲੂਣਾ’ ਦੇ ਨਾਂ ਪਿਛੇ ਵੀ ਇਹੀ ਭਾਵ ਕੰਮ ਕਰ ਰਿਹਾ ਪ੍ਰਤੀਤ ਹੁੰਦਾ ਹੈ। ਜੇ ਮਿੱਠੋ ਸੁੰਦਰ ਹੈ ਤਾਂ ਲੂਣਾ ਕਿਉਂ ਨਹੀਂ ਹੋ ਸਕਦੀ।
ਅਨੋਨਾ ਨਾਂ ਦੇ ਵਰਤ ਦਾ ਢਕੌਸਲਾ ਰਚਣ ਵਾਲੇ ਲੋਕ ਦਾਲ ਸਬਜ਼ੀ ਵਿਚ ਲੂਣ ਨਹੀਂ ਪਾਉਂਦੇ, ਸਿਧਾ ਜ਼ਰੂਰ ਖਾ ਲੈਂਦੇ ਹਨ! ਸ਼ਾਇਦ ਅਲੂਣੇ ਵਰਤ ਦੀ ਰੀਤ ਇਸ ਲਈ ਚੱਲੀ ਕਿ ਲੋਕ ਵਰਤ ਦੌਰਾਨ ਘਟ ਹੀ ਖਾਣ ਪਰ ਖਾਣ ਵਾਲੇ ਢੰਗ ਲਭ ਹੀ ਲੈਂਦੇ ਹਨ। ਕਈ ਕਿਸਮ ਦੇ ਪੌਦਿਆਂ ਦਾ ਨਾਂ ‘ਲੂਨਕ’ ਹੈ ਕਿਉਂਕਿ ਉਹ ਲੂਣੀ ਧਰਤੀ ਵਿਚ ਪੈਦਾ ਹੁੰਦੇ ਹਨ। ਮਸਾਲੇਦਾਨੀ ਨੂੰ ਲੂਣਕੀ ਜਾਂ ਲੂਣਦਾਨੀ ਵੀ ਕਿਹਾ ਜਾਂਦਾ ਹੈ। ਅਸਲ ਵਿਚ ਲੂਣਕੀ ਸ਼ਬਦ ਮਸਾਲੇਦਾਨੀ ਤੋਂ ਪਹਿਲਾਂ ਦਾ ਹੈ ਪਰ ਹੁਣ ਘਟ ਹੀ ਵਰਤਿਆ ਜਾਂਦਾ ਹੈ। ਹੁਣ ਲੋਕਾਂ ਦੇ ਘਰੀਂ ਮਸਾਲੇ ਬਹੁਤ ਹੋ ਗਏ ਹਨ।
Leave a Reply