ਮਨੁੱਖ, ਧਰਮਤੰਤਰ ਅਤੇ ਈਸ਼ਵਰਵਾਦ

ਪਿਛਲੇ ਅੰਕ ਵਿਚ ਹਰਜੀਤ ਦਿਓਲ (ਬਰੈਂਪਟਨ) ਨੇ ਈਸ਼ਵਰਵਾਦ ਦੇ ਕੁਝ ਨੁਕਤਿਆਂ ਬਾਰੇ ਸੰਖੇਪ ਜਿਹੀ ਚਰਚਾ ਕੀਤੀ ਸੀ। ਇਨ੍ਹਾਂ ਵਿਚੋਂ ਇਕ ਨੁਕਤੇ ਬਾਰੇ ਨੰਦ ਸਿੰਘ ਬਰਾੜ ਨੇ ਲੰਮੀ ਟਿੱਪਣੀ ਲਿਖ ਭੇਜੀ ਹੈ, ਜਿਸ ਵਿਚ ਉਨ੍ਹਾਂ ਨੇ ਮਨੁੱਖ, ਧਰਮ ਅਤੇ ਸੰਸਥਾਈ ਧਰਮ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ ਹਨ। ਇਹ ਅਸਲ ਵਿਚ ਧਰਮਤੰਤਰ ਬਾਰੇ ਕੀਤੀਆਂ ਉਹ ਵਿਚਾਰਾਂ ਹਨ, ਜਿਨ੍ਹਾਂ ਬਾਰੇ ਵਾਕਫੀਅਤ ਬੰਦੇ ਨੂੰ ਇਤਿਹਾਸ ਦੇ ਅਣਛੋਹੇ ਪੱਖਾਂ ਬਾਰੇ ਸੋਚਣ ਦੀ ਚਿਣਗ ਲਾਉਂਦੀ ਹੈ।

-ਸੰਪਾਦਕ

ਨੰਦ ਸਿੰਘ ਬਰਾੜ
ਫੋਨ: 916-501-3974

‘ਪੰਜਾਬ ਟਾਈਮਜ਼’ ਦੇ 23 ਮਈ ਦੇ ਅੰਕ ਵਿਚ ਹਰਜੀਤ ਦਿਓਲ, ਬਰੈਂਪਟਨ ਨੇ ਈਸ਼ਵਰਵਾਦ ਬਾਰੇ ਦਲੇਰੀ ਨਾਲ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਮੈਂ ਉਨ੍ਹਾਂ ਦੀਆਂ ਲਗਪਗ ਸਾਰੀਆਂ ਦਲੀਲਾਂ ਨਾਲ ਸਹਿਮਤ ਹਾਂ, ਪਰ ਉਨ੍ਹਾਂ ਦੀ ਆਖਰੀ ਪਹਿਰੇ ਵਿਚ ਪ੍ਰਗਟਾਈ ਦਲੀਲ ਨਾਲ ਮੈਂ ਸਹਿਮਤ ਨਹੀਂ ਹੋ ਸਕਿਆ ਕਿ ਮਨੁੱਖੀ ਵਿਕਾਸ ਦੇ ਸ਼ੁਰੂ ਵਿਚ ਕੁਝ ਮਹਾਪੁਰਸ਼ਾਂ ਨੇ ਧਰਮ ਸ਼ੁਰੂ ਕੀਤੇ।
ਜਦੋਂ ਅਸੀਂ ਇਤਿਹਾਸ ਵਿਚ ਵਿਚਰੇ ਕੁਝ ਮਹਾਪੁਰਸ਼ਾਂ-ਸੁਕਰਾਤ, ਮਨਸੂਰ, ਈਸਾ ਮਸੀਹ ਆਦਿ ਤੋਂ ਲੈ ਕੇ ਸਿੱਖ ਗੁਰੂਆਂ ਤੱਕ ਬਾਰੇ ਪੜ੍ਹਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਸਾਰਿਆਂ ਨੇ ਉਸ ਵੇਲੇ ਦੇ ਪ੍ਰਚਲਿਤ ਧਰਮਾਂ ਤੇ ਹਾਕਮਾਂ ਦੀ ਮਿਲੀਭੁਗਤ ਨੂੰ ਨੰਗਿਆਂ ਕੀਤਾ ਅਤੇ ਉਨ੍ਹਾਂ ਦੇ ਮਾਨਵਤਾ ਵਿਰੋਧੀ ਕਾਰਿਆਂ ਦਾ ਡਟ ਕੇ ਵਿਰੋਧ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਪੁਜਾਰੀਆਂ ਅਤੇ ਹਾਕਮਾਂ ਨੇ ਉਨ੍ਹਾਂ ਮਹਾਪੁਰਸ਼ਾਂ ਦਾ ਖੁਰਾ ਖੋਜ ਮਿਟਾਉਣ ਦਾ ਹਰ ਕੋਝਾ ਢੰਗ ਵਰਤਿਆ।
ਇਸ ਲਈ ਧਰਮ ਮਹਾਪੁਰਖਾਂ ਵਲੋਂ ਨਹੀਂ, ਸਗੋਂ ਇਉਂ ਲਗਦਾ ਹੈ ਕਿ ਕਬੀਲਾ ਯੁੱਗ ਤੋਂ ਅੱਗੇ ਜਦੋਂ ਛੋਟੇ-ਛੋਟੇ ਰਾਜ ਹੋਂਦ ਵਿਚ ਆਏ ਤਾਂ ਹਰ ਸਟੇਟ ਨੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਅਤੇ ਲੋਕਾਂ ਨੂੰ ਅਨੁਸ਼ਾਸਨ ਤੇ ਕੰਟਰੋਲ ਵਿਚ ਰੱਖਣ ਲਈ ਆਪਣੇ ਖਾਸ ਤੇ ਚੁਸਤ ਦਲਾਲਾਂ ਨਾਲ ਮਿਲ ਕੇ ਆਪਣੀ ਆਪਣੀ ਲੋੜ ਅਨੁਸਾਰ ਧਰਮ ਸਥਾਪਤ ਕੀਤੇ ਹੋਣਗੇ। ਸ਼ਾਇਦ ਉਸ ਵੇਲੇ ਕੋਈ ਕਾਨੂੰਨੀ ਸੰਸਥਾ ਨਾ ਹੋਣ ਕਰਕੇ ਇਸ ਦੀ ਲੋੜ ਵੀ ਹੋਵੇਗੀ, ਪਰ ਸਮੇਂ ਦੇ ਬੀਤਣ ਨਾਲ ਇਹ ਸੰਸਥਾ ਹਾਕਮਾਂ ਤੇ ਪੁਜਾਰੀਆਂ ਵਾਸਤੇ ਬਹੁਤ ਕਾਰਗਰ ਸਾਬਤ ਹੋਈ। ਇਸੇ ਕਰਕੇ ਉਨ੍ਹਾਂ ਨੇ ਇਸ ਸੰਸਥਾ ਨੂੰ ਲੰਮੇ ਸਮੇਂ ਵਾਸਤੇ ਕਾਇਮ ਰਖਿਆ ਤੇ ਬਹੁਤ ਸਾਰੇ ਤਾਂ ਅੱਜ ਵੀ ਰੱਖ ਰਹੇ ਹਨ।
