ਗੜ੍ਹਕਦੀ ਅਵਾਜ਼ ਵਾਲਾ ਕਵੀ ਚਰਨ ਸਿੰਘ ਸਫਰੀ

ਦਸੂਹਾ ਦੇ ਇਤਿਹਾਸਕ ਪਿੰਡ ਬੋਦਲ ਵਿਚ ਜਨਮੇ ਚਰਨ ਸਿੰਘ ਸਫਰੀ (5 ਅਪਰੈਲ 1918-5 ਜਨਵਰੀ 2006) ਨੂੰ ਧਾਰਮਿਕ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਉਨ੍ਹਾਂ ਉਸਤਾਦ ਸ਼ਾਇਰ ਬਲਦੇਵ ਚੰਦਰ ਬੇਕਲ (ਲਾਲਾ ਧਨੀ ਰਾਮ ਚਾਤ੍ਰਿਕ ਦਾ ਭਾਣਜਾ) ਤੋਂ ਧਾਰਮਿਕ ਗੀਤ ਲਿਖਣ ਦੀ ਮੁਹਾਰਤ ਹਾਸਲ ਕੀਤੀ ਸੀ। ਨਿਊ ਯਾਰਕ (ਅਮਰੀਕਾ) ਵੱਸਦੇ ਲਿਖਾਰੀ ਪ੍ਰੇਮ ਮਾਨ ਨੇ ਆਪਣੇ ਇਸ ਲੇਖ ਵਿਚ ਉਨ੍ਹਾਂ ਦੀ ਗੀਤਕਾਰੀ ਅਤੇ ਜੀਵਨ ਦੇ ਕੁਝ ਪੱਖਾਂ ਉਤੇ ਝਾਤ ਪਾਈ ਹੈ।

-ਸੰਪਾਦਕ

ਪ੍ਰੇਮ ਮਾਨ

ਪਹਿਲੀ ਵਾਰੀ ਮੈਂ ਚਰਨ ਸਿੰਘ ਸਫਰੀ ਨੂੰ 1969 ਵਿਚ ਮਿਲਿਆ ਸਾਂ। ਮੈਂ ਉਨ੍ਹਾਂ ਦੇ ਘਰ ਗਿਆ ਸਾਂ, ਤਰਸੇਮ ਸਿੰਘ ਨੂੰ ਮਿਲਣ। ਸਫਰੀ ਹੁਰੀਂ ਵਿਹੜੇ ਵਿਚ ਡੱਠੇ ਵਾਣ ਦੇ ਨੰਗੇ ਮੰਜੇ ‘ਤੇ ਨੰਗੇ ਧੜ ਸਿਰਫ ਕਛਹਿਰਾ ਪਾਈ ਲੰਮੇ ਪਏ ਸਨ। ਕੋਲ ਪੱਖੀ ਪਈ ਸੀ। ਗਰਮੀਆਂ ਦੇ ਦਿਨ ਸਨ। ਮੇਰੇ ਆਉਣ ‘ਤੇ ਉਹ ਉਠ ਕੇ ਬੈਠ ਗਏ। ਉਨ੍ਹਾਂ ਦੀ ਪਿੱਠ ‘ਤੇ ਵਾਣ ਦੇ ਨਿਸ਼ਾਨ ਪਏ ਹੋਏ ਸਨ। ਤਰਸੇਮ ਨੇ ਮੇਰੇ ਬਾਰੇ ਦੱਸਿਆ ਤਾਂ ਉਨ੍ਹਾਂ ਮੈਨੂੰ ਬੈਠਣ ਲਈ ਆਖਿਆ। ਬੜੇ ਪਿਆਰ ਨਾਲ ਮਿਲੇ ਅਤੇ ਕਹਿਣ ਲੱਗੇ, “ਮੁੰਡੇ ਦੀ ਕੋਈ ਸੇਵਾ ਕਰੋ।” ਇਸ ਤੋਂ ਵੱਧ ਮੈਨੂੰ ਉਸ ਮਿਲਣੀ ਦੀਆਂ ਗੱਲਾਂ ਯਾਦ ਨਹੀਂ। ਮੈਂ ਉਦੋਂ ਹਾਲੇ ਕਾਲਜ ਵਿਚ ਪੜ੍ਹਦਾ ਸਾਂ।
ਚਰਨ ਸਿੰਘ ਸਫਰੀ ਦਸੂਹੇ ਨੇੜੇ ਛੋਟੇ ਜਿਹੇ ਪਿੰਡ ਬੋਦਲ ਵਿਚ ਜੰਮੇ-ਪਲੇ ਸਨ। ਮੈਂ ਇਸੇ ਪਿੰਡ ਗਿਆ ਸਾਂ। ਇਹ ਉਹੀ ਪਿੰਡ ਹੈ, ਜਿਥੋਂ ਦੇ ਪੰਜਾਬੀ ਸਾਹਿਤ ਦੇ ਸਮਰਥਕ ਡਾ. ਐਮ. ਐਸ਼ ਰੰਧਾਵਾ ਹੋਏ ਹਨ ਅਤੇ ਪ੍ਰਸਿੱਧ ਕਲਾਸੀਕਲ ਕੀਰਤਨੀਏ ਦਿਲਬਾਗ ਸਿੰਘ-ਗੁਲਬਾਗ ਸਿੰਘ ਹਨ।
ਤਰਸੇਮ ਸਫਰੀ, ਜੋ ਆਪ ਬਹੁਤ ਵਧੀਆ ਸ਼ਾਇਰ ਸੀ, ਚਰਨ ਸਿੰਘ ਸਫਰੀ ਦਾ ਲੜਕਾ ਸੀ। ਤਰਸੇਮ ਮੇਰਾ 1968 ਤੋਂ ਬਹੁਤ ਪਿਆਰਾ ਅਤੇ ਨਿੱਘਾ ਦੋਸਤ ਸੀ, ਜਦੋਂ ਉਹ ਸਾਡੇ ਕਾਲਜ ਕਵਿਤਾ ਦੇ ਮੁਕਾਬਲੇ ਵਿਚ ਕਵਿਤਾ ਪੜ੍ਹਨ ਆਇਆ ਸੀ ਅਤੇ ਮੈਂ ਉਸ ਕਾਲਜ ਦੇ ਵਿਦਿਆਰਥੀਆਂ ਦੀ ਯੂਨੀਅਨ ਦਾ ਜਨਰਲ ਸਕੱਤਰ ਸਾਂ।
ਸਫਰੀ ਨਾਲ ਮੇਰੀ ਆਖਰੀ ਮਿਲਣੀ 1999 ਵਿਚ ਹੋਈ, ਜਦੋਂ ਉਹ ਅਮਰੀਕਾ ਆਏ ਸਨ। ਉਨ੍ਹਾਂ ਦਾ ਫੋਨ ਆਇਆ। ਉਹ ਨਿਊ ਯਾਰਕ ਵਿਚ ਸੋਨੀ ਵਰਿੰਦਰ ਅਤੇ ਨਿਊ ਜਰਸੀ ਵਿਚ ਕਿਰਪਾਲ ਬਿੱਲੂ ਹੁਰਾਂ ਕੋਲ ਠਹਿਰੇ ਸਨ। ਮੈਂ ਉਸ ਵਕਤ ਨਿਊ ਯਾਰਕ ਸ਼ਹਿਰ ਤੋਂ ਡੇਢ ਸੌ ਮੀਲ ਦੂਰ ਕਨੈਟੀਕਟ ਸੂਬੇ ਵਿਚ ਰਹਿੰਦਾ ਸੀ। ਮੈਂ ਉਨ੍ਹਾਂ ਨੂੰ ਨਿਊ ਯਾਰਕ ਤੋਂ ਕਨੈਟੀਕਟ ਲੈਣ ਗਿਆ, ਜਿਥੇ ਉਹ ਮੇਰੇ ਕੋਲ ਦੋ ਦਿਨ ਰਹੇ। ਖੂਬ ਗੱਲਾਂ ਕੀਤੀਆਂ। ਐਤਵਾਰ ਨੂੰ ਉਨ੍ਹਾਂ ਨੇ ਨੌਰਵਾਕ (ਕਨੈਟੀਕਟ) ਗੁਰਦੁਆਰੇ ਵਿਚ ਕਵਿਤਾਵਾਂ ਪੜ੍ਹਨੀਆਂ ਸਨ। ਉਸੇ ਸ਼ਾਮ ਮੈਂ ਉਨ੍ਹਾਂ ਨੂੰ ਨਿਊ ਜਰਸੀ ਛੱਡ ਆਇਆ। ਫਿਰ ਜਿਸ ਦਿਨ ਉਨ੍ਹਾਂ ਨੇ ਵਾਪਸ ਹਿੰਦੁਸਤਾਨ ਜਾਣਾ ਸੀ, ਮੈਂ ਉਨ੍ਹਾਂ ਨੂੰ ਨਿਊ ਯਾਰਕ ਏਅਰਪੋਰਟ ਉਤੇ ਮਿਲਣ ਗਿਆ।
ਚਰਨ ਸਿੰਘ ਸਫਰੀ ਜਿੰਨੀ ਸੋਹਣੀ ਕਵਿਤਾ ਲਿਖਦੇ ਸਨ, ਉਸ ਤੋਂ ਵੀ ਵਧੀਆ ਢੰਗ ਨਾਲ ਉਹ ਕਵਿਤਾ ਸਟੇਜ ‘ਤੇ ਪੜ੍ਹਦੇ ਸਨ। ਉਨ੍ਹਾਂ ਕੋਲ ਕਵਿਤਾ ਲਿਖਣ ਦੀ ਕਲਾ ਸੀ ਅਤੇ ਕਵਿਤਾ ਪੜ੍ਹਨ ਦਾ ਹੁਨਰ ਸੀ। ਵਾਹਿਗੁਰੂ ਨੇ ਉਨ੍ਹਾਂ ਨੂੰ ਅਵਾਜ਼ ਵੀ ਕਮਾਲ ਦੀ ਦਿੱਤੀ ਸੀ। ਸਟੇਜ ‘ਤੇ ਬੋਲਦੇ ਸਨ ਤਾਂ ਇੰਜ ਲੱਗਦਾ ਸੀ, ਜਿਵੇਂ ਜ਼ੋਰਦਾਰ ਬਿਜਲੀ ਕੜਕ ਰਹੀ ਹੋਵੇ। ਕਵਿਤਾ ਪੜ੍ਹਦੇ ਸਨ ਤਾਂ ਸਰੋਤਿਆਂ ਦੇ ਰੌਂਗਟੇ ਖੜ੍ਹੇ ਕਰ ਦਿੰਦੇ ਸਨ। ਜਦੋਂ 81 ਸਾਲ ਦੀ ਉਮਰ ਵਿਚ 1999 ਵਿਚ ਉਹ ਨੌਰਵਾਕ ਗੁਰਦੁਆਰੇ ਵਿਚ ਬੋਲੇ ਤਾਂ ਇੰਜ ਲਗਦਾ ਸੀ, ਜਿਵੇਂ ਹੁਣੇ ਗੁਰਦੁਆਰੇ ਦੀਆਂ ਕੰਧਾਂ ਹਿੱਲਣ ਲੱਗ ਪੈਣਗੀਆਂ। ਉਨ੍ਹਾਂ ਨੇ ਜਿਸ ਜੋਸ਼ ਨਾਲ ਕਵਿਤਾਵਾਂ ਪੜ੍ਹੀਆਂ, ਉਸ ਨੂੰ ਦੇਖ ਕੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਉਨ੍ਹਾਂ ਦੀ ਉਮਰ 81 ਸਾਲ ਦੀ ਹੋਵੇਗੀ।
