ਅਮਰੀਕਾ: ਸਿਆਹਫਾਮ ਨੌਜਵਾਨ ਦੀ ਮੌਤ ਪਿੱੱਛੋਂ ਪੂਰੇ ਮੁਲਕ ‘ਚ ਫੈਲੀ ਰੋਹ ਦੀ ਅੱਗ

ਵਾਸ਼ਿੰਗਟਨ/ਹਿਊਸਟਨ: ਅਮਰੀਕਾ ਵਿਚ ਸਿਆਹਫਾਮ ਜੌਰਜ ਫਲਾਇਡ ਦੀ ਮੌਤ ਮਗਰੋਂ ਭੜਕੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਫਲਾਇਡ ਦੀ ਮੌਤ ਪਿੱਛੋਂ ਰੋਹ ਪੂਰੇ ਮੁਲਕ ਵਿਚ ਫੈਲਦਾ ਜਾ ਰਿਹਾ ਹੈ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 40 ਸ਼ਹਿਰਾਂ ‘ਚ ਕਰਫਿਊ ਲਾਇਆ ਗਿਆ ਹੈ। ਹਜ਼ਾਰਾਂ ਮੁਜ਼ਾਹਰਾਕਾਰੀ ਵ੍ਹਾਈਟ ਹਾਊਸ ਦੇ ਬਾਹਰ ਇਕੱਠੇ ਹੋ ਗਏ ਤੇ ਉਨ੍ਹਾਂ ਰਾਸ਼ਟਰਪਤੀ ਟਰੰਪ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਰਾਸ਼ਟਰਪਤੀ ਨੇ ਮੀਡੀਆ ਸੰਮੇਲਨ ਨਹੀਂ ਕੀਤਾ ਪਰ ਟਵਿੱਟਰ ‘ਤੇ ਇਸ ਹਿੰਸਾ ਨੂੰ ਭੜਕਾਉਣ ਲਈ ਮੀਡੀਆ ਨੂੰ ਜ਼ਿੰਮੇਵਾਰ ਦੱਸਿਆ। ਇਸ ਹਿੰਸਾ ਨੇ ਤਕਰੀਬਨ 140 ਸ਼ਹਿਰਾਂ ਨੂੰ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲਾਸ ਏਂਜਲਸ, ਸ਼ਿਕਾਗੋ, ਨਿਊ ਯਾਰਕ, ਹਿਊਸਟਨ, ਫਿਲਾਡੈਲਫੀਆ, ਬਰਮਿੰਘਮ, ਬੋਸਟਨ ਤੇ ਵਾਸ਼ਿੰਗਟਨ ਡੀ.ਸੀ. ‘ਚ ਵੱਡੇ ਪੱਧਰ ਉਤੇ ਹਿੰਸਾ ਤੇ ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਹਨ। ਮੁਜ਼ਾਹਰਾਕਾਰੀਆਂ ਨੇ ਕਈ ਥਾਂਵਾਂ ਉਤੇ ਪੁਲਿਸ ਦੇ ਵਾਹਨਾਂ ਸਮੇਤ ਹੋਰ ਕਈ ਗੱਡੀਆਂ ਵੀ ਸਾੜ ਦਿੱਤੀਆਂ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ ਹੁਣ ਤੱਕ ਵੱਖ-ਵੱਖ ਥਾਵਾਂ ਉਤੇ ਘੱਟੋ-ਘੱਟ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਦੋ ਦਰਜਨ ਸ਼ਹਿਰਾਂ ‘ਚ 2564 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਨੇ ਡੈਲਾਵੇਅਰ ‘ਚ ਮੁਜ਼ਾਹਰੇ ਵਾਲੀ ਥਾਂ ਦਾ ਦੌਰਾ ਵੀ ਕੀਤਾ ਹੈ।
