ਸ਼ਬਦ ਗੁਰੂ, ਗ੍ਰੰਥ ਗੁਰੂ ਅਤੇ ਦੇਹਧਾਰੀ ਗੁਰੂ

ਡਾ. ਹਰਦੇਵ ਸਿੰਘ ਵਿਰਕ
#360, ਸੈਕਟਰ 71, ਮੋਹਾਲੀ
ਸਿੱਖ ਜਗਤ ਲਈ ਇਹ ਸਭ ਤੋਂ ਅਹਿਮ ਸਵਾਲ ਹੈ ਕਿ ਉਹ ਕਿਸ ਗੁਰੂ ਉਪਰ ਟੇਕ ਰੱਖਣ। ਦੇਹਧਾਰੀ ਗੁਰੂ ਦੀ ਪਰੰਪਰਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਸਮੇਂ ਹੀ ਖਤਮ ਹੋ ਗਈ ਸੀ। 1708 ਈ: ਵਿਚ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਨੇ ਸਿੱਖ ਸੰਗਤ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਅਤੇ ਹੁਕਮ ਕੀਤਾ ਕਿ ਅੱਗੇ ਤੋਂ ਸਿੱਖਾਂ ਲਈ ‘ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਅਤੇ ਦੀਦਾਰ ਖਾਲਸੇ ਦਾ’ ਜ਼ਰੂਰੀ ਹੋਵੇਗਾ। ਵੈਸੇ ਤਾਂ ਗੁਰੂ ਨਾਨਕ ਦੇ ਸਮੇਂ ਵੀ ਸ਼ਬਦ ਨੂੰ ਹੀ ਗੁਰੂ ਮੰਨਿਆ ਜਾਂਦਾ ਸੀ ਜਿਵੇਂ ਕਿ ਸਿੱਧ ਗੋਸਟਿ ਬਾਣੀ ਤੋਂ ਸਪਸ਼ਟ ਹੋ ਜਾਂਦਾ ਹੈ,

ਸਵਾਲ: ਤੇਰਾ ਕਵਣੁ ਗੁਰੂ ਜਿਸ ਦਾ ਤੂ ਚੇਲਾ॥ (ਪੰਨਾ 942)
ਜਵਾਬ: ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (ਸਿੱਧ ਗੋਸਟਿ, ਪੰਨਾ 943)
ਸਿੱਖ ਗੁਰੂਆਂ ਨੇ ਆਪਣੇ ਜੀਵਨ ਕਾਲ ਦੌਰਾਨ ਬਾਣੀ ਦੀ ਰਚਨਾ ਕੀਤੀ ਤੇ ਗੁਰੂ ਅਰਜਨ ਦੇਵ ਜੀ ਨੇ ਇਸ ਗੁਰਬਾਣੀ ਨੂੰ ਪੋਥੀ ਦਾ ਰੂਪ ਦੇ ਦਿੱਤਾ ਅਤੇ ਇਸ ਦਾ ਹਰਿਮੰਦਰ ਵਿਖੇ ਪ੍ਰਕਾਸ਼ ਅਰੰਭ ਹੋ ਗਿਆ। ਗੁਰੂ ਅਰਜਨ ਸਾਹਿਬ ਇਸ ਪੋਥੀ ਬਾਬਤ ਲਿਖਦੇ ਹਨ,
ਪੋਥੀ ਪਰਮੇਸਰ ਕਾ ਥਾਨੁ॥
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ (ਸਾਰਗ ਮ: 5, ਪੰਨਾ 1226)
ਇਸ ਪੋਥੀ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਵੀ ਕਿਹਾ ਜਾਂਦਾ ਹੈ, ਪਰ ਗੁਰੂ ਕਾਲ ਸਮੇਂ ਇਸ ਨੂੰ ਪੋਥੀ ਸਾਹਿਬ ਕਿਹਾ ਜਾਂਦਾ ਸੀ। ਇਸ ਵਿਚ ਇਕੱਤਰ ਪੰਜ ਗੁਰੂਆਂ ਅਤੇ ਭਗਤਾਂ ਦੀ ਬਾਣੀ ਸ਼ਾਮਲ ਸੀ ਅਤੇ ਇਸ ਦਾ ਮਾਨ-ਸਨਮਾਨ ਅੱਜ ਦੇ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਕੀਤਾ ਜਾਂਦਾ ਸੀ।
ਸ਼ਬਦ ਅਤੇ ਗੁਰੂ ਦੋ ਪਦ ਹਨ। ਡਾ. ਦਵਿੰਦਰ ਸਿੰਘ ਚਾਹਲ ਹੋਰਾਂ ਆਪਣੀ ਪੁਸਤਕ ‘ਸ਼ਬਦ ਗੁਰੂ ਤੋਂ ਗ੍ਰੰਥ ਗੁਰੂ’ ਵਿਚ ਸ਼ਬਦ ਦੇ ਕਈ ਰੂਪਾਂ ਦਾ ਜ਼ਿਕਰ ਕੀਤਾ ਹੈ। ‘ਸ਼ਬਦ’ ਧੁਨੀ ਜਾਂ ਅਵਾਜ਼ ਲਈ ਵੀ ਵਰਤਿਆ ਗਿਆ ਹੈ,
ਅਨਹਤਾ ਸਬਦ ਵਾਜੰਤ ਭੇਰੀ॥
(ਗੁਰੂ ਗ੍ਰੰਥ ਸਾਹਿਬ, ਮ: 1, ਪੰਨਾ 663)
ਗੁਰਬਾਣੀ ਵਿਚ ‘ਸਬਦ’ ਹੁਕਮ, ਵਿਚਾਰ, ਫਿਲਸਫੇ, ਗੁਰੂ ਅਤੇ ਰੱਬ ਨੂੰ ਪਾਉਣ ਲਈ ਇਕ ਜ਼ਰੀਏ ਲਈ ਵੀ ਵਰਤਿਆ ਗਿਆ ਹੈ,
ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰ॥
(ਗੁਰੂ ਗ੍ਰੰਥ ਸਾਹਿਬ, ਮ: 3, ਪੰਨਾ 36)
ਸ਼ਬਦ ਅਤੇ ਬਾਣੀ ਇਕੋ ਰੂਪ ਵਿਚ ਵਰਤੇ ਗਏ ਹਨ। ਸ਼ਬਦਾਂ ਦੀ ਇਕੱਤਰਤਾ ਹੀ ਗੁਰਬਾਣੀ ਬਣ ਜਾਂਦੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਹੈ। ਇਹ ਬਾਣੀ ਸ਼ਬਦ ਰੂਪ ਹੋਣ ਕਰਕੇ ਪਰਮਾਤਮਾ ਦਾ ਸਰੂਪ ਹੈ ਅਤੇ ਗੁਰੂ ਕਹਾਉਂਦੀ ਹੈ,
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
(ਗੁਰੂ ਗ੍ਰੰਥ ਸਾਹਿਬ, ਮ: 4, ਪੰਨਾ 382)