ਮਾਨਵਤਾ ਦੀ ਭਲਾਈ ਵਾਸਤੇ ਆਪਣਾ ਸਭ ਕੁਝ ਨਿਛਾਵਰ ਕਰਨ ਵਾਲੇ ਮਹਾਪੁਰਸ਼ ਹੁੰਦੇ ਹਨ। ਇਹ ਸੱਚਾਈ ਹੈ ਕਿ ਸਮੁੱਚੇ ਸੰਸਾਰ ਦੇ ਮਹਾਪੁਰਖਾਂ ਨੇ ਕਦੇ ਵੀ ਕੋਈ ਸਥਾਪਤ ਧਰਮ ਸ਼ੁਰੂ ਨਹੀਂ ਕੀਤਾ, ਜਿਨ੍ਹਾਂ ਨਾਲ ਉਨ੍ਹਾਂ ਦਾ ਨਾਂ ਜੁੜਦਾ ਹੈ, ਸਗੋਂ ਇਹ ਸਥਾਪਤ ਧਰਮ ਤਾਂ ਉਨ੍ਹਾਂ ਤੋਂ ਸੈਂਕੜੇ ਸਾਲ ਪਿਛੋਂ ਹੋਂਦ ਵਿਚ ਆਏ। ਅਸੀਂ ਜਾਣਦੇ ਹਾਂ ਕਿ ਬਹੁਤੇ ਧਰਮਾਂ ਦੇ ਧਰਮ ਗ੍ਰੰਥ ਤਾਂ ਉਨ੍ਹਾਂ ਮਹਾਪੁਰਸ਼ਾਂ ਦੇ ਇਸ ਸੰਸਾਰ ਤੋਂ ਜਾਣ ਤੋਂ ਸਦੀਆਂ ਪਿੱਛੋਂ ਹੋਂਦ ਵਿਚ ਆਏ ਹਨ। ਇਸ ਕਰਕੇ ਲਗਦਾ ਹੈ ਕਿ ਸਾਡੇ ਕੋਲ ਉਨ੍ਹਾਂ ਦੀਆਂ ਅਸਲ ਸਿਖਿਆਵਾਂ ਨਾ ਹੋਣ ਕਾਰਨ ਹਾਕਮਾਂ ਨੇ ਪੁਜਾਰੀਆਂ ਦੀ ਮਿਲੀਭੁਗਤ ਨਾਲ ਉਨ੍ਹਾਂ ਮਹਾਪੁਰਸ਼ਾਂ ਸਬੰਧੀ ਗ੍ਰੰਥ ਅਤੇ ਉਨ੍ਹਾਂ ਦੇ ਨਾਂ ‘ਤੇ ਸਥਾਪਤ ਧਰਮ ਹੋਂਦ ਵਿਚ ਲਿਆਂਦੇ ਹੋਣਗੇ।
ਉਪਰੋਕਤ ਸੱਚਾਈ ਕਿ ਮਨੁੱਖਤਾ ਦੀ ਭਲਾਈ ਵਾਸਤੇ ਜੂਝਣ ਵਾਲੇ ਮਹਾਪੁਰਸ਼ ਕਦੇ ਵੀ ਕੋਈ ਸਥਾਪਤ ਧਰਮ ਸ਼ੁਰੂ ਨਹੀਂ ਕਰਦੇ, ਨੂੰ ਸਾਬਤ ਕਰਨ ਵਾਸਤੇ ਸਾਡੇ ਕੋਲ ਸਭ ਤੋਂ ਨਵੇਂ ਸਥਾਪਤ ਸਿੱਖ ਧਰਮ ਨਾਲ ਸਬੰਧਤ ਪੈਂਤੀ ਮਹਾਪੁਰਖਾਂ ਦੀ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹੈ। ਇਨ੍ਹਾਂ ਮਹਾਪੁਰਖਾਂ ਦੀ ਬਾਣੀ ਵਿਚੋਂ ਕੁਝ ਕੁ ਮਿਸਾਲਾਂ ਨਾਲ ਸਾਨੂੰ ਸਪਸ਼ਟ ਹੋ ਜਾਵੇਗਾ ਕਿ ਉਹ ਆਪਣੇ ਸਮੇਂ ਦੇ ਪ੍ਰਚਲਿਤ ਧਰਮਾਂ ਬਾਰੇ ਕੀ ਸਮਝਦੇ ਅਤੇ ਸਮਝਾਉਂਦੇ ਸਨ। ਇਥੇ ਹੀ ਮੈਂ ਇੱਕ ਗੱਲ ਆਪਣੀ ਸਮਝ ਅਨੁਸਾਰ ਲਿਖਣ ਲੱਗਾ ਹਾਂ। ਮੈਨੂੰ ਲਗਦਾ ਹੈ ਕਿ ਹਰ ਸਥਾਪਤ ਧਰਮ ਦੇ ਪੁਜਾਰੀ ਨੂੰ ਉਸ ਧਰਮ ਵਿਚ ਸਭ ਤੋਂ ਪਰਪੱਕ ਗਿਣਿਆ ਜਾਂਦਾ ਹੈ, ਇਸੇ ਲਈ ਉਸ ਧਰਮ ਵਿਚ ਉਸ ਦਾ ਰੁਤਬਾ ਇੰਨਾ ਉਚਾ ਬਣ ਜਾਂਦਾ ਹੈ ਕਿ ਪੁਜਾਰੀ ਦਾ ਕਹਿਣਾ ਹੀ ਧਰਮ ਸਮਝਿਆ ਜਾਂਦਾ ਹੈ। ਇਸ ਕਰਕੇ ਕਿਸੇ ਧਰਮ ਬਾਰੇ ਗੁਰਬਾਣੀ ਵਿਚ ਲਿਖਦਿਆਂ ਮਹਾਪੁਰਖਾਂ ਨੇ ਕਿਸੇ ਥਾਂ ਧਰਮ ਦਾ ਨਾਂ ਅਤੇ ਕਿਸੇ ਥਾਂ ਧਰਮ ਦੇ ਪੁਜਾਰੀ ਦਾ ਨਾਂ ਵਰਤ ਕੇ ਅਸਲੀਅਤ ਸਮਝਾਈ ਹੈ।
ਭਗਤ ਕਬੀਰ ਜੀ ਆਪਣੇ ਸਮੇਂ ਦੇ ਦੋਨੋਂ ਪ੍ਰਚਲਿਤ ਧਰਮਾਂ ਬਾਰੇ ਲਿਖਦੇ ਹਨ, “ਹਿੰਦੂ ਅੰਨਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥” ਇਸ ਤੋਂ ਅੱਗੇ ਇਨ੍ਹਾਂ ਦੋਹਾਂ ਧਰਮਾਂ ਦੇ ਪੁਜਾਰੀਆਂ ਬਾਰੇ ਲਿਖਦੇ ਹਨ, “ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥” ਇਸ ਕਥਨ ਤੋਂ ਸਪਸ਼ਟ ਹੁੰਦਾ ਹੈ ਕਿ ਭਗਤ ਕਬੀਰ ਜੀ ਸਮਝਾਉਂਦੇ ਹਨ, ਇਨ੍ਹਾਂ ਦੋਹਾਂ ਧਰਮਾਂ ਅਤੇ ਉਨ੍ਹਾਂ ਦੇ ਪੁਜਾਰੀਆਂ-ਹਿੰਦੂਆਂ ਦੇ ਪੰਡਿਤ ਤੇ ਮੁਸਲਮਾਨਾਂ ਦੇ ਮੁੱਲਾਂ ਨੂੰ ਛੱਡਣ ਨਾਲ ਹੁਣ ਮੇਰਾ ਕਿਸੇ ਹੋਰ ਨਾਲ ਕੋਈ ਝਗੜਾ ਨਹੀਂ ਰਹਿ ਗਿਆ। ਭਗਤ ਕਬੀਰ ਜੀ ਦੱਸਣਾ ਚਾਹੁੰਦੇ ਹਨ ਕਿ ਉਨ੍ਹਾਂ ਨਾਲੋਂ ਸਿਰਫ ਨਾਤਾ ਹੀ ਨਹੀਂ ਤੋੜਿਆ ਸਗੋਂ ਉਨ੍ਹਾਂ ਦੋਹਾਂ ਦੀਆਂ ਲਿਖੀਆਂ ਹਦਾਇਤਾਂ, ਰਹਿਤਾਂ, ਮਰਿਆਦਾਵਾਂ ਆਦਿ ਵੀ ਸਭ ਛੱਡ ਦਿਤੀਆਂ; ਜਿਵੇਂ, “ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥” ਸਪਸ਼ਟ ਹੈ, ਭਗਤ ਕਬੀਰ ਜੀ ਨੇ ਦੋਨੋਂ ਪ੍ਰਚਲਿਤ ਧਰਮਾਂ ਤੇ ਉਨ੍ਹਾਂ ਦੇ ਪੁਜਾਰੀਆਂ ਨੂੰ ਛੱਡਣ ਬਾਰੇ ਤਾਂ ਸਮਝਾਇਆ, ਪਰ ਕਿਸੇ ਨਵੇਂ ਧਰਮ ਨੂੰ ਅਪਨਾਉਣ ਦੀ ਸਲਾਹ ਨਹੀਂ ਦਿੱਤੀ।
ਗੁਰੂ ਅਰਜਨ ਦੇਵ ਜੀ ਭੈਰਉ ਰਾਗ ਵਿਚ ਭਗਤ ਕਬੀਰ ਜੀ ਦੇ ਉਪਰੋਕਤ ਵਿਚਾਰਾਂ ਨੂੰ ਹੋਰ ਵੀ ਦ੍ਰਿੜ ਕਰਵਾਉਣ ਲਈ ਲਿਖਦੇ ਹਨ, “ਏਕੁ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥” ਗੁਰੂ ਜੀ ਪ੍ਰਚਲਿਤ ਧਰਮਾਂ ਬਾਰੇ ਸਪਸ਼ਟ ਸ਼ਬਦਾਂ ਵਿਚ ਦੱਸਦੇ ਹਨ ਕਿ ਮੈਂ ਹਿੰਦੂ ਅਤੇ ਤੁਰਕ-ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ। ਮੇਰਾ ਤਾਂ ਸਿਰਫ ਉਹ ਹੈ, ਜਿਸ ਨੂੰ ਹਿੰਦੂ ਗੁਸਾਈਂ ਅਤੇ ਮੁਸਲਮਾਨ ਅੱਲ੍ਹਾ ਆਖਦਾ ਹੈ। ਅੱਗੇ ਗੁਰੂ ਜੀ ਉਨ੍ਹਾਂ ਵਲੋਂ ਅਪਨਾਏ ਜਾਂਦੇ ਕਰਮਕਾਂਡਾਂ ਤੋਂ ਵੀ ਇਨਕਾਰ ਕਰਦੇ ਹਨ; ਜਿਵੇਂ, “ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥” ਭਾਵ ਸਪਸ਼ਟ ਹੈ ਕਿ ਮੈਂ ਨਾ ਹਿੰਦੂਆਂ ਵਾਂਗ ਪੂਜਾ ਕਰਦਾ ਹਾਂ ਅਤੇ ਨਾ ਮੁਸਲਮਾਨਾਂ ਵਾਂਗ ਨਮਾਜ਼ ਅਦਾ ਕਰਦਾ ਹਾਂ। ਮੈਂ ਤਾਂ ਸਿਰਫ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ ਸਿਰ ਨਿਵਾਉਂਦਾ ਹਾਂ।
ਇਸ ਤੋਂ ਅੱਗੇ ਤਾਂ ਗੁਰੂ ਜੀ ਕੋਈ ਭੁਲੇਖਾ ਹੀ ਨਹੀਂ ਰਹਿਣ ਦਿੰਦੇ, ਜਦੋਂ ਲਿਖਦੇ ਹਨ, “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥” ਅਰਥ ਬੜੇ ਹੀ ਸਾਫ ਹਨ ਕਿ ਮੈਂ ਹਿੰਦੂ ਜਾਂ ਮੁਸਲਮਾਨ ਨਹੀਂ ਹਾਂ, ਮੇਰਾ ਸਰੀਰ ਤੇ ਜਿੰਦ ਉਸ ਇੱਕ ਦੀ ਹੈ, ਜਿਸ ਨੂੰ ਮੁਸਲਮਾਨ ਅੱਲ੍ਹਾ ਤੇ ਹਿੰਦੂ ਰਾਮ ਆਖਦਾ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਪ੍ਰਚਲਿਤ ਧਰਮਾਂ, ਉਨ੍ਹਾਂ ਦੇ ਕਰਮਕਾਂਡਾਂ ਤੇ ਪੁਜਾਰੀਆਂ ਤੋਂ ਕਿਨਾਰਾ ਕਰਨ ਦੀ ਗੱਲ ਤਾਂ ਕੀਤੀ ਹੈ, ਪਰ ਕਿਸੇ ਨਵੇਂ ਧਰਮ ਨੂੰ ਅਪਨਾਉਣ ਦੀ ਗੱਲ ਨਹੀਂ ਕੀਤੀ।
ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਵਿਚ ਪ੍ਰਚਲਿਤ ਧਰਮਾਂ ਦੇ ਖੋਖਲੇਪਨ ਅਤੇ ਪੁਜਾਰੀਆਂ ਵਲੋਂ ਫੈਲਾਏ ਜਾਂਦੇ ਵਹਿਮ ਅਤੇ ਅੰਧਵਿਸ਼ਵਾਸਾਂ ਦੇ ਚੰਗੀ ਤਰ੍ਹਾਂ ਪੋਲ ਖੋਲ੍ਹੇ ਹਨ। ਅਗਲੇ ਸ਼ਬਦ ਵਿਚ ਤਾਂ ਗੁਰੂ ਜੀ ਨੇ ਸਿਰਾ ਹੀ ਲਾ ਦਿੱਤਾ ਹੈ। ਇਸ ਸ਼ਬਦ ਵਿਚ ਉਨ੍ਹਾਂ ਨੇ ਪੁਜਾਰੀਆਂ ਦੇ ਕਮੀਨੇਪਨ ਤੇ ਅੰਨ੍ਹੇਪਣ ਦਾ ਪੋਲ ਤਾਂ ਖੋਲ੍ਹਿਆ ਹੀ ਹੈ, ਨਾਲ ਇਹ ਵੀ ਸਪਸ਼ਟ ਦੱਸਿਆ ਹੈ ਕਿ ਇਹ ਸਾਰੇ ਪੁਜਾਰੀ ਮਨੁੱਖਤਾ ਦੇ ਉਜਾੜੇ ਦਾ ਪ੍ਰਬੰਧ ਕਰਦੇ ਹਨ। ਗੁਰੂ ਜੀ ਲਿਖਦੇ ਹਨ, “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥”
ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਤੋਂ ਭਲੀਭਾਂਤ ਸਾਫ ਹੁੰਦਾ ਹੈ ਕਿ ਜਿਸ ਗੁਰੂ ਜੀ ਨੇ ਪ੍ਰਚਲਿਤ ਧਰਮਾਂ ਦੇ ਪੁਜਾਰੀਆਂ ਨੂੰ ਮਨੁੱਖਤਾ ਦਾ ਉਜਾੜਾ ਕਰਨ ਵਾਲੇ ਦੱਸਿਆ ਹੋਵੇ, ਉਨ੍ਹਾਂ ਵਲੋਂ ਕਿਸੇ ਹੋਰ ਨਵੇਂ ਸਥਾਪਤ ਧਰਮ ਨੂੰ ਸ਼ੁਰੂ ਕਰਕੇ ਹੋਰ ਨਵੇਂ ਪੁਜਾਰੀਆਂ ਨੂੰ ਮਨ ਮਾਨੀਆਂ ਕਰਨ ਦੇ ਮੌਕੇ ਪੈਦਾ ਕਰਨ ਬਾਰੇ ਸੋਚਣਾ ਵੀ ਕੋਈ ਸਿਆਣਪ ਨਹੀਂ ਲਗਦੀ।
ਅਸਲ ਵਿਚ ਕਿਸੇ ਧਰਮ ਨੂੰ ਸਥਾਪਤ ਕਰਨ ਵਾਸਤੇ ਰਾਜ ਦਾ ਹੋਣਾ ਜ਼ਰੂਰੀ ਹੈ। ਇਸ ਦੋਹਰੇ ਦਾ ਪਹਿਲਾ ਹਿੱਸਾ ਇਸੇ ਸੱਚਾਈ ਨੂੰ ਸਪਸ਼ਟ ਕਰਦਾ ਹੈ, “ਰਾਜ ਬਿਨਾ ਨਹਿ ਧਰਮ ਚਲੇ ਹੈਂ।” ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਤੋਂ ਬਿਨਾ ਹੋਰ ਬਹੁਤ ਸਾਰੇ ਮਹਾਪੁਰਖਾਂ ਦੀ ਬਾਣੀ ਵੀ ਦਰਜ ਹੈ। ਇਨ੍ਹਾਂ ਵਿਚੋਂ ਭਗਤ ਨਾਮਦੇਵ, ਭਗਤ ਰਵਿਦਾਸ, ਭਗਤ ਕਬੀਰ ਜੀ ਹੋਰਾਂ ਦੀ ਬਾਣੀ ਗੁਰੂ ਸਾਹਿਬਾਨ ਵਾਂਗ ਹੀ ਪੂਰੀ ਇਨਕਲਾਬੀ ਬਾਣੀ ਹੈ ਅਤੇ ਉਨ੍ਹਾਂ ਦੇ ਪੈਰੋਕਾਰ ਵੀ ਮੌਜੂਦ ਹਨ, ਪਰ ਇਨ੍ਹਾਂ ਮਹਾਪੁਰਖਾਂ ਦੇ ਨਾਂ ‘ਤੇ ਕੋਈ ਧਰਮ ਸਥਾਪਤ ਨਹੀਂ ਹੋਇਆ, ਕਿਉਂਕਿ ਉਨ੍ਹਾਂ ਦੇ ਪੈਰੋਕਾਰਾਂ ਦਾ ਕਦੇ ਕੋਈ ਰਾਜ ਸਥਾਪਤ ਨਹੀਂ ਹੋਇਆ। ਸੋ, ਸਪਸ਼ਟ ਹੈ ਕਿ ਧਰਮ ਨੂੰ ਸਥਾਪਤ ਕਰਨ ਲਈ ਰਾਜ ਜ਼ਰੂਰੀ ਹੈ। ਅਸਲ ਵਿਚ ਕਿਹਾ ਜਾਵੇ ਤਾਂ ਸਥਾਪਤ ਧਰਮ ਹਾਕਮਾਂ ਦੀ ਲੋੜ ਹੁੰਦਾ ਹੈ ਜੋ ਉਹ ਪੁਜਾਰੀਆਂ ਦੀ ਮਦਦ ਨਾਲ ਹੋਂਦ ਵਿਚ ਲਿਆਉਂਦੇ ਹਨ।
ਅੱਗੇ ਵਧਣ ਤੋਂ ਪਹਿਲਾਂ ਕੁਝ ਵਿਚਾਰ ਧਰਮ ਅਤੇ ਸਥਾਪਤ ਧਰਮ ਦੇ ਅੰਤਰ ਬਾਰੇ ਕੁਝ ਸਮਝ ਲਈਏ। ਪਹਿਲੀ ਨਜ਼ਰੇ ਦੇਖਿਆਂ ਧਰਮ ਅਤੇ ਸਥਾਪਤ ਧਰਮ ਵਿਚ ਭਾਵੇਂ ਫਰਕ ਨਹੀਂ ਲਗਦਾ, ਪਰ ਗੌਰ ਨਾਲ ਦੇਖਿਆਂ ਇਨ੍ਹਾਂ ਵਿਚ ਬਹੁਤ ਅੰਤਰ ਹੁੰਦਾ ਹੈ ਅਤੇ ਬਹੁਤੀ ਵਾਰ ਤਾਂ ਇਹ ਇਕ ਦੂਜੇ ਦੇ ਵਿਰੁੱਧ ਖੜ੍ਹੇ ਨਜ਼ਰ ਆਉਂਦੇ ਹਨ। ਇਹ ਗੱਲ ਠੀਕ ਹੈ ਕਿ ਧਰਮ ਦਾ ਨਾਂ ਸੁਣ ਕੇ ਹਰ ਇਕ ਦੇ ਮਨ ਵਿਚ ਸਕੂਨ ਮਹਿਸੂਸ ਹੁੰਦਾ ਹੈ ਅਤੇ ਉਸ ਨੂੰ ਆਪਣਾ ਧਰਮ ਹੀ ਅਸਲੀ ਧਰਮ ਲਗਦਾ ਹੈ, ਜੋ ਅਸਲ ਵਿਚ ਇੱਕ ਸਥਾਪਤ ਧਰਮ ਹੁੰਦਾ ਹੈ।
