ਦੂਜੀ ਪਾਰੀ ਦਾ ਪਹਿਲਾ ਸਾਲ: ਮੋਦੀ ਨੇ ਪ੍ਰਾਪਤੀਆਂ ਗਿਣਵਾਈਆਂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਹੋਣ ‘ਤੇ ਦੇਸ਼ ਵਾਸੀਆਂ ਨੂੰ ਚਿੱਠੀ ਲਿਖੀ ਹੈ। ਪ੍ਰਧਾਨ ਮੰਤਰੀ ਨੇ 3 ਸਫਿਆਂ ਦੀ ਤਵਸੀਲੀ ਚਿੱਠੀ ‘ਚ ਪਿਛਲੇ ਇਕ ਸਾਲ ਵਿਚ ਸਰਕਾਰ ਵੱਲੋਂ ਕੀਤੇ ਕੰਮਕਾਜ ਦਾ ਤਵਸੀਲੀ ਬਿਊਰਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਸਹੀ ਹੁੰਦੇ ਤਾਂ ਉਹ ਆਪ ਲੋਕਾਂ ਦਰਮਿਆਨ ਆ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 ਵਿਚ 303 ਸੀਟਾਂ ਜਿੱਤ ਕੇ ਲਗਾਤਾਰ ਦੂਜੀ ਵਾਰ ਬਹੁਮਤ ਵਾਲੀ ਸਰਕਾਰ ਕਾਇਮ ਕਰਨ ਵਾਲੀ ਮੋਦੀ ਸਰਕਾਰ ਦਾ ਪਹਿਲਾ ਸਾਲ 30 ਮਈ ਨੂੰ ਪੂਰਾ ਹੋ ਗਿਆ ਹੈ, ਜਿਥੇ ਸਰਕਾਰ ਦੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਉਤੇ ਕੇਂਦਰ ਵਲੋਂ ਕੀਤੇ ਕੰਮਾਂ ਦਾ ਲੇਖਾ-ਜੋਖਾ ਦਿੰਦਿਆਂ ਇਕ ਕਿਤਾਬ ਛਪਵਾਈ ਗਈ ਸੀ। ਇਸ ਵਾਰ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਕਾਰਨ ਮੋਦੀ ਸਰਕਾਰ ਨੇ ਇਕ ਸਾਲਾ ਵਰ੍ਹੇਗੰਢ ਦੇ ਜਸ਼ਨ ਵਰਚੂਅਲ ਹੀ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਕਵਾਇਦ ਤਹਿਤ ਭਾਜਪਾ ਆਗੂ 750 ਵਰਚੂਅਲ ਰੈਲੀਆਂ ਅਤੇ 1000 ਈ-ਕਾਨਫਰੰਸਾਂ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਕਰੋੜ ਪਰਿਵਾਰਾਂ ਨੂੰ ਉਕਤ ਚਿੱਠੀ ਭੇਜਣਗੇ। ਪ੍ਰਧਾਨ ਮੰਤਰੀ ਨੇ ਜਿਥੇ 2014 ਵਿਚ ਮਿਲੀ ਜਿੱਤ ਨੂੰ ‘ਬਦਲਾਅ ਲਈ ਕੀਤਾ ਵੋਟ’ ਕਰਾਰ ਦਿੱਤਾ, ਉਥੇ ਉਨ੍ਹਾਂ ਪਹਿਲੇ ਕਾਰਜਕਾਲ ਨੂੰ ‘ਜ਼ਰੂਰਤਾਂ ਦੀ ਪੂਰਤੀ’ ਲਈ ਸਮਰਪਿਤ ਕਾਰਜਕਾਲ ਕਰਾਰ ਦਿੱਤਾ, ਜਿਸ ਦੌਰਾਨ ਸਰਕਾਰ ਦੀਆਂ ਗਰੀਬ ਪੱਖੀ ਨੀਤੀਆਂ, ਬੈਂਕ ਖਾਤੇ, ਮੁਫਤ ਗੈਸ ਕੁਨੈਕਸ਼ਨ, ਜੀ.ਐਸ਼ਟੀ. ਲਾਗੂ ਕਰਨਾ, ਵਨ ਰੈਂਕ ਵਨ ਪੈਨਸ਼ਨ, ਕਿਸਾਨਾਂ ਦੀ ਐਮ.ਐਸ਼ਪੀ. ਮੰਗ ਪੂਰੀ ਕਰਨਾ ਆਦਿ ਦਾ ਵਿਸ਼ੇਸ਼ ਜ਼ਿਕਰ ਕੀਤਾ।