ਜੌਰਜ ਫਲਾਇਡ ਦੀ ਮੌਤ ਲਈ ਜ਼ਿੰਮੇਵਾਰ 3 ਹੋਰ ਪੁਲਿਸ ਅਧਿਕਾਰੀਆਂ ਦੀ ਗ੍ਰਿਫਤਾਰੀ ਅਤੇ ਪੁਲਿਸ ਵਿਭਾਗ ‘ਚ ਸੁਧਾਰਾਂ ਨੂੰ ਲੈ ਕੇ ਤਕਰੀਬਨ ਪੂਰੇ ਦੇਸ਼ ਵਿਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ। ਲਗਭਗ 15 ਸੂਬਿਆਂ ਵਿਚ 5000 ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ ਅਤੇ 2 ਹਜ਼ਾਰ ਹੋਰ ਨੈਸ਼ਨਲ ਗਾਰਡਾਂ ਨੂੰ ਤਿਆਰ ਰੱਖਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਉਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਸੁੱਟਣੇ ਪਏ ਅਤੇ ਪਲਾਸਟਿਕ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਪਈ। ਸਿਆਟਲ ਦੇ ਨਾਲ ਲੱਗਦੇ ਮਹਿੰਗੇ ਸ਼ਹਿਰ ਬੈਲਵਿਊ ਵਿਚ ਵੀ ਪ੍ਰਦਰਸ਼ਨ ਹੋਇਆ, ਜਿਥੇ ਪ੍ਰਦਰਸ਼ਨਕਾਰੀਆਂ ਨੇ ਕਈ ਸਟੋਰਾਂ ਦੇ ਸ਼ੀਸ਼ੇ ਤੋੜ ਦਿੱਤੇ ਪਰ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ‘ਚ ਕਾਮਯਾਬ ਰਹੀ। ਬੈਲਵਿਊ ਸ਼ਹਿਰ ਵਿਚ ਕਰਫਿਊ ਲਗਾ ਦਿੱਤਾ ਗਿਆ। ਸ਼ਿਕਾਗੋ ਦੇ ਹੇਠਲੇ ਖੇਤਰ ‘ਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਵਿਚ ਹਿੱਸਾ ਲਿਆ। ਹਾਲਾਂਕਿ ਪ੍ਰਦਰਸ਼ਨ ਸ਼ਾਂਤਮਈ ਸ਼ੁਰੂ ਹੋਇਆ ਸੀ ਪਰ ਰਾਤ ਭਰ ਸ਼ਿਕਾਗੋ ਤੇ ਨਾਲ ਲੱਗਦੇ ਖੇਤਰਾਂ ਵਿਚ ਹਿੰਸਾ ਤੇ ਭੰਨਤੋੜ ਦਾ ਸਿਲਸਿਲਾ ਚੱਲਦਾ ਰਿਹਾ। ਸੈਂਟਾ ਮੋਨੀਕਾ (ਕੈਲੀਫੋਰਨੀਆ), ਲਾਸ ਏਂਜਲਸ, ਸਾਵਾਨਾਹ (ਜੌਰਜੀਆ), ਫਿਲਾਡੈਲਫੀਆ ਤੇ ਹੋਰ ਥਾਂਵਾਂ ‘ਤੇ ਹਿੰਸਾ ਤੇ ਲੁੱਟਖੋਹ ਦੀਆਂ ਘਟਨਾਵਾਂ ਹੋਈਆਂ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਮਿਨੀਆਪੋਲਿਸ ਵਿਖੇ ਪੁਲਿਸ ਹਿਰਾਸਤ ਵਿਚ ਕਾਲੇ ਵਿਅਕਤੀ ਜੌਰਜ ਫਲਾਇਡ ਦੀ ਹੋਈ ਮੌਤ ਤੋਂ ਬਾਅਦ ਹੋ ਰਹੀ ਹਿੰਸਾ ਪਿੱਛੇ ਖੱਬੇ ਪੱਖੀ ਗਰੁੱਪ ਐਂਟਿਫਾ ਦਾ ਹੱਥ ਹੈ। ਉਹ ਐਂਟਿਫਾ ਨੂੰ ਅਤਿਵਾਦੀ ਜਥੇਬੰਦੀ ਕਰਾਰ ਦੇ ਦੇਣਗੇ। ਐਂਟਿਫਾ ਜਿਸ ਨੂੰ ‘ਐਂਟੀ ਫਾਸਿਸਟ’ ਗਰੁੱਪ ਵਜੋਂ ਜਾਣਿਆ ਜਾਂਦਾ ਹੈ, ਪਿਛਲੇ ਸਾਲਾਂ ਦੌਰਾਨ ਕੁਝ ਹਿੰਸਕ ਝੜਪਾਂ ਵਿਚ ਸ਼ਾਮਲ ਰਿਹਾ ਹੈ। ਇਸ ਤੋਂ ਪਹਿਲਾਂ ਕੈਨੇਡੀ ਸਪੇਸ ਸੈਂਟਰ ਵਿਚ ਰਾਸ਼ਟਰਪਤੀ ਨੇ ਕਿਹਾ ਸੀ ਕਿ ਹਿੰਸਾ ਫੈਲਾਉਣ ਦੀ ਅਗਵਾਈ ਐਂਟਿਫਾ ਤੇ ਹੋਰ ਖੱਬੇ ਪੱਖੀ ਗਰੁੱਪ ਕਰ ਰਹੇ ਹਨ।
ਇਸੇ ਦੌਰਾਨ, ਸਾਬਕਾ ਮੁੱਕੇਬਾਜ਼ ਮੇਅਵੈਦਰ ਚੁੱਕੇਗਾ ਫਲਾਇਡ ਦੇ ਅੰਤਿਮ ਸੰਸਕਾਰ ਦਾ ਖਰਚ
ਨਿਊ ਯਾਰਕ: ਸਾਬਕਾ ਮੁੱਕੇਬਾਜ਼ੀ ਚੈਂਪੀਅਨ ਫਲਾਇਡ ਮੇਅਵੈਦਰ ਨੇ ਜੌਰਜ ਫਲਾਇਡ ਦੇ ਅੰਤਿਮ ਸੰਸਕਾਰ ਅਤੇ ਸੋਗ ਸਭਾ ਦਾ ਖਰਚਾ ਚੁੱਕਣ ਦੀ ਪੇਸ਼ਕਸ਼ ਕੀਤੀ ਜਿਸ ਨੂੰ ਉਸ ਦੇ ਪਰਿਵਾਰ ਨੇ ਸਵੀਕਾਰ ਕਰ ਲਿਆ। ਮੇਅਵੈਦਰ ਪਰਮੋਸ਼ਨਜ਼ ਦੇ ਸੀ.ਈ.ਓ. ਲਿਓਨਾਰਡ ਐਲਰਬੇ ਨੇ ਦੱਸਿਆ ਕਿ ਉਹ ਖੁਦ ਪਰਿਵਾਰ ਨਾਲ ਸੰਪਰਕ ਵਿਚ ਹਨ।
______________________
ਕੀ ਹੈ ਮਾਮਲਾ?
ਜੌਰਜ ਫਲਾਇਡ ‘ਕੋਗਾਂ ਲਾਟੀਨ ਬਿਸਤਰੋ’ ਵਿਖੇ ਬਾਊਂਸਰ ਦੀ ਨੌਕਰੀ ਕਰਦਾ ਸੀ। ਜਿਸ ਦਿਨ ਇਹ ਘਟਨਾ ਵਾਪਰੀ, ਉਸ ਦਿਨ ਉਹ ਉਥੇ ਇਕ ਸਟੋਰ ‘ਤੇ ਕੁਝ ਸਾਮਾਨ ਲੈਣ ਗਿਆ। ਦੱਸਣ ਮੁਤਾਬਕ ਉਸ ਕੋਲ 20 ਡਾਲਰ ਦਾ ਨੋਟ ਨਕਲੀ ਸੀ। ਸਟੋਰ ਵਾਲੇ ਨੇ ਪੁਲਿਸ ਨੂੰ ਕਾਲ ਕੀਤੀ ਤਾਂ ਪੁਲਿਸ ਨੇ ਆਉਂਦੇ ਹੀ ਸਟੋਰ ਦੇ ਬਾਹਰ ਜੌਰਜ ਫਲਾਇਡ ਨੂੰ ਫੜ ਕੇ ਥੱਲੇ ਸੁੱਟ ਕੇ ਉਸ ਦੀ ਧੌਣ ‘ਤੇ ਗੋਡਾ ਰੱਖ ਕੇ ਸਾਹ ਘੁੱਟ ਦਿੱਤਾ। ਉਸ ਨੇ ਬਹੁਤ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਿਸ ਮੁਲਾਜ਼ਮ ਡੈਰੇਕ ਚੌਵੀਨ ਨੇ ਉਸ ਦੀ ਇਕ ਨਾ ਸੁਣੀ। ਮੌਕੇ ਉਤੇ ਮੌਜੂਦ ਲੋਕਾਂ ਨੇ ਕਿਹਾ ਕਿ ਜੌਰਜ ਨੇ ਆਪਣੀ ਮਾਂ ਦੀ ਸਹੁੰ ਖਾ ਕੇ ਵੀ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ। ਉਸ ਤੋਂ ਬਾਅਦ ਉਹ ਦਮ ਤੋੜ ਗਿਆ। ਬਿਸਤਰੋ ਦੇ ਸਟਾਫ ਅਤੇ ਉਸ ਦੇ ਹੋਰ ਜਾਣਨ ਵਾਲੇ ਦੱਸਦੇ ਹਨ ਕਿ ਜੌਰਜ ਫਲਾਇਡ ਬਹੁਤ ਚੰਗਾ ਇਨਸਾਨ ਸੀ। ਉਸ ਦੇ ਪਰਿਵਾਰ ਵਿਚ 2 ਲੜਕੀਆਂ ਹਨ। ਇਨ੍ਹਾਂ ਦੀ ਉਮਰ 22 ਅਤੇ 6 ਸਾਲ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਸ ਪੁਲਿਸ ਵਾਲੇ ਨੇ ਜੌਰਜ ਨੂੰ ਮਾਰਿਆ, ਉਹ ਕੁਝ ਚਿਰ ਪਹਿਲਾਂ ਜੌਰਜ ਨਾਲ ਹੀ ਮਿਨੀਆਪੋਲਿਸ ਦੀ ਇਕ ਨਾਈਟ ਕਲੱਬ ‘ਚ ਬਾਊਂਸਰ ਦੀ ਨੌਕਰੀ ਕਰਦਾ ਸੀ ਪਰ ਬਾਅਦ ‘ਚ ਚੌਵੀਨ ਪੁਲਿਸ ‘ਚ ਭਰਤੀ ਹੋ ਗਿਆ। ਉਹ ਪਹਿਲਾਂ ਤੋਂ ਹੀ ਫਿਰਕੂ ਸੁਭਾਅ ਦਾ ਰਿਹਾ ਹੈ ਅਤੇ ਉਹ ਕਾਲਿਆਂ ਨਾਲ ਨਫਰਤ ਕਰਦਾ ਸੀ।
________________________
ਟਰੰਪ ਵੱਲੋਂ ਐਂਟਿਫਾ ‘ਤੇ ਪਾਬੰਦੀ ਦੀ ਧਮਕੀ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਸਾਰੇ ਮੁਲਕ ਅੰਦਰ ਹਿੰਸਾ ਭੜਕਾਉਣ ‘ਚ ਭੂਮਿਕਾ ਨਿਭਾਉਣ ਵਾਲੀ ਕੱਟੜ ਖੱਬੇਪੱਖੀ ਜਥੇਬੰਦੀ ਐਂਟਿਫਾ ਨੂੰ ਦਹਿਸ਼ਤੀ ਜਥੇਬੰਦੀ ਐਲਾਨ ਦੇਣਗੇ। ਐਂਟਿਫਾ ਨੂੰ ਅਮਰੀਕਾ ‘ਚ ਗਰਮਖਿਆਲੀ, ਖੱਬੇ-ਪੱਖੀ ਤੇ ਨਸਲਵਾਦ ਵਿਰੋਧੀ ਸਿਆਸੀ ਮੁਹਿੰਮ ਮੰਨਿਆ ਜਾਂਦਾ ਹੈ ਅਤੇ ਇਸ ਦੇ ਮੈਂਬਰਾਂ ਦਾ ਟੀਚਾ ਨੀਤੀਆਂ ‘ਚ ਸੁਧਾਰ ਦੀ ਥਾਂ ਸਿੱਧੇ ਐਕਸ਼ਨ ਰਾਹੀਂ ਆਪਣੇ ਸਿਆਸੀ ਹਿੱਤ ਹਾਸਲ ਕਰਨਾ ਹੈ। ਟਰੰਪ ਨੇ ਟਵੀਟ ਕੀਤਾ, ‘ਅਮਰੀਕਾ ਐਂਟਿਫਾ ਨੂੰ ਇਕ ਅਤਿਵਾਦੀ ਜਥੇਬੰਦੀ ਐਲਾਨ ਦੇਵੇਗਾ।’ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ‘ਚ ਭੜਕੀ ਹਿੰਸਾ ਲਈ ਐਂਟਿਫਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਅਟਾਰਨੀ ਜਨਰਲ ਵਿਲੀਅਮ ਪੀ. ਬਾਰ ਨੇ ਕਿਹਾ ਕਿ ਐਂਟਿਫਾ ਤੇ ਘਰੇਲੂ ਅਤਿਵਾਦ ਫੈਲਾਉਣ ਵਾਲੀਆਂ ਹੋਰ ਅਜਿਹੀਆਂ ਜਥੇਬੰਦੀਆਂ ਵੱਲੋਂ ਸਾਰੇ ਅਮਰੀਕਾ ‘ਚ ਹਿੰਸਾ ਫੈਲਾਈ ਜਾ ਰਹੀ ਤੇ ਇਨ੍ਹਾਂ ਨਾਲ ਇਸੇ ਢੰਗ ਨਾਲ ਨਜਿੱਠਿਆ ਜਾਵੇਗਾ।
______________________________
ਵ੍ਹਾਈਟ ਹਾਊਸ ਦੇ ਬੰਕਰ ‘ਚ ਲੁਕੇ ਰਾਸ਼ਟਰਪਤੀ ਟਰੰਪ
ਵਾਸ਼ਿੰਗਟਨ: ਇਹ ਪ੍ਰਦਰਸ਼ਨ ਕਾਫੀ ਥਾਵਾਂ ‘ਤੇ ਹਿੰਸਕ ਰੂਪ ਧਾਰ ਗਏ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਵੀ ਵ੍ਹਾਈਟ ਹਾਊਸ ਅੱਗੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਇਕੱਠੇ ਹੋ ਗਏ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਿਚ ਹਨ। ਪ੍ਰਦਰਸ਼ਨਕਾਰੀਆਂ ਦੇ ਵ੍ਹਾਈਟ ਹਾਊਸ ਵੱਲ ਵਧਦੇ ਦੇਖ ਵ੍ਹਾਈਟ ਹਾਊਸ ਦੇ ਸੁਰੱਖਿਆ ਅਧਿਕਾਰੀ ਰਾਸ਼ਟਰਪਤੀ ਟਰੰਪ ਨੂੰ ਵ੍ਹਾਈਟ ਹਾਊਸ ਅੰਦਰ ਬਣੇ ਸੁਰੱਖਿਆ ਬੰਕਰ ਵਿਚ ਲੈ ਗਏ, ਜਿਥੇ ਉਨ੍ਹਾਂ ਨੂੰ ਇਕ ਘੰਟੇ ਤੋਂ ਥੋੜ੍ਹਾ ਘੱਟ ਸਮਾਂ ਗੁਜ਼ਾਰਨਾ ਪਿਆ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨਕਾਰੀਆਂ ਵਲੋਂ ਬੋਤਲਾਂ ਅਤੇ ਬੋਤਲ ਬੰਬ ਸੁੱਟਣ ਨਾਲ ਸੀਕ੍ਰੇਟ ਸਰਵਿਸ ਏਜੰਟ ਜ਼ਖਮੀ ਹੋ ਗਏ।