ਸਥਾਪਤ ਧਰਮ ਅਸਲ ਵਿਚ ਕਿਸੇ ਇਕ ਜਾਂ ਦੂਜੇ ਵਰਗ ਜਾਂ ਸਭਿਆਚਾਰ ਲਈ ਹੁੰਦਾ ਹੈ ਅਤੇ ਇਹ ਉਸ ਵਰਗ ਦੀ ਅੰਦਰੂਨੀ ਤੇ ਬਾਹਰੀ ਸ਼ੈਲੀ ਨੂੰ ਦਰਸਾਉਂਦਾ ਹੈ, ਜਿਵੇਂ ਉਸ ਸਥਾਪਤ ਧਰਮ ਦੇ ਪ੍ਰਾਣੀਆਂ ਨੇ ਕਿਵੇਂ ਰਹਿਣਾ ਹੈ, ਕੀ ਖਾਣਾ ਹੈ, ਕਿਸ ਤਰ੍ਹਾਂ ਦਾ ਪਹਿਰਾਵਾ ਕਰਨਾ ਹੈ, ਕਿਸ ਤਰ੍ਹਾਂ ਆਪਣੇ ਜੀਵਨ ਦੇ ਬਾਕੀ ਕਾਰ ਵਿਹਾਰ ਅਤੇ ਸੰਸਕਾਰ ਕਰਨੇ ਹਨ, ਕਿਸ ਤਰ੍ਹਾਂ ਆਪਣੇ ਇਸ਼ਟ ਦੀ ਪੂਜਾ ਅਰਚਨਾ ਕਰਨੀ ਹੈ ਅਤੇ ਸਭ ਤੋਂ ਅਹਿਮ ਕਿਸ ਤਰ੍ਹਾਂ ਬਾਕੀ ਸੰਸਾਰ ਨਾਲੋਂ ਆਪਣੀ ਵੱਖਰੀ ਹੋਂਦ ਬਣਾ ਕੇ ਰੱਖਣੀ ਹੈ। ਸੋ ਜਿਥੇ ਧਰਮ ਸਮੁੱਚੀ ਮਾਨਵਤਾ ਵਿਚ ਪ੍ਰੇਮ ਪਿਆਰ ਅਤੇ ਇਕਸੁਰਤਾ ਬਣਾ ਕੇ ਸਮੁੱਚੇ ਸੰਸਾਰ ਨੂੰ ਬੇਗਮਪੁਰਾ ਬਣਿਆ ਲੋਚਦਾ ਹੈ, ਉਥੇ ਸਥਾਪਤ ਧਰਮ ਮਾਨਵਤਾ ਨੂੰ ਧੜਿਆਂ ਵਿਚ ਵੰਡਦਾ ਹੈ।
ਸਮੁੱਚੀ ਦੁਨੀਆਂ ਦੇ ਸਾਰੇ ਸਥਾਪਤ ਧਰਮਾਂ ਦੇ ਸਿਧਾਂਤ ਭਾਵੇਂ ਉਪਰੋਂ ਦੇਖਣ ਨੂੰ ਸੱਚੇ ਸੁੱਚੇ ਧਰਮ ਵਾਲੇ ਹੀ ਲਗਦੇ ਹਨ, ਪਰ ਹਕੀਕਤ ਵਿਚ ਉਹ ਓਦਾਂ ਦੇ ਬਣ ਜਾਂਦੇ ਹਨ, ਜਿਵੇਂ ਪੁਜਾਰੀ ਕਹਿੰਦਾ ਹੈ ਅਤੇ ਹੌਲੀ-ਹੌਲੀ ਪੁਜਾਰੀ ਹੀ ਧਰਮ ਦਾ ਸਭ ਕੁਝ ਬਣ ਜਾਂਦਾ ਹੈ (ਪੁਜਾਰੀ ਦਾ ਨਾਂ ਕੋਈ ਵੀ ਹੋ ਸਕਦਾ ਹੈ, ਜੋ ਸਥਾਪਤ ਧਰਮ ਦੇ ਅਨੁਸਾਰ ਬਦਲਦਾ ਰਹਿੰਦਾ ਹੈ)। ਧਰਮ ਜਦੋਂ ਪੂਰੀ ਤਰ੍ਹਾਂ ਸਥਾਪਤ ਹੋ ਜਾਂਦਾ ਹੈ ਤਾਂ ਪੈਰੋਕਾਰ ਤੇ ਆਮ ਲੋਕ ਜਿਨ੍ਹਾਂ ਵਾਸਤੇ ਮਹਾਪੁਰਖਾਂ ਨੇ ਕੁਰਬਾਨੀਆਂ ਕੀਤੀਆਂ ਹੁੰਦੀਆਂ ਹਨ, ਅਣਗੌਲੇ ਹੋ ਜਾਂਦੇ ਹਨ।
ਅਸਲ ਵਿਚ ਸਥਾਪਤ ਧਰਮ ਹਾਕਮਾਂ ਅਤੇ ਪੁਜਾਰੀਆਂ ਦੇ ਹੱਕ ਵਿਚ ਭੁਗਤਦਾ ਹੈ ਅਤੇ ਉਨ੍ਹਾਂ ਦੇ ਹੱਥਾਂ ਵਿਚ ਆਮ ਲੋਕਾਂ ਦੀ ਲੁੱਟ ਅਤੇ ਕੁੱਟ ਦਾ ਹਥਿਆਰ ਬਣ ਜਾਂਦਾ ਹੈ। ਉਪਰੋਕਤ ਦੋਹਰੇ ਦਾ ਦੂਜਾ ਹਿੱਸਾ ਇਸੇ ਸੱਚਾਈ ਨੂੰ ਸਪਸ਼ਟ ਕਰਦਾ ਹੈ, “ਧਰਮ ਬਿਨਾ ਸਭ ਦਲੇ ਮਲੇ ਹੈਂ।” ਇਸ ਤੋਂ ਵੀ ਅੱਗੇ ਜਦੋਂ ਮੌਕੇ ਦੀ ਹਕੂਮਤ ਦੀ ਮਿਲੀਭੁਗਤ ਨਾਲ ਸਥਾਪਤ ਧਰਮ, ਸੰਸਥਾਈ ਧਰਮ ਬਣ ਜਾਂਦਾ ਹੈ ਤਾਂ ਆਮ ਲੋਕ ਉਸ ਵਿਚੋਂ ਲਗਪਗ ਮਨਫੀ ਹੋ ਜਾਂਦੇ ਹਨ ਅਤੇ ਸੰਸਥਾਈ ਧਰਮ ਦੀ ਸਾਰੀ ਤਾਕਤ ਸਿਰਫ ਕੁਝ ਇਕ ਲੋਕਾਂ ਦੇ ਹੱਥ ਵਿਚ ਕੇਂਦ੍ਰਿਤ ਹੋ ਜਾਂਦੀ ਹੈ ਅਤੇ ਇਹ ਜ਼ਿਆਦਾ ਹਾਕਮਾਂ ਦੀ ਸੇਵਾ ਵਿਚ ਹਾਜ਼ਰ ਰਹਿੰਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੇ ਅਨੁਸਾਰ ਚਲਣ ਵਾਲੀ ਇਨਕਲਾਬੀ ਲਹਿਰ ਦੁਆਰਾ ਪਹਿਲਾ ਸਥਾਈ ਅਤੇ ਪੱਕਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸਥਾਪਤ ਹੋਇਆ ਹੈ। ਇਸ ਲਈ ਸਿੱਖ ਧਰਮ ਨੂੰ ਸਥਾਪਤ ਕਰਨ ਦੀ ਸ਼ੁਰੂਆਤ ਵੀ ਉਸੇ ਰਾਜ ਵਿਚ ਹੋਈ ਅਤੇ ਅੰਗਰੇਜ਼ੀ ਰਾਜ ਨੇ ਕਾਨੂੰਨ ਬਣਾ ਕੇ ਇਸ ਨੂੰ ਸੰਸਥਾਈ ਸਿੱਖ ਧਰਮ ਵਿਚ ਬਦਲ ਦਿੱਤਾ। ਸਥਾਪਤ ਜਾਂ ਸੰਸਥਾਈ ਧਰਮਾਂ ਸਬੰਧੀ ਇੱਕ ਹੋਰ ਬੁਰਾ ਪੱਖ ਵੀ ਹੈ।
ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਕੋਈ ਵੀ ਸਥਾਪਤ ਜਾਂ ਸੰਸਥਾਈ ਧਰਮ ਆਪਣੇ ਪੈਰੋਕਾਰਾਂ ਲਈ ਮਦਦਗਾਰ ਦੀ ਥਾਂ ਬਹੁਤੀ ਵਾਰ ਬਲੀ ਦੇ ਬੱਕਰੇ ਬਣਨ ਦਾ ਕਾਰਨ ਬਣਦੇ ਹਨ। ਪਿਛਲੇ ਥੋੜ੍ਹੇ ਸਮੇਂ ਦੀਆਂ ਕੁਝ ਘਟਨਾਵਾਂ ਇਹ ਤੱਥ ਸਾਬਤ ਕਰ ਦਿੰਦੀਆਂ ਹਨ; ਜਿਵੇਂ ਬੱਸ ਵਿਚੋਂ ਇੱਕ ਧਰਮ ਵਾਲਿਆਂ ਦਾ ਕਤਲ ਕਰ ਦਿੱਤਾ ਜਾਣਾ, ਦਿੱਲੀ ਤੇ ਹੋਰ ਅਨੇਕਾਂ ਥਾਂਵਾਂ ‘ਤੇ ਇੱਕ ਧਰਮ ਦੇ ਹਜ਼ਾਰਾਂ ਪੈਰੋਕਾਰਾਂ ਨੂੰ ਮਾਰ ਕੇ ਉਨ੍ਹਾਂ ਦੇ ਘਰਾਂ-ਘਾਟਾਂ ਨੂੰ ਨੇਸਤੋਨਾਬੂਦ ਕਰ ਦੇਣਾ, ਕਿਸੇ ਇੱਕ ਧਰਮ ਵਾਲਿਆਂ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਆਦਿ। ਅਜਿਹਾ ਹੋਣ ‘ਤੇ ਕਈ ਵਾਰ ਬਦਲਾ ਵੀ ਲਿਆ ਜਾਂਦਾ ਹੈ, ਫਿਰ ਵੀ ਸ਼ਿਕਾਰ ਬਹੁਤੀ ਵਾਰ ਬੇਕਸੂਰ ਹੀ ਬਣਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਹਾਪੁਰਖਾਂ ਵਲੋਂ ਮਾਨਵਤਾ ਦੀ ਭਲਾਈ ਵਾਲੇ ਸਿਧਾਂਤ ਕਿਸ ਤਰ੍ਹਾਂ ਮਾਨਵਤਾ ਨੂੰ ਮੁੜ ਤੋਂ ਗੁਮਰਾਹ ਕਰਨ ਵਾਲੇ ਕਿਸੇ ਸਥਾਪਤ ਧਰਮ ਵਿਚ ਬਦਲ ਜਾਂਦੇ ਹਨ? ਮੈਂ ਇਸ ਨੂੰ ਇਸ ਲਿਖਤ ਤਹਿਤ ਸਮਝਣ ਦਾ ਯਤਨ ਕੀਤਾ ਹੈ। ਇਹ ਪਰਿਵਰਤਨ ਇਕਦਮ ਨਹੀਂ ਹੁੰਦਾ, ਸਗੋਂ ਲੰਮੇ ਸਮੇਂ ਦੀ ਸੋਚੀ ਸਮਝੀ ਸਕੀਮ ਅਧੀਨ ਕੀਤਾ ਜਾਂਦਾ ਹੈ।
ਅਸੀਂ ਜਾਣਦੇ ਹਾਂ ਕਿ ਮਹਾਪੁਰਖਾਂ ਨੇ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੀ ਰਚਨਾ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਅਤੇ ਉਨ੍ਹਾਂ ਦੀ ਆਪਣੀ ਬੋਲੀ ਵਿਚ ਕੀਤੀ ਤਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਲੋਕ ਉਸ ਤੋਂ ਸੇਧ ਲੈ ਕੇ ਪੁਜਾਰੀਆਂ ਦੀ ਲੁੱਟ ਦਾ ਸ਼ਿਕਾਰ ਨਾ ਹੋਣ; ਪਰ ਅਫਸੋਸ! ਜਿਉਂ ਹੀ ਪੁਜਾਰੀਆਂ ਦਾ ਸਮੇਂ ਦੇ ਹਾਕਮਾਂ ਦੀ ਸ਼ਹਿ ‘ਤੇ ਜ਼ੋਰ ਚੱਲਿਆ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਲੋਕਾਂ ਦੀ ਪਹੁੰਚ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਵਾਸਤੇ ਤਰ੍ਹਾਂ-ਤਰ੍ਹਾਂ ਦੇ ਵਹਿਮ ਜਿਵੇਂ ਉਚਾਰਨ ਬਿਲਕੁਲ ਸ਼ੁੱਧ ਹੋਣਾ ਜਰੂਰੀ ਹੈ, ਤਾਬਿਆ ਵਿਚ ਬੈਠਣ ਵਾਲੇ ਦਾ ਪਾਕ ਪਵਿੱਤਰ ਹੋਣਾ ਲਾਜ਼ਮੀ ਹੈ ਅਤੇ ਹੋਰ ਕਈ ਵਹਿਮਾਂ, ਮਰਿਆਦਾਵਾਂ ਦੇ ਨਾਂ ‘ਤੇ ਪ੍ਰਚਾਰ ਕਰਕੇ ਲੋਕਾਂ ਵਿਚ ਸਾਜ਼ਿਸ਼ੀ ਡਰ ਬੈਠਾ ਦਿੱਤਾ ਕਿ ਅਜਿਹਾ ਨਾ ਕਰਨ ਨਾਲ ਮਨੁੱਖ ਘੋਰ ਪਾਪਾਂ ਦਾ ਭਾਗੀ ਬਣਦਾ ਹੈ, ਜਿਨ੍ਹਾਂ ਦਾ ਕੋਈ ਤੋੜ ਨਹੀਂ ਲੱਭ ਸਕਦਾ।
