ਗੁਰੂ ਗ੍ਰੰਥ ਸਾਹਿਬ: ਵਿਸ਼ਾ ਤੇ ਵਸਤੂ

ਗੁਲਜ਼ਾਰ ਸਿੰਘ ਸੰਧੂ
26 ਮਈ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀ। ਉਨ੍ਹਾਂ ਦੀ ਯਾਦ ਵਿਚ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਸਥਾਪਤ ਹੈ। ਦੇਸ਼ ਵੰਡ ਤੋਂ ਪਹਿਲਾਂ ਅਖੰਡ ਹਿੰਦੁਸਤਾਨ ਦੇ ਸਿੱਖ ਸ਼ਰਧਾਲੂ ਏਥੇ ਨਤਮਸਤਕ ਹੁੰਦੇ ਸਨ। ਵੰਡ ਪਿੱਛੋਂ ਭਾਰਤ ਤੋਂ ਪਾਕਿਸਤਾਨ ਜਾਣ ਵਾਲਿਆਂ ਦੇ ਰਾਹ ਵਿਚ ਔਕੜਾਂ ਆਉਣ ਕਾਰਨ ਹਰ ਸਾਲ ਬਹੁਤ ਸਾਰੇ ਸ਼ਰਧਾਲੂ ਲਾਹੌਰ ਨਹੀਂ ਜਾ ਸਕਦੇ। ਇਸ ਵਾਰ ਤਾਂ ਕਰੋਨਾ ਵਾਇਰਸ ਵਾਲੀ ਤਾਲਾਬੰਦੀ ਨੇ ਹਰ ਕਿਸੇ ਦੇ ਪੈਰਾਂ ਵਿਚ ਬੇੜੀਆਂ ਪਾ ਛੱਡੀਆਂ।

ਮੇਰੇ ਜਿਹੇ ਅਨੇਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਮਨ ਸਮਝਾ ਲਿਆ ਹੈ। ਮੇਰੇ ਸਾਹਮਣੇ ਇੱਕ ਹੋਰ ਬਦਲ ਵੀ ਪਿਆ ਹੈ। ਡਾ. ਜਸਪਾਲ ਸਿੰਘ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਸੰਕਲਨ ਤੇ ਚਿੰਤਨ’ (ਨਵਯੁੱਗ ਪਬਲਿਸ਼ਰਜ਼, ਪੰਨੇ 210, ਮੁੱਲ 375 ਰੁਪਏ) ਇਹ ਰਚਨਾ ਸਿੱਖੀ ਮਾਣ-ਮਰਿਆਦਾ ਦਾ ਧੁਰਾ ਹੈ। ਖੂਬੀ ਇਹ ਕਿ ਇਸ ਵਿਚ ਵਰਤਮਾਨ ਕਾਲ ਵਾਸਤੇ ਲੋੜੀਂਦੀ ਸੇਧ ਵੀ, ਗੁਰਬਾਣੀ ਦੇ ਯੋਗ ਪ੍ਰਸੰਗ ਸਮੇਤ, ਦਰਜ ਹੈ।
ਵਿਚਾਰ ਅਧੀਨ ਪੁਸਤਕ ਦੇ ਪੰਜ ਅਧਿਆਇ ਹਨ। ਪਹਿਲੇ ਅਧਿਆਇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਕਲਨ, ਸੰਪਾਦਨ ਅਤੇ ਉਸ ਨਾਲ ਜੁੜੇ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ ਹੈ, ਜਿਵੇਂ-ਬਾਣੀ ਦੀ ਤਰਤੀਬ, ਸੰਪਾਦਕੀ ਜੁਗਤਾਂ, ਬਿੰਬ ਵਿਧਾਨ, ਸੰਗੀਤ ਦੀ ਪਰੰਪਰਾ ਤੇ ਭਾਸ਼ਾ ਅਤੇ ਲਿਪੀ। ਦੂਜੇ ਅਧਿਆਇ ਵਿਚ ‘ਸਬਦ ਗੁਰੂ ਸੁਰਤ ਧੁਨ ਚੇਲਾ’ ਤੇ ‘ਬਾਣੀ ਗੁਰੂ ਗੁਰੂ ਹੈ ਬਾਣੀ’ ਦੇ ਸਿਧਾਂਤ ਤੇ ਸੰਕਲਪ ਦੀ ਵਿਆਖਿਆ ਹੈ, ਬਾਣੀ ਦੇ ਅਦਬ-ਸਤਿਕਾਰ, ਬਾਣੀ ਦੇ ਗਲੋਬਲ ਸਰੋਕਾਰ ਅਤੇ ਉਸ ਦੀ ਵਿਸ਼ਵ-ਦ੍ਰਿਸ਼ਟੀ ਦੀ ਚਰਚਾ ਸਮੇਤ ਤੀਜੇ ਅਧਿਆਇ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਤੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਸੰਦੇਸ਼ ਤੇ ਮਹੱਤਵ ਸਮੋਇਆ ਹੋਇਆ ਹੈ।
ਚੌਥੇ ਅਧਿਆਇ ਵਿਚ ਬਾਣੀ ਦੇ ਰਚਨਾਕਾਰ ਭਗਤਾਂ-ਨਾਮਦੇਵ, ਰਵਿਦਾਸ, ਰਾਮਾਨੰਦ, ਜੈ ਦੇਵ, ਤ੍ਰਿਲੋਚਨ, ਧੰਨਾ, ਸੈਣ ਜੀ, ਪੀਪਾ ਜੀ, ਭੀਖਨ, ਸਧਨਾ, ਪਰਮਾਨੰਦ, ਸੂਰਦਾਸ, ਬੇਣੀ ਜੀ ਅਤੇ ਭਗਤ ਬਾਬਾ ਫਰੀਦ ਜੀ ਦੀ ਬਾਣੀ ਦੀ ਪ੍ਰਕਿਰਤੀ ਅਤੇ ਉਸ ਵਿਚੋਂ ਪ੍ਰਾਪਤ ਹੋ ਰਹੇ ਗਿਆਨ ਬਾਰੇ ਯੋਗ ਚਰਚਾ ਕੀਤੀ ਗਈ ਹੈ। ਪੰਜਵੇਂ ਤੇ ਅੰਤਿਮ ਅਧਿਆਇ ਵਿਚ ਬਾਬਾ ਸੁੰਦਰ ਤੇ ਭਾਈ ਮਰਦਾਨੇ ਦੀ ਬਾਣੀ, ਸੱਤਾ-ਬਲਵੰਡ ਦੀ ਵਾਰ ਅਤੇ ਗਿਆਰਾਂ ਭੱਟਾਂ ਦੀ ਬਾਣੀ ਦਾ ਵੇਰਵਾ ਦਰਜ ਹੈ।
ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਮੂਲ ਮਨੋਰਥ ਭਾਵੇਂ ਮਾਨਵ ਜਾਤਿ ਨੂੰ ਅਧਿਆਤਮ ਨਾਲ ਜੋੜਨਾ ਹੈ, ਪਰ ਇਹ ਸਮੇਂ ਦੇ ਸਰੋਕਾਰਾਂ ਨਾਲ ਕਿੰਨੀ ਓਤ-ਪੋਤ ਸੀ। ਬਾਬਰ ਦੇ ਹਮਲੇ ਨਾਲ ਸਬੰਧਤ ਗੁਰੂ ਨਾਨਕ ਦੇਵ ਜੀ ਦੇ ਸ਼ਲੋਕ ਤੋਂ ਪਤਾ ਲੱਗ ਜਾਂਦਾ ਹੈ,
ਖੁਰਾਸਾਨ ਖਸਮਾਨਾ ਕੀਆ
ਹਿੰਦੁਸਤਾਨ ਡਰਾਇਆ॥
ਆਪੈ ਦੋਸ ਨਾ ਦੇਈ ਕਰਤਾ
ਜਮੁ ਕਰਿ ਮੁਗਲੁ ਚੜ੍ਹਾਇਆ॥
ਏਤੀ ਮਾਰ ਪਈ ਕਰਲਾਣੇ
ਤੈਂ ਕੀ ਦਰਦੁ ਨ ਆਇਆ॥
ਡਾ. ਜਸਪਾਲ ਸਿੰਘ ਅਨੁਸਾਰ ਵੇਖਣ ਵਾਲੀ ਗੱਲ ਇਹ ਹੈ ਕਿ ਦੁਨੀਆਂ ਦੇ ਸਾਰੇ ਧਰਮ-ਗ੍ਰੰਥ ਕਿਸੇ ਨਾ ਕਿਸੇ ਰੂਪ ਵਿਚ ਮਨੁੱਖੀ ਜ਼ਿੰਦਗੀ ਵਲ ਸੇਧਤ ਹਨ, ਪਰ ਗ੍ਰੰਥ ਸਾਹਿਬ ਦਾ ਨਿਵੇਕਲਾ ਮੁਕਾਮ ਹੈ। ਇਹ ਇਕ ਵਿਲੱਖਣ ਧਰਮ ਗ੍ਰੰਥ ਹੈ, ਜਿਸ ਨੂੰ ਗੁਰੂ ਪਦ ਪ੍ਰਾਪਤ ਹੈ ਅਤੇ ਜਿਸ ਪਾਸੋਂ ਦੁਨੀਆਂ ਦਾ ਹਰ ਮਨੁੱਖ ਦੁਨਿਆਵੀ ਤੇ ਰੂਹਾਨੀ ਸਰਪ੍ਰਸਤੀ ਹਾਸਲ ਕਰ ਸਕਦਾ ਹੈ। ਮਜ਼ਹਬਾਂ ਦੇ ਵਿਤਕਰਿਆਂ ਅਤੇ ਮਨੁੱਖ-ਮਨੁੱਖ ਵਿਚਾਲੇ ਭੇਦ ਦੇ ਹਰ ਬੰਧਨ ਤੋਂ ਮੁਕਤ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਪਰਵਾਹ ਅੱਗੇ ਹਰ ਦੀਵਾਰ ਟੁੱਟ ਜਾਂਦੀ ਹੈ।
ਅਸੀਂ ਵੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਮਨੁੱਖੀ ਮਨ ਨੂੰ ਧਰਮ, ਸਿਮਰਨ, ਪਰਮਾਰਥ, ਪਰਉਪਕਾਰ, ਸਬਰ, ਸੰਤੋਖ ਤੇ ਸੇਵਾ ਦਾ ਜੋ ਉਪਦੇਸ਼ ਦਿੱਤਾ ਗਿਆ ਹੈ, ਉਹ ਸਮੇਂ ਦੇ ਸਭਿਆਚਾਰਕ ਹਾਲਾਤ ਅਤੇ ਸੰਸਾਰਕ ਆਲੇ-ਦੁਆਲੇ ਵਿਚ ਗਲੇਫਿਆ ਹੋਇਆ ਹੈ। ਰਚਨਾਕਾਰਾਂ ਨੇ ਦੁਨਿਆਵੀ ਖੇਤਰ ਨਾਲ ਸਬੰਧਤ ਸਾਰੇ ਵਿਸ਼ਿਆਂ ਬਾਰੇ ਆਪਣਾ ਪ੍ਰਤੀਕਰਮ ਨਿਧੜਕ ਤੇ ਨਿਸ਼ੰਗ ਪੇਸ਼ ਕੀਤਾ ਹੈ।
ਅਸੀਂ ਵੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਦੂਜੇ ਰਚਨਾਕਾਰਾਂ ਦਾ ਘੇਰਾ ਬਹੁਤ ਵੱਡਾ ਰੱਖਿਆ ਗਿਆ ਹੈ। ਹਰ ਮਜ਼ਹਬ, ਜਾਤੀ ਜਾਂ ਕਿੱਤੇ ਨਾਲ ਸਬੰਧਤ ਰਚਨਾਕਾਰ ਦੀ ਬਾਣੀ ਵਿਚ ਥਾਂ ਦਿੱਤੀ ਗਈ ਹੈ। ਭਾਵੇਂ ਉਹ ਹਿੰਦੂ-ਜੈ ਦੇਵ ਹੈ ਜਾਂ ਮੁਸਲਮਾਨ ਸੂਫੀ ਫਕੀਰ-ਬਾਬਾ ਫਰੀਦ; ਬ੍ਰਾਹਮਣ-ਪਰਮਾਨੰਦ ਹੈ ਜਾਂ ਕਥਿਤ ਨੀਵੀਂ ਜਾਤ ਦਾ ਕਹੇ ਜਾਣ ਵਾਲਾ-ਭਗਤ ਰਵਿਦਾਸ। ਬਿਨਾ ਸ਼ੱਕ ਬਾਣੀਕਾਰਾਂ ਦੀ ਚੋਣ ਦਾ ਦਾਇਰਾ ਵਿਸ਼ਾਲ ਰੱਖਣਾ ਇਕ ਵੱਡਾ ਇਨਕਲਾਬ ਸੀ।
ਅਸਲ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ‘ਰੱਬ ਦੀ ਇੱਕਤਾ’ ਦੀ ਗੱਲ ਨੂੰ ਦ੍ਰਿੜ੍ਹ ਕਰਾਉਂਦੀ ਹੈ ਅਤੇ ਸੰਸਾਰ ਦੀ ਸਾਰੀ ਭੌਤਿਕ ਅਨੇਕਤਾ ਨੂੰ ‘ਇਕ’ ਦਾ ਪਾਸਾਰ ਮੰਨਦੀ ਹੈ। ਫਿਰ ਰੱਬ ਦੀ ਇੱਕਤਾ ਦੇ ਇਸੇ ਸਿਧਾਂਤ ‘ਚੋਂ ਹੀ ਮਨੁੱਖੀ ਏਕਤਾ ਦੇ ਵਿਚਾਰ ਦੀ ਜ਼ਮੀਨ ਤਿਆਰ ਹੁੰਦੀ ਹੈ।
ਗੁਰੂ ਸਾਹਿਬਾਨ ਨੇ ਇਸ ਨਵੇਂ ਸਭਿਆਚਾਰ ਦੀ ਧਾਰਨਾ ਨੂੰ ਆਪਣੀ ਬਾਣੀ ਰਾਹੀਂ ਪ੍ਰਗਟ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਰੀ ਬਾਣੀ ਦੇ ਸੰਕਲਨ ਤੇ ਸੰਪਾਦਨ ਰਾਹੀਂ ਇਸ ਸਾਂਝੇ ਸਭਿਆਚਾਰ ਦੇ ਵਿਚਾਰ ਨੂੰ ਸਦੀਵੀ ਬਣਾ ਦਿੱਤਾ।
ਅੱਜ ਵੀ ਅਸੀਂ ਐਸੇ ਦੌਰ ਵਿਚੋਂ ਲੰਘ ਰਹੇ ਹਾਂ, ਜਿੱਥੇ ਵੱਖ-ਵੱਖ ਸਭਿਆਚਾਰਕ ਇਕਾਈਆਂ ਅਤੇ ਤਹਿਜ਼ੀਬਾਂ ਨੂੰ ਇਕ-ਦੂਜੇ ਨਾਲ ਸ਼ਾਂਤੀਪੂਰਨ ਮਾਹੌਲ ਵਿਚ ਰਹਿਣ ਦਾ ਵੱਲ ਸਿਖਣ ਦੀ ਲੋੜ ਹੈ। ਇਕ-ਦੂਜੇ ਦੇ ਸਭਿਆਚਾਰ ਤੇ ਇਤਿਹਾਸ ਨੂੰ ਸਮਝਣਾ ਅਤੇ ਇਕ-ਦੂਜੇ ਦੀਆਂ ਪਰੰਪਰਾਵਾਂ, ਧਾਰਮਿਕ ਅਕੀਦਿਆਂ, ਭਾਸ਼ਾ ਤੇ ਹੋਰ ਸਭਿਆਚਾਰਕ ਵੰਨਗੀਆਂ ਦਾ ਸਤਿਕਾਰ ਕਰਨ ਦੀ। ਗੁਰੂ ਗ੍ਰੰਥ ਸਾਹਿਬ ਦੇ ਚਿੰਤਨ ਦਾ ਬੁਨਿਆਦੀ ਸੁਭਾਅ ਸਦਭਾਵਨਾ ਵਾਲਾ ਵੀ ਹੈ ਤੇ ਬਹੁਲਵਾਦੀ ਵੀ, ਇਸ ਚਿੰਤਨ ਦੇ ਘੇਰੇ ਵਿਚ ਖੇਤਰੀ ਤੇ ਨਸਲੀ ਹੱਦਬੰਦੀਆਂ ਦੀ ਕੋਈ ਅਹਿਮੀਅਤ ਨਹੀਂ। ਬਿਨਾ ਸ਼ੱਕ ਇਸ ਚਿੰਤਨ ਕੋਲ ਇਹੋ ਜਿਹਾ ਸੋਚ-ਪ੍ਰਬੰਧ ਹੈ, ਜੋ ਅਜੋਕੀ ਵਿਸ਼ਵ ਸਥਿਤੀ ਵਿਚ ਇਕ ਦਿਸ਼ਾ-ਨਿਰਦੇਸ਼ ਦੇ ਸਕਦਾ ਹੈ।
