ਬੀਬਾ! ਦੇਰ ਨਾ ਕਰਿਓ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਉਨ੍ਹਾਂ ਵਲਵਲਿਆਂ ਦੀ ਗੱਲ ਕੀਤੀ ਸੀ, ਜੋ ਸਰਘੀ ਵੇਲੇ ਘਾਹ ਉਤੇ ਪਈ ਤਰੇਲ ਵਾਂਗ ਚੰਗੇ ਚੰਗੇ ਲੱਗਦੇ ਹਨ। ਉਨ੍ਹਾਂ ਕਿਹਾ ਸੀ, “ਪਰਿੰਦਿਆਂ ਦੀ ਚੋਹਲ-ਮੋਹਲ, ਰੁੰਡ-ਮਰੁੰਡ ਰੁੱਖ ਦੀ ਟਾਹਣੀ ‘ਤੇ ਲਗਰਾਂ ਦਾ ਫੁੱਟਣਾ, ਪੱਤਝੜ ਪਿਛੋਂ ਬਹਾਰ ਦਾ ਆਉਣਾ ਅਤੇ ਪੱਤਿਆਂ ਵਿਚੋਂ ਦੀ ਰੁਮਕਦੀ ਹਵਾ ਦਾ ਜ਼ਿੰਦਗੀ ਦੇ ਗੀਤ ਗਾਉਣਾ ਭਲਾ ਕਿਹਨੂੰ ਚੰਗਾ ਨਹੀਂ ਲੱਗਦਾ!”

ਹਥਲੇ ਲੇਖ ਵਿਚ ਉਨ੍ਹਾਂ ਨਸੀਹਤ ਕੀਤੀ ਹੈ ਕਿ ਕਈ ਵਾਰ ਦੇਰੀ ਕੀਤਿਆਂ ਅਹਿਮ ਮੌਕੇ ਜਾਂ ਚੰਗੀਆਂ ਸੰਭਾਵਨਾਵਾਂ ਹੱਥੋਂ ਨਿਕਲ ਜਾਂਦੀਆਂ, ਜਿਨ੍ਹਾਂ ਨੇ ਸੁਪਨ-ਨਗਰੀ ਨੂੰ ਜਾਂਦਾ ਰਾਹ ਬਣਨਾ ਹੁੰਦਾ। ਡਾ. ਭੰਡਾਲ ਕਹਿੰਦੇ ਹਨ, “ਯਾਦ ਰੱਖਣਾ! ਜੀਵਨ ਇਕ ਵਾਰ ਮਿਲਦਾ ਅਤੇ ਉਸਾਰੂ ਰੂਪ ਵਿਚ ਮਨ ਦੀਆਂ ਮੌਜਾਂ ਦੀ ਪੂਰਤੀ ਅਤੇ ਜ਼ਿੰਦਗੀ ਨੂੰ ਆਪਣੇ ਰੰਗ-ਢੰਗ ਨਾਲ ਜਿਉਣ ਵਿਚ ਕਦੇ ਦੇਰੀ ਨਾ ਕਰਿਓ।” ਉਨ੍ਹਾਂ ਦੀ ਇਹ ਸਲਾਹ ਕਿੰਨੀ ਨੇਕ ਹੈ, “ਦੇਰੀ ਕਰਨੀ ਹੈ ਤਾਂ ਗਲਤ ਰਾਹਾਂ ‘ਤੇ ਤੁਰਨ ਤੋਂ ਕਰਿਓ, ਕਿਉਂਕਿ ਅਜਿਹੀ ਦੇਰੀ ਤੁਹਾਨੂੰ ਸੋਚਣ ਅਤੇ ਸੰਭਲਣ ਦਾ ਮੌਕਾ ਪ੍ਰਦਾਨ ਕਰਦੀ ਹੈ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 1-216-556-2080

ਦੇਰ, ਹਨੇਰ ਵੀ ਹੁੰਦਾ ਅਤੇ ਅੰਧੇਰ ਵੀ। ਦੇਰ ਹੋਣ ‘ਤੇ ਅਣਹੋਣੀ ਵੀ ਵਾਪਰਦੀ ਅਤੇ ਅਣਕਿਹਾ ਵੀ ਹੋ ਜਾਂਦਾ। ਦੇਰੀ ਹੋਣਾ ਸੰਭਵ ਹੁੰਦਾ, ਪਰ ਦੇਰ ਕਰਨੀ ਗੁਨਾਹ ਹੁੰਦਾ, ਕਿਉਂਕਿ ਜਾਣ-ਬੁੱਝ ਕੇ ਕੀਤੀ ਦੇਰ, ਕਦੇ ਮੁਆਫ ਨਹੀਂ ਕੀਤੀ ਜਾ ਸਕਦੀ।
ਦੇਰੀ ਕਈ ਮੌਕਿਆਂ ਤੇ ਰੂਪਾਂ ਵਿਚ ਜ਼ਿੰਦਗੀ ਦੇ ਦਰ ‘ਤੇ ਦਸਤਕ ਦਿੰਦੀ। ਇਹ ਦੇਰੀ ਕਈ ਵਾਰ ਅਵੇਸਲਾਪਣ ਹੁੰਦਾ। ਕਈ ਵਾਰ ਇਹ ਜਾਣ ਬੁੱਝ ਕੇ ਆਪਣੀ ਮਹੱਤਤਾ ਦਿਖਾਉਣ ਵਾਸਤੇ ਵੀ ਹੁੰਦੀ। ਅਜਿਹੇ ਲੋਕ ਦੇਰੀ ਨੂੰ ਦਰੁਸਤ ਸਾਬਤ ਕਰਨ ਲਈ ਕਈ ਬਹਾਨੇ ਘੜਦੇ, ਪਰ ਦੇਰੀ ਤਾਂ ਆਖਰ ਦੇਰੀ ਹੀ ਹੁੰਦੀ।
ਕਈ ਵਾਰ ਦੇਰੀ ਕੀਤਿਆਂ ਅਹਿਮ ਮੌਕੇ ਜਾਂ ਚੰਗੀਆਂ ਸੰਭਾਵਨਾਵਾਂ ਹੱਥੋਂ ਨਿਕਲ ਜਾਂਦੀਆਂ, ਜਿਨ੍ਹਾਂ ਨੇ ਸੁਪਨ-ਨਗਰੀ ਨੂੰ ਜਾਂਦਾ ਰਾਹ ਬਣਨਾ ਹੁੰਦਾ।
