ਕਸ਼ਮੀਰ, ਜਿਥੇ ਔਰਤਾਂ ਦੀ ਨੀਂਦ ਉਡ ਚੁਕੀ ਹੈ…

ਬੂਟਾ ਸਿੰਘ
ਫੋਨ: +91-94634-74342
ਜੰਮੂ-ਕਸ਼ਮੀਰ ਅਗਸਤ 2019 ਤੋਂ ਲੈ ਕੇ ਲੌਕਡਾਊਨ ਹੈ। ਮਈ ਮਹੀਨੇ ਦੇ ਸ਼ੁਰੂ ਤੋਂ ਕਸ਼ਮੀਰ ਘਾਟੀ ਵਿਚ ਜਬਰ ਦਾ ਸਿਲਸਿਲਾ ਤੇਜ਼ ਹੋਇਆ ਹੈ। ਭਾਰਤੀ ਸਲਾਮਤੀ ਦਸਤਿਆਂ ਵੱਲੋਂ ਇਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਵੀ ਸਾਹਮਣੇ ਆਇਆ। ਇਲਜ਼ਾਮ ਇਹ ਲਗਾਇਆ ਗਿਆ ਕਿ ਉਹ ਨਾਕੇ ਉਪਰ ਰੁਕਿਆ ਨਹੀਂ ਸੀ, ਚਸ਼ਮਦੀਦ ਗਵਾਹ ਇਸ ਨੂੰ ਰੱਦ ਕਰਦੇ ਹਨ। Ḕਸਟੈਂਡ ਵਿਦ ਕਸ਼ਮੀਰ’ ਅਤੇ Ḕਦਿ ਕਸ਼ਮੀਰ ਵਾਲਾ’ ਦੀਆਂ ਜ਼ਮੀਨੀ ਹਾਲਾਤ ਬਾਰੇ ਰਿਪੋਰਟਾਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਹਨ। ਇਹਨਾਂ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਕੇਂਦਰੀ ਕਸ਼ਮੀਰ ਦੇ ਬਡਗਾਮ ਜ਼ਿਲੇ ਵਿਚ ਦਸ ਦਿਨਾਂ ‘ਚ ਭਾਰਤੀ ਸਲਾਮਤੀ ਦਸਤਿਆਂ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਤਲਾਸ਼ੀ ਦੇ ਬਹਾਨੇ ਇਕ ਪੂਰਾ ਪਿੰਡ ਹੀ ਨਹਿਸ-ਨਹਿਸ ਕਰ ਦਿੱਤਾ

ਅਤੇ ਇਸ ਦੇ ਬਾਸ਼ਿੰਦਿਆਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 15000 ਦੀ ਵਸੋਂ ਵਾਲੇ ਨਸਰੁੱਲਾØ ਪੋਰਾ ਪਿੰਡ ਵਿਚ ਭਾਰਤੀ ਸਲਾਮਤੀ ਦਸਤਿਆਂ ਅਤੇ ਜੰਮੂ-ਕਸ਼ਮੀਰ ਪੁਲਿਸ ਨੇ 8 ਮਈ ਨੂੰ ਰਾਤਾਂ ਨੂੰ ਛਾਪੇ ਮਾਰਨ ਦਾ ਸਿਲਸਿਲਾ ਚਲਾਇਆ, ਉਸ ਨੂੰ ਲੈ ਕੇ ਪਿੰਡ ਦੀਆਂ ਔਰਤਾਂ ਬੁਰੀ ਤਰ੍ਹਾਂ ਭੈਭੀਤ ਹਨ। ਇਸ ਪਿੰਡ ਵਿਚ ਔਰਤਾਂ ਖੌਫ ਅਤੇ ਦਹਿਸ਼ਤ ਦੇ ਸਾਏ ਹੇਠ ਜੀਅ ਰਹੀਆਂ ਹਨ।
