ਨਾ-ਮੁਕੰਮਲ ਸੱਚ ਦਿਖਾਉਂਦੀ ਫਿਲਮ

ਸਿਨੇਮਾ ਯਾਦਾਂ, ਚੇਤਿਆਂ ਅਤੇ ਸੁਪਨਿਆਂ ਨੂੰ ਪੁਨਰ-ਸੁਰਜੀਤ ਕਰਨ ਦੀ ਕਲਾ ਹੈ। ਸਾਰੀਆਂ ਕਲਾਵਾਂ ਵਿਚੋਂ ਸਿਨੇਮਾ ਇਸ ਲਈ ਵੀ ਖਾਸ ਹੈ ਕਿ ਇਸ ਦੀ ਆਪਣੀ ਜ਼ੁਬਾਨ ਹੈ। ਡਾæ ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾਉਣਗੇ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਇਸ ਵਾਰ ਇਰਾਨ ਦੇ ਫਿਲਮਸਾਜ਼ ਅੱਬਾਸ ਕਇਰੋਸਤਮੀ ਦੀ ਫਿਲਮ ‘ਕਲੋਜ਼-ਅੱਪ’ ਬਾਰੇ ਗੱਲ ਕੀਤੀ ਗਈ ਹੈ।

-ਸੰਪਾਦਕ
ਡਾæ ਕੁਲਦੀਪ ਕੌਰ
ਫੋਨ: +91-98554-04330
ਇਰਾਨ ਵਿਚ ਹੋਈ ਇਸਲਾਮਿਕ ‘ਕ੍ਰਾਂਤੀ’ ਦੇ ਦੌਰ ਵਿਚ ਅੱਬਾਸ ਕਇਰੋਸਤਮੀ ਨੇ ਬਹੁਤ ਸਾਰੀਆਂ ਡਾਕੂਮੈਂਟਰੀਆਂ ਦਾ ਨਿਰਮਾਣ ਅਤੇ ਨਿਰਦੇਸ਼ਨ ਕੀਤਾ। ਇਨ੍ਹਾਂ ਹੀ ਦਿਨਾਂ ਵਿਚ ਇੱਕ ਸਵੇਰ ਅਖਬਾਰ ਪੜ੍ਹਦਿਆਂ ਉਸ ਦੀ ਨਜ਼ਰ ਇੱਕ ਅਜੀਬੋ-ਗਰੀਬ ਮੁਕੱਦਮੇ ‘ਤੇ ਪਈ। ਇਸ ਖਬਰ ਅਨੁਸਾਰ ਹੁਸੈਨ ਸਬਜ਼ਿਆਨ ਨਾਮ ਦੇ ਫਿਲਮਾਂ ਅਤੇ ਕਲਾ ਵਿਚ ਨੱਕੋ-ਨੱਕ ਡੁੱਬੇ ਬੇਰੁਜ਼ਗਾਰ ਮੁੰਡੇ ਨੇ ਇੱਕ ਪਰਿਵਾਰ ਨੂੰ ਇਹ ਕਹਿ ਕੇ ਆਪਣੇ ਝਾਂਸੇ ਵਿਚ ਲੈ ਲਿਆ ਕਿ ਉਹ ਇਰਾਨ ਦਾ ਮਸ਼ਹੂਰ ਫਿਲਮਸਾਜ਼ ਮੋਹਸਿਨ ਮਖਮਲਬਾਫ ਹੈ ਅਤੇ ਉਨ੍ਹਾਂ ਦੇ ਮੁੰਡਿਆਂ ਨੂੰ ਫਿਲਮਾਂ ਵਿਚ ਕੰਮ ਦਿਵਾ ਸਕਦਾ ਹੈ।
