ਜਦੋਂ ਰੱਬ ਨੇ ‘ਪੁਲੀਸਮੈਨ’ ਸਿਰਜਿਆ!

ਨਿੰਦਰ ਘੁਗਿਆਣਵੀ
ਫੋਨ: 91-94174-21700
ਬੜੀ ਕੋਸ਼ਿਸ ਕੀਤੀ ਹੈ ਕਿ ਇਸ ਅੰਗਰੇਜ਼ੀ ਰਚਨਾ ਦੇ ਮੂਲ ਲੇਖਕ ਦਾ ਨਾਂ ਲੱਭ ਜਾਵੇ, ਪਰ ਨਹੀਂ ਲੱਭਾ। ਇਹ ਰਚਨਾ ਕਿਸੇ ਅ

ਮਰੀਕੀ ਲੇਖਕ ਦੀ ਹੈ ਤੇ ਉਸ ਨੇ ਇਸ ਨੂੰ ਅਮਰੀਕੀ ਨਜ਼ਰੀਏ ਤੋਂ ਉਥੋਂ ਦੀ ਧਰਾਤਲ ਤਹਿਤ ਰਚਿਆ ਹੈ ਅਤੇ ਅਸੀਂ ਇਸ ਦਾ ਪੰਜਾਬੀ ਰੂਪ ਕਰਦਿਆਂ ਇਸ ਨੂੰ ਪੰਜਾਬੀ ਧਰਾਤਲ ਉਤੇ ਹੀ ਵਾਚਾਂਗੇ।
ਕਹਿੰਦੇ ਨੇ, ਜਦੋਂ ਰੱਬ ਇੱਕ ਪੁਲੀਸਮੈਨ ਦੀ ਸਿਰਜਣਾ ਕਰ ਰਿਹਾ ਸੀ ਤਾਂ ਉਹਦੇ ਕੋਲ ਇੱਕ ਫਰਿਸ਼ਤਾ ਆਇਆ ਤੇ ਪੁੱਛਣ ਲੱਗਾ, “ਕਾਫੀ ਖਿਲਾਰਾ ਜਿਹਾ ਪਾ ਰੱਖਿਆ ਹੈ ਰੱਬ ਜੀ?”
ਰੱਬ ਬੋਲਿਆ, “ਕੀ ਤੈਨੂੰ ਪਤੈ, ਜੋ ਪੁਲੀਸਮੈਨ ਮੈਂ ਸਿਰਜ ਰਿਹਾਂ, ਇਹਦੀਆਂ ਮੰਗਾਂ ਤੇ ਕੰਮ ਕੀ ਕੀ ਨੇ? ਜੋ ਮੈਂ ਇਹਦੇ ਤੋਂ ਪੂਰੀਆਂ ਕਰਵਾਉਣੀਆਂ ਨੇ, ਇਹ ਅਜਿਹਾ ਪੁਲੀਸਮੈਨ ਹੋਵੇ, ਜੋ ਕੰਧਾਂ ਚੜ੍ਹ ਸਕਦਾ ਹੋਵੇ ਤੇ ਘਰਾਂ ਵਿਚ ਵੜ ਸਕਦਾ ਹੋਵੇ, ਜਿਹੜੇ ਘਰਾਂ ਵਿਚ ਸਿਹਤ ਵਿਭਾਗ ਤੇ ਹੋਰ ਵਿਭਾਗਾਂ ਦੇ ਕਰਮਚਾਰੀ ਵੀ ਜਾਣ ਤੋਂ ਡਰਦੇ ਹੋਣ, ਇਹ ਬੇਖੌਫ ਹੋ ਕੇ ਜਾਵੇ।”
ਰੱਬ ਅੱਗੇ ਦੱਸਣ ਲੱਗਾ, “ਇੱਕ ਅਜਿਹਾ ਪੁਲੀਸਮੈਨ, ਜੋ ਪੰਜ ਮੀਲ ਹਨੇਰੀਆਂ ਗਲੀਆਂ ਵਿਚ ਤੇਜ਼ ਤੇਜ਼ ਦੌੜ ਸਕਦਾ ਹੋਵੇ, ਤੇ ਆਪਣੀ ਵਰਦੀ ਵਿਚ ਰਤਾ ਜਿੰਨਾ ਵੀ ਵੱਟ ਨਾ ਪੈਣ ਦੇਵੇ! ਉਹ ਕਿਸੇ ਨੂੰ ਡੱਕਣ ਲਈ ਨਿਗ੍ਹਾ ਰੱਖਣ ਵਾਸਤੇ ਸਾਰਾ ਸਾਰਾ ਦਿਨ ਭੁੱਖਾ ਤ੍ਰਿਹਾਇਆ ਗੱਡੀ ਵਿਚ ਬੈਠ ਸਕਦਾ ਹੋਵੇ। ਇੱਕ ਮਨੁੱਖ ਹੱਥੋਂ ਮਨੁੱਖ ਦਾ ਹੋ ਰਿਹਾ ਘਾਣ ਥੰਮ੍ਹ ਸਕਦਾ ਹੋਵੇ! ਜਿੱਥੇ ਕਿਤੇ ਕਤਲ ਹੋਇਆ ਹੈ, ਉਹਦੇ ਗੁਆਂਢੀ ਨੂੰ ਅਗਲੇ ਦਿਨ ਹੀ ਗਵਾਹੀ ਦੇਣ ਲਈ ਕੋਰਟ ਵਿਚ ਪੇਸ਼ ਕਰ ਸਕਦਾ ਹੋਵੇ। ਇੱਕ ਕੱਪ ਕਾਲੀ ਕੌਫੀ ਤੇ ਅੱਧਾ ਖਾਣਾ ਖਾ ਕੇ ਵੀ ਉਹ ਹਰ ਸਮੇਂ ਵਧੀਆ ਸਰੀਰਕ ਸਥਿਤੀ ਵਿਚ ਹੋਵੇ।”
ਰੱਬ ਨੇ ਗੱਲ ਦੀ ਲੜੀ ਜਾਰੀ ਰੱਖੀ, “ਫਰਿਸ਼ਤਾ ਜੀ, ਏਥੇ ਹੀ ਬੱਸ ਨਹੀਂ, ਸਗੋਂ ਉਹਦੇ ਹੱਥਾਂ ਦੇ ਛੇ ਜੋੜੇ ਹੋਣੇ ਚਾਹੀਦੇ ਨੇ, ਜਿਸ ਹਿਸਾਬ ਨਾਲ ਉਹਦਾ ਕੰਮ ਹੈ।”
ਇਹ ਸਾਰਾ ਕੁਝ ਸੁਣ ਫਰਿਸ਼ਤੇ ਨੇ ਆਪਣਾ ਸਿਰ ਝਟਕਿਆ ਤੇ ਹੈਰਾਨੀ ਨਾਲ ਅੱਖਾਂ ਟੱਡ ਕੇ ਪੁੱਛਿਆ, “ਰੱਬ ਜੀ, ਛੇ ਜੋੜੇ? ਇਹ ਨਹੀਂ ਹੋ ਸਕਦਾ ਰੱਬ ਜੀ।”
ਰੱਬ ਕਹਿੰਦਾ, “ਮੈਨੂੰ ਹੱਥਾਂ ਦੀ ਵੱਡੀ ਸਮੱਸਿਆ ਨਹੀਂ, ਤਿੰਨ ਅੱਖਾਂ ਦੀ ਸਮੱਸਿਆ ਵੱਡੀ ਹੈ।”
ਫਰਿਸ਼ਤੇ ਨੇ ਪੁੱਛਿਆ, “ਇਹ ਸੰਪੂਰਨ ਤੇ ‘ਅਸਲ ਮਾਡਲ’ ਵਿਚ ਹੀ ਹੋਊ ਫਿਰ ਸਾਰਾ ਕੁਝ?”
ਰੱਬ ਬੋਲਿਆ, “ਇੱਕ ਹੱਥਾਂ ਦਾ ਜੋੜਾ ਉਹ ਹੋਊ, ਜੋ ਬਿਨਾ ਕੇਸ ਦੀ ਫਾਈਲ ਫੋਲੇ ਹੀ ਜਾਣ ਸਕੂ ਕਿ ਇਹਦੇ ਵਿਚ ਹੈ ਕੀ? ਦੂਜਾ ਜੋੜਾ ਉਹ ਕਿ ਅੱਖਾਂ ਸਿਰ ਦੇ ਦੋਵੇਂ ਪਾਸੇ ਹੋਣ, ਤਾਂ ਜੋ ਉਹ ਆਪਣੇ ਨਾਲ ਦੇ ਸਾਥੀਆਂ ਦਾ ਧਿਆਨ ਵੀ ਰੱਖ ਸਕੇ। ਹੱਥਾਂ ਦਾ ਇੱਕ ਜੋੜਾ ਸਾਹਮਣੇ ਹੋਵੇ, ਤਾਂ ਜੋ ਕਿਸੇ ਦਾ ਖੂਨ ਵਹਿੰਦਾ ਵੇਖ ਹੌਸਲੇ ਨਾਲ ਆਖੇ ਕਿ ਤੁਸੀਂ ਬਿਲਕੁਲ ਠੀਕ ਓ, ਕੁਝ ਨ੍ਹੀਂ ਹੋਇਆ ਹੈ, ਚੜ੍ਹਦੀ ਕਲਾ ਵਿਚ ਓ ਆਪ।”
ਫਰਿਸ਼ਤਾ ਆਖਦਾ ਹੈ, “ਰੱਬ ਜੀ, ਕੁਝ ਘੱਟ ਕਰ ਲੌ!”
ਰੱਬ ਨੇ ਜੁਆਬ ਦਿੱਤਾ, “ਬਿਲਕੁਲ ਵੀ ਨਹੀਂ, ਮੈਨੂੰ ਅਜਿਹਾ ਮਾਡਲ ਚਾਹੀਦੈ, ਜੋ ਦੋ ਸੌ ਪੰਜਾਹ ਪੌਂਡ ਭਾਰੇ ਇੱਕ ਸ਼ਰਾਬੀ ਨੂੰ ਆਪਣੀ ਗੱਡੀ ਵਿਚ ਲੱਦ ਕੇ ਬਿਨਾ ਸੜਕ ਦੁਰਘਟਨਾ ਤੋਂ ਉਹਦੇ ਘਰ ਛੱਡ ਸਕਦਾ ਹੋਵੇ। ਨਾਲ ਇਹ ਵੀ ਕਿ ਆਪਣੇ ਪੰਜ ਜਣਿਆਂ ਦੇ ਪਰਿਵਾਰ ਨੂੰ ਸਰਕਾਰੀ ਤਨਖਾਹ ਉਤੇ ਪਾਲ ਸਕਦਾ ਹੋਵੇ।”
ਇਹ ਸੁਣ ਫਰਿਸ਼ਤੇ ਨੇ ਬਣ ਰਹੇ ਪੁਲੀਸਮੈਨ ਦੇ ਮਾਡਲ ਦੁਆਲੇ ਗੇੜਾ ਕੱਢਿਆ ਤੇ ਕਿਹਾ, “ਕੀ ਇਹ ਕੁਝ ਸੋਚ ਵੀ ਸਕਦਾ ਏ?”
ਰੱਬ ਬੋਲਿਆ, “ਬਿਲਕੁਲ! ਇਹ ਹਜ਼ਾਰਾਂ ਗੁਨਾਹਾਂ ਦੇ ਲੱਛਣ ਦੱਸ ਸਕਦਾ ਏ। ਇਹ ਸੁਪਨਿਆਂ ਵਿਚ ਵੀ ਮੁਜ਼ਰਿਮਾਂ ਦੇ ਮਨੁੱਖੀ ਹੱਕਾਂ ਦੀ ਗੱਲ ਕਰ ਸਕਦੈ। ਕਿਸੇ ਦੀ ਤਫਤੀਸ਼ ਕਰ ਸਕਦੈ। ਇਹ ਕੰਮ ਉਹ ਏਨੇ ਚਿਰ ਵਿਚ ਇਕੱਲਾ ਕਰ ਸਕਦਾ ਹੈ, ਜਿੰਨੇ ਚਿਰ ਵਿਚ ਪੰਜ ਜੱਜ ਫੈਸਲਾ ਕਰਨ ‘ਤੇ ਲਾਉਂਦੇ ਨੇ। ਏਨਾ ਕੁਝ ਕਰਨ ਦੇ ਬਾਵਜੂਦ ਉਹਦੇ ਵਿਚ ਹਾਸਰਸ (ਹਾਸੇ ਮਖੌਲ) ਦਾ ਵੀ ਇੱਕ ਗੁਣ ਹੁੰਦੈ। ਮੈਂ ਜੋ ਇਹ ਪੁਲੀਸਮੈਨ ਬਣਾ ਰਿਹਾਂ, ਇਹਦੇ ਕੋਲ ਆਪਣੇ ਆਪ ਉਤੇ ਕਾਬੂ ਪਾਉਣ ਲਈ ਵੀ ਹੈਰਾਨੀਜਨਕ ਸਮਰੱਥਾ ਹੋਵੇਗੀ। ਇਹ ਉਨ੍ਹਾਂ ਜੁਰਮਾਂ ਨਾਲ ਨਿੱਬੜ ਸਕਦੈ, ਜੋ ਨਰਕਾਂ ਵਿਚੋਂ ਲਿਖ ਕੇ ਆਏ ਹੁੰਦੇ ਨੇ। ਇਹ ਬੜੀ ਹਲੀਮੀ ਤੇ ਮਿੱਠਤ ਨਾਲ ਬੱਚੇ ਤੋਂ ਵੀ ਜੁਰਮ ਕਬੂਲ ਕਰਵਾ ਸਕਦੈ। ਮਾਰੇ ਗਏ ਮਨੁੱਖ ਦੇ ਪਰਿਵਾਰ ਨੂੰ ਢਾਰਸ ਵੀ ਦੇ ਸਕਦੈ ਤੇ ਅਗਲੇ ਦਿਨ ਅਖਬਾਰ ਵਿਚ ਇਹ ਵੀ ਪੜ੍ਹ ਸਕਦੈ ਕਿ ਮੁਲਕ ਵਿਚ ਕਾਨੂੰਨ ਵਿਵਸਥਾ ਢਿੱਲੀ ਹੈ।”
ਅਖੀਰ ‘ਤੇ ਫਰਿਸ਼ਤਾ ਰੱਬ ਮੂਹਰੇ ਝੁਕ ਗਿਆ ਤੇ ਬਣਾਏ ਜਾ ਰਹੇ ਪੁਲੀਸਮੈਨ ਦੇ ਮਾਡਲ ਦੀਆਂ ਗੱਲਾਂ ‘ਤੇ ਉਂਗਲਾਂ ਫੇਰੀਆਂ ਤੇ ਪੁੱਛਿਆ, “ਰੱਬ ਜੀ, ਆਹ ਜੋ ਏਥੋਂ ਕੁਝ ਲੀਕ ਹੋ ਰਿਹੈ, ਇਹ ਕੀ ਐ?”
ਰੱਬ ਬੋਲਿਆ, “ਇਹ ਲੀਕ ਨਹੀਂ ਹੋ ਰਿਹਾ ਕੁਝ ਵੀ, ਇਹ ਤਾਂ ਇਹਦੇ ਹੰਝੂ ਹਨ।”
ਫਰਿਸ਼ਤੇ ਤੋਂ ਫਿਰ ਵੀ ਰਹਿ ਨਾ ਹੋਇਆ ਤੇ ਪੁੱਛਦਾ ਹੈ, “ਹੰਝੂ ਕਿਉਂ?”
ਰੱਬ ਕਹਿੰਦਾ, “ਇਹਦੇ ਅੰਦਰ ਵੀ ਤਾਂ ਕੁਝ ਭਾਵਨਾਵਾਂ ਨੇ, ਜੋ ਦੱਬੀਆਂ ਪਈਆਂ ਨੇ, ਇਹ ਹੰਝੂ ਉਨ੍ਹਾਂ ਭਾਵਨਾਵਾਂ ਵਾਸਤੇ ਨੇ, ਜਾਂ ਫਿਰ ਇਹਦੇ ਸਾਥੀ, ਜੋ ਇਹਦੇ ਨਾਲ ਤੁਰੇ ਜਾਂਦੇ ਮਾਰੇ ਗਏ, ਉਨ੍ਹਾਂ ਵਾਸਤੇ ਨੇ ਇਹ ਹੰਝੂ। ਤੇ ਇੱਕ ਕੱਪੜੇ ਦਾ ਟੁਕੜਾ, ਜਿਸ ਨੂੰ ਮੁਲਕ ਦਾ ਝੰਡਾ ਆਖਦੇ ਨੇ, ਉਹਦੇ ਲਈ ਇਹਦੇ ਫਰਜ਼ ਤੇ ਹੰਝੂ ਇੱਕ ਸਮਰਾਟ ਦੇ ਹੰਝੂ ਹਨ।”
ਫਰਿਸ਼ਤਾ ਬੋਲਿਆ, “ਤੁਸੀਂ ਮਹਾਨ ਓਂ ਰੱਬ ਜੀ ਤੇ ਬੜੇ ਹੁਸ਼ਿਆਰ ਵੀ।”
ਰੱਬ ਬੋਲਿਆ, “ਨਹੀਂ, ਮੈਂ ਬਿਲਕੁਲ ਹੁਸ਼ਿਆਰ ਤੇ ਮਹਾਨ ਨਹੀਂ ਆਂ, ਇਹ ਹੰਝੂ ਮੈਂ ਨਹੀਂ ਪਾਏ, ਇਹ ਤਾਂ ਆਪਣੇ ਆਪ ਹੀ ਆਏ ਨੇ!”