ਅਸੰਖ ਜਪ ਅਸੰਖ ਭਾਉ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
‘ਮੰਨੇ ਕੀ ਗਤਿ ਕਹੀ ਨ ਜਾਇ’ ਲਿਖ ਕੇ ਗੁਰੂ ਸਾਹਿਬ ਨੇ ਮੱਧ ਕਾਲੀ ਮਨੁੱਖੀ ਸੋਚ ਵਿਚ ਇਕ ਨਵਾਂ ਇਨਕਲਾਬ ਪੈਦਾ ਕੀਤਾ। ਫਿਰ ਪੰਚਾਂ ਤੇ ਧਵਲੇ ਦੀਆਂ ਮਿਸਾਲਾਂ ਦੇ ਕੇ ਉਨ੍ਹਾਂ ਨੇ ਮੰਨੇ ਦੀ ਤਰਕ-ਵਿਵੇਕੀ ਤੇ ਵਿਸ਼ਲੇਸ਼ਣਾਤਮਕ ਪਹੁੰਚ (੍ਰਅਟਿਨਅਲ ਅਨਦ ਅਨਅਲੇਟਚਿਅਲ ਟਹਨਿਕਨਿਗ) ਨਾਲ ਵਿਸ਼ਵਾਸ ਤੇ ਬਣੀਆਂ ਮਨਘੜਤ ਮਾਨਤਾਵਾਂ ਨੂੰ ਢਹਿ ਢੇਰੀ ਕਰ ਕੇ ਦਿਖਾਇਆ। ਉਨ੍ਹਾਂ ਨੇ ਨਾ ਸਿਰਫ ਸਤਿ-ਵਿਚਾਰ ਨੂੰ ਅੰਧ-ਵਿਸ਼ਵਾਸ ਦੀ ਜਕੜ ਤੋਂ ਸੁਤੰਤਰ ਕੀਤਾ, ਸਗੋਂ ਪੂਰਬ ਵਿਚ ਪੁਨਰ-ਜਾਗ੍ਰਿਤੀ ਦਾ ਇਤਿਹਾਸ ਅਰੰਭਿਆ। ‘ਸਿੱਖਾਂ ਦਾ ਮਨ ਨੀਵਾ ਮਤ ਉਚੀ’ ਦੀ ਗੱਲ ਉਨ੍ਹਾਂ ਦੇ ਵਿਚਾਰਾਂ ਦਾ ਸਹੀ ਪ੍ਰਗਟਾਵਾ ਹੈ। ਇਹੀ ‘ਮੰਨੇ ਕੀ ਗਤਿ ਕਹੀ ਨ ਜਾਇ’ ਦਾ ਅਸਲ ਅਨੁਵਾਦ ਹੈ ਤੇ ਇਹੀ ਉਨ੍ਹਾਂ ਦੀ ਸਿੱਖ-ਕ੍ਰਾਂਤੀ ਦਾ ਸਹੀ ਨਾਹਰਾ ਹੈ।

ਗੁਰੂ ਸਾਹਿਬ ਨੇ ‘ਸੁਣਿਐ’, ‘ਮੰਨੇ’ ਤੇ ‘ਪੰਚ’ ਵਾਲੀਆਂ ਪਉੜੀਆਂ ਲਿਖ ਕੇ ਆਪਣੇ ਆਪ ਨੂੰ ਦੁਨੀਆਂ ਦੇ ਸਭ ਰਿਸ਼ੀਆਂ ਮੁਨੀਆਂ, ਪੀਰ ਪੈਗੰਬਰਾਂ ਤੇ ਦਾਨਿਸ਼ਵਰਾਂ ਤੋਂ ਵੱਖਰਾ ਹੀ ਨਹੀਂ, ਸਗੋਂ ਉਚਾ ਸਾਬਤ ਕੀਤਾ। ਉਨ੍ਹਾਂ ਨੇ ਸੱਚ ਦੀ ਵਿਧੀ ਨੂੰ ਅਕਲ ਦੀ ਵਰਤੋਂ ਨਾਲ ਜੋੜ ਕੇ ਉਹ ਕਮਾਲ ਕੀਤਾ, ਜੋ ਕੋਈ ਹੋਰ ਨਹੀਂ ਕਰ ਸਕਿਆ। ਉਨ੍ਹਾਂ ਨੇ ਜਿੱਥੇ ਵੀ ਲੋੜ ਪਈ, ਵਿਚਾਰਪੂਰਨ ਦਲੀਲਾਂ ਦਿੱਤੀਆਂ ਤੇ ਕਿਤੇ ਵੀ ਭਾਵੁਕ ਆਧਾਰ ‘ਤੇ ਗੱਲ ਨਹੀਂ ਕੀਤੀ। ਜੇ ਧਾੜਵੀ ਬਾਬਰ ਨੂੰ ਉਲਾਂਭਾ ਦਿੱਤਾ, ਮਿੰਨਤਦਾਰੀ ਵਾਲਾ ਨਹੀਂ, ਸਗੋਂ ਬਰਾਬਰ ਦਿਆਂ ਨਾਲ ਬਰਾਬਰ ਦਾ ਸਲੂਕ ਕਰਨ ਦੀ ਵੰਗਾਰ ਵਾਲਾ ਦਿੱਤਾ। ਔਰਤ ਦੇ ਸਨਮਾਨ ਦੀ ਗੱਲ ਕੀਤੀ, ਉਹ ਵੀ ਹਮਦਰਦੀ ਵਜੋਂ ਵਿਚਾਰੀ ਦੱਸ ਕੇ ਨਹੀਂ, ਸਗੋਂ ‘ਭੰਡਿ ਜੰਮੀਐ ਭੰਡਿ ਨਿੰਮੀਐ’ ਦਾ ਤਰਕ ਦੇ ਕੇ ਕੀਤੀ। ਉਹ ਤਰਕ ਨੂੰ ਗਣਿੱਤੀ ਪੱਧਰ ‘ਤੇ ਲੈ ਕੇ ਗਏ ਤੇ ਦਲੀਲ ਨੂੰ ਬੌਧਿਕ ਵਿਚਾਰ ਦੇ ਪੱਧਰ ‘ਤੇ। ਗੱਲ ਕੀ, ਉਹ ਹਰ ਕੰਮ ਨੂੰ ਕਾਇਦੇ ਅਨੁਸਾਰ ਕਰ ਕੇ ਗਏ ਅਤੇ ਵਿਧੀ ਵਿਧਾਨ ਦੀ ਸਿੱਖਿਆ ਦੇ ਕੇ ਗਏ।
ਪਰ ਅਜੋਕੇ ਸਿੱਖ ਵਿਦਵਾਨ ਉਨ੍ਹਾਂ ਦੀ ਇਸ ਦੇਣ ਨੂੰ ਝੁਠਲਾ ਕੇ ਉਨ੍ਹਾਂ ਨੂੰ ਬਿਲਕੁਲ ਉਲਟ ਖੇਮੇ ਵਿਚ ਖੜ੍ਹਾ ਕਰਦੇ ਹਨ। ਉਹ ਉਨ੍ਹਾਂ ਨੂੰ ਵਿਸ਼ਵਾਸ ਤੇ ਭਗਤੀ ਦਾ ਉਪਾਸ਼ਕ ਦੱਸ ਕੇ ਆਪਣੇ ਸਵਾਰਥਾਂ ਨੂੰ ਪੂਰਦੇ ਹਨ। ਇਸ ਦੀ ਮਿਸਾਲ ਇਕ ਸਿੱਖ ਬੁੱਧੀਜੀਵੀ ਦਾ ਹੁਣੇ ਹੀ ਜਾਰੀ ਕੀਤਾ ਇਕ ਯੂ-ਟਿਊਬ ਵੀਡੀਓ ਹੈ। ਆਪਣੇ ਆਪ ਨੂੰ ਉਘਾ ਸਿੱਖ ਇਤਿਹਾਸਕਾਰ ਦੱਸਣ ਵਾਲਾ ਇਹ ਵਿਦਵਾਨ ਆਪਣੇ “ਡਾ. …ਢਿੱਲੋਂ ਦਾ ਖੁਲ੍ਹਾ ਚੈਲੰਜ਼..” ਜਿਹੇ ਨਾਂ ਵਾਲੇ ਵੀਡੀਓ ਵਿਚ ਕਹਿੰਦਾ ਹੈ ਕਿ ਗੁਰੂ ਨਾਨਕ ਦੇ ਸਿੱਖੀ ਸਿਧਾਂਤ ਦੀ ਜੜ ਵਿਸ਼ਵਾਸ ਵਿਚ ਹੈ। ਉਸ ਅਨੁਸਾਰ ਅਜੋਕਾ ਸਿੱਖ ਸਮਾਜ ਕੁਝ ਅਜਿਹੇ ਪ੍ਰਚਾਰਕ ਭਾਈਆਂ ਦੀ ਮਾਰ ਹੇਠ ਆ ਗਿਆ ਹੈ, ਜੋ ਤਰਕ ਪ੍ਰਚਾਰ ਕਰ ਕੇ ਲੋਕਾਂ ਦੇ ਵਿਸ਼ਵਾਸ ਨੂੰ ਢਾਹ ਲਾ ਰਹੇ ਹਨ। ਉਸ ਅਨੁਸਾਰ ਵਿਸ਼ਵਾਸ ਦੇ ਜੋਰ ਅੰਗਰੇਜ਼ ਇਸਾਈਆਂ ਨੇ ਬਾਈਬਲ ਹੱਥ ਵਿਚ ਫੜ ਕੇ ਵਿਸ਼ਵ-ਵਿਆਪੀ ਬਰਤਾਨਵੀ ਸਾਮਰਾਜ ਸਥਾਪਿਤ ਕੀਤਾ ਤੇ ਇਸੇ ਤਰ੍ਹਾਂ ਯਹੁਦੀਆਂ ਨੇ ਆਪਣਾ ਇਜ਼ਰਾਇਲੀ ਰਾਜ; ਪਰ ਇਸ ਦੇ ਉਲਟ ਤਰਕ ਪ੍ਰਚਾਰ ਦਾ ਸ਼ਿਕਾਰ ਹੋਏ ਤੇ ਵਿਸ਼ਵਾਸ ਤੋਂ ਡੋਲੇ ਸਿੱਖ ਹਰ ਰਾਜਸੀ ਲੜਾਈ ਹਾਰੇ ਹਨ। ਉਹ ਕਹਿੰਦਾ ਹੈ ਕਿ ਜੇ ਉਹ ਹੁਣ ਵੀ ਵਿਸ਼ਵਾਸ ਦੇ ਝੰਡੇ ਹੇਠ ਇੱਕਠੇ ਨਾ ਹੋਏ ਤਾਂ ਉਨ੍ਹਾਂ ਦੇ ਰਾਜਸੀ ਸੁਪਨਿਆਂ ਦਾ ਖੇਰੂੰ-ਖੇਰੂੰ ਹੋਣਾ ਨਿਸ਼ਚਿਤ ਹੈ।
ਆਪੂੰ ਬਣੇ ਇਸ ਸਿੱਖ ਇਤਿਹਾਸਕਾਰ ਨੇ ਇਤਿਹਾਸ ਨੂੰ ਮਰੋੜੇ ਤਾਂ ਕਈ ਹੋਰ ਵੀ ਦਿੱਤੇ ਹਨ, ਪਰ ਉਸ ਦਾ ਸਭ ਤੋਂ ਚਿੱਟਾ ਤੇ ਹੈਰਾਨੀਜਨਕ ਝੂਠ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਵਿਗਿਆਨੀ ਆਈਨਸਟੀਨ ਦਾ ਆਪਣੇ ਯਹੂਦੀ ਧਰਮ ਵਿਚ ਪੱਕਾ ਵਿਸ਼ਵਾਸ ਸੀ। ਉਹ ਕਹਿੰਦਾ ਹੈ ਕਿ ਆਈਨਸਟੀਨ ਹਰ ਸਾਲ ਇਜ਼ਰਾਈਲ ਜਾਂਦਾ ਸੀ, ਜਿਥੇ ਉਹ ਦੂਜੇ ਯਹੂਦੀ ਸ਼ਰਧਾਲੂਆਂ ਵਾਂਗ ਜੇਰੋਸਲਮ ਵਿਚ ਰੋਮਨ ਸਾਸ਼ਕਾਂ ਰਾਹੀਂ ਹਜ਼ਾਰਾਂ ਸਾਲ ਪਹਿਲਾਂ ਢਾਹੇ ਯਹੂਦੀ ਮੰਦਿਰ ਦੀ ਬਚੀ “ਪੱਛਮੀ ਕੰਧ” ਨਾਲ ਮੱਥਾ ਭੰਨਦਾ ਸੀ ਤੇ ਵੈਣ ਪਾ ਪਾ ਰੋਂਦਾ ਸੀ।
ਜੇ ਇਹ ਵਿਦਵਾਨ ਥੋੜਾ ਵੀ ਸਮਝਦਾਰ ਹੁੰਦਾ ਤਾਂ ਉਹ ਆਪਣੇ ਤੱਥਾਂ ਨੂੰ ਦ੍ਰਿੜਤਾ ਨਾਲ ਖੋਜਦਾ ਤੇ ਝੂਠ ਬੋਲ ਕੇ ਸਿੱਖ ਸੰਗਤਾਂ ਨੂੰ ਇਕ ਨਵੇਂ “ਸਿੱਖ ਸਾਮਰਾਜ” ਲਈ ਨਾ ਵਰਗਲਾਉਂਦਾ। ਸੱਚ ਇਹ ਹੈ ਕਿ ਆਈਨਸਟੀਨ ਨੇ ਬਚਪਨ ਵਿਚ ਹੀ ਯਹੂਦੀ ਧਰਮ ਨੂੰ ਤਿਲਾਂਜਲੀ ਦੇ ਦਿੱਤੀ ਸੀ। ਉਹ ਆਪਣੀ ਸਵੈਜੀਵਨੀ “ਭਿਗਰਅਪਹਚਿਅਲ ਂੋਟeਸ” ਵਿਚ ਲਿਖਦਾ ਹੈ, “ਵਿਗਿਆਨਕ ਸਾਹਿਤ ਪੜ੍ਹਨ ਨਾਲ 12 ਸਾਲਾਂ ਦੀ ਉਮਰ ਵਿਚ ਹੀ ਮੇਰੇ ਧਾਰਮਿਕ ਵਿਚਾਰਾਂ ਦਾ ਪੱਕਾ ਭੋਗ ਪੈ ਗਿਆ ਸੀ।” 1952 ਵਿਚ ਉਸ ਨੇ ਬਿਟਰੀਸ ਫਰੌਲਿਕ (ਭeਅਟਰਚਿe ਾਂਰੋਹਲਚਿਹ) ਨੂੰ ਇਕ ਖਤ ਲਿਖ ਕੇ ਦੱਸਿਆ, “ਰੱਬ ਦੀ ਧਾਰਨਾ ਮੇਰੇ ਲਈ ਓਪਰੀ ਹੀ ਨਹੀਂ, ਬਿਲਕੁਲ ਬਚਗਾਨੀ ਹੈ।” 1954 ਵਿਚ ਉਸ ਨੇ ਨਿਊ ਜਰਸੀ ਦੇ ਇਕ ਮਜ਼ਦੂਰ ਦੀ ਚਿੱਠੀ ਦਾ ਜਵਾਬ ਦਿੰਦਿਆ ਲਿਖਿਆ, “ਲੋਕ ਮੇਰੀ ਧਾਰਮਿਕ ਮਾਨਤਾ ਬਾਰੇ ਕੋਰਾ ਝੂਠ ਫੈਲਾ ਰਹੇ ਹਨ। ਉਹ ਇਸ ਨੂੰ ਗਿਣੇ-ਮਿੱਥੇ ਢੰਗ ਨਾਲ ਵਾਰ ਵਾਰ ਦੁਹਰਾ ਰਹੇ ਹਨ। ਮੈਂ ਕਿਸੇ ਵੀ ਵਿਅਕਤੀਗਤ ਰੱਬ ਵਿਚ ਵਿਸ਼ਵਾਸ ਨਹੀਂ ਰੱਖਦਾ। ਜੇ ਮੇਰੇ ਵਿਚ ਕੋਈ ਗੱਲ ਧਰਮ ਵਾਲੀ ਕਹੀ ਜਾ ਸਕਦੀ ਹੈ, ਉਹ ਇਹ ਹੈ ਕਿ ਮੈਂ ਹੁਣ ਤੀਕ ਦੀ ਵਿਗਿਆਨਕ ਖੋਜ ਰਾਹੀਂ ਦਰਸਾਏ ਸੰਸਾਰਕ ਢਾਂਚੇ ਦੀ ਭਰਪੂਰ ਸ਼ਲਾਘਾ ਕਰਦਾ ਹਾਂ।”
1954 ਵਿਚ ਹੀ ਉਸ ਨੇ ਆਪਣੇ ਇਕ ਸਹਿਕਰਮੀ ਦੀ ਸਲਾਹ ‘ਤੇ ਯਹੂਦੀ ਧਾਰਮਿਕ ਮਾਨਤਾਵਾਂ ਬਾਰੇ ਐਰਿਕ ਗੁਡਕਾਈਂਡ (ਓਰਚਿ ਘੋਦਕਨਿਦ) ਦੀ ਪੁਸਤਕ ਪੜ੍ਹੀ ਤੇ ਜਵਾਬ ਵਿਚ ਉਸ ਨੂੰ ਲਿਖਿਆ, “ਸ਼ਬਦ ਰੱਬ ਮੇਰੇ ਲਈ ਮਨੁੱਖੀ ਕਮਜ਼ੋਰੀਆਂ ਦੀ ਪੈਦਾਇਸ਼ ਤੇ ਪ੍ਰਗਟਾਵੇ ਤੋਂ ਵੱਧ ਕੁਝ ਵੀ ਨਹੀਂ। ਬਾਈਬਲ ਇਕ ਸਤਿਕਾਰਤ ਕਥਾਵਾਂ ਦਾ ਸੰਗ੍ਰਿਹ ਹੈ, ਜੋ ਅਸਲ ਵਿਚ ਅਤਿ-ਪੁਰਾਤਨ ਤੇ ਬੱਚਿਆਂ ਨੂੰ ਬਹਿਲਾਉਣ ਵਾਲੀਆਂ ਹਨ। ਮੇਰੇ ਲਈ ਤਾਂ ਯਹੂਦੀ ਧਰਮ ਵੀ ਦੂਜੇ ਸਾਰੇ ਧਰਮਾਂ ਵਾਂਗ ਬਚਗਾਨੇ ਭਰਮਾਂ ਦਾ ਸੰਗ੍ਰਿਹ ਹੀ ਹੈ।” ਆਇਨਸਟੀਨ ਦਾ ਗੁਡਕਾਈਂਡ ਨੂੰ ਲਿਖਿਆ ਇਹ ਖਤ 2018 ਵਿਚ 2.9 ਮਿਲੀਅਨ ਡਾਲਰ ਦਾ ਵਿਕਿਆ। ਆਪਣੀ ਪੁਸਤਕ “ੀਦeਅਸ ਅਨਦ ੌਪਨਿਨਸ” ਵਿਚ ਉਹ ਇੱਥੋਂ ਤੀਕ ਲਿਖਦਾ ਹੈ ਕਿ ਨੈਤਿਕਤਾ ਦੀ ਭਾਲ ਕਰਦੇ ਅਜੋਕੇ ਧਾਰਮਿਕ ਆਗੂਆਂ ਨੂੰ ਹੁਣ ਡਰ ਤੇ ਵਿਸ਼ਵਾਸ ਦੇ ਬਲ ਬੂਤੇ ਖੜ੍ਹੇ ਕੀਤੇ ਉਸ ਧਾਰਮਿਕ ਢਾਂਚੇ ਨੂੰ ਹੌਸਲੇ ਨਾਲ ਨਖਿੱਧ ਦੇਣਾ ਚਾਹੀਦਾ ਹੈ, ਜਿਸ ਨੇ ਬੀਤੇ ਸਮੇਂ ਵਿਚ ਪੁਜਾਰੀ ਨੂੰ ਬੇਹੱਦ ਤਾਕਤਵਰ ਬਣਾਇਆ।”
ਪਰ ਆਇਨਸਟੀਨ ਨੇ ਜੋ ਗੱਲ ਇਕ ਚਿੱਠੀ ਵਿਚ ਜਰਮਨੀ ਦੇ ਗੋਲਡਸਟੀਨ ਨੂੰ 1930 ਵਿਚ ਲਿਖੀ, ਉਹ ਬਹੁਤ ਹੀ ਵਿਚਾਰਨਯੋਗ ਹੈ ਤੇ ਸਮੁੱਚੇ ਸਿੱਖ ਸਮੁਦਾਏ ਲਈ ਕੰਨ ਖੋਲ੍ਹ ਕੇ ਸੁਣਨ ਵਾਲੀ ਹੈ। ਉਸ ਨੇ ਲਿਖਿਆ ਕਿ ਰੱਬ ਦੇ ਮਸਲੇ ਵਿਚ ਉਹ ਸਿਰਫ ਬਾਰੂਸ ਸਪਾਈਨੋਜ਼ਾ (ਭਅਰੁਚਹ ੰਪਨੋਡਅ) ਦਾ ਕਾਇਲ ਹੈ, ਕਿਉਂਕਿ ਸਪਾਈਨੋਜ਼ਾ ਦਾ ਰੱਬ ਮਨੁੱਖਾਂ ਦੇ ਜੀਵਨ ਵਿਚ ਦਖਲ ਨਹੀਂ ਦਿੰਦਾ, ਸਗੋਂ ਉਹ ਦਿਸਦੇ ਸੰਸਾਰ ਦੀ ਸੁਮੇਲਤਾ ਵਿਚੋਂ ਝਲਕਦਾ ਹੈ। ਉਹ ਲਿਖਦਾ ਹੈ ਕਿ ਸਪਾਈਨੋਜ਼ਾ ਆਧੁਨਿਕ ਸੰਸਾਰ ਦਾ ਸਭ ਤੋਂ ਵੱਡਾ ਫਿਲਾਸਫਰ ਹੈ ਤੇ ਉਹ ਉਸ ਦਾ ਕਦਰਦਾਨ ਹੀ ਨਹੀਂ, ਭਗਤ ਵੀ ਹੈ।
ਪਰ ਦੁਨੀਆਂ ਦਾ ਸਭ ਤੋਂ ਵੱਡਾ ਇਹ ਸਾਇੰਸਦਾਨ ਦੁਨੀਆਂ ਦੇ ਜਿਸ ਫਿਲਾਸਫਰ ਸਪਾਈਨੋਜ਼ਾ ਨੂੰ ਆਪਣਾ ਧਾਰਮਿਕ ਰਹਿਨੁਮਾ ਮੰਨਦਾ ਹੈ, ਉਹ ਖੁਦ ਆਪਣੇ ਧਰਮ ਵਿਰੋਧੀ ਵਿਚਾਰਾਂ ਕਰਕੇ ਯਹੂਦੀ ਧਰਮ ਵਿਚੋਂ ਛੇਕਿਆ ਗਿਆ ਸੀ। ਇਸੇ ਕਰਕੇ ਉਸ ਨੂੰ ਆਪਣਾ ਇਸਾਈ ਨਾਂ ਛੱਡ ਬਰੂਸ ਤੋਂ ਬੈਂਟੋ (ਭeਨਟੋ) ਬਣਨਾ ਪਿਆ ਸੀ। ਇਹ ਬੈਂਟੋ ਆਪਣੇ ਧਾਰਮਿਕ ਵਿਚਾਰਾਂ ਨੂੰ ਇੰਜ ਵਰਣਨ ਕਰਦਾ ਹੈ, “ਮੇਰੇ ਲਈ ਰੱਬ ਇਕ ਇਕਹਿਰੀ ਤੇ ਆਪੇ ਪ੍ਰਗਟ ਹੋਈ ਸ਼ੈਅ ਹੈ, ਜਿਸ ਵਿਚ ਪਦਾਰਥ ਤੇ ਵਿਚਾਰ-ਦੋਵੇਂ ਗੁਣ ਸ਼ਾਮਲ ਹਨ।” ਉਹ ਵਾਰ ਵਾਰ ਇਹ ਕਹਿੰਦਾ ਹੈ ਕਿ ਉਹ ਮਨੁੱਖ ਰੂਪੀ ਰੱਬ ਨੂੰ ਨਹੀਂ ਮੰਨਦਾ, ਸਗੋਂ ਬਹੁਮੁਖੀ ਪਹਿਲੂਆਂ, ਅਨੰਤ ਪਰਤਾਂ ਤੇ ਅਸੰਖ ਗੁਣਾਂ ਵਾਲੀ ਕੁਦਰਤ ਨੂੰ ਅੰਤਿਮ ਸ਼ਕਤੀ ਮੰਨਦਾ ਹੈ। ਉਹ ਕਹਿੰਦਾ ਹੈ ਕਿ ਕੁਦਰਤ ਦੇ ਇਹ ਭੇਦ ਤੇ ਗੁਣ ਕਦੇ ਵੀ ਤੇ ਕਿਤੇ ਵੀ ਅੱਗੇ ਤੋਂ ਅੱਗੇ ਖੁਲ੍ਹਦੇ ਰਹਿਣਗੇ। ਇਸ ਦੇ ਸਭ ਗੁਣਾਂ ਦੇ ਖੁਲ੍ਹਣ ਤੀਕ ਇਸ ਦੀ ਪਰਿਭਾਸ਼ਾ ਕਰਨਾ ਅਸੰਭਵ ਹੈ। ਸੋ ਸਪਾਈਨੋਜ਼ਾ ਨੂੰ ਮੰਨਣ ਵਾਲਾ ਆਈਨਸਟੀਨ ਇਸ ਕੁਦਰਤ ਨੂੰ ਮੰਨਦਾ ਸੀ।
1632 ਵਿਚ ਜੰਮੇ ਸਪਾਈਨੋਜ਼ਾ ਨੇ ਗੁਰੂ ਨਾਨਕ ਨੂੰ ਕਦੇ ਦੇਖਿਆ ਜਾਂ ਪੜ੍ਹਿਆ ਨਹੀਂ ਸੀ, ਪਰ ਜੋ ਗੱਲ ਉਸ ਨੇ ਕਹੀ, ਉਹੀ ਗੱਲ ਗੁਰੂ ਸਾਹਿਬ ਉਸ ਤੋਂ ਡੇਢ ਸੌ ਸਾਲ ਪਹਿਲਾਂ ਕਹਿ ਗਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਕਰਤਾ ਪੁਰਖ ਇਕ ਭਾਵ ਇਕਹਿਰੇ ਗੁਣਾਂ ਵਾਲੀ ਤੇ ਆਪੂੰ ਉਦੈ ਹੋਈ (ਸੈਭੰ) ਨਿਰਜਿੰਦ (ਅਜੂਨੀ) ਕਾਇਨਾਤ ਹੈ, ਜਿਸ ਦੀ ਰੂਪ-ਰੇਖਾ ਤੇ ਸਹੀ ਨਾਮ ਹਾਲੇ ਪਤਾ ਨਹੀਂ। ‘ਰਾਤੀ ਰੁਤੀ ਤਿਥੀ ਵਾਰ’ ਅਤੇ ‘ਪਵਨ ਗੁਰੂ ਪਾਣੀ ਪਿਤਾ’ ਵਾਲੇ ਸਲੋਕਾਂ ਵਿਚ ਉਨ੍ਹਾਂ ਨੇ ਇਸੇ ਕੁਦਰਤ ਦੇ ਤੱਤਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਦੇ ਅਨੇਕਾਂ ਸਾਪੇਖਿਕ ਖੋਜ ਤੇ ਸ਼ਬਦ-ਵਿਚਾਰ ਰਾਹੀਂ ਜਾਣੇ ਜਾ ਸਕਣ ਵਾਲੇ ਪ੍ਰਤੱਖ ਤੇ ਅਪ੍ਰਤੱਖ ਗੁਣ ਦੱਸੇ। ਉਨ੍ਹਾਂ ਨੇ ਸਾਰੇ ਜਪੁਜੀ ਵਿਚ ਰੱਬ ਜਾਂ ਪਰਮਾਤਮਾ ਦਾ ਕੋਈ ਜ਼ਿਕਰ ਨਹੀਂ ਕੀਤਾ, ਸਗੋਂ ਕਿਹਾ ਕਿ ਕੁਦਰਤ ਦੇ ਸਭ ਗੁਣ ਵਡਿਆਈਆਂ ਜਾਣ ਲੈਣ ਪਿਛੋਂ ਹੀ ਇਸ ਦੇ ਸਮੂਹ ਰੂਪਾਂ ਦਾ ਅਸਲ ਨਾਮ ਮਾਲੂਮ ਹੋਵੇਗਾ। ਗੁਰੂ ਸਾਹਿਬ ਨੇ ਸਪਾਈਨੋਜ਼ਾ ਤੋਂ ਵੀ ਅੱਗੇ ਜਾ ਕੇ ਕੁਦਰਤ ਦੇ ਪੱਕੇ ਨਿਯਮਾਂ ਦੀ ਦੱਸ ਪਾਈ ਤੇ ਇਨ੍ਹਾਂ ਨੂੰ ਬੁਝਣ ਲਈ ਕਿਹਾ। ਉਨ੍ਹਾਂ ਨੇ ਖੋਜਣ ਦੀ ਵਿਧੀ ਦੱਸੀ ਤੇ ਇਸ ਵਿਧੀ ਨੂੰ ਵਰਤਣ ਦਾ ਉਪਦੇਸ਼ ਦਿੱਤਾ। ਇਸ ਤਰ੍ਹਾਂ ਸਪਾਈਨੋਜ਼ਾ ਇਕ ਤਰ੍ਹਾਂ ਨਾਲ ਗੁਰੂ ਸਾਹਿਬ ਦਾ ਅਣਦੇਖਿਆ ਸਿੱਖ ਹੋਇਆ, ਕਿਉਂਕਿ ਆਈਨਸਟੀਨ ਸਪਾਈਨੋਜ਼ਾ ਦਾ ਪੱਕਾ ਭਗਤ ਸੀ, ਇਸ ਲਈ ਉਹ ਸਪਾਈਨੋਜ਼ਾ ਦੇ ਗੁਰੂ ਭਾਵ ਗੁਰੂ ਨਾਨਕ ਦਾ ਵੀ ਸਿੱਖ ਹੋਇਆ। ਜੇ ਸਪਾਈਨੋਜ਼ਾ ਦੇ ਵਿਚਾਰਾਂ ਨੂੰ ਆਈਨਸਟੀਨ ਪ੍ਰਮਾਣਿਤ ਮੰਨਦਾ ਹੈ ਤਾਂ ਗੁਰੂ ਸਾਹਿਬ ਦੇ ਵਿਚਾਰ ਤਾਂ ਉਸ ਲਈ ਇਸ ਤੋਂ ਵੀ ਵਧ ਪ੍ਰਮਾਣਿਤ ਹੋਏ। ਜੇ ਸਪਾਈਨੋਜ਼ਾ ਦੇ ਵਿਚਾਰਾਂ ਨਾਲ ਇਕ ਆਈਨਸਟੀਨ ਸਹਿਮਤ ਹੁੰਦਾ ਹੈ ਤਾਂ ਗੁਰੂ ਸਾਹਿਬ ਦੇ ਉਤਮ ਵਿਚਾਰਾਂ ਨਾਲ ਤਾਂ ਪੂਰਾ ਆਧੁਨਿਕ ਵਿਗਿਆਨ ਸਹਿਮਤ ਹੋਵੇਗਾ। ਜੇ ਦੁਨੀਆਂ ਦਾ ਉਹ ਸਰਤਾਜ ਵਿਗਿਆਨੀ ਖੁਦ ਤੇ ਉਸ ਨਾਲ ਸਾਰਾ ਅਜੋਕਾ ਵਿਗਿਆਨ ਗੁਰੂ ਸਾਹਿਬ ਦੇ ਸਿਧਾਂਤ ਦਾ ਪਾਣੀ ਭਰਦੇ ਹਨ ਤਾਂ ਇਹ ਸਮੁੱਚੇ ਸਿੱਖ ਜਗਤ ਦਾ ਸਿਰ ਮਾਣ ਨਾਲ ਉਚਾ ਕਰਨ ਵਾਲੀ ਗੱਲ ਹੈ; ਪਰ ਇਹ ਇੱਦਾਂ ਹੈ ਨਹੀਂ। ਕਿਉਂ?
ਇਸ ਲਈ ਕਿ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਆਪਣੇ ਹੀ ਸਿੱਖਾਂ ਨੇ ਤੁੱਛ-ਬੁਧੀ ਤੇ ਸਵਾਰਥ ਅਧੀਨ ਅੰਧ-ਵਿਸ਼ਵਾਸ ਨਾਲ ਜੋੜੀ ਰੱਖਿਆ ਹੈ। ਆਈਨਸਟੀਨ ਨੂੰ ਢਹੇ ਮੰਦਿਰ ਦੀ ਦੀਵਾਰ ਨਾਲ ਮੱਥਾ ਫੋੜ ਕੇ ਵੈਣ ਪਾਉਣ ਵਾਲਾ ਕੱਟੜ ਯਹੂਦੀ ਦੱਸਣ ਵਾਲਾ ਇਤਿਹਾਸਕਾਰ ਤੇ ਅਜਿਹੇ ਹਜ਼ਾਰਾਂ ਅਖੌਤੀ ਸਿੱਖ ਵਿਦਵਾਨ ਤੇ ਪੁਜਾਰੀ ਅੱਜ ਵੀ ਨਵੀਨ ਸਿੱਖ ਪੀੜ੍ਹੀਆਂ ਨੂੰ ਅੰਧ-ਵਿਸ਼ਵਾਸ ਦੇ ਰਾਹ ਤੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿੱਥੇ ਵਿਸ਼ਵਾਸ, ਕਿੱਥੇ ਵਿਗਿਆਨ; ਸ਼ੱਰੇਆਮ ਉਹ ਧੁੱਪ ਨੂੰ ਛਾਂ ਤੇ ਛਾਂ ਨੂੰ ਧੁੱਪ ਦੱਸ ਕੇ ਗੁਰਸਿੱਖਾਂ ਦੀ ਸਮਝ ਨੂੰ ਗੰਧਲਾ ਕਰ ਰਹੇ ਹਨ। ਜਦੋਂ ਵਿਦਵਾਨਾਂ, ਪੁਜਾਰੀਆਂ ਅਤੇ ਪ੍ਰਚਾਰਕਾਂ ਦੀ ਸਮਝ ਤੇ ਕਾਰਗੁਜ਼ਾਰੀ ਦਾ ਮਿਆਰ ਇੰਨਾ ਹੇਠ ਚਲਾ ਜਾਵੇ ਤਾਂ ਗੁਰੂ ਸਾਹਿਬ ਦੇ ਸੱਚੇ ਸਿੱਖ ਖੁਦ ਹੀ ਉਦਮ ਕਰ ਕੇ ਸਿੱਖੀ ਸਿਧਾਂਤ ਦੀ ਸਹੀ ਪਰਖ ਕਰਨ। ਜੇ ਕੋਈ ਸਿੱਖ ਪ੍ਰਚਾਰਕ ਜਾਂ ਭਾਈ ਇਸ ਉਦੇਸ਼ ਦੀ ਪ੍ਰਾਪਤ ਲਈ ਸਹੀ ਸੇਧ ਦਿੰਦਾ ਹੈ ਤਾਂ ਉਹ ਉਸ ਦਾ ਸਵਾਗਤ ਕਰਨ। ਹਨੇਰੇ ਵੱਲ ਤਾਂ ਬਨਾਸਪਤੀ ਦੇ ਪੱਤੇ ਵੀ ਨਹੀਂ ਮੁੜਦੇ, ਫਿਰ ਉਹ ਆਪ ਗਿਆਨ ਵਲ ਕਿਉਂ ਨਾ ਮੁੜਨ?
ਇਹ ਬਿਰਤਾਂਤ ਕੁਝ ਲੰਮਾ ਹੋ ਗਿਆ ਹੈ, ਪਰ ਇਸ ਦਾ ਜਾਇਜ਼ ਕਾਰਨ ਸੀ। ਇਸ ਨੇ ਜਿਨ੍ਹਾਂ ਮੁੱਦਿਆਂ ਨੂੰ ਹਮਵਾਰ ਕੀਤਾ, ਉਹ 17ਵੀਂ ਪਉੜੀ ਦੇ ਅਰਥ ਸਾਰਥਕ ਕਰਦੇ ਹਨ। ਪਹਿਲਾਂ ਇਕ ਅਜੋਕੇ ਸਿੱਖ ਵਿਦਵਾਨ ਵਲੋਂ ਕੀਤੀ ਇਸ ਪਉੜੀ ਦੀ ਵਿਆਖਿਆ ਇਸ ਦੇ ਮੁਢਲੇ ਸ਼ਬਦਾਂ ਸਮੇਤ ਹੇਠ ਦਿੱਤੀ ਗਈ ਹੈ,
ਅਸੰਖ ਜਪ ਅਸੰਖ ਭਾਉ॥
ਅਸੰਖ ਪੂਜਾ ਅਸੰਖ ਤਪ ਤਾਉ॥
ਅਸੰਖ ਗਰੰਥ ਮੁਖਿ ਵੇਦ ਪਾਠ॥
ਅਸੰਖ ਜੋਗ ਮਨਿ ਰਹਹਿ ਉਦਾਸ॥
ਅਸੰਖ ਭਗਤ ਗੁਣ ਗਿਆਨ ਵੀਚਾਰ॥
ਅਸੰਖ ਸਤੀ ਅਸੰਖ ਦਾਤਾਰ॥
ਅਸੰਖ ਸੂਰ ਮੁਹ ਭਖ ਸਾਰ॥
ਅਸੰਖ ਮੋਨਿ ਲਿਵ ਲਾਇ ਤਾਰ॥
ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥੧੭॥
ਅਜੋਕਾ ਸਿੱਖ ਵਿਦਵਾਨ ਡਾ. ਦਲਵਿੰਦਰ ਸਿੰਘ ਗਰੇਵਾਲ ਇਸ ਪਉੜੀ ਦੀ ਵਿਆਖਿਆ ਕਰਦਾ ਲਿਖਦਾ ਹੈ, “ਅਸੰਖ ਦਾ ਭਾਵ ਸੰਖਿਆ ਰਹਿਤ, ਗਿਣਤੀ ਰਹਿਤ, ਅਣਗਿਣਤ, ਗਿਣਤੀ ਦਾ ਅਖੀਰਲਾ ਅੰਕ, ਜਿਸ ਤੋਂ ਅੱਗੇ ਗਿਣਤੀ ਨਾ ਹੋ ਸਕੇ। ਪਰਮਾਤਮਾ ਦੇ ਸਾਜੇ ਅਣਗਿਣਤ ਜੀਵ ਉਸ ਦੇ ਨਾਮ ਦਾ ਜਪ ਕਰਨ ਲੱਗੇ ਹੋਏ ਹਨ। ਅਣਗਿਣਤ ਹਨ, ਜੋ ਪਰਮਾਤਮਾ ਨੂੰ ਦਿਲੋਂ, ਮਨੋਂ ਪਿਆਰ ਕਰਦੇ ਹਨ; ਜਪਣ ਵਾਲੇ ਅਣਗਿਣਤ ਹਨ; ਅਸੰਖ ਸੇਵਾ, ਭਾਉ, ਭਗਤੀ, ਪੂਜਾ, ਮਨੋਰਥ, ਸਿਧੀ ਵਾਸਤੇ ਜਪ ਤਪ ਕਰ ਰਹੇ ਹਨ, ਗ੍ਰੰਥਾਂ ਦਾ ਪਾਠ ਕਰ ਰਹੇ ਹਨ, ਮੂੰਹ ਜ਼ੁਬਾਨੀ ਵੇਦਾਂ ਦਾ ਪਾਠ ਉਚਾਰਨ ਕਰਦੇ ਹਨ। ਅੰਦਰੋਂ ਪਰਮਾਤਮਾ ਨਾਲ ਭਾਉ ਪ੍ਰੇਮ ਜਾਗ ਪਵੇ ਤਾਂ ਹੀ ਸਾਰੇ ਜਪ ਪੂਜਾ ਪਾਠ ਦੀ ਘਾਲ ਥਾਂ ਪੈਂਦੀ ਹੈ…ਸਿੱਖ ਧਰਮ ਵਿਚ ਨਾਮ ਦੀ ਪੂਜਾ ਸਭ ਤੋਂ ਉਤਮ ਮੰਨੀ ਗਈ ਹੈ। ਅਣਗਿਣਤ ਹਨ, ਜੋ ਧਾਰਮਿਕ ਗ੍ਰੰਥਾਂ ਦਾ, ਵੇਦਾਂ ਦਾ ਮੁੱਖੋਂ ਪਾਠ ਕਰਦੇ ਰਹਿੰਦੇ ਹਨ; ਅਣਗਿਣਤ ਹਨ, ਜੋ ਯੋਗ ਧਾਰਨ ਕਰਦੇ ਹਨ ਤੇ ਦੁਨੀਆਂ ਤੋਂ ਸਦੀਵੀ ਉਦਾਸੀ ਧਾਰ ਲੈਂਦੇ ਹਨ, ਭਾਵ ਮੋਹ ਮਾਇਆ ਤੋਂ ਦੂਰ ਹੋ ਜਾਂਦੇ ਹਨ। ਅਣਗਿਣਤ ਹਨ ਉਹ ਭਗਤ ਜੋ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਚਰਚਾ ਵਿਚ ਲੱਗੇ ਰਹਿੰਦੇ ਹਨ, ਅਣਗਿਣਤ ਹਨ ਜੋ ਆਪਣਾ ਜਤ ਸਤ ਕਾਇਮ ਰਖਦੇ ਹਨ, ਅਣਗਿਣਤ ਹਨ ਜੋ ਦਾਨ ਦੇਈ ਜਾਂਦੇ ਹਨ। ਅਨੇਕਾਂ ਅਜਿਹੇ ਸੂਰਮੇ ਹਨ, ਜੋ ਆਪਣੇ ਅਸੂਲਾਂ ਦੀ ਰੱਖਿਆ ਲਈ ਰਣ ਤੱਤੇ ਵਿਚ ਸਾਹਵੇਂ ਜੂਝਦੇ ਹਨ, ਲੋਹਾ ਲੈਂਦੇ ਹਨ, ਲੋਹ-ਸ਼ਸ਼ਤਰਾਂ ਦਾ ਸਵਾਦ ਚਖਦੇ ਹਨ, ਵਾਰ ਸਹਿੰਦੇ ਹਨ; ਅਣਗਿਣਤ ਹਨ ਜੋ ਚੁੱਪ ਧਾਰ ਕੇ ਧਿਆਨ ਲਾ ਕੇ ਇਕ ਟੱਕ ਬੈਠ ਜਾਂਦੇ ਹਨ। ਪਰਮਾਤਮਾ ਦੇ ਬੇਅੰਤ ਗੁਣਾਂ ਵਿਸ਼ਾਲ ਕੁਦਰਤ ਬਾਰੇ ਕੋਈ ਕਿਵੇਂ ਵਿਚਾਰ ਕਰ ਸਕਦਾ ਹੈ? ਮੈਂ ਤਾਂ ਪਰਮਾਤਮਾ ਦੇ ਵਾਰੇ ਇਕ ਵਾਰ ਵੀ ਜਾਣ ਜੋਗਾ ਨਹੀਂ। ਉਸ ਦੇ ਰੋਮ ਬਰਾਬਰ ਵੀ ਨਹੀਂ। ਜੋ ਉਸ ਨੂੰ ਚੰਗਾ ਲਗਦਾ ਹੈ, ਉਹੀ ਭਲਾ ਕਾਰਜ ਹੈ। ਪਰਮਾਤਮਾ ਤਾਂ ਸਦਾ ਸਲਾਮਤ ਹੈ, ਸਦਾ ਸਥਿਰ ਹੈ। ਪਰਮਾਤਮਾ ਦੀ ਸਿਫਤਿ ਸਾਲਾਹ ਕਰਨ ਵਾਲਿਆਂ ਦਾ ਕੋਈ ਅੰਤ ਨਹੀਂ, ਪਰ ਉਸ ਨੂੰ ਪੁੱਜਣ ਵਾਲੇ ਤਾਂ ਟਾਂਵੇਂ ਟਾਂਵੇ ਹੀ ਹਨ।
ਡਾ. ਦਲਵਿੰਦਰ ਸਿੰਘ ਗਰੇਵਾਲ ਦੀ ਕੀਤੀ ਵਿਆਖਿਆ ਵਿਚੋਂ ਦੋ ਮੁੱਖ ਨੁਕਤੇ ਉਭਰ ਕੇ ਆਉਂਦੇ ਹਨ-ਪਉੜੀ ਦੇ ਅਰਥ ਤੇ ਅਸੰਖ ਦੀ ਪਰਿਭਾਸ਼ਾ। ਪਉੜੀ ਦੀ ਵਿਆਖਿਆ ਉਹ ਦੂਜੇ ਅਧਿਆਤਮਵਾਦੀਆਂ ਵਾਂਗੂੰ ਪਰਮਾਤਮਾ ਨਾਲ ਸ਼ੁਰੂ ਕਰਦਾ ਹੈ। ਪਰਮਾਤਮਾ ਨੂੰ ਹੀ ਕੇਂਦਰ ਵਿਚ ਰੱਖ ਕੇ ਉਹ ਬਿਆਨ ਕਰਦਾ ਹੈ ਕਿ ਅਸੰਖਾਂ ਲੋਕ ਉਸ ਨੂੰ ਤਰ੍ਹਾਂ ਤਰ੍ਹਾਂ ਨਾਲ ਪੂਜਦੇ ਹਨ। ਭਾਵੇ ਇੱਥੇ ‘ਭਾਉ’ ਦਾ ਅਰਥ ਭਾ ਤੈਅ ਕਰਕੇ ਸਵਾਰਥਾਰਥ ਭਗਤੀ ਕਰਨਾ ਹੈ, ਪਰ ਉਹ ਇਸ ਨੂੰ ਪ੍ਰੇਮ ਦੱਸਦਾ ਹੈ। ਉਸ ਦੇ ਕਹਿਣ ਦਾ ਸਾਰ ਹੈ ਕਿ ਪਰਮਾਤਮਾ ਇੰਨਾ ਵੱਡਾ ਤੇ ਪ੍ਰਭਾਵਸ਼ਾਲੀ ਹੈ ਕਿ ਬੜੀ ਭਾਰੀ ਗਿਣਤੀ ਵਿਚ ਲੋਕ ਉਸ ਨੂੰ ਪੂਜਦੇ ਹਨ। ‘ਵਾਰਿਆ ਨਾ ਜਾਵਾ ਏਕ ਵਾਰ’ ਦਾ ਸ਼ਬਦੀ ਅਰਥ ਕਰ ਕੇ ਉਹ ਕਹਿੰਦਾ ਹੈ ਕਿ ਉਹ ਤਾਂ ਉਸ ਦੇ “ਰੋਮ” ਬਰਾਬਰ ਵੀ ਨਹੀਂ। ਇਸ ਵਿਆਖਿਆ ਵਿਚ ਟੀਕਾਕਾਰ ਨੇ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਹੀ ਅੱਗੇ ਪਿੱਛੇ ਕਰ ਕੇ ਲਿਖਿਆ ਹੈ। ਉਸ ਇਹ ਨਹੀਂ ਦੱਸਿਆ ਕਿ ਇਸ ਨੂੰ ਲਿਖਣ ਪਿੱਛੇ ਗੁਰੂ ਸਾਹਿਬ ਦਾ ਮਨੋਰਥ ਕੀ ਸੀ। ਉਸ ਨੇ ਅਜਿਹਾ ਇਸ ਲਈ ਨਹੀਂ ਕੀਤਾ, ਕਿਉਂਕਿ ਦੂਜੇ ਆਧੁਨਿਕ ਸਿੱਖ ਵਿਦਵਾਨਾਂ ਵਾਂਗ ਉਸ ਨੇ ਵੀ ਇਸ ਤੋਂ ਪਹਿਲੀਆਂ ਪਉੜੀਆਂ ਦੇ ਸੰਦਰਭ ਵਿਚ ਨਹੀਂ ਵਿਚਾਰਿਆ।
ਜੇ ਇਹ ਵਿਦਵਾਨ ਪਿਛਲੀਆਂ ਪਉੜੀਆਂ ਨੂੰ ਸਹੀ ਤਰ੍ਹਾਂ ਵਿਚਾਰਨ ਤਾਂ ਸਮਝ ਜਾਣ ਕਿ ‘ਮੰਨੇ’ ਦੀਆਂ ਪਉੜੀਆਂ ਪਿਛੋਂ ਗੁਰੂ ਸਾਹਿਬ ਉਸ ਵੇਲੇ ਦੇ ਹਿੰਦੂ ਸਮਾਜ ਦੀ ਖੜ੍ਹੋਤ ਵਾਲੀ ਦਸ਼ਾ ਦਾ ਵਰਣਨ ਕਰ ਰਹੇ ਹਨ। ਉਹ ਦੱਸ ਰਹੇ ਹਨ ਕਿ ਕਿਵੇਂ ਉਸ ਸਮਾਜ ਦੀ ਸੋਚ ਵਹਿਮਾਂ ਕਾਰਨ ਪੰਜ ਦੇ ਇਕ ਛੋਟੇ ਜਿਹੇ ਹਿੰਦਸੇ ‘ਤੇ ਰੁਕੀ ਹੋਈ ਸੀ। ਉਦੋਂ ਦੇ ਬੁੱਧੀਜੀਵੀ ਇਸ ਅੰਕ ਨੂੰ ਸ੍ਰੇਸ਼ਟ ਮੰਨੀ ਬੈਠੇ ਸਨ ਤੇ ਉਹ ਕੁਦਰਤ ਨੂੰ ਇਸ ਤੋਂ ਅੱਗੇ ਲੰਘ ਕੇ ਨਹੀਂ ਸਨ ਨਿਹਾਰਦੇ। ਗੁਰੂ ਸਾਹਿਬ ਨੇ ਕਈ ਹਿੰਦੂ ਮਨੌਤਾਂ ਦਾ ਖੰਡਨ ਕਰਦਿਆਂ ਦਲੀਲ ਦਿੱਤੀ ਸੀ ਕਿ ਕੁਦਰਤ ਬੇਅੰਤ ਤੇ ਬੇਹਿਸਾਬ ਹੈ, ਇਸ ਲਈ ਇਸ ਦਾ ਖੁਲ੍ਹੇ ਦਿਮਾਗ ਨਾਲ ਜਾਇਜ਼ਾ ਲੈਣ ਦੀ ਲੋੜ ਹੈ। ਇਸ ਵਿਚ ਇੰਨੀਆਂ ਵਧੇਰੇ ਨਾਂਵਾਂ ਵਾਲੀਆਂ ਜੀਵ ਜਾਤੀਆਂ ਹਨ ਕਿ ਉਨ੍ਹਾਂ ਦਾ ਲੇਖਾ ਹਾਲੇ ਤੀਕ ਮੁਕੰਮਲ ਨਹੀਂ ਹੋਇਆ। ਇਸੇ ਲੜੀ ਵਿਚ ਉਨ੍ਹਾਂ ਨੇ ਮਨੁੱਖ ਜਾਤੀ ਵਿਚ ਵੱਖ ਵੱਖ ਪ੍ਰਕਿਰਤੀ ਦੇ ਲੋਕਾਂ ਦਾ ਜ਼ਿਕਰ ਕੀਤਾ। ਉਨ੍ਹਾਂ ਅਨੁਸਾਰ ਇਹ ਸਭ ਲੋਕ ਕੁਦਰਤ ਨੂੰ ਅਨੰਤ ਜਾਣ ਕੇ ਇਸ ਦੀ ਵਿਵਿਧ ਢੰਗ ਨਾਲ ਪੂਜਾ ਤਾਂ ਕਰਦੇ ਹਨ, ਪਰ ਇਸ ਦਾ ਮਾਤਰਾਤਮਕ ਤੇ ਗੁਣਾਤਮਕ ਅਧਿਐਨ ਨਹੀਂ ਕਰਦੇ। ਲੋਕ ਇਸ ਨੂੰ ਪੂਜਨੀਕ ਮੰਨਦੇ ਹਨ, ਪਰ ਖੋਜ ਦੀ ਰੁਚੀ ਨਹੀਂ ਅਪਨਾਉਂਦੇ। ਉਹ ਸੰਕੇਤ ਕਰਦੇ ਹਨ ਕਿ ਕੁਦਰਤ ਦਾ ਇੱਡਾ ਵੱਡਾ ਪਸਾਰਾ ਹੈ ਕਿ ਇਸ ਨੂੰ ਇਕ ਵਾਰ ਵੀ ਗਿਣਿਆ ਮਿਣਿਆ ਨਹੀਂ ਗਿਆ। ਨਾ ਇਸ ਦੇ ਫੈਸਲਿਆਂ ਦਾ ਭੇਤ ਪਤਾ ਲਗਦਾ ਹੈ ਤੇ ਨਾ ਹੀ ਇਨ੍ਹਾਂ ‘ਤੇ ਕੋਈ ਕਿੰਤੂ ਪ੍ਰੰਤੂ ਹੋ ਸਕਦਾ ਹੈ। ਆਦਿ ਕਾਲ ਤੋਂ ਸਭ ਇਵੇਂ ਹੀ ਵਰਤ ਰਿਹਾ ਹੈ!
ਗੁਰੂ ਸਾਹਿਬ ਦੀ ਸੋਚ ਬਿਲਕੁਲ ਸਹੀ ਸੀ। ਜੋ ਉਸ ਵੇਲੇ ਹੋ ਰਿਹਾ ਸੀ, ਉਹ ਅੱਜ ਵੀ ਹੋ ਰਿਹਾ ਹੈ। ਅਜੋਕੇ ਸਿੱਖ ਵਿਦਵਾਨ ਵੀ ਪੰਜ ਦੇ ਮੋਹ ਵਿਚ ਪੈ ਕੇ ਪੰਜ ਪਤਾਸੇ, ਪੰਜ ਬਾਣੀਆਂ, ਪੰਜ ਸਿੰਘ, ਪੰਜ ਤਖਤ ਆਦਿ ਦੀ ਰਟ ਵਿਚ ਪਏ ਹੋਏ ਹਨ। ਜੇ ਲੋਕਾਂ ਦੇ ਮਨ ਵਿਚ ਪੰਜ ਦਾ ਅੰਕ ਹੀ ਘਰ ਕਰ ਗਿਆ ਹੋਵੇ ਤਾਂ ਉਹ ਇੱਡੇ ਵੱਡੇ ਬ੍ਰਹਿਮੰਡ ਦੇ ਰਾਜ ਕਿਵੇਂ ਸਮਝਣਗੇ? ਕਿਵੇਂ ਜਾਣਨਗੇ ਕਿ ਧਰਤੀ ਕਿੰਨੀ ਕੁ ਵੱਡੀ ਹੈ ਤੇ ਆਕਾਸ਼ ਕਿੰਨਾ ਕੁ ਮੋਕਲਾ ਹੈ! ਸੂਰਜ ਮੰਡਲ ਦੇ ਫਾਸਲੇ ਤਾਂ ਸਾਧਾਰਣ ਅੰਕ ਗਣਿੱਤ ਨਾਲ ਸਮਝ ਲਏ ਜਾਂਦੇ ਹਨ, ਪਰ ਇਸ ਤੋਂ ਅਗੋਂ ਦੀਆਂ ਪੁਲਾੜੀ ਦੂਰੀਆਂ ਨੂੰ ਸਮਝਣਾ ਵਿਗਿਆਨੀਆਂ ਲਈ ਵੀ ਮੁਸ਼ਕਿਲ ਹੈ। ਇਸੇ ਲਈ ਉਨ੍ਹਾਂ ਪ੍ਰਕਾਸ਼-ਵਰ੍ਹੇ ਦੀ ਧਾਰਨਾ ਸਿਰਜੀ। ਇਹ ਉਹ ਦੂਰੀ ਹੈ, ਜੋ ਪ੍ਰਕਾਸ਼ ਦੀ ਕਿਰਣ ਇਕ ਸਾਲ ਵਿਚ ਤੈਅ ਕਰਦੀ ਹੈ। ਪ੍ਰਕਾਸ਼-ਵਰ੍ਹਿਆਂ ਦੀ ਦੂਰੀ ਨੂੰ ਆਮ ਗਣਿੱਤ ਰਾਹੀਂ ਮੀਲਾਂ ਵਿਚ ਮਿਣਨ ਲਈ ਸਾਇੰਟਿਫਿਕ ਨੋਟੇਸ਼ਨ ਇਜ਼ਾਦ ਕੀਤੀ। ਕਈ ਵਾਰ ਤਾਂ ਇਹ ਲਗਦਾ ਹੈ ਜਿਵੇਂ ਅਜੋਕੇ ਵਿਗਿਆਨੀ ਗੁਰੂ ਸਾਹਿਬ ਦੇ ਨਿਰਦੇਸ਼ਨ ਵਿਚ ਹੀ ਕੰਮ ਕਰ ਰਹੇ ਹੋਣ, ਭਾਵ ਉਨ੍ਹਾਂ ਦੇ ਉਠਾਏ ਨੁਕਤਿਆਂ ਦੀ ਹੀ ਘੋਖ ਕਰ ਰਹੇ ਹੋਣ!
ਆਧੁਨਿਕ ਵਿਗਿਆਨ ਦੀਆਂ ਪ੍ਰਾਪਤੀਆਂ ਕਾਰਨ ਅੱਜ ਪਤਾ ਹੈ ਕਿ ਨੇੜੇ ਦਾ ਧਰੂ ਤਾਰਾ ਧਰਤੀ ਤੋਂ 434 ਪ੍ਰਕਾਸ਼-ਵਰ੍ਹੇ ਦੂਰ ਹੈ। ਵਿਗਿਆਨਕ ਨੋਟੇਸ਼ਨ ਅਨੁਸਾਰ ਇਹ ਗਿਣਤੀ 2।551ਣ10¹ ਮੀਲ ਹੈ। ਆਮ ਗਣਿੱਤ ਅਨੁਸਾਰ ਇਹ ਸੰਖਿਆ 2558501885400000 ਮੀਲ ਤੋਂ ਵੀ ਵਧ ਬਣਦੀ ਹੈ। ਪੁਲਾੜ ਵਿਚ ਫਾਸਲੇ ਇਸ ਤੋਂ ਵੀ ਵੱਡੇ ਵੱਡੇ ਪਏ ਹਨ। ਮਿਸਾਲ ਵਜੋਂ ਉਹ ਵੱਡਾ ਵਿਸਫੋਟ (ਭਗਿ ਭਅਨਗ), ਜਿਸ ਨਾਲ ਬ੍ਰਹਿਮੰਡ ਸਿਰਜਿਆ ਗਿਆ ਸੀ, ਅੱਜ ਤੋਂ ਕਰੀਬ 15 ਬਿਲੀਅਨ ਸਾਲ ਪਹਿਲਾਂ ਹੋਇਆ ਸੀ। ਪ੍ਰਕਾਸ਼ ਦੀ ਗਤੀ 1,86,000 ਮੀਲ ਪ੍ਰਤੀ ਸਕਿੰਟ ਹੈ। ਇਸ ਹਿਸਾਬ ਇਸ ਦਾ 15 ਬਿਲੀਅਨ ਸਾਲਾਂ ਵਿਚ ਤੈਅ ਕੀਤਾ ਫਾਸਲਾ 8।82ਣ10²² ਮੀਲ ਹੋਇਆ। ਇਸ ਦਾ ਭਾਵ ਹੈ ਕਿ ਉਸ ਵੇਲੇ ਦਾ ਉਡਿਆ ਪਹਿਲਾ ਸਿਤਾਰਾ ਅੱਜ ਧਰਤੀ ਤੋਂ 8।82ਣ10²² ਮੀਲ ਦੂਰ ਚਲਾ ਗਿਆ ਹੈ। ਗਣਿੱਤ ਅਨੁਸਾਰ ਇਹ ਦੂਰੀ 88200000000000000000000 ਮੀਲ ਬਣਦੀ ਹੈ। ਤਕਨੀਕੀ ਤੌਰ ‘ਤੇ ਇਹ ਦਿਸਦੇ ਬ੍ਰਹਿਮੰਡ ਦਾ ਆਖਰੀ ਸਿਰਾ ਹੈ; ਪਰ ਹੈ ਨਹੀਂ, ਕਿਉਂਕਿ ਇਹ ਬ੍ਰਹਿਮੰਡ 3,72,000 ਮੀਲ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਚਾਰੇ ਪਾਸੇ ਫੈਲ ਰਿਹਾ ਹੈ ਤੇ ਅੱਗੇ ਖਾਲੀ ਥਾਂ ਵਿਚ ਫੈਲਦਾ ਹੀ ਚਲਿਆ ਜਾ ਰਿਹਾ ਹੈ। ਖਾਲੀ ਥਾਂ ਵੀ ਤਾਂ ਆਖਰ ਥਾਂ ਹੈ। ਸੰਖਿਆਵਾਂ ਇਸ ਤੋਂ ਵੀ ਅੱਗੇ ਪਈਆਂ ਹਨ। 15 ਬਿਲੀਅਨ ਹੋਰ ਸਾਲਾਂ ਬਾਅਦ ਸਭ ਤੋਂ ਪਹਿਲਾ ਤਾਰਾ 1।684ਣ10⁴⁴ ਮੀਲ ਹੋਵੇਗਾ ਤੇ 30 ਬਿਲੀਅਨ ਸਾਲਾਂ ਪਿਛੋਂ 3।368ਣ1088 ਮੀਲ ਦੀ ਦੂਰੀ ‘ਤੇ। ਇਹ 15, 30, 45, 60 ਬਿਲੀਅਨ ਤਾਂ ਕਹਿਣ ਦੀਆਂ ਗੱਲਾਂ ਹਨ। ਹੁਣ ਤੋਂ 6 ਬਿਲੀਅਨ ਸਾਲਾਂ ਤੀਕ ਤਾਂ ਸੂਰਜ ਵੀ ਬਰਫ ਬਣ ਜਾਵੇਗਾ। ਫਿਰ ਕਿਹੜਾ ਰੱਬ, ਕਿਹੜੀ ਭਗਤੀ ਤੇ ਕਿਹੜੇ ਭਗਤ! ਸਭ ਯੱਖ ਬਣ ਜਾਣਗੇ। ਜਿਸ ਪਦਾਰਥ ਨੂੰ ਅੱਜ ਅਧਿਆਤਮਵਾਦੀ ਲੱਤ ਮਾਰਦੇ ਹਨ, ਉਸੇ ਵਿਚ ਕੋਕੜਾ ਬਣ ਕੇ ਪਏ ਹੋਣਗੇ। ਸਿਰਫ ਤੇ ਸਿਰਫ ਕੁਦਰਤ ਰਹੇਗੀ ਅਤੇ ਕੁਦਰਤ ਦੇ ਅਣਵੇਖੇ ਵਰਤਾਰੇ ਰਹਿਣਗੇ। ਇਸ ਉਪਰੰਤ ਕਿਸੇ ਢੁਕਵੇਂ ਵਾਤਾਵਰਣ ਵਾਲੇ ਸਿਤਾਰੇ ਉਤੇ ਫਿਰ ਇਨਸਾਨ ਪੈਦਾ ਹੋਵੇਗਾ। ਉਹ ਫਿਰ ਕਈ ਯੁਗ ਡਰੇਗਾ, ਕਈ ਯੁਗ ਘਬਰਾਏਗਾ ਤੇ ਕਈ ਯੁਗ ਹੱਥ ਬੰਨ੍ਹ ਅਰਦਾਸਾਂ ਕਰੇਗਾ। ਜਦੋਂ ਠੰਡੇ ਵਿਚਾਰ ਨਾਲ ਖੋਜ ਕਰਨ ਲੱਗੇਗਾ, ਉਦੋਂ ਉਸ ਦਾ ਸੂਰਜ ਵੀ ਠੰਡਾ ਹੋ ਜਾਵੇਗਾ। ਉਹ ਵੀ ਅੱਧ-ਕੱਤੀ ਪੂਣੀ ਛੱਡ ਕੇ ਉਠ ਜਾਵੇਗਾ। ਸਿਰਫ ਅਦਿੱਖ ਹੁਕਮ ਹੀ ਸਦਾ ਸਲਾਮਤ ਰਹੇਗਾ।
ਇਹ ਹੈ ਅਸੰਖ ਦਾ ਸੰਕਲਪ, ਜਿਸ ਨੂੰ ਦੇ ਕੇ ਗੁਰੂ ਸਾਹਿਬ ਨੇ ਬ੍ਰਹਿਮੰਡ ਵਿਗਿਆਨ ਦੀ ਨੀਂਹ ਰੱਖੀ।