ਇਕੱਲ

ਕਰੋਨਾ ਵਾਇਰਸ ਨੇ ਮਨੁੱਖਾ ਜੀਵਨ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ਵਿਦਵਾਨ ਲੋਕ ਇਸ ਵਾਇਰਸ ਕਾਰਨ ਪੈਦਾ ਹੋਈ ਬਿਮਾਰੀ ‘ਕੋਵਿਡ-19’ ਦੇ ਸਾਡੇ ਜੀਵਨ ਦੇ ਵੱਖ-ਵੱਖ ਪੱਖਾਂ ਉਤੇ ਪਏ ਅਸਰਾਂ ਬਾਰੇ ਆਪੋ-ਆਪਣੀਆਂ ਰਾਵਾਂ ਦੇ ਰਹੇ ਹਨ। ਇਨ੍ਹਾਂ ਸਾਰੇ ਪੱਖਾਂ ਤੋਂ ਇਲਾਵਾ ਇਸ ਵਾਇਰਸ ਨੇ ਮਨੁੱਖ ਦੀ ਰਹਿਣ-ਅਵਸਥਾ ਉਤੇ ਵੱਡਾ ਅਸਰ ਪਾਇਆ ਹੈ ਅਤੇ ਮਨੁੱਖ ਇਕੱਲ ਵਲ ਧੱਕਿਆ ਗਿਆ ਹੈ। ਪੰਜਾਬੀ ਸ਼ਾਇਰ ਅਤੇ ਆਲੋਚਕ ਗੁਰਦੇਵ ਚੌਹਾਨ ਨੇ ਆਪਣੇ ਇਸ ਲੇਖ ਵਿਚ ਇਕੱਲ ਦੇ ਦਾਰਸ਼ਨਿਕ ਪੱਖ ਬਾਰੇ ਚਰਚਾ ਕੀਤੀ ਹੈ।

ਉਨ੍ਹਾਂ ਮਨੁੱਖ ਦੇ ਜੀਵਨ ਨਾਲ ਜੁੜੀ ਇਕੱਲ ਬਾਰੇ ਆਪਣੀ ਗੱਲ ਇੰਨੇ ਸੌਖੇ ਅਤੇ ਸਰਲ ਢੰਗ ਨਾਲ ਪਾਠਕ ਤਕ ਅੱਪੜਦੀ ਕੀਤੀ ਹੈ ਕਿ ਪਾਠਕ ਆਪਣੇ ਜੀਵਨ ਦੇ ਬਹੁਤ ਸਾਰੇ ਅਣਗੌਲੇ ਪੱਖਾਂ ਬਾਰੇ ਸੋਚਣ ਦੇ ਆਹਰੇ ਲੱਗ ਜਾਂਦਾ ਹੈ। -ਸੰਪਾਦਕ

ਗੁਰਦੇਵ ਚੌਹਾਨ

ਸ਼ਬਦ ‘ਇਕੱਲ’ ਬੋਲਦਿਆਂ ਹੀ ਬੰਦਾ ਮਾਸੂਮ, ਜਰਜਰੀ ਅਤੇ ਅਸਥਿਰ ਅਵਸਥਾ ਵਿਚ ਘਿਰ ਗਿਆ ਮਹਿਸੂਸ ਕਰਦਾ ਹੈ। ਇਕ ਅਕਾਰਹੀਣ ਪਰ ਤੀਬਰ ਫਿਕਰ, ਡਰ, ਤੌਖਲਾ, ਹਕੀਕਤ ਅਤੇ ਮਲੂਕ ਸਥਿਤੀ ਵਿਚ ਵਿਚਰਨ ਲੱਗ ਪੈਂਦਾ ਹੈ। ਆਖਰ ਇਹ ਕੀ ਹੈ, ਜੋ ਹੋਂਦ, ਅਸਤਿਤਵ, ਇਕਾਈ, ਇਕੱਲ ਵਿਚਾਲੇ ਸਾਂਝਾ ਅਤੇ ਵੱਖਰਾ ਹੈ? ਇਹ ਕੀ ਹੈ, ਜੋ ਬੰਦੇ ਦਾ ਪਰਛਾਵੇਂ ਵਾਂਗ ਪਿੱਛਾ ਕਰਦਾ ਹੈ; ਹਰ ਵਕਤ, ਹਰ ਥਾਂ, ਹਰ ਅਵਸਥਾ ਵਿਚ, ਹਰ ਉਮਰ ਵਿਚ ਅਤੇ ਹਰ ਪਲ ਵਿਚਕਾਰ।
ਬੰਦਾ ਹਰ ਸਾਹ ਲੈਣ ਵੇਲੇ ਇਕੱਲਾ ਹੁੰਦਾ ਹੈ ਅਤੇ ਆਖਰੀ ਸਾਹ ਲੈਣ ਵੇਲੇ ਵੀ। ਨੁਕਤਾ, ਬਿੰਦੂ, ਪਾਣੀ ਦਾ ਤੁਪਕਾ, ਰੇਤੇ ਦਾ ਕਣ, ਸਾਗਰ ਦੀ ਛੱਲ, ਜ਼ਿੰਦਗੀ ਅਤੇ ਕੁਦਰਤ ਦੇ ਹਜ਼ਾਰਾਂ ਝੱਖੜਾਂ ਅਤੇ ਹਨੇਰੀਆਂ ਵਿਚ ਬੰਦੇ ਦਾ ਲਿਆ ਨਿੱਕਾ ਜਿਹਾ ਸਾਹ, ਇਹ ਸਾਰੇ ਇਕੱਲੇ ਹਨ। ਇਕੱਲੇ ਅਤੇ ਉਦਾਸੇ ਉਦਾਸੀਨਤਾ ਦਾ ਅਹਿਸਾਸ ਜਗਾਉਂਦੇ ਹਨ। ਇਕੱਲ ਦਾ, ਇਕੱਲੇ ਹੋਣ ਦਾ, ਕਿਸੇ ਹੋਰ ਜਿਹਾ ਨਾ ਹੋਣ ਦਾ, ਕਿਸੇ ਹੋਰ ਦਾ ਤੁਹਾਡੀ ਥਾਂ ਨਾ ਲੈ ਸਕਣ ਦਾ। ਸੰਸਾਰ ਵਿਚ ਜਿੰਨੇ ਵੀ ਨੰਨੇ ਹਨ-ਉਹ ਮਨੁੱਖ ਦੀ ਇਕੱਲ ਨੂੰ ਬੁਣਦੇ ਹਨ, ਮਿਣਦੇ ਹਨ, ਘੜਦੇ ਹਨ, ਉਜਾਗਰ ਕਰਦੇ ਹਨ।
ਬਿੰਦੂ, ਤੁਪਕਾ ਅਤੇ ਰੇਤ ਦਾ ਕਣ ਅਤੇ ਦੂਜੇ ਪਾਸੇ ਬ੍ਰਹਿਮੰਡ ਦੀ ਤਸਵੀਰ ਸਾਗਰ ਅਤੇ ਰੇਗਿਸਤਾਨ। ਸਫਰ ਬਹੁਤ ਲੰਮਾ ਹੈ। ਅਨੇਕਾਂ ਮਨੁੱਖਾਂ, ਜੀਵ ਜੰਤੂਆਂ ਨਾਲ ਭਰੀ ਦੁਨੀਆਂ ਵਿਚ ਮਨੁੱਖ ਸਿਰਫ ਆਪਣੇ ਬਦਨ ਦੀ ਦੀਵਾਰ ਦੇ ਸਹਾਰੇ ਖਲੋਤਾ ਹੈ। ਭਲਾ ਇਕ ਬਿੰਦੂ ਵਿਚ ਕਿੰਨੀ ਕੁ ਤਸਵੀਰ ਹੁੰਦੀ ਹੈ; ਇਕ ਤੁਪਕੇ ਵਿਚ ਕਿੰਨਾ ਕੁ ਸਾਗਰ ਹੁੰਦਾ ਹੈ ਅਤੇ ਰੇਤ ਦੇ ਇਕ ਕਣ ਵਿਚ ਕਿੰਨਾ ਕੁ ਰੇਗਿਸਤਾਨ ਹੁੰਦਾ ਹੈ? ਕਲਪਨਾ ਪਥਰਾ ਜਾਂਦੀ ਹੈ; ਅੰਕੜੇ ਗਿਰ ਜਾਂਦੇ ਹਨ; ਪਰਛਾਵਾਂ ਹੋਰ ਵੀ ਧੁੰਦਲਾ ਹੋ ਜਾਂਦਾ ਹੈ ਅਤੇ ਇਕੱਲ ਹੋਰ ਵੀ ਗਾੜ੍ਹੀ। ਉਦਾਸੀ ਮਨ ਦੀਆਂ ਕੰਦਰਾਂ ਵਿਚੋਂ ਨਿਕਲ ਕੇ ਤੁਹਾਡੇ ਹੱਥਾਂ ਦਿਆਂ ਪੋਟਿਆਂ ਤੀਕ ਆ ਜਾਂਦੀ ਹੈ।
ਇਕੱਲ-ਮਨੁੱਖ ਹੋਣ ਦੀ ਸਜ਼ਾ, ਸ਼ਾਇਦ ਨਾਲ ਹੀ ਮਨੁੱਖ ਹੋਣ ਦਾ ਵਰਦਾਨ। ਸਾਰਤਰ ਕਹਿੰਦਾ ਹੈ, “ਮਨੁੱਖ ਜਨਮ ਤੋਂ ਹੀ ਇਕੱਲ ਦੀ ਸਜ਼ਾ ਭੋਗਦਾ ਹੈ। ਉਸ ਨੂੰ ਇਕੱਲ ਦੀ ਕਦੀਮੀ ਸਜ਼ਾ ਦਿੱਤੀ ਗਈ ਹੈ। ਸਿਰਫ ਉਹ ਬੰਦਾ ਹੀ ਆਜ਼ਾਦ ਹੁੰਦਾ ਹੈ, ਜਿਸ ਨੂੰ ਫਾਂਸੀ ਦੇਣ ਲਈ ਲਿਜਾਇਆ ਜਾ ਰਿਹਾ ਹੁੰਦਾ ਹੈ।” ਕੀ ਅਜਿਹੇ ਮਨੁੱਖ ਨੂੰ ਉਸ ਦੀ ਇਕੱਲ ਤੋਂ ਵੀ ਨਾਲ ਹੀ ਆਜ਼ਾਦੀ ਮਿਲ ਗਈ ਹੁੰਦੀ ਹੈ। ਉਤਰ ਯਕੀਨਨ ਨਾਂਹ ਵਿਚ ਹੋਵੇਗਾ। ਇਕੱਲ ਵਿਯੋਗੀ ਹੋਣ ਦਾ ਦੂਜਾ ਨਾਂ ਹੈ, ਹਾਸ ਦਾ ਦੂਜਾ ਨਾਂ। ਇਕੱਲ ਮੌਤ ਅਤੇ ਜਨਮ ਵਿਚਾਲੇ ਮਨੁੱਖ ਨੂੰ ਉਸ ਦੀ ਹੋਂਦ ਦਾ ਅਹਿਸਾਸ ਕਰਾਉਂਦੀ ਹੈ। ਹੋਂਦ-ਚੇਤਨਤਾ ਹੀ ਇਕ ਤਰ੍ਹਾਂ ਨਾਲ ਇਕੱਲ ਹੈ, ਪਰ ਇਕੱਲ ਚੇਤਨਤਾ ਤੋਂ ਅੱਗੇ ਪਿੱਛੇ ਸਫਰ ਜਾਂਦੀ ਹੈ। ਇਹ ਵੱਧ ਸਫਰ ਕਰਦੀ ਹੈ ਅਤੇ ਜ਼ਿੰਦਗੀ ਦਾ ਵੱਧ ਥਾਂ ਘੇਰਦੀ ਅਤੇ ਵੱਧ ਵਜ਼ਨ ਚੁਕਦੀ ਹੈ।
