ਬੀਬਾ ਨਵਨੀਤ, ਤੇਰੀ ਜਿੱਤੇ ਪਤੀ-ਪ੍ਰੀਤ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਦੀਆਂ ਅਖ਼ਬਾਰਾਂ ਵਿਚ ਛਪ ਰਹੀਆਂ ਗਮਗੀਨ ਤੇ ਘੋਰ ਉਦਾਸੀ ਵਾਲੀਆਂ ਫੋਟੋਆਂ ਦੇਖ ਕੇ ਕੋਈ ਪੱਥਰ ਦਿਲ ਇਨਸਾਨ ਹੀ ਹੋਵੇਗਾ ਜਿਹਦੀਆਂ ਅੱਖਾਂ ਨਾ ਸਿੰਮਦੀਆਂ ਹੋਣ। ਉਸ ਦੇ ਮੂੰਹੋਂ ਭੁੱਲਰ ਪਰਿਵਾਰ ਦੇ ਉਜਾੜੇ ਦੀ ਦਰਦ ਕਥਾ ਸੁਣ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਜਿਵੇਂ ਕੋਈ ਬਿੱਲੀ ਆਪਣੇ ਗਵਾਚੇ ਬਲੂੰਗੜੇ ਦੀ ਭਾਲ ਵਿਚ ਇੱਧਰ ਉਧਰ ਵਿਲੂੰ ਵਿਲੂੰ ਕਰਦੀ ਫਿਰਦੀ ਹੁੰਦੀ ਹੈ, ਇਸੇ ਤਰ੍ਹਾਂ ਦਹਾਕਿਆਂ ਤੋਂ ਬੀਬਾ ਨਵਨੀਤ ਕੌਰ ਆਪਣੇ ਪਤੀ ਲਈ ਇਨਸਾਫ ਵਾਸਤੇ ਹਰ ਦਰ ਖੜਕਾ ਰਹੀ ਹੈ।
ਵਿਰਾਸਤੀ ਸਦਾਚਾਰਕ ਕਦਰਾਂ ਕੀਮਤਾਂ ਤੋਂ ਮੂੰਹ ਮੋੜ ਕੇ ਚੰਦ ਖੁਸ਼ੀਆਂ ਵਿਚ ਗਲਤਾਨ ਹੋਏ ਪਏ ਅਜੋਕੇ ਯੁੱਗ ਵਿਚ ਜਦੋਂ ਮਰਦ ਤੇ ਔਰਤ ਨਾਜਾਇਜ਼ ਰਿਸ਼ਤਿਆਂ ਦੇ ਆਤਮਘਾਤੀ ਰਾਹ ਪੈਣੋਂ ਜ਼ਰਾ ਵੀ ਸੰਕੋਚ ਨਹੀਂ ਕਰਦੇ, ਅਜਿਹੇ ਕਾਮੁਕ ਵਰਤਾਰੇ ਦੇ ਚਲਦਿਆਂ ਬੀਬਾ ਨਵਨੀਤ ਦਾ ਪਤੀ ਪਿਆਰ, ਧੁੰਦੂਕਾਰ ਵਿਚ ਜਗਦੇ ਦੀਵੇ ਦੀ ਨਿਆਈਂ ਹੀ ਮੰਨਿਆ ਜਾਵੇਗਾ।
ਸਰਕਾਰ ਵੱਲੋਂ ਥਾਪੇ ਗਏ ਡਾਕਟਰੀ ਪੈਨਲ ਵੱਲੋਂ ਪ੍ਰੋæ ਭੁੱਲਰ ਦੀ ਮੰਦੀ ਸਿਹਤ ਬਾਰੇ ਦਿੱਤੀ ਗਈ ਤਾਜ਼ਾ ਰਿਪੋਰਟ ਤੋਂ ਬਾਅਦ ਬੀਤੇ ਹਫ਼ਤੇ ਦੀਆਂ ਅਖ਼ਬਾਰਾਂ ਵਿਚ ਬੀਬੀ ਨਵਨੀਤ ਕੌਰ ਦੇ ਵਿਸ਼ੇਸ਼ ਇੰਟਰਵਿਊ ਛਪੇ ਹਨ। ਆਪਣੇ ਟੱਬਰ ‘ਤੇ ਝੁੱਲੇ ਝੱਖੜ ਦੇ ਵੇਰਵੇ ਦਿੰਦਿਆਂ ਉਸ ਇਹ ਵੀ ਦੱਸਿਆ ਕਿ ਉਸ ਦੇ ਮਾਂ-ਬਾਪ ਨੇ ਦੋ ਸਮਿਆਂ ‘ਤੇ ਉਸ ਨੂੰ ਪਿੱਛਾ ਭੁਲਾ ਕੇ ਨਵਾਂ ਜੀਵਨ ਜਿਉਣ ਦੀ ਸਲਾਹ ਦਿੱਤੀ, ਪਰ ਉਸ ਨੇ ਆਪਣੇ ਇਸ਼ਟ ਅੱਗੇ ਕੀਤੀ ਪ੍ਰਤਿੱਗਿਆ ਦੀ ਲੱਜ ਪਾਲਣ ਦਾ ਫੈਸਲਾ ਕੀਤਾ। ਮੀਡੀਏ ਨਾਲ ਗੱਲ ਕਰਦਿਆਂ ਉਸ ਭਾਵੇਂ ਧੀਮੀ ਸੁਰ ਪਰ ਕਿਹਾ ਭਰੋਸੇ ਭਰੀ ਦ੍ਰਿੜਤਾ ਨਾਲ, ਕਿ ਸਾਡੀ ਦੁਖਦਾਈ ਕਹਾਣੀ ਦਾ ਅੰਤ ਜ਼ਰੂਰ ਸੁਖਾਵਾਂ ਹੋਵੇਗਾ। ਸਿਰਫ ਦੋ ਢਾਈ ਮਹੀਨੇ ਵਿਆਹੁਤਾ ਜੀਵਨ ਪਿਛੋਂ ਪਤੀ-ਜੁਦਾਈ ਦਾ ਲੰਮਾ ਸੰਤਾਪ ਭੋਗ ਰਹੀ ਬੀਬਾ ਨਵਨੀਤ ਨੇ ਆਪਣੇ ਬੁਢਾਪੇ ਦੇ ਸੁਖਮਈ ਹੋਣ ਦੀ ਕਾਮਨਾ ਕੀਤੀ ਹੈ। ਰੱਬ ਕਰੇ, ਉਸ ਦੀ ਨਿਰਛਲ ਆਤਮਾ ‘ਚੋਂ ਨਿਕਲੇ ਅਰਮਾਨ ਪੂਰੇ ਹੋਣ!
ਬੀਬੀ ਨਵਨੀਤ ਵੱਲੋਂ ਆਪਣੇ ਪਤੀ ਦੀ ਸਲਾਮਤੀ ਅਤੇ ਬੰਦ-ਖਲਾਸੀ ਪ੍ਰਤੀ ਪ੍ਰਗਟਾਏ ਵਿਸ਼ਵਾਸ ਨੂੰ ਦੇਖਦਿਆਂ ਜਿਥੇ ਮੈਨੂੰ ‘ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ॥ ਧੰਨੁ ਸਤੀ ਦਰਗਹ ਪਰਵਾਨਿਆ॥’ ਤੁਕ ਯਾਦ ਆਈ, ਉਥੇ ਸਾਡੇ ਲਾਗਲੇ ਇਕ ਪਿੰਡ ਵਿਚ ਰਹਿੰਦੀ ਉਸ ਮਾਤਾ ਦੀ ਕਹਾਣੀ ਅੱਖਾਂ ਅੱਗੇ ਆ ਗਈ ਜਿਸ ਨੇ ਸਾਰੀ ਦੁਨੀਆਂ ਦੇ ਕਹੇ ‘ਤੇ ਵੀ ਆਪਣੇ ਪਤੀ ਦੀ ‘ਮ੍ਰਿਤੂ’ ਨੂੰ ਸਵੀਕਾਰ ਨਹੀਂ ਸੀ ਕੀਤਾ। ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਦੇ ਮਿਹਣਿਆਂ ਦੇ ਬਾਵਜੂਦ ਉਸ ਨੇ ‘ਵਿਧਵਾ’ ਨਾ ਕਹਾਇਆ ਅਤੇ ਨਾ ਹੀ ਸਿਰ ‘ਤੇ ਚਿੱਟੀ ਚੁੰਨੀ ਲਈ।
ਉਸ ਬੀਬੀ ਦਾ ਫੌਜੀ ਪਤੀ ਬਰਮਾ ਦੀ ਲੜਾਈ ਵਿਚ ਫਰੰਟ ‘ਤੇ ਲੜਨ ਗਿਆ। ‘ਲਾਸ਼’ ਤਾਂ ਭਾਵੇਂ ਉਹਦੀ ਪਿੰਡ ਨਾ ਪਹੁੰਚੀ, ਪਰ ਉਹਦਾ ਬਿਸਤਰਾ ਤੇ ਟਰੰਕ ਉਸ ਦੇ ਘਰੇ ਪਹੁੰਚਾਏ ਗਏ। ਅਫ਼ਸਰਾਂ ਨੇ ਉਸ ਦੇ ਸ਼ਹੀਦ ਹੋਣ ਦਾ ਐਲਾਨ ਕਰ ਦਿੱਤਾ, ਪਰ ਬਿਨਾਂ ਬੱਚੇ ਤੋਂ ਉਸ ਦੀ ਪਤਨੀ ਨੇ ਕਿਸੇ ਦੀ ਇਕ ਨਾ ਸੁਣੀ। ਉਹ ਬੜੇ ਭਰੋਸੇ ਨਾਲ ਪਤੀ ਨੂੰ ਰਾਜ਼ੀ-ਖੁਸ਼ੀ ਦੱਸਦੀ ਰਹੀ। ਘਰਦਿਆਂ ਨੇ ਰੀਤੀ ਅਨੁਸਾਰ ‘ਮਰੇ’ ਫੌਜੀ ਦੀ ਆਤਮਿਕ ਸ਼ਾਂਤੀ ਲਈ ਪਾਠ ਕਰਾਉਣਾ ਚਾਹਿਆ, ਪਰ ਉਸ ਬੀਬੀ ਨੇ ਸਭ ਕੁਝ ਠੱਪ ਕਰਵਾ ਦਿੱਤਾ। ਸਹੁਰੇ ਪਰਿਵਾਰ ਵਿਚ ਉਚ-ਦੁਮਾਲੜੀ ਬਣ ਕੇ ਜ਼ਿੰਦਗੀ ਗੁਜ਼ਾਰ ਰਹੀ ਉਹ ਬੀਬੀ ਸਵੈ-ਵਿਸ਼ਵਾਸ ਨਾਲ ਭਰੀ ਰਹਿੰਦੀ।
ਦਿਨ, ਮਹੀਨੇ, ਸਾਲ ਬੀਤਦੇ ਗਏ। ਨਾ ਹੀ ਉਸ ਔਰਤ ਦੀ ਆਸ ਨੂੰ ਬੂਰ ਪਿਆ ਅਤੇ ਨਾ ਹੀ ਉਸ ਨੇ ਕਿਸੇ ਨੂੰ ਇਹ ਇਜਾਜ਼ਤ ਦਿੱਤੀ ਕਿ ਉਸ ਦੇ ਪਤੀ ਨੂੰ ‘ਸਵਰਗੀ’ ਕਿਹਾ ਜਾਵੇ। ਪਿੱਠ ਪਿੱਛੇ ਲੋਕ ਉਸ ਨੂੰ ਟਿੱਚਰਾਂ ਕਰਨ ਲੱਗੇ, ਪਰ ਉਹ ਸਭ ਦੀਆਂ ਤੱਤੀਆਂ-ਠੰਢੀਆਂ ਨੂੰ ਅਣ-ਸੁਣਿਆ ਕਰ ਕੇ ਦਿਨ ਕਟੀ ਕਰੀ ਗਈ।
ਸ਼ਰੀਕੇ ਭਾਈਚਾਰੇ ਵੱਲੋਂ ‘ਸਿਰੇ ਦੀ ਜ਼ਿਦਲ’ ਅਤੇ ‘ਵਿਧਵਾ’ ਐਲਾਨੀ ਗਈ ਉਸ ਮਾਤਾ ਦੇ ਵਿਹੜੇ ਵਿਚ ਅਖੰਡ ਪਾਠ ਦੇ ਭੋਗ ਮੌਕੇ ਦੁਨੀਆਂ ਦਾ ਅਥਾਹ ‘ਕੱਠ ਹਾਲੇ ਵੀ ਮੇਰੇ ਚੇਤਿਆਂ ‘ਚ ਉਕਰਿਆ ਹੋਇਐ। ਅਠਾਰਾਂ-ਉਨੀ ਸਾਲ ਬਾਅਦ ਉਸ ਔਰਤ ਦੇ ਭਰੋਸੇ ਦੀ ਜਿੱਤ ਹੋਈ। ਉਸ ਦਾ ਫੌਜੀ ਪਤੀ ਸਹੀ ਸਲਾਮਤ ਘਰ ਪਰਤ ਆਇਆ। ਮਾਤਾ ਨੇ ਖੁਸ਼ੀ ਵਿਚ ਅਖੰਡ ਪਾਠ ਕਰਵਾਇਆ। ਸਾਡੇ ਇਲਾਕੇ ਵਿਚ ਉਨ੍ਹਾਂ ਦਿਨਾਂ ‘ਚ ਕਹਿੰਦੇ-ਕਹਾਉਂਦੇ ਲੋਕ ਵੀ ਦਿਨ-ਸੁਦ ‘ਤੇ ਲੰਗਰਾਂ ਵਿਚ ਗੰਨੇ ਦੇ ਰਸ ਵਾਲੇ ਚੌਲ ਜਾਂ ਭੁੰਨਵੇਂ ਚੌਲ ਹੀ ਬਣਾਉਂਦੇ ਹੁੰਦੇ ਸਨ, ਪਰ ਦਹਾਕਿਆਂ ਦੇ ਵਿਛੋੜੇ ਬਾਅਦ ਪਤੀ-ਮਿਲਾਪ ‘ਚ ਖੀਵੀ ਹੋਈ ਮਾਈ ਨੇ ਉਦੋਂ ਲੱਡੂਆਂ ਤੇ ਜਲੇਬੀਆਂ ਦਾ ਖੁੱਲ੍ਹਾ ਲੰਗਰ ਲਾਇਆ। ਉਸ ਭੋਗ ਮੌਕੇ ਰੱਜ ਰੱਜ ਖਾਧੇ ਲੱਡੂ ਜਲੇਬੀਆਂ ਦੇ ਨਾਲ ਨਾਲ ਮੈਨੂੰ ਟੁੱਟਵੀਂ-ਟੁੱਟਵੀਂ ਜਿਹੀ ਉਹ ਕਥਾ ਵੀ ਯਾਦ ਹੈ ਜਿਹੜੀ ਉਸ ਸਮੇਂ ਗੁਰੂ ਮਹਾਰਾਜ ਦੀ ਤਾਬਿਆ ਬੈਠੇ ਭਗਵੀਂ ਪੱਗ ਵਾਲੇ ਸੰਤ ਨੇ ਸੁਣਾਈ ਸੀ।
ਇਕ ਰਿਸ਼ੀ (ਸ਼ਾਇਦ ਉਸ ਦਾ ਨਾਂ ਦੁਰਭਾਸ਼ਾ ਸੀ) ਨੇ ਆਪਣੀ ਵਰ ਪ੍ਰਾਪਤ ਧੀ ਦਾ ਵਿਆਹ ਕੀਤਾ। ਕੁਝ ਅਰਸੇ ਬਾਅਦ ਰਿਸ਼ੀ ਆਪਣੀ ਧੀ ਨੂੰ ਮਿਲਣ ਲਈ ਉਸ ਦੇ ਸਹੁਰੇ ਘਰ ਗਿਆ। ਜਾ ਕੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਜਵਾਬ ਨਾ ਆਇਆ। ਕੁਝ ਪਲ ਅਟਕ ਕੇ ਉਸ ਨੇ ਫਿਰ ਦਰਵਾਜ਼ਾ ਠੋਰਿਆ। ਦਰਵਾਜ਼ਾ ਫਿਰ ਵੀ ਨਾ ਖੁੱਲ੍ਹਿਆ ਤਾਂ ਗੁੱਸੇ ‘ਚ ਆ ਕੇ ਉਹ ਪਿੱਛੇ ਮੁੜ ਪਿਆ। ਚਾਣਚੱਕ ਉਸ ਦੀ ਧੀ ਨੂੰ ਬਾਹਰ ਕੋਈ ਕੰਮ ਪਿਆ ਜਾਂ ਵੈਸੇ ਹੀ ਉਸ ਨੂੰ ਬਿੜਕ ਹੋਈ, ਉਹ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੀ। ਪੰਜ-ਦਸ ਕਰਮਾਂ ‘ਤੇ ਪਿਉ ਵਾਪਸ ਮੁੜਿਆ ਜਾਂਦਾ ਨਜ਼ਰੀ ਪਿਆ ਤਾਂ ਉਹ ‘ਪਿਤਾਸ਼੍ਰੀ ਪਿਤਾਸ਼੍ਰੀ’ ਕਰਦੀ ਮਗਰ ਦੌੜੀ। ਸਮੇਂ ਸਿਰ ਦਰਵਾਜ਼ਾ ਨਾ ਖੋਲ੍ਹਣ ਦੀ ਬਾਪ ਕੋਲੋਂ ਖਿਮਾ ਯਾਚਨਾ ਕੀਤੀ, ਪਰ ਰਿਸ਼ੀ ਦਾ ਗੁੱਸੇ ਸੱਤਵੇਂ ਆਸਮਾਨ ‘ਤੇ ਪਹੁੰਚਿਆ ਹੋਇਆ ਸੀ।
“ਤੂੰ ਐਡਾ ਕਿਹੜਾ ਜ਼ਰੂਰੀ ਕੰਮ ਕਰ ਰਹੀ ਸੀ ਕਿ ਬਾਪ ਨੂੰ ਕੁੰਡਾ ਵੀ ਨਾ ਖੋਲ੍ਹ ਸਕੀ?” ਅੱਗ ਭਬੂਕਾ ਹੋਇਆ ਰਿਸ਼ੀ ਧੀ ਨੂੰ ਪੁੱਛਣ ਲੱਗਾ।
“ਪਿਤਾਸ੍ਰੀ, ਮੈਂ ਆਪਣੇ ਪਤੀ ਪਰਮੇਸ਼ਰ ਲਈ ਪਾਣੀ ਗਰਮ ਕਰ ਰਹੀ ਸਾਂ।æææਪਤੀ ਦਾ ਹੁਕਮ ਵਜਾ ਰਹੀ ਸਾਂ।” ਧੀ ਨੇ ਧੀਰਜ ਨਾਲ ਉਤਰ ਦਿੱਤਾ। ਰਿਸ਼ੀ ਨੂੰ ਹੋਰ ਕਰੋਧ ਚੜ੍ਹ ਗਿਆ, “ਅੱਛਾ ਹੁਣ ਪਤੀ ਪਹਿਲਾਂ ਹੋ ਗਿਆ, ਬਾਪ ਦੂਜੇ ਥਾਂ।”
ਗੁੱਸੇ ‘ਚ ਨੱਕ ‘ਚੋਂ ਠੂੰਹੇਂ ਸੁੱਟਦੇ ਰਿਸ਼ੀ ਨੇ ਤੜੱਕ ਦੇ ਕੇ ਆਪਣੀ ਹੀ ਧੀ ਨੂੰ ਸਰਾਪ ਦੇ ਦਿੱਤਾ, ਅਖੇ, ਜਿਹਦੇ ਮੋਹ ਵਿਚ ਤੂੰ ਐਨੀ ਮਸਤ ਹੋ ਗਈ ਕਿ ਬਾਪ ਲਈ ਦਰਵਾਜ਼ਾ ਵੀ ਨਾ ਖੋਲ੍ਹ ਸਕੀ, ਉਹ ਕੱਲ੍ਹ ਦਿਨ ਚੜ੍ਹਦੇ ਤੱਕ ਮਰ ਜਾਏਗਾ!
