ਕਰੋਨਾ-ਕਾਲ ‘ਚ ਵਿਆਹ!

ਪੰਜ ਬੰਦੇ ਆਏ ਸੀ ਬਰਾਤ ਵਿਚ ‘ਬੈਂਡ’ ਬਿਨਾ, ਮੇਲਿਆਂ ਦੀ ਭੀੜ ਵਾਂਗੂ ਕਾਂਵਾਂ-ਰੌਲੀ ਪਾਈ ਨਾ।
ਧੇਤਿਆਂ-ਪੁਤੇਤਿਆਂ ਨੇ ਘਰੇ ਬਹਿ ਕੇ ਚਾਹ ਛਕੀ, ‘ਪੈਲੇਸਾਂ’ ਨੂੰ ਦੇ ਕੇ ਲੱਖਾਂ ਖੱਲ ਵੀ ਲੁਹਾਈ ਨਾ।
ਕਲਾਕਾਰਾਂ ਅਤੇ ਵੱਜਦੇ ਡੀ. ਜੇ. ਦੇ ਅੱਗੇ ਬੈਠ, ਲੱਜਾ ਵਾਲੀ ਲੋਈ ਆਪਾਂ ਸਿਰੋਂ ਸਰਕਾਈ ਨਾ।
ਅੰਗ ਸਾਕ ਆਂਢ ਤੇ ਗੁਆਂਢ ਨੇ ਮਨਾਈ ਖੁਸ਼ੀ, ਬਾਬਲ ਪਿਆਰੇ ਵਿਹੜੇ ਚੁੱਪ ਵਰਤਾਈ ਨਾ।
ਹੋ ਗਿਆ ਅਨੰਦਾਂ ਨਾਲ ‘ਕਾਰਜ ਅਨੰਦ’ ਮੇਰਾ, ਨਾ ਹੀ ਕਿਸੇ ਖੌਰੂ ਪਾਇਆ, ਦਾਰੂ ਵਰਤਾਈ ਨਾ।
ਦੱਸੋ ਤਾਂ ਕਰੋਨੇ ਤਾਂਈਂ ਮਾੜਾ ਕਹਾਂ ਕਿੱਦਾਂ ਵੀਰੋ, ਵਿਆਹ ਕੇ ਮੈਨੂੰ ਬਾਪ ਮੇਰਾ ਹੋਇਆ ਕਰਜਾਈ ਨਾ!