ਉਨ੍ਹਾਂ ਦੀ ਇਹ ਤਰਕੀਬ ਉਨ੍ਹਾਂ ਵਾਸਤੇ ਬਹੁਤ ਕਾਰਗਰ ਸਾਬਤ ਹੋਈ, ਕਿਉਂਕਿ ਇਸ ਨਾਲ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹ ਕੇ ਵਿਚਾਰਨਾ ਤਾਂ ਦੂਰ ਦੀ ਗੱਲ, ਇਸ ਦੀ ਤਾਬਿਆ ਬੈਠ ਕੇ ਚੌਰ ਕਰਨ ਤੋਂ ਵੀ ਮਾਨਸਿਕ ਤੌਰ ‘ਤੇ ਖੌਫਜ਼ਦਾ ਹੁੰਦੇ ਗਏ ਅਤੇ ਉਹ ਸਿਰਫ ਸ਼ਰਧਾਂ ਨਾਲ ਮੱਥਾ ਟੇਕਣ ਤੱਕ ਸੀਮਤ ਹੋ ਗਏ। ਹੋ ਸਕਦਾ ਹੈ, ਇਸ ਨੂੰ ਮੱਥਾ ਟੇਕਣ ਤੇ ਪੂਜਣਯੋਗ ਬਣਾਉਣ ਵਾਸਤੇ ਹੀ ਉਨ੍ਹਾਂ ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਵਲੋਂ ਥਾਪਿਆ ਪਵਿੱਤਰ ਨਾਂ ‘ਪੋਥੀ’ ਨੂੰ ਬਦਲ ਕੇ ‘ਗ੍ਰੰਥ’ ਰਖਿਆ ਹੋਵੇ, ਕਿਉਂਕਿ ਪੋਥੀ ਤੋਂ ਤਾਂ ਸਿਖਿਆ ਅਤੇ ਸੇਧ ਮਿਲ ਸਕਦੀ ਹੈ, ਪੂਜਾ ਤਾਂ ਗ੍ਰੰਥ ਦੇ ਨਾਂ ‘ਤੇ ਹੀ ਹੋ ਸਕਦੀ ਹੈ।
ਇਹੀ ਨਹੀਂ, ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅਸਲੀ ਸਿਧਾਂਤਾਂ ਤੋਂ ਵੀ ਲੋਕਾਂ ਨੂੰ ਦੂਰ ਕਰਨ ਵਾਸਤੇ ਸਰਕਾਰ ਦੀ ਸਰਪ੍ਰਸਤੀ, ਮਿਲੀਭੁਗਤ ਅਤੇ ਮਦਦ ਨਾਲ ਗੁਰੂ ਸਾਹਿਬਾਨ ਅਤੇ ਗੁਰਇਤਿਹਾਸ ਨਾਲ ਜੋੜ ਕੇ ਤਰ੍ਹਾਂ ਤਰ੍ਹਾਂ ਦੀਆਂ ਮਨੋਕਲਪਿਤ, ਮਿਥਿਹਾਸਕ, ਵਹਿਮਾਂ ਭਰਮਾਂ ਅਤੇ ਕਰਾਮਾਤਾਂ ਨਾਲ ਭਰਪੂਰ ਕਥਾਵਾਂ ਵਾਲੀਆਂ ਲਿਖਤਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ, ਜਿਨ੍ਹਾਂ ਦਾ ਨਾ ਤਾਂ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਨਾਲ ਅਤੇ ਨਾ ਹੀ ਗੁਰੂ ਇਤਿਹਾਸ ਨਾਲ ਸਬੰਧ ਸੀ।
ਕਈ ਪੁਸਤਕਾਂ ਅਤੇ ਗ੍ਰੰਥਾਂ ਵਿਚ ਤਾਂ ਗੁਰੂ ਸਾਹਿਬਾਨ ਨੂੰ ਰਾਜਿਆਂ ਅਤੇ ਰਾਜਕੁਮਾਰਾਂ ਵਰਗੇ ਸ਼ੌਕ ਪਾਲਦੇ ਦਿਖਾਇਆ ਗਿਆ ਤਾਂ ਜੋ ਉਸ ਵੇਲੇ ਦੇ ਰਾਜਿਆਂ ਤੇ ਰਾਜਕੁਮਾਰਾਂ ਤੋਂ ਗੁਰੂ ਸਾਹਿਬਾਨ ਵਾਲਾ ਹੀ ਪ੍ਰਭਾਵ ਪਵੇ। ਇਸ ਤਰ੍ਹਾਂ ਦੇ ਅਤੇ ਅਜਿਹੇ ਹੋਰ ਪ੍ਰਚਾਰ ਅਤੇ ਪ੍ਰਸਾਰ ਨੇ ਲੋਕਾਂ ਨੂੰ ਗੁਰੂ ਸਾਹਿਬਾਨ ਦੇ ਸਿਧਾਂਤਾਂ ਤੇ ਸਿਖਿਆਵਾਂ ਦੇ ਉਲਟ ਫਿਰ ਤੋਂ ਵਹਿਮਾਂ ਭਰਮਾਂ, ਕਰਾਮਾਤਾਂ ਅਤੇ ਕਰਮਕਾਂਡਾਂ ਦੇ ਜਾਲ ਵਿਚ ਫਸਾਉਣ ਵਿਚ ਕੋਈ ਕਸਰ ਨਹੀਂ ਛੱਡੀ।
ਆਪਣੇ ਲੇਖ ਦੇ ਮੁੱਢ ਵਿਚ ਸ਼ ਦਿਓਲ ਨੂੰ ਬਹੁਗਿਣਤੀ ਤੋਂ, ਜੋ ਹਾਲੇ ਚਮਤਕਾਰੀ ਈਸ਼ਵਰ ਅਤੇ ਧਰਮ ਦੇ ਮੱਕੜਜਾਲ ਵਿਚੋਂ ਨਿਕਲਣ ਦੇ ਅਸਮਰਥ ਹਨ, ਨਾਲ ਨਿਰਾਸ਼ਾ ਮਹਿਸੂਸ ਹੋਈ ਹੈ, ਜੋ ਵਾਕਈ ਸੱਚਾਈ ਹੈ। ਇਸ ਤਰ੍ਹਾਂ ਦੇ ਅੰਧਵਿਸ਼ਵਾਸ ਵਿਦਿਆ ਦੇ ਪਸਾਰ ਨਾਲ ਦੂਰ ਹੋ ਸਕਦੇ ਹਨ, ਪਰ ਹਾਕਮ ਤੇ ਪੁਜਾਰੀ ਐਨੀਆਂ ਕੱਚੀਆਂ ਗੋਲੀਆਂ ਨਹੀਂ ਖੇਡੇ ਹੋਏ ਹੁੰਦੇ। ਵਿਦਿਆ ਰਾਹੀਂ ਫੈਲਣ ਵਾਲੇ ਪ੍ਰਕਾਸ਼ ਨੂੰ ਧੁੰਦਲਾ ਕਰਨ ਵਾਸਤੇ ਉਨ੍ਹਾਂ ਨੇ ਪਹਿਲਾਂ ਹੀ ਸਾਰੇ ਬੰਦੋਬਸਤ ਕਰ ਦਿੱਤੇ ਹਨ।
ਉਪਰੋਕਤ ਗ੍ਰੰਥਾਂ ਵਿਚਲੀਆਂ ਕਰਾਮਾਤੀ ਅਤੇ ਅੰਧਵਿਸ਼ਵਾਸੀ ਕਹਾਣੀਆਂ ਸਿਰਫ ਧਾਰਮਿਕ ਅਦਾਰਿਆਂ ਤੱਕ ਸੀਮਤ ਨਹੀਂ ਰੱਖੀਆਂ, ਸਗੋਂ ਹਾਕਮਾਂ ਨੇ ਆਪਣੇ ਚਾਪਲੂਸ ਵਿਦਵਾਨਾਂ ਦੀ ਕੋਝੀ ਮਿਲੀਭੁਗਤ ਨਾਲ ਅਨੇਕਾਂ ਕਰਾਮਾਤੀ ਕਹਾਣੀਆਂ ਜਿਵੇਂ ਸੱਪ ਵਲੋਂ ਛਾਂ ਕਰਨੀ, ਮੱਝਾਂ ਦੁਆਰਾ ਉਜਾੜੇ ਖੇਤ ਨੂੰ ਹਰਿਆ-ਭਰਿਆ ਕਰਨਾ ਜਾਂ ਕੋਧਰੇ ਦੀ ਰੋਟੀ ਵਿਚੋਂ ਦੁੱਧ ਅਤੇ ਪੂੜਿਆਂ ਵਿਚੋਂ ਲਹੂ ਕੱਢਣਾ ਆਦਿ ਆਦਿ ਸਕੂਲੀ ਪਾਠ ਪੁਸਤਕਾਂ ਵਿਚ ਸ਼ਾਮਲ ਕਰਵਾ ਕੇ ਉਨ੍ਹਾਂ ਨੇ ਘੋਰ ਪਾਪ ਕਮਾਇਆ ਹੈ। ਬੱਚਿਆਂ ਦੇ ਕੋਮਲ ਮਨਾਂ ‘ਤੇ ਇਨ੍ਹਾਂ ਦਾ ਅਜਿਹਾ ਪ੍ਰਭਾਵ ਪਿਆ ਹੈ ਕਿ ਉਹ ਵਿਗਿਆਨ ਦੀਆਂ ਉਚੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਵਿਵੇਕ ਜਾਂ ਦਲੀਲ ਨਾਲ ਸਮਝਣ ਦੇ ਸਮਰੱਥ ਨਹੀਂ ਰਹੇ, ਆਮ ਲੋਕਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ!
ਪਿਛਲੀਆਂ ਦੋ ਸਦੀਆਂ ਤੋਂ ਵੱਧ ਸਮੇਂ ਤੋਂ ਪੀੜ੍ਹੀ-ਦਰ-ਪੀੜ੍ਹੀ ਤੋਂ ਅਜਿਹੀਆਂ ਕਥਾਵਾਂ ਦਾ ਪ੍ਰਚਾਰ ਅਤੇ ਇਨ੍ਹਾਂ ਕਥਾਵਾਂ ਦੀ ਸਕੂਲੀ ਪਾਠ ਪੁਸਤਕਾਂ ਵਿਚ ਸ਼ਮੂਲੀਅਤ ਦਾ ਅਸਰ ਇਹ ਹੋਇਆ ਹੈ ਕਿ ਸਾਡੇ ਮਨ ਮਸਤਕ ਦੇ ਧੁਰ ਅੰਦਰ ਤੱਕ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਉਸੇ ਤਰ੍ਹਾਂ ਦੀ ਧਾਰਨਾ ਪੱਕ ਗਈ ਹੈ, ਜਿਹੋ ਜਿਹੀ ਪੁਜਾਰੀ ਚਾਹੁੰਦੇ ਸਨ। ਇਉਂ ਲਗਦਾ ਹੈ, ਜਿਵੇਂ ਬਹੁਤ ਸਾਰੇ ਵਿਦਵਾਨਾਂ ਵਲੋਂ ਗੁਰਬਾਣੀ ਦੀ ਵਿਆਖਿਆ ਉਪਰ ਵੀ ਇਸੇ ਧਾਰਨਾ ਦਾ ਪ੍ਰਭਾਵ ਪਿਆ ਹੈ। ਇਸੇ ਧਾਰਨਾ ਕਰਕੇ ਹੀ ਪਿਛਲੇ ਕੁਝ ਸਮੇਂ ਤੱਕ ਇਸ ਧਾਰਨਾ ਤੋਂ ਥੋੜ੍ਹੀ ਜਿਹੀ ਵੀ ਪਾਸੇ ਦੀ ਗੱਲ ਸੁਣ ਕੇ ਚੌਂਕ ਜਾਂਦੇ ਸਾਂ, ਪਰ ਹੁਣ ਤਕਨੀਕ ਦੀ ਤਰੱਕੀ ਨਾਲ ਇੰਟਰਨੈਟ ਨੇ ਗੁਰਬਾਣੀ ਤੇ ਇਸ ਦੇ ਵੱਖ-ਵੱਖ ਸਟੀਕਾਂ ਤੱਕ ਪਹੁੰਚ ਆਸਾਨ ਹੋਣ ਕਰਕੇ ਸਾਨੂੰ ਅਸਲੀਅਤ ਸਮਝ ਆਉਣ ਲੱਗੀ ਹੈ। ਇਸ ਵੇਲੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੱਚਾਈ ਨੂੰ ਸਮਝ ਕੇ ਧਰਮਾਂ ਦੇ ਚੁੰਗਲਾਂ ਵਿਚੋਂ ਨਿਕਲ ਕੇ ਮਾਨਵਤਾ ਵਿਚ ਇਕਸੁਰਤਾ ਅਤੇ ਭਲਾਈ ਵਾਸਤੇ ਆਪਣਾ ਹਿੱਸਾ ਪਾਈਏ।