ਕੁਦਰਤ ਨਾਲ ਛੇੜਛਾੜ ਦੇ ਰੁਝਾਨ ਨੂੰ ਛੱਡਣਾ ਪਵੇਗਾ

-ਜਤਿੰਦਰ ਪਨੂੰ
ਕਰੋਨਾ ਦੀ ਜਿਸ ਮਹਾਮਾਰੀ ਦੀ ਲਪੇਟ ਵਿਚ ਇਸ ਵਕਤ ਮਨੁੱਖਤਾ ਆਈ ਪਈ ਹੈ, ਉਸ ਦਾ ਪਹਿਲਾਂ ਹੱਲਾ ਚੀਨ ਦੇ ਸਿਰ ਪਿਆ ਸੀ ਤੇ ਉਦੋਂ ਤੱਕ ਦੂਜੇ ਦੇਸ਼ਾਂ ਨੂੰ ਇਹ ਬੇਗਾਨੇ ਘਰ ਦੀ ਬਸੰਤਰ ਜਾਪਦੀ ਸੀ। ਜਦੋਂ ਖਤਰਾ ਗੰਭੀਰ ਵੇਖ ਕੇ ਦੁਨੀਆਂ ਸੋਚਣ ਵੱਲ ਮੁੜੀ, ਉਦੋਂ ਤੱਕ ਫਰਵਰੀ ਦੇ ਤਿੰਨ ਹਫਤੇ ਗੁਜ਼ਰ ਚੁਕੇ ਸਨ ਤੇ ਚੀਨ ਵਿਚੋਂ ਸਤਾਰਾਂ ਮੌਤਾਂ ਹੋਣ ਦੀ ਖਬਰ ਆ ਚੁਕੀ ਸੀ। ਉਦੋਂ ਤੱਕ ਅੱਠ ਮੌਤਾਂ ਹੋਰ ਦੇਸ਼ਾਂ ਵਿਚ ਵੀ ਹੋ ਚੁਕੀਆਂ ਸਨ। ਇਸ ਤੋਂ ਇੱਕ ਮਹੀਨਾ ਲੰਘਣ ਪਿਛੋਂ ਜਦੋਂ 22 ਮਾਰਚ ਨੂੰ ਭਾਰਤ ਵਿਚ ਲੌਕਡਾਊਨ ਦਾ ਐਲਾਨ ਹੋਇਆ, ਉਦੋਂ ਤੱਕ ਸੰਸਾਰ ਵਿਚ ਮੌਤਾਂ ਦੀ ਗਿਣਤੀ ਪੌਣੇ ਪੰਦਰਾਂ ਹਜ਼ਾਰ ਤੋਂ ਟੱਪ ਚੁਕੀ ਸੀ ਤੇ ਦਸ ਮੌਤਾਂ ਇਸ ਦੇਸ਼ ਵਿਚ ਹੋ ਚੁਕੀਆਂ ਸਨ।

ਸਰਕਾਰ ਨੇ ਯਤਨ ਕੀਤੇ, ਭਾਰਤ ਵਿਚ ਬਚਾਅ ਰਿਹਾ, ਪਰ ਬਚਾਅ ਦੀ ਗੱਲ ਜਿੰਨੀ ਪ੍ਰਚਾਰੀ ਜਾਂਦੀ ਹੈ, ਓਨੀ ਵੱਡੀ ਸਫਲਤਾ ਨਹੀਂ ਸੀ। ਬਹੁਤ ਸਾਰੇ ਹੋਰਨਾਂ ਦੇਸ਼ਾਂ ਤੋਂ ਇਥੇ ਕੁਝ ਹਾਲਤ ਕੰਟਰੋਲ ਵਿਚ ਜ਼ਰੂਰ ਰਹੀ ਸੀ। ਸੰਸਾਰ ਵਿਚ ਉਸ ਪਿਛੋਂ ਕਰੋਨਾ ਵਾਇਰਸ ਦੇ ਕੇਸਾਂ ਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਅੱਜ ਤੱਕ ਤੀਹ ਲੱਖ ਤੋਂ ਵੱਧ ਕੇਸ ਹੋ ਚੁਕੇ ਹਨ ਅਤੇ ਮੌਤਾਂ ਦੀ ਗਿਣਤੀ ਪੌਣੇ ਚਾਰ ਲੱਖ ਨੇੜੇ ਪੁੱਜੀ ਪਈ ਹੈ। ਇਕੱਲੇ ਅਮਰੀਕਾ ਵਿਚ ਲੱਖ ਤੋਂ ਵੱਧ ਮੌਤਾਂ ਹੋ ਚੁਕੀਆਂ ਹਨ।
ਅਸੀਂ ਇਸ ਔਖੇ ਵੇਲੇ ਬੀਤੇ ਸਾਲਾਂ ਵੱਲ ਜਦੋਂ ਕੁਝ ਝਾਤੀ ਮਾਰੀਏ ਤਾਂ ਜਟਕਾ ਬੋਲੀ ਵਿਚ ਆਖਿਆ ਜਾ ਸਕਦਾ ਹੈ ਕਿ ਬੰਦੇ ਨੇ ‘ਰੱਬ ਭੁਲਾਇਆ ਪਿਆ ਸੀ।’ ਰੱਬ ਸਿਰਫ ਉਹੀ ਨਹੀਂ, ਜੋ ਧਾਰਮਿਕ ਅਸਥਾਨਾਂ ਵਿਚ ਪੜ੍ਹਾਇਆ ਅਤੇ ਪ੍ਰਚਾਰਿਆ ਜਾਂਦਾ ਹੈ, ਅਸਲੀ ਰੱਬ ਉਹ ਕੁਦਰਤ ਹੈ, ਜੋ ਸਾਨੂੰ ਹਰ ਇੱਕ ਚੀਜ਼ ਦੇ ਰੂਪ ਵਿਚ ਦਿੱਸਦੀ ਹੈ ਤੇ ਆਪਣੇ ਅੰਦਰ ਘਾਹ-ਬੂਟ ਤੇ ਛੋਟੇ-ਮੋਟੇ ਕੀੜਿਆਂ ਤੋਂ ਲੈ ਕੇ ਕਣ-ਕਣ ਦੇ ਅੰਦਰ ਐਟਮੀ ਸ਼ਕਤੀ ਲੁਕਾਈ ਬੈਠੀ ਹੈ, ਜਿਸ ਨਾਲ ਬਿਜਲੀ ਵਾਲੇ ਪਲਾਂਟ ਵੀ ਚਲਾਏ ਜਾ ਸਕਦੇ ਹਨ ਤੇ ਸਭ ਕੁਝ ਤਬਾਹ ਵੀ ਕੀਤਾ ਜਾ ਸਕਦਾ ਹੈ। ਜੀਵ-ਜੰਤੂਆਂ ਤੇ ਮਨੁੱਖਾਂ ਤੋਂ ਲੈ ਕੇ ਜ਼ਮੀਨ ਦੇ ਉੱਤੇ-ਥੱਲੇ ਅਤੇ ਪਾਣੀ ਹੇਠਾਂ ਪੈਦਾ ਹੋਣ ਵਾਲੀ ਬਨਸਪਤੀ ਤੱਕ ਦਾ ਸਾਰਾ ਪਸਾਰਾ ਕੁਦਰਤ ਦਾ ਹੋਣ ਕਾਰਨ ਸਾਡੀ ਸਭ ਦੀ ਅਸਲੀ ਮਾਂ ਕੁਦਰਤ ਸੀ, ਪਰ ਬੰਦੇ ਨੇ ਇਸ ਨੂੰ ਰੋਲਣ ਦੀ ਕਸਰ ਨਹੀਂ ਛੱਡੀ। ਪੁਰਾਤਨ ਸਮੇਂ ਤੋਂ ਇਹ ਗੱਲ ਕਹੀ ਜਾਂਦੀ ਰਹੀ ਹੈ, ‘ਅੱਤ-ਤੱਤ ਦਾ ਵੈਰ ਹੁੰਦਾ ਹੈ।’ ਜਿਸ ਢੰਗ ਨਾਲ ਬੰਦਾ ਚੱਲ ਪਿਆ ਸੀ ਤੇ ਉਸ ਨੇ ਸਮੁੰਦਰਾਂ ਨੂੰ ਫੋਲਣ ਅਤੇ ਅਸਮਾਨਾਂ ਨੂੰ ਗਾਹੁਣ ਤੋਂ ਬਾਅਦ ਧਰਤੀ ਦੀ ਹਿੱਕ ਵਿਚ ਸੁਰਾਖ ਕਰ ਕੇ ਇਹ ਲੱਭਣ ਦਾ ਮੋਰਚਾ ਲਾ ਲਿਆ ਸੀ ਕਿ ਉਹ ਥਾਂ ਵੇਖਣੀ ਹੈ, ਜੋ ਸਭ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਸੁਣਿਆ ਸੀ ਕਿ ਕੁਦਰਤ ਨਾਲ ਜ਼ਿਆਦਤੀ ਦੀ ਇਹ ਅੱਤ ਕਿਧਰੇ ਮਹਿੰਗੀ ਨਾ ਪੈ ਜਾਵੇ। ਕੁਦਰਤ ਨੇ ਕੋਈ ਝਲਕ ਨਹੀਂ ਦਿੱਤੀ, ਆਪਣੇ ਵਰਤਾਰੇ ਮੁਤਾਬਕ ਚੱਲਦੀ ਰਹੀ ਅਤੇ ਆਖਰ ਨੂੰ ਜੋ ਮਨੁੱਖ ਕਦੀ ਐਟਮ ਬੰਬਾਂ ਦੇ ਧਮਾਕੇ ਕਰਨ ਤੋਂ ਤੁਰਿਆ ਸੀ, ਪੁਲਾੜ ਵਿਚ ਸਟਾਰ-ਵਾਰ ਦੀਆਂ ਘਾੜਤਾਂ ਘੜਨ ਲੱਗ ਪਿਆ ਸੀ ਅਤੇ ਫਿਰ ਆਪਣੇ ਮਨੁੱਖੀ ਭਾਈਚਾਰੇ ਦੇ ਖਿਲਾਫ ਵਰਤਣ ਲਈ ਜੈਵਿਕ ਬੰਬ ਵੀ ਬਣਾਉਣ ਦੀ ਸੋਚ ਰਿਹਾ ਸੀ, ਉਹ ਕਸੂਤਾ ਫਸ ਗਿਆ ਹੈ।
ਭਲਾ ਕਿਸੇ ਨੇ ਪਿਛਲੇ ਸਾਲ ਤੱਕ ਇਹ ਗੱਲ ਸੋਚੀ ਸੀ ਕਿ ਜਿਸ ਆਕਾਸ਼ ਵਿਚ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਜਹਾਜ ਇੱਕੋ ਵੇਲੇ ਉੱਡੀ ਜਾਂਦੇ ਹਨ, ਉਹ ਆਕਾਸ਼ ਇੱਕ ਦਮ ਵਿਹਲਾ ਕਰਨਾ ਪੈ ਜਾਵੇਗਾ? ਅਸੀਂ ਸੰਸਾਰ ਦੇ ਕਈ ਦੇਸ਼ਾਂ ਵਿਚ ਵੱਡੇ ਏਅਰਪੋਰਟਾਂ ਉੱਤੇ ਜਹਾਜਾਂ ਨੂੰ ਕਿੰਨੀ-ਕਿੰਨੀ ਦੇਰ ਹਵਾ ਵਿਚ ਐਵੇਂ ਉਡਾਰੀਆਂ ਲਾਉਂਦੇ ਵੇਖਿਆ ਸੀ, ਜਿਨ੍ਹਾਂ ਨੂੰ ਹੇਠਾਂ ਕੋਈ ਰੰਨਵੇਅ ਵਿਹਲਾ ਨਹੀਂ ਸੀ ਮਿਲਦਾ। ਅੱਜ ਕੱਲ੍ਹ ਓਥੇ ਸਾਰੇ ਰੰਨਵੇਅ ਖਾਲੀ ਹੋਣਗੇ। ਰੇਲਵੇ ਮੁਸਾਫਰ ਇਹ ਕਹਿੰਦੇ ਹੁੰਦੇ ਸਨ ਕਿ ਲਾਈਨਾਂ ਖਾਲੀ ਨਹੀਂ ਸਨ ਤੇ ਗੱਡੀ ਐਨੇ ਘੰਟੇ ਲੇਟ ਹੋ ਗਈ, ਸਾਨੂੰ ਖਿਝ ਚੜ੍ਹੀ ਪਈ ਸੀ। ਪਿਛਲੇ ਦੋ ਮਹੀਨੇ ਰੇਲ ਗੱਡੀਆਂ ਚੱਲੀਆਂ ਨਹੀਂ ਤੇ ਉਹੀ ਲੋਕ ਘਰਾਂ ਵਿਚ ਤੜੇ ਰਹੇ, ਜੋ ਕਹਿੰਦੇ ਸਨ ਕਿ ਅਸੀਂ ਇੱਕ ਦਿਨ ਕੋਈ ਕੰਮ ਲੇਟ ਨਹੀਂ ਕਰ ਸਕਦੇ। ਦੋ ਕੁ ਦਿਨ ਖਿਝਣ ਪਿੱਛੋਂ ਉਹ ਭਾਣਾ ਮੰਨਣ ਲੱਗ ਪਏ। ਕਾਰੋਬਾਰ ਦੇ ਕਿਸੇ ਵੀ ਖੇਤਰ ਵਿਚ ਹਰਕਤ ਨਹੀਂ ਸੀ ਜਾਪਦੀ ਤੇ ਇਸ ਤਰ੍ਹਾਂ ਜਾਪਣ ਲੱਗ ਪਿਆ ਸੀ, ਜਿਵੇਂ ਇਨਸਾਨ ਦੇ ਅੱਗੇ ਸਪੀਡ ਬਰੇਕਰ ਲਾ ਕੇ ਕੁਦਰਤ ਉਸ ਨੂੰ ਠਰ੍ਹੰਮੇ ਦਾ ਵੱਲ ਸਿਖਾਉਣ ਲੱਗੀ ਹੋਵੇ। ਧਾਰਮਿਕ ਅਸਥਾਨ ਵੀ ਬੰਦ ਕਰਨੇ ਪੈ ਗਏ ਸਨ। ਸੰਸਾਰ ਖੜੋਤ ਦਾ ਸ਼ਿਕਾਰ ਹੋ ਗਿਆ ਜਾਪਦਾ ਸੀ ਤੇ ਕੋਈ ਇਹ ਦੱਸਣ ਵਾਲਾ ਨਹੀਂ ਸੀ ਕਿ ਖੜੋਤ ਐਨੇ ਕੁ ਦਿਨ ਰਹੇਗੀ।