ਮੋਦੀ ਨੇ 2019 ਵਿਚ ਮਿਲੀ ਜਿੱਤ ਨੂੰ ਦੇਸ਼ ਦੇ ਵੱਡੇ ਸੁਪਨਿਆਂ ਲਈ ਮਿਲਿਆ ਫਤਵਾ ਕਰਾਰ ਦਿੱਤਾ। ਉਨ੍ਹਾਂ ਧਾਰਾ 370, ਤੀਹਰਾ ਤਲਾਕ, ਨਾਗਰਿਕਤਾ ਸੋਧ ਕਾਨੂੰਨ ਅਤੇ ਰਾਮ ਮੰਦਰ ਦੀ ਉਸਾਰੀ ਨੂੰ ਸਰਕਾਰ ਦੀਆਂ ਉਪਲਬਧੀਆਂ ਵਜੋਂ ਪੇਸ਼ ਕਰਨ ਦੇ ਨਾਲ-ਨਾਲ ਕਿਸਾਨ ਸਨਮਾਨ ਨਿਧੀ, ਸਾਫ ਪਾਣੀ, ਛੋਟੇ ਦੁਕਾਨਦਾਰਾਂ ਲਈ ਪੈਨਸ਼ਨ, ਮਛੇਰਿਆਂ, ਵਪਾਰੀਆਂ ਆਦਿ ਦੇ ਹਿਤਾਂ ਲਈ ਚੁੱਕੇ ਗਏ ਅਤੇ ਐਲਾਨੇ ਗਏ ਕੰਮਾਂ ਦਾ ਵੀ ਜ਼ਿਕਰ ਕੀਤਾ। ਕਰੋਨਾ ਮਹਾਮਾਰੀ ਕਾਰਨ ਵਿਕਾਸ ਕਾਰਜਾਂ ਵਿਚ ਆਏ ਠਹਿਰਾਅ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈਆਂ ਵਲੋਂ ਇਹ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਭਾਰਤ ਪੂਰੀ ਦੁਨੀਆਂ ਲਈ ਸੰਕਟ ਬਣ ਜਾਏਗਾ ਪਰ ਦੇਸ਼ਵਾਸੀਆਂ ਦੀ ਸਮੂਹਿਕ ਸਮਰੱਥਾ ਨੂੰ ਦੇਸ਼ ਦੀ ਤਾਕਤ ਦੱਸਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਕੱਠੇ ਕੋਈ ਵੀ ਸੰਕਟ ਪਾਰ ਕਰ ਸਕਦੇ ਹਾਂ। ਪ੍ਰਧਾਨ ਮੰਤਰੀ ਨੇ ਕਰੋਨਾ ਸੰਕਟ ਵਿਚ ਦੇਸ਼ਵਾਸੀਆਂ ਦੀ ਸ਼ਲਾਘਾ ਕਰਨ ਦੇ ਨਾਲ ਤਾਲੀ-ਥਾਲੀ ਵਜਾਉਣ ਅਤੇ ਦੀਵਾ ਜਲਾਉਣ ਦਾ ਵੀ ਉਚੇਚਾ ਜ਼ਿਕਰ ਕਰਦਿਆਂ ਇਸ ਨੂੰ ਸਮੂਹਿਕ ਜਜ਼ਬਾ ਕਰਾਰ ਦਿੱਤਾ।
ਪ੍ਰਧਾਨ ਮੰਤਰੀ ਨੇ ਪਰਵਾਸੀ ਮਜ਼ਦੂਰਾਂ ਅਤੇ ਹੋਰ ਹੇਠਲੇ ਤਬਕੇ ਨੂੰ ਤਾਲਾਬੰਦੀ ਕਾਰਨ ਦਰਪੇਸ਼ ਆਈਆਂ ਮੁਸ਼ਕਲਾਂ ਨੂੰ ਚਿੱਠੀ ਵਿਚ ਸ਼ਾਮਲ ਕਰਦਿਆਂ ਕਿਹਾ ਕਿ ਏਨੇ ਵੱਡੇ ਸੰਕਟ ਵਿਚ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤਬਕਿਆਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਚਿੱਠੀ ਦੇ ਆਖਰ ਵਿਚ ਭਾਵੁਕ ਸੰਦੇਸ਼ ਦਿੰਦਿਆਂ ਕਿਹਾ ਕਿ ਦੇਸ਼ ਦੇ ਸਾਹਮਣੇ ਅਜੇ ਕਈ ਚੁਣੌਤੀਆਂ ਹਨ, ਜਿਨ੍ਹਾਂ ਲਈ ਬਹੁਤ ਕੁਝ ਕਰਨਾ ਹੈ। ਮੋਦੀ ਨੇ ਕਿਹਾ ਕਿ ਉਹ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਵਿਚ ਕਮੀ ਹੋ ਸਕਦੀ ਹੈ ਪਰ ਦੇਸ਼ ਵਿਚ ਕੋਈ ਕਮੀ ਨਹੀਂ ਹੈ। ਮੋਦੀ ਨੇ ਸੰਕਟ ਦੀ ਘੜੀ ਨੂੰ ਸੰਕਲਪ ਦੀ ਘੜੀ ਬਣਾਉਣ ਦੀ ਅਪੀਲ ਕਰਦਿਆਂ ਦੇਸ਼ਵਾਸੀਆਂ ਨੂੰ ਉਨ੍ਹਾਂ ‘ਤੇ ਭਰੋਸਾ ਬਣਾਏ ਰੱਖਣ ਲਈ ਧੰਨਵਾਦ ਕੀਤਾ।
________________________________________
ਲੋਕਾਂ ਦੇ ਸੁਪਨਿਆਂ ਦੀ ਪੂਰਤੀ?