ਇਸ ਖਬਰ ਨੇ ਅੱਬਾਸ ਦਾ ਧਿਆਨ ਦੋ ਕਾਰਨਾਂ ਕਰਕੇ ਖਿੱਚਿਆ। ਪਹਿਲਾ, ਉਸ ਅਣਪਛਾਤੇ ਤੇ ਨਾਮਾਲੂਮ ਮੁੰਡੇ ਦੀ ਫਿਲਮਾਂ ਪ੍ਰਤੀ ਇੰਨੀ ਖਿੱਚ ਪਿੱਛੇ ਛੁਪੇ ਵਰਤਾਰੇ ਨੂੰ ਜਾਣਨ ਦੀ ਲਲਕ ਅਤੇ ਦੂਜਾ, ਇਹ ਤੱਥ ਕਿ ਉਸ ਸਮੇਂ ਅੱਬਾਸ ਤਹਿਰਾਨ ਵਿਚ ਸਰਕਾਰੀ ਮਹਿਕਮੇ (ਦਿ ਇੰਸਟੀਚਿਊਟ ਫਾਰ ਇੰਟਲੈਕਚੂਅਲ ਡਿਵੈਂਲਪਮੈਂਟ ਆਫ ਯੰਗ ਚਿਲਡਰਨ ਐਂਡ ਅਡਲਟਜ਼) ਵਿਚ ਕੰਮ ਕਰਦਾ ਸੀ। ਅੱਬਾਸ ਨੇ ਇਸ ਕੇਸ ਨੂੰ ਤਰੁੰਤ ਰਿਕਾਰਡ ਕਰਨ ਦਾ ਮਨ ਬਣਾ ਲਿਆ। ਇਸ ਫਿਲਮ ਨੂੰ ‘ਫਿਲਮ ਬਾਰੇ ਫਿਲਮ’ ਕਹਿਣਾ ਜ਼ਿਆਦਾ ਸਹੀ ਹੈ। ਇਸ ਫਿਲਮ ਦੀ ਖਾਸੀਅਤ ਇਹ ਹੈ ਕਿ ਇਹ ਫਿਲਮ ਹੁਸੈਨ ਦੁਆਰਾ ਕੀਤੇ ਫਰੇਬ ਨੂੰ ਨੈਤਿਕਤਾ ਜਾਂ ਕਾਨੂੰਨੀ ਪੇਚੀਦਗੀਆਂ ਵਿਚੋਂ ਪਰਖਣ ਦੀ ਥਾਂ ਫਿਲਮਾਂ ਦੁਆਰਾ ਉਸ ਅੰਦਰ ਉਪਜਾਏ ਸਿਰਜਣਾਤਮਿਕ, ਸਭਿਆਚਾਰਕ ਅਤੇ ਕਲਾਤਮਿਕ ਸਰਮਾਏ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ।
ਫਿਲਮ ‘ਕਲੋਜ਼-ਅੱਪ’ (ਇਰਾਨੀ ਵਿਚ ਫਿਲਮ ਦਾ ਨਾਮ ‘ਨਿਮਾ-ਯੇ-ਨਜ਼ਦੀਕ’ ਹੈ ਜਿਸ ਦਾ ਅਰਥ ਬਣਦਾ ਹੈ ‘ਕੋਲ ਤੇ ਨੇੜੇ’) ਦੇ ਸ਼ੁਰੂ ਵਿਚ ਕਿਸੇ ਮੈਗਜ਼ੀਨ ਦਾ ਪੱਤਰਕਾਰ ਅਹਨ ਖਾਨ ਦੇ ਘਰ ਜਾਣ ਲਈ ਕਿਸੇ ਸਵਾਰੀ ਦੇ ਇੰਤਜ਼ਾਰ ਵਿਚ ਹੈ। ਅਹਨ ਖਾਨ ਦੇ ਪਰਿਵਾਰ ਨਾਲ ਅਜੀਬ ਵਾਕਿਆ ਹੋ ਗਿਆ ਹੈ। ਹੋਇਆ ਇਹ ਕਿ ਇਕ ਦਿਨ ਬੇਗਮ ਅਹਨ ਖਾਨ ਜਦੋਂ ਬੱਸ ਵਿਚ ਸਫਰ ਕਰ ਰਹੀ ਸੀ ਤਾਂ ਉਸ ਦੇ ਨਾਲ ਵਾਲੀ ਸੀਟ ‘ਤੇ ਕੋਈ ਮੁਸਾਫਿਰ ਫਿਲਮ ‘ਸਾਈਕਲਿਸਟ’ ਦੇ ਸਕਰੀਨ-ਪਲੇਅ ਦੀ ਕਾਪੀ ਪੜ੍ਹ ਰਿਹਾ ਹੈ। ਅਹਨ ਖਾਨ ਦਾ ਪੂਰਾ ਪਰਿਵਾਰ ਕਿਉਂਕਿ ਸਿਨੇਮਾ ਦੇਖਣ ਦਾ ਸ਼ੌਕੀਨ ਹੈ, ਬੇਗਮ ਅਹਨ ਖਾਨ ਉਸ ਮੁਸਾਫਿਰ ਨਾਲ ਫਿਲਮਾਂ ਬਾਰੇ ਗੱਲਬਾਤ ਵਿਚ ਰੁਝ ਜਾਂਦੀ ਹੈ। ਇਸ ਮੁਸਾਫਿਰ ਹੁਸੈਨ ਸਬਜ਼ੈਨ ਦੇ ਦਿਮਾਗ ਵਿਚ ਇਕਦਮ ਫੁਰਨਾ ਫੁਰਦਾ ਹੈ ਅਤੇ ਉਹ ਬੇਗਮ ਅਹਨ ਖਾਨ ਦੇ ਪਰਿਵਾਰ ਦੀ ਫਿਲਮਾਂ ਪ੍ਰਤੀ ਦੀਵਾਨਗੀ ਭਾਂਪਦਿਆਂ ਖੁਦ ਨੂੰ ਇਰਾਨ ਦਾ ਮਸ਼ਹੂਰ ਫਿਲਮਸਾਜ਼ ਮੋਹਸਿਨ ਮਖਮਲਬਾਫ ਦੱਸਦਾ ਹੈ। ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਸਗੋਂ ਆਪਣੀ ਧੁਨ ਵਿਚ ਲਾਪਰਵਾਹ ਹੁਸੈਨ ਅਹਨ ਖਾਨ ਦੇ ਘਰ ਜਾ ਕੇ ਉਨ੍ਹਾਂ ਦੇ ਮੁੰਡਿਆਂ ਨੂੰ ਫਿਲਮਾਂ ਵਿਚ ਕੰਮ ਦੇਣ ਦਾ ਝਾਂਸਾ ਦਿੰਦਾ ਹੈ ਅਤੇ ਆਨੀ-ਬਹਾਨੀ ਪੈਸਾ-ਟਕਾ ਵੀ ਉਧਾਰ ਲੈ ਲੈਂਦਾ ਹੈ। ਉਹ ਪਰਿਵਾਰ ਨੂੰ ਦੱਸਦਾ ਹੈ ਕਿ ਉਸ ਨੇ ਅਗਲੀ ਫਿਲਮ ਉਨ੍ਹਾਂ ਦੇ ਵਿਹੜੇ ਵਿਚ ਹੀ ਫਿਲਮਾਉਣੀ ਹੈ। ਇਕ ਦਿਨ ਅਹਨ ਖਾਨ ਅਚਾਨਕ ਕਿਸੇ ਮੈਗਜ਼ੀਨ ਵਿਚ ਛਪੀ ਮੋਹਸਿਨ ਮਖਮਲਬਾਫ ਦੀ ਫੋਟੋ ਦੇਖਦਾ ਹੈ ਤਾਂ ਉਸ ਨੂੰ ਸ਼ੱਕ ਪੈ ਜਾਂਦਾ ਹੈ। ਉਹ ਆਪਣਾ ਸ਼ੱਕ ਕੱਢਣ ਲਈ ਮੈਗਜ਼ੀਨ ਦੇ ਪੱਤਰਕਾਰ ਨਾਲ ਸੰਪਰਕ ਕਰਦਾ ਹੈ ਜਿਹੜਾ ਉਸ ਨੂੰ ਸੱਚ ਤੋਂ ਵਾਕਿਫ ਕਰਵਾਉਂਦਾ ਹੈ ਤੇ ਰੰਜ਼ ਨਾਲ ਭਰਿਆ ਪਰਿਵਾਰ, ਹੁਸੈਨ ਨੂੰ ਪੁਲਿਸ ਦੇ ਹਵਾਲੇ ਕਰ ਦਿੰਦਾ ਹੈ; ਪਰ ਕੀ ਸੱਚ ਇੰਨਾ ਹੀ ਹੈ?
ਇੱਥੋਂ ਅੱਬਾਸ ਇਸ ਫਿਲਮ ਦੇ ਦ੍ਰਿਸ਼ਾਂ ਵਿਚ ਸ਼ਾਮਿਲ ਹੁੰਦਾ ਹੈ। ਉਹ ਕਿਤੋਂ ਵੀ ਕੋਈ ਵੀ ਚੀਜ਼, ਕੋਈ ਦ੍ਰਿਸ਼, ਕੋਈ ਆਵਾਜ਼, ਕੋਈ ਵੀ ਪਲ ਇਧਰੋਂ-ਉਧਰ ਨਹੀਂ ਕਰਦਾ। ਦਰਸ਼ਕਾਂ ਨੂੰ ਇਹ ਜਾਣ ਕੇ ਅਚੰਭਾ ਲੱਗ ਸਕਦਾ ਹੈ ਕਿ ਉਹਨੇ ਹੁਸੈਨ ਸਮੇਤ ਇਸ ਸਾਰੀ ਘਟਨਾ ਵਿਚ ਸ਼ਾਮਿਲ ਕਿਰਦਾਰਾਂ, ਥਾਵਾਂ ਅਤੇ ਹਾਲਾਤ ਨੂੰ ਜਿਉਂ ਦਾ ਤਿਉਂ ਰੱਖਿਆ ਹੈ। ਉਸ ਨੂੰ ਅੰਦਰੂਨੀ ਜਾਣਕਾਰ ਵਜੋਂ ਅਤੇ ਹਮਦਰਦੀ ਦੇ ਨਜ਼ਰੀਏ ਨਾਲ ਫਿਲਮਾਇਆ ਹੈ। ਫਿਲਮ ਦੇ ਇੱਕ ਅਹਿਮ ਦ੍ਰਿਸ਼ ਵਿਚ ਮੈਗਜ਼ੀਨ ਦਾ ਪੱਤਰਕਾਰ ਇਕ ਸ਼ਖਸ ਨਾਲ ਮੋਟਰਸਾਇਕਲ ‘ਤੇ ਸਫਰ ਕਰ ਰਿਹਾ ਹੈ ਅਤੇ ਉਸ ਨੂੰ ਹੁਸੈਨ ਵਾਲੀ ਘਟਨਾ ਸੁਣਾਉਂਦਿਆਂ ਅਚਾਨਕ ਹੀ ਪੁੱਛਦਾ ਹੈ, ‘ਕੀ ਤੈਨੂੰ ਪਤਾ ਹੈ ਕਿ ਮੋਹਸਿਨ ਮਖਮਲਬਾਫ ਕੌਣ ਹੈ?’ ਉਹ ਸ਼ਖਸ ਬਹੁਤ ਆਰਾਮ ਨਾਲ ਜਵਾਬ ਦਿੰਦਾ ਹੈ, ‘ਮੈਂ ਫਿਲਮਾਂ ਨਹੀਂ ਦੇਖਦਾ।’ ਇਸ ਫਿਲਮ ਦਾ ਸਾਰਾ ਫਲਸਫਾ ਇਸੇ ‘ਸੱਚ’ ਦੇ ਇਰਦ-ਗਿਰਦ ਘੁੰਮਦਾ ਹੈ। ਅੱਬਾਸ ਇਸੇ ਸੱਚ ਵਿਚੋਂ ਹੁਸੈਨ ਦਾ ਸੱਚ ਨਿਤਾਰਨਾ ਚਾਹੁੰਦਾ ਹੈ। ਉਸ ਨੂੰ ਇਹ ਜਾਣਨ ਵਿਚ ਦਿਲਚਸਪੀ ਹੈ: ਕੀ ਵਾਕਿਆ ਹੀ ਸਭ ਤੋਂ ਸੁੱਚੇ ਸੱਚ ਦਾ ਰਸਤਾ ਬਹੁਤ ਸਾਰੇ ਝੂਠਾਂ ਵਿਚੋਂ ਹੋ ਕੇ ਜਾਂਦਾ ਹੈ।