ਕੁਦਰਤ ਦਾ ਸਪੀਡ ਬਰੇਕਰ ਸਿਰਫ ਅਜੋਕੇ ਦੌਰ ਤੱਕ ਹੀ ਸੀਮਤ ਨਹੀਂ, ਇਹਦੀ ਮਾਰ ਅਗਲੇ ਕਈ ਸਾਲਾਂ ਤੱਕ ਪੈਂਦੀ ਰਹਿਣੀ ਹੈ ਤੇ ਜਿੰਨੀ ਪੈ ਚੁਕੀ ਹੈ, ਉਹ ਇਸ ਦੇ ਲੰਮੇਰੇ ਅਸਰ ਦੀ ਝਲਕ ਦੇ ਰਹੀ ਹੈ। ਸਾਡੇ ਸਾਹਮਣੇ ਪਏ ਅੰਕੜੇ ਦੱਸਦੇ ਹਨ ਕਿ ਸੰਸਾਰ ਵਿਚ ਹਵਾਈ ਆਵਾਜਾਈ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਬਾਈ ਫੀਸਦੀ ਡਿੱਗ ਪਈ ਸੀ, ਅਤੇ ਇਹ ਇਸ ਕਰ ਕੇ ਹੋਇਆ ਕਿ ਮਾਰਚ ਦੇ ਅੰਤਲੇ ਬਾਰਾਂ ਦਿਨ ਜਹਾਜ ਨਹੀਂ ਸੀ ਉੱਡ ਸਕੇ। ਸਿਰਫ ਬਾਰਾਂ ਦਿਨਾਂ ਦਾ ਏਨਾ ਅਸਰ ਸੀ ਤੇ ਅਗਲੇ ਦੋ ਮਹੀਨੇ ਲੰਘਾਉਣ ਪਿਛੋਂ ਕਿਹਾ ਜਾ ਰਿਹਾ ਹੈ ਕਿ ਹਾਲੇ ਛੇ ਮਹੀਨੇ ਇਸ ਆਵਾਜਾਈ ਨੂੰ ਰਵਾਨਗੀ ਫੜਦਿਆਂ ਲੱਗ ਜਾਣਗੇ ਤੇ ਉਦੋਂ ਪਿੱਛੋਂ ਵੀ ਜੇ ਕਰੋਨਾ ਦੇ ਸਹਿਮ ਕਾਰਨ ਇੱਕ-ਇੱਕ ਸੀਟ ਛੱਡ ਕੇ ਬਿਠਾਉਣ ਦੀ ਮਜਬੂਰੀ ਬਣੀ ਰਹੀ ਤਾਂ ਇਸ ਕਾਰੋਬਾਰ ਦੇ ਵੱਡੇ ਅਦਾਰੇ ਨੰਗ ਹੋ ਜਾਣਗੇ। ਹਵਾਈ ਮੁਸਾਫਰਾਂ ਦੀ ਗਿਣਤੀ ਫਰਵਰੀ ਵਿਚ ਸਿਰਫ ਚੀਨ ਦੇ ਕਾਰਨ ਤੇਰਾਂ ਫੀਸਦੀ ਡਿੱਗੀ ਸੀ, ਮਾਰਚ ਦੇ ਅੰਤਲੇ ਦਸਾਂ ਦਿਨਾਂ ਕਾਰਨ 49 ਫੀਸਦੀ ਘਟ ਗਈ ਤੇ ਅਪਰੈਲ ਵਿਚ ਇਕਾਨਵੇਂ ਫੀਸਦੀ ਡਿੱਗ ਕੇ ਮਸਾਂ ਨੌਂ ਫੀਸਦੀ ਮਜਬੂਰੀ ਦੀਆਂ ਉਡਾਣਾਂ ਉੱਡ ਸਕੀਆਂ। ਜਹਾਜ ਬਣਾਉਣ ਵਾਲੀ ਕੰਪਨੀ ਬੋਇੰਗ ਨੇ ਆਪਣੇ ਬਾਰਾਂ ਹਜ਼ਾਰ ਕਾਰਿੰਦੇ ਇਸ ਲਈ ਕੱਢਣ ਦਾ ਫੈਸਲਾ ਕਰ ਲਿਆ ਹੈ ਕਿ ਜਦੋਂ ਜਹਾਜ ਨਹੀਂ ਉੱਡਣੇ ਤੇ ਜਿੰਨੇ ਜਹਾਜ ਵਿਹਲੇ ਪਏ ਹਨ, ਉਨ੍ਹਾਂ ਲਈ ਵਾਰੀ ਨਹੀਂ ਆਉਣੀ ਤਾਂ ਕਿਸੇ ਕੰਪਨੀ ਨੇ ਹੋਰ ਜਹਾਜ ਵੀ ਨਹੀਂ ਖਰੀਦਣੇ ਤੇ ਜਦੋਂ ਕਿਸੇ ਨੇ ਖਰੀਦਣੇ ਨਹੀਂ ਤਾਂ ਬਣਾਉਣ ਦੀ ਵੀ ਲੋੜ ਨਹੀਂ ਰਹਿਣੀ।
ਭਾਰਤ ਵਿਚ ਕਾਰਾਂ-ਮੋਟਰਾਂ ਦੀ ਵਿਕਰੀ ਮਾਰਚ ਦੇ ਅਖੀਰਲੇ ਦਸਾਂ ਦਿਨਾਂ ਵਿਚ ਵੀਹ ਫੀਸਦੀ ਡਿੱਗੀ ਸੀ, ਜਦੋਂ ਲੋਕਾਂ ਕੋਲ ਕੰਮ ਪਹਿਲਾਂ ਵਾਂਗ ਨਹੀਂ ਰਹਿਣਾ ਤਾਂ ਕਾਰਾਂ ਦੀ ਵਿਕਰੀ ਵੀ ਹੋਰ ਡਿੱਗਣ ਲੱਗੇਗੀ। ਅਪਰੈਲ ਤੇ ਮਈ ਵਿਚ ਦੇਸ਼ ਵਿਚ ਟਰੱਕਾਂ ਦੀ ਆਵਾਜਾਈ ਨੱਬੇ ਫੀਸਦੀ ਘਟ ਗਈ ਦੱਸੀ ਜਾਂਦੀ ਹੈ। ਇਸ ਸਾਰੇ ਕੁਝ ਨਾਲ ਲੋਕਾਂ ਦੇ ਰੁਜ਼ਗਾਰ ਦੇ ਪੱਖੋਂ ਵੀ ਵੱਡਾ ਅਸਰ ਪੈਣ ਵਾਲਾ ਹੈ ਤੇ ਸੰਸਾਰ ਪੱਧਰ ਦੀਆਂ ਏਜੰਸੀਆਂ ਜਿੰਨੀ ਵੱਡੀ ਗਿਣਤੀ ਵਿਚ ਲੋਕਾਂ ਦੀ ਬੇਰੁਜ਼ਗਾਰੀ ਦੇ ਅੰਦਾਜ਼ੇ ਪੇਸ਼ ਕਰਦੀਆਂ ਹਨ, ਉਨ੍ਹਾਂ ਨੂੰ ਪੜ੍ਹ ਕੇ ਸੋਚਣ ਵਾਲੇ ਬੰਦੇ ਦਾ ਤ੍ਰਾਹ ਨਿਕਲ ਜਾਂਦਾ ਹੈ। ਇਹ ਕਿਸੇ ਇੱਕਾ-ਦੁੱਕਾ ਦੇਸ਼ ਨੂੰ ਪੈਣ ਵਾਲੀ ਸੱਟ ਨਹੀਂ, ਸਾਰੇ ਸੰਸਾਰ ਦੇ ਲੋਕਾਂ ਲਈ ਮੁਸੀਬਤਾਂ ਦਾ ਪਹਾੜ ਲਈ ਆਉਂਦੀ ਜਾਪਦੀ ਹੈ, ਜਿਸ ਦੀ ਚਿੰਤਾ ਕਰਨੀ ਪੈਣੀ ਹੈ।
ਸਥਿਤੀ ਸਚਮੁੱਚ ਬਹੁਤ ਮਾੜੀ ਹੈ ਤੇ ਹੋਰ ਮਾੜੀ ਹੋਣ ਵਾਲੀ ਜਾਪਦੀ ਹੈ, ਪਰ ਸਾਡਾ ਵਿਸ਼ਵਾਸ ਅਜੇ ਕਾਇਮ ਹੈ ਕਿ ਮਨੁੱਖਤਾ ਇਸ ਮਾਰ ਦੇ ਅੱਗੇ ਮੂਧੇ ਮੂੰਹ ਨਹੀਂ ਡਿੱਗੇਗੀ, ਫਿਰ ਉੱਠੇਗੀ, ਪਰ ਉੱਠਣ ਲਈ ਉਸ ਨੂੰ ਕੁਝ ਸਬਕ ਸਿੱਖ ਕੇ ਚੱਲਣਾ ਪਵੇਗਾ। ਇਨਸਾਨ ਜਦੋਂ ਮੁਸ਼ਕਿਲ ਵਿਚ ਪੈਂਦਾ ਹੈ, ਉਦੋਂ ਆਪਣੀ ਹੋਂਦ ਬਚਾਉਣ ਵਾਲੀ ਲੜਾਈ ਉਸ ਨੂੰ ਕੁਝ ਰਾਹ ਵੀ ਦਿੰਦੀ ਹੈ, ਪਰ ਇਸ ਦੇ ਲਈ ਬੰਦੇ ਨੂੰ ਮਾਨਸਿਕ ਤੌਰ ‘ਤੇ ਤਿਆਰ ਖੁਦ ਹੋਣਾ ਪੈਂਦਾ ਹੈ।
ਬਹੁਤ ਸਾਲ ਪਹਿਲਾਂ ਗੁਜਰਾਤ ਦੇ ਕੱਛ ਇਲਾਕੇ ਵਿਚ ਭਾਰਤੀ ਹਵਾਈ ਫੌਜ ਦਾ ਇੱਕ ਹੈਲੀਕਾਪਟਰ ਡਿੱਗਾ ਸੀ। ਬਾਰਡਰ ਸਿਕਿਓਰਿਟੀ ਫੋਰਸ ਤੇ ਹਵਾਈ ਫੌਜ ਦੇ ਕੁੱਲ ਮਿਲਾ ਕੇ ਬਾਰਾਂ ਅਧਿਕਾਰੀ ਇਸ ਵਿਚ ਸਵਾਰ ਸਨ, ਜਿਨ੍ਹਾਂ ਵਿਚੋਂ ਤਿੰਨ ਜਣੇ ਤਾਂ ਮੌਕੇ ‘ਤੇ ਹੀ ਮਾਰੇ ਗਏ। ਬਾਕੀ ਬਚੇ ਨੌਂ ਜਣਿਆਂ ਵਿਚੋਂ ਮਦਦ ਪਹੁੰਚਣ ਤੱਕ ਦੇ ਪੰਝੀ ਘੰਟਿਆਂ ਵਿਚ ਚਾਰ ਹੋਰ ਮਰ ਗਏ। ਸਮੁੰਦਰ ਦੇ ਖਾਰੇ ਪਾਣੀ ਅਤੇ ਗਾੜ੍ਹੇ ਚਿੱਕੜ ਵਰਗੀ ਦਲਦਲ ਵਿਚ ਉਲਝੇ ਬਾਕੀ ਲੋਕਾਂ ਨੂੰ ਪਿਆਸ ਏਨੀ ਜ਼ਿਆਦਾ ਤੰਗ ਕਰਨ ਲੱਗ ਪਈ ਕਿ ਉਨ੍ਹਾਂ ਨੂੰ ਇਸ ਦੀ ਮਾਰ ਤੋਂ ਬਚਣ ਲਈ ਇੱਕ ਦੂਸਰੇ ਦਾ ਪੇਸ਼ਾਬ ਵੀ ਪੀਣਾ ਪਿਆ ਸੀ, ਪਰ ਜਿੰਦਾ ਰਹਿਣ ਦੀ ਜੰਗ ਉਨ੍ਹਾਂ ਨੇ ਆਖਰ ਨੂੰ ਜਿੱਤ ਲਈ ਸੀ। ਏਦਾਂ ਦੀਆਂ ਕਈ ਮਿਸਾਲਾਂ ਦੁਨੀਆਂ ਵਿਚ ਮਿਲ ਜਾਂਦੀਆਂ ਹਨ।