ਸਿੱਖ ਧਰਮ ਦੀ ਇਹੋ ਵਿਲੱਖਣਤਾ ਹੈ ਕਿ ਇਸ ਵਿਚ ਦੇਹਧਾਰੀ ਗੁਰੂਆਂ ਦੀ ਹੋਂਦ ਸਮੇਂ ਵੀ ‘ਸ਼ਬਦ’ ਨੂੰ ਹੀ ਗੁਰੂ ਸਵੀਕਾਰਿਆ ਗਿਆ। ਇਹ ਜ਼ਰੂਰ ਹੈ ਕਿ ਬਾਕੀ ਗੁਰੂਆਂ ਨੇ ਆਪਣੀ ਹੋਂਦ ਨੂੰ ਗੁਰੂ ਨਾਨਕ ਤੋਂ ਅਲਹਿਦਾ ਨਹੀਂ ਮੰਨਿਆ ਅਤੇ ਨਾਨਕ ਜੋਤ ਰੂਪ ਵਿਚ ਹੀ ਪ੍ਰਵਾਨ ਚੜ੍ਹੇ। ਗੁਰੂ ਨਾਨਕ ਨੂੰ ਉਨ੍ਹਾਂ ਰੱਬ ਦਾ ਰੂਪ ਮੰਨਿਆ ਹੈ,
ਗੁਰ ਨਾਨਕ ਦੇਵ ਗੋਵਿੰਦ ਰੂਪ॥
(ਗੁਰੂ ਗ੍ਰੰਥ ਸਾਹਿਬ, ਮ: 5, ਪੰਨਾ 1192)
ਸ਼ਬਦ ਗੁਰੂ ਤੋਂ ਗ੍ਰੰਥ ਗੁਰੂ: ਇੱਕ ਵਿਸ਼ਲੇਸ਼ਣ
ਡਾ. ਚਾਹਲ ਦੀ ਖੋਜ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰ-ਗੱਦੀ ਦੇਣਾ ਇਕ ਇਤਿਹਾਸਕ ਘਟਨਾ ਹੈ, ਜਿਸ ਦੀ ਵਿਆਖਿਆ ਅਤੇ ਪੜਚੋਲ ਕਰਨੀ ਲਾਜ਼ਮੀ ਹੈ। ਮੈਕਲੌਡ ਮੰਨਦਾ ਹੈ ਕਿ ਗੁਰੂ ਸਾਹਿਬ ਨੇ ਗੁਰ-ਗੱਦੀ ਗੁਰੂ ਗੰ੍ਰਥ ਸਾਹਿਬ ਨੂੰ ਦਿੱਤੀ ਹੀ ਨਹੀਂ, ਇਹ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਨੂੰ ਇਕਮੁੱਠ ਰੱਖਣ ਲਈ ਕੀਤਾ ਗਿਆ ਸੀ। ਪ੍ਰੰਤੂ ਸਿੱਖ ਇਤਿਹਾਸਕਾਰ ਮੈਕਲੌਡ ਦੀ ਮਨੌਤ ਨੂੰ ਝੂਠਾ ਮੰਨਦੇ ਹਨ। ਭਾਈ ਪ੍ਰਹਿਲਾਦ ਸਿੰਘ ਦੇ ਰਹਿਤਨਾਮੇ ਤੋਂ ਗਵਾਹੀ ਮਿਲ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਸਿੱਖਾਂ ਲਈ ਫੁਰਮਾਨ ਸੀ,
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ॥
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ॥
(ਰਹਿਤਨਾਮੇ: ਪਿਆਰਾ ਸਿੰਘ ਪਦਮ)
ਇਸੇ ਰਹਿਤਨਾਮੇ ਵਿਚ ਭਾਈ ਪ੍ਰਹਿਲਾਦ ਸਿੰਘ ‘ਖਾਲਸੇ’ ਨੂੰ ਗੁਰੂ ਦਾ ਦਰਜਾ ਦਿੰਦੇ ਹਨ ਅਤੇ ਖਾਲਸੇ ਦੇ ਦੀਦਾਰ ‘ਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ-ਦੀਦਾਰ ਦਾ ਜ਼ਿਕਰ ਕਰਦੇ ਹਨ,
ਗੁਰੁ ਖਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ॥
ਜੋ ਸਿਖ ਮੋ ਮਿਲਬੈ ਚਹਿਹ ਖੋਜ ਇਨਹੁ ਮਹਿ ਲੇਹੁ॥
‘ਗੁਰੂ ਕੀਆਂ ਸਾਖੀਆਂ’ (ਲੇਖਕ ਸਰੂਪ ਸਿੰਘ ਕੌਸ਼ਿਸ਼) ਵਿਚ ਵੀ ਇਹੋ ਦੋਹਾ ਹੂ-ਬ-ਹੂ ਦਰਜ ਮਿਲਦਾ ਹੈ।
ਜੋ ਦੋਹਾ ਅੱਜ ਕੱਲ ਗੁਰਦੁਆਰਿਆਂ ਵਿਚ ਅਰਦਾਸ ਤੋਂ ਬਾਅਦ ਪੜ੍ਹਿਆ ਜਾਂਦਾ ਹੈ, ਉਹ ਗਿਆਨੀ ਗਿਆਨ ਸਿੰਘ ਵਲੋਂ ਘੜਿਆ ਗਿਆ ਸੀ ਅਤੇ ਉਪਰਲੇ ਰਹਿਤਨਾਮੇ ਵਾਲੇ ਦੋਹੇ ਦਾ ਵਿਗੜਿਆ ਰੂਪ ਹੈ,
ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ।
ਜਾ ਕਾ ਹਿਰਦਾ ਸੁਧਿ ਹੈ, ਖੋਜ ਸਬਦਿ ਮਹਿ ਲੇਹੁ।
ਵਿਚਾਰਨ ਦੀ ਗੱਲ ਹੈ ਕਿ ਦੇਹਧਾਰੀ ਖਾਲਸਾ ਤਾਂ ਗੁਰੂ ਦੀ ਦੇਹ ਹੋ ਸਕਦਾ ਹੈ, ਪਰ ਸ਼ਬਦ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਦੇਹ ਮੰਨਿਆ ਜਾ ਸਕਦਾ ਹੈ? ਇਸ ਧਾਰਨਾ ਨੇ ਸਿੱਖ ਜਗਤ ਵਿਚ ਇਕ ਹੋਰ ਗਲਤ ਪਰਿਪਾਟੀ ਨੂੰ ਜਨਮ ਦਿਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ‘ਅੰਗ’ ਕਿਹਾ ਜਾ ਰਿਹਾ ਹੈ। ਰੱਬ ਜਾਣੇ ਇਹ ਕਿਸੇ ਸਿੱਖ ਵਿਰੋਧੀ ਦੀ ਨਵੀਂ ਚਾਲ ਹੋਵੇ?
ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਤੋਂ ਕੋਈ ਸਿੱਖ ਮੁਨਕਰ ਨਹੀਂ ਹੋ ਸਕਦਾ, ਕਿਉਂਕਿ ਇਸ ਵਿਚ ‘ਸ਼ਬਦ ਗੁਰੂ’ ਦਾ ਖਜਾਨਾ ਹੈ। ‘ਪਰਚਾ ਸ਼ਬਦ ਦਾ, ਪੂਜਾ ਅਕਾਲ ਦੀ ਅਤੇ ਦੀਦਾਰ ਖਾਲਸੇ ਦਾ’ ਹੁਕਮ ਹੁਣ ਤਬਦੀਲ ਹੋ ਚੁਕਾ ਹੈ, ਤੇ ਪੂਜਾ ਗੁਰੂ ਗ੍ਰੰਥ ਸਾਹਿਬ ਦੀ ਹੋਣੀ ਸ਼ੁਰੂ ਹੋ ਗਈ ਹੈ। ਸਿੱਖੀ ਮੁੜ ਬ੍ਰਾਹਮਣਵਾਦੀ ਰੀਤਾਂ ਰਸਮਾਂ ਵਿਚ ਜਕੜੀ ਜਾ ਚੁਕੀ ਹੈ। ਮੰਦਿਰਾਂ ਵਿਚ ਬੁੱਤ ਪੂਜਾ ਹੁੰਦੀ ਹੈ ਅਤੇ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਉਸੇ ਪੱਧਰ ‘ਤੇ ਹੋ ਰਹੀ ਹੈ। ਲੋੜ ਹੈ, ਸ਼ਬਦ ਗੁਰੂ ਦੀ ਵਿਚਾਰ ਉਪਰ ਧਿਆਨ ਕੇਂਦ੍ਰਿਤ ਕੀਤਾ ਜਾਵੇ। ਕੀਰਤਨ ਦੀ ਪਰੰਪਰਾ ਤਾਂ ਠੀਕ ਚੱਲ ਰਹੀ ਹੈ।
ਡਾ. ਜਸਵੰਤ ਸਿੰਘ ਨੇਕੀ ਇਕ ਸੁੰਦਰ ਮਿਸਾਲ ਨਾਲ ਸ਼ਬਦ ਗੁਰੂ ਅਤੇ ਗ੍ਰੰਥ ਗੁਰੂ ਦੇ ਵਿਰੋਧਾਭਾਸ ਨੂੰ ਬਿਆਨ ਕਰਿਆ ਕਰਦੇ ਸਨ,
ਇਕ ਬਜੁਰਗ ਮਾਈ-ਬਾਪ ਦੇ ਤਿੰਨ ਪੁੱਤਰ ਕਮਾਈ ਕਰਨ ਅਮਰੀਕਾ ਪਹੁੰਚ ਗਏ। ਜਦੋਂ ਉਨ੍ਹਾਂ ਦਾ ਬਾਪ ਬੀਮਾਰ ਹੋ ਗਿਆ ਤਾਂ ਮਾਂ ਨੇ ਮਦਦ ਮੰਗੀ ਅਤੇ ਚਿੱਠੀ ਭੇਜੀ। ਪੁੱਤਰਾਂ ਨੇ ਚਿੱਠੀ ਨੂੰ ਪੜ੍ਹੇ ਬਿਨਾ ਰੁਮਾਲ ਵਿਚ ਵਲੇਟ ਕੇ ਰੱਖ ਦਿਤਾ ਅਤੇ ਪੂਜਾ ਅਰਚਾ ਸ਼ੁਰੂ ਕਰ ਦਿੱਤੀ। ਦੋ ਸਾਲ ਬਾਅਦ ਜਦੋਂ ਬਾਪ ਮਰ ਗਿਆ ਤਾਂ ਮਾਂ ਨੇ ਯਾਦ ਕਰਾਇਆ ਕਿ ਤੁਸੀਂ ਕੋਈ ਮਦਦ ਨਹੀਂ ਭੇਜੀ, ਜਿਸ ਕਰਕੇ ਤੁਹਾਡਾ ਬਾਪ ਚਲਾਣਾ ਕਰ ਗਿਆ।
ਪੁੱਤਰਾਂ ਨੇ ਕਿਹਾ ਕਿ ਅਸੀਂ ਤਾਂ ਚਿੱਠੀ ਦੀ ਪੂਜਾ ਕਰਦੇ ਰਹੇ ਹਾਂ, ਇਸ ਵਿਚਲਾ ਸੁਨੇਹਾ ਪੜ੍ਹਿਆ ਹੀ ਨਹੀਂ। ਕੁਝ ਇਹੋ ਜਿਹੀ ਹਾਲਤ ਅੱਜ ਦੇ ਸਿੱਖਾਂ ਦੀ ਹੈ, ਉਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰਾਂ ਦੀ ਦੇਹ ਮੰਨ ਕੇ ਪੂਜ ਰਹੇ ਹਨ, ਇਸ ਵਿਚਲੇ ਸ਼ਬਦ ਦੀ ਵਿਚਾਰ ਅਤੇ ਉਸ ਉਪਰ ਚੱਲਣ ਦੀ ਪ੍ਰਕ੍ਰਿਆ ਤੋਂ ਵਾਂਝੇ ਰਹਿ ਜਾਂਦੇ ਹਨ। ਲੋੜ ਹੈ, ਅਸੀਂ ਸ਼ਬਦ ਗੁਰੂ ਦੇ ਲੜ ਲੱਗੀਏ ਅਤੇ ਬੁੱਤ-ਪੂਜਾ ਜਿਹੇ ਰੁਝਾਨ ਤੋਂ ਉਪਰ ਉਠ ਕੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ।