ਜੰਗ-ਏ-ਆਜ਼ਾਦੀ ਹਿੰਦੋਸਤਾਨ ‘ਚ ਜੂਨ ਮਹੀਨੇ ਸ਼ਹੀਦ ਹੋਏ ਯੋਧੇ

‘ਧਰਤੀ ਹੈ ਮਾਂ, ਧਰਤੀ ਦੇ ਲੋਕਾਂ ਦੀ’ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਗੁਲਾਮੀ ਵਿਰੁੱਧ ਜੰਗ ਦੀ ਸ਼ੁਰੂਆਤ ਅੰਗਰੇਜ਼ ਰਾਜ ਦੇ ਸਿੰਘਾਸਣ ਵਿਚ ਕਿੱਲ ਠੋਕਣ ਲਈ ਕਦਮ ਵਧਾਉਣ ਲੱਗੀ। ਹਿੰਦੋਸਤਾਨ ਨੂੰ ਅੰਗਰੇਜ਼ ਰਾਜ ਤੋਂ ਆਜ਼ਾਦ ਕਰਾਉਣ ਲਈ ਵੱਖ ਵੱਖ ਲਹਿਰਾਂ, ਮੋਰਚਿਆਂ, ਸੰਸਥਾਵਾਂ, ਜਥੇਬੰਦੀਆਂ ਅਤੇ ਪਾਰਟੀਆਂ ਨੇ ਜਾਨ-ਮਾਲ ਦੀ ਪਰਵਾਹ ਕੀਤੇ ਬਿਨਾ, ਆਜ਼ਾਦੀ ਦੀ ਲੜਾਈ ‘ਚ ਹਿੱਸਾ ਪਾਇਆ, ਫਾਂਸੀ ਦੇ ਤਖਤੇ ‘ਤੇ ਚੜ੍ਹੇ, ਜਲਾਵਤਨ ਹੋਏ, ਜਾਇਦਾਦਾਂ ਕੁਰਕ ਕਰਵਾਈਆਂ, ਜੇਲ੍ਹਾਂ ਕੱਟੀਆਂ ਅਤੇ ਅਣਮਨੁੱਖੀ ਤਸ਼ੱਦਦ ਸਹੇ।

ਸਮੇਂ ਸਮੇਂ ਆਜ਼ਾਦੀ ਘੁਲਾਟੀਆਂ ਨੇ ਆਪਣੇ ਯੋਧਿਆਂ ਦੇ ਹੌਸਲੇ ਬੁਲੰਦ ਕਰਨ ਲਈ ਨਾਹਰਿਆਂ ਨੂੰ ਵੀ ਨਵਾਂ ਰੂਪ ਦਿੱਤਾ, ਜਿਵੇਂ ‘ਜੈ’ ਦੀ ਥਾਂ ‘ਇਨਕਲਾਬ ਜ਼ਿੰਦਾਬਾਦ’; ‘ਹੱਕ ਨੌਆਬੀਦਤ’ ਦੀ ਥਾਂ ‘ਮੁਕੰਮਲ ਆਜ਼ਾਦੀ’ ਅਤੇ ‘ਸੋਸ਼ਲਿਜ਼ਮ’ ਜਿਹੇ ਨਾਹਰੇ ਮੰਨੇ ਜਾਣ ਲੱਗੇ। ਆਜ਼ਾਦੀ ਦੀ ਜੰਗ ਵਿਚ ਸਾਰਾ ਦੇਸ਼ ਹੀ ਸਰਗਰਮ ਸੀ। ਸੰਨ 1757 ਤੋਂ ਲੈ ਕੇ 1947 ਤੱਕ ਦਾ ਇਤਿਹਾਸ ਸਾਹਮਣੇ ਰੱਖਦੇ ਹਾਂ ਤਾਂ ਲੂੰ ਕੰਢੇ ਖੜੇ ਹੋ ਜਾਂਦੇ ਹਨ। ਭਾਰਤੀ ਲੋਕ ਸੈਂਕੜੇ ਸਾਲ ਗੁਲਾਮੀ ਦੀ ਪੰਜਾਲੀ ਥੱਲੇ ਛਟਪਟਾਉਂਦੇ ਰਹੇ, ਅੰਗਰੇਜ਼ ਹਾਕਮਾਂ ਨੇ ਹਰ ਹਰਬਾ ਵਰਤ ਕੇ ਹਿੰਦੋਸਤਾਨੀਆਂ ਦਾ ਖੂਨ ਨਿਚੋੜਿਆ। ਅਨਿਆਂ ਵਿਰੁੱਧ ਹਰ ਸਮੇਂ ਜੁਝਾਰੂ ਪੈਦਾ ਹੁੰਦੇ ਰਹੇ, ਜਿਨ੍ਹਾਂ ਦੀਆਂ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਹੈ, “ਸ਼ਹੀਦਾਂ ਦੀ ਜੋ ਮੌਤ ਹੈ, ਉਹ ਕੌਮ ਕੀ ਹਯਾਤ ਹੈ।”
ਜੂਨ ਮਹੀਨੇ ਦੇ ਸ਼ਹੀਦਾਂ ਨੂੰ ਯਾਦਾਂ ‘ਚ ਰੱਖਣ ਤੇ ਅਣਖੀ ਵਿਰਸੇ ਨਾਲ ਜੋੜਨ ਲਈ ਇਹ ਜਾਣਕਾਰੀ ਬਤੌਰ ਸ਼ਰਧਾਂਜਲੀ ਸਮਰਪਿਤ ਹੈ:
2 ਜੂਨ 1917 ਨੂੰ ਆਜ਼ਾਦੀ ਘੁਲਾਟੀਏ ਆਤਮਾ ਰਾਮ ਸ਼ਿੰਘਾਈ ‘ਚ ਡਾ. ਹਰਨਾਮ ਸਿੰਘ ਮੁਖਬਰ ਨੂੰ ਮਾਰ ਕੇ ਸ਼ਹੀਦ ਹੋਏ।
2 ਜੂਨ 1949 ਨੂੰ ਪਿੰਡ ਮਾਹਿਲਪੱਟ, ਤਹਿਸੀਲ ਪਾਲਮਪੁਰ (ਕਾਂਗੜਾ) ਦੇ ਪੰਜਾਬ ਸਿੰਘ ਪੁੱਤਰ ਈਸ਼ਵਰੀ ਸਿੰਘ ਸ਼ਹੀਦ ਹੋਏ। ਉਹ ਆਜ਼ਾਦ ਹਿੰਦ ਫੌਜ ‘ਚ ਸਿੰਘਾਪੁਰ ਵਿਖੇ ਭਰਤੀ ਹੋਏ। 1943 ‘ਚ ਇੰਫਾਲ ਫਰੰਟ ‘ਤੇ ਲੜਾਈ ਲਈ ਅਤੇ 1944 ਵਿਚ ਫੌਜੀ ਹੁੰਦਿਆਂ (ਲੜਾਈ ਦੇ ਕੈਦੀ) ਮੁਲਤਾਨ ਜੇਲ੍ਹ ਯਾਤਰਾ ਕੀਤੀ।
