ਖਾਲਿਸਤਾਨੀ ਵਿਚਾਰਧਾਰਾ ਦਾ ਸਰੋਤ

ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ: ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਬਾਰੇ ਪਿਛਲੇ ਅੰਕਾਂ ਵਿਚ ਅਸੀਂ ਹਜ਼ਾਰਾ ਸਿੰਘ ਮਿਸੀਸਾਗਾ, ਹਰਜੀਤ ਦਿਓਲ ਬਰੈਂਪਟਨ, ਗੁਰਬਚਨ ਸਿੰਘ, ਡਾ. ਬਲਕਾਰ ਸਿੰਘ, ਅਮਰਜੀਤ ਸਿੰਘ ਮੁਲਤਾਨੀ ਅਤੇ ਕਮਲਜੀਤ ਸਿੰਘ ਬਾਸੀ, ਫਰੀਮਾਂਟ ਦੇ ਪ੍ਰਤੀਕਰਮ ਛਾਪ ਚੁਕੇ ਹਾਂ। ਇਨ੍ਹਾਂ ਵਿਚਾਰਕਾਂ ਨੇ ਪੰਜਾਬ ਦੀ ਸਿਆਸਤ ਬਾਰੇ ਕੁਝ ਅਹਿਮ ਨੁਕਤਿਆਂ ਦੀ ਨਿਸ਼ਾਨਦੇਹੀ ਕੀਤੀ। ਇਸ ਵਾਰ ਅਸੀਂ ਸ਼ ਹਾਕਮ ਸਿੰਘ ਦੇ ਵਿਚਾਰ ਪਾਠਕਾਂ ਦੇ ਰੂ-ਬ-ਰੂ ਕਰ ਰਹੇ ਹਾਂ।

-ਸੰਪਾਦਕ

ਹਾਕਮ ਸਿੰਘ

ਪੰਜਾਬ ਟਾਈਮਜ਼ ਦੇ 2 ਮਈ 2020 ਦੇ ਅੰਕ ਵਿਚ ਸ਼ ਕਰਮਜੀਤ ਸਿੰਘ ਨੇ “ਖਾਲਿਸਤਾਨ ਦਾ ਐਲਾਨਨਾਮਾ” ਵਿਚ ਖਾਲਿਸਤਾਨੀ ਲਹਿਰ ਦੇ ਸਾਰੇ ਪੱਖਾਂ ਬਾਰੇ ਨਿਰਪੱਖ ਵਿਦਵਾਨਾਂ ਅਤੇ ਪੜ੍ਹੇ ਲਿਖੇ ਤੇ ਸੁਲਝੇ ਨੌਜਵਾਨਾਂ ਨੂੰ ਲਿਖਣ ਲਈ ਸਦਾ ਦਿੱਤਾ ਹੈ। ਉਸ ਲਹਿਰ ਨੇ ਪੰਜਾਬ ਨੂੰ ਬਹੁਤ ਪ੍ਰਭਾਵਤ ਕੀਤਾ ਹੈ ਅਤੇ ਸਿੱਖ ਜਗਤ ਦੀ ਤਾਂ ਕਾਇਆ ਹੀ ਪਲਟ ਦਿੱਤੀ ਹੈ। ਉਸ ਦਾ ਸਾਰੇ ਪੱਖਾਂ ਤੋਂ ਨਿਰਪੱਖ ਅਤੇ ਸਹੀ ਮੁਲੰਕਣ ਹੋਣਾ ਬਹੁਤ ਜ਼ਰੂਰੀ ਹੈ। ਲਹਿਰ ਨਾਲ ਇਨਸਾਫ ਕਰਨ ਲਈ ਵਿਦਵਾਨਾਂ ਨੂੰ ਖਾਲਿਸਤਾਨੀ ਵਿਚਾਰਧਾਰਾ ਦੇ ਸੋਮੇ, ਵਿਚਾਰਧਾਰਾ ਦੀ ਉਤਪਤੀ, ਖਾਲਿਸਤਾਨ ਲਹਿਰ ਦੇ ਉਪਾਸ਼ਕਾਂ ਦੀਆਂ ਕਾਰਵਾਈਆਂ, ਪ੍ਰਾਪਤੀਆਂ ਤੇ ਅਸਫਲਤਾਵਾਂ ਦਾ ਪੂਰਾ ਲੇਖਾ-ਜੋਖਾ ਕਰਨਾ ਪਵੇਗਾ ਅਤੇ ਖਾਲਿਸਤਾਨ ਦੇ ਐਲਾਨਨਾਮੇ ਦੀ ਲਹਿਰ ਨਾਲ ਪ੍ਰਸੰਗਕਤਾ ‘ਤੇ ਵਿਚਾਰ ਕਰਨੀ ਪਵੇਗੀ। ਸਿੱਖ ਧਰਮ ਦੀ ਲਹਿਰ ਹੋਣ ਕਾਰਨ ਇਹ ਵੀ ਦੱਸਣਾ ਪਵੇਗਾ ਕਿ ਉਸ ਲਹਿਰ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ਾਂ ਦੀ ਪਾਲਣਾ ਕਦੋਂ, ਕਿੱਥੇ ਅਤੇ ਕਿਵੇਂ ਹੋਈ ਸੀ।
ਖਾਸ ਤੌਰ ‘ਤੇ ਇਹ ਸਪਸ਼ਟ ਕਰਨਾ ਪਵੇਗਾ ਕਿ ਗੁਰਬਾਣੀ ਵਲੋਂ ਧਾਰਮਕ ਜੀਵਨ ਲਈ ਨਿਰਧਾਰਤ ਸੰਤੋਖ, ਦਇਆ, ਜਤ, ਸਤ, ਹਲੀਮੀ, ਸਾਂਝੀਵਾਲਤਾ ਅਤੇ ਬਰਾਬਰੀ ਦੇ ਗੁਣਾਂ ਦੀ ਪਾਲਣਾ ਕਰਨ ਲਈ ਲਹਿਰ ਵਿਚ ਕੀ ਵਿਵਸਥਾ ਕੀਤੀ ਗਈ ਸੀ? ਇਨ੍ਹਾਂ ਗੁਰਫੁਰਮਾਨਾਂ ਨੂੰ, “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥” (ਪੰਨਾ 97) ਅਤੇ “ਅਵਲਿ ਅਲਹੁ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥ ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕਉਨ ਮੰਦੇ॥” (ਪੰਨਾ 1349) ਲਹਿਰ ਵਿਚ ਕਿਵੇਂ ਲਾਗੂ ਕੀਤਾ ਗਿਆ ਸੀ? ਲਹਿਰ ਦਾ ਅੰਤ ਕਿਵੇਂ ਹੋਇਆ ਅਤੇ ਵਿਦੇਸ਼ਾਂ ਵਿਚ ਗਏ ਲੀਡਰਾਂ ਨੇ ਖਾਲਿਸਤਾਨੀ ਵਿਚਾਰਧਾਰਾ ਤੇ ਖਾੜਕੂਵਾਦ ਨੂੰ ਕਿਵੇਂ ਬਰਕਰਾਰ ਰਖਿਆ? ਪੰਜਾਬ ਅਤੇ ਦੂਜੇ ਰਾਜਾਂ ਦੇ ਲੋਕਾਂ ਦੇ ਲਹਿਰ ਬਾਰੇ ਕੀ ਵਿਚਾਰ ਸਨ? ਲਹਿਰ ਦਾ ਹਰ ਪੱਖ ਤੋਂ ਸਹੀ ਅਤੇ ਤੱਥਾਂ ‘ਤੇ ਆਧਾਰਤ ਨਿਰਪੱਖ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। “ਖਾਲਿਸਤਾਨ ਦਾ ਐਲਾਨਨਾਮਾ” ਦਾ ਲੇਖਕ ਤੇ ਪ੍ਰਭੂਸੱਤਾ ਸੰਪਨ ਖਾਲਸਾ ਰਾਜ ਦੀ ਰੂਪ ਰੇਖਾ ਦੇ ਐਲਾਨਨਾਮੇ ਨੂੰ ਸ਼ਗਨਾਂ ਭਰੀ ਸਵੇਰ ਆਖਦਾ ਹੈ, ਪਰ ਬਹੁਤੇ ਵਿਦਵਾਨ ਖਾਲਿਸਤਾਨੀ ਲਹਿਰ ਨੂੰ ਐਸੀ ਕੋਈ ਸੰਗਿਆ ਦੇਣ ਤੋਂ ਸੰਕੋਚ ਕਰਦੇ ਹਨ।
ਲੇਖਕ ਨੇ ਖਾਲਿਸਤਾਨ ਦੇ ਸੰਕਲਪ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ ਹੈ। ਇਤਿਹਾਸ ਪ੍ਰਵਾਨਤ ਤੱਥਾਂ ‘ਤੇ ਆਧਾਰਤ ਅਤੀਤ ਦਾ ਵਰਣਨ ਹੁੰਦਾ ਹੈ। ਉਸ ਨੂੰ ਸਿੱਖ ਇਤਿਹਾਸ ਦੇ ਐਸੇ ਤੱਥ ਪੇਸ਼ ਕਰਨੇ ਚਾਹੀਦੇ ਸਨ, ਜਿਨ੍ਹਾਂ ਵਿਚ ਪੂਰਨ ਪ੍ਰਭੂਸੱਤਾ ਸੰਪਨ ਖਾਲਿਸਤਾਨ ਦੀ ਮੰਗ ਕੀਤੀ ਗਈ ਹੋਵੇ ਜਾਂ ਉਸ ਮੰਗ ਦਾ ਸਮਰਥਨ ਕੀਤਾ ਗਿਆ ਹੋਵੇ; ਪਰ ਉਸ ਨੇ ਐਸਾ ਕੋਈ ਤੱਥ ਪੇਸ਼ ਨਹੀਂ ਕੀਤਾ। ਸੱਚਾਈ ਇਹ ਹੈ ਕਿ 1980 ਤਕ ਦੇ ਸਿੱਖ ਇਤਿਹਾਸ ਵਿਚ ਖਾਲਿਸਤਾਨ ਦੀ ਮੰਗ ਦਾ ਕੋਈ ਜ਼ਿਕਰ ਨਹੀਂ ਮਿਲਦਾ।
ਲੇਖਕ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਿੱਖ ਰਾਜ ਦੀ ਰੂਪ ਰੇਖਾ ਦੇ ਗੰਭੀਰ ਸੰਕੇਤ ਹੋਣ ਦਾ ਦਾਅਵਾ ਕੀਤਾ ਹੈ, ਪਰ ਉਨ੍ਹਾਂ ਸੰਕੇਤਾਂ ਦਾ ਵੇਰਵਾ ਦੇਣ ਦੀ ਥਾਂ “ਇਸ ਵਿਸ਼ੇ ‘ਤੇ ਅਸੀਂ ਕਿਸੇ ਹੋਰ ਸਮੇਂ ਵਿਚਾਰ ਕਰਾਂਗੇ” ਕਹਿ ਕੇ ਟਾਲ ਦਿੱਤਾ ਹੈ। ਮੇਰੀ ਜਾਣਕਾਰੀ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਿੱਖ ਰਾਜ ਦੀ ਰੂਪ ਰੇਖਾ ਦਾ ਕੋਈ ਸੰਕੇਤ ਨਹੀਂ ਹੈ। ਉਸ ਵਿਚ ਤੇ ਸਿੱਖ ਰਾਜ ਦਾ ਆਧਾਰ ਮੰਨੇ ਜਾਂਦੇ ਸਿੱਖ ਸਮਾਜ, ਕੌਮ ਅਤੇ ਪੰਥ ਦੇ ਸੰਕਲਪਾਂ ਦਾ ਵੀ ਕੋਈ ਜ਼ਿਕਰ ਨਹੀਂ ਹੈ। ਗੁਰਬਾਣੀ ਤਾਂ ਸੰਬੋਧਤ ਹੀ ਵਿਅਕਤੀ ਨੂੰ ਹੈ ਅਤੇ ਉਸ ਨੂੰ ਆਪਣਾ ਮਨ ਸਾਧਣ ਦਾ ਉਪਦੇਸ਼ ਕਰਦੀ ਹੈ, ਸਮਾਜ ਸੁਧਾਰ ਜਾਂ ਸਿੱਖ ਰਾਜ ਦੀ ਸਥਾਪਨਾ ਨਾਲ ਉਸ ਦਾ ਕੋਈ ਵਾਸਤਾ ਨਹੀਂ ਹੈ।
ਗੁਰਬਾਣੀ ਇਹ ਦੱਸਦੀ ਹੈ ਕਿ ਪ੍ਰਭੂ ਨੇ ਮਨੁੱਖਤਾ ਨੂੰ ਭਰਮਾਉਣ ਲਈ ਸੰਸਾਰ ਵਿਚ ਮਾਇਆ ਦੀ ਖੇਡ ਰਚੀ ਹੋਈ ਹੈ ਅਤੇ ਉਸ ਵਿਚ ਪੰਜ ਵਿਸ਼ੇ ਵਿਕਾਰ-ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਪਾ ਕੇ ਉਨ੍ਹਾਂ ਨੂੰ ਸੰਸਾਰ ਵਿਚ ਵਿਆਪਕ ਤੇ ਪ੍ਰਭਾਵਸ਼ਾਲੀ ਬਣਾਇਆ ਹੋਇਆ ਹੈ। ਸਾਰੀਆਂ ਸੰਸਾਰਕ ਸੰਸਥਾਵਾਂ ਅਤੇ ਰਾਜ ਪ੍ਰਬੰਧ ਮਾਇਆ ਦੇ ਵਿਆਪਕ ਪ੍ਰਭਾਵ ਅਧੀਨ ਵਿਚਰਦੇ ਹਨ। ਸੰਸਾਰ ਵਿਚ ਪ੍ਰਭੂ ਵਲੋਂ ਪਾਏ ਮਾਇਆ ਦੇ ਪ੍ਰਭਾਵ ਨੂੰ ਖਤਮ ਕਰਨ ਦੀ ਸਮਰਥਾ ਕਿਸੇ ਮਨੁੱਖ ਜਾਂ ਸੰਸਥਾ ਵਿਚ ਨਹੀਂ ਹੈ। ਖਾਲਿਸਤਾਨੀ ਰਾਜ ਵਿਚ ਵੀ ਮਾਇਆ ਦਾ ਪੂਰਾ ਪ੍ਰਭਾਵ ਹੋਣਾ ਹੈ। ਇਸ ਪਖੋਂ ਉਹ ਦੂਜੇ ਰਾਜਾਂ ਨਾਲੋਂ ਵਖਰਾ ਜਾਂ ਬਿਹਤਰ ਨਹੀਂ ਹੋਣਾ।
ਗੁਰਬਾਣੀ ਅਨੁਸਾਰ ਰੱਬ ਨੇ ਮਨੁੱਖ ਨੂੰ ਹਉਮੈ ਦਾ ਰੋਗ ਵੀ ਲਾਇਆ ਹੋਇਆ ਹੈ। ਹਉਮੈ ਕਾਰਨ ਮਨੁੱਖ ਰੱਬ ਨੂੰ ਵਿਸਾਰ ਕੇ ਆਪਣੇ ਆਪ ਨੂੰ ਮਹਾਨ ਸਿੱਧ ਕਰਨ ਲਈ ਸਮਾਜ ਦੀ ਸ਼ਾਂਤੀ ਭੰਗ ਕਰਦਾ ਆ ਰਿਹਾ ਹੈ। ਗੁਰਬਾਣੀ ਮਨੁੱਖ ਨੂੰ ਆਪਣੀ ਹਉਮੈ ਮਾਰ ਕੇ ਰੱਬ ਦੀ ਬੰਦਗੀ ਅਤੇ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਕਰਦੀ ਹੈ। ਗੁਰਬਾਣੀ ਦੇ ਇਨ੍ਹਾਂ ਮੂਲ ਉਪਦੇਸ਼ਾਂ ਦਾ ਪ੍ਰਭੂਸੱਤਾ ਸੰਪਨ ਸਿੱਖ ਰਾਜ ਦੇ ਸੰਕਲਪ ਨਾਲ ਕੋਈ ਸਬੰਧ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਕ ਗਿਆਨ ਹੈ ਅਤੇ ਮਨੁੱਖਾ ਜੀਵਨ ਦਾ ਮਨੋਰਥ ਧਰਮ ਦੇ ਮਾਰਗ ‘ਤੇ ਚਲਦਿਆਂ ਨਾਮ ਸਿਮਰਣ ਅਤੇ ਸ਼ਬਦ ਦੀ ਓਟ ਲੈ ਕੇ ਪ੍ਰਭੂ ਦੇ ਗਿਆਨ ਦੀ ਪ੍ਰਾਪਤੀ ਰਾਹੀਂ ਉਸ ਨਾਲ ਮਿਲਾਪ ਦੱਸਦਾ ਹੈ, ਕਿਸੇ ਰਾਜ ਨੂੰ ਹਥਿਆਉਣ ਦੀ ਸਲਾਹ ਨਹੀਂ ਦਿੰਦਾ। ਗੁਰਬਾਣੀ ਦਾ ਮੂਲ ਉਪਦੇਸ਼ ਲੇਖਕ ਦੇ ਗੁਰਬਾਣੀ ਵਿਚ ਸਿੱਖ ਰਾਜ ਦੀ ਰੂਪ ਰੇਖਾ ਦੇ ਗੰਭੀਰ ਸੰਕੇਤ ਮਿਲਣ ਦੇ ਦਾਅਵੇ ਦੀ ਪ੍ਰੋੜ੍ਹਤਾ ਨਹੀਂ ਕਰਦਾ।
ਅਸਲ ਵਿਚ ਧਰਮ ਅਤੇ ਸਿਆਸਤ ਦੋ ਵੱਖਰੇ ਅਤੇ ਕਾਫੀ ਹੱਦ ਤਕ ਅਸਬੰਧਤ ਕਿੱਤੇ ਹਨ। ਸਿਆਸਤ ਸਮਾਜ ਪ੍ਰਬੰਧ ਦਾ ਕਿੱਤਾ ਹੈ। ਇਸ ਦੇ ਵਿਰੁਧ ਸਮਾਜਕ ਧਰਮ ਦਾ ਮਨੋਰਥ ਸ਼ਰਧਾਲੂਆਂ ਨੂੰ ਸੁਰਗ ਵਿਚ ਥਾਂ ਦਿਵਾਉਣ ਦਾ ਪ੍ਰਬੰਧ ਅਤੇ ਅਧਿਆਤਮਕ ਧਰਮ ਦਾ ਪ੍ਰਭੂ ਦੇ ਗਿਆਨ ਰਾਹੀਂ ਉਸ ਦੇ ਦਰਸ਼ਨਾਂ ਦੀ ਵਿਵਸਥਾ ਕਰਨਾ ਹੈ। ਇਨ੍ਹਾਂ ਦੋ ਵੱਖਰੇ ਅਤੇ ਅਸਬੰਧਤ ਕਿਤਿਆਂ ਨੂੰ ਰਲਗੱਡ ਕਰਨ ਨਾਲ ਦੋਹਾਂ ਦਾ ਨੁਕਸਾਨ ਹੁੰਦਾ ਹੈ। ਯੂਰਪੀ ਦੇਸ਼ਾਂ ਦੇ ਇਤਿਹਾਸ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਉਥੇ ਧਰਮ ਅਤੇ ਸਿਆਸਤ ਆਪਸ ਵਿਚ ਕਈ ਸੌ ਸਾਲ ਲੜਦੇ-ਝਗੜਦੇ ਰਹੇ ਸਨ। ਝਗੜਾ ਮਿਟਾਉਣ ਲਈ ਯੂਰਪ ਵਿਚ ਦੋ ਤਲਵਾਰਾਂ ਦੇ ਸੰਕਲਪ ਰਾਹੀਂ ਧਰਮ ਨੂੰ ਸਿਆਸਤ ਨਾਲੋਂ ਵੱਖ ਕਰਨ ਦਾ ਯਤਨ ਵੀ ਕੀਤਾ ਗਿਆ ਸੀ, ਜੋ ਬਹੁਤਾ ਸਫਲ ਨਾ ਹੋ ਸਕਿਆ। ਪੁਨਰ ਜਾਗ੍ਰਿਤੀ ਕਾਲ (੍ਰeਨਅਸਿਸਅਨਚe) ਵਿਚ ਯੂਰਪੀ ਚਿੰਤਕਾਂ ਅਤੇ ਫਿਲਾਸਫਰਾਂ ਨੇ ਵੱਡੀ ਗਿਣਤੀ ਵਿਚ ਮਨੁੱਖ ਤੇ ਸਮਾਜ ਦੇ ਸਬੰਧਾਂ ਅਤੇ ਸਮਾਜਕ ਪ੍ਰਬੰਧ ਬਾਰੇ ਡੂੰਘੀ ਤੇ ਵਿਸਤ੍ਰਿਤ ਵਿਚਾਰ ਕੀਤੀ ਸੀ ਅਤੇ ਇਸ ਨਤੀਜੇ ‘ਤੇ ਪਹੁੰਚੇ ਸਨ ਕਿ ਸਿਆਸਤ ਵਿਚ ਧਰਮ ਦਾ ਦਖਲ ਨਹੀਂ ਹੋਣਾ ਚਾਹੀਦਾ। ਇਨ੍ਹਾਂ ਵਿਚਾਰਾਂ ਤੋਂ ਸੇਧ ਲੈ ਕੇ ਯੂਰਪੀ ਦੇਸ਼ਾਂ ਨੇ ਆਪਣੇ ਸੰਵਿਧਾਨਾਂ ਵਿਚ ਧਰਮ ਨੂੰ ਸਿਆਸਤ ਵਿਚ ਦਖਲ ਦੇਣ ਤੋਂ ਵਰਜਿਤ ਕਰ ਦਿੱਤਾ ਹੈ।
ਇਸ ਦੇ ਉਲਟ ਅੰਗਰੇਜ਼ਾਂ ਨੇ 1909 ਦੇ ਐਕਟ ਰਾਹੀਂ, ਜਿਸ ਨੂੰ ਮੋਰਲੇ-ਮਿੰਟੋ ਰਿਫਾਰਮ (ੰੋਰਲਏ-ੰਨਿਟੋ ੍ਰeੋਰਮ) ਵੀ ਆਖਿਆ ਜਾਂਦਾ ਹੈ, ਹਿੰਦੋਸਤਾਨ ਵਿਚ ਵੈਸਟਮਿਨਿਸਟਰ ਮਾਡਲ (ੱeਸਟਮਨਿਸਟeਰ ੰੋਦeਲ) ਦੇ ਅਨੁਕੂਲ ਸਰਕਾਰੀ ਢਾਂਚਾ ਬਣਾਉਣ ਲਈ ਸੈਪਰੇਟ ਇਲੈਕਟੋਰੇਟ (ੰeਪਅਰਅਟe eਲeਚਟੋਰਅਟe) ਜਾਂ ਕਮਯੂਨਲ ਰਿਪਰੈਜ਼ੈਂਟੇਸ਼ਨ (ਛੋਮਮੁਨਅਲ ਰeਪਰeਸeਨਟਅਟਿਨ) ਰਾਹੀਂ ਧਰਮ ‘ਤੇ ਆਧਾਰਤ ਚੋਣ ਖੇਤਰਾਂ ਦੀ ਵਿਵਸਥਾ ਕਰ ਦਿੱਤੀ ਸੀ। ਇਸ ਨਾਲ ਧਰਮ ਤੇ ਆਧਾਰਤ ਸਿਆਸੀ ਪਾਰਟੀਆਂ ਜ਼ੋਰ ਫੜ ਗਈਆਂ। ਮੁਸਲਮਾਨਾਂ ਵਿਚ ਮੁਸਲਿਮ ਲੀਗ ਪ੍ਰਸਿਧ ਹੋ ਗਈ ਅਤੇ ਕਾਂਗਰਸ ਵਿਚ ਹਿੰਦੂਤਵੀ ਸ਼ਕਤੀਆਂ ਭਾਰੂ ਹੋ ਗਈਆਂ। ਗੁਰਦੁਆਰਾ ਲਹਿਰ ਸਮੇਂ ਸਿੱਖਾਂ ਨੇ ਵੀ 1909 ਅਤੇ 1919 ਦੇ ਐਕਟ ਅਧੀਨ ਚੋਣਾਂ ਵਿਚ ਲਾਭ ਲੈਣ ਤੇ ਸਿੱਖਾਂ ਦੇ ਸਿਅਸੀ ਭਵਿਖ ਦੀ ਬਿਹਤਰੀ ਲਈ ਧਰਮ ਦੇ ਆਧਾਰ ‘ਤੇ ਸਿਅਸੀ ਪਾਰਟੀ ਅਕਾਲੀ ਦਲ ਬਣਾ ਲਿਆ। ਪਾਕਿਸਤਾਨ ਦੀ ਨੀਂਹ 1909 ਦੇ ਐਕਟ ਵਿਚ ਰੱਖੀ ਗਈ ਮੰਨੀ ਜਾਂਦੀ ਹੈ ਅਤੇ ਸਿੱਖਾਂ ਵਿਚ ਵਖਰੇਪਣ ਦੀ ਭਾਵਨਾ ਵੀ ਉਨ੍ਹਾਂ ਵਿਧਾਨਾਂ ਦੀ ਹੀ ਦੇਣ ਸੀ, ਜਿਸ ਵਖਰੇਵੇਂ ਨੂੰ ਆਰੀਆ ਸਮਾਜੀਆਂ ਨੇ ਹੋਰ ਵਧਾ ਦਿੱਤਾ ਸੀ।
ਲੇਖਕ ਨੇ ਸਿੱਖ ਧਰਮ ਨਾਲ ਸਬੰਧਤ ਚਾਰ ਇਤਿਹਾਸਕ ਲਹਿਰਾਂ ਨੂੰ ਖਾਲਿਸਤਾਨ ਨਾਲ ਜੋੜਿਆ ਹੈ। ਉਸ ਦਾ ਗਿਲਾ ਹੈ ਕਿ ਉਨ੍ਹਾਂ ਲਹਿਰਾਂ ਵਿਚ ਸਿੱਖਾਂ ਵਲੋਂ ਦਿੱਤੀਆਂ “ਬੇਮਿਸਾਲ ਕੁਰਬਾਨੀਆਂ ਬ੍ਰਾਹਮਣਵਾਦੀ ਹਕੂਮਤ ਵਲੋਂ ਹਿੰਦੁਸਤਾਨ ਦੀ ਜੰਗ-ਏ-ਆਜ਼ਾਦੀ ਲਈ ਵਰਤ ਲਈਆਂ ਗਈਆਂ।” ਉਨ੍ਹਾਂ ਲਹਿਰਾਂ ਬਾਰੇ ਕਈ ਉਚ ਕੋਟੀ ਦੇ ਇਤਿਹਾਸਕਾਰਾਂ ਨੇ ਪ੍ਰਮਾਣਿਕ ਇਤਿਹਾਸਕ ਪੁਸਤਕਾਂ ਲਿਖੀਆਂ ਹਨ। ਉਨ੍ਹਾਂ ਵਿਚੋਂ ਕਿਸੇ ਵੀ ਇਤਿਹਾਸਕਾਰ ਨੇ ਉਨ੍ਹਾਂ ਲਹਿਰਾਂ ਨੂੰ ਖਾਲਿਸਤਾਨ ਜਾਂ ਸੁਤੰਤਰ ਸਿੱਖ ਰਾਜ ਦੇ ਸੰਕਲਪ ਨਾਲ ਨਹੀਂ ਜੋੜਿਆ ਹੈ। ਜਿਥੋਂ ਤਕ ਉਨ੍ਹਾਂ ਲਹਿਰਾਂ ਵਿਚ ਦਿੱਤੀਆਂ ਕੁਰਬਾਨੀਆਂ ਨੂੰ ਜੰਗ-ਏ-ਆਜ਼ਾਦੀ ਲਈ ਵਰਤਣ ਦਾ ਸਵਾਲ ਹੈ, ਉਹ ਹਿੰਦੋਸਤਾਨ ਦੇ ਇਤਿਹਾਸ ਦੀਆਂ 1950 ਤਕ ਛਪੀਆਂ ਪੁਸਤਕਾਂ ਤੋਂ ਸਪਸ਼ਟ ਹੋ ਜਾਂਦਾ ਹੈ। ਕਿਸੇ ਵੀ ਇਤਿਹਾਸ ਦੀ ਪ੍ਰਚਲਿਤ ਪੁਸਤਕ ਵਿਚ ਕੂਕਾ, ਗਦਰ ਅਤੇ ਬੱਬਰ ਅਕਾਲੀ ਲਹਿਰ ਦਾ ਜ਼ਿਕਰ ਕੀਤਾ ਨਹੀਂ ਮਿਲਦਾ। ਜਿਨ੍ਹਾਂ ਕੁਰਬਾਨੀਆਂ ਨੂੰ ਹਿੰਦੋਸਤਾਨੀ ਸਮਾਜ ਆਪਣੇ ਇਤਿਹਾਸ ਵਿਚ ਮਾਨਤਾ ਦੇਣ ਲਈ ਤਿਆਰ ਨਹੀਂ, ਉਸ ਨੇ ਉਨ੍ਹਾਂ ਨੂੰ ਜੰਗ-ਏ-ਆਜ਼ਾਦੀ ਲਈ ਕੀ ਵਰਤਿਆ ਹੋਵੇਗਾ?