ਵਿਰੋਧ ਪ੍ਰਦਰਸ਼ਨਾਂ ਦੌਰਾਨ ਮੁਜ਼ਾਹਰਾਕਾਰੀਆਂ ਨੇ ਵ੍ਹਾਈਟ ਹਾਊਸ ਦੇ ਆਲੇ ਦੁਆਲੇ ਕਈ ਥਾਂਵਾਂ ਉਤੇ ਅੱਗ ਲਾ ਦਿੱਤੀ। ਪੁਲਿਸ ਨੇ ਹਜ਼ਾਰਾਂ ਦੀ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲ ਦਾਗੇ। ਪੁਲਿਸ ਨੇ ਕਿਹਾ ਕਿ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮਿਨੇਸੋਟਾ ਦੇ ਗਵਰਨਰ ਨੇ ਹਿੰਸਾ ਨੂੰ ਰੋਕਣ ਲਈ ਨੈਸ਼ਨਲ ਗਾਰਡ ਨੂੰ ਸੱਦਿਆ ਹੈ। ਇਸ ਹਿੰਸਾ ਵਿਚ ਮਿਨੇਸੋਟਾ ਵਿਚ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਹਿੰਸਾ ਵਧਣ ਦੇ ਬਾਅਦ ਅਟਲਾਂਟਾ, ਸ਼ਿਕਾਗੋ, ਡੈਨੇਵਰ, ਲਾਸ ਏਂਜਲਸ, ਸਾਨ ਫਰਾਂਸਿਸਕੋ ਅਤੇ ਸਿਆਟਲ ਸਮੇਤ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ।
__________________________
ਟਰੰਪ ਨੇ ਦੇਸ਼ ਵਿਚ ਫੌਜ ਲਾਉਣ ਦੀ ਚਿਤਾਵਨੀ ਦਿੱਤੀ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਫਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਮੌਤ ਮਗਰੋਂ ਭੜਕੀ ਹਿੰਸਾ ਨੂੰ ਰੋਕਣ ਲਈ ਸ਼ਹਿਰਾਂ ਅਤੇ ਰਾਜਾਂ ਵੱਲੋਂ ਢੁਕਵੇਂ ਕਦਮ ਨਾ ਚੁੱਕਣ ਦੇ ਮੱਦੇਨਜ਼ਰ ਫੌਜ ਤਾਇਨਾਤ ਕਰਨ ਦੀ ਧਮਕੀ ਦਿੱਤੀ ਹੈ। ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਇਹ ਵੀ ਕਿਹਾ ਕਿ ਸਾਰੇ ਅਮਰੀਕੀ ਫਲਾਇਡ ਦੀ ਬੇਰਹਿਮੀ ਮੌਤ ਕਾਰਨ ਦੁਖੀ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਕੇਸ ਵਿਚ ਨਿਆਂ ਮਿਲੇਗਾ। ਫਲਾਇਡ ਦੀ ਮੌਤ ‘ਤੇ ਹਿੰਸਕ ਪ੍ਰਦਰਸ਼ਨਾਂ ਦੀ ਅੱਗ ਅਮਰੀਕਾ ਦੇ 140 ਸ਼ਹਿਰਾਂ ਤੱਕ ਪਹੁੰਚ ਗਈ ਹੈ। ਇਹ ਪਿਛਲੇ ਕਈ ਦਹਾਕਿਆਂ ਵਿਚ ਦੇਸ਼ ਦੀ ਸਭ ਤੋਂ ਭਿਆਨਕ ਅਸ਼ਾਂਤੀ ਮੰਨੀ ਜਾ ਰਹੀ ਹੈ। ਟਰੰਪ ਨੇ ਰਾਸ਼ਟਰ ਨੂੰ ਭਰੋਸਾ ਦਿੱਤਾ ਕਿ ਉਹ ਹਿੰਸਾ ਨੂੰ ਰੋਕਣ ਅਤੇ ਅਮਰੀਕਾ ਵਿਚ ਸੁਰੱਖਿਆ ਬਹਾਲ ਕਰਨ ਲਈ ਕਦਮ ਚੁੱਕ ਰਹੇ ਹਨ।