ਸਥਾਨਕ ਬਾਸ਼ਿੰਦਿਆਂ ਅਨੁਸਾਰ 8 ਮਈ ਨੂੰ ਜੁੰਮੇ ਦੇ ਦਿਨ ਇਕ ਪੁਲਿਸ ਅਧਿਕਾਰੀ ਮੀਰ ਮੁਹੱਲਾ ਦੀ ਜਾਮੀਆ ਮਸਜਿਦ ਵਿਚ ਗਿਆ, ਬਿਨਾਂ ਜੁੱਤੀ ਲਾਹੇ ਮੁਲਾਜ਼ਮਾਂ ਸਮੇਤ ਅੰਦਰ ਜਾ ਵੜਿਆ ਅਤੇ ਉਥੇ ਮੌਜੂਦ ਲੋਕਾਂ ਨੂੰ ਬਿਨਾਂ ਨਮਾਜ਼ ਪੜ੍ਹੇ ਉਥੋਂ ਚਲੇ ਜਾਣ ਲਈ ਕਿਹਾ। ਅਧਿਕਾਰੀ ਨੇ ਉਹਨਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦੇ ਇਕ ਮਾਤਹਿਤ ਨੇ ਬਾਹਰੋਂ ਮਸਜਿਦ ਦਾ ਦਰਵਾਜ਼ਾ ਬੰਦ ਕਰਕੇ ਜੰਦਰਾ ਲਗਾ ਦਿੱਤਾ। ਇਸ ਤੋਂ ਪਿਛਲੇ ਜੁੰਮੇ ਦੇ ਦਿਨ ਵੀ ਇਕ ਮਸਜਿਦ ਵਿਚ ਪੁਲਿਸ ਵਲੋਂ ਕੋਵਿਡ-19 ਦਾ ਬਹਾਨਾ ਬਣਾ ਕੇ ਇਸੇ ਪਿੰਡ ਦੇ ਲੋਕਾਂ ਨੂੰ ਨਮਾਜ਼ ਅਦਾ ਕਰਨ ਤੋਂ ਰੋਕਣ ਦੀ ਘਟਨਾ ਵਾਪਰ ਚੁੱਕੀ ਸੀ। ਇਸ ‘ਤੇ ਕੁਝ ਨੌਜਵਾਨ ਭੜਕ ਗਏ। ਕੁਝ ਲੋਕਾਂ ਨੇ ਪਥਰਾਓ ਸ਼ੁਰੂ ਕਰ ਦਿੱਤਾ। ਬਾਕੀ ਪੁਲਿਸ ਤਾਂ ਬਚ ਕੇ ਨਿਕਲ ਗਈ ਲੇਕਿਨ ਅੰਦਰ ਘਿਰੇ ਪੁਲਿਸ ਅਧਿਕਾਰੀ ਦੇ ਸੱਟਾਂ ਲੱਗ ਗਈਆਂ।
ਪ੍ਰਸ਼ਾਸਨ ਨੇ ਇਸ ਨੂੰ ਬਹਾਨਾ ਬਣਾ ਲਿਆ ਅਤੇ ਇਸ ਦੀ ਸਜ਼ਾ ਪੂਰੇ ਪਿੰਡ ਨੂੰ ਦਿੱਤੀ ਗਈ।
ਪਿੰਡ ਵਾਲੇ ਕਹਿੰਦੇ ਹਨ ਇਸ ਘਟਨਾ ਤੋਂ ਬਾਅਦ ਅਜ਼ਾਨ ਬੰਦ ਕਰ ਦਿੱਤੀ ਗਈ ਹੈ। ਉਦੋਂ ਤੋਂ ਕੋਈ ਵੀ ਮਸਜਿਦ ਵਿਚ ਨਹੀਂ ਜਾਂਦਾ। ਇਸ ਨਾਲ ਰੋਜ਼ੇ ਰੱਖਣੇ ਵੀ ਮੁਸ਼ਕਿਲ ਹੋ ਗਏ ਹਨ। ਜਿਉਂ ਹੀ ਹਨੇਰਾ ਹੋਣ ਲੱਗਦਾ ਹੈ, ਤਮਾਮ ਨੌਜਵਾਨ ਅਤੇ ਬਜ਼ੁਰਗ ਇਸ ਡਰੋਂ ਪਿੰਡ ਛੱਡ ਜਾਂਦੇ ਹਨ ਕਿ ਜੇ ਪੁਲਿਸ ਆ ਗਈ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਘਰਾਂ ਵਿਚ ਸਿਰਫ ਔਰਤਾਂ ਰਹਿ ਜਾਂਦੀਆਂ ਹਨ।
ਉਸ ਰਾਤ ਨੂੰ ਬਦਲਾਲਊ ਇਰਾਦੇ ਨਾਲ ਸਾਢੇ ਗਿਆਰਾਂ ਵਜੇ ਸੈਂਕੜੇ ਸਲਾਮਤੀ ਦਸਤਿਆਂ ਵੱਲੋਂ ਛਾਪਾ ਮਾਰ ਕੇ ਪਿੰਡ ਵਿਚ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਘਰਾਂ ਦੇ ਬਾਹਰ ਖੜ੍ਹੇ ਕੀਤੇ ਵਾਹਨ, ਘਰਾਂ ਅਤੇ ਦੁਕਾਨਾਂ ਦੇ ਦਰਵਾਜ਼ੇ ਤੋੜ ਦਿੱਤੇ ਗਏ। ਖਾਣਪੀਣ ਦਾ ਸਮਾਨ ਖਰਾਬ ਕਰ ਦਿੱਤਾ ਗਿਆ ਅਤੇ ਘਰਾਂ ਦੇ ਸਮਾਨ ਨੂੰ ਅੱਗ ਲਾ ਦਿੱਤੀ ਗਈ। Ḕਸਟੈਂਡ ਵਿਦ ਕਸ਼ਮੀਰ’ ਦੀ ਰਿਪੋਰਟ ਅਨੁਸਾਰ ਅਧਿਕਾਰੀਆਂ ਨੇ ਰਸਦ ਘਰਾਂ ਤੋਂ ਬਾਹਰ ਸੁੱਟ ਦਿੱਤੀ, ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿੱਟੀ ਦਾ ਤੇਲ ਅਤੇ ਲਾਲ ਮਿਰਚ ਰਲਾ ਦਿੱਤੇ ਗਏ। ਪਿੰਡ ਦੇ ਲੋਕ ਗ੍ਰਿਫਤਾਰੀਆਂ ਅਤੇ ਤਸ਼ੱਦਦ ਤੋਂ ਬਚਣ ਲਈ ਘਰ ਛੱਡ ਕੇ ਭੱਜ ਗਏ। Ḕਦਿ ਕਸ਼ਮੀਰ ਵਾਲਾḔ ਦੇ ਰਿਪੋਰਟਰ ਨੇ ਅਗਲੇ ਦਿਨ ਪਿੰਡ ਦਾ ਦੌਰਾ ਕੀਤਾ। ਉਸ ਦੀ ਰਿਪੋਰਟ ਅਨਸਾਰ, ਘਰਾਂ ਵਿਚ ਰਸਦ, ਟੁੱਟੇ ਹੋਏ ਭਾਂਡੇ ਅਤੇ ਹੋਰ ਸਮਾਨ ਖਿੱਲਰਿਆ ਹੋਇਆ ਸੀ। ਜ਼ਿਆਦਤਰ ਘਰ ਖਾਲੀ ਸਨ, ਕੁਝ ਘਰਾਂ ਨੂੰ ਜੰਦਰੇ ਲੱਗੇ ਹੋਏ ਸਨ ਜਦਕਿ ਬਾਕੀ ਦੇ ਦਰਵਾਜ਼ੇ ਖੁੱਲ੍ਹੇ ਸਨ ਕਿਉਂਕਿ ਭੱਜ ਰਹੇ ਲੋਕਾਂ ਨੂੰ ਘਰਾਂ ਨੂੰ ਜੰਦਰੇ ਮਾਰਨ ਦਾ ਮੌਕਾ ਵੀ ਨਹੀਂ ਮਿਲਿਆ ਸੀ। ਦੁਕਾਨਦਾਰਾਂ ਨੇ ਤਾਂ ਰਿਪੋਰਟਰ ਨੂੰ ਇਹ ਵੀ ਦੱਸਿਆ ਕਿ ਸਲਾਮਤੀ ਦਸਤੇ ਉਹਨਾਂ ਦੀਆਂ ਦੁਕਾਨਾਂ ਦਾ ਸਮਾਨ ਅਤੇ ਨਗਦੀ ਵੀ ਚੋਰੀ ਕਰਕੇ ਲੈ ਗਏ। ਮਰਦ ਤਾਂ ਗ੍ਰਿਫਤਾਰੀ ਦੇ ਡਰੋਂ ਸਲਾਮਤੀ ਦਸਤਿਆਂ ਦੀਆਂ ਗੱਡੀਆਂ ਆਉਂਦੀਆਂ ਦੇਖ ਕੇ ਘਰਾਂ ਤੋਂ ਭੱਜ ਗਏ, ਪਿੱਛੇ ਘਰਾਂ ਵਿਚ ਔਰਤਾਂ ਰਹਿ ਗਈਆਂ। ਘਰਾਂ ਨੂੰ ਚਾਰ-ਚੁਫੇਰਿਓਂ ਘੇਰ ਕੇ ਸਲਾਮਤੀ ਦਸਤੇ ਅੰਦਰ ਅੰਦਰ ਜਾ ਘੁਸੇ, ਡਰੀਆਂ ਹੋਈਆਂ ਔਰਤਾਂ ਚੀਕ ਨਾ ਸਕਣ ਇਸ ਲਈ ਉਹਨਾਂ ਦੇ ਮੂੰਹਾਂ ਵਿਚ ਬੰਦੂਕਾਂ ਦੀਆਂ ਨਾਲੀਆਂ ਤੁੰਨ ਦਿੱਤੀਆਂ ਗਈਆਂ। ਬਹੁਤ ਸਾਰੀਆਂ ਔਰਤਾਂ ਦਾ ਕਹਿਣਾ ਸੀ ਕਿ ਭੰਨਤੋੜ ਕਰਨ ਤੋਂ ਪਹਿਲਾਂ ਪੁਲਿਸ ਨੇ ਉਹਨਾਂ ਉਪਰ ਕੋਈ ਕੈਮੀਕਲ ਵਰਗੀ ਚੀਜ਼ ਸਪਰੇਅ ਕੀਤੀ ਜਿਸ ਨਾਲ ਉਹ ਬੇਹੋਸ਼ ਹੋ ਗਈਆਂ। ਕੁਛ ਜਵਾਨ ਲੜਕੀਆਂ ਨੂੰ ਬੰਦੂਕਾਂ ਦੇ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।
ਇਸ ਦੀ ਮਿਸਾਲ ਬਾਨੋ ਨਾਂ ਦੀ ਔਰਤ ਹੈ ਜੋ ਡਰ ਕੇ ਘਰ ਛੱਡ ਕੇ ਭੱਜ ਗਈ। ਉਸ ਦੇ ਬਿਮਾਰ ਬਾਪ ਨੂੰ ਗ੍ਰਿਫਤਾਰ ਕਰ ਕੇ ਲੈ ਗਏ ਅਤੇ ਬਾਅਦ ਵਿਚ ਉਸ ਦੀ ਜ਼ਖਮੀ ਧੀ ਨੂੰ ਹੋਰ ਲੋਕਾਂ ਹਸਪਤਾਲ ਭਰਤੀ ਕਰਾਇਆ। ਛਾਪਿਆਂ ਅਤੇ ਗ੍ਰਿਫਤਾਰੀਆਂ ਦੀ ਦਹਿਸ਼ਤ ਨਾਲ ਬਾਨੋ ਐਨਾ ਸਹਿਮੀ ਹੋਈ ਸੀ ਕਿ ਉਹ ਆਪਣੇ ਘਰ ਨੂੰ ਦੇਖਣ ਲਈ ਹੀ ਆਈ ਅਤੇ ਰਾਤ ਨੂੰ ਹੋਰ ਪਿੰਡ ਵਾਸੀਆਂ ਨਾਲ ਖੇਤਾਂ ਵਿਚ ਖੁੱਲ੍ਹੇ ਆਸਮਾਨ ਹੇਠ ਹੀ ਰਹਿ ਰਹੀ ਸੀ। ਜਦ ਉਹ ਬਾਰਿਸ਼ ਨਾਲ ਬੁਰੀ ਤਰ੍ਹਾਂ ਭਿੱਜ ਗਏ, ਤਾਂ ਵੀ ਉਹਨਾਂ ਨੇ ਰਾਤ ਨੂੰ ਘਰਾਂ ਨੂੰ ਆਉਣ ਦਾ ਹੌਸਲਾ ਨਹੀਂ ਕੀਤਾ। ਸਲਾਮਤੀ ਦਸਤਿਆਂ ਨੇ ਤਾਂ ਭਾਜਪਾ ਹਮਾਇਤੀ ਸਰਪੰਚ ਦੇ ਘਰ ਨੂੰ ਵੀ ਨਹੀਂ ਬਖਸ਼ਿਆ ਜੋ ਉਂਜ ਤਾਂ ਸਰਕਾਰੀ ਸੁਰੱਖਿਆ ਛੱਤਰੀ ਹੇਠ ਸ੍ਰੀਨਗਰ ਦੇ ਇਕ ਹੋਟਲ ਵਿਚ ਰਹਿੰਦਾ ਹੈ ਲੇਕਿਨ ਕਰੋਨਾ ਵਾਇਰਸ ਤੋਂ ਬਚਣ ਲਈ ਪਿੰਡ ਆ ਗਿਆ ਸੀ। ਐਨ.ਡੀ.ਟੀ.ਵੀ. ਦੀ ਰਿਪੋਰਟ ਹੈ ਕਿ ਕਿਸੇ ਵੱਲੋਂ ਆਪਣੇ ਮੋਬਾਈਲ ਉਪਰ ਵੀਡੀਓ ਬਣਾ ਲਈ ਗਈ ਜਿਸ ਵਿਚ ਪੁਲਿਸ ਵਾਲੇ ਇਕ ਦੁਕਾਨ ਵਿਚੋਂ ਸਮਾਨ ਚੁੱਕਣ ਤੋਂ ਬਾਅਦ ਦੁਕਾਨਾਂ ਨੂੰ ਅੱਗ ਲਗਾ ਰਹੇ ਹਨ। ਵੀਡੀਓ ਕਲਿੱਪ ਦੇ ਆਖਰੀ ਹਿੱਸੇ ਤੋਂ ਪਤਾ ਲੱਗਦਾ ਹੈ ਕਿ ਵੀਡੀਓ ਬਣਾਉਣ ਵਾਲੇ ਵੀ ਪੁਲਿਸ ਦੇ ਕਹਿਰ ਦਾ ਨਿਸ਼ਾਨਾ ਬਣਨ ਤੋਂ ਬਚ ਨਹੀਂ ਸਕੇ। ਸਿਤਮਜ਼ਰੀਫੀ ਇਹ ਹੈ ਕਿ ਪੁਲਿਸ ਨੇ ਪਿੰਡ ਦੇ ਲੋਕਾਂ ਦੇ ਖਿਲਾਫ ਹੀ ਅੱਗਜ਼ਨੀ ਅਤੇ ਇਰਾਦਾ ਕਤਲ ਦੇ ਪਰਚੇ ਦਰਜ ਕੀਤੇ ਹਨ ਅਤੇ 50 ਵਿਅਕਤੀਆਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਨਾਮਜ਼ਦ ਕਰ ਲਿਆ ਹੈ। ਰਿਪੋਰਟਰ ਅਨੁਸਾਰ ਛਾਪੇਮਾਰੀ ਦਾ ਸਿਲਸਿਲਾ ਅਜੇ ਜਾਰੀ ਸੀ। ਜਦ ਰਿਪੋਰਟਰ ਪਿੰਡ ਵਿਚ ਤੋੜੇ ਹੋਏ ਘਰ ਦੇਖ ਰਿਹਾ ਸੀ ਤਾਂ ਬਖਤਰਬੰਦ ਗੱਡੀਆਂ ਪਿੰਡ ਵਿਚ ਆ ਗਈਆਂ, ਜਿਹਨਾਂ ਨੂੰ ਦੇਖ ਕੇ ਬਾਲਗ ਅਤੇ ਬੱਚੇ ਤੁਰੰਤ ਭੱਜ ਕੇ ਖੇਤਾਂ ਵਿਚ ਜਾ ਲੁਕੇ।
19 ਸਾਲ ਦੀ ਇਕ ਲੜਕੀ ਨੇ ਦੱਸਿਆ, “ਉਹਨਾਂ ਕੋਲ ਕੁਹਾੜੀਆਂ, ਛੁਰੇ, ਬੰਦੂਕਾਂ, ਪੈਪਰੀ ਸਪਰੇਅ ਸਨ, ਜਿਹੜਾ ਵੀ ਕੁਝ ਕਹਿਣ ਦਾ ਜੇਰਾ ਕਰਦਾ, ਉਹ ਉਸ ਦੇ ਚਿਹਰੇ ਉਪਰ ਕੋਈ ਚੀਜ਼ ਸਪਰੇਅ ਕਰ ਦਿੰਦੇ। ਅਸੀਂ ਬਹੁਤ ਸਹਿਮੀਆਂ ਹੋਈਆਂ ਅਤੇ ਭੈਭੀਤ ਹਾਂ ਕਿ ਉਹ ਕਿਸੇ ਵਕਤ ਵੀ ਆ ਸਕਦੇ ਹਨ ਅਤੇ ਸਾਡੇ ਨਾਲ ਕੁਝ ਵੀ ਕਰ ਸਕਦੇ ਹਨ।” 17 ਸਾਲ ਦੀ ਇਕ ਲੜਕੀ ਆਪਣੀ ਬਾਂਹ ਉਪਰ ਹੋਇਆ ਜ਼ਖਮ ਦਿਖਾਉਂਦੀ ਹੋਈ ਦੱਸਦੀ ਹੈ ਕਿ ਜਦ ਉਸ ਨੇ ਆਪਣੇ 70 ਸਾਲ ਦੇ ਦਾਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬੰਦੂਕ ਦੇ ਬੱਟ ਮਾਰੇ ਗਏ, “ਉਹਨਾਂ ਨੇ ਮੇਰੇ ਵਾਰ-ਵਾਰ ਥੱਪੜ ਮਾਰੇ ਅਤੇ ਮੇਰੀ ਆਂਟੀ ਨੂੰ ਵੀ ਠੁੱਡੇ ਮਾਰੇ ਜੋ ਗਿਰ ਗਈ ਸੀ।” ਇਕ ਹੋਰ ਮੁਟਿਆਰ ਕਹਿੰਦੀ ਹੈ, “ਅਸੀਂ ਕੁਝ ਨਹੀਂ ਕਹਿਣਾ ਚਾਹੁੰਦੀਆਂ ਲੇਕਿਨ ਇਥੇ ਅਸੀਂ ਮਹਿਫੂਜ਼ ਨਹੀਂ ਹਾਂ। ਸਾਨੂੰ ਆਪਣਾ ਡਰ ਹੈ। ਸਾਨੂੰ ਕੋਈ ਮੁਆਵਜ਼ਾ ਨਹੀਂ ਚਾਹੀਦਾ। ਅਸੀਂ ਤਾਂ ਬਸ ਇਹੀ ਕਹਿਣਾ ਚਾਹੁੰਦੀਆਂ ਹਾਂ ਕਿ ਦਸਤੇ ਸਾਨੂੰ ਜਿਊਣ ਦੀ ਇਜਾਜ਼ਤ ਦੇ ਦੇਣ।” ਉਹ ਦੱਸਦੀ ਹੈ ਕਿ ਅਗਲੇ ਮਹੀਨੇ ਉਸ ਦਾ ਵਿਆਹ ਰੱਖਿਆ ਹੋਇਆ ਸੀ ਲੇਕਿਨ ਉਸ ਨੇ ਆਪਣੇ ਵਿਆਹ ਲਈ ਜੋ ਕੱਪੜੇ, ਗਹਿਣਾ-ਗੱਟੇ ਅਤੇ ਹੋਰ ਚੀਜ਼ਾਂ ਬਣਾਈਆਂ ਸਨ ਉਹ ਸਭ ਕੁਝ ਸਲਾਮਤੀ ਦਸਤਿਆਂ ਵਾਲੇ ਚੁੱਕ ਕੇ ਲੈ ਗਏ। “ਅਸੀਂ ਫੋਨ ਕਰਕੇ ਆਪਣੇ ਸਹੁਰੇ ਪਰਿਵਾਰ ਨੂੰ ਦੱਸਿਆ ਕਿ ਹੁਣ ਇਸ ਸਾਲ ਮੇਰਾ ਵਿਆਹ ਨਹੀਂ ਕੀਤਾ ਜਾ ਸਕਦਾ। ਮੇਰੇ ਕੋਲ ਕੁਝ ਨਹੀਂ ਬਚਿਆ ਹੈ। ਉਹਨਾਂ ਨੇ ਤਾਂ ਮੇਰੇ ਮਾਨਸਿਕ ਤੌਰ ‘ਤੇ ਅਪਾਹਜ ਚਾਚੇ ਦੀ ਮੇਰੀਆਂ ਅੱਖਾਂ ਸਾਹਮਣੇ ਕੁੱਟਮਾਰ ਕੀਤੀ ਅਤੇ ਉਸ ਨੂੰ ਬੰਦ ਕਰ ਦਿੱਤਾ।”
ਇਕ ਹੋਰ ਔਰਤ ਨੇ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ, “ਉਹ ਮੇਰੇ ਘਰ ਵਿੱਚੋਂ ਸਭ ਕੁਝ ਲੁੱਟ ਕੇ ਲੈ ਗਏ। ਉਹਨਾਂ ਨੇ ਤਾਂ ਮੇਰੀ ਸੱਤ ਮਹੀਨੇ ਦੀ ਬੱਚੀ ਦੀ ਦੁੱਧ ਪੀਣ ਵਾਲੀ ਬੋਤਲ ਵੀ ਤੋੜ ਦਿੱਤੀ। ਉਹਨਾਂ ਨੇ ਸਾਨੂੰ ਕੁਝ ਸਪਰੇਅ ਕਰਕੇ ਬੇਹੋਸ਼ ਕਰ ਦਿੱਤਾ। ਅਸੀਂ ਤਾਂ ਉਹਨਾਂ ਦੇ ਇਹੀ ਤਰਲੇ ਕਰਦੇ ਰਹੇ ਕਿ ਸਾਨੂੰ ਬਖਸ਼ ਦਿਓ।”
ਇਕ ਹੋਰ ਔਰਤ ਹਫੀਜ਼ਾ ਨੇ ਦੱਸਿਆ ਕਿ ਬਚਣ ਲਈ ਖਿੜਕੀ ਵਿਚੋਂ ਛਾਲ ਮਾਰਨ ਕਰਕੇ ਉਸ ਦੇ ਪੇਟ ਵਿਚ ਦਰਦ ਹੋ ਰਿਹਾ ਹੈ, ਕਿਉਂਕਿ ਹੁਣੇ ਜਿਹੇ ਹੀ ਉਸ ਦੀ ਸਰਜਰੀ ਹੋਈ ਸੀ। ਇਹ ਭਿਆਨਕ ਮੰਜ਼ਰ ਬਿਆਨ ਕਰਨ ਦੇ ਵਕਤ ਉਸ ਦੀਆਂ ਦੋ ਨਾਬਾਲਗ ਧੀਆਂ ਉਸ ਦੇ ਕੋਲ ਹੀ ਖੜ੍ਹੀਆਂ ਸਨ, ਜਦ ਉਹ ਦੱਸ ਰਹੀ ਸੀ, “ਮੈਨੂੰ ਆਪਣੀਆਂ ਜਵਾਨ ਧੀਆਂ ਦੀ ਸੁਰੱਖਿਆ ਦਾ ਡਰ ਸੀ, ਉਹ ਇਨਸਾਨ ਨਹੀਂ ਹੈਵਾਨ ਹਨ। ਮੈਂ ਆਪਣੀਆਂ 17 ਅਤੇ 19 ਸਾਲ ਦੀਆਂ ਧੀਆਂ ਨੂੰ ਲੈ ਕੇ ਖਿੜਕੀ ਵਿਚੋਂ ਛਾਲ ਮਾਰ ਦਿੱਤੀ। ਉਹਨਾਂ ਨੇ ਸਾਰੀਆਂ ਲਾਈਟਾਂ, ਸਵਿੱਚ ਬਾਕਸ ਤੋੜ ਦਿੱਤੇ ਅਤੇ ਜੋ ਕੁਝ ਚੁੱਕ ਕੇ ਲਿਜਾ ਸਕਦੇ ਸਨ, ਉਹ ਲੈ ਗਏ। ਉਹਨਾਂ ਨੇ ਸਾਨੂੰ ਬੋਲਣ ਨਹੀਂ ਦਿੱਤਾ। ਮੇਰਾ ਸਰੀਰ ਅਜੇ ਵੀ ਕੰਬ ਰਿਹਾ ਹੈ। ਮੈਨੂੰ ਇਸ ਤੋਂ ਵੀ ਭੈੜਾ ਵਾਪਰਨ ਦਾ ਡਰ ਸੀ ਕਿਉਂਕਿ ਘਰ ਵਿਚ ਕੋਈ ਮਰਦ ਨਹੀਂ ਸੀ।” ਇਕ ਔਰਤ ਆਪਣੇ ਨਾਬਾਲਗ ਲੜਕੇ ਵੱਲ ਇਸ਼ਾਰਾ ਕਰਦੀ ਹੈ ਜੋ ਪਿਛਲੇ ਇਕ ਹਫਤੇ ਤੋਂ ਘਰ ਤੋਂ ਬਾਹਰ ਰਹਿ ਰਿਹਾ ਸੀ। ਉਹ ਕਹਿੰਦੀ ਹੈ, “ਅਸੀਂ ਜ਼ੁਲਮ ਹੇਠ ਰਹਿ ਰਹੇ ਹਾਂ। ਅਸੀਂ ਆਪਣੇ ਬੱਚਿਆਂ ਨੂੰ ਗ੍ਰਿਫਤਾਰ ਨਹੀਂ ਹੋਣ ਦੇਵਾਂਗੇ ਅਤੇ ਉਹਨਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਅਤੇ ਤਸੀਹੇ ਦੇਣ ਦੀ ਇਜਾਜ਼ਤ ਨਹੀਂ ਦੇਵਾਂਗੇ। ਸਾਡਾ ਅਮਨ-ਚੈਨ ਖੁੱਸ ਗਿਆ ਹੈ।”
ਹਫੀਜ਼ਾ ਕਹਿੰਦੀ ਹੈ, “ਮੇਰਾ ਬੇਟਾ ਸਾਰਾ ਦਿਨ ਕਬਰਸਤਾਨ ਵਿਚ ਹੀ ਸੌਂਦਾ ਸੀ ਅਤੇ ਮੈਂ ਉਥੇ ਹੀ ਉਸ ਨੂੰ ਪਾਣੀ ਦੇ ਆਉਂਦੀ। ਪੁਲਿਸ ਸਾਡੇ ਬੱਚਿਆਂ ਨੂੰ ਬੰਦੂਕਾਂ ਚੁੱਕਣ ਲਈ ਮਜਬੂਰ ਕਰ ਰਹੀ ਹੈ। ਉਹ ਸਾਨੂੰ ਜਿਊਣ ਕਿਉਂ ਨਹੀਂ ਦਿੰਦੇ?” ਉਹ ਅੱਗੇ ਕਹਿੰਦੀ ਹੈ, “ਉਹ ਚਾਹੁੰਦੇ ਹਨ ਕਿ ਅਸੀਂ ਆਪਣੇ ਬੱਚਿਆਂ ਨੂੰ ਥਾਣਿਆਂ ਵਿਚ ਲਿਜਾ ਕੇ ਪੇਸ਼ ਕਰੀਏ। ਅਸੀਂ ਇਹ ਨਹੀਂ ਕਰਾਂਗੇ। ਕਰੋਨਾਵਾਇਰਸ ਅਤੇ ਰਮਜ਼ਾਨ ਸਾਡੇ ਚੇਤਿਆਂ ‘ਚੋਂ ਵਿਸਰ ਗਿਆ ਹੈ। ਸਾਡਾ ਸਭ ਕੁਝ ਖੋਹਿਆ ਗਿਆ ਹੈ। ਸਾਡੇ ਕੋਲ ਖਾਣ ਲਈ ਕੁਝ ਨਹੀਂ। ਉਹਨਾਂ ਨੇ ਸਾਡਾ ਖਾਣ-ਪੀਣ ਦਾ ਸਮਾਨ ਅਤੇ ਜੋ ਕੁਝ ਵੀ ਅਸੀਂ ਜਮ੍ਹਾਂ ਕੀਤਾ ਹੋਇਆ ਸਭ ਖਰਾਬ ਕਰ ਦਿੱਤਾ। ਦੁਕਾਨਾਂ ਸਾੜ ਦਿੱਤੀਆਂ ਗਈਆਂ, ਅਸੀਂ ਆਪਣੇ ਹੀ ਘਰਾਂ ਵਿਚ ਭਿਖਾਰੀ ਬਣਾ ਦਿੱਤੇ ਗਏ ਹਾਂ।”
ਇਕ ਹੋਰ ਔਰਤ ਨੇ ਦੱਸਿਆ, “ਉਹ ਔਰਤਾਂ ਨੂੰ ਉਚੀ-ਉਚੀ ਦਬਕੇ ਮਾਰ ਰਹੇ ਸਨ ਅਤੇ ਗਾਹਲਾਂ ਦੇ ਰਹੇ ਸਨ। ਉਹਨਾਂ ਨੇ ਸਾਨੂੰ ਹੱਥ ਉਪਰ ਚੁੱਕਣ ਅਤੇ ਇਹ ਦੱਸਣ ਲਈ ਕਿਹਾ ਕਿ ਸਾਡੇ ਵਿਚੋਂ ਕੌਣ ਬੁਰਹਾਨ ਵਾਨੀ ਬਣਨਾ ਚਾਹੁੰਦੀ ਹੈ, ਕੌਣ ਸਲਾਹੂਦੀਨ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਅਸੀਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਅਸੀਂ ਆਜ਼ਾਦੀ ਚਾਹੁੰਦੇ ਹਾਂ ਅਤੇ ਇਹ ਕਹਿੰਦੇ ਰਹਾਂਗੇ।”