ਡਾ. ਫੌਜਾ ਸਿੰਘ ਨੇ ਕੂਕਾ ਲਹਿਰ ‘ਤੇ ਪ੍ਰਮਾਣਿਕ ਪੁਸਤਕ ਲਿਖੀ ਹੈ। ਕੂਕਾ ਲਹਿਰ 19ਵੀਂ ਸਦੀ ਵਿਚ ਉਠੀ ਇੱਕ ਨਿਰੋਲ ਸਿੱਖ ਧਾਰਮਿਕ ਲਹਿਰ ਸੀ। ਅੰਗਰੇਜ਼ ਸਰਕਾਰ ਨੇ ਬਹੁਤ ਸਾਰੇ ਕੂਕਿਆਂ ਨੂੰ ਤੋਪਾਂ ਨਾਲ ਬੰਨ੍ਹ ਕੇ ਉਡਾ ਦਿੱਤਾ ਸੀ। ਉਦੋਂ ਸਿੱਖ ਰਾਜ ਜਾਂ ਖਾਲਿਸਤਾਨ ਜੈਸੇ ਕਿਸੇ ਸੰਕਲਪ ਨੇ ਜਨਮ ਨਹੀਂ ਸੀ ਲਿਆ। ਕੂਕਾ ਲਹਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪ੍ਰਭਾਵਤ ਸੀ। ਕੂਕੇ ਉਸ ਨੂੰ ਸਿੱਖ ਧਰਮ ਦਾ ਰਾਜ ਨਹੀਂ ਸਮਝਦੇ ਸਨ।
ਗਦਰ ਪਾਰਟੀ ਦੇ ਸੰਘਰਸ਼ ਦੀ ਅਗਵਾਈ ਸੋਹਣ ਸਿੰਘ ਭਕਨਾ ਨੇ ਕੀਤੀ ਸੀ। ਉਹ ਇੱਕ ਸੂਝਵਾਨ ਤੇ ਪ੍ਰਸਿਧ ਕਮਿਊਨਿਸਟ ਲੀਡਰ ਸਨ ਅਤੇ ਸਿੱਖ ਰਾਜ ਜਾਂ ਖਾਲਿਸਤਾਨ ਦੇ ਸਮਰਥਕ ਨਹੀਂ। ਗਦਰੀ ਬਾਬੇ ਐਲਾਨੀਆ ਅੰਗਰੇਜ਼ਾਂ ਦੀ ਗੁਲਾਮੀ ਵਿਰੁਧ ਸੰਘਰਸ਼ ਕਰ ਰਹੇ ਸਨ।
ਬੱਬਰ ਅਕਾਲੀ ਲਹਿਰ ਸਿੱਖ ਧਰਮ ਦੇ ਉਪਾਸ਼ਕਾਂ ਦਾ ਅੰਗਰੇਜ਼ੀ ਰਾਜ ਤੋਂ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਸੀ, ਪਰ ਉਸ ਦਾ ਮਨੋਰਥ ਵੱਖਰੇ ਸਿੱਖ ਰਾਜ ਦੀ ਸਥਾਪਨਾ ਨਹੀਂ ਸੀ। ਬੱਬਰ ਅਕਾਲੀਆਂ ਨੇ ਕਦੇ ਵੀ ਵੱਖਰੇ ਆਜ਼ਾਦ ਸਿੱਖ ਰਾਜ ਜਾਂ ਖਾਲਿਸਤਾਨ ਦੀ ਮੰਗ ਨਹੀਂ ਸੀ ਕੀਤੀ।
ਗੁਰਦੁਆਰਾ ਸੁਧਾਰ ਲਹਿਰ ਦਾ ਮਨੋਰਥ ਇਤਿਹਾਸਕ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਸੀ। ਗੁਰਦੁਆਰੇ ਧਰਮ ਪ੍ਰਚਾਰ ਦੇ ਟਿਕਾਣੇ ਸਨ, ਕਿਸੇ ਵਿਅਕਤੀ ਦੀ ਨਿਜੀ ਸੰਪਤੀ ਨਹੀਂ ਸਨ। ਅੰਗਰੇਜ਼ ਸਰਕਾਰ ਮਹੰਤਾਂ ਦਾ ਵਿਰੋਧ ਕਰ ਰਹੇ ਸਿੱਖ ਜਥਿਆਂ ‘ਤੇ ਤਸ਼ੱਦਦ ਕਰਨ ਲੱਗ ਪਈ। ਵੱਡੀ ਗਿਣਤੀ ਵਿਚ ਸਿੱਖ ਜੇਲ੍ਹਾਂ ਵਿਚ ਕੈਦ ਕਰ ਦਿੱਤੇ ਗਏ। ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਬਾਬਾ ਖੜਗ ਸਿੰਘ ਕਰ ਰਹੇ ਸਨ। ਉਹ ਸਿੱਖ ਰਾਜ ਜਾਂ ਖਾਲਿਸਤਾਨ ਦੇ ਸਮਰਥਕ ਨਹੀਂ ਸਨ। ਉਸ ਲਹਿਰ ਦਾ ਕੋਈ ਸਿਆਸੀ ਮਨੋਰਥ ਨਹੀਂ ਸੀ ਅਤੇ ਨਾ ਹੀ ਉਸ ਲਹਿਰ ਦੀ ਜਿੱਤ ‘ਤੇ ਸਿੱਖਾਂ ਨੇ ਕੋਈ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ ਸੀ। ਉਸ ਸਮੇਂ ਦੇ ਹਾਲਾਤ ਨੂੰ ਮੁੱਖ ਰਖਦਿਆਂ ਸਿੱਖਾਂ ਨੇ ਆਪਣੀ ਵੱਖਰੀ ਸਿਆਸੀ ਪਾਰਟੀ ਅਕਾਲੀ ਦਲ ਬਣਾਇਆ ਸੀ। ਅਕਾਲੀ ਦਲ ਨੇ ਕਦੇ ਵੀ ਸੁਤੰਤਰ ਸਿੱਖ ਰਾਜ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਖਾਲਿਸਤਾਨ ਦੀ ਮੰਗ ਦਾ ਸਮਰਥਨ ਕੀਤਾ ਹੈ।
ਲੇਖਕ ਨੇ ਤੱਥਾਂ ਦੀ ਥਾਂ ਭਾਵਨਾਵਾਂ ਦੇ ਆਧਾਰ ‘ਤੇ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖਾਲਿਸਤਾਨੀ ਵਿਚਾਰਧਾਰਾ ਦੇ ਸਰੋਤ ਸਿੱਧ ਕਰਨ ਦਾ ਯਤਨ ਕੀਤਾ ਹੈ। ਅਸਲ ਵਿਚ ਖਾਲਿਸਤਾਨੀ ਵਿਚਾਰਧਾਰਾ ਅੰਗਰੇਜ਼ੀ ਰਾਜ ਵਲੋਂ ਲਾਗੂ ਕੀਤਾ 1909 ਐਕਟ ਦੀ ਉਪਜ ਸੀ, ਨਾ ਕਿ ਸਿੱਖ ਇਤਿਹਾਸ ਜਾਂ ਗੁਰਬਾਣੀ ਦੀ। ਉਸ ਐਕਟ ਨੇ ਹਿੰਦੋਸਤਾਨੀ ਮੁਸਲਮਾਨਾਂ ਦੀ ਵੱਖਰਾ ਪਾਕਿਸਤਾਨ ਬਣਾਉਣ ਵਿਚ ਮਦਦ ਕੀਤੀ ਅਤੇ ਸਿੱਖਾਂ ਨੂੰ ਸਿਆਸੀ ਵਖਰੇਵੇਂ ਦੇ ਭੰਬਲਭੂਸੇ ਵਿਚ ਪਾ ਦਿੱਤਾ। ਧਰਮ ਨੂੰ ਸਿਆਸਤ ਦਾ ਪਲੈਟਫਾਰਮ ਬਣਾ ਕੇ ਅੱਜ ਤਕ ਕੋਈ ਵੀ ਦੇਸ਼ ਜਾਂ ਕੌਮ ਤਰੱਕੀ ਨਹੀਂ ਕਰ ਸਕੀ ਹੈ, ਕਿਉਂਕਿ ਸਮਾਜਕ ਤਰੱਕੀ ਲਈ ਮੰਤਵ ਵਿਚ ਇਕਮਾਤਰਤਾ ਅਤੇ ਸਪਸ਼ੱਟਤਾ ਹੋਣੀ ਜ਼ਰੂਰੀ ਹੁੰਦੀ ਹੈ।