ਉਨ੍ਹਾਂ ਨੂੰ ਦਾਰੂ ਪੀਣ ਦਾ ਬਹੁਤ ਸ਼ੌਕ ਸੀ। ਸੁਣਿਆ, ਇਕ ਵਾਰੀ ਉਨ੍ਹਾਂ ਨੇ ਇਕ ਕਵੀ ਦਰਬਾਰ ‘ਤੇ ਲੁਧਿਆਣੇ ਜਾਣਾ ਸੀ। ਉਹ ਘਰੋਂ ਦਾਰੂ ਪੀ ਕੇ ਦਸੂਹੇ ਨੂੰ ਚੱਲ ਪਏ। ਸ਼ਰਾਬ ਦੇ ਨਸ਼ੇ ਵਿਚ ਦਸੂਹੇ ਤੋਂ ਲੁਧਿਆਣੇ ਦੀ ਥਾਂ ਪਠਾਨਕੋਟ ਵਾਲੀ ਗੱਡੀ ਫੜ ਲਈ। ਪਠਾਨਕੋਟ ਪਹੁੰਚਣ ‘ਤੇ ਸੁਰਤ ਆਈ ਤਾਂ ਪਤਾ ਲੱਗਾ ਕਿ ਗਲਤ ਥਾਂ ਪਹੁੰਚ ਗਏ ਸਨ। ਉਹ ਕਵੀ ਦਰਬਾਰ ‘ਤੇ ਪਹੁੰਚ ਹੀ ਨਾ ਸਕੇ।
ਸਫਰੀ ਨੇ ਜ਼ਿਆਦਾ ਧਾਰਮਿਕ ਗੀਤ ਅਤੇ ਕਵਿਤਾਵਾਂ ਲਿਖੀਆਂ। ਉਨ੍ਹਾਂ ਨੇ ਕੁਝ ਪਿਆਰ ਦੇ ਗੀਤ ਅਤੇ ਗਜ਼ਲਾਂ ਵੀ ਲਿਖੀਆਂ ਸਨ, ਪਰ ਉਤਨੀਆਂ ਨਹੀਂ। ਉਨ੍ਹਾਂ ਦੇ ਧਾਰਮਿਕ ਅਤੇ ਹੋਰ ਗੀਤ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਗਾਏ ਸਨ। ਕਈ ਗਾਇਕਾਂ ਦੀ ਮਸ਼ਹੂਰੀ ਅਤੇ ਸਫਲਤਾ ਪਿੱਛੇ ਸਫਰੀ ਦਾ ਹੱਥ ਸੀ। ਨਰਿੰਦਰ ਬੀਬਾ ਨੇ ਸਫਰੀ ਹੁਰਾਂ ਦੇ ਧਾਰਮਿਕ ਗੀਤ ਗਾ ਕੇ ਹੀ ਬਹੁਤ ਨਾਂ ਖੱਟਿਆ ਸੀ। ਕਹਿੰਦੇ ਹਨ ਕਿ ਹੰਸ ਰਾਜ ਹੰਸ ਵੀ ਉਨ੍ਹਾਂ ਦਾ ਲਿਖਿਆ ਗੀਤ (ਨਾਗਣੇ ਨੀ ਇਕ ਡੰਗ ਹੋਰ ਮਾਰ ਜਾ) ਗਾ ਕੇ ਹੀ ਚੜ੍ਹਿਆ ਸੀ। ਦੇਬੀ ਮਖਸੂਸਪੁਰੀ ਦੀ ਇਕ ਕੈਸੇਟ ਦਾ ਸਭ ਤੋਂ ਵਧੀਆ ਗਾਣਾ ਵੀ ਸਫਰੀ ਦਾ ਹੀ ਲਿਖਿਆ ਹੋਇਆ ਹੈ। ਇਸ ਗੀਤ ਦੇ ਬੋਲ ਹਨ,
ਅੱਖਾਂ ‘ਚ ਸ਼ਰਾਬ ਗੋਰੀਏ,
ਨੀ ਤੂੰ ਸੁਰਮਾ ਪਾਉਣ ਨੂੰ ਕਹਿੰਦੀ।
ਮਹਿੰਦੀ ਵਾਲੇ ਹੱਥ ਨਾ ਕਰੀਂ,
ਅੱਗ ਉਡ ਕੇ ਨਸ਼ੇ ਨੂੰ ਪੈਂਦੀ।
ਕਵੀ ਚਿੱਤਰਕਾਰ ਵਾਂਗੂ ਹੈ। ਚਿੱਤਰਕਾਰ ਬੁਰਸ਼ ਅਤੇ ਰੰਗ ਲੈ ਕੇ ਤਸਵੀਰ ਬਣਾਉਂਦਾ ਹੈ; ਕਵੀ ਕਲਮ ਅਤੇ ਪੇਪਰ ਲੈ ਕੇ ਸ਼ਬਦਾਂ ਨੂੰ ਵਰਤ ਕੇ ਤਸਵੀਰ ਬਣਾਉਂਦਾ ਹੈ। ਸਫਲ ਕਵੀ ਉਹੋ ਹੀ ਹੈ, ਜਿਸ ਦੀ ਕਵਿਤਾ ਪੜ੍ਹ ਕੇ ਤੁਹਾਡਾ ਦਿਲ ਖਿੱਚਿਆ ਜਾਵੇ ਅਤੇ ਵਰਣਨ ਕੀਤੀ ਗੱਲ ਦੀ ਝਲਕੀ ਤੁਹਾਡੀਆਂ ਅੰਤਰ ਅੱਖਾਂ ਅੱਗਿਓਂ ਲੰਘ ਜਾਵੇ। ਸਫਰੀ ਦੀ ਕਵਿਤਾ ਵਿਚ ਇਹ ਗੁਣ ਆਮ ਮਿਲਦਾ ਹੈ। ਬਿੰਬ ਵਰਤਣ ਦੇ ਉਹ ਮਾਹਿਰ ਸਨ। ਹਰ ਗੱਲ ਨੂੰ ਸਾਧਾਰਨ, ਪਰ ਬਹੁਤ ਹੀ ਸੁਚੱਜੇ ਅਤੇ ਕਲਾਮਈ ਢੰਗ ਨਾਲ ਕਹਿਣਾ ਉਨ੍ਹਾਂ ਦੀ ਖੂਬੀ ਸੀ। ਕਵਿਤਾ ਵਿਚ ਸ਼ਬਦਾਂ ਨੂੰ ਮੋਤੀਆਂ ਵਾਗ ਪਰੋ ਦੇਣ ਦੀ ਕਲਾ ਉਨ੍ਹਾਂ ਨੂੰ ਰੱਬ ਨੇ ਬਹੁਤ ਬਖਸ਼ੀ ਸੀ। ਇਸ ਦੀਆਂ ਪ੍ਰਤੀਕ ਮਾਤਾ ਗੁਜਰੀ ਬਾਰੇ ਲਿਖੀ ਇਕ ਕਵਿਤਾ ‘ਚੋਂ ਲਈਆਂ ਹੇਠ ਲਿਖੀਆਂ ਸਤਰਾਂ ਹਨ, ਜਿਨ੍ਹਾਂ ਵਿਚ ਮਾਤਾ ਗੁਜਰੀ ਜਲਾਦ ਨੂੰ ਜਵਾਬ ਦਿੰਦੀ ਹੈ,
ਮਾਤਾ ਗੁਜਰੀ ਅੱਗੋਂ ਜਵਾਬ ਦਿੱਤਾ,
ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ।
ਇਹੋ ਜਿਹੀ ਕਹਾਰੀ ਤਾਂ ਮੇਰੇ ਉਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ।
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ।
ਗੁਜਰੀ ਲੋਕ ਮੈਨੂੰ ਤਾਹੀਓਂ ਆਖਦੇ ਨੇ,
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ।
ਸਫਰੀ ਦੇ ਲਿਖਣ ਦਾ ਕਮਾਲ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗੀਤਾਂ ਵਿਚ ਬਿਆਨ ਕੀਤੇ ਦ੍ਰਿਸ਼ ਇਹ ਕਵਿਤਾਵਾਂ ਤੇ ਗੀਤ ਪੜ੍ਹਦਿਆਂ ਅਤੇ ਸੁਣਦਿਆਂ ਤੁਹਾਡੀਆਂ ਅੱਖਾਂ ਅੱਗੇ ਆ ਜਾਂਦੇ ਹਨ। ਜਿਵੇਂ ਸਾਡੇ ਵਿਚੋਂ ਜਿਨ੍ਹਾਂ ਨੇ ਚਰਖੇ ਕੱਤਦੀਆਂ ਪੰਜਾਬਣਾਂ ਦੇਖੀਆਂ ਹਨ, ਇਹ ਗੀਤ ਪੜ੍ਹ-ਸੁਣ ਕੇ ਉਹ ਦ੍ਰਿਸ਼ ਝੱਟ ਸਾਡੀਆਂ ਅੰਤਰ-ਅੱਖਾਂ ਅੱਗਿਓਂ ਲੰਘ ਜਾਵੇਗਾ,
ਤੱਕਲੇ ਦੇ ਵਲ ਕੱਢ ਲੈ,
ਤੇਰਾ ਤੰਦ ਨਾ ਲਪੇਟਿਆ ਜਾਵੇ।
ਇਹ ਸਤਰਾਂ ਪੜ੍ਹਦਿਆਂ ਹੀ ਹੱਥ ਨਾਲ ਤੱਕਲੇ ਦੇ ਵੱਟ ਕੱਢਦੀ ਪੰਜਾਬਣ ਦੀ ਤਸਵੀਰ ਅੱਖਾਂ ਅੱਗੇ ਆ ਜਾਂਦੀ ਹੈ। ਇਸੇ ਤਰ੍ਹਾਂ ਦੇ ਕੁਝ ਹੋਰ ਗੀਤਾਂ ਦੇ ਬੋਲਾਂ ਦੀਆਂ ਮਿਸਾਲਾਂ ਹਨ,