ਬਾਪ ਦਾ ਸਰਾਪ ਸੁਣ ਕੇ ਕੁੜੀ ਸੁੰਨ ਹੀ ਰਹਿ ਗਈ। ਉਸ ਨੇ ਸਰਾਪ ਵਾਪਸ ਲੈਣ ਲਈ ਬਾਪ ਦੇ ਹਜ਼ਾਰ ਤਰਲੇ ਮਿੰਨਤਾਂ ਕੀਤੇ, ਪਰ ਉਹ ਟੱਸ ਤੋਂ ਮੱਸ ਨਾ ਹੋਇਆ। ਆਖਰ ਜਦ ਕੁੜੀ ਦਾ ਕੋਈ ਵੀ ਚਾਰਾ ਨਾ ਚੱਲਿਆ ਤਾਂ ਉਹ ਵੀ ਆਪਣੀ ਆਈ ‘ਤੇ ਆ ਗਈ। ਕਹਿਣ ਲੱਗੀ ਕਿ ਪਿਤਾਸ੍ਰੀ, ਜੇ ਤੈਨੂੰ ਆਪਣੀ ਤਪ ਸਾਧਨਾ ‘ਤੇ ਬੜਾ ਮਾਣ ਹੈ, ਤਾਂ ਮੈਨੂੰ ਵੀ ਆਪਣੀ ਪਤੀ-ਭਗਤੀ ‘ਤੇ ਮਾਣ ਹੈ। ਮੇਰਾ ਪਤੀ-ਬਰਤਾ ਧਰਮ ਤੇਰਾ ਘੁਮੰਡ ਤੋੜ ਸੁੱਟੇਗਾ। ਜੇ ਤੂੰ ਦਿੱਤਾ ਹੋਇਆ ਸਰਾਪ ਵਾਪਸ ਨਹੀਂ ਲੈ ਸਕਦਾ ਤਾਂ ਮੇਰਾ ਸਵਿੱਤਰੀਪਣ ਆਪਣੀ ਤਾਕਤ ਦਿਖਾਏਗਾ। ਕਹਿੰਦੇ, ਕੁੜੀ ਨੇ ਹਿੱਕ ਠੋਕ ਕੇ ਕਹਿ ਦਿੱਤਾ ਕਿ ‘ਰਿਸ਼ੀ ਜੀ, ਕੱਲ੍ਹ ਨੂੰ ਦਿਨ ਹੀ ਨਹੀਂ ਚੜ੍ਹੇਗਾ।’
ਕਥਾ ਸੁਣਾਉਣ ਵਾਲੇ ਸੰਤ ਨੇ ਅੱਗੇ ਲੰਮੀ ਕਹਾਣੀ ਸੁਣਾਈ ਸੀ ਕਿ ਕਿਵੇਂ ਦੂਜੇ ਦਿਨ ਅੰਮ੍ਰਿਤ ਵੇਲੇ ਸੂਰਜ ਚੜ੍ਹਨੋਂ ਰੁਕ ਗਿਆ। ਕੁੱਲ ਕਾਇਨਾਤ ਦੀ ਬਨਸਪਤੀ ਨੇ ਇੰਦਰ ਅੱਗੇ ਅਰਜੋਦੜੀ ਕੀਤੀ ਕਿ ਸੂਰਜ ਚੜ੍ਹਾਇਆ ਜਾਵੇ। ਗੱਲ ਇੱਥੇ ਮੁੱਕੀ ਕਿ ਰਿਸ਼ੀ ਦੀ ਲੜਕੀ ਦਾ ਸੁਹਾਗ ਸਲਾਮਤ ਰਿਹਾ ਤੇ ਅੰਤ ਕਰੋਧੀ ਰਿਸ਼ੀ ਨੂੰ ਸਰਾਪ ਵਾਪਸ ਲੈਣਾ ਪਿਆ।
ਪਰਮਾਤਮਾ ਕਰੇ, ਰਿਸ਼ੀ ਦੀ ਕੁੜੀ ਵਾਂਗ ਭੈਣ ਨਵਨੀਤ ਕੌਰ ਦਾ ਆਪਣੇ ਪਤੀ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਪ੍ਰਤੀ ਸਿਦਕ ਤੇ ਸਿਰੜ ਭਰਿਆ ਮੋਹ ਜੇਤੂ ਰਹੇ। ਦੋਵੇਂ ਜੀਅ ਜੁੱਗਾਂ ਜਿੱਡੇ ਵਿਛੋੜੇ ਮਗਰੋਂ ਜ਼ਿੰਦਗੀ ਮਾਣਨ। ਆਮੀਨ!

Be the first to comment

Leave a Reply

Your email address will not be published.