ਡਾ. ਜਸਪਾਲ ਸਿੰਘ ਰਚਿਤ ਪੁਸਤਕ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਬਾਣੀ ਦੇ ਵਿਸ਼ਾ ਵਸਤੂ ਤੋਂ ਅੱਗੇ ਗੁਰੂ ਚੇਲਾ ਪਰੰਪਰਾ ਦਾ ਮਹੱਤਵ ਵੀ ਦਸਦੀ ਹੈ। ਇਹ ਵੀ ਕਿ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ਬਾਣੀ, ਭਾਵੇਂ ਉਹ ਉਨ੍ਹਾਂ ਦੀ ਆਪਣੀ ਰਚਨਾ ਸੀ ਜਾਂ ਦੂਰ ਦੁਰੇਡੇ ਭਗਤਾਂ ਦੀ, ਗੁਰੂ ਸਾਹਿਬਾਨ ਆਪਣੇ ਕੋਲ ਹੀ ਰੱਖਦੇ ਸਨ ਤੇ ਆਪਣੇ ਤੋਂ ਅੱਗੇ ਵਾਲੇ ਉਸ ਗੁਰੂ ਨੂੰ ਸੌਂਪ ਦਿੰਦੇ ਸਨ, ਜਿਸ ਨੂੰ ਉਹ ਖੁਦ ਹੀ ਚੁਣਦੇ ਸਨ, ਆਪਣੇ ਹੱਥੀਂ ਟਿੱਕਾ ਦੇ ਕੇ ਤਖਤ ਉਤੇ ਬਿਠਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੀ ਦੇਣ ਇਹ ਹੈ ਕਿ ਉਨ੍ਹਾਂ ਨੇ ਇਸ ਨੂੰ ਕੱਚੀ ਬਾਣੀ ਦੇ ਰਲਾਅ ਵਿਚੋਂ ਨਿਤਾਰ ਕੇ ਵਡਮੁੱਲੇ ਗ੍ਰੰਥ ਦਾ ਰੂਪ ਦਿੱਤਾ, ਜਿਸ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਗੁਰੂਪਦ ਪ੍ਰਦਾਨ ਕੀਤਾ।
ਮੈਨੂੰ ਆਪਣੇ ਮਿੱਤਰ ਡਾ. ਜਸਪਾਲ ਸਿੰਘ ਦੇ ਇਸ ਬੇਸ਼ਕੀਮਤੀ ਹੀਰੇ ਨੂੰ ਪਾਠਕਾਂ ਨਾਲ ਸਾਂਝਾ ਕਰਦਿਆਂ ਬੜੀ ਪ੍ਰਸੰਨਤਾ ਹੋ ਰਹੀ ਹੈ, ਖਾਸ ਕਰਕੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਮੇਂ।
ਅੰਤਿਕਾ: ਭਗਤ ਤ੍ਰਿਲੋਚਨ ਜੀ
ਅੰਤਰੁ ਮਲਿ ਨਿਰਮਲ ਨਹੀਂ ਕੀਨਾ
ਬਾਹਰਿ ਭੇਖ ਉਦਾਸੀ॥
ਹਿਰਦੈ ਕਮਲੁ ਘਟਿ ਬ੍ਰਹਮ ਨ ਚੀਨਾ
ਕਾਹੇ ਭਇਆ ਸੰਨਿਆਸੀ॥
ਭਰਮੇ ਭੂਲੀ ਰੇ ਜੈ ਚੰਦਾ
ਨਹੀਂ ਨਹੀਂ ਚੀਨਿਆ ਪਰਮਾਨੰਦਾ॥