3 ਜੂਨ 1944 ਨੂੰ ਆਜ਼ਾਦੀ ਘੁਲਾਟੀਏ ਰਾਮ ਗੋਪਾਲ ਪੁੱਤਰ ਗੇਂਦਾ ਰਾਮ, ਪਿੰਡ ਮਾਛੀਵਾੜਾ, ਤਹਿਸੀਲ ਸਮਰਾਲਾ (ਲੁਧਿਆਣਾ) ਸ਼ਹੀਦੀ ਪਾ ਗਏ। ਉਨ੍ਹਾਂ ਨੂੰ ਅੰਗਰੇਜ਼ ਰਾਜ ਵਿਰੁੱਧ ਤਿੱਖੇ ਲੈਕਚਰ ਕਰਨ ਦੇ ਦੋਸ਼ ਤਹਿਤ 1929, 30 ਤੇ 1940 ਵਿਚ ਲੁਧਿਆਣਾ, ਫਿਰੋਜ਼ਪੁਰ ਤੇ ਮੁਲਤਾਨ ਵਿਚ ਜੇਲ੍ਹ ਯਾਤਰਾ ਕਰਨੀ ਪਈ।
4 ਜੂਨ 1925 ਨੂੰ ਮੁੱਲਾਂ ਸਿੰਘ, ਪਿੰਡ ਭਾਰਏ, ਜਿਲਾ ਲਾਹੌਰ ਨਾਭਾ ਬੀੜ ਜੇਲ੍ਹ ਵਿਚ ਸ਼ਹੀਦ ਹੋਏ। ਉਹ 10ਵੇਂ ਜੈਤੋਂ ਦੇ ਮੋਰਚੇ ਦੇ ਮੈਂਬਰ ਸਨ। ਇਸੇ ਦਿਨ ਪਿੰਡ ਭੂਨਾ, ਤਹਿਸੀਲ ਕਸੂਰ, ਜਿਲਾ ਲਾਹੌਰ ਦੇ ਮੁੱਲਾ ਸਿੰਘ ਵੀ ਸ਼ਹੀਦ ਹੋਏ। ਉਹ ਵੀ 10ਵੇਂ ਜੈਤੋਂ ਦੇ ਮੋਰਚੇ ਦੇ ਮੈਂਬਰ ਸਨ।
4 ਜੂਨ 1925 ਨੂੰ ਪਿੰਡ ਚਿੱਟੀ, ਜਿਲਾ ਜਲੰਧਰ ਦੇ ਸੰਤਾ ਸਿੰਘ (ਪੁੱਤਰ ਵਰਿਆਮ ਸਿੰਘ, ਮਾਤਾ ਪ੍ਰਤਾਪੀ) ਪੁਲਿਸ ਦੀ ਕੁੱਟ ਦੀ ਤਾਬ ਨਾ ਝੱਲਦੇ ਹੋਏ ਨਾਭਾ ਬੀੜ ਜੇਲ੍ਹ ‘ਚ ਸ਼ਹੀਦ ਹੋਏ। ਉਨ੍ਹਾਂ ਇੰਡੀਅਨ ਆਰਮੀ ‘ਚੋਂ ਅਸਤੀਫਾ ਦੇ ਕੇ ਗੁਰੂ ਕੇ ਬਾਗ ਦੇ ਮੋਰਚੇ ‘ਚ ਹਿੱਸਾ ਲਿਆ ਤੇ ਜੇਲ੍ਹ ਯਾਤਰਾ ਕੀਤੀ।
5 ਜੂਨ 1924 ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਮੈਂਬਰ ਕੇਸਰ ਸਿੰਘ ਪੁੱਤਰ ਸੇਵਾ ਸਿੰਘ ਸ਼ਹੀਦ ਹੋਏ। ਉਹ ਪਿੰਡ ਪਾਨਾਵਾਲਾ, ਜਿਲਾ ਸਿਆਲਕੋਟ ਦੇ ਵਸਨੀਕ ਸਨ।
5 ਜੂਨ 1924 ਨੂੰ ਕੇਸਰ ਸਿੰਘ ਪੁੱਤਰ ਸੋਭਾ ਸਿੰਘ ਤੇ ਮਾਤਾ ਬਿਸ਼ਨ ਕੌਰ, ਪਿੰਡ ਥਾਨਾਵਾਲੀ (ਜਿਲਾ ਸਿਆਲਕੋਟ) ਨਾਭਾ ਜੇਲ੍ਹ ‘ਚ ਸ਼ਹੀਦ ਹੋਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਹਿੱਸਾ ਲਿਆ ਸੀ।
5 ਜੂਨ 1924 ਨੂੰ ਜਿਲਾ ਲਾਇਲਪੁਰ ਦੇ ਕੇਸਰ ਸਿੰਘ ਨਾਭਾ ਜੇਲ੍ਹ ਵਿਚ ਬੀਮਾਰੀ ਕਾਰਨ ਸ਼ਹੀਦ ਪਾ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ ਸੀ।
5 ਜੂਨ 1941 ਨੂੰ ਬੱਬਰ ਅਕਾਲੀ ਚਿੰਤਾ ਸਿੰਘ ਪੁੱਤਰ ਬੱਗਾ ਸਿੰਘ ਕੰਗ, ਪਿੰਡ ਢੰਡੋਲੀ (ਜਿਲਾ ਕਪੂਰਥਲਾ) ਸੈਂਟਰਲ ਜੇਲ੍ਹ ਲਾਹੌਰ ‘ਚ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਏ। ਉਨ੍ਹਾਂ ਉਤੇ ਕਰਮ ਸਿੰਘ ਨੂੰ ਮਾਰਨ ਦਾ ਦੋਸ਼ ਸੀ।
6 ਜੂਨ 1924 ਨੂੰ ਵਧਾਵਾ ਸਿੰਘ ਪੁੱਤਰ ਚੰਦਰਾ ਸਿੰਘ ਤੇ ਮਾਂ ਲਛਮਣ ਕੌਰ, ਪਿੰਡ ਪਾਰੋਵਾਲ (ਜਿਲਾ ਗੁਰਦਾਸਪੁਰ) ਨਾਭਾ ਬੀੜ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਨ੍ਹਾਂ ਫੇਰੂ ਮੋਰਚੇ ‘ਚ ਢਾਈ ਸਾਲ ਜੇਲ੍ਹ ਯਾਤਰਾ ਕੀਤੀ।
8 ਜੂਨ 1924 ਨੂੰ ਬੱਬਰ ਵਰਿਆਮ ਸਿੰਘ ਧੁੱਗਾ, ਪਿੰਡ ਨੈਣੋਵਾਲ ਧੁੱਗਾ (ਜਿਲਾ ਹੁਸ਼ਿਆਰਪੁਰ) ਪਿੰਡ ਠੀਕਰੀਵਾਲਾ, ਲਾਇਲਪੁਰ ਚੱਕ # 54 ਦੇ ਪੁਲਿਸ ਮੁਕਾਬਲੇ ‘ਚ ਸ਼ਹੀਦ ਹੋ ਗਏ। ਉਹ ਪਿੰਡ ਮੁੰਡੇਰ ਦੇ ਪੁਲਿਸ ਮੁਕਾਬਲੇ ‘ਚ ਜ਼ਖਮੀ ਹੋ ਗਏ ਸਨ।
9 ਜੂਨ 1925 ਨੂੰ ਪਿੰਡ ਚੱਕ ਬਿਲਗਾਂ, ਨਵਾਂ ਸ਼ਹਿਰ (ਜਲੰਧਰ) ਦੇ ਵਾਸੀ ਤਾਰਾ ਸਿੰਘ ਨਾਭਾ ਬੀੜ ਜੇਲ੍ਹ ਵਿਚ ਸਦੀਵੀ ਵਿਛੋੜਾ ਦੇ ਕੇ ਸ਼ਹੀਦੀ ਮਾਲਾ ਦਾ ਮਣਕਾ ਬਣੇ। ਉਹ ਜੈਤੋਂ ਮੋਰਚਾ 11ਵਾਂ ‘ਚ ਸ਼ਾਮਿਲ ਹੋਏ।
9 ਜੂਨ 1931 ਹਰੀ ਕਿਸ਼ਨ ਤਲਵਾੜ ਪੰਜਾਬ ਦੇ ਗਵਰਨਰ ਮਾਊਂਟ ਮੌਰੈਨਸੀ ਨੂੰ ਗੋਲੀ ਮਾਰਨ ਦੇ ਦੋਸ਼ ਕਰਕੇ ਸ਼ਹੀਦ ਹੋਏ। ਉਹ ਸ਼ਹੀਦ ਭਗਤ ਸਿੰਘ ਦੇ ਪ੍ਰੇਮੀ ਸਨ ਤੇ ਅੰਗਰੇਜ਼ ਵਿਰੁੱਧ ਹਰ ਸਮੇਂ ਸੋਚਦੇ ਸਨ।
10 ਜੂਨ 1879 ਨੂੰ ਸੂਬਾ ਸਾਹਿਬ ਸਿੰਘ ਸਪੁੱਤਰ ਦਿਆਲ ਸਿੰਘ, ਪਿੰਡ ਬਨਵਾਲੀਪੁਰ (ਬੰਗਾਲੀਪੁਰ) ਜਿਲਾ ਤਰਨ ਤਾਰਨ ਦੇ ਵਸਨੀਕ ਹਜ਼ਾਰੀ ਬਾਗ ਜੇਲ੍ਹ ‘ਚ ਸ਼ਹੀਦ ਹੋ ਗਏ। ਉਹ ਕੂਕਾ ਲਹਿਰ ਦੇ ਮੋਢੀ ਸਤਿਗੁਰੂ ਰਾਮ ਸਿੰਘ ਵਲੋਂ 1866 ‘ਚ ਬਣਾਏ ਸੂਬਾ ਨਾਮਧਾਰੀ ਸਿੱਖ ਸੰਗਤ ਦੇ ਪ੍ਰਚਾਰਕ ਸਨ। ਅੰਗਰੇਜ਼ ਰਾਜ ਨੂੰ ਖਤਮ ਕਰਨ ਲਈ ਮੋਹਰਲੀ ਕਤਾਰ ‘ਚ ਸਨ।
10 ਜੂਨ 1917 ਨੂੰ ਜਵੰਦ ਸਿੰਘ ਨੰਗਲ ਕਲਾਂ (ਹੁਸ਼ਿਆਰਪੁਰ) ਨੂੰ ਸੈਂਟਰਲ ਜੇਲ ਲਾਹੌਰ ਵਿਚ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਉਤੇ ਜੈਲਦਾਰ ਚੰਦਾ ਸਿੰਘ ਨੂੰ ਮਾਰਨ ਅਤੇ ਵੱਲੇਪੁਲ ਪੁਲਿਸ ਗਾਰਦ ਕਾਂਡ ਵਿਚ ਸ਼ਮੂਲੀਅਤ ਦਾ ਦੋਸ਼ ਸੀ।
11 ਜੂਨ 1925 ਨੂੰ ਪਿੰਡ ਬਾਲਾ ਕੇਸਰ ਜਿਲਾ ਜੇਹਲਮ ਦੇ ਸੰਤ ਸਿੰਘ ਤੇ ਮਾਤਾ ਬਾਬੀ ਨਿਹਾਲ ਦੇਵੀ ਦੇ ਪੁੱਤਰ ਨਾਨਕ ਸਿੰਘ ਨਾਭਾ ਜੇਲ੍ਹ ‘ਚ ਸ਼ਹੀਦ ਹੋਏ। ਉਨ੍ਹਾਂ ਜੈਤੋਂ ਦਾ ਮੋਰਚਾ ਤੀਜਾ ਅਤੇ ਗੁਰੂ ਕੇ ਬਾਗ ਦੇ ਮੋਰਚੇ ‘ਚ ਹਿੱਸਾ ਲਿਆ।
11 ਜੂਨ 1925 ਨੂੰ ਪਿੰਡ ਬੱਬਰ, ਤਹਿਸੀਲ ਤੇ ਜਿਲਾ ਜੇਹਲਮ ਦੇ ਵਾਸੀ ਨਾਨਕ ਸਿੰਘ ਨਾਭਾ ਬੀੜ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਹ ਜੈਤੋਂ ਦੇ ਮੋਰਚੇ ‘ਚ ਸ਼ਾਮਲ ਸਨ।
11 ਜੂਨ 1925 ਪਿੰਡ ਬਾਲਾਕਰੂਰ, ਜਿਲਾ ਜੇਹਲਮ ਦੇ ਨਾਨਕ ਸਿੰਘ ਨਾਭਾ ਬੀੜ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਨ੍ਹਾਂ ਜੈਤੋਂ ਮੋਰਚੇ ਦੇ ਸ਼ਹੀਦੀ ਜੱਥਾ ਤੀਜੇ ‘ਚ ਸ਼ਮੂਲੀਅਤ ਕੀਤੀ।
13 ਜੂਨ 1958 ਨੂੰ ਜੇਸਾ ਰਾਮ ਪੁੱਤਰ ਮੂਲ ਚੰਦ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਸਿਵਲ ਨਾ-ਫੁਰਮਾਨੀ ਲਹਿਰ (ਸੀ. ਡੀ. ਐਮ.) ‘ਚ ਹਿੱਸਾ ਲਿਆ। ਇੱਕ ਸਾਲ ਮਿੰਟਗੁਮਰੀ ਤੇ ਕਸੂਰ ਜੇਲ੍ਹ ਦੀ ਯਾਤਰਾ ਕੀਤੀ।
15 ਜੂਨ 1950 ਨੂੰ ਸੰਤ ਰਾਮ ਪੁੱਤਰ ਗੋਂਦਾ ਰਾਮ ਸ਼ਹੀਦੀ ਪਾ ਗਏ। ਉਹ 1943 ਵਿਚ ਅੰਗਰੇਜ਼ ਰਾਜ ਵਿਰੁੱਧ ਕਾਂਗਰਸ ‘ਚ ਸ਼ਾਮਲ ਹੋਏ ਤੇ ਛੇ ਮਹੀਨੇ ਜੇਲ੍ਹ ‘ਚ ਨਜ਼ਰਬੰਦ ਰਹੇ।
16 ਜੂਨ 1918 ਨੂੰ ਬਾਬੂ ਨਲਨੀ ਬਾਗਚੀ ਪੁਲਿਸ ਮੁਕਾਬਲੇ ‘ਚ ਸ਼ਹੀਦ ਹੋ ਗਏ। ਉਹ ਅੰਗਰੇਜ਼ ਰਾਜ ਵਿਰੁੱਧ ਆਜ਼ਾਦੀ ਪਸੰਦੀਆਂ ਨੂੰ ਲਾਮਬੰਦ ਕਰਦੇ ਸਨ। ਇੱਕ ਐਸੇ ਬੁਲਾਰੇ ਸਨ, ਜੋ ਪੱਥਰ ਢਾਲਣ ਦੀ ਸਮਰੱਥਾ ਰੱਖਦੇ ਸਨ।
17 ਜੂਨ 1919 ਨੂੰ ਮੋਹਨ ਲਾਲ ਪੁੱਤਰ ਜਵੰਦਾ ਮੱਲ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋ ਗਏ। ਉਹ ਗੁੱਜਰਾਂਵਾਲਾ ਲੀਡਰ ਕੇਸ ‘ਚ ਸ਼ਾਮਲ ਸਨ।
17 ਜੂਨ 1924 ਨੂੰ ਧਰਮ ਸਿੰਘ ਪੁੱਤਰ ਲੱਖਾ ਸਿੰਘ, ਪਿੰਡ ਭੰਬੌਰ, ਤਹਿਸੀਲ ਊਨਾ (ਜਿਲਾ ਹੁਸ਼ਿਆਰਪੁਰ) ਨਾਭਾ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਨ੍ਹਾਂ ਦਾ ਨਾਂ ਚੌਥੇ ਜੈਤੋਂ ਮੋਰਚੇ ਦੇ ਸ਼ਹੀਦਾਂ ‘ਚ ਸ਼ੁਮਾਰ ਹੈ।
18 ਜੂਨ 1916 ਨੂੰ ਜਥੇਦਾਰ ਭਾਈ ਰੂੜ ਸਿੰਘ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾ ਗਏ। ਤਲਵੰਡੀ ਦੁਸਾਂਝ ‘ਚ ਜਨਮੇ ਭਾਈ ਰੂੜ ਸਿੰਘ ਗਦਰੀਆਂ ਦੇ ਕਰੀਬੀ ਸਨ। ਉਹ ਕਪੂਰਥਲਾ ਅਸਲਾਖਾਨੇ ‘ਤੇ ਹਮਲੇ ‘ਚ ਸ਼ਾਮਲ ਤੇ ਵੱਲੇਪੁਲ ਦੇ ਸਾਕੇ ਦੇ ਮੋਹਰੀਆਂ ‘ਚੋਂ ਸਨ।
18 ਜੂਨ 1916 ਨੂੰ ਆਜ਼ਾਦੀ ਦੇ ਪਰਵਾਨੇ ਈਸ਼ਰ ਸਿੰਘ ਢੁੱਡੀਕੇ ਸ਼ਹੀਦ ਹੋ ਗਏ। ਉਹ ਦੇਸ਼ ਆਜ਼ਾਦ ਕਰਾਉਣ ਲਈ ਕੈਨੇਡਾ ਤੋਂ ਵਾਪਿਸ ਭਾਰਤ ਪਰਤੇ। ਲਾਹੌਰ ਸਾਜ਼ਿਸ਼ ਕੇਸ ਦੂਜੇ ਵਿਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਮੌਤ ਦੀ ਹੀ ਸਜ਼ਾ ਹੋਵੇ, ਮੈਂ ਅੰਗਰੇਜ਼ ਦੀ ਜੇਲ੍ਹ ‘ਚ ਨਹੀਂ ਸੜਨਾ।
18 ਜੂਨ 1916 ਨੂੰ ਆਜ਼ਾਦੀ ਘੁਲਾਟੀਏ ਉਤਮ ਸਿੰਘ ਹਾਂਸ ਪੁੱਤਰ ਰਾਘੋ ਸਿੰਘ ਹਾਂਸ ਕਲਾਂ (ਲੁਧਿਆਣਾ) ਨੂੰ ਲਾਹੌਰ ਸਾਜ਼ਿਸ਼ ਕੇਸ ‘ਚ ਫਾਂਸੀ ਹੋਈ। ਉਹ ਹਾਲੇ 32 ਸਾਲਾਂ ਦੇ ਹੀ ਸਨ। ਉਨ੍ਹਾਂ ਉਤੇ ਨੰਗਲ ਕਲਾਂ ਦੇ ਮੁਖਬਰ ਜ਼ੈਲਦਾਰ ਨੂੰ ਕਤਲ ਕਰਨ ਦਾ ਦੋਸ਼ ਸੀ।
18 ਜੂਨ 1916 ਨੂੰ ਲਾਹੌਰ ਸਾਜ਼ਿਸ਼ ਕੇਸ ਦੂਜੇ ‘ਚ ਭਾਈ ਬੀਰ ਸਿੰਘ ਬਾਹੋਵਾਲ, ਜਿਲਾ ਹੁਸ਼ਿਆਰਪੁਰ ਸ਼ਹੀਦੀ ਪਾ ਗਏ। ਉਹ ਵੱਲੇਪੁਲ ਦੇ ਹਮਲੇ ‘ਚ ਸ਼ਾਮਲ ਸਨ ਅਤੇ ਉਨ੍ਹਾਂ ‘ਤੇ ਪੁਲਿਸ ਨੂੰ ਮਾਰਨ ਤੇ ਗਾਰਦ ਤੋਂ ਹਥਿਆਰ ਖੋਹਣ ਦੇ ਦੋਸ਼ ਸਨ।
18 ਜੂਨ 1916 ਨੂੰ ਲਾਹੌਰ ਸਾਜ਼ਿਸ਼ ਕੇਸ ਦੂਜੇ ‘ਚ ਸ਼ਾਮਲ ਭਾਈ ਰੰਗਾ ਸਿੰਘ ਉਰਫ ਰੋਡਾ ਸਿੰਘ ਪਿੰਡ ਖੁਰਦਪੁਰ (ਜਲੰਧਰ) ਸ਼ਹੀਦੀ ਪਾ ਗਏ। ਉਨ੍ਹਾਂ ‘ਤੇ ਵੱਲਾਪੁਲ ਪੁਲਿਸ ਚੌਂਕੀ ‘ਤੇ ਹਮਲੇ ਦਾ ਦੋਸ਼ ਸੀ।
18 ਜੂਨ 1935 ਨੂੰ ਬੰਗਾਲ ਦੇ ਜਿਲਾ ਟਿੱਪਰਾ ਦੇ ਪ੍ਰਦੀਪ ਕੁਮਾਰ ਭੱਟਾਚਾਰੀਆ ਫਾਂਸੀ ਚੜ੍ਹ ਕੇ ਸ਼ਹੀਦੀ ਦੀ ਕਤਾਰ ‘ਚ ਜਾ ਲੱਗੇ। ਉਹ ਆਜ਼ਾਦੀ ਲਈ ਤਤਪਰ ਸਨ ਅਤੇ ਉਨ੍ਹਾਂ ‘ਤੇ ਜਿਲਾ ਮੈਜਿਸਟਰੇਟ ਦੇ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਸੀ।
18 ਜੂਨ 1858 ਨੂੰ ਰਾਣੀ ਲਕਸ਼ਮੀ ਬਾਈ ਆਜ਼ਾਦੀ ਦੀ ਪਹਿਲੀ ਜੰਗ ਵਿਚ ਕਈ ਥਾਂ ਅੰਗਰੇਜ਼ ਨੂੰ ਧੂਲ ਚਟਾਉਂਦੀ, ਬਹਾਦਰੀ ਨਾਲ ਅੰਗਰੇਜ਼ ਵਿਰੁੱਧ ਲੜਦੀ ਮੈਦਾਨ-ਏ-ਜੰਗ ‘ਚ ਸ਼ਹੀਦੀ ਪ੍ਰਾਪਤ ਕਰ ਗਈ।
20 ਜੂਨ 1923 ਨੂੰ ਦੇਵੀ ਚੰਦ ਉਰਫ ਭਗਤ ਸਿੰਘ ਪੁੱਤਰ ਅੱਛਰ ਸਿੰਘ ਪਿੰਡ ਰੁੜਕੀ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਮਿਲਵਰਤਨ ਲਹਿਰ ਦੌਰਾਨ ਪੁਲਿਸ ਤਸ਼ੱਦਦ ਕਾਰਨ ਸ਼ਹੀਦੀ ਪਾ ਗਏ। ਪੁਲਿਸ ਨੇ ਹੁਸ਼ਿਆਰਪੁਰ, ਅੰਬਾਲਾ, ਮਿੰਟਗੁਮਰੀ, ਮੁਲਤਾਨ ਆਦਿ ਜੇਲ੍ਹਾਂ ‘ਚ ਕਾਫੀ ਤਸ਼ੱਦਦ ਕੀਤਾ ਸੀ। ਉਨ੍ਹਾਂ ‘ਤੇ ਲੋਕਾਂ ਨੂੰ ਅੰਗਰੇਜ਼ ਰਾਜ ਵਿਰੁੱਧ ਭੜਕਾਉਣ ਦਾ ਦੋਸ਼ ਸੀ। ਜੂਨ ਦੀ 20 ਤਰੀਕ ਨੂੰ ਆਜ਼ਾਦੀ ਘੁਲਾਟੀਏ ਮਾਨਿੰਦਰ ਬੈਨਰਜੀ ਸ਼ਹੀਦ ਹੋਏ (ਸਾਲ ਦੀ ਜਾਣਕਾਰੀ ਨਹੀਂ ਮਿਲ ਸਕੀ)।
21 ਜੂਨ 1957 ਨੂੰ ਨਿੱਕਾ ਸਿੰਘ ਪੁੱਤਰ ਜਗਤ ਸਿੰਘ ਕੈਂਪ ਬੈਲਪੁਰ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਨ੍ਹਾਂ ਜੈਤੋਂ ਅਤੇ ਫੇਰੂ ਮੋਰਚੇ ‘ਚ ਹਿੱਸਾ ਲਿਆ। ਛੇ ਮਹੀਨੇ ਦੀ ਸਖਤ ਜੇਲ੍ਹ ਹੋਈ।
22 ਜੂਨ 1919 ਨੂੰ ਆਜ਼ਾਦੀ ਘੁਲਾਟੀਏ ਮਨੋਹਰ ਸਿੰਘ ਪੁੱਤਰ ਲਹਿਣਾ ਸਿੰਘ (ਅੰਮ੍ਰਿਤਸਰ) ਨੈਸ਼ਨਲ ਬੈਂਕ ਅੰਮ੍ਰਿਤਸਰ ਕਤਲ ਕੇਸ ‘ਚ ਫਾਂਸੀ ਦੀ ਸਜ਼ਾ ਹੋਈ ਤੇ ਸ਼ਹੀਦੀ ਪ੍ਰਾਪਤ ਕੀਤੀ।