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਹੋਣ ‘ਤੇ ਧਾਰਾ 370 ਹਟਾਉਣ, ਰਾਮ ਮੰਦਰ ਮਸਲੇ ਦਾ ਹੱਲ ਕਰਾਉਣ, ਤੀਹਰੇ ਤਲਾਕ ਦੇ ਅਪਰਾਧੀਕਰਨ ਅਤੇ ਨਾਗਰਿਕਤਾ ਐਕਟ ਵਿਚ ਸੋਧ ਨੂੰ ਆਪਣੀਆਂ ਮੁੱਖ ਪ੍ਰਾਪਤੀਆਂ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਪਿਛਲੇ ਇਕ ਸਾਲ ਦੌਰਾਨ ਭਾਰਤ ਨੂੰ ਆਲਮੀ ਆਗੂ ਬਣਾਉਣ ਦਾ ਸੁਪਨਾ ਪੂਰਾ ਕਰਨ ਦੇ ਮਕਸਦ ਨਾਲ ਫੈਸਲੇ ਲਏ ਗਏ ਸਨ। ਦੇਸ਼ ਵਾਸੀਆਂ ਦੇ ਨਾਂ ਲਿਖੇ ਖੁੱਲ੍ਹੇ ਪੱਤਰ ਵਿਚ ਮੋਦੀ ਨੇ ਕਿਹਾ ਕਿ 2019 ਵਿਚ ਲੋਕਾਂ ਨੇ ਕੇਵਲ ਲਗਾਤਾਰਤਾ ਲਈ ਵੋਟ ਨਹੀਂ ਪਾਈ ਸੀ, ਬਲਕਿ ਭਾਰਤ ਨੂੰ ਨਵੀਆਂ ਬੁਲੰਦੀਆਂ ਉਤੇ ਲਿਜਾਣ ਅਤੇ ਆਲਮੀ ਆਗੂ ਬਣਾਉਣ ਦੇ ਸੁਪਨੇ ਨਾਲ ਵੀ ਵੋਟ ਪਾਈ ਸੀ। ਇਨ੍ਹਾਂ ਸੁਪਨਿਆਂ ਦੀ ਪੂਰਤੀ ਦੇ ਮਕਸਦ ਨਾਲ ਪਿਛਲੇ ਇਕ ਸਾਲ ਦੌਰਾਨ ਫੈਸਲੇ ਲਏ ਗਏ।
_____________________________________
ਸਰਕਾਰ ਨੇ ਬੇੜਾ ਗਰਕ ਕਰ ਦਿੱਤਾ: ਕਾਂਗਰਸ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਮੁਕੰਮਲ ਹੋਣ ‘ਤੇ ਕੀਤੇ ਗਏ ਦਾਅਵਿਆਂ ਦਾ ਮਖੌਲ ਉਡਾਉਂਦਿਆਂ ਵਿਰੋਧੀ ਪਾਰਟੀ ਕਾਂਗਰਸ ਨੇ ਕਿਹਾ ਹੈ ਕਿ ਸਰਕਾਰ ਦਾ ਸਾਲ 2019-20 ਕਾਲ ਨਿਰਾਸ਼ਾ, ਤਬਾਹਕੁਨ ਪ੍ਰਬੰਧ ਤੇ ਬੇਤਹਾਸ਼ਾ ਦਰਦ ਦਾ ਰਿਹਾ ਹੈ। ਪਾਰਟੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੁਣ ਤੱਕ ਦੇ ਕੁੱਲ ਛੇ ਸਾਲਾਂ ਦੌਰਾਨ ਫਿਰਕਾਪ੍ਰਸਤੀ, ਜਾਤੀ ਹਿੰਸਾ ਵਿਚ ਵਾਧਾ ਹੋਣ ਦੇ ਨਾਲ ਨਾਲ ਸੰਵੇਦਨਸ਼ੀਲਤਾ ਤੇ ਭਾਈਚਾਰਕ ਸਾਂਝ ਦਾ ਬੇੜਾ ਗਰਕ ਗਿਆ ਹੈ। ਕਾਂਗਰਸ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ‘ਬੇਵੱਸ ਲੋਕ, ਬੇਰਹਿਮ ਸਰਕਾਰ’ ਦਾ ਨਾਅਰਾ ਦਿੱਤਾ ਹੈ ਤੇ ਸਰਕਾਰ ਦੀ ਅਸਫਲਤਾ ਦੀ 16 ਸੂਤਰੀ ਸੂਚੀ ਜਾਰੀ ਕੀਤੀ ਹੈ।