ਸਾਡੇ ਲਾਗਿਓਂ ਦੀ ਲੰਘ ਜਾ,
ਬੁਲਾਈਂ, ਨਾ ਬੁਲਾਈਂ।
ਤੇਰਾ ਹੈ ਨਹੀਂ ਵੇ ਪਿਆਰ,
ਸੌਹਾਂ ਝੂਠੀਆਂ ਨਾ ਖਾਈਂ।

ਹਵਾ ਬੇਈਮਾਨ, ਬੜਾ ਔਂਤਰਾ ਜ਼ਮਾਨਾ ਏ।
ਕੱਲ੍ਹ ਜਿਹੜਾ ਆਪਣਾ ਸੀ,
ਅੱਜ ਉਹ ਬੇਗਾਨਾ ਏ।

ਚਿੱਟੇ ਦੰਦ ਬੁੱਲ੍ਹੀਂ ਲਾਲ ਦੰਦਾਸਾ,
ਹਾੜ੍ਹਾ ਓ ਰੱਬ ਖੈਰ ਕਰੇ।
ਹੱਥ ਅੱਲ੍ਹੜਾਂ ਦੇ ਤੇਜ਼ ਗੰਡਾਸਾ,
ਹਾੜ੍ਹਾ ਓ ਰੱਬ ਖੈਰ ਕਰੇ।

ਹੱਸ ਕੇ ਨਾ ਲੰਘ ਗੋਰੀਏ,
ਫੁੱਲ ਕਿਰ ਗਏ ਗਲੀ ਦੇ ਵਿਚ ਸਾਰੇ।

ਅੱਖਾਂ ਮੀਟ ਗਈ ਜਦੋਂ ਦੀ ਸਾਡੀ ਮਾਂ,
ਸਾਡਾ ਨੀ ਏਥੇ ਦਿਲ ਲਗਦਾ।
ਸਾਡਾ ਲਿਖ ਲਓ ਯਤੀਮਾਂ ਵਿਚ ਨਾਂ,
ਸਾਡਾ ਨੀ ਏਥੇ ਦਿਲ ਲਗਦਾ।
ਉਨ੍ਹਾਂ ਗਜ਼ਲਾਂ ਵੀ ਲਿਖੀਆਂ, ਪਰ ਬਹੁਤੀਆਂ ਨਹੀਂ। ਉਨ੍ਹਾਂ ਦੀ ਇਕ ਗਜ਼ਲ ਦਾ ਹੇਠਲਾ ਸ਼ੇਅਰ ਤਾਂ ਬਹੁਤ ਮਸ਼ਹੂਰ ਹੋਇਆ ਸੀ, ਜਿਸ ‘ਚ ਮਾਸ਼ੂਕ ਦੇ ਨਾਤਾ ਤੋੜ ਜਾਣ ‘ਤੇ ਕਵੀ ਸਫਰੀ ਆਪਣੇ ਆਪ ਨੂੰ ਅਜੀਬ ਢੰਗ ਨਾਲ ਹੌਸਲਾ ਦਿੰਦਾ ਹੈ,
ਬੜਾ ਅਫਸੋਸ ਸੱਜਣਾ ‘ਤੇ,
ਵਿਗੜ ਗਏ ਗੈਰ ਦੇ ਆਖੇ।
ਤੂੰ ਰੱਖ ਕੁਝ ਹੌਸਲਾ ‘ਸਫਰੀ’,
ਕਈਆਂ ਦੇ ਮਰ ਵੀ ਜਾਂਦੇ ਨੇ।
ਉਨ੍ਹਾਂ ਨੂੰ ਗਜ਼ਲਾਂ ਲਿਖਣ ਵਿਚ ਬਹੁਤ ਨਿਪੁੰਨਤਾ ਸੀ। ਹੇਠ ਲਿਖੇ ਕੁਝ ਸ਼ੇਅਰ ਮਿਸਾਲ ਵਜੋਂ ਦੇਖੋ,
ਹੱਥ ਮਹਿੰਦੀ ਰੰਗਲੇ
ਕੋਈ ਫੁੱਲ ਤੋੜਨ ਜਾ ਰਿਹਾ,
ਪੋਟਿਆਂ ਵਿਚ ਅੱਗ ਹੈ,
ਨਾ ਫੂਕ ਦੇਵੇ ਗੁਲਜ਼ਾਰ ਨੂੰ।
ਖਤ ਹੁਸੀਨਾ ਦੇ ਹੀ
ਮੇਰੀ ਲਾਸ਼ ਉਤੇ ਪਾ ਦਿਓ,
ਕੌਣ ਕਫਨ ਲੈਣ ਸਾਡਾ
ਜਾਏਗਾ ਬਾਜ਼ਾਰ ਨੂੰ।

ਕਿਉਂ ਮਧਾਣੀ ਸੜੀ,
ਮੱਖਣ ਕਿਵੇਂ ਕੋਲੇ ਹੋ ਗਿਆ,
ਦੁੱਧ ਨੂੰ ਕਿਉਂ ਹੰਝੂਆਂ ਦਾ
ਜਾਗ ਲਾਇਆ ਕਿਸੇ ਨੇ।
ਖਾਬ ਵਿਚ ਮਹਿਬੂਬ ‘ਸਫਰੀ’
ਹਾਲ ਪੁੱਛਦਾ ਰਹਿ ਗਿਆ,
ਅਫਸੋਸ ਸਾਨੂੰ ਸੁੱਤਿਆਂ ਨੂੰ
ਕਿਉਂ ਜਗਾਇਆ ਕਿਸੇ ਨੇ।
ਸਫਲ ਗਾਇਕਾਂ ਦੀ ਮਸ਼ਹੂਰੀ ਅਤੇ ਚੜ੍ਹਤ ਪਿੱਛੇ ਚੰਗੇ ਗੀਤ ਲੇਖਕਾਂ ਦਾ ਬਹੁਤ ਹੱਥ ਹੁੰਦਾ ਹੈ, ਪਰ ਬਦਕਿਸਮਤੀ ਇਹ ਹੈ ਕਿ ਚੰਗੇ ਗੀਤਾਂ ਲਈ ਲਗਭਗ ਸਾਰੀ ਸਲਾਹੁਣਾ ਗਾਇਕਾਂ ਦੀ ਝੋਲੀ ਵਿਚ ਹੀ ਪੈਂਦੀ ਹੈ। ਬਹੁਤੇ ਲੋਕਾਂ ਨੂੰ ਨਾ ਹੀ ਇਹ ਪਤਾ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੇ ਇਹ ਸੋਚਿਆ ਹੁੰਦਾ ਹੈ ਕਿ ਸਫਲ ਗੀਤ ਕਿਸ-ਕਿਸ ਗੀਤਕਾਰ ਨੇ ਲਿਖੇ ਹਨ। ਕਿੰਨੇ ਕੁ ਲੋਕ ਜਾਣਦੇ ਹਨ ਕਿ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗਾਏ ਗੀਤ ‘ਇਕ ਮੇਰੀ ਅੱਖ ਕਾਸ਼ਣੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ’ ਅਤੇ ‘ਮੈਨੂੰ ਹੀਰੇ ਹੀਰੇ ਆਖੇ, ਹਾਏ ਨੀ ਮੁੰਡਾ ਲੰਬੜਾਂ ਦਾ’ ਸ਼ਿਵ ਕੁਮਾਰ ਬਟਾਲਵੀ ਨੇ ਲਿਖੇ ਸਨ? ਜਾਂ ਫਿਰ ‘ਆ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚਲੀਆਂ ਸਰਦਾਰੀ’ ਦੀਪਕ ਜੈਤੋਈ ਨੇ ਲਿਖਿਆ ਸੀ। ਮਸ਼ਹੂਰ ਗੀਤ ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗਲੀ-ਗਲੀ ਵਿਚ ਡੰਡ ਪਾਉਂਦੀਆਂ ਗਈਆਂ’ ਨੰਦ ਲਾਲ ਨੂਰਪੁਰੀ ਦੀ ਲਿਖਤ ਸੀ। ਬਹੁਤੇ ਗੀਤਕਾਰ ਭੁੱਖਾਂ ਨਾਲ ਜੂਝਦੇ ਜ਼ਿੰਦਗੀ ਗੁਜ਼ਾਰ ਜਾਂਦੇ ਹਨ। ਨੰਦ ਲਾਲ ਨੂਰਪੁਰੀ ਗਰੀਬੀ ਵਿਚ ਆਤਮ-ਹੱਤਿਆ ਕਰ ਗਿਆ ਸੀ, ਪਰ ਇਨ੍ਹਾਂ ਹੀ ਗੀਤਕਾਰਾਂ ਦੇ ਲਿਖੇ ਖੂਬਸੂਰਤ ਗੀਤ ਗਾ ਕੇ ਗਾਇਕ ਅਤੇ ਸੰਗੀਤ ਕੰਪਨੀਆਂ ਲੱਖਾਂ-ਕਰੋੜਾਂ ਰੁਪਏ ਕਮਾਉਂਦੀਆਂ ਹਨ।
ਮੈਂ 14 ਦਸੰਬਰ 2005 ਨੂੰ ਪੰਜਾਬ ਗਿਆ ਸਾਂ ਅਤੇ 5 ਜਨਵਰੀ 2006 ਨੂੰ ਵਾਪਸ ਅਮਰੀਕਾ ਆ ਗਿਆ ਸਾਂ। ਤਰਸੇਮ ਮੈਨੂੰ ਦੋ ਵਾਰੀ ਮਿਲਣ ਆਇਆ। ਮੈਂ ਇਕ ਵਿਆਹ ਵਿਚ ਰੁੱਝਾ ਹੋਣ ਕਰਕੇ ਅਤੇ ਕੁਝ ਹੋਰ ਰੁਝੇਵਿਆਂ ਕਾਰਨ ਸਫਰੀ ਹੁਰਾਂ ਨੂੰ ਮਿਲਣ ਨਾ ਜਾ ਸਕਿਆ, ਭਾਵੇਂ ਦਿਲ ਬਹੁਤ ਚਾਹੁੰਦਾ ਸੀ। ਇਹ ਵੀ ਨਹੀਂ ਸੀ ਪਤਾ ਕਿ ਉਹ ਛੇਤੀ ਹੀ ਤੁਰ ਜਾਣਗੇ। ਤਿੰਨ ਜਨਵਰੀ ਨੂੰ ਜਦੋਂ ਤਰਸੇਮ ਮਿਲਣ ਆਇਆ ਤਾਂ ਅਸੀਂ ਸਫਰੀ ਦੀਆਂ ਅਤੇ ਉਨ੍ਹਾਂ ਦੀ ਕਵਿਤਾ ਬਾਰੇ ਕਾਫੀ ਦੇਰ ਗੱਲਾਂ ਕਰਦੇ ਰਹੇ। ਮੈਂ ਸਫਰੀ ਦੀ ਸਿਹਤ ਬਾਰੇ ਪੁੱਛਿਆ ਤਾਂ ਤਰਸੇਮ ਨੇ ਸਰਸਰੀ ਜਿਹੀ ਆਖਿਆ, “ਪਿਤਾ ਜੀ ਥੋੜ੍ਹਾ ਢਿੱਲੇ ਰਹਿੰਦੇ ਹਨ। ਉਮਰ ਵੀ ਤਾਂ ਹੁਣ ਕਾਫੀ ਹੋ ਗਈ ਹੈ।” ਤਰਸੇਮ ਗੀਤ ਅਤੇ ਗਜ਼ਲਾਂ ਲਿਖਦਾ ਸੀ। ਉਹ ਧਾਰਮਿਕ ਕਵਿਤਾਵਾਂ ਨਹੀਂ ਸੀ ਲਿਖਦਾ। ਸਫਰੀ ਹੁਰਾਂ ਨੇ ਬਹੁਤੀਆਂ ਧਾਰਮਿਕ ਕਵਿਤਾਵਾਂ ਅਤੇ ਗੀਤ ਲਿਖੇ ਸਨ। ਇਸ ਗੱਲ ‘ਤੇ ਪਿਉ-ਪੁੱਤਰ ਦਾ ਹਮੇਸ਼ਾ ਪਿਆਰ ਭਰਿਆ ਝਗੜਾ ਰਹਿੰਦਾ ਸੀ ਕਿ ਕੌਣ ਠੀਕ ਸੀ। ਸਫਰੀ ਸਾਹਿਬ ਹਮੇਸ਼ਾ ਤਰਸੇਮ ਨੂੰ ਕਹਿੰਦੇ ਕਿ ਗਜ਼ਲਾਂ ਤੇ ਪਿਆਰ ਦੇ ਗੀਤ ਲਿਖਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਸ ਤੋਂ ਰੋਟੀ ਨਹੀਂ ਮਿਲਦੀ। ਉਨ੍ਹਾਂ ਨੇ ਧਾਰਮਿਕ ਕਵਿਤਾਵਾਂ ਅਤੇ ਗੀਤ ਲਿਖ ਕੇ ਅਤੇ ਸਟੇਜਾਂ ‘ਤੇ ਪੜ੍ਹ ਕੇ ਆਪਣਾ ਬਹੁਤ ਵਧੀਆ ਗੁਜ਼ਾਰਾ ਕੀਤਾ ਸੀ। ਤਰਸੇਮ ਕਹਿੰਦਾ ਸੀ ਕਿ ਧਾਰਮਿਕ ਗੀਤਾਂ ਦੀ ਜ਼ਿੰਦਗੀ ਲੰਮੀ ਨਹੀਂ ਹੁੰਦੀ। ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤੁਰ ਜਾਣ ਪਿਛੋਂ ਕਿਸ ਨੇ ਉਨ੍ਹਾਂ ਦੀਆਂ ਧਾਰਮਿਕ ਕਵਿਤਾਵਾਂ ਤੇ ਗੀਤ ਪੜ੍ਹਨੇ ਹਨ ਅਤੇ ਇਨ੍ਹਾਂ ਦੀ ਗੱਲ ਕਰਨੀ ਹੈ? ਦੋਵੇਂ ਆਪੋ-ਆਪਣੇ ਥਾਂ ਠੀਕ ਸਨ। ਸਫਰੀ ਕੋਲ ਕਵਿਤਾ ਲਿਖਣ ਦੀ ਜਿੰਨੀ ਕਲਾ ਸੀ, ਜੇ ਉਹ ਪਿਆਰ ਦੀ ਕਵਿਤਾ ਲਿਖਦੇ ਤਾਂ ਸ਼ਾਇਦ ਆਪਣਾ ਬਹੁਤ ਨਾਂ ਬਣਾ ਜਾਂਦੇ। ਸਫਰੀ ਦਾ ਧਾਰਮਿਕ ਕਵਿਤਾਵਾਂ ਅਤੇ ਗੀਤਾਂ ‘ਚ ਭਾਵੇਂ ਬਹੁਤ ਉਚਾ ਅਸਥਾਨ ਹੈ, ਪਰ ਮੈਂ ਕੁਝ ਹੱਦ ਤੱਕ ਤਰਸੇਮ ਨਾਲ ਸਹਿਮਤ ਹਾਂ।
ਸਫਰੀ ਨੇ ਮਿਰਜ਼ਾ-ਸਾਹਿਬਾਂ, ਹੀਰ-ਰਾਂਝੇ ਅਤੇ ਸੱਸੀ-ਪੁਨੂੰ ਬਾਰੇ ਵੀ ਗੀਤ ਤੇ ਕਵਿਤਾਵਾਂ ਲਿਖੀਆਂ। ਮਿਰਜ਼ਾ-ਸਾਹਿਬਾਂ ‘ਤੇ ਲਿਖੀ ਉਨ੍ਹਾਂ ਦੀ ਕਵਿਤਾ ਵਿਚੋਂ ਕੁਝ ਸਤਰਾਂ ਪੇਸ਼ ਹਨ,
ਇਕ ਪਾਸੇ ਮਿਰਜ਼ਾ ਯਾਰ ਹੈ,
ਇਕ ਪਾਸੇ ਵੀਰ ਸਿਆਲ।
ਵੇ ਮੈਂ ਦੋਂਹ ਪੁੜਾਂ ਵਿਚ ਪਿਸ ਗਈ,
ਮੇਰਾ ਮਿਰਜ਼ਿਆ ਮੰਦੜਾ ਹਾਲ।
ਨੀ ਮੈਂ ਮਿਰਜ਼ਾ ਸਾਫ ਜ਼ਮੀਰ ਦਾ,
ਤੂੰ ਖੇਖਣ ਹੱਥੀਂ ਰੰਡ।
ਤੂੰ ਭਾਈਆਂ ਵਲ ਦੀ ਹੋ ਗਈ,
ਇਕ ਯਾਰ ਦੀ ਲਾ ਕੇ ਕੰਡ।
ਮੇਰਾ ਤਰਕਸ਼ ਭੰਨਿਆ ਵੈਰਨੇ,
ਰਹੇ ਪੰਛੀ ਪਾਉਂਦੇ ਡੰਡ।
ਕਿਸ ਦਗਾਬਾਜ਼ ‘ਨਾ ਲਾ ਲਈਆਂ,
ਮੈਨੂੰ ਤਾਅਨੇ ਦਿੰਦਾ ਜੰਡ।
ਮੈਂ 5 ਜਨਵਰੀ 2006 ਨੂੰ ਹਿੰਦੁਸਤਾਨ ਤੋਂ ਵਾਪਸ ਅਮਰੀਕਾ ਪਹੁੰਚਿਆ ਸਾਂ। 6 ਜਨਵਰੀ 2006 ਦੀ ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਸਫਰੀ ਹੁਰੀਂ ਪੂਰੇ ਹੋ ਗਏ ਹਨ। ਸੁਣ ਕੇ ਦੁੱਖ ਹੋਇਆ, ਪਰ ਖੁਸ਼ੀ ਇਸ ਗੱਲ ਦੀ ਸੀ ਕਿ ਉਹ ਲੰਮੀ ਅਤੇ ਖੁਸ਼ਹਾਲ ਜ਼ਿੰਦਗੀ ਭੋਗ ਕੇ ਤੁਰਦੇ-ਫਿਰਦੇ ਹੀ ਇਸ ਦੁਨੀਆਂ ਤੋਂ ਗਏ ਸਨ। ਪੰਜਾਬੀ ਸਾਹਿਤ, ਸਿੱਖ ਧਰਮ ਤੇ ਪੰਜਾਬੀ ਗੀਤਕਾਰੀ ਨੂੰ ਉਨ੍ਹਾਂ ਦੀ ਦੇਣ ਛੇਤੀ ਮਿਟਣ ਵਾਲੀ ਨਹੀਂ। ਅਖੀਰ ‘ਚ ਉਨ੍ਹਾਂ ਦੀ ਇਕ ਗਜ਼ਲ ਦਾ ਸ਼ਿਅਰ ਪੇਸ਼ ਹੈ,
ਸੁਖੀ ਵਸੋ ਬੁਲਬੁਲੋ,
ਤੇ ਮੌਜ ਮਾਣੋ ਭੌਰਿਓ!
ਜਾ ਰਿਹਾ ਹੈ ਇਕ ‘ਸਫਰੀ’
ਚਮਨ ਵਿਚੋਂ ਜਾ ਰਿਹਾ!
ਤਰਸੇਮ ਮੈਨੂੰ ਦਸੰਬਰ 2015 ਵਿਚ ਮੇਰੀ ਭਤੀਜੀ ਦੇ ਵਿਆਹ ‘ਤੇ ਮਿਲਣ ਆਇਆ ਸੀ। ਉਸ ਦੀ ਹਾਲਤ ਚੰਗੀ, ਵਧੀਆ ਨਹੀਂ ਸੀ ਲੱਗ ਰਹੀ। ਉਹ ਕੁਝ ਗੁਆਚਾ-ਗੁਆਚਾ ਜਿਹਾ ਲੱਗ ਰਿਹਾ ਸੀ। ਮੇਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸੀ, ਕਿਉਂਕਿ ਉਸ ਦੇ ਬੱਚੇ ਉਸ ਦੇ ਕਹਿਣੇ ਵਿਚ ਨਹੀਂ ਸਨ। ਮੈਂ ਉਸ ਨੂੰ ਸਮਝਾਇਆ ਕਿ ਬੱਚੇ ਸਭ ਜੁਆਨ ਸਨ ਅਤੇ ਉਸ ਨੂੰ ਬੱਚਿਆਂ ਦਾ ਫਿਕਰ ਛੱਡ ਕੇ ਆਪਣਾ ਫਿਕਰ ਕਰਨਾ ਚਾਹੀਦਾ ਹੈ, ਪਰ ਤਰਸੇਮ ਦੀ ਇਸ ਪ੍ਰੇਸ਼ਾਨੀ ਨੇ ਉਸ ਨੂੰ ਡਿਪਰੈਸ਼ਨ ਦੀ ਬਿਮਾਰੀ ਲਾ ਦਿੱਤੀ। ਇਸ ਬਿਮਾਰੀ ਨਾਲ ਲੜਦਾ 2017 ਵਿਚ 70 ਕੁ ਸਾਲ ਦੀ ਉਮਰ ਵਿਚ ਪੂਰਾ ਹੋ ਗਿਆ।