23 ਜੂਨ 1958 ਨੂੰ ਹਰੀ ਸਿੰਘ ਸੂੰਢ ਥੋੜ੍ਹੇ ਜਿਹੇ ਬੀਮਾਰ ਹੋਏ, ਸਰੀਰਕ ਤੌਰ ‘ਤੇ ਸਦੀਵੀ ਵਿਛੋੜਾ ਦੇ ਕੇ ਗਏ। ਉਨ੍ਹਾਂ ਨੇ ਸਾਥੀ ਈਸ਼ਰ ਸਿੰਘ ਜੰਡੌਲੀ ਤੇ ਇੰਦਰ ਸਿੰਘ ਮੁਰਾਰੀ ਨਾਲ ਮਿਲ ਕੇ ਗੱਦਾਰ ਬੇਲਾ ਸਿੰਘ ਜਿਆਣ ਨੂੰ ਮਾਰ ਕੇ ਕੈਨੇਡਾ ਦੇ ਗਦਰੀ ਸ਼ਹੀਦਾਂ-ਬਦਨ ਸਿੰਘ ਅਤੇ ਭਾਈ ਭਾਗ ਸਿੰਘ ਦੀ ਮੌਤ ਦਾ ਬਦਲਾ ਲਿਆ। ਕੇਸ ‘ਚੋਂ ਬਰੀ ਹੋ ਕੇ ਕਿਸਾਨ ਸਭਾ ਬਣਾਈ ਤੇ ਕਿਸਾਨਾਂ ਦੇ ਹੱਕਾਂ ਲਈ ਆਖਿਰ ਤੱਕ ਸੰਘਰਸ਼ ਕੀਤੇ।
26 ਜੂਨ 1925 ਨੰਦ ਸਿੰਘ ਪਿੰਡ ਭਾਗੋਵਾਲ, ਤਹਿਸੀਲ ਬਟਾਲਾ (ਗੁਰਦਾਸਪੁਰ) ਨਾਭਾ ਬੀੜ ਜੇਲ੍ਹ ‘ਚ ਸ਼ਹੀਦ ਹੋ ਗਏ। ਉਹ ਜੈਤੋਂ ਮੋਰਚੇ ਦੇ ਸ਼ਹੀਦੀ ਜਥਾ-14 ‘ਚ ਸ਼ਾਮਲ ਹੋਏ ਸਨ।
26 ਜੂਨ 1957 ਨੂੰ ਸੌਦਾਗਰ ਸਿੰਘ ਪੁੱਤਰ ਦਿਆਲ ਪਿੰਡ ਧੁੱਲਕਾ, ਡਾਕਖਾਨਾ ਜੰਡਿਆਲਾ (ਅੰਮ੍ਰਿਤਸਰ) ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਡਸਕਾ ਮੋਰਚੇ ਵਿਚ ਸ਼ਮੂਲੀਅਤ ਕੀਤੀ ਤੇ ਗੁਜਰਾਤ ਜੇਲ੍ਹ ‘ਚ ਕੈਦ ਕੱਟੀ।
27 ਜੂਨ 1944 ਨੂੰ ‘ਅੰਗਰੇਜ਼ੋ ਹਿੰਦੋਸਤਾਨ ਛੱਡੋ ਲਹਿਰ’ ਦੇ ਮੈਂਬਰ ਰਾਜ ਨਰਾਇਣ ਮਿਸ਼ਰ ਸ਼ਹੀਦ ਹੋ ਗਏ।
27 ਜੂਨ 1945 ਨੂੰ ਮੱਲ ਸਿੰਘ ਪੁੱਤਰ ਨੱਥਾ ਸਿੰਘ ਤੇ ਮਾਤਾ ਗੁਜ਼ਰੀ, ਪਿੰਡ ਘਰਿਤਪੁਰ, ਚੱਕ 69 ਤਹਿਸੀਲ ਜ਼ਾਰਨਵਾਲਾ (ਲਾਇਲਪੁਰ) ਪੁਲਿਸ ਦੇ ਤਸ਼ੱਦਦ ਦੀ ਤਾਬ ਨਾ ਝੱਲਦਿਆਂ ਜੇਲ੍ਹ ‘ਚ ਸ਼ਹੀਦ ਹੋ ਗਏ। ਉਹ 15 ਸਾਲ ਫੌਜ ‘ਚ ਰਹ ‘ਤੇ ਨੌਕਰੀ ਛੱਡ ਕੇ ਗੁਰੂ ਕੇ ਬਾਗ ਦੇ ਮੋਰਚੇ ਅਤੇ ਫੇਰੂ ਮੋਰਚੇ ‘ਚ ਸ਼ਾਮਲ ਹੋ ਗਏ। ਢਾਈ ਸਾਲ ਜੇਲ੍ਹ ਕੱਟੀ।
29 ਜੂਨ 1973 ਨੂੰ ਆਜ਼ਾਦੀ ਘੁਲਾਟੀਏ ਭਾਈ ਦਾਨ ਸਿੰਘ ਵਛੋਆ ਸਦੀਵੀ ਵਿਛੋੜਾ ਦੇ ਗਏ। ਉਹ 7 ਨਵੰਬਰ 1921 ਹਰਿਮੰਦਰ ਸਾਹਿਬ ਦੀਆਂ ਚਾਬੀਆਂ ਦੇ ਮੋਰਚੇ ‘ਚ ਗ੍ਰਿਫਤਾਰ ਹੋਏ, 1923 ਤੋਂ 1926 ਤੱਕ ਗੁਰੂ ਕੇ ਬਾਗ ਦੇ ਮੋਰਚੇ ਵਿਚ ਸ਼੍ਰੋਮਣੀ ਕਮੇਟੀ ਦੇ ਪਹਿਲੇ ਜਥੇ ਨਾਲ ਸੈਂਟਰਲ ਜੇਲ੍ਹ ‘ਚ ਰਹੇ। ਸਿਵਲ ਨਾ-ਫੁਰਮਾਨੀ ਲਹਿਰ ਦੌਰਾਨ ਇੱਕ ਸਾਲ ਲਈ ਜੇਲ੍ਹ ਕੱਟੀ। ਫਿਰ ਐਮ. ਐਲ਼ ਏ. ਚੁਣੇ ਗਏ, ਪਿੰਡ ਵਛੋਆ ‘ਚ ਮਿਡਲ ਸਕੂਲ ਤੇ ਹਸਪਤਾਲ ਬਣਵਾਇਆ।
30 ਜੂਨ 1950 ਨੂੰ ਰੂੜ ਸਿੰਘ ਪੁੱਤਰ ਰੋਡਾ ਸਿੰਘ, ਪਿੰਡ ਮਾਨਾਵਾਲਾ ਤਹਿਸੀਲ ਜ਼ੀਰਾ (ਫਿਰੋਜ਼ਪੁਰ) ਜੈਤੋਂ ਦੇ ਮੋਰਚੇ ‘ਚ ਸ਼ਹੀਦ ਹੋ ਗਏ। ਅੱਠ ਮਹੀਨੇ ਨਾਭਾ ਬੀੜ ਜੇਲ੍ਹ ‘ਚ ਰਹੇ। ਅਕਾਲ ਤਖਤ ਤੋਂ ਸਿਰੋਪਾਓ ਦੀ ਬਖਸ਼ਿਸ਼ ਹੋਈ।
ਜੂਨ ਮਹੀਨੇ ਦੇ ਹੋਰ ਸ਼ਹੀਦ:
1940 ‘ਚ ਝੰਡਾ ਸਿੰਘ ਪੁੱਤਰ ਕਾਲਾ ਸਿੰਘ, ਪਿੰਡ ਸਬਰਾ, ਤਹਿਸੀਲ ਪੱਟੀ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੀ ਕਤਾਰ ‘ਚ ਸ਼ਾਮਲ ਹੋਏ। ਉਹ ਨਾਮਿਲਵਰਤਣ ਲਹਿਰ ਵਿਚ 1921 ‘ਚ ਸ਼ਾਮਲ ਹੋਏ ਤੇ 1922 ‘ਚ ਦੋ ਸਾਲ ਲਈ ਜੇਲ੍ਹ ਯਾਤਰਾ ਕੀਤੀ।
1944 ‘ਚ ਸੂਰਮ ਸਿੰਘ ਪਿੰਡ ਰਾਲੀਵਾਲ (ਹੁਸ਼ਿਆਰਪੁਰ) ਬਰਮਾ ਦੇ ਐਕਸ਼ਨ ਵਿਚ ਸ਼ਹੀਦ ਹੋ ਗਏ। ਉਹ ਆਈ. ਐਨ. ਏ. ਦੇ ਸਿੰਘਾਪੁਰ ਭਰਤੀ ਦੇ ਸਿਪਾਹੀ ਸਨ, ਆਖਰੀ ਸਾਹ ਤੱਕ ਦੇਸ਼ ਹਿਤੈਸ਼ੀ ਰਹੇ।
1944 ‘ਚ ਮਹਿੰਦਰ ਸਿੰਘ, ਪਿੰਡ ਵਡਾਲਾ, ਡਾਕਖਾਨਾ ਖੁਰਾਲਾ (ਜਲੰਧਰ) ਸਦੀਵੀ ਵਿਛੋੜਾ ਦੇ ਕੇ ਗਏ। ਉਹ ਆਈ. ਐਨ. ਏ. ਦੇ ਦੂਜੇ ਗੁਰੀਲਾ ਯੁੱਧ ਦੇ ਸਿਪਾਹੀ ਸਨ।
1944 ‘ਚ ਸੁਰੈਣ ਸਿੰਘ ਬਰਮਾ ਦੇ ਐਕਸ਼ਨ ‘ਚ ਸ਼ਹੀਦ ਹੋ ਗਏ। ਉਹ ਇੰਡੀਅਨ ਆਰਮੀ ‘ਚ ਡੋਗਰਾ ਰੈਜੀਮੈਂਟ ਦੇ ਸਿਪਾਹੀ ਸਨ।
1952 ‘ਚ ਰਾਜੇ ਰਾਮ ਪੁੱਤਰ ਨਗਰ ਸਿੰਘ ਆਜ਼ਾਦੀ ਦੇ ਸ਼ਹੀਦ, ਪਿੰਡ ਖਾਥੀਵਾਸ ਡਾਕਖਾਨਾ ਚਰਖੀ ਦਦਰੀ (ਮੁਹਿੰਦਰਗੜ੍ਹ) ਬਰਮਾ ਦੀ ਲੜਾਈ ‘ਚ ਫੌਤ ਹੋ ਗਏ। ਉਹ 1942 ‘ਚ ਬਤੌਰ ਮੇਜਰ ਬਣੇ। ਬਾਰਾਸਟ ਨੀਲਗੰਜ਼, ਜਿਗਰ ਕੱਚਾ ਕੈਂਪ ਤੇ ਲਾਲ ਕਿਲ੍ਹਾ ਦੀ ਜੇਲ੍ਹ ਯਾਤਰਾ ਕੀਤੀ। ਕਾਲੀ ਸੂਚੀ ‘ਚ ਸ਼ਾਮਲ ਸਨ ਤੇ 1946 ‘ਚ ਨੌਕਰੀ ਤੋਂ ਬਰਖਾਸਤ ਕੀਤਾ ਗਿਆ।
1955 ‘ਚ ਜਵਾਹਰ ਸਿੰਘ ਪੁੱਤਰ ਮਸਤਾਨ ਸਿੰਘ, ਪਿੰਡ ਈਸੜੂ ਤਹਿਸੀਲ ਸਮਰਾਲਾ (ਲੁਧਿਆਣਾ) ਸ਼ਹੀਦੀ ਜਾਮਾ ਪਾ ਗਏ। ਉਹ ਗੁਰੂ ਕੇ ਬਾਗ ਦੇ ਮੋਰਚੇ ‘ਚ ਸ਼ਾਮਲ ਹੋਏ, ਇੱਕ ਸਾਲ ਨੌਂ ਮਹੀਨੇ ਅੰਮ੍ਰਿਤਸਰ ਤੇ ਅੱਟਕ ਜੇਲ੍ਹ ‘ਚ ਨਜ਼ਰਬੰਦ ਰਹੇ। 1930 ‘ਚ ਲੂਣ ਸਤਿਆਗ੍ਰਹਿ ‘ਚ ਹਿੱਸਾ ਲਿਆ।
1959 ‘ਚ ਨਾਨਕ ਸਿੰਘ ਪੁੱਤਰ ਕ੍ਰਿਪਾ ਰਾਮ ਪਿੰਡ ਜ਼ਰਾਨਵਾਲਾ (ਲਾਇਲਪੁਰ) ਸ਼ਹੀਦੀ ਪਾ ਗਏ। ਉਹ ਆਜ਼ਾਦੀ ਲਈ ਲੜੇ। ਇੱਕ ਦੁਕਾਨਦਾਰ ਸਨ, ਸਿਵਲ ਨਾ-ਫੁਰਮਾਨੀ ਲਹਿਰ ‘ਚ ਹਿੱਸਾ ਲਿਆ ਅਤੇ ਲੂਣ ਸਤਿਆਗ੍ਰਹਿ ‘ਚ ਸ਼ਮੂਲੀਅਤ ਕਰਕੇ ਅੱਠ ਦੀ ਮਹੀਨੇ ਜੇਲ੍ਹ ਯਾਤਰਾ ਕੀਤੀ।
1960 ‘ਚ ਮਹਿੰਗਾ ਰਾਮ ਪੁੱਤਰ ਗੰਡਾ ਰਾਮ ਪਿੰਡ ਤੇ ਡਾਕਖਾਨਾ ਕਰਤਾਰਪੁਰ (ਜਲੰਧਰ) ਫੌਤ ਹੋ ਗਏ। ਉਨ੍ਹਾਂ ਦਾ ਨਾਂ ‘ਕਾਰਪੋਰੇਸ਼ਨ ਮੂਵਮੈਂਟ’ ਦੇ ਸ਼ਹੀਦਾਂ ‘ਚ ਸ਼ੁਮਾਰ ਹੈ।
1961 ‘ਚ ਵਧਾਵਾ ਸਿੰਘ ਪੁੱਤਰ ਹੀਰਾ ਸਿੰਘ, ਪਿੰਡ ਕਰਤਾਰਪੁਰ (ਜਲੰਧਰ) ਸਦੀਵੀ ਵਿਛੋੜਾ ਦੇ ਗਏ। ਉਹ ਆਜ਼ਾਦੀ ਦੇ ਸ਼ਹੀਦ ਸਨ। ਉਨ੍ਹਾਂ ਐਨ. ਸੀ. ਐਮ ਅਤੇ ਕਿਯੂ. ਆਈ. ਐਮ. ਕਰਕੇ ਮੁਲਤਾਨ ਲਾਹੌਰ ‘ਚ ਦੋ ਸਾਲ ਜੇਲ੍ਹ ਯਾਤਰਾ ਕੀਤੀ ਤੇ ਕਈ ਵਾਰ ਅਕਾਲੀ ਮੂਵਮੈਂਟ ‘ਚ ਹਿੱਸਾ ਲਿਆ।
1964 ‘ਚ ਕੇਹਰ ਸਿੰਘ ਪੁੱਤਰ ਸੰਤਾ ਸਿੰਘ ਪਿੰਡ ਮੜ੍ਹੀ ਮੇਘਾ, ਤਹਿਸੀਲ ਪੱਟੀ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਕੇ ਸ਼ਹੀਦਾਂ ਦੀ ਕਤਾਰ ‘ਚ ਖੜੇ ਹੋ ਗਏ। ਉਹ ਗੁਰੂ ਕੇ ਬਾਗ ਦੇ ਕਿਸਾਨ ਮੋਰਚੇ ‘ਚ ਸ਼ਾਮਲ ਹੋਏ। ਅਟਕ ਤੇ ਮੁਲਤਾਨ ਦੀ ਜੇਲ੍ਹ ਯਾਤਰਾ ਕੀਤੀ।

ਅਨਾਜ ਦਾ ਹਰ ਦਾਣਾ
ਅੰਗਰੇਜ਼ ਪ੍ਰੇਮੀ ਲੈ ਗਏ ਹਨ
ਭਾਈਵੰਦੋ ਜਾਗੋ। (ਲਾਲ ਚੰਦ ਫਲਕ)
1833 ‘ਚ ਵਿਲੀਅਮ ਹੰਟਰ, ਜਿਸ ਨੇ ਵਾਇਸਰਾਏ ਦੀ ਕੌਂਸਲ ‘ਚ ਕਿਹਾ ਸੀ ਕਿ ਸਰਕਾਰੀ ਕਰ ਵਸੂਲੀ ਪਿਛੋਂ ਭਾਰਤੀ ਕਿਸਾਨ ਦੇ ਘਰ ਸਾਲ ਭਰ ਖਾਣ ਜੋਗੇ ਦਾਣੇ ਨਹੀਂ ਬਚਦੇ।
ਅਸੀਂ ਜਦੋਂ ਹਿੰਦੋਸਤਾਨ ਦੇ ਆਜ਼ਾਦੀ ਘੁਲਾਟੀਆਂ ਦੀਆਂ ਸ਼ਹੀਦੀਆਂ ਨੂੰ ਇਤਿਹਾਸਕ ਪੰਨਿਆਂ ‘ਤੇ ਦੇਖਦੇ ਹਾਂ, ਤਾਂ ਸੋਚ ਪੈਦਾ ਹੁੰਦੀ ਹੋਵੇਗੀ ਕਿ ਉਹ ਕਿਹੋ ਜਿਹੀਆਂ ਰੂਹਾਂ ਹੋਣਗੀਆਂ, ਜਿਨ੍ਹਾਂ ਜਾਨ ਦੀ ਪ੍ਰਵਾਹ ਕੀਤੇ ਬਿਨਾ ਆਜ਼ਾਦੀ ਦੇ ਹਵਨ-ਕੁੰਡ ਨੂੰ ਪ੍ਰਚੰਡ ਕੀਤਾ।
ਇੰਡੋ-ਅਮੈਰਿਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ ਦੇ ਯਤਨ ਹਨ ਕਿ ਜਿਨ੍ਹਾਂ ਯੋਧਿਆਂ ਨੇ ਹਿੰਦੋਸਤਾਨ ਦੀ ਆਜ਼ਾਦੀ ਲਈ ਸ਼ਹੀਦੀਆਂ ਪਾਈਆਂ, ਉਨ੍ਹਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਕੇ ਜੁਝਾਰੂ ਵਿਰਸੇ ਬਾਰੇ ਦੱਸੀਏ। ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਕਿ ਭੁੱਲੇ ਵਿਸਰੇ ਆਜ਼ਾਦੀ ਘੁਲਾਟੀਆਂ ਬਾਰੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਫੋਨ:1-347-753-5940 ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਕਿ ਉਨ੍ਹਾਂ ਨੂੰ ਇਤਿਹਾਸ ਨਾਲ ਜੋੜ ਕੇ ਕੁਰਬਾਨੀ ਦਾ ਰਿਣ ਉਤਾਰਿਆ ਜਾ ਸਕੇ।
ਸ਼ਹੀਦਾਂ ਦੀ ਜਾਣਕਾਰੀ ਲਈ ਉਤਸ਼ਾਹਿਤ ਕਰਨ ਵਾਲੇ ਸੱਜਣਾਂ-ਮਿੱਤਰਾਂ-ਮਾਸਟਰ ਮੋਹਨ ਸਿੰਘ ਭੰਵਰਾ, ਬਲਵੀਰ ਸਿੰਘ ਡੁਮੇਲੀ, ਜਸਵਿੰਦਰ ਪਾਲ ਸਿੰਘ, ਹਰਦੇਵ ਸਿੰਘ (ਐਸ਼ ਐਫ਼ ਆਈ) ਕੈਨੇਡਾ, ਬੀਬੀ ਦਵਿੰਦਰ ਕੌਰ, ਪ੍ਰੋ. ਪਰਮਜੀਤ ਕੌਰ, ਸਵਰਨ ਸਿੰਘ ਸਲੈਚ ਅਤੇ ਦਵਿੰਦਰ ਝਾਵਰ ਦਾ ਧੰਨਵਾਦ ਕਰਦਿਆਂ ਹਮੇਸ਼ਾ ਸਾਥ ਦੀ ਆਸ ਕਰਦੇ ਹਾਂ।
ਵਲੋਂ: ਇੰਡੋ-ਅਮੈਰਿਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ।