ਹਰਪਾਲ ਸਿੰਘ ਪੰਨੂ
ਫੋਨ: 91-94642-51454
ਮੈਂ ਅੱਜ ਤਕ ਕਾਨਾ ਸਿੰਘ ਨੂੰ ਨਹੀਂ ਮਿਲਿਆ, ਕਿਸੇ ਸੈਮੀਨਾਰ ਜਾਂ ਕਾਨਫਰੰਸ ਵਿਚ ਵੀ ਨਹੀਂ। ਉਸ ਦੀ ਕੋਈ ਕਿਤਾਬ ਨਹੀਂ ਪੜ੍ਹੀ। ਮੇਰੇ ਕੋਲ ਜਿਹੜਾ ਪੰਜਾਬੀ ਅਖਬਾਰ ਰੋਜ਼ਾਨਾ ਆਉਂਦਾ ਹੈ, ਉਸ ਦੇ ਐਤਵਾਰੀ ਮੈਗਜ਼ੀਨ ਸੈਕਸ਼ਨ ਵਿਚ ਕਦੀ ਕਦਾਈਂ ਉਸ ਦਾ ਕੋਈ ਲੇਖ ਪੜ੍ਹਦਿਆਂ ਤਾਜ਼ਗੀ ਪ੍ਰਤੀਤ ਹੁੰਦੀ। ਕੁਝ ਕੁ ਲੇਖਕਾਂ ਦੇ ਨਾਮ ਜ਼ਿਹਨ ਵਿਚ ਦਰਜ ਹੋ ਜਾਂਦੇ ਹਨ, ਤੁਸੀਂ ਉਨ੍ਹਾਂ ਦੀ ਰਚਨਾ ਉਪਰ ਨਜ਼ਰ ਮਾਰਨ ਵੱਲ ਰੁਚਿਤ ਹੋ ਜਾਂਦੇ ਹੋ, ਕੁਝ ਨਾਮ ਦੇਖਣ ਸਾਰ ਅਗਲਾ ਵਰਕਾ ਖੋਲ੍ਹ ਲੈਂਦੇ ਹੋ।
ਕਾਨਾ ਸਿੰਘ ਦੀ ਲਿਖਤ ਦਾ ਕੇਂਦਰ ਪੋਠੋਹਾਰ ਹੈ, ਚਾਹੇ ਦਿੱਲੀ ਵਸੀ, ਮੁੰਬਈ ਰਹੀ, ਮੋਹਾਲੀ ਰਹਿ ਰਹੀ ਹੈ, ਜਿਥੇ ਕਾਨਾ ਸਿੰਘ ਹੈ, ਉਥੇ ਪੋਠੋਹਾਰ ਵਸਦਾ ਹੈ। ਉਸ ਦੀ ਕੋਈ ਰਚਨਾ ਅਖਬਾਰ ਵਿਚ ਪੜ੍ਹ ਕੇ ਫੋਨ ਕਰ ਦਿੱਤਾ, ਉਸ ਦੀ ਆਵਾਜ਼ ਅੱਲ੍ਹੜ ਕੁੜੀ ਦੀ ਹੈ ਜਦੋਂ ਕਿ ਮੈਨੂੰ ਪਤਾ ਹੈ, ਉਮਰ ਵਿਚ ਮੇਰੇ ਤਂੋ ਉਹ ਡੇਢ ਦਹਾਕਾ ਵੱਡੀ ਹੈ। ਉਸ ਨੇ ਮੈਨੂੰ ਦੱਸਿਆ ਕਿ ਉਹ ਮੇਰੀ ਪਾਠਕ ਹੈ ਤੇ ਉਸ ਨੂੰ ਮੇਰੀ ਲਿਖਤ ਚੰਗੀ ਲਗਦੀ ਹੈ। ਭਾਵੇਂ ਉਸ ਨੇ ਝੂਠ ਬੋਲਿਆ ਹੋਵੇ, ਮੈਂ ਖੁਸ਼ ਹੋ ਗਿਆ। ਟੈਗੋਰ ਦਸਦਾ ਹੈ, “ਕੁੜੀਆਂ ਝੂਠ ਬੋਲ ਕੇ ਮੁੰਡਿਆਂ ਨੂੰ ਖੁਸ਼ ਕਰ ਲੈਂਦੀਆਂ ਹਨ ਤੇ ਆਪ ਵੀ ਉਸ ਵਿਚੋਂ ਮਜ਼ਾ ਲੈਂਦੀਆਂ ਹਨ ਕਿ ਕਿੰਨਾ ਆਸਾਨ ਹੈ ਕਿਸੇ ਨੂੰ ਉੱਲੂ ਬਣਾਉਣਾ।”
ਉਸ ਦੇ ਬੋਲਾਂ ਅਤੇ ਲਿਖਤਾਂ ਵਿਚ ਇਕ ਸਦੀ ਪੁਰਾਣਾ ਪੋਠੋਹਾਰ ਜਿਉਂਦਾ ਵਸਦਾ ਦਿਖਾਈ ਦਿੰਦਾ ਹੈ। ਇਸ ਪੋਠੋਹਾਰ ਦੇ ਦੀਦਾਰ ਪਹਿਲੋਂ ਮੈਨੂੰ ਕਵੀ ਮੋਹਨ ਸਿੰਘ ਅਤੇ ਗਲਪਕਾਰ ਕਰਤਾਰ ਸਿੰਘ ਦੁੱਗਲ ਦੀਆਂ ਲਿਖਤਾਂ ਵਿਚੋਂ ਹੋਏ ਸਨ। ਅੰਮ੍ਰਿਤਾ ਪ੍ਰੀਤਮ ਪੋਠੋਹਾਰਨ ਸੀ, ਉਸ ਦੀ ਲਿਖਤ ਵਿਚ ਜ਼ਬਾਨ ਦਾ ਇਹ ਰੰਗ ਗਾਇਬ ਹੈ। ਕਾਨਾ ਸਿੰਘ ਦੀ ਮਾਂ ਉਨ੍ਹਾਂ ਲੋਕਾਂ ਨੂੰ ਫਟਕਾਰਦੀ ਹੈ ਜਿਹੜੇ ਬੋਲੀ ਬਦਲ ਲੈਣ।
ਮੇਰੀ ਮਾਂ ਅਤੇ ਦਾਦੀ ਹਰਿਆਣਾ ਤਂੋ ਸਨ। ਨਾਨਕਿਆਂ ਤੋਂ ਕੋਈ ਆਉਂਦਾ, ਮਾਂ ਉਸ ਨਾਲ ਬਾਂਗਰੂ ਬੋਲੀ ਬੋਲਦੀ, ਸਾਡੇ ਨਾਲ ਮਲਵਈ ਪੰਜਾਬੀ। ਦਾਦੀ ਨੇ ਸਾਰੀ ਉਮਰ ਪੰਜਾਬੀ ਨਹੀਂ ਬੋਲੀ, ਕਦੀ ਕਦੀ ਕਿਹਾ ਕਰਦੀ, ਥਾਰੀ ਮਾਂ ਸਿਆਣੀ ਐ, ਚੰਗੀ ਐ ਪਰ ਜੌਣਸਾ ਅਪਣੀ ਬੋਲੀ ਛੋੜ ਦੇਹ ਅਹੁ ਬੇਤਬਾਰਾ ਹੋਇਆ ਕਰੈ, ਚੰਗਪਣੇ ਦਾ ਕੇ ਕਰਨਾ ਫੇਰ?
ਇਹ ਰਜਿਆ ਪੁਜਿਆ, ਸੰਯੁਕਤ ਪਰਿਵਾਰ ਘੁੱਗ ਵਸਦਾ ਸੀ ਜਦੋਂ ਸੰਤਾਲੀ ਦੇ ਹੱਲੇ ਸ਼ੁਰੂ ਹੋ ਗਏ। ਮਾਂ ਮੰਨਦੀ ਹੀ ਨਹੀਂ ਸੀ ਕਿ ਉਜੜਨਾ ਪਵੇਗਾ, ਆਖਦੀ, ਰਾਜ ਬਦਲਨੇ ਹੀ ਆਏ ਨੋ। ਕਦੇ ਪਰਜਾ ਵੀ ਬਦਲੀ? ਇਹ ਦਰਦਨਾਕ ਭਾਣਾ ਵਾਪਰਿਆ, ਬੰਦਾ ਕਿਵੇਂ ਜੱਲਾਦ ਹੋ ਕੇ ਬੰਦੇ ਨੂੰ ਟੱਕਰਿਆ, 1947 ਦਾ ਘੱਲੂਘਾਰਾ ਆਦਮੀ ਦੀ ਦਰਿੰਦਗੀ ਦਾ ਕੌੜਾ ਸੱਚ ਹੈ। ਸਿੱਖ ਨੂੰ ਸਿੱਖੀ ਭੁੱਲ ਗਈ ਤੇ ਮੁਸਲਮਾਨ ਨੂੰ ਇਸਲਾਮ। ਪਰ ਇਹ ਪਰਿਵਾਰ ਏਨਾ ਕੁ ਖੁਸ਼ਕਿਸਮਤ ਨਿਕਲਿਆ ਕਿ ਜਾਇਦਾਦਾਂ ਜਾਂਦੀਆਂ ਰਹੀਆਂ ਪਰ ਜਾਨਾਂ ਬਚ ਗਈਆਂ। ਕਿਵੇਂ ਰੇਹੜੀ ਲਾ ਕੇ ਫੇਰੀ ਪਾ ਕੇ ਨਿਕੀਆਂ ਮੋਟੀਆਂ ਵਸਤਾਂ ਨਾਲ ਰੁਜ਼ਗਾਰ ਤੋਰਿਆ, ਇਹ ਪੜ੍ਹਦਿਆਂ ਉਦਾਸੀ ਨਹੀਂ ਹੁੰਦੀ, ਹੌਸਲਾ ਬਣਦਾ ਹੈ, ਆਤਮ ਵਿਸ਼ਵਾਸ ਬਝਦਾ ਹੈ।
ਬੇਸ਼ਕ ਕਾਨਾ ਸਿੰਘ ਦਾ ਭੂਤ, ਵਰਤਮਾਨ ਸ਼ਹਿਰੀ ਹੈ ਪਰ ਉਹ ਦੂਰ-ਦਰਾਡੇ ਦੇ ਪਿੰਡਾਂ, ਖੇਤ ਖਲਿਹਾਨਾ, ਬਾਗਾਂ, ਚਿੜੀਆਂ, ਕਾਂਵਾਂ, ਪਸ਼ੂਆਂ ਤੋਂ ਦੂਰ ਨਹੀਂ। ਉਹ ਸਵਾਲ ਕਰਦੀ ਹੈ, ਪੰਛੀ ਆਹਲਣਿਆਂ ਵਿਚ ਪਹਿਲੋਂ ਆਪਣੇ ਬੋਟਾਂ ਨੂੰ ਪਾਲਦੇ ਹਨ, ਫਿਰ ਉਡਣ ਲਈ ਉਤਸ਼ਾਹਿਤ ਕਰਦੇ ਹਨ, ਫਿਰ ਆਪਣੀ ਹਿਫਾਜ਼ਤ ਵਿਚ ਦੂਰ ਉਡ ਜਾਣ ਲਈ ਕਹਿੰਦੇ ਹਨ। ਮਨੁਖ ਆਪਣੇ ਬੱਚਿਆਂ ਤੋਂ ਵਿਛੜ ਕੇ ਉਦਾਸ ਹੁੰਦਾ ਹੈ, ਪਰ ਪੰਛੀ ਉਵੇਂ ਦੇ ਉਵੇਂ ਚਹਿਕਦੇ ਫਿਰਦੇ ਹਨ। ਇਥੇ ਕਾਨਾ ਸਿੰਘ ਨੂੰ ਮੈਂ ਦਸ ਦਿਆਂ ਕਿ ਮੈਂ ਵੀ ਪੰਛੀਆਂ ਨੂੰ ਗਹੁ ਨਾਲ ਦੇਖਦਾ ਰਿਹਾ ਹਾਂ। ਚਿੜੀਆਂ ਆਪਣੇ ਬੱਚਿਆਂ ਕੋਲੋਂ ਉਡ ਕੇ ਗਾਉਂਦੀਆਂ ਗਾਉਂਦੀਆਂ ਚੋਗਾ ਚੁਗਣ ਜਾਂਦੀਆਂ ਹਨ ਤੇ ਵਾਪਸੀ ਵੇਲੇ ਵੀ ਗਾਉਂਦੀਆਂ ਆਉਂਦੀਆਂ ਹਨ। ਜਦੋਂ ਉਨ੍ਹਾਂ ਦੇ ਬੋਟ ਉਡਾਰ ਹੋ ਕੇ ਚਲੇ ਜਾਂਦੇ ਹਨ, ਤਦ ਚਿੜੀਆਂ ਖਾਮੋਸ਼ ਬੈਠੀਆਂ ਰਹਿੰਦੀਆਂ ਹਨ, ਗੀਤ ਨਹੀਂ ਗਾਉਂਦੀਆਂ।
ਮੈਂ ਚੰਗੀ ਰਚਨਾ ਉਸ ਨੂੰ ਸਮਝਦਾ ਹਾਂ ਜਿਸ ਨੂੰ ਪੜ੍ਹਦਿਆਂ ਤੁਹਾਨੂੰ ਹੋਰ ਚੰਗੀਆਂ ਚੀਜ਼ਾਂ ਯਾਦ ਆਉਣ। ਗਿਆਨ ਪ੍ਰਕਾਸ਼ ਵਿਵੇਕ ਨੇ ਹਿੰਦੀ ਵਿਚ ਆਪਣੇ ਪਿੰਡ ਉਪਰ ਲੇਖ ਲਿਖਿਆ ਹੈ, ਏਕ ਨਗਰ ਕਾ ਚਿਹਰਾ। ਇਸ ਵਿਚੋਂ ਕੁਝ ਸੁੰਦਰ ਵਾਕ ਯਾਦ ਹੋ ਗਏ ਹਨ, “ਪਿੰਡ ਅਜੇ ਵਸਿਆ ਨਹੀਂ ਸੀ, ਧੁੱਪਾਂ ਤੇ ਹਵਾਵਾਂ ਪਹਿਲਾਂ ਆ ਵਸੀਆਂ। ਹਵਾਵਾਂ ਨੇ ਹੋਰ ਹੀ ਕੰਮ ਫੜ ਲਿਆ। ਉਹ ਦੀਵਿਆਂ ਨਾਲ ਲੁਕਣ ਮੀਚੀ ਖੇਡਣ ਲੱਗ ਪਈਆਂ। ਕਦੀ ਕਦੀ ਮੇਰਾ ਪਿੰਡ ਮੈਨੂੰ ਉਦਾਸ ਲਗਦਾ। ਜਿਵੇਂ ਬਣਵਾਸ ਭੋਗਦਾ ਹੋਇਆ ਰਾਜਾ ਰਾਮ ਚੰਦਰ। ਮੇਰੇ ਪਿੰਡ ਦੇ ਦੁਆਲੇ ਤਲਾਬ ਬਹੁਤ ਹਨ। ਰੱਬ ਨੇ ਜਿਵੇਂ ਪਾਣੀ ਦੇ ਸਿੱਕੇ ਖਿਲਾਰ ਦਿਤੇ ਹੋਣ।”
ਬੱਚਿਆਂ ਦੀ ਹੌਸਲਾ ਅਫਜ਼ਾਈ ਕਿਵੇਂ ਕਰਨੀ ਹੈ, ਕਾਨਾ ਸਿੰਘ ਦੇ ਵੱਡੇ ਭਰਾ ਤੋਂ ਸਿਖੇ। ਉਹ ਬਚਪਨ ਵਿਚ ਬਿਮਾਰ ਹੋ ਗਈ, ਮਹੀਨਿਆਂ ਬੱਧੀ। ਭਰਾ ਨੂੰ ਪੁੱਛਦੀ ਹੈ, ਆਖਰ ਮੇਰੇ ਨਾਲ ਹੀ ਇੰਜ ਕਿਉਂ? ਭਰਾ ਆਖਦਾ ਹੈ, ਚੰਗੇ ਅਤੇ ਨੇਕ ਬੰਦਿਆਂ ਕੀ ਹੋਰਨਾਂ ਨਾਲੋਂ ਵੱਧ ਤਕਲੀਫਾਂ ਸਹਾਰਨੀਆਂ ਪੈਨੀਆਂ ਨੁ। ਤੂੰ ਚੰਗੀ ਏਂ ਨਾ, ਇਸੇ ਕਰਕੇ। ਇਹ ਪੜ੍ਹ ਕੇ ਮੈਨੂੰ ਬਾਬਾ ਬੰਦਾ ਸਿੰਘ ਯਾਦ ਆਏ। ਸ਼ਹਾਦਤ ਵਕਤ ਉਨ੍ਹਾਂ ਨੂੰ ਤਸੀਹੇ ਦਿੰਦਿਆਂ ਪ੍ਰਧਾਨ ਮੰਤਰੀ ਮੁਨੀਮ ਖਾਨ ਨੇ ਪੁੱਛਿਆ, ਤੂੰ ਆਖਦਾ ਸੈਂ ਤੇਰਾ ਗੁਰੂ ਦੀਨ ਦੁਨੀਆਂ ਦਾ ਮਾਲਕ ਹੈ। ਫਿਰ ਹੁਣ ਜਦੋਂ ਤੂੰ ਕਸ਼ਟ ਭੋਗ ਰਿਹਾ ਹੈਂ, ਉਹ ਤੇਰੀ ਸਹਾਇਤਾ ਕਿਉਂ ਨਹੀਂ ਕਰਦਾ? ਬੰਦਾ ਸਿੰਘ ਨੇ ਕਿਹਾ, ਮੇਰਾ ਗੁਰੂ ਸਭ ਤੋਂ ਵੱਡਾ ਜੱਜ ਹੈ। ਤੈਨੂੰ ਜ਼ੁਲਮ ਕਰਨ ਤੋਂ ਰੋਕਣ ਲਈ ਮੇਰਾ ਗੁਰੂ ਮੈਨੂੰ ਥਾਪੜਾ ਦੇ ਕੇ ਤੋਰਦਾ ਹੈ। ਅਜਿਹਾ ਕਰਦਿਆਂ ਕੋਈ ਭੁੱਲ ਹੋ ਗਈ ਹੋਵੇ ਤਾਂ ਫਿਰ ਤੇਰੇ ਹਵਾਲੇ ਕਰ ਦਿੰਦਾ ਹੈ। ਉਹ ਮੈਨੂੰ ਪ੍ਰੀਤ ਕਰਦਾ ਹੈ ਤੇ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਦਾ ਇਛੁਕ ਹੈ। ਇਹ ਤਾਂ ਹੀ ਸੰਭਵ ਹੋਵੇਗਾ ਜੇ ਮੈਂ ਆਪਣੀ ਸਜ਼ਾ ਇਥੇ ਇਸ ਜਨਮ ਵਿਚ ਭੁਗਤ ਲਵਾਂ। ਉਸ ਦੀਆਂ ਇਨ੍ਹਾਂ ਮਿਹਰਬਾਨੀਆਂ ਨੂੰ ਲੱਖ ਸਲਾਮ।
ਮੈਨੂੰ ਮੇਰੀ ਮਾਂ ਨੇ ਬਚਪਨ ਵਿਚ ਦੱਸਿਆ, ਤੇਰੀ ਨਾਨੀ ਖੁਰਲੀਆਂ ਲਿੱਪ ਰਹੀ ਸੀ। ਮੈਂ ਕਿਹਾ, ਆਪਣੀ ਕੱਟੀ ਲਈ ਮੈਂ ਨਿੱਕੀ ਜਿਹੀ ਖੁਰਲੀ ਵੱਖਰੀ ਬਣਾ ਦਿਆਂ? ਨਾਨੀ ਨੇ ਆਗਿਆ ਦੇ ਦਿੱਤੀ। ਖੁਰਲੀ ਬਣਾ ਕੇ ਨਾਨੀ ਨੂੰ ਕਿਹਾ, ਦੇਖ। ਨਾਨੀ ਨੇ ਕਿਹਾ, ਰੋਟੀਆਂ ਪਕਾਉਣ ਦੇਹ, ਫੇਰ ਦੇਖਾਂਗੀ। ਮਾਂ ਜ਼ਿੱਦ ਕਰੇ ਕਿ ਹੁਣੇ ਦੇਖ। ਆਖਰ ਨਾਨੀ ਨੂੰ ਖਿੱਚ ਕੇ ਨਿੱਕੀ ਖੁਰਲੀ ਕੋਲ ਲੈ ਆਈ। ਦੇਖ ਕੇ ਨਾਨੀ ਨੇ ਕਿਹਾ, ਜਿਉਣ ਜੋਗੀਏ ਏਨੀ ਸੁਹਣੀ ਖੁਰਲੀ? ਕਿਸੇ ਨੂੰ ਦੱਸੀਂ ਨਾ, ਇਹ ਤੈਂ ਬਣਾਈ ਐ। ਗਲ ਤੁਰਦੀ ਤੁਰਦੀ ਜੇ ਅੰਗਰੇਜ਼ਾਂ ਤੱਕ ਪੁੱਜ ਗਈ ਤਾਂ ਉਹ ਤੈਨੂੰ ਫੜ ਕੇ ਲੈ ਜਾਣਗੇ। ਤੇਰੇ ਤੋਂ ਖੁਰਲੀਆਂ ਬਣਾਉਣੀਆਂ ਸਿਖਣਗੇ, ਸਿੱਖ ਕੇ ਤੇਰੇ ਹੱਥ ਵੱਢ ਦੇਣਗੇ। ਅੰਗਰੇਜ਼ਾਂ ਨੂੰ ਇਹ ਕੰਮ ਬਿਲਕੁਲ ਨ੍ਹੀਂ ਕਰਨਾ ਆਉਂਦਾ।
ਸਾਹਿਰ ਲੁਧਿਆਣਵੀ, ਅੰਮ੍ਰਿਤਾ ਪ੍ਰੀਤਮ ਅਤੇ ਸ਼ਿਵਕੁਮਾਰ ਉਪਰ ਲਿਖੀਆਂ ਯਾਦਾਂ ਵਿਚੋਂ ਤੁਹਾਨੂੰ ਕੁਝ ਸਹਿਜ ਅਨੁਭਵ ਮਿਲੇਗਾ, ਕੁਝ ਕੁਝ ਸਿਮਰਨ ਵਰਗਾ, ਜਦੋਂ ਕਿ ਵਧੀਕ ਪੰਜਾਬੀ ਲੇਖਕਾਂ ਦੀ ਲਿਖਤ ਵਿਚੋਂ ਇਨ੍ਹਾਂ ਸਾਹਿਤਕਾਰਾਂ ਵਿਚਲੀ ਰੋਮਾਂਟਿਕ ਲਚਰਤਾ ਦਿਸੀ ਜਾਂਦੀ ਹੈ। ਮੈਂ ਪ੍ਰੋਫੈਸਰਾਂ ਦੀ ਮਜ਼ਲਿਸ ਵਿਚ ਬੈਠਾਂ ਸਾਂ। ਅੰਮ੍ਰਿਤਾ ਦੀ ਗੱਲ ਚੱਲੀ। ਇਕ ਨੇ ਕਿਹਾ, ਕਵਿਤਾ ਕਾਰਨ ਜਿੰਨੀ ਮਸ਼ਹੂਰੀ ਅੰਮ੍ਰਿਤਾ ਦੀ ਹੋਈ ਹੋਰ ਕਿਸੇ ਦੀ ਨਹੀਂ। ਸੁਣ ਕੇ ਦੂਜੇ ਨੇ ਕਿਹਾ, ਜੇ ਉਹ ਕਵਿਤਾ ਨਾ ਲਿਖਦੀ, ਮਸ਼ਹੂਰ ਉਹਨੇ ਤਾਂ ਵੀ ਬਹੁਤ ਹੋ ਜਾਣਾ ਸੀ।
ਮੈਂ ਕਾਨਾ ਸਿੰਘ ਦੀ ਲਿਖਤ ਦਾ ਕਾਇਲ ਹੋ ਗਿਆ ਹਾਂ। ਰਾਸ਼ਨ ਸਭ ਦੇ ਘਰ ਪਿਆ ਹੈ, ਕਿਵੇਂ ਪਕਾਉਣਾ ਕਿਵੇਂ ਵਰਤਾਉਣਾ ਹੈ, ਕਾਨਾ ਸਿੰਘ ਜਾਣਦੀ ਹੈ। ਜੀਵਨ ਦੀਆਂ ਸਖਤ ਧੁੱਪਾਂ ਲੂਆਂ ਵਿਚੋਂ ਕਿਵੇਂ ਬਚ ਕੇ ਨਿਕਲਣਾ ਹੈ, ਉਸ ਨੂੰ ਪਤਾ ਹੈ ਤੇ ਉਹ ਪਾਠਕ ਨੂੰ ਵੀ ਸਿਖਾਉਂਦੀ ਹੈ। ਪੰਜਾਬੀ ਪਾਠਕ ਇਸ ਕਿਤਾਬ ਨੂੰ ਪਸੰਦ ਕਰਨਗੇ, ਮੈਂ ਸੰਤਸ਼ੁਟ ਹਾਂ।
ਲੋਕ ਗੀਤ ਪ੍ਰਕਾਸ਼ਨ ਅਤੇ ਲੇਖਕ-ਦੋਹਾਂ ਨੇ ਇਕ ਗਲਤੀ ਕੀਤੀ ਹੈ। ਛਪਵਾਉਣ ਤੋਂ ਪਹਿਲੋਂ ਇਸ ਦੀ ਸੰਪਾਦਨਾ ਠੀਕ ਹੋਣੀ ਚਾਹੀਦੀ ਸੀ। ਪ੍ਰਸੰਗਾਂ ਵਿਚ ਦੁਹਰਾ ਰੜਕਦਾ ਹੈ। ਲੇਖਕ ਤੇ ਪ੍ਰਕਾਸ਼ਕ ਕੋਲ ਜੇ ਸਮਾਂ ਨਹੀਂ ਸੀ, ਕਿਸੇ ਹੋਰ ਦੀ ਸਹਾਇਤਾ ਲੈ ਲੈਂਦੇ, ਤਿੰਨ ਸੌ ਪੰਨਿਆਂ ਦੀ ਥਾਂ ਢਾਈ ਸੌ ਰਹਿ ਜਾਂਦੀ, ਫਿਰ ਹੋਰ ਸੁਆਦਲੀ ਹੋ ਜਾਂਦੀ। ਚਲੋ ਇਸ ਕਾਰਨ ਨਜ਼ਰ ਲੱਗਣ ਤੋਂ ਬਚ ਗਈ, ਚੰਗਾ ਹੋਇਆ। ਖੁਸ਼ਾਮਦੀਦ ਚਿੱਤ ਚੇਤਾ, ਖੁਸ਼ਾਮਦੀਦ ਕਾਨਾ ਸਿੰਘ।
Leave a Reply