ਕਰੋਨਾ ਵਾਇਰਸ ਅਤੇ ਔਰਤਾਂ ‘ਤੇ ਵਧ ਰਹੀ ਹਿੰਸਾ

ਕੰਵਲਜੀਤ ਕੌਰ ਗਿੱਲ
ਇਤਿਹਾਸ ਗਵਾਹ ਹੈ ਕਿ ਕਿਸੇ ਵੀ ਦੇਸ਼ ਜਾਂ ਸਮਾਜ ਉਪਰ ਜਦੋਂ ਵੀ ਕੋਈ ਭੀੜ ਪੈਂਦੀ ਹੈ ਤਾਂ ਇਸ ਦਾ ਖਮਿਆਜ਼ਾ ਪਰਿਵਾਰ ਦੀਆਂ ਔਰਤਾਂ ਨੂੰ ਮਰਦਾਂ ਦੇ ਮਕਾਬਲੇ ਜ਼ਿਆਦਾ ਭੁਗਤਣਾ ਪੈਂਦਾ ਹੈ। ਯੂ.ਐਨ. ਵੂਮੈਨ ਦੇ ਅਧਿਐਨ ਅਨੁਸਾਰ ਮੌਜੂਦਾ ਕੋਵਿਡ-19 ਮਹਾਮਾਰੀ ਦੌਰਾਨ ਔਰਤਾਂ ਅਤੇ ਲੜਕੀਆਂ ਉਤੇ ਹਿੰਸਾ, ਖਾਸ ਤੌਰ ਤੇ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। 17 ਮਾਰਚ 2020 ਤੋਂ ਹੁਣ ਤਕ ਫਰਾਂਸ ਵਿਚ ਹੈਲਪਲਾਈਨਾਂ ਉਪਰ ਹਿੰਸਾ ਦੀਆਂ ਘਟਨਾਵਾਂ 30 ਫੀਸਦ, ਸਾਈਪਰਸ ਤੇ ਸਿੰਗਾਪੁਰ ਵਿਚ ਕ੍ਰਮਵਾਰ 30 ਤੇ 33 ਫੀਸਦ ਦਰਜ ਕੀਤੀਆਂ ਗਈਆਂ। ਅਰਜਨਟਾਈਨਾ ਵਿਚ ਘਰੇਲੂ ਹਿੰਸਾ ਕਾਰਨ ਕੀਤੀਆਂ ਜਾਂਦੀਆਂ ਟੈਲੀਫੋਨ ਕਾਲਾਂ ਵਿਚ 25 ਫੀਸਦ ਵਾਧਾ ਹੋਇਆ ਹੈ।

ਇਵੇਂ ਹੀ ਕੈਨੇਡਾ, ਜਰਮਨੀ, ਸਪੇਨ, ਯੂ.ਕੇ. ਅਤੇ ਅਮਰੀਕਾ ਵਿਚ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਨੇ ਘਰ ਤੋਂ ਬਾਹਰ ਸ਼ੈੱਲਟਰ ਘਰਾਂ ਵਿਚ ਰਹਿਣ ਨੂੰ ਤਰਜੀਹ ਦਿਤੀ। ਭਾਰਤ ਵਿਚ ਵੀ ਅਨੇਕਾਂ ਤਬਕਿਆਂ ਨਾਲ ਸਬੰਧਤ ਔਰਤਾਂ ਉਤੇ ਹਿੰਸਾ ਦੀਆਂ ਘਟਨਾਵਾਂ ਰੋਜ਼ਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ।
ਇਕ ਪਾਸੇ ਸਾਰਾ ਦੇਸ਼ ਮਹਾਮਾਰੀ ਨਾਲ ਲੜ ਰਿਹਾ ਹੈ, ਦੂਜੇ ਪਾਸੇ ਔਰਤਾਂ ਨੂੰ ਇਸ ਦਾ ਦੂਹਰਾ ਤੀਹਰਾ ਬੋਝ ਝੱਲਣਾ ਪੈ ਰਿਹਾ ਹੈ। ਕੰਮ ਕਾਜੀ ਔਰਤਾਂ ਨੇ ਇਸ ਲੌਕਡਾਊਨ ਤਹਿਤ ਘਰੇ ਰਹਿਣ ਨੂੰ ਇਕ ਵਾਰ ਤਾਂ ਰੋਜ਼ਾਨਾ ਕੰਮ ਤੋਂ ਬਰੇਕ ਜਾਂ ਛੁੱਟੀ ਵਜੋਂ ਲਿਆ; ਉਹ ਖੁਸ਼ ਸਨ ਕਿ ਹੁਣ ਉਹ ਆਪਣੇ ਘਰ ਪਰਿਵਾਰ, ਬੱਚਿਆਂ, ਬਜ਼ੁਰਗਾਂ ਨੂੰ ਵਧੇਰੇ ਸਮਾਂ ਦੇ ਰਹੀਆਂ ਹਨ, ਘਰ ਦੀ ਸਾਂਭ ਸੰਭਾਲ ਵਧੇਰੇ ਸੁਚੱਜੇ ਢੰਗ ਨਾਲ ਹੋ ਰਹੀ ਹੈ ਜਾਂ ਜਿਹੜੇ ਕੰਮ ਸਮੇਂ ਦੀ ਘਾਟ ਕਾਰਨ ਨਹੀਂ ਹੋ ਰਹੇ ਸਨ, ਉਹ ਨਿਬੇੜੇ ਜਾ ਰਹੇ ਹਨ।
ਇਹੋ ਜਿਹਾ ਰੁਝਾਨ ਬਰੇਕ ਦੇ ਤੌਰ Ḕਤੇ ਤਾਂ ਸਹੀ ਜਾਪਦਾ ਹੈ ਪਰ ਹੁਣ ਪੰਜਵੀ ਵਾਰ ਲੌਕਡਾਊਨ ਦਾ ਐਲਾਨ ਹੋਣ ਨਾਲ ਇਹੀ ਕੰਮ ਬੋਝ ਦਾ ਰੂਪ ਧਾਰ ਗਿਆ ਹੈ। ਘਰੇਲੂ ਕੰਮ ਵਾਸਤੇ ਬਾਹਰੋਂ ਲਈ ਜਾਂਦੀ ਮਦਦ ਬੰਦ ਹੋਣ ਕਾਰਨ ਝਾੜੂ ਪੋਚਾ, ਭਾਂਡਿਆਂ ਦੀ ਸਫਾਈ, ਕੱਪੜੇ ਧੋਣੇ, ਰਸੋਈ ਦਾ ਸਾਰਾ ਹੀ ਕੰਮ ਹੁਣ ਘਰ ਦੀ ਗ੍ਰਹਿਣੀ ਉਪਰ ਆਣ ਪਿਆ ਹੈ। ਕੰਮ ਕਾਜੀ ਔਰਤਾਂ ਜਿਨ੍ਹਾਂ ਵਿਚ ਅਧਿਆਪਕ, ਕਲਰਕ ਜਾਂ ਦਫਤਰਾਂ ਵਿਚ ਉਚ ਅਹੁਦਿਆਂ ਉਪਰ ਕੰਮ ਕਰਦੀਆਂ ਔਰਤਾਂ, ਪ੍ਰਾਈਵੇਟ ਅਦਾਰਿਆਂ ਜਾਂ ਕੰਪਨੀਆਂ ਵਿਚ ਲੱਗੀਆਂ ਔਰਤਾਂ ਸ਼ਾਮਿਲ ਹਨ, ਸਾਰੀਆਂ ਦਾ ਕੰਮ ਵਧ ਗਿਆ। ਉਹ ਆਨਲਾਈਨ ਤਾਂ ਸਾਰੀ ਡਿਊਟੀ ਕਰ ਹੀ ਰਹੀਆਂ ਹਨ, ਨਾਲ ਹੀ ਕਿਉਂਕਿ ਉਹ ਘਰ ਵਿਚ ਮੌਜੂਦ ਹਨ, ਇਸ ਵਾਸਤੇ ਘਰ ਦੇ ਸਾਰੇ ਮੈਂਬਰਾਂ ਦੀਆਂ ਮੰਗਾਂ ਦੀ ਪੂਰਤੀ ਦੀ ਆਸ ਵੀ ਉਸੇ ਪਾਸੋਂ ਕੀਤੀ ਜਾਂਦੀ ਹੈ। ਘਰ ਦੇ ਮਰਦ ਜੋ ਪਹਿਲਾਂ ਸਾਰਾ ਦਿਨ ਘਰੋਂ ਬਾਹਰ ਰਹਿੰਦੇ ਸਨ ਅਤੇ ਬੱਚੇ ਸਕੂਲ, ਹੁਣ ਉਨ੍ਹਾਂ ਦੀਆਂ ਵੀ ਨਿਤ ਨਵੀਆਂ ਮੰਗਾਂ ਆ ਰਹੀਆਂ ਹਨ। ਇਸ ਰੁਝਾਨ ਨਾਲ ਔਰਤਾਂ ਉਪਰ ਸਰੀਰਕ ਬੋਝ ਦੇ ਨਾਲ ਨਾਲ ਮਾਨਸਿਕ ਬੋਝ ਅਤੇ ਤਣਾਅ ਵਧਿਆ ਹੈ। ਹਿੰਸਾ ਕੇਵਲ ਮਾਰ ਕੁਟਾਈ ਜਾਂ ਜਿਨਸੀ ਸ਼ੋਸ਼ਣ ਹੀ ਨਹੀਂ ਹੰਦਾ, ਸਮਾਜਿਕ ਭਾਵਨਾਤਮਿਕ ਅਤੇ ਮਨੋਵਿਗਿਆਨਕ ਵੀ ਹੰਦਾ ਹੈ, ਕਿਉਂਕਿ ਇਹ ਆਰਥਿਕ, ਸਿਆਸੀ ਅਤੇ ਸਮਾਜਿਕ ਸ਼ੋਸ਼ਣ ਦੀਆਂ ਪ੍ਰਵਿਰਤੀਆਂ ਵਿਚੋਂ ਉਪਜਦਾ ਹੈ। ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਕਦੀ ਵੀ ਬਰਾਬਰੀ ਦਾ ਦਰਜਾ ਨਹੀਂ ਮਿਲਿਆ। ਗਰੀਬ ਤਬਕੇ ਦੀਆਂ ਔਰਤਾਂ ਜੋ ਮਧ ਵਰਗ ਅਤੇ ਉਚ ਵਰਗ ਦੇ ਘਰਾਂ ਵਿਚ ਕੰਮ ਆਦਿ ਕਰਕੇ ਥੋੜ੍ਹਾ ਬਹੁਤ ਕਮਾਉਂਦੀਆਂ ਸਨ ਜਾਂ ਭਵਨ ਉਸਾਰੀ ਦੇ ਕੰਮਾਂ ਵਿਚ ਦਿਹਾੜੀ ਕਰਦੀਆਂ ਸਨ, ਕੰਮ ਬੰਦ ਹੋਣ ਕਾਰਨ ਉਹ ਵਧੇਰੇ ਸੰਤਾਪ ਭੋਗ ਰਹੀਆਂ ਹਨ। ਇਨ੍ਹਾਂ ਪਰਿਵਾਰਾਂ ਵਿਚ ਆਰਥਿਕ ਤੰਗੀ ਵਧਣ ਕਾਰਨ ਮਾਰ ਕੁਟਾਈ ਦੀਆਂ ਘਟਨਾਵਾਂ ਵਧੀਆਂ ਹਨ। ਗਰੀਬੀ ਅਤੇ ਭੁਖਮਰੀ ਦੀ ਮਾਰ ਵੀ ਔਰਤਾਂ ਨੂੰ ਹੀ ਜ਼ਿਆਦਾ ਝੱਲਣੀ ਪੈ ਰਹੀ ਹੈ।
ਅੰਕੜੇ ਦੱਸਦੇ ਹਨ ਕਿ 112 ਨੰਬਰ ਤੇ ਹੋਣ ਵਾਲੇ ਫੋਨਾਂ ਦੀ ਗਿਣਤੀ ਵਿਚ ਕਈ ਗੁਣਾ ਵਾਧਾ ਹੋਇਆ ਹੈ ਪਰ ਨਾਲ ਹੀ ਪ੍ਰੇਸ਼ਾਨੀ ਇਹ ਵੀ ਹੈ ਕਿ ਇਨ੍ਹਾਂ ਘਟਨਾਵਾਂ ਦੀ ਗਿਣਤੀ ਵਧਣ ਕਾਰਨ ਸਾਰੀਆਂ ਕਾਲਾਂ ਅਟੈਂਡ ਕਰਨਾ ਸੰਭਵ ਨਹੀਂ। ਹੋਰ ਵੀ ਸਮਾਜਿਕ ਸਰੋਤ ਜਿਨ੍ਹਾਂ ਤੋਂ ਔਰਤਾਂ ਸਹਾਇਤਾ ਆਦਿ ਪ੍ਰਾਪਤ ਕਰ ਸਕਦੀਆਂ ਹਨ, ਹੁਣ ਪਹੁੰਚ ਤੋਂ ਬਾਹਰ ਹੋ ਗਏ; ਜਿਵੇਂ ਆਪਸੀ ਮਿਲਣਾ ਵਰਤਣਾ, ਅਧਿਆਪਕਾਂ ਨਾਲ ਸਲਾਹ ਮਸ਼ਵਰਾ, ਸਿਹਤ ਵਰਕਰ, ਸਮਾਜ ਭਲਾਈ ਮਹਿਲਾ ਵਰਕ ਆਦਿ। ਗਰੀਬ ਤਬਕੇ ਦੀਆਂ ਬਹੁਤੀਆਂ ਔਰਤਾਂ ਕੋਲ ਤਾਂ ਸ਼ਿਕਾਇਤ ਕਰਨ ਵਾਸਤੇ ਨਿਜੀ ਮੋਬਾਇਲ ਫੋਨ ਆਦਿ ਵੀ ਨਹੀਂ, ਜਾਂ ਪਰਿਵਾਰ ਦੇ ਮਰਦ ਮੈਂਬਰ ਅਕਸਰ ਉਨ੍ਹਾਂ ਦੀ ਪੁਰਾਣੀ ਹਿਸਟਰੀ ਸ਼ੱਕੀ ਨਿਗ੍ਹਾ ਨਾਲ ਘੋਖਦੇ ਰਹਿੰਦੇ ਹਨ।
ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਲੈਪਟਾਪ ਆਦਿ ਦੀ ਵਰਤੋਂ ਕਰਦੀਆਂ ਹਨ, ਉਹ ਆਨਲਾਈਨ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਆਨਲਾਈਨ ਮੀਟਿੰਗ ਬਹਾਨੇ ਅਸ਼ਲੀਲ ਵੀਡਿਓ, ਫੋਟੋਆਂ ਭੇਜਣੀਆਂ ਆਮ ਵਰਤਾਰਾ ਹੈ। ਸਰੀਰਕ ਦੂਰੀ ਅਤੇ ਲੌਕਡਾਊਨ ਦੌਰਾਨ ਸੜਕਾਂ ਬਾਜ਼ਾਰ ਆਦਿ ਖਾਲੀ ਹਨ। ਹਾਲਾਤ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਕੁਝ ਸਮਾਜ ਵਿਰੋਧੀ ਅਨਸਰ ਜ਼ਰੂਰੀ ਸੇਵਾਵਾਂ ਲਈ ਜਾ ਰਹੀਆਂ ਔਰਤਾਂ ਉਪਰ ਸਰੀਰਕ ਹਮਲੇ ਕਰਦੇ ਹਨ ਜਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਕੰਮ ਉਤੇ ਜਾ ਰਹੀਆਂ ਔਰਤਾਂ ਦਾ ਪਿੱਛਾ ਕਰਨਾ, ਛੇੜਛਾੜ ਕਰਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਵੀ ਵਧੀਆਂ ਹਨ। ਉਦੋਂ ਹਾਲਾਤ ਹੋਰ ਵੀ ਚਿੰਤਾਜਨਕ ਹੋ ਜਾਂਦੇ ਹਨ ਜਦੋਂ ਪੀੜਤ ਮਹਿਲਾ ਦੀ ਸ਼ਿਕਾਇਤ ਉਪਰ ਇਸ ਕਰਕੇ ਤਵੱਜੋਂ ਨਹੀਂ ਦਿਤੀ ਜਾਂਦੀ ਕਿਉਂਕਿ ਦੇਸ਼ ਕਰੋਨਾ ਦੀ ਮਹਾਮਾਰੀ ਦਾ ਪਹਿਲ ਦੇ ਆਧਾਰ ਤੇ ਮੁਕਾਬਲਾ ਕਰ ਰਿਹਾ ਹੈ। ਮਾਨਸਿਕ ਜਾਂ ਸਰੀਰਕ ਸ਼ੋਸ਼ਣ ਤੋਂ ਪੀੜਤ ਔਰਤ ਨੂੰ ਸੁਣਨ ਦੀ ਬਜਾਇ ਕਰੋਨਾ ਦੇ ਮਰੀਜ਼ ਦੀ ਕਾਊਂਸਲਿੰਗ ਕਰਨਾ ਜਾਂ ਡਾਕਟਰੀ ਸਹਾਇਤਾ ਦੇਣਾ ਵਧੇਰੇ ਜ਼ਰੂਰੀ ਸਮਝਿਆ ਜਾ ਰਿਹਾ ਹੈ।