ਇਕੱਲ ਬੱਚੇ ਦੀ ਪਹਿਲੀ ਚੀਕ ਨਾਲ ਹੀ ਜੰਮਦੀ ਹੈ; ਇਹ ਉਸ ਨਾਲ ਪੰਘੂੜੇ ਵਿਚ ਖੇਡਦੀ ਹੈ; ਬਾਲ ਵਰੇਸ ਵਿਚ ਗੇਂਦ-ਬੱਲਾ ਚੁੱਕ ਲੈਂਦੀ ਹੈ। ਜਵਾਨੀ ਵੇਲੇ ਕਿਸੇ ਨਾਲ ਆਢਾ ਲਾਉਂਦੀ ਹੈ। ਵਧਦੀ ਉਮਰ ਦੇ ਸਾਰੇ ਅਨੰਦਾਂ, ਫਿਕਰਾਂ ਅਤੇ ਅਵਸਥਾਵਾਂ ਵਿਚੋਂ ਲੰਘਦੀ ਹੈ। ਇਕੱਲ ਬਿਮਾਰ ਨਾਲ ਬਿਮਾਰ ਹੁੰਦੀ ਹੈ ਅਤੇ ਤਕੜੇ ਨਾਲ ਤਕੜਾ। ਫਿਰ ਆਖਰਕਾਰ ਇਹ ਮਨੁੱਖ ਦੀ ਮੌਤ ਨਾਲ ਆਪਣਾ ਗਲਾ ਵੀ ਘੁੱਟ ਲੈਂਦੀ ਹੈ। ਇਸ ਤਰ੍ਹਾਂ ਹਰ ਬੰਦੇ ਦੀ ਇਕੱਲ ਉਸ ਦੇ ਨਾਲ ਹੀ ਦਫਨ ਕਰ ਦਿੱਤੀ ਜਾਂਦੀ ਹੈ।
ਹਾਂ, ਇਕੱਲ ਦਾ ਭਾਰ ਹੁੰਦਾ ਹੈ। ਇਹ ਬੰਦੇ ਦੇ ਮਨ ਨੂੰ ਉਸ ਦੇ ਸਰੀਰ ਵਾਂਗ ਚੁੱਕਣਾ ਪੈਂਦਾ ਹੈ। ਇਕੱਲ ਵਸਤਰ ਵਾਂਗ ਨਹੀਂ ਹੁੰਦੀ, ਜਿਸ ਨੂੰ ਪਹਿਨਿਆ, ਉਤਾਰਿਆ ਜਾਂ ਬਦਲਿਆ ਜਾ ਸਕੇ। ਇਕੱਲ ਕਮਜ਼ੋਰੀ ਵੀ ਨਹੀਂ ਹੈ। ਹਾਂ, ਕਮਜ਼ੋਰ ਮਨੁੱਖ ਦੀ ਇਕੱਲ ਵੀ ਕਮਜ਼ੋਰ ਅਤੇ ਬਿਮਾਰ ਹੋ ਜਾਂਦੀ ਹੈ। ਕਈ ਬੰਦੇ ਇਕੱਲ ਤੋਂ ਘਬਰਾ ਕੇ ਭੀੜ ਦਾ ਅੰਗ ਬਣ ਜਾਂਦੇ ਹਨ, ਵਸਤ ਵਾਂਗ। ਦੂਜੇ ਬੰਨੇ ਕੋਈ ਕਮਜ਼ੋਰ ਬੰਦਾ ਆਪਣੀ ਇਕੱਲ ਵਿਚ ਸ਼ਰਨ ਲੈ ਲੈਂਦਾ ਹੈ। ਆਪਣੀ ਜ਼ਿੰਦਗੀ ਦੇ ਅਸਲੀ ਪਿੜ ਨੂੰ ਛੱਡ ਆਪਣੀ ਇਕੱਲ ਵਿਚ ਪਨਾਹ ਲੈ ਲੈਣਾ ਕਮਜ਼ੋਰੀ ਹੈ। ਤਕੜਾ ਮਨੁੱਖ ਆਪਣੀ ਜ਼ਿੰਦਗੀ ਦੀ ਲੜਾਈ ਲੜਦਾ ਆਪਣੀ ਇਕੱਲ ਨਾਲ ਵੀ ਜੂਝਣ ਲੱਗਦਾ ਹੈ। ਉਹ ਆਪਣੀ ਇਕੱਲ ਤਿਆਗਦਾ ਨਹੀਂ, ਸਗੋਂ ਆਪਣੀ ਇਕੱਲ ਨੂੰ ਆਪਣੀ ਅਸਲੀ ਮੁਕਤੀ ਅਤੇ ਆਜ਼ਾਦੀ ਬਣਾ ਲੈਂਦਾ ਹੈ। ਅਜਿਹੇ ਬੰਦੇ ਦੀ ਇਕੱਲ ਜਿੰਦਾ-ਦਿਲੀ ਦੇ ਵਲਵਲੇ ਵਾਂਗ ਮਘਦੀ ਅਤੇ ਜਗਦੀ ਹੈ। ਇਹ ਉਸ ਦਾ ਅੰਤਰੀਵ ਰੌਸ਼ਨ ਕਰ ਦਿੰਦੀ ਹੈ। ਇਕੱਲ ਅਜਿਹੇ ਸਮੇਂ ਉਸ ਦੀ ਰੂਹ ਦੀ ਅਵਾਜ਼ ਬਣ ਜਾਂਦੀ ਹੈ। ਅਜਿਹੇ ਬੰਦੇ ਦੀ ਇਕੱਲ ਮਧੂ ਮੱਖੀ ਦੀ ਇਕੱਲ ਜਿਹੀ ਹੈ, ਜੋ ਇਤਨੀ ਹਲਕੀ ਹੋ ਜਾਂਦੀ ਹੈ ਕਿ ਉਹ ਉਡਦੀ ਹੋਈ ਸ਼ਹਿਦ ਦੀ ਬੂੰਦ ਲਈ ਜੰਗਲਾਂ, ਖੇਤਾਂ ਵਿਚ ਉਗੇ ਫੁੱਲ ਲੱਭ ਲੈਂਦੀ ਹੈ।
ਅਸਲ ਵਿਚ ਬੰਦੇ ਨੂੰ ਆਪਣੀ ਇਕੱਲ ਦਾ ਅਹਿਸਾਸ ਵੱਧ ਤੀਬਰਤਾ ਨਾਲ ਉਸ ਵੇਲੇ ਹੁੰਦਾ ਹੈ, ਜਦ ਉਹ ਦੁਨੀਆਂ ਦੀ ਭੀੜ ਵਿਚ ਘਿਰ ਜਾਂਦਾ ਹੈ। ਸ਼ਹਿਰ ਦੀ ਗਹਿਮਾ-ਗਹਿਮੀ ਵੇਲੇ, ਜੰਝਾਂ, ਛਿੰਜਾਂ ਤੇ ਮੇਲਿਆਂ ਦੀ ਚੜ੍ਹਤ ਅਤੇ ਵਿਛੜਨ ਵੇਲੇ, ਜਲਸਿਆਂ, ਜਲੂਸਾਂ, ਕੀਰਤਨ ਦਰਬਾਰਾਂ, ਖੇਡ-ਮੈਦਾਨਾਂ, ਯੁੱਧਾਂ, ਤਬਾਹੀਆਂ, ਬਰਬਾਦੀਆਂ, ਜਿੱਤਾਂ ਤੇ ਹਾਰਾਂ ਵਿਚਾਲੇ ਇਕੱਲ ਮਘਣ ਲਗ ਪੈਂਦੀ ਹੈ। ਅਜਿਹੇ ਸਮਿਆਂ ਅਤੇ ਹਾਲਾਤ ਵਿਚ ਬੰਦਾ ਮਹਿਸੂਸ ਕਰਦਾ ਹੈ ਕਿ ਉਹ ਭਿਆਨਕ ਢੰਗ ਨਾਲ ਇਕੱਲਾ ਹੈ। ਕੋਈ ਉਸ ਦਾ ਸਾਥ ਨਹੀਂ ਦੇ ਸਕਦਾ। ਇਕੱਲ ਅਜਿਹੇ ਛਿਣਾਂ ਵਿਚਾਲੇ ਅਸੁਰੱਖਿਅਤ ਸਮੇਂ ਦੇ ਭੈਅ ਅਤੇ ਕਹਿਰ ਦਾ ਖਿਆਲ ਉਪਜਾਉਂਦੀ ਹੈ।
ਇਕੱਲ ਛੋਟੀ ਵੱਡੀ ਨਹੀਂ ਹੁੰਦੀ। ਇਸ ਦੀ ਆਪਣੀ ਵੰਨਗੀ, ਅਹਿਸਾਸ ਮਾਤਰਾ, ਸ਼ਾਨ, ਅਲਹਿਦਗੀ ਅਤੇ ਜ਼ਰਖੇਜ਼ਤਾ ਹੁੰਦੀ ਹੈ। ਜਿਵੇਂ ਜੰਗਲ ਵਿਚ ਸੁੱਤੇ ਸ਼ੇਰ ਦੀ ਇਕੱਲ; ਰਾਜੇ ਦੀ ਭਰੇ ਦਰਬਾਰ ਵਿਚ ਇਕੱਲ, ਜਦ ਲੋਕੀਂ ਉਸ ਨੂੰ ਝੁਕ ਕੇ ਸਲਾਮ ਕਰ ਰਹੇ ਹੋਣ; ਸਰਕਸ ਦੇ ਜੋਕਰ ਦੀ ਇਕੱਲ, ਜਦ ਉਹ ਦਰਸ਼ਕਾਂ ਦੀ ਵਾਹ-ਵਾਹ ਵਿਚਾਲੇ ਆਪਣੀ ਅੰਦਰਲੀ ਖਾਈ ਨੂੰ ਮੁਖਾਤਬ ਹੁੰਦਾ ਹੈ; ਰੋਗੀ ਦੀ ਇਕੱਲ, ਜਿਸ ਦੀ ਅਰੋਗਤਾ ਉਸ ਨੂੰ ਸਜ਼ਾ ਸੁਣਾਉਂਦੀ ਹੈ; ਕਾਤਲ ਦੀ ਇਕੱਲ, ਜੋ ਹਰ ਮਨੁੱਖੀ ਚੀਕ ਜਾਂ ਦਰਦੀਲੀ ਅਵਾਜ਼ ਤੋਂ ਚੌਂਕ ਜਾਂਦੀ ਹੈ ਅਤੇ ਹਰ ਆਸ਼ਕ ਦੀ ਇਕੱਲ, ਜੋ ਆਪਣੇ ਭੇਤ ਤੇ ਗ਼ਮ ਨੂੰ ਚੋਰ ਵਾਂਗ ਸਾਂਭ ਕੇ ਰੱਖਦਾ ਹੈ, ਇਤਿਆਦ।
ਇਕੱਲ ਇਕ ਸ਼ਬਦ ਨਹੀਂ, ਦੋ ਸ਼ਬਦਾਂ ਦੇ ਵਿਚਾਲੇ ਖਾਲੀ ਥਾਂ ਹੈ, ਖਾਲੀ ਸਪੇਸ। ਫਿਰ ਵੀ ਹਾਸ਼ੀਏ ‘ਤੇ ਪਈ ਵਸਤ ਨਹੀਂ। ਭਰੇ ਹੋਏ ਪੰਨੇ ਦਾ ਖਾਲੀਪਣ। ਇਕੱਲ ਖਾਲੀ ਬਰਤਨ ਵਾਂਗ ਹੈ, ਜੋ ਭਰੇ ਜਾਣ ਦੀ ਸੰਭਾਵਨਾ ਨਾਲ ਭਰਿਆ ਹੁੰਦਾ ਹੈ। ਇਹ ਨਾ ਉਛਲਦੀ ਹੈ, ਨਾ ਖਾਲੀ ਹੁੰਦੀ ਹੈ…ਇਹ ਨਾ ਥੋੜ੍ਹੀ ਹੈ, ਤੇ ਨਾ ਫਾਲਤੂ ਕਰਾਰ ਦਿੱਤੀ ਹੋਈ ਬਹੁਲਤਾ। ਇਹ ਸਾਹ ਜਿੰਨੀ ਨਿੱਕੀ ਅਤੇ ਅਹਿਮ ਹੈ। ਦਿਲ ਜਿੰਨੀ ਵਿਸ਼ਾਲ ਅਤੇ ਵਿਰਾਟ। ਇਕੱਲ ਮਨੁੱਖ ਦਾ ਖਾਸਾ ਹੈ। ਇਹ ਮਨੁੱਖ ਨੂੰ ਪਸੂ ਤੋਂ ਵੱਖ ਕਰਦੀ ਹੈ। ਸਮਾਜ ਤਾਂ ਪਸੂਆਂ ਦਾ ਵੀ ਹੁੰਦਾ ਹੈ- ਇੱਜੜ, ਵੱਗ, ਕੀੜੀਆਂ ਦਾ ਭੌਣ, ਕੂੰਜਾਂ ਦੀ ਡਾਰ, ਮਧੂ ਮੱਖੀਆਂ ਦਾ ਛੱਤਾ, ਮੱਛੀਆਂ ਦਾ ਪੁੰਜ, ਹਾਥੀਆਂ ਦਾ ਝੁੰਡ।
ਤੁਸੀਂ ਇਕੱਲ ਨੂੰ ਆਪਣਾ ਰੰਗ ਦੇ ਸਕਦੇ ਹੋ, ਆਪਣੀ ਮਹਿਕ। ਇਸ ਦਾ ਅਹਿਸਾਸ ਇਸ ਗੱਲ ਜਾਂ ਤੱਥ ਵਿਚੋਂ ਆਉਂਦਾ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਇਕੱਲਾ ਹੈ। ਕੋਈ ਉਸ ਦਾ ਭਾਰ ਇਸ ਤਰ੍ਹਾਂ ਨਹੀਂ ਵੰਡਾ ਸਕਦਾ ਕਿ ਉਸ ਦੀ ਇਕੱਲ ਹਮੇਸ਼ਾ ਲਈ ਖਤਮ ਹੋ ਜਾਵੇ। ਭਰਾ-ਭੈਣ, ਮਾਂ-ਪਿਓ, ਧੀ-ਪੁੱਤਰ, ਪਤੀ-ਪਤਨੀ, ਰਿਸ਼ਤੇਦਾਰ, ਸੰਗੀ-ਸਾਥੀ ਉਸ ਦੀ ਜ਼ਿੰਦਗੀ ਵਿਚ ਕਾਫੀ ਹੱਦ ਤੀਕ ਹਿੱਸਾ ਪਾਉਂਦੇ ਹਨ। ਦੁਖਾਂ ਸੁੱਖਾਂ ਵਿਚ ਉਸ ਦੇ ਨਾਲ ਖੜ੍ਹਦੇ ਹਨ, ਪਰ ਇਸ ਸਾਰਾ ਕੁਝ ਇਕ ਹੱਦ ਤੀਕ ਹੀ ਉਹ ਕਰ ਸਕਦੇ ਹਨ। ਬੜਾ ਕੁਝ ਬਚ ਜਾਂਦਾ ਹੈ, ਜੋ ਵੰਡਿਆ-ਵੰਡਾਇਆ ਨਹੀਂ ਜਾ ਸਕਦਾ। ਤੁਸੀਂ ਦੂਜੇ ਦੇ ਮੂੰਹ ਨਾਲ ਆਪਣਾ ਹਾਸਾ ਨਹੀਂ ਹੱਸ ਸਕਦੇ। ਇਕੱਲ ਤਾਂ ਖਾਜ ਵਾਂਗ ਹੈ ਜਾਂ ਲਸੂੜੇ ਦੀ ਗਿਟਕ ਵਾਂਗ ਹੈ, ਜੋ ਤੁਹਾਡੇ ਨਾਲ ਚਿੰਬੜ ਜਾਂਦੀ ਹੈ। ਇਕੱਲ ਤੁਹਾਡੇ ਸਰੀਰ ਨਾਲ ਸਰੀਰ ਦੀ ਚਮੜੀ ਵਾਂਗ ਚਿੰਬੜੀ ਹੋਈ ਹੈ।
ਇਕੱਲ ਸਮੁੱਚੀ ਚੀਜ਼ ਹੈ। ਇਹ ਦੋਫਾੜ ਨਹੀਂ ਹੋ ਸਕਦੀ। ਇਸ ਨੂੰ ਹਿੱਸਾ ਜਾਂ ਭਾਗ ਨਹੀਂ ਬਣਾਇਆ ਜਾ ਸਕਦਾ। ਇਹ ਵਸਤੂ ਵੀ ਨਹੀਂ ਹੈ। ਇਸ ਦੀ ਆਪਣੀ ਸਵੈ-ਇੱਛਤ ਹੋਂਦ ਹੈ, ਆਪਣੀ ਸਵੈ-ਕੇਂਦਰਤਾ। ਇਸ ਦੀ ਆਪਣੀ ਉਤਮਪੁਰਖਤਾ ਹੈ। ਇਹ ਵਿਹਲ ਅਤੇ ਫੁਰਸਤ ਦੀ ਵੀ ਸਮਅਰਥੀ ਨਹੀਂ। ਇਹ ਦਾਰਸ਼ਨਿਕ ਸੰਬੋਧ ਹੈ। ਹੈਡੇਗਰ ਦੀ ਹੋਂਦ ਦਾ ਸੰਕਲਪ ਕਾਫੀ ਹੱਦ ਤੀਕ ਇਸ ਦੇ ਅਰਥਾਂ ਨੂੰ ਢਕਦਾ ਹੈ। ਅਸਲ ਵਿਚ ਇਹ ਇਕਹਿਰੀ ਚੀਜ਼ ਨਹੀਂ ਹੈ, ਇਹ ਬਹੁ-ਦਿਸ਼ਾਵੀ ਅਤੇ ਬਹੁ-ਪਰਤੀ ਵਸਤ ਹੈ। ਤੁਸੀਂ ਇਸ ਬਾਰੇ ਇਹ ਨਹੀਂ ਕਹਿ ਸਕਦੇ, ਦੇਖੋ ਇਕੱਲ ਇਹ ਹੁੰਦੀ ਹੈ, ਪਰ ਅਸੀਂ ਇਸ ਦਾ ਨਾਮਕਰਨ ਕਰ ਸਕਦੇ ਹਾਂ। ਉਂਜ, ਇਹ ਵਿਆਖਿਆ ਨਾਲ ਖਤਮ ਨਹੀਂ ਕੀਤੀ ਜਾ ਸਕਦੀ। ਇਸ ਦੀ ਤਹਿ ਦਾ ਪਿਆਜ਼ ਵਾਂਗ ਕੋਈ ਅੰਤ ਜਾਂ ਅਰੰਭ ਨਹੀਂ। ਇਕੱਲ ਵਰਗ, ਕਾਰਜ, ਸਾਲ, ਕਾਰਨ, ਗੁਣਾਂ ਅਤੇ ਗਿਣਤੀਆਂ ਵਿਚ ਨਹੀਂ ਪੈਂਦੀ। ਇਹ ਮੰਡੀ ਦੀ ਵਸਤ ਨਹੀਂ ਹੈ। ਜ਼ਿੰਦਗੀ ਵਾਂਗ ਇਹ ਸਮੁੱਚੀ ਕੱਥ ਵਿਚ ਆਉਂਦੀ ਹੈ।
ਇਕੱਲ ਸਾਡੀ ਜਗੀਰ ਹੈ, ਜ਼ਿੰਦਗੀ ਦਾ ਹਾਸਲ। ਬੰਦਾ ਆਪਣੀ ਇਕੱਲ ਵਿਚ ਇਸ ਤਰ੍ਹਾਂ ਮਹਿਸੂਸ ਕਰਦਾ ਹੈ, ਜਿਵੇਂ ਕੱਛੂ ਆਪਣੀ ਸਖਤ ਚਮੜੀ ਦੇ ਖੋਲ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈ।
ਇਹ ਅਜਿਹੀ ਸੁਰੰਗ ਹੈ, ਜਿਸ ਦਾ ਦੂਜਾ ਸਿਰਾ ਰੌਸ਼ਨੀ ਵਿਚ ਨਾ ਖੁੱਲ੍ਹਦਾ ਹੋਵੇ। ਇਹ ਅੰਨ੍ਹੀ ਗੁਫਾ ਅਤੇ ਅੰਨ੍ਹੇ ਖੂਹ ਵਾਂਗ ਹੈ, ਜਿਸ ਦਾ ਖਾਣ ਵਾਲਾ ਮੂੰਹ ਜ਼ਿੰਦਗੀ ਵੱਲ ਖੁੱਲ੍ਹਾ ਰਹਿੰਦਾ ਹੋਵੇ। ਇਹ ਦੋ ਮਨੁੱਖਾਂ ਵਿਚਕਾਰ ਫਰਕ, ਵਿੱਥ, ਖਾਈ, ਚੁੱਪ ਅਤੇ ਹਨੇਰੇ ਦਾ ਨਾਂ ਹੈ। ਇਸ ਦੇ ਬਾਵਜੂਦ ਬਹੁਤ ਸਾਰੇ ਮਨੁੱਖਾਂ ਵਿਚਕਾਰ ਬਹੁਤ ਕੁਝ ਸਾਂਝਾ ਹੈ। ਮਨੁੱਖ ਦੀ ਸਮਾਜਕਤਾ ਇਕ ਸਭਿਆਚਾਰਕ ਪ੍ਰਕਾਰਜ ਹੈ। ਇਸ ਪ੍ਰਕਾਰਜ ਵਿਚ ਇਕੱਲ ਦਾ ਅਹਿਸਾਸ ਘਟ ਜਾਂਦਾ ਹੈ। ਇਕੱਲ ਦਾ ਸਮਾਜੀਕਰਨ ਹੀ ਮਨੁੱਖ ਨੂੰ ਰਿਸ਼ਤਿਆਂ, ਵੰਡਾਂ ਵਿਚ ਪਾਉਂਦਾ ਹੈ। ਬੰਦੇ ਦੀ ਇਕੱਲ ਵਾਂਗ ਇਕ ਸਮਾਜਕ ਜਾਤੀ ਦੀ ਵੀ ਇਕੱਲ ਹੁੰਦੀ ਹੈ, ਜੋ ਦੂਜੇ ਸਮਾਜ ਸਮੂਹਾਂ ਨਾਲੋਂ ਵੱਖਰੀ ਹੋਂਦ ਰੱਖਣ ਵੱਲ ਰੁਚਿਤ ਹੁੰਦੀ ਹੈ। ਇਸ ਤਰ੍ਹਾਂ ਇਕੱਲ ਰਾਜਨੀਤਕ ਸਰੋਕਾਰਾਂ ਵਿਚ ਖੰਡਿਤ ਅਤੇ ਖਚਿਤ ਹੋ ਜਾਂਦੀ ਹੈ, ਪਰ ਮਨੁੱਖੀ ਇਕੱਲ ਫਿਰ ਵੀ ਆਪਣੀ ਕੜੀ ਵਿਅਕਤੀ ਵਿਸ਼ੇਸ਼ ਨੂੰ ਬਣਾਉਂਦੀ ਹੈ। ਬੰਦਾ ਹੀ ਇਕੱਲ ਦੀ ਉਮਰ ਕੈਦ ਭੁਗਤਦਾ ਹੈ।
ਇਕੱਲ ਆਪਣੇ ਪੈਰਾਂ ‘ਤੇ ਘੁੰਮਦੀ ਵਸਤੂ ਦਾ ਨਾਂ ਹੈ। ਇਸ ਦਾ ਨਾ ਕੋਈ ਅਰੰਭ ਹੁੰਦਾ ਹੈ ਅਤੇ ਨਾ ਕੋਈ ਅੰਤ। ਇਹ ਇਕ ਘੇਰੇ ਵਾਂਗ ਹੈ, ਗੋਲ ਚੱਕਰ ਵਾਂਗ ਹੈ। ਚੱਕਰ ਦੇ ਅਰੰਭ ਅਤੇ ਅੰਤ ਬਿੰਦੂ ਗੁਆਚ ਜਾਂਦੇ ਹਨ। ਇਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਫਜ਼ੂਲ ਹੈ, ਕਿਉਂਕਿ ਗੋਲ ਚੱਕਰ ਤਦ ਹੀ ਗੋਲ ਚੱਕਰ ਬਣਦਾ ਹੈ, ਜਦ ਉਸ ਦਾ ਅਰੰਭ, ਅੰਤ ਵਿਚ ਸਮਾਅ ਜਾਂਦਾ ਹੈ ਅਤੇ ਅੰਤ ਅਰੰਭ ਵਿਚ। ਹੁਣ ਇਹ ਕਹਿਣਾ ਕਠਿਨ ਹੈ ਕਿ ਕਿਸ ਥਾਂ ‘ਤੇ ਚੱਕਰ ਦਾ ਅੰਤ ਵੱਧ ਹੈ ਜਾਂ ਅਰੰਭ ਕੁਝ ਕੁ ਵੱਧ। ਠੀਕ ਜਿਵੇਂ ਪਿਆਜ਼ ਦਿਆਂ ਛਿਲਕਿਆਂ ਵਿਚ ਪਿਆਜ਼ ਲੁਕਿਆ ਹੁੰਦਾ ਹੈ ਅਤੇ ਇਹ ਕਹਿਣਾ ਕਠਿਨ ਹੁੰਦਾ ਹੈ ਕਿ ਕਿਸ ਛਿਲਕੇ ਵਿਚ ਪਿਆਜ਼ ਵੱਧ ਅਵਸਥਾ ਜਾਂ ਮਿਕਦਾਰ ਵਿਚ ਹੈ। ਉਂਜ, ਪਿਆਜ਼ ਦੇ ਛਿਲਕਿਆਂ ਦੇ ਅਰੰਭ ਅਤੇ ਅੰਤ ਤੀਕ ਪਹੁੰਚਿਆ ਜਾ ਸਕਦਾ ਹੈ, ਪਰ ਇਕੱਲ ਦਾ ਆਦਿ ਅਤੇ ਅੰਤ ਨਹੀਂ। ਇਕੱਲ ਆਪਣੇ ਕੇਂਦਰ ਵੱਲ ਪ੍ਰੇਰਿਤ ਨਹੀਂ ਹੁੰਦੀ। ਅਸਲ ਵਿਚ ਇਕੱਲ ਆਪਣੇ ਅਰੰਭ ਅਤੇ ਅੰਤ ਤੋਂ ਵਿਯੋਗਤ ਹੋਣ ‘ਤੇ ਹੀ ਹੋਂਦ ਵਿਚ ਆਉਂਦੀ ਹੈ। ਇਹ ਇਕਾਈ ਦਾ ਸਮੁੱਚੀ ਮਨੁੱਖੀ ਜ਼ਿੰਦਗੀ ਨਾ ਹੋਣ ਦਾ ਸੰਤਾਪ ਹੈ। ਇਕ ਭਾਗ ਦਾ ਆਪਣੇ ਸਮੁੱਚ ਤੋਂ ਵਿਯੋਗ।
ਇਕੱਲ ਦਾ ਸੁਚਾਰੂ ਪੱਖ ਬਹੁਤ ਅਹਿਮ ਹੈ। ਇਕੱਲ ਆਪਣੇ ਆਪ ਨੂੰ ਇਕੱਠਿਆਂ ਕਰਨਾ ਹੈ। ਇਹ ਧਿਆਨ, ਭਗਤੀ ਅਤੇ ਅਰਪਨ ਹੈ। ਇਹ ਕੱਛੂ ਦੀ ਆਪਣੀ ਦੀ ਦੇਹੀ ਦੀ ਬਣੀ ਢਾਲ ਹੈ। ਇਹ ਰੂਹ ਦਾ ਵਾਸਾ ਹੈ। ਤੁਹਾਡੇ ਉਹ ਦੁੱਖ-ਸੁੱਖ, ਜੋ ਤੁਹਾਡੇ ਤੋਂ ਇਲਾਵਾ ਹੋਰ ਸਰੋਕਾਰ ਗੁਆ ਬੈਠੇ ਹੁੰਦੇ ਹਨ। ਨਿਰੋਲ ਤੁਹਾਡੇ ਆਪਣੇ ਅਤੇ ਆਪਣੇ ਲਈ ਬਚਾਏ, ਵਿਹਾਜੇ, ਹੰਡਾਏ ਹੋਏ ਦੁੱਖਾਂ ਸੁੱਖਾਂ ਦੇ ਅਹਿਸਾਸ।
ਵਿਹਲ ਅਤੇ ਫੁਰਸਤ ਦੇ ਛਿਣਾਂ ‘ਚ ਤਨਹਾਈ ਦੇ ਬੀਜ ਹੁੰਦੇ ਹਨ। ਇਹ ਤਨਹਾਈ ਮਨੁੱਖ ਦੀ ਇਕੱਲ ਦੇ ਬਹੁਤ ਕੋਲ ਸਫਰ ਕਰਦੀ ਹੈ। ਇਹ ਨਿਰੋਲ ਆਪਣੇ ਲਈ ਜੀਣ ਦੇ ਪਲਾਂ ਦਾ ਨਾਂ ਹੈ। ਇਨ੍ਹਾਂ ਪਲਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਅਤੇ ਨਾ ਹੀ ਕੋਈ ਗਿਣਤੀ ਅਤੇ ਮਿਣਤੀ। ਅਜਿਹੇ ਪਲਾਂ ਵਿਚ ਵਕਤ ਫੈਲ ਜਾਂਦਾ ਹੈ ਜਾਂ ਵਕਤ ਦੀ ਚੇਤਨਾ ਫੈਲ ਜਾਂਦੀ ਹੈ। ਸਭ ਕਾਸੇ ਦਾ ਮੂੰਹ ਅਜਿਹੀ ਅਸਤਿਤਵੀ ਖਾਈ ਵੱਲ ਹੈ, ਜੋ ਕਦੇ ਭਰੀ ਨਹੀਂ ਜਾ ਸਕਦੀ। ਮਨੁੱਖ ਕਦੇ ਵੀ ਨਾ ਭਰੀ ਜਾਣ ਵਾਲੀ ਮਾਨਸਿਕ ਖਾਈ ਅਤੇ ਕਦੇ ਨਾ ਬੀਤਣ ਵਾਲੀ ਵਕਤ ਦੀ ਸਜ਼ਾ ਭੁਗਤਦਾ ਹੈ। ਅਜਿਹੇ ਸਮੇਂ ਅਸਲ ਜ਼ਿੰਦਗੀ ਕਦੇ ਸੁਪਨਾ ਲਗਦੀ ਹੈ ਅਤੇ ਕਦੇ ਸੁਪਨਾ ਅਸਲ ਜਿੰਦਗੀ। ਇਕ ਅੱਖ-ਝਪਕ ਜਿਉਣ ਅਹਿਸਾਸ। ਇਕ ਪਲ ਦੀ ਅਸੀਮਤਾ ਜਾਂ ਅਸੀਮਤਾ ਦਾ ਇਕ ਪਲ। ਜ਼ਿੰਦਗੀ ਇਕ ਦਰਿਆ ਹੈ, ਜਿਸ ਦੇ ਕੰਢੇ ਉਤੇ ਤੁਰਦਿਆਂ ਵਕਤ ਬੀਤ ਜਾਂਦਾ ਹੈ। ਇਕੱਲ ਆਪਣੇ ਜੁੱਤੇ ਤੇ ਮੌਜੇ ਉਤਾਰ ਦਿੰਦੀ ਹੈ ਅਤੇ ਚਿਰਾਂ ਪਿਛੋਂ ਆਪਣੇ ਵੱਲ ਉਛਲਦੇ ਦਰਿਆ ਵਿਚ ਛਾਲ ਮਾਰ ਦਿੰਦੀ ਹੈ। ਹਰ ਬੰਦੇ ਦੇ ਪੈਰਾਂ ਨਾਲ ਜ਼ਿੰਦਗੀ ਦਾ ਕੁਝ ਸਫਰ ਚਿਪਕਿਆ ਹੋਇਆ ਹੈ ਅਤੇ ਕੁਝ ਕੁ ਇਕੱਲ ਦੀ ਮੌਤ ਦੀ ਛਲਾਂਘ ਦਾ ਰੁਮਾਂਸ ਅਤੇ ਸੰਤਾਪ। ਹਰ ਜ਼ਿੰਦਗੀ ਆਪਣੀ ਮੌਤ ਵੱਲ ਰੁਚਿਤ ਅਤੇ ਉਲਰੀ ਹੁੰਦੀ ਹੈ, ਜਿਵੇਂ ਹਰ ਗਾਗਰ ਆਪਣੇ ਸਾਗਰ ਵੱਲ। ਇਕੱਲ ਅਜਿਹੀ ਹੀ ਇਕ ਗਾਗਰ ਹੈ।