ਪੰਜਾਬ: ਤਾਲਾਬੰਦੀ ‘ਚ ਢਿੱਲ, ਰਿਹਾਇਸ਼ੀ ਖੇਤਰਾਂ ਵਾਲੇ ਉਦਯੋਗ ਖੁੱਲ੍ਹਣਗੇ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਰਾਜ ‘ਚ ਹੁਣ ਦੁਕਾਨਾਂ ਖੋਲ੍ਹਣ ਅਤੇ ਕਰਫਿਊ ਦੇ ਸਮੇਂ ਵਿਚ ਤਬਦੀਲੀ ਕਰ ਦਿੱਤੀ ਹੈ। ਦੁਕਾਨਾਂ ਖੁੱਲ੍ਹਣ ਦਾ ਸਮਾਂ ਵਧਾ ਦਿੱਤਾ ਗਿਆ ਹੈ ਅਤੇ ਕੇਂਦਰੀ ਨੇਮਾਂ ਅਨੁਸਾਰ ਕਰਫਿਊ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਹਰ ਤਰ੍ਹਾਂ ਦੀਆਂ ਸਨਅਤਾਂ ਨੂੰ ਚਲਾਉਣ ਦੀ ਪਹਿਲਾਂ ਦੀ ਤਰ੍ਹਾਂ ਛੋਟ ਜਾਰੀ ਰਹੇਗੀ ਅਤੇ ਹੁਣ ਰਿਹਾਇਸ਼ੀ ਖੇਤਰ ਵਾਲੇ ਉਦਯੋਗ ਵੀ ਖੁੱਲ੍ਹ ਜਾਣਗੇ।
ਕੇਂਦਰੀ ਦਿਸ਼ਾ ਨਿਰਦੇਸ਼ਾਂ ਮਗਰੋਂ ਇਸ ਬਾਰੇ ਫੈਸਲਾ ਲਿਆ ਜਾਣਾ ਹੈ।

ਪੰਜਾਬ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਓ.ਪੀ.ਡੀ ਸੇਵਾਵਾਂ ਵੀ ਜਾਰੀ ਰੱਖੀਆਂ ਹਨ। ਪੰਜਾਬ ਸਰਕਾਰ ਨੇ ਕੇਂਦਰੀ ਨੇਮਾਂ ਦੀ ਲੀਹ ‘ਤੇ ਲੌਕਡਾਊਨ 5.0 ਤਹਿਤ 30 ਜੂਨ ਤੱਕ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਤਹਿਤ ਤਾਲਾਬੰਦੀ ਦੌਰਾਨ ਕੁਝ ਢਿੱਲਾਂ ਦਿੱਤੀਆਂ ਗਈਆਂ ਹਨ। ਦੁਕਾਨਾਂ ਖੁੱਲ੍ਹਣ ਦਾ ਸਮਾਂ ਹੁਣ ਸਵੇਰ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ ਜਦਕਿ ਸ਼ਰਾਬ ਦੇ ਠੇਕੇ ਹੁਣ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਖੁੱਲ੍ਹਣਗੇ। ਇਸੇ ਤਰ੍ਹਾਂ ਹੁਣ ਕਰਫਿਊ ਰਾਤ ਨੂੰ 9 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ।
ਜਨਤਕ ਪਾਰਕ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਪਰ ਇਕੱਠੇ ਹੋਣ ਦੀ ਮਨਾਹੀ ਹੋਵੇਗੀ। ਰੈਸਤਰਾਂ ‘ਚੋਂ ਖਾਣਾ ਲਿਜਾਣ ਦੀ ਛੋਟ ਦਿੱਤੀ ਗਈ ਹੈ ਪਰ ਇਨ੍ਹਾਂ ਨੂੰ ਖੋਲ੍ਹਣ ਦਾ ਫੈਸਲਾ 7 ਜੂਨ ਮਗਰੋਂ ਹੋਵੇਗਾ। ਕੇਂਦਰੀ ਨਿਰਦੇਸ਼ਾਂ ਅਨੁਸਾਰ ਹੀ ਪੰਜਾਬ ਸਰਕਾਰ ਨੇ ਵਿਆਹ ਸਮਾਰੋਹਾਂ ਵਿਚ ਵੱਧ ਤੋਂ ਵੱਧ 50 ਵਿਅਕਤੀ ਹੀ ਇਕੱਠੇ ਹੋ ਸਕਣ ਦੀ ਪ੍ਰਵਾਨਗੀ ਦਿੱਤੀ ਹੈ। ਇਸੇ ਤਰ੍ਹਾਂ ਸਸਕਾਰ ਦੇ ਮੌਕੇ ‘ਤੇ ਵੱਧ ਤੋਂ ਵੱਧ 20 ਵਿਅਕਤੀ ਇਕੱਤਰ ਹੋ ਸਕਣਗੇ। ਸਕੂਲਾਂ ਤੇ ਕਾਲਜਾਂ ਤੋਂ ਇਲਾਵਾ ਕੋਚਿੰਗ ਸੈਂਟਰ ਬੰਦ ਰਹਿਣਗੇ। ਸਰਕਾਰੀ ਅਤੇ ਪ੍ਰਾਈਵੇਟ ਦਫਤਰ ਖੁੱਲ੍ਹ ਸਕਣਗੇ ਪਰ ਮੁਲਾਜ਼ਮਾਂ ਦੀ ਗਿਣਤੀ ਲੋੜ ਮੁਤਾਬਕ ਹੀ ਹੋਵੇਗੀ। ਪੰਜਾਬ ਸਰਕਾਰ ਨੇ ਕੌਮਾਂਤਰੀ ਹਵਾਈ ਯਾਤਰਾ, ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲਜ਼, ਮਨੋਰੰਜਨ ਪਾਰਕ, ਸਿਨੇਮਾ ਹਾਲ, ਬਾਰ, ਆਡੀਟੋਰੀਅਮ ਹਾਲੇ ਬੰਦ ਰੱਖਣ ਦਾ ਫੈਸਲਾ ਹੀ ਕੀਤਾ ਹੈ। ਇਸੇ ਤਰ੍ਹਾਂ ਸਮਾਜਿਕ, ਸਿਆਸੀ, ਸਪੋਰਟਸ, ਮਨੋਰੰਜਕ, ਅਕਾਦਮਿਕ, ਕਲਚਰਲ ਅਤੇ ਧਾਰਮਿਕ ਸਮਾਗਮ ਕਰਨ ਦੀ ਵੀ ਮਨਾਹੀ ਹੋਵੇਗੀ। ਬਿਊਟੀ ਪਾਰਲਰ, ਸਪਾ, ਬਾਰਬਰ ਸ਼ਾਪ ਨੂੰ ਵੀ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੋਲ੍ਹਣ ਦੀ ਛੋਟ ਦੇ ਦਿੱਤੀ ਗਈ ਹੈ।
___________________________________
ਸੰਕਟ ਹੱਲ ਕਰਨ ਵਿਚ ਕੈਪਟਨ ਅਸਫਲ: ਬ੍ਰਹਮਪੁਰਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰੋਨਾ ਮਹਾਮਾਰੀ ਨਾਲ ਨਜਿੱਠਣ ਵਿਚ ਫੇਲ੍ਹ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਾਰੇ ਵੀ ਤਿੱਖੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਆਲਮੀ ਸੰਕਟ ਨੇ ਮਨੁੱਖੀ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ ਹੈ। ਅਜਿਹੇ ਵਿਚ ਵੀ ਮੌਕਾਪ੍ਰਸਤ ਸਿਆਸਤਦਾਨ ਆਪਣੀਆਂ ਰੋਟੀਆਂ ਹੀ ਸੇਕ ਰਹੇ ਹਨ।
_________________________________
ਅੰਤਰ-ਰਾਜੀ ਯਾਤਰਾ ਲਈ ‘ਕੋਵਾ’ ਤੋਂ ਬਣੇਗਾ ਪਾਸ
ਚੰਡੀਗੜ੍ਹ: ਅੰਤਰ-ਰਾਜੀ ਯਾਤਰਾ ਲਈ ਵਾਹਨ ਚਾਲਕਾਂ ਨੂੰ ਹੁਣ ‘ਕੋਵਾ’ ਐਪ ਡਾਊਨ ਲੋਡ ਕਰਨੀ ਪਵੇਗੀ ਅਤੇ ਅੰਤਰਰਾਜੀ ਸੀਮਾ ਉਤੇ ਸੈਲਫ ਜਨਰੇਟਿਡ ਈ ਪਾਸ ਦਿਖਾਉਣਾ ਹੋਵੇਗਾ। ਅੰਤਰਰਾਜੀ ਬੱਸਾਂ ਦਾ ਮਾਮਲਾ ਰਾਜਾਂ ਦੀ ਆਪਸੀ ਸਹਿਮਤੀ ਤੇ ਛੱਡਿਆ ਗਿਆ ਹੈ ਜਦੋਂ ਕਿ ਜ਼ਿਲ੍ਹੇ ਅੰਦਰ ਆਵਾਜਾਈ ਮੌਕੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ। ਕੰਨਟੇਨਮੈਂਟ ਜ਼ੋਨਾਂ ਵਿਚ ਪਾਬੰਦੀਆਂ ਲਾਗੂ ਰਹਿਣਗੀਆਂ ਜਿਨ੍ਹਾਂ ਵਿਚ ਸਿਰਫ ਜਰੂਰੀ ਸੇਵਾਵਾਂ ਦੀ ਹੀ ਸਹੂਲਤ ਮਿਲੇਗੀ।