ਔਰਤ ਉਤੇ ਹਿੰਸਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਇਸ ਨਾਲ ਕੇਵਲ ਪੀੜਤ ਔਰਤ ਹੀ ਨਹੀਂ ਬਲਕਿ ਉਸ ਦਾ ਪਰਿਵਾਰ, ਆਲਾ-ਦੁਆਲਾ ਅਤੇ ਸਮੁੱਚਾ ਸਮਾਜ ਪ੍ਰਭਾਵਿਤ ਹੁੰਦਾ ਹੈ। ਯੂ.ਐਨ. ਵੂਮੈਨ ਦੇ ਅੰਦਾਜ਼ੇ ਮੁਤਾਬਿਕ ਕੋਵਿਡ-19 ਕਾਰਨ ਆਰਥਿਕ ਮੰਦੀ ਦਾ ਜੋ ਦੌਰ ਸ਼ੁਰੂ ਹੋਇਆ ਹੈ, ਉਸ ਤੋਂ ਔਰਤਾਂ ਵਧੇਰੇ ਪ੍ਰਭਾਵਿਤ ਹੋਣਗੀਆਂ। ਆਮ ਤੌਰ ਤੇ ਜਿਹੜੀਆਂ ਔਰਤਾਂ ਗੈਰ-ਸੰਗਠਿਤ ਖੇਤਰ ਵਿਚ ਆਰਜ਼ੀ ਤੌਰ ਤੇ ਜਾਂ ਦਿਹਾੜੀ ਤੇ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਪਹਿਲਾਂ ਹੀ ਘੱਟ ਉਜਰਤ ਤੇ ਰੱਖਿਆ ਜਾਂਦਾ ਹੈ। ਉਨ੍ਹਾਂ ਦੀ ਬੀਮਾ, ਪੈਨਸ਼ਨ ਆਦਿ ਵਰਗੀ ਕੋਈ ਸੁਰੱਖਿਆ ਵੀ ਨਹੀਂ ਹੁੰਦੀ। ਲੌਕਡਾਊਨ ਕਾਰਨ ਵਧੀ ਬੇਰੁਜ਼ਗਾਰੀ ਦੀ ਮਾਰ ਵੀ ਔਰਤਾਂ ਨੂੰ ਵਧੇਰੇ ਝੱਲਣੀ ਪਵੇਗੀ। ਇਬੋਲਾ ਅਤੇ ਜ਼ੀਕਾ ਵਾਇਰਸ ਫੈਲਣ ਮੌਕੇ ਵੀ ਇੰਜ ਹੀ ਹੋਇਆ ਸੀ।
ਦਿਮਾਗੀ ਪ੍ਰੇਸ਼ਾਨੀ, ਤਣਾਓ ਤੇ ਕੰਮ ਦਾ ਵਧਿਆ ਬੋਝ ਸਰੀਰਕ, ਮਾਨਸਿਕ ਅਤੇ ਮਨੋਵਿਗਿਆਨਕ ਬਿਮਾਰੀਆਂ ਵਧਾਉਂਦੇ ਹਨ। ਇਨ੍ਹਾਂ ਬਿਮਾਰੀਆਂ ਦਾ ਮੈਡੀਕਲ ਸਾਇੰਸ ਅਨੁਸਾਰ ਆਪਸ ਵਿਚ ਕੋਈ ਸਬੰਧ ਨਹੀਂ ਹੁੰਦਾ। ਬਦਲੇ ਹੋਏ ਹਾਲਾਤ ਵਿਚ ਔਰਤ ਪਾਸੋਂ ਸਾਧਾਰਨ ਵਰਤਾਰੇ ਅਤੇ ਹੁੰਗਾਰੇ ਦੀ ਆਸ ਕਰਨਾ ਉਸ ਦੇ ਨਿਜ ਨਾਲ ਜ਼ਿਆਦਤੀ ਹੋਵੇਗੀ, ਭਾਵ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਵੇਗੀ। ਅਜਿਹੀ ਹਾਲਤ ਨਾਲ ਨਜਿੱਠਣ ਵਾਸਤੇ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਹਿੰਸਾ ਦੀਆਂ ਘਟਨਾਵਾਂ ਬਾਰੇ ਸੰਜੀਦਗੀ ਨਾਲ ਜਾਣਕਾਰੀ ਇਕੱਠੀ ਕਰਨਾ ਕਿ ਇਨ੍ਹਾਂ ਘਟਨਾਵਾਂ ਦੇ ਕਾਰਨ ਕੀ ਹਨ। ਆਮ ਵਰਤਾਰੇ ਅਤੇ ਬਦਲੇ ਹੋਏ ਹਾਲਾਤ ਵਿਚ ਕੀ ਅੰਤਰ ਆਇਆ ਹੈ, ਇਹ ਫਰਕ ਕਰਨਾ ਜ਼ਰੂਰੀ ਹੈ। ਧਿਆਨ ਰੱਖਣਾ ਪਵੇਗਾ ਕਿ ਇਸ ਨਾਲ ਸਮੱਸਿਆ ਹੋਰ ਵੀ ਪੇਚੀਦਾ ਨਾ ਹੋ ਜਾਵੇ।
