ਸਮੁੱਚਾ ਸੰਸਾਰ ਜਦੋਂ ਕਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ‘ਕੋਵਿਡ-19’ ਨਾਲ ਜੂਝ ਰਿਹਾ ਹੈ ਤਾਂ ਲੋਕਾਂ ਨੇ 25 ਮਈ ਨੂੰ ਮਿਨਿਐਪੋਲਿਸ ਪੁਲਿਸ ਅਫਸਰਾਂ ਦੀ ਇਕ ਬਹੁਤ ਭਿਆਨਕ ਵੀਡਿਓ ਵਾਇਰਲ ਹੋ ਗਈ। ਇਨ੍ਹਾਂ ਅਫਸਰਾਂ ਨੇ ਜੌਰਜ ਫਲਾਇਡ ਨੂੰ ਨਕਲੀ 20 ਡਾਲਰ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਪੁਲਿਸ ਅਧਿਕਾਰੀ ਡੈਰਿਕ ਚੌਵਿਨ ਨੇ ਜੌਰਜ ਫਲਾਇਡ ਨੂੰ ਜ਼ਮੀਨ ‘ਤੇ ਸੁੱਟ ਕੇ 8æ46 ਮਿੰਟ ਗੋਡੇ ਨਾਲ ਉਸ ਦੀ ਧੌਣ ਦਬਾਈ ਰੱਖੀ ਅਤੇ ਫਿਰ ਉਸ ਦੀ ਮੌਤ ਹੋ ਗਈ।
ਪੋਸਟਮਾਰਟਮ ਰਿਪੋਰਟ ਤੋਂ ਸਪਸ਼ਟ ਹੋ ਗਿਆ ਹੈ ਕਿ ਜੌਰਜ ਦੀ ਮੌਤ ਦਮ ਘੁਟਣ ਕਾਰਨ ਹੋਈ ਹੈ। ਦੁਰਘਟਨਾ ਤੋਂ ਬਾਅਦ ਪੁਲਿਸ ਵਿਭਾਗ ਨੇ ਭਾਵੇਂ ਉਥੇ ਮੌਜੂਦ 4 ਪੁਲਿਸ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਡੈਰਿਕ ਚੌਵਿਨ ਵਿਰੁੱਧ ਕੇਸ ਦਰਜ ਕਰ ਲਿਆ ਹੈ, ਪਰ ਨਸਲੀ ਵਿਤਕਰੇ ਦਾ ਇਹ ਕੋਈ ਪਹਿਲਾ ਅਤੇ ਆਖਰੀ ਮਾਮਲਾ ਨਹੀਂ ਹੈ। ਨਸਲਪ੍ਰਸਤ ਗੋਰੇ ਅਕਸਰ ਅਜਿਹੀਆਂ ਦੁਰਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਅਤੇ ਆਮ ਭੋਲੇ-ਭਾਲੇ ਲੋਕ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ। ਇਸ ਤੋਂ ਬਾਅਦ ਅਮਰੀਕਾ ਵਿਚ ਸ਼ੁਰੂ ਹੋਏ ਰੋਸ ਵਿਖਾਵੇ ਬਹੁਤ ਦੂਰ-ਦੂਰ ਤਕ ਫੈਲ ਗਏ। ਬਹੁਤ ਥਾਂਈਂ ਕਰਫਿਊ ਲਾਉਣਾ ਪਿਆ ਹੈ ਅਤੇ ਮੁਜਾਹਰਾਕਾਰੀ ਲਗਾਤਾਰ ਕਰਫਿਊ ਦੀ ਉਲੰਘਣਾ ਕਰ ਰਹੇ ਹਨ। ਅਮਰੀਕਾ ਵਿਚ ਨਸਲਵਾਦ ਦੀ ਸਮੱਸਿਆ ਸਦੀਆਂ ਪੁਰਾਣੀ ਹੈ ਅਤੇ ਸਿਆਹਫਾਮ (ਕਾਲੇ) ਲੋਕ ਇਸ ਵਿਤਕਰੇ ਦਾ ਸ਼ਿਕਾਰ ਹੁੰਦੇ ਆਏ ਹਨ। ਉਂਜ, ਇਸ ਘਟਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਹਾਰ ਦੀ ਇਕ ਵਾਰ ਫਿਰ ਨੁਕਤਾਚੀਨੀ ਹੋਈ ਹੈ। ਉਸ ਨੇ ਵਿਖਾਵਾਕਾਰੀਆਂ ਨੂੰ ‘ਠੱਗ’ ਤਕ ਆਖਿਆ ਹੈ ਅਤੇ ਦੋਸ਼ ਲਾਇਆ ਹੈ ਕਿ ਇਹ ਸਭ ‘ਐਂਟਿਫਾ’ ਦੀ ਅਗਵਾਈ ਹੇਠ ਅਮਰੀਕਾ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਯਾਦ ਰਹੇ, ‘ਐਂਟਿਫਾ’ ਖੱਬੇ ਪੱਖੀ ਜਥੇਬੰਦੀ ਹੈ। ‘ਐਂਟਿਫਾ’ ਸ਼ਬਦ ਦੋ ਸ਼ਬਦਾਂ ‘ਐਂਟੀ ਫਾਸਿਸਟ’ ਨੂੰ ਮੇਲ ਕੇ ਬਣਾਇਆ ਗਿਆ ਹੈ। ਇਸ ਜਥੇਬੰਦੀ ਦੇ ਮੈਂਬਰ ਅਕਸਰ ਸਾਮਰਾਜ-ਵਿਰੋਧੀ ਧਰਨੇ-ਵਿਖਾਵੇ ਕਰਦੇ ਹਨ। ਜਦੋਂ ਤੋਂ ਡੋਨਲਡ ਟਰੰਪ ਨੇ ਅਮਰੀਕਾ ਵਿਚ ਸੱਜੇ ਪੱਖੀ ਸਿਆਸਤ ਨੂੰ ਹਵਾ ਦੇਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਇਸ ਜਥੇਬੰਦੀਆਂ ਨੇ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ।
ਉਂਜ, ਜਿੰਨੀ ਵੱਡੀ ਪੱਧਰ ਉਤੇ ਅਮਰੀਕਾ ਵਿਚ ਹਿੰਸਾ ਫੈਲੀ ਹੈ ਅਤੇ ਨਿੱਤ ਦਿਨ ਰੋਸ ਵਿਖਾਵੇ ਹੋ ਰਹੇ ਹਨ, ਉਸ ਨੂੰ ਕੁਝ ਸਿਆਸੀ ਵਿਸ਼ਲੇਸ਼ਕ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ ਨਾਲ ਵੀ ਜੋੜ ਰਹੇ ਹਨ। ਇਕ ਤੱਥ ਸਪਸ਼ਟ ਹੈ ਕਿ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਉਤੇ ਸਿੱਧੇ ਹਮਲੇ ਹੋ ਰਹੇ ਹਨ ਅਤੇ ਵੱਖ-ਵੱਖ ਤਬਕਿਆਂ ਵਲੋਂ ਸ਼ੱਰੇਆਮ ਸਵਾਲ ਪੁੱਛੇ ਜਾ ਰਹੇ ਹਨ। ਰਾਸ਼ਟਰਪਤੀ ਨੇ ਇਸ ਮਹਾਮਾਰੀ ਦੇ ਮੁਢਲੇ ਦੌਰ ਵਿਚ ਇਸ ਪਾਸੇ ਉਕਾ ਹੀ ਧਿਆਨ ਨਹੀਂ ਦਿੱਤਾ ਅਤੇ ਚੀਨ ਨਾਲ ਵਪਾਰਕ ਟਕਰਾਓ ਨੂੰ ਆਪਣੇ ਹੀ ਢੰਗ ਨਾਲ ਪੇਸ਼ ਕੀਤਾ ਜਾਂਦਾ ਰਿਹਾ, ਪਰ ਜਦੋਂ ਕਰੋਨਾ ਕਾਰਨ ਅਮਰੀਕਾ ਵਿਚ ਹਾਲਤ ਵਧੇਰੇ ਵਿਗੜਨ ਲੱਗੀ ਅਤੇ ਲੋਕਾਂ ਦਾ ਵਿਰੋਧ ਵਧ ਗਿਆ ਤਾਂ ਇਸ ਪਾਸੇ ਧਿਆਨ ਦਿੱਤਾ ਗਿਆ। ਸਿਤਮਜ਼ਰੀਫੀ ਇਹ ਹੈ ਕਿ ਡੋਨਲਡ ਟਰੰਪ ਅਜੇ ਵੀ ਕਰੋਨਾ ਵਾਇਰਸ ਦਾ ਭਾਂਡਾ ਚੀਨ ਸਿਰ ਭੰਨ ਕੇ ਆਪਣੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਦੇ ਰੌਂਅ ਵਿਚ ਹੈ। ਜਾਹਰ ਹੈ ਕਿ ਇਨ੍ਹਾਂ ਰੋਸ ਵਿਖਾਵਿਆਂ ਨੇ ਰਾਸ਼ਟਰਪਤੀ ਦੀ ਚੋਣ ਵਿਚ ਬਾਕਾਇਦਾ ਭੂਮਿਕਾ ਨਿਭਾਉਣੀ ਹੈ। ਵਿਸ਼ਲੇਸ਼ਕਾਂ ਮੁਤਾਬਿਕ, ਇਹ ਰੋਸ ਵਿਖਾਵੇ ਅਸਲ ਵਿਚ ਡੋਨਲਡ ਦੀਆਂ ਨੀਤੀਆਂ ਖਿਲਾਫ ਪਿੜ ਬੰਨ੍ਹ ਰਹੇ ਹਨ। ਇਨ੍ਹਾਂ ਵਿਖਾਵਿਆਂ ਦੀ ਅਗਵਾਈ ਦਾ ਮੂੰਹ-ਮੱਥਾ ਫਿਲਹਾਲ ਭਾਵੇਂ ਬਣਿਆ ਨਹੀਂ ਹੈ, ਪਰ ਜੇ ਇਹ ਵਿਖਾਵੇ ਕੁਝ ਸਮਾਂ ਜਾਰੀ ਰਹਿੰਦੇ ਹਨ ਤਾਂ ਰਾਸ਼ਟਰਪਤੀ ਲਈ ਸੰਕਟ ਦਾ ਸਮਾਨ ਬਣ ਸਕਦੇ ਹਨ। ਉਂਜ ਵੀ ਮਨੁੱਖੀ ਹੱਕਾਂ ਦੀ ਲੜਾਈ ਦਾ ਅਮਰੀਕਾ ਦਾ ਆਪਣਾ ਇਤਿਹਾਸ ਰਿਹਾ ਹੈ ਅਤੇ ਅਜਿਹੇ ਮੌਕਿਆਂ ‘ਤੇ ਲੋਕਾਂ ਦਾ ਗੁੱਸਾ ਬਾਹਰ ਨਿਕਲਦਾ ਰਿਹਾ ਹੈ, ਪਰ ਇਹ ਵੀ ਤੱਥ ਹੈ ਕਿ ਅਜਿਹੇ ਰੋਸ ਵਿਖਾਵਿਆਂ ਦੀ ਅਗਵਾਈ ਦਾ ਮਸਲਾ ਵੀ ਬੜਾ ਅਹਿਮ ਰਿਹਾ ਹੈ।
ਐਤਕੀਂ ਇਨ੍ਹਾਂ ਰੋਸ ਵਿਖਾਵਿਆਂ ਦੀ ਤਾਸੀਰ ਰਤਾ ਕੁ ਵੱਖਰੀ ਹੈ। ਇਕ ਪਾਸੇ ਕਰੋਨਾ ਸੰਕਟ ਕਾਰਨ ਆਮ ਤਬਕਾ ਬਹੁਤ ਔਖੇ ਹਾਲਾਤ ਵਿਚੋਂ ਲੰਘ ਰਿਹਾ ਹੈ। ਅਮਰੀਕਾ ਵਿਚ ਕਰੋਨਾ ਕੇਸ 19 ਲੱਖ ਨੂੰ ਜਾ ਢੁੱਕੇ ਹਨ ਅਤੇ ਇਸ ਮਹਾਮਾਰੀ ਨਾਲ ਇਕ ਲੱਖ ਤੋਂ ਉਪਰ ਮੌਤਾਂ ਹੋ ਚੁੱਕੀਆਂ ਹਨ। ਲੌਕਡਾਊਨ ਕਾਰਨ ਮੁਲਕ ਦਾ ਅਰਥਚਾਰਾ ਵਿਗੜ ਰਿਹਾ ਹੈ ਅਤੇ ਅਰਥ ਸ਼ਾਸਤਰੀਆਂ ਦੀ ਭਵਿੱਖਵਾਣੀ ਹੈ ਕਿ ਅਮਰੀਕਾ ਨੂੰ ਵੱਡੀ ਮਾਰ ਪੈ ਸਕਦੀ ਹੈ। ਰਾਸ਼ਟਰਪਤੀ ਆਪਣੇ ਵਿਹਾਰ ਕਾਰਨ ਪਹਿਲਾਂ ਹੀ ਸੰਸਾਰ ਸਿਹਤ ਸੰਸਥਾ ਅਤੇ ਹੋਰ ਸੰਸਥਾਵਾਂ ਨਾਲ ਟਕਰਾਓ ਵਿਚ ਹੈ। ਦੂਜੇ ਪਾਸੇ, ਚੀਨ ਹੌਲੀ-ਹੌਲੀ ਕਰਕੇ ਆਪਣਾ ਘੇਰਾ ਵਿਸ਼ਾਲ ਕਰ ਰਿਹਾ ਹੈ। ਕਰੋਨਾ ਤੋਂ ਬਾਅਦ ਪੈਦਾ ਹੋਏ ਹਾਲਾਤ ਨਾਲ ਭਾਵੇਂ ਚੀਨ ਨੂੰ ਵੀ ਤਕੜਾ ਝਟਕਾ ਲੱਗਾ ਹੈ, ਪਰ ਆਰਥਕ ਮਾਹਿਰ ਦੱਸਦੇ ਹਨ ਕਿ ਚੀਨ ਇਸ ਝਟਕੇ ਨੂੰ ਝੱਲਣ ਲਈ ਕਰੀਬ ਤਿਆਰ ਹੈ, ਜਦੋਂ ਕਿ ਅਮਰੀਕਾ ਦੀ ਹਾਲਤ ਅਜਿਹੀ ਨਹੀਂ ਹੈ। ਤੀਜੇ, ਰਾਸ਼ਟਰਪਤੀ ਦੀਆਂ ਚੋਣਾਂ ਸਿਰ ਉਤੇ ਹਨ। ਅਜਿਹੀ ਸੂਰਤ ਵਿਚ ਜੇ ਰੋਸ ਵਿਖਾਵੇ ਜਾਰੀ ਰਹਿੰਦੇ ਹਨ ਅਤੇ ਟਰੰਪ ਪ੍ਰਸ਼ਾਸਨ ਵਲੋਂ ਇਨ੍ਹਾਂ ਉਤੇ ਸਖਤੀ ਕੀਤੀ ਜਾਂਦੀ ਹੈ ਤਾਂ ਹਾਲਾਤ ਹੋਰ ਪਾਸੇ ਮੋੜਾ ਵੀ ਲੈ ਸਕਦੇ ਹਨ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਇੰਨੇ ਘੱਟ ਸਮੇਂ ਅੰਦਰ ਅਤੇ ਇੰਨੀਆਂ ਜ਼ਿਆਦਾ ਥਾਂਵਾਂ ਉਤੇ ਤਿੱਖੇ ਰੋਸ ਵਿਖਾਵੇ ਸਾਹਮਣੇ ਆ ਰਹੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਗਿਰਜੇ ਦੇ ਬਾਹਰ ਬਾਈਬਲ ਹੱਥ ਵਿਚ ਫੜ ਕੇ ਕੀਤੀ ਟਿੱਪਣੀਆਂ ਨੇ ਬਲਦੀ ਉਤੇ ਤੇਲ ਹੀ ਪਾਇਆ ਹੈ। ਅਸਲ ਵਿਚ ਸੱਜੀ ਸਿਆਸਤ ਆਪਣਾ ਰੰਗ ਦਿਖਾ ਰਹੀ ਹੈ। ਇਹ ਉਹੀ ਸਿਆਸਤ ਹੈ, ਜਿਸ ਦੇ ਸਿਰ ਉਤੇ ਡੈਰੇਕ ਚੌਵੀਨ ਵਰਗੇ ਫਿਰਕਾਪ੍ਰਸਤ ਜੌਰਜ ਫਲਾਇਡ ਵਰਗੇ ਮਾਸੂਮਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਹੁਣ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਹਾਲਾਤ ਕਿਸ ਪਾਸੇ ਉਲਰਨਗੇ। ਇਸੇ ਨੇ ਮੁਲਕ ਦੀ ਸਿਆਸਤ ਦਾ ਰਾਹ ਤੈਅ ਕਰਨਾ ਹੈ।