ਮਹਾਨਾਇਕ ਕੌਣ?

ਗੁਰਮੀਤ ਕੜਿਆਲਵੀ
ਉਸ ਵਲੋਂ ਨਿਭਾਏ ਐਂਗਰੀ ਯੰਗਮੈਨ ਵਾਲੇ ਕਿਰਦਾਰਾਂ ਨੇ ਉਸ ਨੂੰ ਦੇਸ਼ ਦੇ ਕਰੋੜਾਂ ਗਰੀਬਾਂ ਦਾ ਹਰਮਨ ਪਿਆਰਾ ਬਣਾ ਦਿੱਤਾ। ਉਹ ਫਿਲਮ ਵਿਚ ਗਰੀਬ ਬੇਸਹਾਰਾ ਨੌਜਵਾਨ ਦਾ ਕਿਰਦਾਰ ਨਿਭਾਉਂਦਾ ਅਤੇ ਗਰੀਬਾਂ ਨੂੰ ਤੰਗ ਕਰਨ ਵਾਲਿਆਂ ਦੀ ਕੁਟਾਈ ਖੱਬੇ ਹੱਥ ਨਾਲ ਕਰਦਾ।

ਗੰਗਾ ਕਿਨਾਰੇ ਵਾਲਾ ਛੋਹਰਾ ਗਰੀਬਾਂ ਦਾ ਨਾਇਕ ਬਣ ਕੇ ਉਭਰਿਆ। ‘ਖਾਈ ਕੇ ਪਾਨ ਬਨਾਰਸ ਵਾਲਾ” ਦੀ ਝਲਕ ਸਕਰੀਨ ‘ਤੇ ਦੇਖਣ ਲਈ ਬਿਹਾਰ ਯੂ.ਪੀ. ਦੇ ਮਜ਼ਦੂਰ ਸਿਨਮਿਆਂ ਦੀਆਂ ਬਾਰੀਆਂ ਨਾਲ ਝੂਟਣ ਲੱਗਦੇ। ਉਹ ਰਾਜ ਸੱਤਾ ਦੀਆਂ ਅੱਖਾਂ ਵਿਚ ਵੀ ਨਿਆਰਾ ਬਣਿਆ ਰਹਿੰਦਾ। ਚੈਨਲਾਂ, ਸਰਕਾਰਾਂ ਅਤੇ ਅਖਬਾਰਾਂ ਨੇ ਉਸ ਨੂੰ ਸਦੀ ਦਾ ਮਹਾਨਾਇਕ ਐਲਾਨ ਦਿਤਾ।
ਜਿਨ੍ਹਾਂ ਲੋਕਾਂ ਨੇ ਉਸ ਨੂੰ ਅਸਮਾਨ ‘ਤੇ ਚੜ੍ਹਾਇਆ, ਉਨ੍ਹਾਂ ‘ਤੇ ਮੁਸੀਬਤ ਆਉਂਦੀ ਤਾਂ ਇਹ ਨਾਇਕ ਕਿਸੇ ਡੂੰਘੇ ਭੋਰੇ ‘ਚ ਉਤਰ ਜਾਂਦਾ। ਗਰੀਬ ਲੋਕ ਹੜ੍ਹਾਂ ‘ਚ ਰੁੜ੍ਹੇ ਜਾਂਦੇ ਹੁੰਦੇ ਤਾਂ ਇਹ ਬੰਦਾ ਆਪਣੇ ਬਾਪ ਦੀ ਰਚਨਾ ‘ਮਧੂਸ਼ਾਲਾ’ ਗਾ ਰਿਹਾ ਹੁੰਦਾ। ਦੇਸ਼ ‘ਚ ਗਰੀਬ ਲੋਕ ਸੁਨਾਮੀ ਨਾਲ ਤਬਾਹ ਹੋ ਜਾਂਦੇ ਤਾਂ ਆਪਣਾ ਸਾਰਾ ਕੁਨਬਾ ਕਬੀਲਾ ਲੈ ਕੇ ਕਿਸੇ ਮੰਦਰ ‘ਚ ਕਰੋੜਾਂ ਦਾ ਸੋਨਾ ਚੜ੍ਹਾ ਰਿਹਾ ਹੁੰਦਾ ਜੋ ਮੰਦਰ ‘ਚ ਪਏ ਹਜ਼ਾਰਾਂ ਟਨ ਸੋਨੇ ‘ਚ ਰੀਣ ਬਣ ਕੇ ਗੁਆਚ ਜਾਂਦਾ।
ਦੇਸ਼ ‘ਚ ਮਹਾਮਾਰੀ ਆਉਂਦੀ, ਕਰੋੜਾਂ ਗਰੀਬ ਮਜ਼ਦੂਰ ਸੜਕਾਂ ‘ਤੇ ਭੁੱਖੇ ਮਰ ਰਹੇ ਹੁੰਦੇ, ਇਹ ਟੱਬਰ ਨੂੰ ਨਾਲ ਲੈ ਕੇ ਤਾਲੀਆਂ ਤੇ ਥਾਲੀਆਂ ਵਜਾ ਕੇ ਰਾਜ ਭਗਤੀ ਕਰਦਾ। ਭੁੱਖ ਪਿਆਸ ਨਾਲ ਬਿਹਬਲ ਹੋਏ ਮਜ਼ਦੂਰ ਸੁੱਜੇ ਅਤੇ ਲਹੂ ਚੋਂਦੇ ਪੈਰਾਂ ਨਾਲ ਸੜਕਾਂ ‘ਤੇ ਤੁਰੇ ਜਾਂਦੇ, ਗਰੀਬਾਂ ਦੇ ਇਸ ਮਹਾਨਾਇਕ ਦੀ ਅੱਖ ਹੰਝੂ ਨਹੀਂ ਕੇਰਦੀ, ਮੂੰਹੋਂ ਆਹ ਨਹੀਂ ਨਿਕਲਦੀ।
ਦੇਸ਼ ਵਿਚ ਚੁਰਾਸੀ ਵਰਤਦੀ ਹੈ, ਉਹ ਬੰਸਰੀ ਵਜਾਉਣ ‘ਚ ਮਸਤ ਰਹਿੰਦਾ ਸਗੋਂ ਚੁਰਾਸੀ ਦੇ ਘੋੜੇ ‘ਤੇ ਚੜ੍ਹ ਕੇ ਅਲਾਹਾਬਾਦ ਤੋਂ ਪਾਰਲੀਮੈਂਟ ਜਾ ਪਹੁੰਚਦਾ ਹੈ। ਚੁਰਾਸੀ ਦੀਆਂ ਆਹਾਂ ਵਿਚ ਉਸ ਦਾ ਨਾਂ ਬੋਲਣ ਲੱਗਦਾ ਜਿਸ ਦੀ ਸਫਾਈ ਦੇਣੀ ਵੀ ਉਹ ਜ਼ਰੂਰੀ ਨਹੀਂ ਸਮਝਦਾ। ਦੋ ਹਜ਼ਾਰ ਦੋ ਵਿਚ ਦੇਸ਼ ਦੀ ਇਕ ਹੋਰ ਘੱਟ ਗਿਣਤੀ ਦਾ ਘਾਣ ਹੁੰਦਾ ਹੈ, ਗੰਗਾ ਕਿਨਾਰੇ ਵਾਲਾ ਛੋਹਰਾ ਫੇਰ ਵੀ ਕੁਝ ਨਾ ਬੋਲਦਾ। ਉਹ ਨਾ ਸਿੱਖਾਂ, ਨਾ ਮੁਸਲਮਾਨਾਂ ਅਤੇ ਨਾਂ ਹੀ ਥਾਂ-ਥਾਂ ਦਲਿਤਾਂ ਦੇ ਕਤਲੇਆਮ ‘ਤੇ ਹਾਅ ਦਾ ਨਾਅਰਾ ਮਾਰਦਾ ਹੈ। ਉਲਟਾ ਘਾਣ ਕਰਨ ਵਾਲੇ ਰਾਜ ‘ਚ ਕੁਝ ਦਿਨ ਗੁਜ਼ਾਰਨ ਲਈ ਆਖਦਾ ਹੈ। ‘ਖਾਈ ਕੇ ਪਾਨ ਬਨਾਰਸ ਵਾਲਾ, ਖੁੱਲ੍ਹ ਜਾਏ ਬੰਦ ਅਕਲ ਕਾ ਤਾਲਾ’ ਕਹਿਣ ਵਾਲੇ ਦੇ ਦਿਮਾਗ ਦਾ ਤਾਲਾ ਇਸ ਮਾਮਲੇ ‘ਚ ਕਦੇ ਨਹੀਂ ਖੁੱਲ੍ਹਦਾ।
ਸੱਤਾ ਨਾਲ ਅੱਖ-ਮਟੱਕੇ ਕਰਦੇ ਰਹਿਣ ਵਾਲਾ ਨਾ ਤਾਂ ਸੱਚਾ ਲੇਖਕ ਹੁੰਦਾ ਹੈ ਤੇ ਨਾ ਸੱਚਾ ਕਲਾਕਾਰ। ਉਹ ਮਹਾਨਾਇਕ ਤਾਂ ਕੀ, ਨਾਇਕ ਵੀ ਨਹੀਂ ਹੁੰਦਾ। ਨਾਇਕ ਬਣਨ ਲਈ ਜ਼ਰੂਰੀ ਨਹੀਂ ਹੁੰਦਾ ਕਿ ਫਿਲਮਾਂ ਵਿਚ ‘ਹੀਰੋ’ ਦਾ ਕਿਰਦਾਰ ਹੀ ਨਿਭਾਇਆ ਜਾਵੇ। ਪਹਿਲਾਂ ਪ੍ਰਕਾਸ਼ ਰਾਜ ਅਤੇ ਹੁਣ ਸੋਨੂੰ ਸੂਦ ਨੇ ਦੱਸ ਦਿੱਤਾ ਹੈ ਕਿ ਫਿਲਮਾਂ ਦੇ ਖਲਨਾਇਕ ਵੀ ਅਸਲ ਜ਼ਿੰਦਗੀ ਦੇ ਨਾਇਕ ਹੋ ਸਕਦੇ ਹਨ।
ਬਿਨਾ ਸ਼ੱਕ, ਸੋਨੂੰ ਸੂਦ ਮੌਜੂਦਾ ਦੌਰ ਦਾ ਸਭ ਤੋਂ ਚਰਚਿਤ ਅਦਾਕਾਰ ਹੈ। ਭਲੇ ਹੀ ਉਹ ਫਿਲਮਾਂ ਦਾ ਖਲਨਾਇਕ ਹੋਵੇ, ਅੱਜ ਉਹ ਦੇਸ਼ ਦੇ ਲੱਖਾਂ ਕਰੋੜਾਂ ਲੋਕਾਂ ਦੇ ਮਸੀਹੇ ਵਜੋਂ ਲੋਕਾਂ ਦੇ ਦਿਲਾਂ ਵਿਚ ਰਹਿਣ ਲੱਗਾ ਹੈ। ਉਸ ਨੇ ਸੰਨੀ ਦਿਓਲਾਂ ਅਤੇ ਪਰੇਸ਼ ਰਾਵਲਾਂ ‘ਤੇ ਵੱਡਾ ਪ੍ਰਸ਼ਨ ਚਿੰਨ੍ਹ ਵੀ ਲਾ ਦਿੱਤਾ ਹੈ ਜੋ ‘ਢਾਈ ਕਿੱਲੋ ਦਾ ਹਾਥ’ ਦਿਖਾ ਕੇ ਲੋਕਾਂ ਦੇ ਪੰਜ ਸਾਲ ਲੁੱਟ ਲੈਂਦੇ ਹਨ। ਲੋਕ ਇਨ੍ਹਾਂ ‘ਹਸਤੀਆਂ’ ਤੋਂ ਜਵਾਬ ਮੰਗਣਗੇ ਕਿ ਜਦੋਂ ਅਸੀਂ ਵਿਲਕ ਰਹੇ ਸਾਂ, ਤੁਸੀਂ ਕਿਹੜੀ ਦੇਵੀ ਦੀ ਪੂਜਾ ‘ਚ ਰੁਝੇ ਹੋਏ ਸੀ?
ਸੋਨੂੰ ਸੂਦ ਨੇ ਬਿਨਾ ਕਿਸੇ ਦੀ ਜਾਤ, ਧਰਮ, ਰੰਗ, ਭਾਸ਼ਾ ਤੇ ਇਲਾਕਾ ਦੇਖਿਆਂ, ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਣ ਦਾ ਕਾਰਜ ਕਰਕੇ ਇਹ ਵੀ ਸਿਧ ਕਰ ਦਿੱਤਾ ਹੈ ਕਿ ਦੇਸ਼ ਅਜੇ ਤੱਕ ਕਿਉਂ ਚੱਲੀ ਜਾਂਦਾ ਹੈ! ਲੋਕ ਸੋਚਣ ਲੱਗੇ ਹਨ ਕੇ ਜਦੋਂ ਦੇਸ਼ ਨੂੰ ਚਾਰ-ਚੁਫੇਰਿਓਂ ਚਿਟੀਆਂ ਮੱਖੀਆਂ, ਮਿਲੀਬੱਗਾਂ ਅਤੇ ਟਿੱਡੀ ਦਲ ਖਾਣ ਨੂੰ ਲੱਗਾ ਹੋਇਆ ਹੈ, ਕਿਤੇ ਕਿਤੇ ਸੋਨੂੰ ਸੂਦ ਵਰਗਾ ਤਾਰਾ ਵੀ ਚਮਕਦਾ ਹੈ। ਦੇਸ਼ ਸੋਨੂੰ ਸੂਦ ਵਰਗਿਆਂ ਆਸਰੇ ਖੜ੍ਹਾ, ਨਹੀਂ ਤਾਂ ਹੁਣ ਨੂੰ ਨਿੱਘਰ ਜਾਂਦਾ। ਸੋਨੂੰ ਨੇ ‘ਹਿੰਦੂ ਮੁਸਲਮਾਨ, ਹਿੰਦੂ ਮੁਸਲਮਾਨ’ ਕਰਦੀ ਰਹਿਣ ਵਾਲੀ ਸੋਚ ਦੇ ਮੂੰਹ ‘ਤੇ ਵੀ ਵੱਟ ਕੇ ਥੱਪੜ ਮਾਰਿਆ ਹੈ।
ਉਸ ਨੇ ਦੱਸ ਦਿਤਾ ਹੈ ਕਿ ਸਦੀ ਦਾ ਮਹਾਨਾਇਕ ਬਨਣ ਲਈ ਮੰਦਰਾਂ ਵਿਚ ਸੋਨਾ ਚੜ੍ਹਾਉਣਾ ਜ਼ਰੂਰੀ ਨਹੀਂ ਹੁੰਦਾ ਤੇ ਨਾ ਹੀ ਤਾਲੀਆਂ ਥਾਲੀਆਂ ਵਜਾ ਕੇ ‘ਦੇਸ਼ ਭਗਤ’ ਬਣਿਆ ਜਾਂਦਾ ਹੈ। ਬੰਦੇ ਮਹਾਨਾਇਕ ਤਾਂ ਵਕਤ ਬਣਾਉਂਦਾ ਹੈ। ਦੇਸ਼ ਭਗਤੀ ਦੇਸ਼ ਦੇ ਲੋਕਾਂ ਨੂੰ ਪਿਆਰ ਕਰਨ ਦਾ ਨਾਂ ਹੈ। ਮੋਗੇ ਦੇ ਇਸ ਗਭਰੂ ਨੇ ਗੁਰੂਆਂ ਦੀ ਵਿਚਾਰਧਾਰਾ ‘ਤੇ ਚੱਲਦਿਆਂ ਦੇਸ਼ ਦੇ ਲੋਕਾਂ ਨੂੰ ਦਾਨ ਦੇ ਸਹੀ ਅਰਥ ਵੀ ਸਮਝਾ ਦਿੱਤੇ ਹਨ। ਉਸ ਨੇ ਗਰੀਬ ਦੇ ਮੂੰਹ ਨੂੰ ਹੀ ਗੁਰੂ ਕੀ ਗੋਲਕ ਆਖਦਿਆਂ ਸੱਚੇ ਪੰਜਾਬੀ ਹੋਣ ਦਾ ਪ੍ਰਮਾਣ ਦਿੱਤਾ ਹੈ।