ਬੀਜ ਘਪਲਾ: ਸੱਪ ਲੰਘਣ ਮਗਰੋਂ ਲੀਹ ਕੁੱਟ ਰਿਹਾ ਹੈ ਖੇਤੀਬਾੜੀ ਵਿਭਾਗ

ਚੰਡੀਗੜ੍ਹ: ਝੋਨੇ ਦੀਆਂ ਪੀਆਰ 128 ਅਤੇ ਪੀਆਰ 129 ਕਿਸਮਾਂ ਦੇ ਨਕਲੀ ਬੀਜ ਦੀ ਵਿਕਰੀ ਦੇ ਘਪਲੇ ਦੇ ਖੁਲਾਸੇ ਮਗਰੋਂ ਹਰਕਤ ਵਿਚ ਆਏ ਖੇਤੀ ਮਹਿਕਮੇ ਵੱਲੋਂ ਖਾਦ, ਬੀਜ ਅਤੇ ਦਵਾਈਆਂ ਦੀਆਂ ਦੁਕਾਨਾਂ ਉਤੇ ਛਾਪੇ ਮਾਰਨ ਦੀ ਕਵਾਇਦ ਨੂੰ ਸੱਪ ਲੰਘੇ ਤੋਂ ਲੀਹ ਕੁੱਟਣ ਦੇ ਬਰਾਬਰ ਹੀ ਕਿਹਾ ਜਾ ਸਕਦਾ ਹੈ।

ਹੁਣ ਤੱਕ ਪਨੀਰੀ ਹਰੀ ਹੋ ਕੇ ਲਗਾਉਣ ਯੋਗ ਵੀ ਹੋ ਚੁੱਕੀ ਹੈ। ਇਸ ਵਾਸਤੇ ਬੀਜ ਦੀ ਜਿੰਨੀ ਖਰੀਦ ਹੋਣੀ ਸੀ, ਮੁਕੰਮਲ ਹੋ ਚੁੱਕੀ ਹੈ। ਮਹਿੰਗੇ ਭਾਅ ਬੀਜ ਖਰੀਦਣ ਕਰ ਕੇ ਕਿਸਾਨਾਂ ਦਾ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਹੈ। ਹੁਣ ਸਰਕਾਰ ਅਤੇ ਖੇਤੀਬਾੜੀ ਮਹਿਕਮਾ ਸੱਚੇ ਹੋਣ ਲਈ ਬੀਜਾਂ ਦੀਆਂ ਦੁਕਾਨਾਂ ਉਤੇ ਛਾਪੇ ਮਾਰ ਕੇ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਲਵਾ ਖੇਤਰ ਦੇ ਬਹੁਗਿਣਤੀ ਕਿਸਾਨ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀਆਂ ਜਾਂਦੀਆਂ ਪੀਆਰ 121, ਪੀਆਰ 122, ਪੀਆਰ 123, ਪੀਆਰ 124, ਪੀਆਰ 126, ਪੀਆਰ 127 ਝੋਨੇ ਦੇ ਬੀਜ ਦੀਆਂ ਕਿਸਮਾਂ ਨੂੰ ਨਕਾਰ ਚੁੱਕੇ ਹਨ।
ਕਿਸਾਨਾਂ ਵੱਲੋਂ ਪੂਸਾ 44 ਕਿਸਮ ਹੀ ਵੱਡੇ ਪੱਧਰ ਉਤੇ ਲਗਾਈ ਜਾਂਦੀ ਹੈ। ਸਰਕਾਰੀ ਤੌਰ ‘ਤੇ ਵਿਕਣੀਆਂ ਬੰਦ ਇਨ੍ਹਾਂ ਕਿਸਮਾਂ ਦੇ ਬੀਜਾਂ ਨੂੰ ਵੱਧ ਝਾੜ ਮਿਲਣ ਕਰਕੇ ਕਿਸਾਨ ਇਨ੍ਹਾਂ ਨੂੰ ਮਹਿੰਗੇ ਭਾਅ ਖਰੀਦ ਕੇ ਪਨੀਰੀ ਲਗਾਉਂਦੇ ਹਨ। ਸਭ ਕੁਝ ਪਤਾ ਹੁੰਦਿਆਂ ਮਹਿਕਮਾ ਬਲੈਕ ‘ਚ ਬੀਜ ਵੇਚਣ ਵਾਲਿਆਂ ਉਤੇ ਕੋਈ ਕਾਰਵਾਈ ਨਹੀਂ ਕਰ ਸਕਿਆ।
ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਜਿਸ ਸੂਬੇ ਦੀ 80 ਫੀਸਦੀ ਜਨਤਾ ਖੇਤੀ ‘ਤੇ ਨਿਰਭਰ ਹੋਵੇ ਅਤੇ ਸੂਬੇ ਵਿਚ ਖੇਤੀਬਾੜੀ ਮੰਤਰੀ ਨਾ ਹੋਵੇ ਉਥੇ ਹਾਲਾਤ ਇਹੋ ਜਿਹੇ ਹੀ ਹੁੰਦੇ ਹਨ। ਸੂਬੇ ਵਿਚ ਸ਼ਰੇਆਮ ਨਕਲੀ ਬੀਜ ਮਹਿੰਗੇ ਭਾਅ ਉਤੇ ਕਿਸਾਨਾਂ ਨੂੰ ਵੇਚਿਆ ਗਿਆ। ਜ਼ਿਲ੍ਹੇ ਅੰਦਰ ਵੀ ਪੂਸਾ 44 ਦਾ ਬੀਜ ਦੁੱਗਣੇ ਭਾਅ ‘ਤੇ ਵਿਕਿਆ, ਪਰ ਕੋਈ ਕਾਰਵਾਈ ਨਹੀਂ ਹੋ ਸਕੀ।
ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਬਲਦੇਵ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਬੀਜ ਦੀਆਂ ਦੁਕਾਨਾਂ ‘ਤੇ ਪਹਿਲੇ ਦਿਨ ਤੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਹੁਣ ਸਰਕਾਰ ਦੇ ਸਖਤ ਆਦੇਸ਼ਾਂ ਤੋਂ ਬਾਅਦ ਚੈਕਿੰਗ ‘ਚ ਤੇਜ਼ੀ ਲਿਆਂਦੀ ਗਈ ਹੈ। ਪੂਸਾ 44 ਦੇ ਮਹਿੰਗੇ ਭਾਅ ਉਤੇ ਵਿਕੇ ਬੀਜ ਸਬੰਧੀ ਵੀ ਵਿਭਾਗ ਕੋਲ ਕੋਈ ਸ਼ਿਕਾਇਤ ਨਹੀਂ ਆਈ।
__________________________________________
ਮਜੀਠੀਆ ਤੇ ਮੰਤਰੀ ਰੰਧਾਵਾ ਆਹਮੋ-ਸਾਹਮਣੇ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਦਿਨੀਂ ਚੁੱਕੇ ਬੀਜ ਘੁਟਾਲੇ ਦੇ ਮਾਮਲੇ ‘ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਹਮੋ ਸਾਹਮਣੇ ਆ ਗਏ ਹਨ। ਜਿਥੇ ਮਜੀਠੀਆ ਵਲੋਂ ਇਸ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਗਈ ਹੈ ਕਿ ਉਹ ਮੰਤਰੀ ਰੰਧਾਵਾ ਦੀ ਪੇਸ਼ਕਸ਼ ਮੰਨਦੇ ਹੋਏ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਦੇ ਹੁਕਮ ਦੇਣ, ਉਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸਮਾਂਬੱਧ ਜਾਂਚ ਲਈ ਤਿਆਰ ਹਨ, ਪਰ ਅਕਾਲੀ ਦਲ ਵੀ ਆਪਣੇ ਵੇਲੇ ਹੋਈਆਂ ਉਕਾਈਆਂ ਦੀ ਜ਼ਿੰਮੇਵਾਰੀ ਕਬੂਲ ਲਵੇ। ਮਜੀਠੀਆ ਨੇ ਕਿਹਾ ਕਿ ਮੰਤਰੀ ਰੰਧਾਵਾ ਇਸ ਘੁਟਾਲੇ ਦੀ ਮੁੱਖ ਦੋਸ਼ੀ ਕੰਪਨੀ-ਕਰਨਾਲ ਐਗਰੀ ਸੀਡਜ਼ ਦੇ ਬੁਲਾਰੇ ਵਾਂਗ ਵਿਵਹਾਰ ਕਰ ਰਹੇ ਹਨ, ਜਿਸਦੇ ਚਲਦੇ ਮਾਮਲੇ ਦੀ ਸੁਤੰਤਰ ਜਾਂਚ ਜਰੀਏ ਹੀ ਸਾਰੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
_________________________________________
ਨਿੱਜੀ ਫਰਮ ਦਾ ਮਾਲਕ ਗ੍ਰਿਫਤਾਰ, ਸਟੋਰ ਸੀਲ
ਲੁਧਿਆਣਾ: ਪੰਜਾਬ ਪੁਲਿਸ ਨੇ ਲੁਧਿਆਣਾ ਤੋਂ ਨਿੱਜੀ ਬੀਜ ਫਰਮ ਦੇ ਮਾਲਕ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਵਿਚ ਝੋਨੇ ਦੇ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਉਹ ਕਿਸਾਨਾਂ ਨੂੰ ਝੋਨੇ ਦੀਆਂ ਨਵੀਆਂ ਵਿਕਸਿਤ ਕਿਸਮਾਂ ਦੇ ਬੀਜ, ਜਿਨ੍ਹਾਂ ਦੀ ਅਜੇ ਤੱਕ ਕੇਂਦਰੀ ਬੀਜ ਸੂਚੀਕਰਨ ਕਮੇਟੀ ਵੱਲੋਂ ਵਪਾਰਕ ਮਾਰਕੀਟਿੰਗ ਲਈ ਪ੍ਰਵਾਨਗੀ ਵੀ ਨਹੀਂ ਹੋਈ ਸੀ, ਦੇ ਰੂਪ ਵਿਚ ਭਾਰੀ ਕੀਮਤਾਂ ‘ਤੇ ਜਾਅਲੀ ਬੀਜ ਵੇਚਦਾ ਸੀ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਹੈ ਕਿ ਲੁਧਿਆਣਾ ਸਥਿਤ ਨਿੱਜੀ ਫਰਮ ‘ਬਰਾੜ ਬੀਜ ਸਟੋਰ’ ਦੇ ਮਾਲਕ ਹਰਵਿੰਦਰ ਸਿੰਘ ਉਰਫ਼ ਕਾਕਾ ਬਰਾੜ ਨੂੰ ਲੁਧਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ਼ਆਈ.ਟੀ.) ਨੇ ਗ੍ਰਿਫਤਾਰ ਕਰ ਲਿਆ ਹੈ।