ਅੱਬਾਸ ਜੱਜ ਤੋਂ ਇਸ ਮੁਕੱਦਮੇ ਦੀ ਸਾਰੀ ਕਾਰਵਾਈ ਰਿਕਾਰਡ ਕਰਨ ਦੀ ਇਜਾਜ਼ਤ ਲੈ ਲੈਂਦਾ ਹੈ। ਉਹ ਹੁਸੈਨ ਦੇ ਇਕਬਾਲੀਆ ਬਿਆਨ ਦੇ ਇੰਤਜ਼ਾਰ ਵਿਚ ਹੈ। ਆਪਣੇ ਬਚਾਉ ਵਿਚ ਹੁਸੈਨ ਦੱਸਦਾ ਹੈ ਕਿ ਇਸ ਘਟਨਾ ਪਿੱਛੇ ਉਸ ਦੀ ਫਿਲਮਾਂ ਅਤੇ ਮੋਹਸਿਨ ਮਖਮਲਬਾਫ ਪ੍ਰਤੀ ਮੁਹੱਬਤ ਜ਼ਿੰਮੇਵਾਰ ਹੈ। ਪਤਾ ਲੱਗਦਾ ਹੈ ਕਿ ਇਸ ਮੁਕੱਦਮੇ ਦਾ ਜੱਜ ਵੀ ਫਿਲਮਾਂ ਨਹੀਂ ਦੇਖਦਾ। ਹੁਣ ਅਸਲ ਮੁਸੀਬਤ ਸ਼ੁਰੂ ਹੁੰਦੀ ਹੈ। ਜੱਜ ਕਾਨੂੰਨੀ ਨੁਕਤੇ ਤੋਂ ਇਸ ਨੂੰ ਹੱਲ ਨਹੀਂ ਕਰ ਸਕਦਾ। ਇਸ ਦਾ ਹੱਲ ਦਰਅਸਲ ਕਿਸੇ ਕੋਲ ਵੀ ਨਹੀਂ। ਇਸ ਮੁਕੱਦਮੇ ਨੂੰ ਸਿਰਫ ਹੁਸੈਨ ਅਤੇ ਅੱਬਾਸ ਦਾ ਕਲਾ ਦਾ ਫੁੰਡਿਆ ਦਿਲ ਹੀ ਝੱਲ ਸਕਦਾ ਹੈ। ਇੱਥੇ ਸੱਚ, ਕਲਾ ਅਤੇ ਨੈਤਕਿਤਾ ਦੇ ਆਪਸੀ ਰਿਸ਼ਤੇ ਦੀ ਖੂਬਸੂਰਤੀ ਉਘੜ ਕੇ ਸਾਹਮਣੇ ਆਉਂਦੀ ਹੈ। ਫਰੇਬ ਖਾਧਾ ਪਰਿਵਾਰ ਹੁਸੈਨ ਨੂੰ ਮੁਆਫ ਕਰ ਦਿੰਦਾ ਹੈ ਬਸ਼ਰਤੇ ਉਸ ਦਾ ਦਿਲ ਗੁਨਾਹ ਤੋਂ ਸਦਾ ਲਈ ਮੁਨਕਰ ਹੋ ਜਾਵੇ। ਅੱਬਾਸ ਲਈ ਉਸ ਦੇ ਗੁਨਾਹ ਤੋਂ ਇਲਾਵਾ ਉਸ ਦੀ ਆਤਮਾ ਦਾ ਸੱਚ ਅਤੇ ਉਸ ਦੀਆਂ ਸਮਾਜਿਕ-ਆਰਥਿਕ ਸੱਚਾਈਆਂ ਦਾ ਸੱਚ ਕਿਤੇ ਵੱਡਾ ਹੈ। ਇਸ ਮੁਸ਼ਕਿਲ ਦੌਰ ਵਿਚ ਉਲਝੇ ਗੁੰਝਲਦਾਰ ਦਿਮਾਗ ਦਾ ਸੱਚ ਹੈ।
ਇਸ ਫਿਲਮ ਤੋਂ ਪੰਜ ਸਾਲਾਂ ਬਾਅਦ 1995 ਵਿਚ ਮੋਹਸਿਨ ਮਖਮਲਬਾਫ ਫਿਲਮ ‘ਹੈਲੋ ਸਿਨੇਮਾ’ (ਮੂਲ ਨਾਂ: ਸਲਾਮ ਸਿਨੇਮਾ) ਬਣਾਉਂਦਾ ਹੈ। ਇਸ ਫਿਲਮ ਵਿਚ ਉਹ ਉਨ੍ਹਾਂ ਲੋਕਾਂ ਦੇ ਆਡੀਸ਼ਨ ਲੈ ਰਿਹਾ ਹੈ ਜਿਹੜੇ ਫਿਲਮਾਂ ਵਿਚ ਅਦਾਕਾਰ ਬਣਨ ਦੀ ਝਾਕ ਰੱਖਦੇ ਹਨ। ਅੱਬਾਸ ਅਤੇ ਮੋਹਸਿਨ, ਦੋਵਾਂ ਨੂੰ ਪਤਾ ਹੈ ਕਿ ਕੈਮਰੇ ਦੇ ਪਿੱਛੇ ਵਾਪਰ ਰਹੀ ਜ਼ਿੰਦਗੀ ਵੀ ਨਾ-ਮੁਕੰਮਲ ਫਿਲਮ ਵਾਂਗ ਹੀ ਹੈ। ਓਨੀ ਹੀ ਸੱਚੀ ਅਤੇ ਓਨੀ ਹੀ ਝੂਠੀ।
ਅੱਬਾਸ ਇਸ ਫਿਲਮ ਵਿਚ ਵੀ ਆਪਣੀਆਂ ਹੋਰ ਫਿਲਮਾਂ ਵਾਂਗ ਅਨੰਤ ਯਾਤਰਾ ਦੀ ਪੈੜ ਨੱਪਦਾ ਹੈ। ਫਿਲਮ ਵਿਚ ਅੱਬਾਸ, ਹੁਸੈਨ, ਝੂਠ ਦੀ ਜ਼ੱਦ ਵਿਚ ਆਇਆ ਪਰਿਵਾਰ ਅਤੇ ‘ਸੱਚ’, ਸਾਰੇ ਦੇ ਸਾਰੇ ਨਿਰੰਤਰ ਸਫਰ ਵਿਚ ਹਨ। ਇਸ ਫਿਲਮ ਵਿਚ ਅੱਬਾਸ ਤੇ ਹੁਸੈਨ, ਦੋਵਾਂ ਨੂੰ ਕੈਮਰੇ ਦਾ ਸੱਚ ਖਾਸ ਮੁਕਾਮ ‘ਤੇ ਖਿੱਚ ਲਿਆਉਂਦਾ ਹੈ। ਹੁਸੈਨ ਇਸ ਮੁਕਾਮ ਨੂੰ ‘ਲਾਸਟ ਕੈਪਚਰ’ ਦਾ ਨਾਮ ਦਿੰਦਾ ਹੈ। ਇਹ ਦੇਖਣਾ ਕਿੰਨਾ ਸੋਹਣਾ ਹੈ ਜਦੋਂ ਮੋਹਸਿਨ ਮਖਮਲਬਾਫ ਹੁਸੈਨ ਨੂੰ ਪੁੱਛਦਾ ਹੈ, “ਤੈਨੂੰ ਕੀ ਬਣੇ ਰਹਿਣਾ ਪਸੰਦ ਹੈ- ਹੁਸੈਨ ਜਾਂ ਮੋਹਸਿਨ ਮਖਮਲਬਾਫ’ ਤਾਂ ਉਹ ਥੋੜ੍ਹੀ ਮਾਸੂਮੀਅਤ ਨਾਲ ਆਖਦਾ ਹੈ, ‘ਮੈਂ ਆਪ ਬਣ-ਬਣ ਕੇ ਥੱਕ ਚੁੱਕਿਆ ਹਾਂ।’
ਫਿਲਮ ਦੇ ਅੰਤ ਵਿਚ ਮੋਹਸਿਨ ਮਖਮਲਬਾਫ ਨੂੰ ਮੋਟਰ-ਸਾਈਕਲ ‘ਤੇ ਘਰ ਛੱਡਣ ਜਾ ਰਿਹਾ। ਉਨ੍ਹਾਂ ਦੀਆਂ ਗੱਲਾਂ ਮੁੱਕਣ ਦਾ ਨਾਮ ਨਹੀਂ ਲੈ ਰਹੀਆਂ। ਉਨ੍ਹਾਂ ਦੀ ਆਪਸੀ ਸਮਝ ਕਲਾ ਦੀ ਸਮਝ ਵਿਚੋਂ ਨਿਕਲੀ ਸਮਝ ਹੈ, ਸਿਨੇਮਾ ਨੂੰ ਮੁਹੱਬਤ ਕਰਨ ਵਿਚੋਂ ਨਿਕਲੀ ਸਮਝ ਹੈ ਜਿਸ ਦੀ ਖੂਬਸੂਰਤੀ ਨੂੰ ਇਹ ਫਿਲਮ ਬਹੁਤ ਬਾਰੀਕੀ ਨਾਲ ਕੈਮਰੇ ਰਾਹੀਂ ਦਰਸ਼ਕਾਂ ਤਕ ਲੈ ਕੇ ਜਾਂਦੀ ਹੈ।