ਅਜੇ ਕਰੋਨਾ ਵਾਇਰਸ ਦਾ ਪਹਿਲਾ ਹਮਲਾ ਸਾਡੀ ਦੁਨੀਆਂ ਨੇ ਵੇਖਿਆ ਹੈ। ਬਹੁਤ ਸਾਰੇ ਮਾਹਰ ਸਾਫ ਕਹਿੰਦੇ ਹਨ ਕਿ ਅਜੇ ਅਗਲਾ ਹਮਲਾ ਹੋਣ ਵਾਲਾ ਹੈ। ਉਸ ਦੂਜੇ ਹਮਲੇ ਤੱਕ ਗੱਲ ਰੁਕੇਗੀ ਜਾਂ ਕੋਈ ਤੀਜਾ ਜਾਂ ਚੌਥਾ ਹੱਲਾ ਵੀ ਇਸ ਬਿਮਾਰੀ ਦਾ ਹੋ ਸਕਦਾ ਹੈ, ਇਸ ਬਾਰੇ ਕੋਈ ਨਹੀਂ ਜਾਣਦਾ। ਕਿਸੇ ਵੀ ਤਰ੍ਹਾਂ ਦਾ ਬੈਕਟੀਰੀਆ ਜਾਂ ਵਾਇਰਸ ਜਦੋਂ ਅਗਲੇ ਪੜਾਅ ਵੱਲ ਵਧਦਾ ਹੈ ਤਾਂ ਜਿੰਨੇ ਵੀ ਮਨੁੱਖੀ ਸਰੀਰਾਂ ਵਿਚੋਂ ਲੰਘਦਾ ਹੈ, ਹਰ ਥਾਂ ਦੇ ਪ੍ਰਤੀਕਰਮ ਨਾਲ ਉਸ ਦੀ ਮਾਰਨ ਦੀ ਤਾਕਤ ਪਹਿਲਾਂ ਤੋਂ ਵਧੀ ਜਾਂਦੀ ਹੈ। ਕਰੋਨਾ ਦੀ ਤਾਕਤ ਵੀ ਆਏ ਦਿਨ ਵਧੀ ਜਾਂਦੀ ਸੁਣੀਂਦੀ ਹੈ। ਇਸ ਦੇ ਮੁਕਾਬਲੇ ਲਈ ਲੋਕਾਂ ਨੂੰ ਆਪਣੀ ਜੀਵਨ ਜਾਚ ਬਦਲਣੀ ਪਵੇਗੀ, ਹਰ ਵਕਤ ਦੀ ਭਾਜੜ ਦਾ ਰੁਝਾਨ ਤਿਆਗਣਾ ਪਵੇਗਾ ਤੇ ਇਸ ਤੋਂ ਵੀ ਵੱਡੀ ਗੱਲ ਕਿ ਕੁਦਰਤ ਦੀਆਂ ਸ਼ਕਤੀਆਂ ਨਾਲ ਖਿਲਵਾੜ ਕਰਨਾ ਛੱਡਣ ਦੀ ਲੋੜ ਪਵੇਗੀ। ਸਾਡਾ ਵਿਸ਼ਵਾਸ ਹੈ ਕਿ ਮਨੁੱਖਤਾ ਖਤਮ ਨਹੀਂ ਹੋਵੇਗੀ, ਪਰ ਇਸ ਦੀ ਹੋਂਦ ਕਾਇਮ ਰੱਖਣ ਲਈ ਯਤਨ ਵੀ ਤਾਂ ਇਸੇ ਨੂੰ ਕਰਨੇ ਪੈਣੇ ਹਨ!