ਕਈ ਵਾਰ ਦੇਰੀ ਨੂੰ ਸਮਝਿਆ ਜਾ ਸਕਦਾ। ਕੁਝ ਬੇਕਾਬੂ ਕਾਰਨਾਂ ਕਰਕੇ, ਕੁਝ ਮਜ਼ਬੂਰੀਆਂ ਕਰਕੇ ਜਾਂ ਅਣਸੁਖਾਵੇਂ ਹਾਲਤਾਂ ਕਰਕੇ, ਪਰ ਕਈ ਵਾਰ ਦੇਰੀ ਦੇ ਬਹੁਤੇ ਮਾਅਨੇ ਨਹੀਂ ਹੁੰਦੇ। ਕੁਝ ਕੰਮਾਂ ਜਾਂ ਮੌਕਿਆਂ ‘ਤੇ ਦੇਰੀ ਕੋਈ ਅਰਥ ਨਹੀਂ ਰੱਖਦੀ, ਜਦ ਹਾਜ਼ਰੀ ਜਾਂ ਗੈਰ-ਹਾਜ਼ਰੀ ਇਕ ਬਰਾਬਰ ਹੀ ਹੁੰਦੀ; ਪਰ ਕੁਝ ਅਜਿਹਾ ਵਕਤ ਜਾਂ ਖਾਸ ਕਾਰਨ ਹੁੰਦੇ, ਜਦ ਦੇਰੀ ਦਾ ਕਿਆਸਣਾ ਵੀ ਪਾਪ ਹੁੰਦਾ। ਇਹ ਪਾਪ ਸਾਰੀ ਉਮਰ ਇਕ ਟੀਸ ਬਣ ਕੇ ਰੜਕਦਾ ਰਹਿੰਦਾ ਅਤੇ ਇਸ ਦੀ ਚਸਕ ਵਿਚ ਜਿਉਣਾ ਹੀ ਦੁੱਭਰ ਹੋ ਜਾਂਦਾ।
ਦੇਰੀ ਬਹੁਤ ਘਾਤਕ ਹੁੰਦੀ, ਜਦ ਅਸੀਂ ਆਪਣੇ ਸੁਪਨੇ ਲੈਣ ਵਿਚ ਘਾਲੋਂ ਕਰਦੇ ਹਾਂ। ਕਦੇ ਵੀ ਸੁਪਨੇ ਲੈਣ ਵਿਚ ਦੇਰੀ ਨਾ ਕਰੋ ਅਤੇ ਇਨ੍ਹਾਂ ਦੀ ਪੂਰਤੀ ਕਰਨ ਤੋਂ ਅਵੇਸਲੇ ਨਾ ਹੋਵੋ ਕਿਉਂਕਿ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਦੇਰੀ ਕਾਰਨ ਹੱਥੋਂ ਤਿਲਕ ਚੁਕਾ ਸੁਪਨਾ ਮੁੜ ਨਹੀਂ ਥਿਆਉਂਦਾ। ਪਿਛੋਂ ਅਸੀਂ ਸੁਪਨਿਆਂ ਦਾ ਸੋਗ ਮਨਾਉਣ ਜੋਗੇ ਹੀ ਰਹਿ ਜਾਂਦੇ ਹਾਂ, ਕਿਉਂਕਿ ਸੁਪਨੇ ਲੈਣ ਅਤੇ ਇਨ੍ਹਾਂ ਦੀ ਪੂਰਤੀ ਦਾ ਖਾਸ ਸਮਾਂ ਹੁੰਦਾ। ਕਈ ਵਾਰ ਹਾਲਾਤ ਸਾਜ਼ਗਾਰ ਨਾ ਹੋਣ ‘ਤੇ ਕੁਝ ਅਜਿਹੇ ਵੀ ਸੁਪਨੇ ਹੁੰਦੇ, ਜਿਨ੍ਹਾਂ ਨੂੰ ਕੁਝ ਸਮੇਂ ਲਈ ਘੱਟ ਅਹਿਮੀਅਤ ਦਿਤੀ ਜਾ ਸਕਦੀ, ਪਰ ਇਹ ਕਦੇ ਵੀ ਮਨ ਵਿਚੋਂ ਨਹੀਂ ਨਿਕਲਦੇ। ਇਹ ਸੁਪਨਾ ਕਿਸੇ ਕਲਾ ਨੂੰ ਅਪਨਾਉਣ ਦਾ ਹੋਵੇ, ਉਚੇਰੀ ਵਿਦਿਆ ਪ੍ਰਾਪਤੀ ਦਾ ਹੋਵੇ, ਦੂਰ-ਦੇਸਾਂਤਰਾਂ ਦੀ ਸੈਰ ਕਰਨ ਦਾ ਹੋਵੇ ਜਾਂ ਆਪਣੇ ਹਿੱਸੇ ਦੀ ਜ਼ਿੰਦਗੀ ਜਿਉਣ ਦਾ ਹੋਵੇ-ਇਸ ਵਿਚ ਕਦੇ ਦੇਰੀ ਨਾ ਕਰਿਓ, ਕਿਉਂਕ ਮੌਤ ਅਤੇ ਮਾਤਮ ਦਾ ਕੋਈ ਵਸਾਹ ਨਹੀਂ। ਆਖਰ ਨੂੰ ਇਕ ਮਰਸੀਆ ਹੀ ਸਾਡੀ ਲਈ ਅਕੀਦਤ ਹੋ ਨਿਬੜਨਾ ਏ। ਜਿਹੜੇ ਲੋਕ ਆਪਣੇ ਸ਼ੌਕ ਪੂਰੇ ਕਰਨ, ਫੱਕਰਤਾ ਨੂੰ ਮਾਣਨ ਜਾਂ ਦਰਵੇਸ਼ਾਂ ਜਿਹੀ ਰੂਹ-ਰਵਾਨਗੀ ਬਣਾਉਣ ਤੋਂ ਦੇਰੀ ਕਰਦੇ, ਉਹ ਆਖਰ ਨੂੰ ਇਕ ਹਨੋਰਾ ਪੱਲੇ ਬੰਨ, ਇਸ ਜਹਾਨ ਤੋਂ ਰੁਖਸਤ ਹੋ ਜਾਂਦੇ ਅਤੇ ਇਸ ਰੁਖਸਤਗੀ ਦਾ ਕਿਸੇ ਨੂੰ ਕੋਈ ਘਾਟਾ ਨਹੀਂ ਪੈਂਦਾ। ਯਾਦ ਰੱਖਣਾ! ਜੀਵਨ ਇਕ ਵਾਰ ਮਿਲਦਾ ਅਤੇ ਉਸਾਰੂ ਰੂਪ ਵਿਚ ਮਨ ਦੀਆਂ ਮੌਜਾਂ ਦੀ ਪੂਰਤੀ ਅਤੇ ਜ਼ਿੰਦਗੀ ਨੂੰ ਆਪਣੇ ਰੰਗ-ਢੰਗ ਨਾਲ ਜਿਉਣ ਵਿਚ ਕਦੇ ਦੇਰੀ ਨਾ ਕਰਿਓ। ਭਾਵੇਂ ਕੋਈ ਸਮਾਜਕ ਭਲਾਈ ਦਾ ਕਾਰਜ ਹੋਵੇ, ਖਾਸ ਉਦੇਸ਼ ਨੂੰ ਸਮਰਪਿਤ ਹੋਣਾ ਹੋਵੇ ਜਾਂ ਨਵੀਂ ਸੇਧ ਦੇਣ ਪ੍ਰਤੀ ਖੁਦ ਨੂੰ ਸਮਰਪਿਤ ਕਰਨਾ ਹੋਵੇ। ਅਜਿਹੇ ਕਾਰਜਾਂ ਵਿਚ ਦੇਰੀ ਕਾਰਨ, ਸੁਪਨਿਆਂ ਦੇ ਸੱਚ ਦਾ ਅਧੂਰਾ ਰਹਿਣ ਦਾ ਬਹੁਤ ਡਰ ਹੁੰਦਾ।
ਕਦੇ ਵੀ ਆਪਣੇ ਦੋਸਤਾਂ-ਮਿੱਤਰਾਂ ਨੂੰ ਮਿਲਣ ਜਾਂ ਸੁੱਖ-ਸਾਂਦ ਪੁੱਛਣ ਵਿਚ ਦੇਰ ਨਾ ਕਰਿਓ। ਸਮਾਂ ਕੱਢ ਕੇ ਉਨ੍ਹਾਂ ਨਾਲ ਬੀਤੇ ਹੋਏ ਵਕਤ ਨੂੰ ਜੀਵੋ। ਬਚਪਨੀ ਗੱਲਾਂ ਕਰੋ। ਨਿਰ-ਉਚੇਚ ਬਾਤਾਂ ਦੇ ਹੁੰਗਾਰਿਆਂ ਵਿਚੋਂ ਤੁਹਾਨੂੰ ਬਚਪਨੀ ਬਾਦਸ਼ਾਹਤ ਦੇ ਪਲ ਮਿਲਣਗੇ, ਜੋ ਤੁਹਾਡੇ ਚੇਤਿਆਂ ਵਿਚੋਂ ਵੀ ਖੁਰ ਚੁਕੇ ਨੇ। ਉਨ੍ਹਾਂ ਦੇ ਪਰਿਵਾਰਾਂ ਤੇ ਕਾਰੋਬਾਰ ਬਾਰੇ, ਪੁਰਾਣੇ ਸਕੂਲ ਤੇ ਪਿੰਡ ਦੇ ਦਿਨਾਂ ਬਾਰੇ ਨਿੱਕੀਆਂ ਗੱਲਾਂ ਵਿਚੋਂ ਜੀਵਨ ਦਾ ਹੁਸਨ ਨਜ਼ਰ ਆਵੇਗਾ। ਜੀਵਨ ਦੇ ਰੂਹਾਨੀ ਵੇਲਿਆਂ ਨੂੰ ਯਾਦ ਕਰਕੇ, ਖੁਦ ‘ਤੇ ਹੱਸੋਗੇ ਵੀ ਅਤੇ ਖੁਦ ਦਾ ਮਜ਼ਾਕ ਵੀ ਬਣਾਉਗੇ ਕਿ ਕਿਹੋ ਜਿਹੇ ਸਨ ਉਹ ਬਚਪਨ ਦੇ ਦਿਨ, ਉਹ ਸ਼ਰਾਰਤਾਂ ਅਤੇ ਅਲਮਸਤੀ। ਪਤਾ ਨਹੀਂ ਜੀਵਨੀ ਸਫਰ ਦੇ ਕਿਸ ਮੋੜ ‘ਤੇ ਕਿਸ ਦਾ ਸਾਥ ਛੁੱਟ ਜਾਵੇ? ਕਿਹੜੀ ਸਵਾਰੀ ਕਿਸ ਜੱਗ-ਸਟੇਸ਼ਨ ‘ਤੇ ਉਤਰ ਜਾਵੇ? ਕਿਹੜਾ ਸੱਜਣ ਦੁਨੀਆਂ ਦੇ ਭਰੇ ਮੇਲੇ ਵਿਚੋਂ ਸਦਾ ਲਈ ਗਵਾਚ ਜਾਵੇ? ਇਸ ਲਈ ਜਰੂਰੀ ਹੈ ਕਿ ਸੱਜਣ- ਮਿਲਣੀਆਂ, ਚਿੱਠੀਆਂ ਪਾਉਣ ਜਾਂ ਫੋਨ ਕਰਨ ਵਿਚ ਕੁਤਾਹੀ ਨਾ ਕਰਨਾ। ਅਜਿਹੀ ਦੇਰੀ ਕਾਰਨ ਬਹੁਤ ਕੁਝ ਖੁੱਸ ਜਾਂਦਾ, ਜੋ ਸਾਡੀ ਵਿਰਾਸਤ ਹੁੰਦਾ। ਵਿਰਾਸਤ ਨਾਲੋਂ ਟੁੱਟਣ ਵਾਲੇ ਜਾਂ ਅਣਦੇਖੀ ਕਰਨ ਵਾਲਿਆਂ ਦੀਆਂ ਸਿੱਲੀਆਂ ਅੱਖਾਂ ਵਿਚ ਨੁੱਚੜਦੀ ਰਹਿੰਦੀ ਹੈ, ਪੁਰਾਣੀਆਂ ਯਾਦਾਂ ਦੀ ਦਾਸਤਾਨ।
ਕਦੇ ਵੀ ਦੇਰ ਨਾ ਕਰਿਓ ਰੁੱਸਿਆਂ ਨੂੰ ਮਨਾਉਣ, ਗਿਲੇ ਸ਼ਿਕਵਿਆਂ ਨੂੰ ਦੂਰ ਕਰਨ, ਗਲਤਫਹਿਮੀਆਂ ਦਾ ਬੀਜ ਨਾਸ਼ ਕਰਨ ਅਤੇ ਮਨਾਂ ਦੀਆਂ ਵਿੱਥਾਂ ਨੂੰ ਮਿਟਾਉਣ ਲਈ। ਇਹ ਗਲਤਫਹਿਮੀਆਂ, ਰੋਸੇ, ਸ਼ਿਕਵੇ ਜਾਂ ਗੁੱਸੇ-ਗਿੱਲੇ ਨਿਚੋੜ ਲੈਂਦੇ ਨੇ ਖੂਨ, ਤਿੱੜਕ ਕਰਕੇ ਟੁੱਟ ਜਾਂਦੀਆਂ ਨੇ ਉਮਰਾਂ ਦੀਆਂ ਸਕੀਰੀਆਂ, ਤੂਤ ਦੇ ਮੋਛੇ ਵਰਗੇ ਸਾਕ ਹੋ ਜਾਂਦੇ ਟੋਟਾ-ਟੋਟਾ ਅਤੇ ਜਾਨ ਵਾਰਨ ਵਾਲੇ ਹੀ ਬਣ ਜਾਂਦੇ ਨੇ ਜਾਨ ਦੇ ਦੁਸ਼ਮਣ। ਇਹ ਜਾਇਦਾਦਾਂ, ਧਨ-ਦੌਲਤ, ਬੰਗਲੇ/ਕੋਠੀਆਂ ਜਾਂ ਕਾਰਾਂ ਸਕੀਆਂ ਨਹੀਂ ਹੁੰਦੀਆਂ। ਇਹ ਅਜਿਹੇ ਸਬੰਧ ਨਹੀਂ ਹੁੰਦੇ, ਜਿਨ੍ਹਾਂ ਵਿਚ ਅਹਿਸਾਸ ਜਾਂ ਭਾਵਨਾਵਾਂ ਹੋਣ, ਜੋ ਦੁੱਖ-ਦਰਦ ਵੰਡਾ ਸਕਣ, ਜਿਨ੍ਹਾਂ ਦੇ ਮੋਢੇ ਲੱਗ ਕੇ ਦਿਲ ਦਾ ਦਰਦ ਫਰੋਲਿਆ ਜਾ ਸਕੇ, ਜੋ ਸਿਸਕੀਆਂ ਨੂੰ ਸਮਝਣ, ਹਉਕਿਆਂ ਦਾ ਹੁੰਗਾਰਾ ਬਣ ਜਾਣ ਜਾਂ ਤੁਹਾਡੇ ਜ਼ਖਮਾਂ ਨੂੰ ਸਹਿਲਾਅ, ਮਰ੍ਹਮ ਦਾ ਬੰਦੋਬਸਤ ਕਰ ਸਕਣ। ਸਿਰਫ ਆਪਣੇ ਹੀ ਹੁੰਦੇ, ਜੋ ਤੁਹਾਡੇ ਸਾਹਾਂ ਨੂੰ ਸੰਦਲੀ ਰੰਗਤ ਬਖਸ਼ਦੇ, ਜੋ ਸੁੱਖਾਂ ਮੰਗਦੇ ਤੇ ਤੁਹਾਡੀ ਸਦੀਵਤਾ ਵਿਚੋਂ ਆਪਣੀ ਹੋਂਦ ਲੋਚਦੇ। ਰਸੋਈ ਵਿਚ ਪਏ ਭਾਂਡੇ ਖੜਕਦੇ ਨੇ, ਪਰ ਟੁੱਟਣੇ ਨਹੀਂ ਚਾਹੀਦੇ। ਰੋਸੇ-ਗਿਲੇ ਮਿਲ ਬੈਠ ਕੇ ਦੂਰ ਕਰੋ। ਜੀਵਨ ਬਹੁਤ ਹੀ ਸੁੰਦਰ ਅਤੇ ਸੁਹੰਢਣਾ ਹੋ ਜਾਵੇਗਾ। ਇਹ ਰੋਸੇ-ਸ਼ਿਕਵੇ, ਭੈਣ-ਭਰਾਵਾਂ, ਮੀਆਂ-ਬੀਵੀ, ਸਕੇ-ਸਬੰਧੀਆਂ ਜਾਂ ਨੇੜਲੀਆਂ ਰਿਸ਼ਤੇਦਾਰੀਆਂ ‘ਚ ਅਕਸਰ ਹੀ ਹੁੰਦੇ। ਇਨ੍ਹਾਂ ਨੂੰ ਕੰਡਿਆਲੀ ਦੀਵਾਰ ਨਾ ਬਣਾਓ, ਸਗੋਂ ਇਸ ਵਿਚ ਮਘੋਰਾ ਜਰੂਰ ਰੱਖੋ, ਆਉਣ-ਜਾਣ ਲਈ ਜਾਂ ਇਕ ਪੌੜੀ ਹੋਵੇ, ਇਕ ਦੂਜੇ ਦੀ ਸੁੱਖ-ਸਾਂਦ ਪੁੱਛਣ ਤੇ ਸਾਰ ਲੈਣ ਲਈ। ਅਜਿਹੇ ਨੇਕ ਕਾਰਜ ਵਿਚ ਕੀਤੀ ਦੇਰੀ ਸਮਾਜਕ ਤਾਣੇ-ਬਾਣੇ ਨੂੰ ਉਧੇੜ ਦਿੰਦੀ ਏ। ਟੁੱਟੇ ਰਿਸ਼ਤਿਆਂ ਦੇ ਜੁੜਨ ‘ਤੇ ਪਈ ਗੰਢ ਹਮੇਸ਼ਾ ਰੜਕਦੀ ਰਹਿੰਦੀ ਹੈ। ਕਦੇ ਵੀ ਟੁੱਟਣ ਦੀ ਨੌਬਤ ਨਾ ਆਉਣ ਦਿਓ। ਵੇਲੇ ਸਿਰ ਕੁਝ ਅਜਿਹਾ ਕਰੋ ਕਿ ਸੁੰਦਰ ਜੀਵਨ ਨੂੰ ਹੋਰ ਸੁਹੱਪਣ, ਸੁਚਿਆਰਾਪਣ, ਸੁਹਜ ਅਤੇ ਸਦੀਵਤਾ ਦਾ ਸ਼ਗਨ ਮਿਲੇ।
ਜੀਵਨ ਦੁਸ਼ਵਾਰੀਆਂ ਅਤੇ ਸੁੱਖਦ ਪਲਾਂ ਦਾ ਮਿਲਗੋਭਾ। ਦੁੱਖਾਂ ਅਤੇ ਸੁੱਖਾਂ ਦਾ ਸੰਗਮ। ਮਿਲਾਪ ਅਤੇ ਵਿਛੋੜੇ ਦੀ ਸੁਰ-ਸਾਂਝ। ਆਪਣੇ ਅਤੇ ਪਰਾਇਆਂ ਦਾ ਸਮਤੋਲ। ਗਲਤ ਅਤੇ ਸਹੀ ਰਾਹਾਂ ਦਾ ਜੰਕਸ਼ਨ। ਜੇ ਕਦੇ ਅਣਜਾਣੇ ਵਿਚ ਗਲਤ ਰਾਹ ‘ਤੇ ਤੁਰ ਪਵੋ ਤਾਂ ਇਸ ਰਾਹ ‘ਤੇ ਸਦਾ ਨਾ ਤੁਰੋ। ਰੁਕੋ, ਸੋਚੋ, ਸੰਭਲੋ ਅਤੇ ਜੀਵਨੀ ਤੋਰ ਨੂੰ ਸੁਖਾਵਾਂ ਮੋੜ ਦਿਓ। ਬਦਲੀਆਂ ਤਰਜ਼ੀਹਾਂ ਅਤੇ ਤਦਬੀਰਾਂ ਨੂੰ ਤਕਦੀਰ ਬਣਾਓ। ਮੋੜ ਕੱਟਣ ਵਿਚ ਕਦੇ ਵੀ ਦੇਰੀ ਨਾ ਕਰੋ, ਕਿਉਂਕਿ ਅਜਿਹੀ ਦੇਰੀ ਵਿਨਾਸ਼ ਹੋ ਸਕਦੀ, ਜੋ ਕਿਸੇ ਰਸਾਤਲ ਵਿਚ ਧਕੇਲ ਸਕਦੀ। ਕਿਸੇ ਖੂਹ-ਖਾਤੇ ਵਿਚ ਡਿੱਗਣ, ਘੁੱਪ ਹਨੇਰਿਆਂ ਵਿਚ ਜੀਵਨੀ ਕਾਲਖ ਹੰਢਾਉਣ ਤੋਂ ਬਿਹਤਰ ਹੁੰਦਾ ਕਿ ਕੁਝ ਪਲ ਲਈ ਰੁਕੋ, ਸਰਘੀ ਦੀ ਉਡੀਕ ਕਰੋ ਅਤੇ ਫਿਰ ਉਗਦੇ ਸੂਰਜ ਦੀ ਲੋਅ ਵਿਚ ਆਪਣੇ ਰਾਹਾਂ ਨੂੰ ਅਜਿਹਾ ਮੋੜਾ ਦਿਓ, ਜੋ ਸਰਘੀ ਨੂੰ ਜਾਂਦਾ ਮਾਰਗ ਹੋਵੇ ਅਤੇ ਜੋ ਕਰਮ-ਰੇਖਾਵਾਂ ਨੂੰ ਕਲਾਮਈ, ਕਰਤਾਰੀ ਅਤੇ ਕ੍ਰਿਸ਼ਮਈ ਕਰਦਾ ਹੋਵੇ। ਗਲਤ ਰਾਹਾਂ ‘ਤੇ ਤੁਰਨ ਵਾਲੇ ਗਲਤ ਲੋਕ, ਸਮਾਜ ਲਈ ਨਮੋਸ਼ੀ ਹੁੰਦੇ; ਪਰ ਗਲਤ ਰਾਹਾਂ ਤੋਂ ਪਾਸਾ ਵੱਟ ਕੇ, ਚਾਨਣ ਵੰਡਦੀਆਂ ਰਾਹਾਂ ਨੂੰ ਮਕਸਦ ਬਣਾਉਣ ਵਾਲਿਆਂ ਨੂੰ ਲੋਕ ਸਲਾਮਾਂ ਕਰਦੇ। ਗਲਤੀ ਹੋ ਜਾਂਦੀ ਹੈ, ਪਰ ਗਲਤੀ ਨੂੰ ਦਰੁਸਤ ਕਰਨ ਵਿਚ ਕੀਤੀ ਦੇਰੀ ਮੁਆਫ ਨਹੀਂ ਹੋ ਸਕਦੀ। ਸੋ ਲੋੜ ਹੈ, ਜਲਦੀ ਜਲਦੀ ਤੋਂ ਜਲਦੀ ਗਲਤੀ ਸੁਧਾਰ ਕੇ ਚੰਗੀਆਂ ਰਾਹਾਂ, ਚੰਗੇਰੇ ਵਿਚਾਰਾਂ ਅਤੇ ਸੂਰਜ-ਮੰਡਲ ਤੋਂ ਆਉਂਦੀਆਂ ਕਿਰਨਾਂ ਨਾਲ ਸਾਂਝ ਪਾਓ। ਅੰਤਰੀਵ ਰੁਸ਼ਨਾਓ ਅਤੇ ਆਲੇ-ਦੁਆਲੇ ਵੀ ਚਾਨਣਾਂ ਦਾ ਜਾਗ ਲਾਓ।
ਬੱਚਿਆਂ ਨੂੰ ਅਣਗੌਲੇ ਕੀਤਿਆਂ ਬੱਚੇ ਗਵਾਚ ਜਾਂਦੇ ਨੇ। ਮਾਪਿਆਂ ਤੋਂ ਬਹੁਤ ਦੂਰ ਚਲੇ ਜਾਂਦੇ ਅਤੇ ਫਿਰ ਇਨ੍ਹਾਂ ਦਾ ਵਾਪਸ ਪਰਤਣਾ ਬਹੁਤ ਮੁਸ਼ਕਿਲ ਹੁੰਦਾ। ਇਸ ਤੋਂ ਪਹਿਲਾਂ ਕਿ ਬੱਚੇ ਮਾਪਿਆਂ ਤੋਂ ਦੂਰੀ ਬਣਾਉਣ, ਉਨ੍ਹਾਂ ਦੇ ਮਨਾਂ ਵਿਚ ਮਾਪਿਆਂ ਪ੍ਰਤੀ ਤਲਖੀ ਪੈਦਾ ਹੋਵੇ ਅਤੇ ਅਪਣੱਤ ਖਤਮ ਹੋ ਜਾਵੇ, ਬੱਚਿਆਂ ਨੂੰ ਸੰਭਾਲੋ। ਬੁੱਕਲ ਵਿਚ ਲਓ ਅਤੇ ਆਪਣੇ ਖੰਭਾਂ ਹੇਠ ਲੈ ਕੇ ਉਡਣ ਦੀ ਜਾਚ ਸਿਖਾਓ। ਜੀਵਨ ਦੀਆਂ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਸਿਖਾਓ। ਇਸ ਵਿਚ ਕਦੇ ਦੇਰੀ ਨਾ ਕਰਿਓ। ਇਹ ਦੇਰੀ ਬਹੁਤ ਮਹਿੰਗੀ ਹੁੰਦੀ। ਬੱਚੇ, ਘਰ ਅਤੇ ਮਾਪਿਆਂ ਤੋਂ ਉਚਾਟ ਹੋ ਜਾਂਦੇ। ਘਰ ਦਾ ਮਾਹੌਲ ਭਾਰੀ ਹੋ ਜਾਂਦਾ। ਘਰ ਅਤੇ ਘਰ ਵਾਲਿਆਂ ਤੋਂ ਦੂਰੀ ਹੀ ਉਨ੍ਹਾਂ ਨੂੰ ਨਸ਼ਿਆਂ ਵਿਚੋਂ ਸਕੂਨ ਭਾਲਣ ਲਈ ਮਜ਼ਬੂਰ ਕਰਦੀ। ਕਦੇ ਉਹ ਗਲਤ ਸੰਗਤ ਵਿਚ ਦਿਲ ਦੀ ਚੀਸ ਨੂੰ ਲੁਕਾਉਣ ਦਾ ਯਤਨ ਕਰਦੇ। ਦੇਰ ਤੀਕ ਘਰ ਨਾ ਪਰਤਣਾ, ਬੰਦ-ਕਮਰੇ ਤੀਕ ਹੀ ਖੁਦ ਨੂੰ ਸੀਮਤ ਕਰਨਾ ਅਤੇ ਫੋਨ ਤੇ ਕੰਪਿਊਟਰ ਦੁਆਲੇ ਹੀ ਕੇਂਦ੍ਰਿਤ ਕਰਨ ਵਾਲੇ ਬੱਚਿਆਂ ਦਾ ਮਾਪਿਆਂ ਨਾਲ ਕੋਈ ਮੋਹ ਨਹੀਂ ਹੁੰਦਾ। ਅਜਿਹੇ ਬੱਚਿਆਂ ਨੂੰ ਪਲੋਸੋ, ਹਮਦਰਦ ਬਣੋ, ਉਨ੍ਹਾਂ ਦੀਆਂ ਖੇਡਾਂ ਵਿਚ ਸ਼ਾਮਲ ਹੋਵੇ ਅਤੇ ਆਪਣਾ ਯਾਰ ਤੇ ਹਮਜੋਲੀ ਬਣਾਓ। ਨਿੱਕੀਆਂ ਬਾਤਾਂ ਕਰਦਿਆਂ ਉਸ ਦੀ ਚੇਤਨਾ ਵਿਚ ਪਨਪ ਰਹੇ ਵਿਚਾਰਾਂ ਦੀ ਸੂਹ ਲਓ। ਫਿਰ ਅਚੇਤ ਰੂਪ ਵਿਚ ਇਨ੍ਹਾਂ ਵਿਚਾਰਾਂ ਨੂੰ ਸੁਚਾਰੂ ਪਾਸੇ ਵੰਨੀ ਮੋੜਾ ਦਿਓ। ਬੱਚਿਆਂ ਨੂੰ ਆਪਣਾ ਆਪ, ਘਰ ਅਤੇ ਮਾਪੇ ਚੰਗੇ ਲੱਗਣ ਲੱਗ ਪੈਣਗੇ। ਇਸ ਉਸਾਰੂ ਅਤੇ ਪਾਕ ਕਾਰਜ ਵਿਚ ਦੇਰੀ ਕਿਉਂ? ਜਿਹੜੇ ਮਾਪੇ ਇਸ ਵਿਚ ਦੇਰੀ ਕਰਦੇ ਨੇ, ਉਹ ਸਾਰੀ ਉਮਰ ਇਕ ਪਛਤਾਵਾ ਢੋਣ ਜੋਗੇ ਰਹਿ ਜਾਂਦੇ। ਜਦ ਬੱਚੇ ਘਰ ਨੂੰ ਬੇਦਾਵਾ ਦੇ ਜਾਂਦੇ ਅਤੇ ਭਾਂ ਭਾਂ ਕਰਦੇ ਕਮਰੇ ਤੇ ਕੰਧਾਂ ਕਬਰਾਂ ਜਿਹੀਆਂ ਲੱਗਦੀਆਂ। ਭਲਾ ਕਬਰਾਂ ਵਰਗੀ ਚੁੱਪ ਵਿਚ ਬੰਦਾ ਕਿੰਨਾ ਕੁ ਚਿਰ ਜੀਅ ਸਕਦਾ? ਅਜਿਹੀ ਸੁੰਨਸਾਨ ਨੂੰ ਮੁਖਾਤਬ ਹੋਣ ਤੋਂ ਚੰਗਾ ਹੈ ਕਿ ਬੱਚਿਆਂ ਦੀਆਂ ਕਿੱਲਕਾਰੀਆਂ, ਉਨ੍ਹਾਂ ਦੇ ਲੜਾਈਆਂ-ਝਗੜਿਆਂ ਅਤੇ ਖੇਲ-ਤਮਾਸ਼ਿਆਂ ਨੂੰ ਘਰ ਦੀਆਂ ਕੰਧਾਂ ਵਿਚ ਜ਼ੀਰਨ ਦਿਓ। ਜਦ ਉਹ ਆਪ ਉਡਾਰੀ ਭਰ ਕੇ, ਨਵਾਂ ਸੰਸਾਰ ਵਸਾਉਣ ਲਈ ਉਡਾਰੀ ਮਾਰਨਗੇ ਤਾਂ ਉਨ੍ਹਾਂ ਦੀਆਂ ਗੱਲਾਂ, ਸ਼ਰਾਰਤਾਂ ਅਤੇ ਕਮਰਿਆਂ ਵਿਚਲੀ ਬਚਪਨੀ ਮਹਿਕ ਦੀ ਲਬਰੇਜ਼ਤਾ, ਤੁਹਾਡੇ ਜੀਵਨ ਵਿਚ ਸੰਤੁਸ਼ਟੀ, ਸਬਰ ਅਤੇ ਸੰਤੋਖੀਪੁਣਾ ਭਰਦੀ, ਜੀਵਨ-ਧੰਨਭਾਗਤਾ ਬਣ ਜਾਵੇਗੀ।
ਬੁੱਢੇ ਘਰ ਦੇ ਦਰਾਂ ਵਿਚ ਬੈਠਾ ਬਾਪ ਵੀ ਬੁੱਢੇ-ਵਾਰੇ ਆਪਣੀ ਔਲਾਦ ਨੂੰ ਉਡੀਕਦਾ ਏ, ਮਨ ਦੀਆਂ ਪਰਤਾਂ ਫਰੋਲਣ ਲਈ ਅਤੇ ਔਲਾਦ ਵਿਚੋਂ ਚੰਗਿਆਈ ਤੇ ਭਲਿਆਈ ਦੇ ਨਕਸ਼ ਨਿਹਾਰਨ ਲਈ। ਆਪਣੇ ਬੱਚਿਆਂ ਦੀਆਂ ਕੀਰਤੀਆਂ ਵਿਚੋਂ ਇਕ ਸੰਤੋਖ ਅਤੇ ਸੰਪੂਰਨਤਾ, ਮਨ-ਜੂਹੇ ਉਪਜਾਉਣ ਲਈ। ਬਿਰਧ ਬਾਪ ਨੂੰ ਮਿਲਣ ਲਈ ਬਹਾਨੇ ਨਾ ਬਣਾਓ ਅਤੇ ਨਿੱਤ ਨਵੀਂ ਤਰੀਖ ਨਾ ਪਾਓ, ਕਿਉਂਕਿ ਬਾਪ ਦੇ ਦੀਦਿਆਂ ਵਿਚ ਗੁਜ਼ਰਦਾ ਹਰ ਦਿਨ ਇਕ ਆਸ ਧਰਦਾ ਏ। ਇਸ ਆਸ ਦਾ ਬੇਵਾ ਹੋ ਜਾਣਾ ਬਹੁਤ ਪੀੜਤ ਕਰਦਾ ਏ ਬਾਪ ਨੂੰ। ਫਿਰ ਉਹ ਆਪਣੀਆਂ ਆਂਦਰਾਂ ਤੋਂ ਹੀ ਬਹੁਤ ਦੂਰ ਹੋ ਜਾਂਦਾ ਏ। ਹਤਾਸ਼ ਅਤੇ ਨਿਰਾਸ਼ ਹੋਇਆ ਬਾਪ, ਜਦ ਚੁਗਾਠ ਦੇ ਗਲ ਲੱਗ ਆਪਣਾ ਦਰਦ ਫਰੋਲਦਾ ਏ ਤਾਂ ਦਰ ਬੋੜ੍ਹੇ ਹੋ ਜਾਂਦੇ ਨੇ। ਬਾਪ ਦੀ ਵਿਰਦ-ਵੇਦਨਾ, ਬਹੁਤ ਕੁਝ ਉਸ ਘਰ ਦੇ ਨਾਮ ਕਰ ਜਾਂਦੀ ਏ, ਜਿਸ ਵਿਚੋਂ ਉਡਾਰੂ ਹੋ ਕੇ ਬੱਚੇ, ਬਾਪ ਦੀ ਬਾਤ ਪੁੱਛਣ ਤੋਂ ਵੀ ਆਨਾ-ਕਾਨੀ ਕਰਦੇ ਨੇ। ਬਾਪ-ਰੂਪੀ ਬਿਰਖ ਦੀ ਛਾਂ ਖੁੱਸਣ ‘ਤੇ ਲੂੰਹਦੀਆਂ ਨੇ ਤਿੱਖੜ-ਦੁਪਹਿਰਾਂ। ਬੁੱਕਲ ਦਾ ਨਿੱਘ ਦੂਰ ਤੁਰ ਜਾਣ ‘ਤੇ ਠਰੇ ਪਲਾਂ ਦਾ ਦੰਦੋੜਿਕਾ ਬਹੁਤ ਮੁਹਾਲ ਕਰਦਾ ਏ ਜਿਉਣਾ। ਜਿਉਂਦੇ-ਜੀਅ ਬਾਪ ਦੀ ਆਸ ਨੂੰ ਪੂਰਾ ਨਾ ਕਰਨ ਵਾਲਾ ਅਤੇ ਆਖਰੀ ਰਸਮਾਂ ਵਿਚ ਹਾਜ਼ਰ ਹੋਣ ਵਾਲਾ, ਪਿਛੋਂ ਕਬਰਾਂ ਦੀ ਚੁੱਪ ਨੂੰ ਹੀ ਆਪਣੀਆਂ ਸੋਚਾਂ ਵਿਚ ਭਰਦਾ ਏ, ਕਿਉਂਕਿ ਬਾਪ ਦੇ ਗੁੰਮ ਗਏ ਬੋਲਾਂ ਨੇ ਵਾਪਸ ਨਹੀਂ ਪਰਤਣਾ ਹੁੰਦਾ। ਇਹ ਸੁੰਨ ਸਾਰੀ ਉਮਰ ਬੰਦੇ ਨੂੰ ਜਿਉਣੀ ਪੈਂਦੀ। ਬੋਲਾਂ ਵਿਚ ਸਦੀਵੀ ਹਉਕਾ ਅਤੇ ਹੇਰਵਾ ਧਰ ਜਾਂਦੀ। ਜਿਉਂਦੇ-ਜੀਅ ਬਾਪ ਨਾਲ ਕੀਤੀਆਂ ਨਿੱਕੀਆਂ ਨਿੱਕੀਆਂ ਗੱਲਾਂ, ਉਨ੍ਹਾਂ ਦੇ ਝੁਰੜੀਆਂ ਭਰੇ ਹੱਥਾਂ ਨੂੰ ਸਹਿਲਾਉਣਾ, ਆਖਰੀ ਪਲਾਂ ਵਿਚ ਕੀਤੀ ਗਈ ਟਹਿਲ-ਸੇਵਾ ਨੂੰ ਉਨ੍ਹਾਂ ਦੇ ਤੁਰ ਜਾਣ ਪਿਛੋਂ ਵੀ ਜਦ ਯਾਦ ਕਰੋਗੇ ਤਾਂ ਇਕ ਸੁਖਨ-ਸਬੂਰੀ ਤੁਹਾਡੀ ਰੂਹ ਵਿਚ ਨਾਦ ਪੈਦਾ ਕਰੇਗੀ। ਜੇ ਬਾਪ ਬੇ-ਇਲਾਜਾ, ਲਾਵਾਰਸ ਜਾਂ ਬਜੁਰਗ ਘਰ ਵਿਚ ਹੀ ਦਮ ਤੋੜ ਗਿਆ ਤਾਂ ਕਿਵੇਂ ਪਤਾ ਲੱਗੇਗਾ ਕਿ ਆਖਰੀ ਸਾਹ ਲੈਣ ਵੇਲੇ ਬਾਪ ਦੇ ਨੈਣਾਂ ਵਿਚ ਕੀ ਸੀ? ਕਿਵੇਂ ਉਸ ਨੇ ਆਲੇ-ਦੁਆਲੇ ਬੈਠੀ ਔਲਾਦ ਨੂੰ ਨਿਹਾਰਿਆ ਸੀ? ਕਿਸ ਰੂਪ ਜਾਂ ਹਾਲਾਤ ਵਿਚ ਜ਼ਿੰਦਗੀ ਦੇ ਸਫਰ ਨੂੰ ਮੁਕਾਇਆ ਸੀ? ਕਿਵੇਂ ਆਖਰੀ ਸਾਹ ਰਾਹੀਂ ਜੀਵਨ ਨੂੰ ਸੰਪੂਰਨਤਾ ਬਖਸ਼ੀ ਸੀ? ਬਹੁਤ ਯਾਦਾਂ ਜੁੜ ਜਾਂਦੀਆਂ ਨੇ ਮਾਪਿਆਂ ਨਾਲ, ਆਖਰੀ ਵੇਲੇ ਦੀਆਂ। ਮਾਪਿਆਂ ਨੂੰ ਵੀ ਚੰਗਾ ਲੱਗਦਾ ਹੈ ਕਿ ਆਖਰੀ ਸਾਹ ਲੈਣ ਵੇਲੇ ਬੱਚਿਆਂ ਦਾ ਕੋਲ ਹੋਣਾ। ਉਨ੍ਹਾਂ ਦਾ ਹੱਥ ਪਕੜਿਆਂ-ਪਕੜਿਆਂ, ਹੌਲੀ ਹੌਲੀ ਹੱਥ ਖਿਸਕਾ ਕੇ, ਸੁੰਨ-ਸਮਾਧੀ ਵਿਚ ਲੀਨ ਹੋ ਜਾਣਾ। ਅਜਿਹੇ ਯਾਦਗਾਰੀ ਪਲਾਂ ਨੂੰ ਜਿਉਣ ਅਤੇ ਬਾਪ ਦੇ ਆਖਰੀ ਪਲਾਂ ਦੇ ਖਜਾਨੇ ਨਾਲ ਭਰਪੂਰ ਹੋਣ ਵਿਚ ਕਦੇ ਦੇਰ ਨਾ ਕਰਿਓ। ਬਾਪ ਤੁਰ ਜਾਵੇ ਤਾਂ ਮੁੱਕ ਜਾਂਦੀਆਂ ਨੇ ਜੀਵਨ-ਭਰ ਦੀਆਂ ਸਾਂਝਾਂ, ਤਿੜਕ ਜਾਂਦੀਆਂ ਨੇ ਰਿਸ਼ਤਿਆਂ ਦੀਆਂ ਮਾਹੀਨ ਤੰਦਾਂ। ਕਈ ਵਾਰ ਤਾਂ ਬਾਪ ਦੀਆਂ ਅਸਥੀਆਂ ਦੀ ਵੰਡ-ਵੰਡਾਈ ਤੀਕ ਵੀ ਨੌਬਤ ਆ ਜਾਂਦੀ ਏ ਕਿਉਂਕਿ ਕੁਝ ਦੀ ਨੀਅਤ ਤਾਂ ਬਾਪ ਦੀ ਰਾਖ ਦੀ ਵੰਡ ਵਿਚੋਂ ਜਾਇਦਾਦ ਨੂੰ ਹੜੱਪਣ ਦੀ ਜੁ ਹੁੰਦੀ ਆ। ਵਾਸਤਾ ਈ! ਕਦੇ ਵੀ ਬਾਪ ਮਿਲਣ ਲਈ ਤਰਲਾ ਕਰੇ ਤਾਂ ਦੇਰ ਨਾ ਕਰਿਓ, ਕਿਉਂਕਿ ਬਾਪ ਜਦ ਰਿਸੀਵਰ ਵਿਚ ਹਉਕਾ ਧਰਦਾ ਏ ਤਾਂ ਬਹੁਤ ਕੁਝ ਇਸ ਹੌਕੇ ਦੇ ਸੇਕ ਵਿਚ ਹੀ ਝੁਲਸ ਗਿਆ ਹੁੰਦਾ ਏ ਅਤੇ ਤੁਹਾਡੀ ਆਮਦ ਨੇ ਉਸ ਸੇਕ ‘ਤੇ ਪਾਣੀ ਤ੍ਰੌਂਕਣਾ ਹੁੰਦਾ। ਬਾਪ ਦੀ ਉਡੀਕ ਅਤੇ ਉਮੀਦ ਨੂੰ ਕਦੇ ਵੀ ਬੇਵਾ ਨਾ ਹੋਣ ਦੇਣਾ। ਗਾਹੇ-ਬਗਾਹੇ ਹੁੰਗਾਰਾ ਜਰੂਰ ਭਰਦੇ ਰਹਿਣਾ।
ਉਸ ਮਾਂ ਨੂੰ ਮਿਲਣ ਲਈ ਦੇਰ ਨਾ ਕਰਿਓ, ਜੋ ਪਰਦੇਸੀ ਪੁੱਤਰ ਦੀ ਉਡੀਕ ਵਿਚ ਦਰਾਂ ‘ਤੇ ਧਰਨਾ ਲਾਈ ਬੈਠੀ ਹੈ। ਜੋ ਕੰਧਾਂ ‘ਤੇ ਲੀਕਾਂ ਮਾਰ ਕੇ ਅੱਕ ਚੁਕੀ ਹੈ। ਜੋ ਆਪਣੇ ਬੱਚਿਆਂ ਨੂੰ ਯਾਦ ਕਰਦੀ ਕਦੇ ਗੁੱਡੀਆਂ-ਪਟੋਲਿਆਂ ਨਾਲ ਗੱਲਾਂ ਕਰਦੀ ਹੈ, ਕਦੇ ਖਿਡੌਣਿਆਂ ਵਿਚ ਉਨ੍ਹਾਂ ਦੀ ਛੋਹ ਮਾਣਦੀ ਹੈ, ਕਦੀ ਨਿੱਕੇ ਨਿੱਕੇ ਝੱਗਿਆਂ ਤੇ ਪੋਤੜਿਆਂ ਵਿਚੋਂ ਬਚਪਨੀ ਸੂਰਤ ਕਿਆਸਦੀ ਹੈ ਅਤੇ ਕਦੇ ਪੁਰਾਣੀਆਂ ਕਿਤਾਬਾਂ, ਕਾਪੀਆਂ, ਪੈਨਸਿਲਾਂ ਨੂੰ ਫਰੋਲਦੀ, ਉਨ੍ਹਾਂ ਦੇ ਨੈਣਾਂ ਵਿਚ ਉਗੀ ਗਿਆਨ-ਜੋਤ ਵਿਚੋਂ ਆਪਣਾ ਬਿੰਬ ਦੇਖਣਾ ਲੋਚਦੀ ਹੈ। ਮਾਂ ਜੋ ਘਰ ਦੀ ਚਾਰ-ਦੀਵਾਰੀ ਦੀ ਸਲਾਮਤੀ ਦਾ ਖਿਆਲ ਕਰਦੀ ਕਰਦੀ, ਹੁਣ ਆਖਰੀ ਸਾਹਾਂ ‘ਤੇ ਹੈ। ਪਤਾ ਨਹੀਂ ਕਦ ਭੌਰ ਉਡਾਰੀ ਮਾਰ ਜਾਵੇ ਅਤੇ ਉਹ ਆਪਣੇ ਬੱਚਿਆਂ ਦੇ ਦੀਦਾਰ ਤੋਂ ਵਾਂਝੀ ਹੀ ਇਸ ਦੁਨੀਆਂ ਤੋਂ ਤੁਰ ਜਾਵੇ। ਇਸ ਤੋਂ ਪਹਿਲਾਂ ਕਿ ਮਾਂ ਸਦੀਵੀ ਵਿਛੋੜਾ ਦੇ ਜਾਵੇ, ਮਾਂ ਨੂੰ ਮਿਲਣ ਲਈ ਦੇਰੀ ਨਾ ਕਰਿਓ। ਮਾਂਵਾਂ ਨੇ ਸਦਾ ਨਹੀਂ ਰਹਿਣਾ। ਮਾਂ ਦੇ ਜਾਣ ਪਿਛੋਂ ਹੀ ਪਤਾ ਲੱਗਦਾ ਕਿ ਮਾਂ ਦੀ ਮਮਤਾ ਦੇ ਕੀ ਅਰਥ ਹੁੰਦੇ? ਮਾਂਵਾਂ ਬੱਚਿਆਂ ਪ੍ਰਤੀ ਕਿੰਨੀਆਂ ਫਿਕਰਮੰਦ ਹੁੰਦੀਆਂ ਅਤੇ ਕਿੰਨਾ ਪਿਆਰ ਜਿਤਾਉਣਾ ਲੋਚਦੀਆਂ? ਉਨ੍ਹਾਂ ਦੇ ਜਿਉਂਦੇ-ਜੀਅ ਅਸੀਸਾਂ ਲੈਣਾ। ਉਸ ਦੇ ਹੱਥਾਂ ਦੀ ਪਕਾਈ ਹੋਈ ਰੋਟੀ ਅਤੇ ਬਣਾਈਆਂ ਪਿੰਨੀਆਂ ਦੀ ਲਜ਼ੀਜ਼ਤਾ ਨੂੰ ਮਾਣ ਲੈਣਾ, ਕਿਉਂਕਿ ਮਾਂ ਦੇ ਜਾਣ ਪਿਛੋਂ ਇਕ ਪਛਤਾਵਾ ਬਾਕੀ ਨਾ ਰਹਿ ਜਾਵੇ। ਇਹ ਕਾਰੋਬਾਰ, ਰੁਝੇਵੇਂ ਤੇ ਦੁਨੀਆਂਦਾਰੀ ਨੇ ਚੱਲਦੇ ਰਹਿਣਾ। ਜੇ ਨਹੀਂ ਰਹਿਣਾ ਤਾਂ ਮਾਂ ਨੇ ਨਹੀਂ ਰਹਿਣਾ ਅਤੇ ਮਾਂ ਪਿਛੋਂ ਕਿਸੇ ਨੇ ਨਹੀਂ ਕਹਿਣਾ ਕਿ ਰੋਟੀ ਖਾਧੀ ਹੈ ਕਿ ਨਹੀਂ? ਵੇ ਪੁੱਤ ਕਦੋਂ ਆਉਣਾ ਏ? ਮਾਂ ਦੇ ਜਾਣ ਪਿਛੋਂ ਘਰ ਬੇਗਾਨਾ ਹੋ ਜਾਂਦਾ ਅਤੇ ਇਸ ਬੇਗਾਨਗੀ ਨੂੰ ਹੰਢਾਉਂਦਿਆਂ, ਮਾਂ ਦੀ ਯਾਦ ਵਿਚ ਨੈਣੀਂ ਭਰੇ ਖਾਰੇ ਪਾਣੀ ਨੇ ਵੀ ਮਾਂ ਨੂੰ ਵਾਪਸ ਨਹੀਂ ਲਿਆਉਣਾ। ਇਸ ਤੋਂ ਪਹਿਲਾਂ ਕਿ ਦੀਦਿਆਂ ਦੀ ਸੈਲਾਬ ਨੂੰ ਜੀਵਨ-ਸਾਥੀ ਬਣਾਉਣ ਦੀ ਨੌਬਤ ਆਵੇ, ਮਾਂ ਨੂੰ ਮਿਲਣ ਲਈ ਸਮਾਂ ਜਰੂਰ ਕੱਢਣਾ। ਇਸ ਵਿਚ ਕੀਤੀ ਦੇਰੀ ਕਾਰਨ ਰਾਖ ਦੀ ਢੇਰੀ ਹੀ ਤੁਹਾਨੂੰ ਉਡੀਕੇਗੀ, ਜਿਸ ਨੇ ਤੁਹਾਡੀ ਹਿਚਕੀਆਂ ਨਹੀਂ ਸੁਣਨੀਆਂ। ਮਾਂ ਦੀ ਹਾਕ ਦਾ ਹੁੰਗਾਰਾ ਭਰਦੇ ਰਹਿਣਾ ਕਿਉਂਕਿ ਸਾਰਾ ਜੀਵਨ ਬੱਚਿਆਂ ਦੇ ਲੇਖੇ ਲਾਉਣ ਵਾਲੀ ਮਾਂ ਦਾ ਵੀ ਕੁਝ ਹੱਕ ਏ ਕਿ ਉਸ ਨੂੰ ਵੀ ਕੁਝ ਸਮਾਂ ਮਿਲੇ। ਉਸ ਦੀ ਸੇਵਾ ਵਿਚੋਂ ਸਕੂਨ ਅਤੇ ਸੁਖਨ ਨੂੰ ਜੀਵਨ ਦਾ ਤੱਤਸਾਰ ਬਣਾਉਣ ਦੀ ਲੋੜ ਹੈ।
ਚੰਗੇ ਕਦਮ ਉਠਾਉਣ, ਚੰਗੇ ਵਿਚਾਰ ਮਨ-ਬਗੀਚੇ ਵਿਚ ਉਗਾਉਣ, ਕੋਈ ਨਵੀਂ ਕਿਰਤ, ਕਲਾ ਜਾਂ ਕਾਰਜ ਕਰਨ ਵਿਚ ਕਦੇ ਦੇਰੀ ਨਾ ਕਰੋ, ਕਿਉਂਕਿ ਅਜਿਹੇ ਕੰਮਾਂ ਵਿਚ ਦੇਰੀ ਦਲਿੱਦਰ ਹੁੰਦੀ, ਜੋ ਮਨੁੱਖੀ ਸਮਰੱਥਾ ਅਤੇ ਸ਼ਕਤੀ ਨੂੰ ਨਿਗੁਣਾ ਕਰਦਾ। ਦੇਰੀ ਕਰਨੀ ਹੈ ਤਾਂ ਗਲਤ ਰਾਹਾਂ ‘ਤੇ ਤੁਰਨ ਤੋਂ ਕਰਿਓ। ਕੁਤਾਹੀਆਂ, ਕਮੀਨਗੀਆਂ ਨੂੰ ਪੈਦਾ ਕਰਨ ਤੋਂ ਹੱਟਕਿਓ। ਗਲਤ ਲੋਕਾਂ ਦੀ ਸੰਗਤ, ਮਾੜੇ ਲੋਕਾਂ ਦੀ ਰਹਿਬਰੀ ਅਤੇ ਕੁ-ਕਰਮੀਆਂ ਤੋਂ ਸਦਾ ਦੂਰੀ ਬਣਾਈ ਰੱਖੋ। ਅਜਿਹੀ ਦੇਰੀ ਤੁਹਾਨੂੰ ਸੋਚਣ ਅਤੇ ਸੰਭਲਣ ਦਾ ਮੌਕਾ ਪ੍ਰਦਾਨ ਕਰਦੀ ਹੈ।
ਮੰਜ਼ਿਲ ਵੱਲ ਵਧਦੇ ਕਦਮਾਂ ਲਈ ਦੇਰੀ ਨਾ ਕਰੋ। ਸਗੋਂ ਦਰੁਸਤੀ, ਦਲੇਰੀ, ਦਮਖਮ ਅਤੇ ਦਮਦਾਰੀ ਦਾ ਸਰੂਰ ਇਨ੍ਹਾਂ ਦੇ ਨਾਮ ਕਰੋ। ਤੁਹਾਡੇ ਕਦਮ ਦਿਸਹੱਦਿਆਂ ਦਾ ਸਿਰਨਾਂਵਾਂ ਬਣਨਗੇ। ਚਾਨਣ ਭਰੀਆਂ ਭਰੀਆਂ ਰਾਹਾਂ ਵਿਚੋਂ ਹੀ ਸੂਰਜਾਂ ਦੀ ਸੰਗਤਾ ਨਸੀਬ ਹੁੰਦੀ ਹੈ।