ਔਰਤਾਂ ਖ਼ਿਲਾਫ ਵਧ ਰਹੀ ਹਿੰਸਾ ਦੀਆਂ ਘਟਨਾਵਾਂ ਦੇ ਹੱਲ ਵਾਸਤੇ ਵੱਖਰੇ ਤੌਰ Ḕਤੇ ਵਿਤੀ ਸਰੋਤ ਰੱਖੇ ਜਾਣ, ਦਿਮਾਗੀ ਤੌਰ Ḕਤੇ ਪ੍ਰੇਸ਼ਾਨ ਔਰਤਾਂ ਵਾਸਤੇ ਮਨੋਵਿਗਿਆਨਕ ਸਲਾਹ ਮਸ਼ਵਰੇ ਦੀ ਸਹੂਲਤ ਦੇ ਨਾਲ ਨਾਲ ਪਹਿਲਾਂ ਤੋਂ ਮੌਜੂਦ ਸੇਵਾਵਾਂ ਤੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇ। 112 ਨੰਬਰ ਦੀਆਂ ਟੈਲੀਫੋਨ ਲਾਈਨਾਂ 24 ਘੰਟੇ ਖੁੱਲ੍ਹੀਆਂ ਰੱਖੀਆਂ ਜਾਣ, ਸ਼ਿਕਾਇਤ ਨਿਵਾਰਨ ਸਬੰਧੀ ਤੁਰੰਤ ਕਾਰਵਾਈ ਦੀ ਹਦਾਇਤ ਹੋਵੇ। ਇਸ ਦੇ ਨਾਲ ਨਾਲ ਸਭ ਤੋਂ ਜ਼ਰੂਰੀ ਹੈ ਕਿ ਪੁਲੀਸ ਪ੍ਰਸ਼ਾਸਨ, ਹਸਪਤਾਲਾਂ ਤੇ ਹੋਰ ਕੰਪਨੀਆਂ Ḕਚ ਕੰਮ ਕਰਦੇ ਮਰਦ ਕਰਮਚਾਰੀਆਂ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਕਿ ਇਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਿਆ ਜਾ ਸਕੇ। ਇਸ ਵਾਸਤੇ ਮਰਦਾਂ ਦਾ ਔਰਤਾਂ ਪ੍ਰਤੀ ਨਜ਼ਰੀਆ ਅਤੇ ਮਾਨਸਿਕਤਾ ਬਦਲਣ ਦੀ ਲੋੜ ਹੈ।
ਇਹ ਤਦ ਹੀ ਸੰਭਵ ਹੈ, ਜੇ ਔਰਤਾਂ ਉਤੇ ਹਿੰਸਾ ਦੇ ਕੇਸ ਦੇ ਫੈਸਲਿਆਂ ਵਿਚ ਔਰਤਾਂ ਦੀ ਸ਼ਮੂਲੀਅਤ ਹੋਵੇ, ਘਰੇਲੂ ਕੰਮ ਕਾਜ ਜੋ ਹੁਣ ਵਧਿਆ ਹੋਇਆ ਹੈ, ਉਸ ਦੀ ਅਹਿਮੀਅਤ ਨੂੰ ਸਮਝਦਿਆਂ ਇਸ ਕੰਮ ਦਾ ਸਤਿਕਾਰ ਕੀਤਾ ਜਾਵੇ ਅਤੇ ਇਸ ਮਹਾਮਾਰੀ ਦੇ ਪੈ ਰਹੇ ਸਮਾਜਿਕ ਤੇ ਆਰਥਿਕ ਪ੍ਰਭਾਵਾਂ ਨੂੰ ਹੱਲ ਕਰਨ ਵਾਸਤੇ ਵਿਤੀ ਸਹਾਇਤਾ ਮੁਹੱਈਆ ਕਰਨ ਵੇਲੇ ਇਸ ਨੂੰ ਔਰਤ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ।