ਦੁਇ ਕਰ ਜੋੜਿ ਕਰਉ ਅਰਦਾਸਿ: ‘ਅਰਦਾਸ’

ਪੁਸਤਕ ਪੜਚੋਲ
ਡਾ. ਗੁਰਨਾਮ ਕੌਰ, ਕੈਨੇਡਾ
ਕੋਈ ਅਚਾਨਕ ਆਇਆ ਫੁਰਨਾ ਜਾਂ ਵਿਚਾਰ-ਚਰਚਾ ਕਦੋਂ ਕਿਸੇ ਪੁਸਤਕ ਦੀ ਰਚਨਾ ਦਾ ਸਬੱਬ ਬਣ ਜਾਵੇ, ਕਿਹਾ ਨਹੀਂ ਜਾ ਸਕਦਾ। ਕੁਝ ਇਸੇ ਤਰ੍ਹਾਂ ਦਾ ਸਬੱਬ ਬਣਿਆ ਡਾ. ਓਅੰਕਾਰ ਸਿੰਘ ਦੀ ‘ਅਰਦਾਸ’ ਸਿਰਲੇਖ ਹੇਠ, ‘ਅਮੈਰਿਕਨ ਸਕੂਲ ਆਫ ਗੁਰਮਤਿ ਸਪਿਰਚੂਐਲਿਟੀ ਇੰਕ. ਅਮਰੀਕਾ’ ਵੱਲੋਂ ਛਾਪੀ ਪੁਸਤਕ ਦਾ। ਹੋਇਆ ਇਉਂ ਕਿ ਅਮਰੀਕਾ ਦੇ ਨਿਊ ਮੈਕਸੀਕੋ ਦੇ ਐਸਪੇਨੋਲਾ ਸ਼ਹਿਰ ਤੋਂ ਸ਼ੁਰੂ ਕਰਕੇ ਹੋਰ ਵੱਖ ਵੱਖ ਕੇਂਦਰਾਂ ਵਿਚ ਅਮਰੀਕਨ ਸਿੱਖਾਂ ਅਤੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਗੁਰਮਤਿ ਪੜ੍ਹਾਉਂਦਿਆਂ ਕਈ ਸ਼ਬਦਾਂ ਬਾਰੇ ਪੁੱਛਦਿਆਂ ਤੇ ਦੱਸਦਿਆਂ ਇਸ ਨੂੰ ਪੁਸਤਕ ਰੂਪ ਵਿਚ ਲਿਖਣ ਦਾ ਸਬੱਬ ਬਣਿਆ।

ਡਾ. ਓਅੰਕਾਰ ਸਿੰਘ ਦੇ ਦੱਸਣ ਅਨੁਸਾਰ ਮਿਸਾਲ ਵਜੋਂ ਜਮਾਤ ਨੂੰ ਗੁਰਮਤਿ ਪੜ੍ਹਾਉਂਦਿਆਂ ਇੱਕ ਵਾਰ ਉਨ੍ਹਾਂ ਪੁੱਛਿਆ ਕਿ ‘ਬਿਰਦ ਕੀ ਪੈਜ’ ਕੀ ਹੁੰਦੀ ਹੈ ਤਾਂ ਵਿਦਿਆਰਥੀਆਂ ਨੂੰ ਨਹੀਂ ਸੀ ਪਤਾ, ‘ਚੜ੍ਹਦੀ ਕਲਾ’ ਕਿਸ ਨੂੰ ਕਹਿੰਦੇ ਹਨ?’ ਜਾਂ ਕੌਣ ਦੋ ਪਿਉ-ਪੁੱਤਰ ਸਿੰਘ ਚਰਖੜੀਆਂ ‘ਤੇ ਚੜ੍ਹੇ ਸਨ? ਇਹ ਸਭ ਸਿੱਖ ਸੰਕਲਪ ਜਾਂ ਇਤਿਹਾਸਕ ਤੱਥਾਂ ਤੋਂ ਬਹੁਤੇ ਅਮਰੀਕਨ ਸਿੱਖ ਜਾਂ ਅਮਰੀਕਾ ਵਿਚ ਜੰਮੇ-ਪਲੇ ਉਨ੍ਹਾਂ ਕੋਲ ਪੜ੍ਹਦੇ ਸਿੱਖ ਬੱਚੇ ਨਹੀਂ ਸਨ ਜਾਣਦੇ। ਇਸ ਤਰ੍ਹਾਂ ਇਸ ਕਿਸਮ ਦੇ ਛੋਟੇ ਛੋਟੇ, ਪਰ ਅਹਿਮ ਸਵਾਲਾਂ ਨੇ ‘ਅਰਦਾਸ’ ਦੀਆਂ ਪਰਤਾਂ ਨੂੰ ਫਰੋਲਦਿਆਂ ਪੁਸਤਕ ਦਾ ਵਿਚਾਰ ਉਨ੍ਹਾਂ ਦੇ ਮਨ ਵਿਚ ਪੈਦਾ ਕੀਤਾ। ਜਿੱਥੇ ਇਸ ਕਿਸਮ ਦੀ ਵਿਚਾਰ-ਚਰਚਾ ਇਸ ਪੁਸਤਕ ਨੂੰ ਲਿਖਣ ਦਾ ਕਾਰਨ ਬਣੀ, ਉਥੇ ਹੀ ਲੇਖਕ ਦੇ ਆਪਣੇ ਸ਼ਬਦਾਂ ਵਿਚ ਉਸ ਦੀ ਪ੍ਰੇਰਨਾ ਦਾ ਸ੍ਰੋਤ ‘ਸਾਹਿਬਜ਼ਾਦਿਆਂ ਦੀ ਜਗਾਈ ਸ਼ਹੀਦੀ ਲੋਅ ਦੀਆਂ ਕਿਰਨਾਂ’ ਹਨ, ਜਿਨ੍ਹਾਂ ਨੂੰ ਇਹ ਪੁਸਤਕ ਸਮਰਪਿਤ ਵੀ ਕੀਤੀ ਗਈ ਹੈ।
ਸਿੱਖ ਅਰਦਾਸ ਵਿਚ, ਜਿਵੇਂ ਡਾ. ਬਲਕਾਰ ਸਿੰਘ ਨੇ ‘ਪਿਆਰ ਅਸੀਸ’ ਵਿਚ ਪੁਸਤਕ ਦੇ ਅਰੰਭ ਵਿਚ ਲਿਖਿਆ ਹੈ, ਸਿੱਖ-ਚਿੰਤਨ ਅਤੇ ਸਿੱਖ ਇਤਿਹਾਸ ਨੂੰ ਗੁੰਨ੍ਹਿਆ ਹੋਇਆ ਹੈ, ਜੋ ਆਮ ਦੂਜੇ ਧਰਮਾਂ ਵਿਚ ਪ੍ਰਾਪਤ ਨਹੀਂ ਹੈ। ਇਸ ਪੁਸਤਕ ਦਾ ਇੱਕ ਹੋਰ ਹਾਸਲ ਇਹ ਵੀ ਹੈ ਕਿ ਅਮਰੀਕਨ ਸਿੱਖਾਂ ਜਾਂ ਵਿਦੇਸ਼ਾਂ ਵਿਚ ਜੰਮੇ-ਪਲੇ ਸਿੱਖ ਬੱਚਿਆਂ ਨੂੰ ਧਿਆਨ ਵਿਚ ਰੱਖਦਿਆਂ, ਇਸ ਦੇ ਹਰ ਸੰਕਲਪ ਜਾਂ ਪਰਤ ਦੀ ਵਿਆਖਿਆ ਨੂੰ ਨਾਲ ਦੀ ਨਾਲ ਅੰਗਰੇਜ਼ੀ ਵਿਚ ਵੀ ਉਲਥਾਇਆ ਗਿਆ ਹੈ ਅਤੇ ਇਹ ਕਾਰਜ ਪ੍ਰੋ. ਜੋਗਿੰਦਰ ਸਿੰਘ ਜੋਗੀ ਨੇ ਨਿਭਾਇਆ ਹੈ। ਲੇਖਕ ਨੇ ‘ਅਰਦਾਸ ਦਾ ਉਹ ਪਾਠ ੴ ਤੋਂ ਲੈ ਕੇ ਸਰਬੱਤ ਦੇ ਭਲੇ ਤੱਕ ਲਿਆ ਹੈ ਜੋ ਪੰਥ ਪ੍ਰਵਾਨਿਤ ਰਹਿਤ-ਮਰਿਆਦਾ ਵਿਚ ਦਿੱਤਾ ਹੋਇਆ ਹੈ।’
ਪੁਸਤਕ ਦੇ ਅਰੰਭ ਵਿਚ ‘ਅਰਦਾਸ’ ਸਿਰਲੇਖ ਹੇਠਲੇ ਪਾਠ ਵਿਚ ਲੇਖਕ ਨੇ ਦੂਜੇ ਧਰਮਾਂ ਵਿਚ ਆਮ ਕਰਕੇ ਅਤੇ ਸਿੱਖ ਧਰਮ ਵਿਚ ਖਾਸ ਕਰਕੇ ਅਰਦਾਸ ਦੇ ਕੀ ਮਾਅਨੇ ਜਾਂ ਪਰਿਭਾਸ਼ਾ ਹੈ, ਦੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਰਦਾਸ ਕਿਸੇ ਵੀ ਅਧਿਆਤਮਕ ਸਾਧਨਾ ਦਾ ਕੇਂਦਰ ਬਿੰਦੂ ਹੈ ਅਤੇ ਨਾਲ ਹੀ ਉਸ ਨੇ ਕੁਝ ਇੱਕ ਸਿੱਖ ਵਿਦਵਾਨਾਂ ਵੱਲੋਂ ‘ਅਰਦਾਸ’ ਦੀ ਕੀਤੀ ਵਿਆਖਿਆ ਵੱਲ ਵੀ ਸੰਕੇਤ ਕੀਤਾ ਹੈ। ਅਰਦਾਸ ਦੇ ਇਤਿਹਾਸ ਤੇ ਸੰਖੇਪ ਝਾਤੀ ਪਾਉਂਦਿਆਂ ਲੇਖਕ ਨੇ ਇਹ ਤੱਥ ਸਪੱਸ਼ਟ ਰੂਪ ਵਿਚ ਸਾਹਮਣੇ ਲਿਆਂਦਾ ਹੈ ਕਿ ਅਰਦਾਸ ਸਿੱਖ ਵਿਰਸੇ ਦੀ ਸੰਭਾਲ ਹੈ, ਜਿਸ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ “ਸਿੱਖ ਧਰਮ ਦੀ ਅਰਦਾਸ ਦਾ, ਪੰਥ ਵਲੋਂ ਪ੍ਰਵਾਨਿਤ ਇਹ ਸਰੂਪ ਸਮੂਹ ਸਿੱਖਾਂ ਲਈ ਸਾਂਝਾ ਤੇ ਜ਼ਰੂਰੀ ਹੈ। ਸਮੁੱਚੇ ਪੰਥ ਦੀ ਪ੍ਰਵਾਨਗੀ ਤੋਂ ਬਿਨਾ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ। ਇਸ ਦਾ ਹਰ ਸ਼ਬਦ, ਸੰਗਤੀ-ਅਰਦਾਸ ਵਿਚ ਪੜ੍ਹਿਆ ਜਾਣਾ ਜ਼ਰੂਰੀ ਹੈ।”
ਸਿੱਖ ਅਰਦਾਸ ਵਿਚ ੴ , ਵਹਿਗੁਰੂ ਜੀ ਕੀ ਫਤਿਹ ਅਤੇ ਅਰਦਾਸ ਕਰਦਿਆਂ ‘ਵਾਹਿਗੁਰੂ’ ਬੋਲਣ ਦਾ ਕੀ ਮਹੱਤਵ ਹੈ, ਆਦਿ ਦੀ ਵਿਆਖਿਆ ਕੀਤੀ ਹੈ। ਇਸ ਪਹਿਲੇ ਪਾਠ ਵਿਚ ਹੀ ਲੇਖਕ ਨੇ ਕੁਝ ਖਾਸ ਨੁਕਤਿਆਂ ਵੱਲ ਸੰਕੇਤ ਕੀਤਾ ਹੈ, ਮਸਲਨ ਅਰਦਾਸ ਕਰਦੇ ਸਮੇਂ ਜਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ; ਜਿਵੇਂ ਪੰਥਕ ਏਕਤਾ ਨੂੰ ਧਿਆਨ ਵਿਚ ਰੱਖਦਿਆਂ ਪੰਥ ਵੱਲੋਂ ਜੋ ਪਾਠ ਪ੍ਰਵਾਨਿਤ ਹੈ, ਉਸੇ ਅਨੁਸਾਰ ਅਰਦਾਸ ਕਰਨੀ: ਗੁਰਬਾਣੀ ਅਦੇਸ਼ ਅਨੁਸਾਰ ਇੱਕੋ ਅਕਾਲ ਪੁਰਖ ਨੂੰ ਮੰਨਦਿਆਂ ਉਸ ਇੱਕ ਅੱਗੇ ਹੀ ਅਰਦਾਸ ਕਰਨੀ; ਅਰਦਾਸ ਕਰਨ ਵੇਲੇ ਕਿਸੇ ਵਿਅਕਤੀ ਵਿਸ਼ੇਸ਼ ਦੇ ਸੋਹਲੇ ਨਹੀਂ ਗਾਉਣੇ ਚਾਹੀਦੇ; ਅਰਦਾਸ ਕਰਦੇ ਸਮੇਂ ਅਰਦਾਸੀਏ ਸਿੰਘ ਨੂੰ ਮੁੱਠੀ ਵਿਚ ਭੇਟਾ ਜਾਂ ਕੋਈ ਚਿੱਟ ਨਹੀਂ ਫੜਾਉਣੀ ਚਾਹੀਦੀ ਆਦਿ। ਲੇਖਕ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸੰਗਤੀ ਅਰਦਾਸ ਕਰਨ ਪਿੱਛੋਂ ‘ਆਗਿਆ ਭਈ ਅਕਾਲ ਕੀ’ ਦਾ ਦੋਹਿਰਾ ਵੀ ਪੜ੍ਹਨਾ ਚਾਹੀਦਾ ਹੈ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦਾ ਜੈਕਾਰਾ ਵੀ ਛੱਡਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੇਖਕ ਅਨੁਸਾਰ ਪ੍ਰਚਲਿਤ ਦੋਹਿਰੇ ਦੀਆਂ ਆਖਰੀ ਦੋ ਪੰਕਤੀਆਂ,
‘ਗੁਰੂ ਗ੍ਰੰਥ ਜੀ ਮਾਨਯੋ ਪਰਗਟ ਗੁਰਾਂ ਕੀ ਦੇਹ॥
ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈ ਲੇਹ॥’
ਭਾਈ ਪ੍ਰਹਿਲਾਦ ਸਿੰਘ ਜੀ ਵਾਲੇ ਰਹਿਤਨਾਮੇ ਵਿਚ ਇਸ ਤਰ੍ਹਾਂ ਹਨ,
ਗੁਰੂ ਖਾਲਸਾ ਮਾਨੀਅਹਿਂ, ਪਰਗਟ ਗੁਰੂ ਕੀ ਦੇਹ॥
ਜੋ ਸਿਖ ਮੋ ਮਿਲਬੋ ਚਹਹਿ, ਖੋਜ ਇਨਹੂਂ ਮਹਿਂ ਲੇਹ॥
ਲੇਖਕ ਦਾ ਸੁਝਾਅ ਹੈ ਕਿ “ਜੇ ਹੋ ਸਕੇ ਤਾਂ ਸੰਗਤ ਨਾਲ ਗੁਰਮਤਾ ਕਰਕੇ ਗੁਰਦੁਆਰਿਆਂ ਵਿਚ ਇਸ ਪੰਕਤੀ ਨੂੰ ਸੁਧਾਰ ਲੈਣਾ ਚਾਹੀਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ‘ਸ਼ਬਦ ਗੁਰੂ’ ਹਨ, ਦੇਹਧਾਰੀ ਗੁਰੂ ਨਹੀਂ। ਇਸ ਨਾਲ ਸਿੱਖੀ ਸਿਧਾਂਤ ਦੇ ਸ਼ਬਦ ਗੁਰੂ ਵਾਲੇ ਸਿਧਾਂਤ ਨੂੰ ਖੋਰਾ ਲਗਦਾ ਹੈ। ਸਰੀਰ ਦੇ ਤੌਰ ‘ਤੇ ਗੁਰੂ ਖਾਲਸਾ ਪੰਥ ਹੀ ਸਤਿਗੁਰੂ ਦਾ ਸਰੂਪ ਹੈ ਅਤੇ ਖਾਲਸਾ ਪੰਥ ਨੂੰ ਸਤਿਗੁਰੂ ਨੇ ਗੁਰਿਆਈ ਬਖਸ਼ੀ ਹੈ।”
ਲੇਖਕ ਦਾ ਮੰਨਣਾ ਹੈ ਕਿ ਹਰ ਗੁਰਸਿੱਖ ਨੂੰ ਅਰਦਾਸ ਕੰਠ ਕਰਨੀ ਚਾਹੀਦੀ ਹੈ ਅਤੇ ਹਰ ਸਮੇਂ ਗ੍ਰੰਥੀ ਸਿੰਘਾਂ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਅਗਲਾ ਨੁਕਤਾ, ਜੋ ਧਿਆਨਗੋਚਰੇ ਕੀਤਾ ਹੈ, ਉਹ ਹੈ ਅਰਦਾਸ ਵਿਚ ਸੁੱਖਾਂ ਸੁੱਖਣੀਆਂ ਜਾਂ ਸ਼ਰਤਾਂ ਲਾ ਕੇ ਅਰਦਾਸ ਨਹੀਂ ਕਰਨੀ ਚਾਹੀਦੀ, ਕਿਉਂਕਿ ਗੁਰਸਿੱਖ ਨੇ ਹਰ ਹਾਲਤ ਵਿਚ ਵਾਹਿਗੁਰੂ ਦੇ ਭਾਣੇ ਵਿਚ ਜਿਉਣਾ ਹੈ ਅਤੇ ਉਸ ਪਰਵਦਗਾਰ ਦਾ ਸ਼ੁਕਰਾਨਾ ਕਰਨਾ ਹੈ। ਅਗਲੀ ਗੱਲ ਅਰਦਾਸ ਦੇ ਵਿਚਕਾਰ ਹੀ ਕੜਾਹ ਪ੍ਰਸ਼ਾਦ ਨੂੰ ਕਿਰਪਾਨ ਭੇਟ ਕਰਨਾ ਵੀ ਗੁਰਮਤਿ ਅਨੁਸਾਰ ਨਹੀਂ ਹੈ, ਜਿਸ ਬਾਰੇ ਸ਼੍ਰੋਮਣੀ ਕਮੇਟੀ ਨੇ ਆਪਣੇ ਪੱਤਰ ਨੰਬਰ 39913/9 ਮਿਤੀ 23-4-1974 ਅਨੁਸਾਰ ਸਪੱਸ਼ਟੀਕਰਣ ਦਿੱਤਾ ਹੋਇਆ ਹੈ ਕਿ ਅਰਦਾਸ ਦੀ ਸਮਾਪਤੀ ਅਤੇ ਹੁਕਮਨਾਮੇ ਪਿਛੋਂ, ਪ੍ਰਸ਼ਾਦ ਵਰਤਾਉਣ ਵੇਲੇ ਹੀ ਕਿਰਪਾਨ ਭੇਟ ਕਰਨੀ ਚਾਹੀਦੀ ਹੈ। ‘ਅਰਦਾਸ’ ਵਿਚ ਆਏ ਸੰਕਲਪਾਂ, ਇਤਿਹਾਸ ਆਦਿ ਦੀ ਬਹੁਤ ਹੀ ਸੁੰਦਰ ਚਿੱਤਰਕਾਰੀ ਅਤੇ ਕੈਲੀਗਰਾਫੀ ਸ਼ ਹਰਦੀਪ ਸਿੰਘ ਨੇ ਕੀਤੀ ਹੈ, ਜੋ ਵਿਆਖਿਆ ਦੇ ਨਾਲ ਨਾਲ ਹਰ ਇੱਕ ਪੰਨੇ ‘ਤੇ ਦਿੱਤੀ ਹੋਈ ਹੈ।
ਅਰਦਾਸ ਦਾ ਪਹਿਲਾ ਸ਼ਬਦ ੴ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਵੀ ਪਹਿਲਾ ਸ਼ਬਦ ਹੈ। ਲੇਖਕ ਨੇ ੴ ਦੀ ਪੂਰੀ ਵਿਆਖਿਆ ਕੀਤੀ ਹੈ। ੴ ਤੋਂ ਬਾਅਦ ‘ਵਾਹਿਗੁਰੂ ਜੀ ਕੀ ਫਤਿਹ’ ਦੀ ਵਿਆਖਿਆ ਕਰਦਿਆਂ ਲੇਖਕ ਨੇ ਦੱਸਿਆ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਰਚਿਆ ਹੋਇਆ ਮੰਗਲ ਹੈ। ਮਿਸਾਲਾਂ ਸਹਿਤ ਦੱਸਿਆ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਮਕਸਦ ਸਿੱਖ ਮਾਨਸਿਕਤਾ ਨੂੰ ਬੁਜ਼ਦਿਲੀ ਅਤੇ ਢਹਿੰਦੀ ਕਲਾ ‘ਚੋਂ ਕੱਢ ਕੇ ਚੜ੍ਹਦੀ ਕਲਾ ਦੀਆਂ ਬੁਲੰਦੀਆਂ ‘ਤੇ ਲਿਆਉਣਾ ਸੀ, ਜਿਸ ਕਰਕੇ ਉਨ੍ਹਾਂ ਨੇ ਸਿੱਖਾਂ ਨੂੰ ਨਵੇਂ ਬੋਲੇ, ਨਵੀਂ ਸ਼ਬਦਾਵਲੀ ਦਿੱਤੀ। ਅੰਮ੍ਰਿਤ ਛਕਾਉਣ ਵੇਲੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ॥’ ਦੀ ਜੋ ਗੁੜ੍ਹਤੀ ਦਿੱਤੀ, ਉਸ ਨੇ ਸਿੱਖ ਮਾਨਸਿਕਤਾ ਵਿਚ ਨਵੀਂ ਤਬਦੀਲੀ ਲਿਆਂਦੀ। ਲੇਖਕ ਨੇ ਇਸ ਤੱਥ ਤੋਂ ਵੀ ਜਾਣੂ ਕਰਾਇਆ ਹੈ ਕਿ ਸਿੱਖਾਂ ਦੇ ਆਪਸ ਵਿਚ ਮਿਲਣ ਵੇਲੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਹੀ ਬੁਲਾਉਣੀ ਚਾਹੀਦੀ ਹੈ, ਕਿਉਂਕਿ ‘ਸਤਿ ਸ੍ਰੀ ਅਕਾਲ’ ਖਾਲਸਾ ਫੌਜਾਂ ਵੱਲੋਂ ਚੜ੍ਹਾਈ ਕਰਨ ਵੇਲੇ ਜੋਸ਼ ਅਤੇ ਚੜ੍ਹਦੀ ਕਲਾ ਦਾ ਅਹਿਸਾਸ ਜਗਾਉਣ ਲਈ ਯੁੱਧ ਵੇਲੇ ਵਰਤੇ ਜਾਂਦੇ ਐਲਾਨ ਨਾਲ ਸਬੰਧਿਤ ਹੈ, ਜੋ ਸੰਪੂਰਨ ਸ਼ਬਦਾਂ ਵਿਚ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਹੈ।
ਅਰਦਾਸ ਵਿਚ ‘ਸ੍ਰੀ ਭਗੌਤੀ ਜੀ ਸਹਾਇ’ ਪੰਕਤੀਆਂ, ਲੇਖਕ ਅਨੁਸਾਰ “ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚੀ ਭਗੌਤੀ ਕੀ ਵਾਰ ਦੀ ਪਹਿਲੀ ਪੌੜੀ ਵਿਚੋਂ ਹਨ।…ਸਭ ਥਾਂਈਂ ਹੋਇ ਸਹਾਇ ਤੱਕ ਇਹ ਪਹਿਲੀ ਪਉੜੀ ਸਮਾਪਤ ਹੁੰਦੀ ਹੈ।” ਲੇਖਕ ਦਾ ਇਹ ਵੀ ਮੰਨਣਾ ਹੈ ਕਿ “ਸਿੱਖ ਸੂਰਬੀਰ ਯੋਧਿਆਂ ਵਿਚ ਸੂਰਬੀਰਤਾ ਦਾ ਇਜ਼ਹਾਰ ਕਰਨ ਲਈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ ਅਤੇ ਆਪਣੇ 52 ਕਵੀਆਂ ਕੋਲੋਂ ਕਰਵਾਈ, ਜਿਸ ਵਿਚੋਂ ਸ੍ਰੀ ਭਗੌਤੀ ਜੀ ਕੀ ਇਹ ਵਾਰ ਵੀ ਕਹੀ ਜਾ ਸਕਦੀ ਹੈ।” ਪਰ ਅਸੀਂ ਜਾਣਦੇ ਹਾਂ ਕਿ “ਭਗੌਤੀ ਕੀ ਵਾਰ” ਸਬੰਧੀ ਸਿੱਖ ਵਿਦਵਾਨਾਂ ਵਿਚ ਮੱਤਭੇਦ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ੴ ਨੂੰ ਹੀ ਮੰਨਣ ਅਤੇ ਉਸੇ ਦਾ ਸਿਮਰਨ ਕਰਨ ਦੀ ਪ੍ਰੇਰਣਾ ਕੀਤੀ ਹੈ ਅਤੇ ‘ਭਗੌਤੀ’ ਸ਼ਕਤੀ ਦੀ ਪ੍ਰਤੀਕ ਹੈ। ਸ਼ਾਇਦ ਇਸੇ ਵਿਰੋਧਾਭਾਸ ਨੂੰ ਧਿਆਨ ਵਿਚ ਰੱਖਦਿਆਂ ਹੀ ਲੇਖਕ ਨੇ ਵਿਚਾਰ ਪਰਗਟ ਕੀਤਾ ਹੈ ਕਿ “ਇਸ ਦਾ ਮਕਸਦ ਗੁਰਸਿੱਖਾਂ ਨੂੰ ਕਦਾ ਚਿੱਤ ਵੀ ਤੇਜ-ਪੂਜਕ ਬਣਾਉਣ ਦਾ ਨਹੀਂ ਸੀ, ਸਗੋਂ ਅਕਾਲ ਪੁਰਖੀ ਤੇਜ ਨੂੰ ਧਾਰਨ ਕਰਨ ਦਾ ਸੀ।”
ਮੇਰਾ ਮੰਨਣਾ ਹੈ ਕਿ ਕੁਝ ਧਾਰਨਾਵਾਂ ਸਮੇਂ ਦੀ ਇਤਿਹਾਸਕ ਲੋੜ ਅਨੁਸਾਰ ਸੁੱਤੇ ਸਿੱਧ ਹੀ ਪਰੰਪਰਾ ਦਾ ਹਿੱਸਾ ਬਣ ਜਾਂਦੀਆਂ ਹਨ, ਜਿਨ੍ਹਾਂ ਦਾ ਤਰਕ ਸਿਰਜ ਲਿਆ ਜਾਂਦਾ ਹੈ। ਸਾਡੇ ਕੋਲ ਸਿਧਾਂਤ ਅਤੇ ਸਿਸਟਮ ਦੋਵੇਂ ਹੋਣ ਦੇ ਬਾਵਜੂਦ ਅਸੀਂ ਪੰਥਕ ਤੌਰ ‘ਤੇ ਇਸ ਕਿਸਮ ਦੇ ਵਿਰੋਧਾਭਾਸਾਂ ਨੂੰ ਸੁਲਝਾਉਣ ਲਈ ਇਸ ਦੀ ਸੁਯੋਗ ਵਰਤੋਂ ਕਰਨੀ ਸਿੱਖੇ ਹੀ ਨਹੀਂ।
‘ਗੁਰ ਨਾਨਕ ਲਈਂ ਧਿਆਇ’ ਲੇਖਕ ਨੇ ਸਪੱਸ਼ਟ ਕੀਤਾ ਹੈ ਕਿ “ਗੁਰੂ ਨਾਨਕ ਕੋਈ ਸੰਤ ਜਾਂ ਸੁਧਾਰਕ ਨਹੀਂ ਸਨ, ਸਗੋਂ ਸਤਿਗੁਰੂ ਸਨ, ਜਿਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਅਤੇ ਇੱਕ ਧਰਮ ਤੇ ਨਵੀਂ ਸਭਿਅਤਾ ਨੂੰ ਜਨਮ ਦਿੱਤਾ।” ਭਾਈ ਗੁਰਦਾਸ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਦੇ ਜੀਵਨ-ਫਲਸਫੇ ‘ਤੇ ਸੰਖੇਪ ਪਰ ਗਿਆਨ-ਭਰਪੂਰ ਚਾਨਣਾ ਪਾਉਂਦਿਆਂ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਕਿਰਤ ਨਾਲ ਜੋੜਦਿਆਂ ਜਾਤ-ਪਾਤ, ਊਚ-ਨੀਚ, ਇਸਤਰੀ-ਪੁਰਸ਼ ਆਦਿ ਦੇ ਭੇਦ-ਭਾਵ ਤੋਂ ਰਹਿਤ ਇੱਕ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਸਿਧਾਂਤਕ ਧਰਾਤਲ ਮੁਹੱਈਆ ਕਰਾਉਣ ਦੇ ਨਾਲ ਨਾਲ ਸੰਗਤ ਅਤੇ ਪੰਗਤ ਦੀ ਸੰਸਥਾ ਰਾਹੀਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਮਾਰਗ ਸਥਾਪਤ ਕੀਤਾ। ‘ਫਿਰ ਅੰਗਦ’- ਸੇਵਾ ਰਾਮ ਦੀਆਂ ਪਰਚੀਆਂ, ਪੁਰਾਤਨ ਜਨਮਸਾਖੀ, ਸਤਾ ਬਲਵੰਡ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰ, ਅਤੇ ਡਾ. ਲਾਇਟਨਰ ਦੀ ਪੁਸਤਕ ‘ਤੇ ਆਧਾਰਤ ਕਰਦਿਆਂ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਸੰਖੇਪ ਜਾਣਕਾਰੀ ਕਰਵਾਈ ਹੈ ਕਿ ਉਨ੍ਹਾਂ ਨੇ ਗੁਰਮੁਖੀ ਲਿਪੀ ਵਿਚ ਬਾਲਬੋਧ ਤਿਆਰ ਕੀਤੇ, ਲੰਗਰ ਦੀ ਸੰਸਥਾ ਨੂੰ ਮਾਤਾ ਖੀਵੀ ਜੀ ਦੀ ਨਿਗਰਾਨੀ ਹੇਠ ਹੋਰ ਮਜ਼ਬੂਤ ਕੀਤਾ ਅਤੇ ਦਸਵੰਧ ਦੀ ਵਿਵਸਥਾ ਕੀਤੀ।
ਤੀਜੇ ਗੁਰੂ ਅਮਰਦਾਸ ਜੀ ਦੀ ਜੀਵਨ ਚਰਚਾ ‘ਗੁਰ ਤੇ ਅਮਰਦਾਸ’ ਸਿਰਲੇਖ ਹੇਠ ਕਰਦਿਆਂ ਉਨ੍ਹਾਂ ਵੱਲੋਂ ਗੁਰੂ ਅੰਗਦ ਦੇਵ ਜੀ ਦੀ ਸੇਵਾ ਸਮੇਤ ਲੰਗਰ ਵਿਚ ਸੇਵਾ ਕਰਨ, ਗੁਰਿਆਈ ਮਿਲਣ ਉਪਰੰਤ ਕੀਤੇ ਕਾਰਜਾਂ ਜਿਵੇਂ ਗੁਰੂ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛਕਣ ਨੂੰ ਜ਼ਰੂਰੀ ਕਰਾਰ ਦੇਣਾ ਅਤੇ ਸਭ ਦੀ ਬਰਾਬਰੀ ਲਈ ਇੱਕੋ ਸਥਾਨ ਤੇ ਸੰਗਤਾਂ ਦੇ ਇਸ਼ਨਾਨ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਬਉਲੀ ਬਣਵਾਉਣਾ, ਧਰਮ ਪ੍ਰਚਾਰ ਲਈ 22 ਮੰਜੀਆਂ ਦੀ ਸਥਾਪਤੀ ਅਤੇ ਬੀਬੀਆਂ ਨੂੰ ਬਰਾਬਰ ਦੇ ਦਰਜੇ ‘ਤੇ ਲਿਆਉਣ ਲਈ ਚੁੱਕੇ ਗਏ ਅਮਲੀ ਕਦਮਾਂ ਦੀ ਸੰਖੇਪ ਜਾਣਕਾਰੀ ਦਿੱਤੀ ਹੈ।
‘ਰਾਮਦਾਸੈ ਹੋਈਂ ਸਹਾਇ’ ਵਿਚ ਗੁਰੂ ਰਾਮਦਾਸ ਜੀ ਦੇ ਬਚਪਨ ਅਤੇ ਜਨਮ ਸਥਾਨ ਲਾਹੌਰ ਅਤੇ ਮੁਢਲਾ ਨਾਮ ਜੇਠਾ ਜੀ ਹੋਣ ‘ਤੇ ਚਾਨਣਾ ਪਾਇਆ ਹੈ। ਬਚਪਨ ਵਿਚ ਹੀ ਯਤੀਮ ਹੋ ਜਾਣ ਕਰਕੇ ਪਾਲਣ-ਪੋਸਣ ਨਾਨੀ ਕੋਲ ਬਾਸਰਕੇ (ਜੋ ਗੁਰੂ ਅਮਰਦਾਸ ਜੀ ਦਾ ਪਰਿਵਾਰਕ ਪਿੰਡ ਸੀ) ਹੋਇਆ ਅਤੇ ਰੋਜ਼ੀ-ਰੋਟੀ ਲਈ ਘੁੰਗਣੀਆਂ ਵੇਚਣ ਦੀ ਕਿਰਤ ਕਰਦੇ ਰਹੇ। ਗੋਇੰਦਵਾਲ ਸਾਹਿਬ ਆ ਕੇ ਵੀ ਘੁੰਗਣੀਆਂ ਵੇਚਣ ਦੀ ਕਿਰਤ ਕਰਨੀ ਨਹੀਂ ਛੱਡੀ ਅਤੇ ਨਾਲ ਨਾਲ ਲੰਗਰ ਦੀ ਸੇਵਾ ਵੀ ਕਰਦੇ। ਭਾਈ ਜੇਠਾ ਜੀ ਦੀ ਸ਼ਖਸੀਅਤ, ਲਗਨ, ਸੇਵਾ ਅਤੇ ਅਧਿਆਤਮਕ ਲਗਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਇਨ੍ਹਾਂ ਨਾਲ ਕਰ ਦਿੱਤਾ ਅਤੇ ਗੁਰੂ ਘਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਸੰਭਾਲ ਦਿੱਤੀਆਂ।
ਲੇਖਕ ਨੇ ‘ਗੁਰੂ ਕੇ ਚੱਕ’ ਦੀ ਤਰੱਕੀ ਲਈ ਦਸਤਕਾਰੀ ਅਤੇ ਵਪਾਰ ਪੱਖੋਂ ਉਸਾਰੀ ਅਤੇ ਮਸੰਦ ਪਰੰਪਰਾ ਸ਼ੁਰੂ ਕਰਨ ਦਾ ਵੀ ਜ਼ਿਕਰ ਕੀਤਾ ਹੈ। ਲੇਖਕ ਅਨੁਸਾਰ “ਗੁਰੂ ਰਾਮਦਾਸ ਜੀ ਨੇ ਸਿੱਖ-ਰਹਿਤ ਦੀ ਹੋਰ ਵਧੇਰੇ ਵਿਆਖਿਆ ਕਰਦਿਆਂ ਬਾਣੀ ਵਿਚ ਦਰਸਾਇਆ ਕਿ ਸਿੱਖ ਦਾ ਰੋਜ਼ਾਨਾ ਨਿੱਤਨੇਮ ਕੀ ਹੋਣਾ ਚਾਹੀਦਾ ਹੈ” ਅਤੇ ਲਾਵਾਂ ਦਾ ਪਾਠ ਰਚ ਕੇ ਸਿੱਖ ਧਰਮ ਵਿਚ ਆਪਣੀ ਅਨੰਦ ਕਾਰਜ ਦੀ ਵਿਲੱਖਣ ਪਰੰਪਰਾ ਦਾ ਮੁੱਢ ਬੰਨ੍ਹਿਆ। ਗੁਰੂ ਅਰਜਨ ਦੇਵ ਬਾਰੇ ਬੜੇ ਥੋੜੇ ਸ਼ਬਦਾਂ ਵਿਚ ਹੀ ਕਰੀਬ ਸਾਰਾ ਇਤਿਹਾਸ, ਗੁਰੂ ਅਮਰਦਾਸ ਦੀ ਗੋਦ ਵਿਚ ਖੇਡ ਕੇ ਵੱਡਿਆਂ ਹੋਣ ਤੋਂ ਲੈ ਕੇ ਹਰਿਮੰਦਰ ਸਾਹਿਬ ਦੀ ਨੀਂਹ ਅਤੇ ਉਸਾਰੀ, ਗੁਰੂ ਰਾਮਦਾਸ ਵੱਲੋਂ ਸ਼ੁਰੂ ਕੀਤੇ ਗਏ ਸਰੋਵਰ ਦੀ ਸੰਪੂਰਨਤਾ, ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਪ੍ਰਕਾਸ਼ ਤੱਕ, ਮੌਲਾਨਾ ਸ਼ੇਖ ਅਹਿਮਦ ਸਰਹੰਦੀ ਵੱਲੋਂ ਬਾਦਸ਼ਾਹ ਜਹਾਂਗੀਰ ਨਾਲ ਮਿਲ ਕੇ, ਪ੍ਰਿਥੀਚੰਦ ਅਤੇ ਚੰਦੂ ਦੀ ਮਿਲੀਭੁਗਤ ਨਾਲ ਸ਼ਹਾਦਤ ਹੋਣ ਦਾ ਸਾਰਾ ਬਿਰਤਾਂਤ ‘ਤੁਜ਼ਕਿ ਜਹਾਂਗੀਰੀ’ ਦੇ ਹਵਾਲੇ ਸਮੇਤ ਦਿੱਤਾ ਹੈ।
‘ਹਰਿਗੋਬਿੰਦ ਨੋਂ’ ਦੇ ਸਿਰਲੇਖ ਹੇਠਾਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਸ ਤਰ੍ਹਾਂ ਸਮੇਂ ਸਮੇਂ ਪ੍ਰਿਥੀ ਚੰਦ ਵੱਲੋਂ ਦਿੱਤੇ ਕਸ਼ਟਾਂ ਦਾ ਸਾਹਮਣਾ ਕੀਤਾ, ਮੀਰੀ ਪੀਰੀ ਅਰਥਾਤ ਭਗਤੀ ਅਤੇ ਸ਼ਕਤੀ ਦੇ ਸੁਮੇਲ ਦੀ ਪਰੰਪਰਾ ਸ਼ੁਰੂ ਕੀਤੀ, “ਨੌਜਵਾਨਾਂ ਨੂੰ ਜੰਗੀ ਕਰਤਬ ਅਤੇ ਸਰੀਰਕ ਕਸਰਤ” ਕਰਵਾਏ ਜਾਣ ਅਤੇ ਸਿੱਖ ਫੌਜ ਦੀ ਪੂਰੀ ਯੋਜਨਾਮਈ ਤਿਆਰੀ, ਸ਼ਸਤਰ ਅਤੇ ਘੋੜੇ, ਢਾਡੀ ਵਾਰਾਂ ਰਾਹੀਂ ਜੋਸ਼ ਭਰਨ, ਗਵਾਲੀਅਰ ਦੇ ਕਿਲੇ ਵਿਚ ਕੈਦ ਹੋਣ ਅਤੇ ਫਿਰ 52 ਰਾਜਿਆਂ ਨੂੰ ਵੀ ਰਿਹਾ ਕਰਾਉਣ ਤੇ ‘ਬੰਦੀ-ਛੋੜ’ ਗੁਰੂ ਕਰਕੇ ਜਾਣੇ ਜਾਣ; ਅਕਾਲ ਤਖਤ ਦੀ ਉਸਾਰੀ ਆਦਿ ਦਾ ਪੂਰਾ ਵਰਣਨ ਕੀਤਾ ਹੈ।
‘ਸਿਮਰੌ ਸ੍ਰੀ ਹਰਿਰਾਇ’ ਵਿਚ ਸਤਵੀਂ ਨਾਨਕ ਜੋਤਿ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਅਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਨ, ਦੀ ਸ਼ਖਸੀਅਤ ਤੋਂ ਜਾਣੂ ਕਰਾਇਆ ਹੈ ਕਿ ਇੱਕ ਸੂਰਬੀਰ ਯੋਧੇ ਹੋਣ ਦੇ ਬਾਵਜੂਦ ਬੇਹੱਦ ਕੋਮਲ-ਦਿਲ ਅਤੇ ਸੰਤ-ਸੁਭਾਉ ਦੇ ਮਾਲਕ ਸਨ। ਦਾਰਾ ਸ਼ਿਕੋਹ ਦੀ ਬਿਮਾਰੀ ਦੇ ਹਵਾਲੇ ਸਹਿਤ ਦੱਸਿਆ ਹੈ ਕਿ “ਮਨ ਦੀ ਅਰੋਗਤਾ ਲਈ ਆਪ ਨਾਮ ਰੂਪੀ ਔਸ਼ਧੀ ਬਖਸ਼ਦੇ ਸਨ ਅਤੇ ਤਨ ਦੀ ਅਰੋਗਤਾ ਲਈ ਆਪ ਨੇ ਬਹੁਤ ਕੀਮਤੀ ਜੀਵਨ-ਦਾਇਕ ਦਵਾਈਆਂ ਦਾ ਦਵਾਈ-ਖਾਨਾ ਖੋਲ੍ਹਿਆ ਹੋਇਆ ਸੀ।”
ਔਰੰਗਜ਼ੇਬ ਦੇ ਸੱਦੇ ਤੇ ਗੁਰੂ ਹਰਿਰਾਇ ਵੱਲੋਂ ਆਪਣੇ ਪੁੱਤਰ ਰਾਮਰਾਇ ਨੂੰ ਦਿੱਲੀ ਭੇਜਣ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਕਿ ਗੁਰੂ ਸਾਹਿਬ ਨੇ ਬਾਣੀ ਬਦਲਣ ਦੇ ਦੋਸ਼ ਵਿਚ ਮੱਥੇ ਲੱਗਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰਸਿੱਖਾਂ ਨੂੰ ਰਾਮਰਾਈਆਂ ਨਾਲ ਰੋਟੀ-ਬੇਟੀ ਦੀ ਸਾਂਝ ਰੱਖਣ ਦੀ ਮਨਾਹੀ ਕਰ ਦਿੱਤੀ। ਸਿੱਖੀ ਦੇ ਪ੍ਰਚਾਰ ਲਈ ਜਥੇਬੰਦੀਆਂ ਕਾਇਮ ਕੀਤੀਆਂ, ਜੋ ਇਤਿਹਾਸ ਵਿਚ ‘ਬਖਸ਼ਿਸ਼ਾਂ’ ਕਰਕੇ ਜਾਣੀਆਂ ਜਾਂਦੀਆਂ ਹਨ; ਸਿੱਖਾਂ ਨੂੰ ਧਰਮੀ ਜੀਵਨ ਬਣਾਉਣ ਲਈ “ਕੇਸ ਨਹੀਂ ਕਟਾਉਣੇ, ਤੰਮਾਕੂ ਦਾ ਸੇਵਨ ਨਹੀਂ ਕਰਨਾ ਅਤੇ ਟੋਪੀ ਕਦੇ ਨਹੀਂ ਪਹਿਨਣੀ” ਦਾ ਉਪਦੇਸ਼ ਦਿੱਤਾ।
‘ਸ੍ਰੀ ਹਰਿਕ੍ਰਿਸ਼ਨ ਧਿਆਈਐ’ ਵਿਚ ਅੱਠਵੇਂ ਗੁਰੂ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਿੱਖ ਧਰਮ ਦੇ ਇਸ ਸਿਧਾਂਤ ਨੂੰ ਦ੍ਰਿੜ ਕਰਵਾਇਆ ਹੈ ਕਿ ਗੁਰਗੱਦੀ ਦਾ ਵਾਰਿਸ ਬਣਨ ਲਈ ਪੈਮਾਨਾ ਯੋਗਤਾ-ਮੂਲਕ ਅਰਥਾਤ ਕਾਬਲੀਅਤ ਨੂੰ ਰੱਖਿਆ ਗਿਆ, ਨਾ ਕਿ ਉਮਰ ਜਾਂ ਕਿਸੇ ਹੋਰ ਰਿਸ਼ਤੇ ਨੂੰ। ਗੁਰੂ ਹਰਿਕ੍ਰਿਸ਼ਨ ਨੇ ਬਾਲ ਅਵਸਥਾ ਵਿਚ ਹੀ ਦ੍ਰਿੜ ਇਰਾਦੇ ਨਾਲ ਦਿੱਲੀ ਵੱਲ ਕੂਚ ਕੀਤਾ, ਚੇਚਕ ਫੈਲਣ ਤੇ ਸਿੱਖੀ ਦੇ ਸੇਵਾ ਸਿਧਾਂਤ ਨੂੰ ਦ੍ਰਿੜ ਕਰ ਦਿਖਾਇਆ। ਲੇਖਕ ਨੇ ਗੁਰੂ ਹਰਿਕ੍ਰਿਸ਼ਨ ਦਾ ਜੀਵਨ ਬ੍ਰਿਤਾਂਤ ਗਿਆਨੀ ਗਿਆਨ ਸਿੰਘ ਦੀ ਲਿਖਤ ‘ਪੰਥ ਪ੍ਰਕਾਸ਼’ ਦੇ ਹਵਾਲੇ ਨਾਲ ਲਿਖਿਆ ਹੈ।
‘ਤੇਗ ਬਹਾਦਰ ਸਿਮਰਿਐ’ ਵਿਚ ਗੁਰੂ ਤੇਗ ਬਹਾਦਰ ਦੇ ਜੀਵਨ ‘ਤੇ ਝਾਤ ਪੁਆਈ ਹੈ ਕਿ ਉਨ੍ਹਾਂ ਦਾ ਨਾਮ ਕਿਵੇਂ “13-14 ਸਾਲ ਦੀ ਉਮਰ ਵਿਚ ਹੀ ਆਪ ਨੇ ਕਰਤਾਰਪੁਰ ਦੇ ਯੁੱਧ ਵਿਚ ਹਿੱਸਾ ਲਿਆ ਅਤੇ ਇੰਨੀ ਬਹਾਦਰੀ ਨਾਲ ਤੇਗ ਚਲਾਈ ਕਿ ਪਿਤਾ ਜੀ ਵੱਲੋਂ ‘ਤੇਗ ਬਹਾਦਰ’ ਦੇ ਨਾਮ ਦੀ ਬਖਸ਼ਿਸ਼ ਹੋਈ। “ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨਾਂ ਤੋਂ ਬਾਅਦ ਗੱਦੀ ‘ਤੇ ਬਿਰਾਜਮਾਨ ਹੋਣ ਤੋਂ ਲੈ ਕੇ, ਬਾਬੇ ਬਕਾਲੇ ਤੋਂ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਅਤੇ ਪ੍ਰਿਥੀਏ ਦੀ ਔਲਾਦ ਸੋਢੀ ਹਰਿ ਜੀ ਵੱਲੋਂ ਕਿਵਾੜ ਬੰਦ ਕਰ ਦੇਣ ਤੋਂ ਲੈ ਕੇ ਅਨੰਦਪੁਰ ਸਾਹਿਬ ਵਸਾਉਣ ਅਤੇ ਕਸ਼ਮੀਰੀ ਬ੍ਰਾਹਮਣਾਂ ਦੀ ਪੁਕਾਰ ਸੁਣ ਕੇ, ਮਨੁੱਖੀ ਹੱਕਾਂ ਦੀ ਰਾਖੀ ਲਈ ਕੁਝ ਗੁਰਸਿੱਖਾਂ ਸਮੇਤ ਦਿੱਲੀ ਜਾ ਕੇ ਸ਼ਹਾਦਤ ਦੇਣ ਤੱਕ ਦਾ ਸਾਰਾ ਬਿਰਤਾਂਤ ਬੜੇ ਹੀ ਸੰਖੇਪ ਸਬਦਾਂ ਵਿਚ ਬਿਆਨ ਕਰ ਦਿੱਤਾ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ ਲੇਖਕ ਨੇ ਇੱਕੋ ਪੰਕਤੀ ਵਿਚ ਕਿੰਨਾ ਕੁਝ ਦੱਸ ਦਿੱਤਾ ਹੈ, “ਮਹਾਂ-ਯੋਧੇ, ਮਹਾਂ-ਜਰਨੈਲ, ਮਹਾਂ-ਕਵੀ ਸਰਬੰਸ-ਦਾਨੀ ਪਿਤਾ, ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ।” ਪੰਜ ਪਿਆਰੇ ਸਾਜਣ ਤੋਂ ਲੈ ਕੇ ਖਾਲਸੇ ਨੂੰ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਦੇਣ ਦਾ ਪ੍ਰਬੰਧ, ਅਨੰਦਪੁਰ ਸਾਹਿਬ ਵਿਚ 52 ਕਵੀਆਂ ਅਤੇ ਵੱਖ ਵੱਖ ਭਾਸ਼ਾਵਾਂ ਦੇ ਵਿਦਵਾਨਾਂ ਦੇ ਇਕੱਠ, ਅਨੰਦਪੁਰ ਦਾ ਕਿਲਾ ਛੱਡਣ, ਚਮਕੌਰ ਦਾ ਯੁੱਧ, ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ, ਬੰਦਾ ਬਹਾਦਰ ਨੂੰ ਪੰਜਾਬ ਭੇਜਣ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਆਦਿ ਦਾ ਜ਼ਿਕਰ ਬੜੇ ਸੁਚੱਜ ਨਾਲ ਕਰ ਦਿੱਤਾ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗੁਰੂ ਹੋਣ, ਦਸਾਂ ਪਾਤਿਸ਼ਾਹੀਆਂ ਦੇ ਜੋਤਿ ਸਰੂਪ ਹੋਣ, ‘ਬਾਣੀ ਗੁਰੂ ਗੁਰੂ ਹੈ ਬਾਣੀ…’ ਦਾ ਸਿਧਾਂਤ, ਸ਼ਬਦ ਗੁਰੂ ਦੀ ਭਾਸ਼ਾ, ਹਰ ਇੱਕ ਨੂੰ ਬਾਣੀ ਪੜ੍ਹਨ ਅਤੇ ਸੁਣਨ ਦਾ ਹੱਕ, ਸ਼ਬਦ ਗੁਰੂ ਦੇ ਬਾਣੀਕਾਰ ਆਦਿ ਹਰ ਇੱਕ ਪੱਖ ਦਾ ਬੜੀ ਬਾਰੀਕੀ ਨਾਲ ਸੰਖੇਪ ਵਿਚ ਵਰਣਨ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦਾ ਵਰਣਨ ਭੱਟ ਵਹੀ, ਤਲੰਡਾ, ਪਰਗਨਾ ਜੀਂਦ ਦੇ ਹਵਾਲੇ ਨਾਲ ਕੀਤਾ ਹੈ।
ਪੰਜ ਪਿਆਰੇ ਵਿਚ ਲੇਖਕ ਨੇ ਇਹ ਦੱਸਦਿਆਂ ਕਿ ਪਰਮ ਪੁਰਖ ਦੀ ਸਿਰਜਣਾ ਦਾ ਕਾਰਜ ਗੁਰੂ ਨਾਨਕ ਸਾਹਿਬ ਤੋਂ ਹੀ ਸ਼ੁਰੂ ਹੋ ਗਿਆ ਸੀ ਅਤੇ ‘ਪੰਜ ਪਿਆਰਿਆਂ ਦੀ ਮਰਿਆਦਾ ਉਨ੍ਹਾਂ ਤੋਂ ਹੀ ਚਲੀ ਆ ਰਹੀ ਹੈ’ ਕਿਹਾ ਹੈ ਕਿ ਪਰ ਜਿਨ੍ਹਾਂ ਪੰਜ ਪਿਆਰਿਆਂ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਨੂੰ ਅਸੀਂ ਇਤਿਹਾਸਕ ਤੌਰ ‘ਤੇ ਯਾਦ ਕਰਦੇ ਹਾਂ, ਲੇਖਕ ਦਾ ਇਸ਼ਾਰਾ ਸ਼ਾਇਦ ਗੁਰੂ ਨਾਨਕ ਦੇ ਦਿੱਤੇ ‘ਪੰਚ ਪ੍ਰਧਾਨ’ ਸੰਕਲਪ ਵੱਲ ਹੈ। ਲੇਖਕ ਨੇ ਗੁਰੂ ਨਾਨਕ ਦੇ ਸਿਧਾਂਤ ‘ਸਿਰ ਧਰ ਤਲੀ ਗਲੀ ਮੋਰੀ ਆਉ’ ‘ਤੇ ਆਧਾਰਤ ਕਰਕੇ ਅਤੇ ‘ਗੁਰ ਸੰਗਤ ਕੀਨੀ ਖਾਲਸਾ’ ਦੇ ਹਵਾਲੇ ਨਾਲ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰੇ ਸਾਜਣ ਦੇ ਸਾਰੇ ਇਤਿਹਾਸ ਦਾ ਸੰਖੇਪ ਵਿਚ ਵਰਣਨ ਕੀਤਾ ਹੈ।
ਇਸੇ ਤਰ੍ਹਾਂ ਚਹੁੰਆਂ ਸਾਹਿਬਜ਼ਾਦਿਆਂ ਵਿਚ ‘ਸਾਹਿਬਜ਼ਾਦਾ’ ਸ਼ਬਦ ਦਾ ਫਾਰਸੀ ਵਿਚ ਨਿਕਾਸ ਅਤੇ ਅਰਥ ਤੋਂ ਲੈ ਕੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੇ ਜਨਮ, ਪਾਲਣ ਪੋਸਣ, ਸਿੱਖਿਆ, ਮੁਗਲਾਂ ਨਾਲ ਯੁੱਧ, ਵੱਡੇ ਸਾਹਿਬਜ਼ਾਦਿਆਂ ਦੀ ਚਮਕੌਰ ਦੀ ਜੰਗ ਵਿਚ ਸ਼ਹਾਦਤ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੇ ਨਾਲ ਸਰਹਿੰਦ ਦੇ ਹਾਕਮ ਵਜ਼ੀਰ ਖਾਨ ਵਲੋਂ ਸ਼ਹੀਦ ਕੀਤੇ ਜਾਣ ਦਾ ਸਾਰਾ ਵੇਰਵਾ ਇਤਿਹਾਸਕ ਪ੍ਰਸੰਗ ਸਿਰਜਦਿਆਂ ਕੀਤਾ ਹੈ। ਚਾਲੀ ਮੁਕਤਿਆਂ ਦਾ ਇਤਿਹਾਸ ‘ਮੁਕਤ’ ਜਾਂ ‘ਮੁਕਤਾ’ ਦਾ ਕੀ ਅਰਥ ਹੈ ਅਤੇ ਕਿਸ ਕਿਸਮ ਦੀ ਅਵਸਥਾ ਹੁੰਦੀ ਹੈ? ਦੇ ਵੇਰਵੇ ਸਹਿਤ ਸਮਝਾਇਆ ਹੈ ਅਤੇ “ਚਾਲੀ ਮੁਕਤਿਆਂ ਦਾ ਇਹ ਸਿਮਰਨ ਸਾਨੂੰ ਦ੍ਰਿੜ ਕਰਵਾਉਂਦਾ ਹੈ ਕਿ ਸਿੱਖ ਨੂੰ ਗੁਰੂ-ਪੰਥ ਤੋਂ ਬੇਮੁੱਖ ਹੋ ਕੇ ਮਰਨ ਦੀ ਥਾਂ ਸਦਾ ਸੱਚ ਦੇ ਸੰਘਰਸ਼ ਵਿਚ ਆਪਾ ਕੁਰਬਾਨ ਕਰਨਾ ਚਾਹੀਦਾ ਹੈ।
‘ਹਠੀਆਂ ਜਪੀਆਂ ਤਪੀਆਂ’ ਸਿਰਲੇਖ ਹੇਠ ਪੁਰਾਤਨ ਪਰੰਪਰਾਵਾਂ ਵਿਚ ਹਠੀ, ਜਪੀ ਅਤੇ ਤਪੀ ਕਿਸ ਨੂੰ ਕਿਹਾ ਜਾਂਦਾ ਸੀ ਅਤੇ ਸਿੱਖ ਧਰਮ ਵਿਚ ਹਠੀ, ਜਪੀ ਜਾਂ ਤਪੀ ਕਿਸ ਸ਼ਖਸੀਅਤ ਦੇ ਮਾਲਕ ਨੂੰ ਕਿਹਾ ਜਾਂਦਾ ਹੈ, ਦਾ ਖੂਬ ਨਿਖੇੜਾ ਕੀਤਾ ਹੈ। ਹਠੀ ‘ਸੀਸ ਦੀਆ ਪਰ ਸਿਰਰ ਨ ਦੀਨਾ’; ਜਪੀ ਉਹ ਹੈ, ਜੋ ‘ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ॥ ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂ ਬਿਆਪੈ॥’ ਅਤੇ ਸਭ ਤੋਂ ਵੱਡਾ ਤਪ ‘ਮਨੁੱਖਤਾ ਦੀ ਸੇਵਾ, ਖਾਸ ਤੌਰ ‘ਤੇ ਹੱਥੀਂ ਕੀਤੀ ਸੇਵਾ ਨੂੰ ਗੁਰਮਤਿ ਵਿਚ ਵੱਡਾ ਤਪ ਮੰਨਿਆ ਗਿਆ ਹੈ।’
‘ਜਿਨ੍ਹਾਂ ਨਾਮ ਜਪਿਆ’ ਵਿਚ ਦੱਸਿਆ ਹੈ ਕਿ “ਨਾਮ ਜਪਣ ਤੋਂ ਭਾਵ ਹੈ, ਜਿਨ੍ਹਾਂ ਵਾਹਿਗੁਰੂ, ਭਾਵ ਰੱਬੀ ਸ਼ਕਤੀ ਦਾ ਸਿਮਰਨ ਕੀਤਾ, ਉਸ ਦਾ ਚਿੰਤਨ ਕੀਤਾ, ਉਸ ਨੂੰ ਸੁਆਸ ਸੁਆਸ ਕਰਕੇ ਧਿਆਇਆ ਅਥਵਾ ਆਪਣੇ ਹਿਰਦੇ ਵਿਚ ਸਦਾ ਉਸ ਦੀ ਯਾਦ ਨੂੰ ਹਾਜ਼ਰ ਨਾਜ਼ਰ ਜਾਣਿਆ। ‘ਵੰਡ ਛਕਿਆ’ ਵਿਚ ਸਿੱਖ ਧਰਮ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੀ ਜੀਵਨ-ਜਾਚ ਦੀ ਨੀਂਹ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿਧਾਂਤ ‘ਤੇ ਉਸਾਰਨ ਦਾ ਵੇਰਵਾ ਦਿੰਦਿਆਂ ਦੱਸਿਆ ਹੈ ਕਿ ਗੁਰੂ ਵੱਲੋਂ ਸਿੱਖਾਂ ਨੂੰ ‘ਗਰੀਬ ਦੀ ਰਸਨਾ ਨੂੰ ਗੁਰੂ ਕੀ ਗੋਲਕ ਤੁੱਲ ਜਾਣਨ ਦਾ ਹੁਕਮ ਹੈ।’
‘ਦੇਗ ਚਲਾਈ’ ਵਿਚ ‘ਦੇਗ’ ਦਾ ਅਰਥ ਦੱਸ ਕੇ ਸਿੱਖ ਧਰਮ ਵਿਚ ਲੰਗਰ ਦੀ ਮਹੱਤਤਾ ਦਾ ਜ਼ਿਕਰ ਬਾਣੀ ਦੇ ਹਵਾਲੇ ਨਾਲ ਕੀਤਾ ਹੈ ਅਤੇ ਲੰਗਰ ਦੀ ਸੰਸਥਾ ਨੇ ਕਿਸ ਤਰ੍ਹਾਂ ਊਚ-ਨੀਚ ਦੇ ਭੇਦਭਾਵ ਨੂੰ ਮਿਟਾ ਕੇ ਮਨੁੱਖੀ ਬਰਾਬਰੀ ਦੇ ਸਿਧਾਂਤ ਦਾ ਅਮਲੀ ਪ੍ਰਕਾਸ਼ਨ ਕਰਨ ਵਿਚ ਮਦਦ ਕੀਤੀ। ‘ਤੇਗ ਵਾਹੀ’ ਵਿਚ ਲੇਖਕ ਨੇ ਦੱਸਿਆ ਹੈ ਕਿ ਤੇਗ ਫਾਰਸੀ ਭਾਸ਼ਾ ਦਾ ਸ਼ਬਦ ਹੈ ਅਤੇ ਸਿੱਖ ਧਰਮ ਵਿਚ ਇਸ ਨੂੰ ‘ਕਿਰਪਾਨ’ ਦਾ ਨਾਂ ਦਿੱਤਾ ਗਿਆ, ਕਿਉਂਕਿ ਇਸ ਨਾਲ ਜ਼ੁਲਮ ਦਾ ਟਾਕਰਾ ਕਰਨਾ ਹੈ ਅਤੇ ਮਜ਼ਲੂਮ ਦੀ ਰੱਖਿਆ। ਸੰਤ ਅਤੇ ਸਿਪਾਹੀ ਦੇ ਸਿਧਾਂਤ ਤੋਂ ਵਿਸਤਾਰ ਦੇ ਕੇ ਜਾਣੂ ਕਰਾਇਆ ਹੈ। ‘ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ’ ਦੀ ਵਿਆਖਿਆ ਕਰਦਿਆਂ ਦੱਸਿਆ ਹੈ ਕਿ “ਦੇਖ ਕੇ ਅਣਡਿੱਠ ਕਰਨਾ ਰੱਬੀ ਗੁਣ ਹੈ” ਅਤੇ ਬਾਣੀ ਅਨੁਸਾਰ ਵਾਹਿਗੁਰੂ ਆਪ “ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ॥”
‘ਧਰਮ ਹੇਤ ਸੀਸ ਦਿੱਤੇ’ ਦੀ ਵਿਆਖਿਆ ਗੁਰੂ ਨਾਨਕ ਬਾਣੀ ਵਿਚੋਂ “ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ॥” ਦੀ ਨੀਂਹ ‘ਤੇ ਉਸਰੇ ਸ਼ਹਾਦਤ ਦੇ ਸੰਕਲਪ ਅਤੇ ਧਰਮ ਹੇਤ ਸੀਸ ਦੇਣ ਦੀ ਸਿੱਖੀ ਦੀ ਅਦੁੱਤੀ ਪਰੰਪਰਾ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਹਵਾਲੇ ਨਾਲ ਬਿਆਨ ਕੀਤੀ ਹੈ; ‘ਬੰਦ ਬੰਦ ਕਟਾਏ’ ਦੀ ਵਿਆਖਿਆ ਸਿੱਖ ਇਤਿਹਾਸ ਵਿਚੋਂ ਭਾਈ ਮਨੀ ਸਿੰਘ ਦੇ ਹਵਾਲੇ ਨਾਲ ਅਤੇ ‘ਖੋਪਰੀਆਂ ਲੁਹਾਈਆਂ’ ਦੀ ਭਾਈ ਤਾਰੂ ਸਿੰਘ ਦੇ ਹਵਾਲੇ ਨਾਲ ਕੀਤੀ ਹੈ। ਇਸੇ ਤਰ੍ਹਾਂ ‘ਚਰਖੀਆਂ ‘ਤੇ ਚੜ੍ਹੇ’ ਦਾ ਵਰਣਨ ਕਰਦਿਆਂ ਦੱਸਿਆ ਹੈ ਕਿ “ਚਰਖੜੀਆਂ ‘ਤੇ ਚੜ੍ਹਨ ਦਾ ਜ਼ਿਕਰ ਭਾਈ ਸੁਬੇਗ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਭਾਈ ਸ਼ਾਹਬਾਜ਼ ਸਿੰਘ ਨਾਲ ਜੁੜਿਆ ਹੋਇਆ ਹੈ।” ‘ਆਰਿਆਂ ਨਾਲ ਚਿਰਾਏ ਗਏ’ ਵਿਚ ਜਿੱਥੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਵੇਲੇ ਦਿੱਲੀ ਵਿਚ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕਰਨ ਦਾ ਇਤਿਹਾਸ ਦੱਸਿਆ ਹੈ, ਉਥੇ ਹੀ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਦਾ ਵੀ ਵਰਣਨ ਕੀਤਾ ਹੈ। ਇਸੇ ਤਰ੍ਹਾਂ ‘ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ’ ਦੇ ਲੰਬੇ ਇਤਿਹਾਸ ਦੀ ਜਾਣਕਾਰੀ ਬਾਖੂਬੀ ਬੜੇ ਸੰਖੇਪ ਸ਼ਬਦਾਂ ਵਿਚ ਦੇ ਦਿੱਤੀ ਹੈ। ‘ਧਰਮ ਨਹੀਂ ਹਾਰਿਆ’ ਦਾ ਅਰਥ, ਧਰਮ ਦੀ ਰੱਖਿਆ ਕਰਦਿਆਂ ਰਚੇ ਇਤਿਹਾਸ ਦਾ ਜ਼ਿਕਰ ਕਰਦਿਆਂ ਨਤੀਜਾ ਕੱਢਿਆ ਹੈ, “ਧਰਮ ਨਾ ਹਾਰਨ ਵਾਲਿਆਂ ਦੀ ਸਦਾ ਜੈ ਜੈ ਕਾਰ ਹੁੰਦੀ ਰਹੇਗੀ।”
‘ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ’ ਵਿਚ ਕੇਸਾਂ ਨੂੰ ਸਿੱਖੀ ਸਰੂਪ ਦੀ ਪਹਿਲੀ ਪਛਾਣ ਅਤੇ ਪ੍ਰਮਾਣ ਹੋਣਾ ਦੱਸ ਕੇ ਇਤਿਹਾਸ ਦਾ ਜ਼ਿਕਰ ਕੀਤਾ ਹੈ ਕਿ “ਇਹ ਤੇਜ ਪੂਜਕ ਨਹੀਂ, ਸਗੋਂ ਤੇਜ ਧਾਰਕ ਗੁਰੂ ਖਾਲਸਾ ਪੰਥ ਦੀ ਗੌਰਵਮਈ ਗਾਥਾ ਹੈ” ਅਤੇ “ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਲੇ ਸਭ ਤੋਂ ਪਹਿਲੇ ਸਿੱਖ, ਭਾਈ ਮਰਦਾਨਾ ਜੀ ਸਨ।” ‘ਪੰਜਾਂ ਤਖਤਾਂ’ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਦੇ ਨਾਲ “ਸੋ ਅਕਾਲ ਤਖਤ ਸਾਹਿਬ ਭਗਤੀ ਦੇ ਨਾਲ ਸ਼ਕਤੀ ਦੇ ਸਿਧਾਂਤ ਦੀ ਪ੍ਰਤੀਨਿਧਤਾ ਕਰਦਾ ਹੈ”, ਦੇ ਸਿਧਾਂਤ ਦੀ ਵਿਆਖਿਆ ਕੀਤੀ ਹੈ। ਇਸ ਉਪਰੰਤ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸ ਦੀ ਵੱਖ ਵੱਖ ਜਾਣਕਾਰੀ ਦਿੱਤੀ ਹੈ।
‘ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ’ ਵਿਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੰਸਥਾ ਦੀ ਨੀਂਹ ਅਤੇ ਇਤਿਹਾਸ ‘ਤੇ ਚਾਨਣਾ ਪਾਇਆ ਹੈ। ‘ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ’ ਵਿਚ ਲੇਖਕ ਨੇ ਯਾਦ ਕਰਾਇਆ, “ਇਥੋਂ ਅਰਦਾਸ ਦਾ ਦੂਜਾ ਭਾਗ ਸ਼ੁਰੂ ਹੁੰਦਾ ਹੈ। ਪਹਿਲੇ ਭਾਗ ਵਿਚ ਅਸੀਂ ਗੁਰੂ ਨਾਨਕ ਦੇ ਨਿਰਮਲ ਪੰਥ ਵੱਲੋਂ ਸਿਰਜੇ ਇਤਿਹਾਸ ਨੂੰ ਯਾਦ ਕਰਕੇ ਧਿਆਉਂਦੇ ਹਾਂ। ਇਥੋਂ ਅਸੀਂ ਅਕਾਲ ਪੁਰਖ ਅੱਗੇ ਆਪਣੀਆਂ ਅਰਦਾਸਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਅਰਦਾਸ ਸਰਬੱਤ ਖਾਲਸਾ ਜੀ ਵੱਲੋਂ ਕੀਤੀ ਜਾਂਦੀ ਹੈ।” ‘ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ’ ਵਿਚ ਸਭ ਤੋਂ ਪਹਿਲੀ ਜੋਦੜੀ ਵਾਹਿਗੁਰੂ ਚਿੱਤ ਆਉਣ ਦੀ ਕੀਤੀ ਜਾਂਦੀ ਹੈ। ‘ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ’ ਵਿਚ ਲੇਖਕ ਨੇ ਵਰਣਨ ਕੀਤਾ ਹੈ ਕਿ ਗੁਰਮਤਿ ਅਨੁਸਾਰ ਸਰਬ ਸੁੱਖ ਕੀ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਦੀ ਗੁਰਮਤਿ ਜੁਗਤ ਕੀ ਹੈ?
‘ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ’ ਸਮੁੱਚੇ ਖਾਲਸਾ ਭਾਈਚਾਰੇ ਲਈ ਕੀਤੀ ਹੋਈ ਅਰਦਾਸ, ਕੌਮੀ ਸਾਂਝ ਦੇ ਜਜ਼ਬੇ ਅਤੇ ਆਪਣੇ ਪਿਆਰੇ ਖਾਲਸਾ ਭਾਈਆਂ ਲਈ ਪਿਆਰ ਤੇ ਤੜਫ ਦੀ ਪ੍ਰਤੀਕ ਹੈ। ‘ਦੇਗ ਤੇਗ ਫਤਿਹ’ ਵਿਚ ਦੇਗ ਅਤੇ ਤੇਗ ਸ਼ਬਦਾਂ ਦੇ ਅਰਥ ਦੱਸ ਕੇ ਇਨ੍ਹਾਂ ਦੀ ਮਹੱਤਤਾ ਦੱਸੀ ਹੈ ਕਿ “ਦੇਗ ਅਤੇ ਤੇਗ ਦੋਨੋਂ ਸਿੱਖੀ-ਸਿਧਾਂਤ ਅਤੇ ਸਭਿਆਚਾਰ ਦੀ ਆਧਾਰ-ਸ਼ਿਲਾ ਹਨ।” ‘ਬਿਰਦ ਕੀ ਪੈਜ’ ਵਿਚ ਲੇਖਕ ਨੇ ‘ਬਿਰਦ’ ਅਰਬੀ ਭਾਸ਼ਾ ਦੇ ਸ਼ਬਦ ਵਿਰਦ ਦਾ ਪੰਜਾਬੀ ਰੂਪ ਹੈ, ਜਿਸ ਦੇ ਗੁਰਬਾਣੀ ਦੇ ਹਵਾਲੇ ਨਾਲ ਅਰਥ ਦੱਸ ਕੇ ਖੁਲਾਸਾ ਕੀਤਾ ਹੈ ਕਿ “ਇਸ ਅਰਦਾਸ ਨਾਲ ਹੀ ਵਾਹਿਗੁਰੂ ਜੀ ਕੇ ਖਾਲਸੇ ਉਤੇ ਕਰਤਾ ਪੁਰਖ ਅਤੇ ਸਤਿਗੁਰੂ ਦੀ ਕਿਰਪਾ ਦੀ ਛਾਂ ਬਣੀ ਰਹੇਗੀ।”
‘ਪੰਥ ਕੀ ਜੀਤ’ ਵਿਚ ਪੂਰਾ ਪ੍ਰੰਤੂ ਸੰਖੇਪ ਵੇਰਵਾ ਦਿੱਤਾ ਹੈ ਕਿ ਪੰਥ ਕੀ ਤੇ ਕਿਸ ਨੂੰ ਕਹਿੰਦੇ ਹਨ ਅਤੇ “ਇਸ ਪੰਥ ਦੀ ਸਦਾ ਚੜ੍ਹਦੀ ਕਲਾ ਹੋਵੇ, ਖਾਲਸੇ ਦਾ ਰਾਜ ਹੋਵੇ, ਸਰਬੱਤ ਦਾ ਭਲਾ ਹੋਵੇ, ਇਸ ਲਈ ਨਿੱਤ ਦੀ ਅਰਦਾਸ ਵਿਚ ਪੰਥ ਕੀ ਜੀਤ ਜੋਦੜੀ ਕੀਤੀ ਜਾਂਦੀ ਹੈ।” ‘ਸ੍ਰੀ ਸਾਹਿਬ ਜੀ ਸਹਾਇ’ ਵਿਚ ਲੇਖਕ ਨੇ ਦੱਸਿਆ ਹੈ ਕਿ ਇਥੇ ‘ਸ੍ਰੀ ਸਾਹਿਬ’ ਪਰਮਾਤਮਾ ਲਈ ਆਇਆ ਹੈ ਅਤੇ ‘ਪੰਥ ਕੀ ਜੀਤ ਲਈ ਸ੍ਰੀ ਸਾਹਿਬ ਜੀ ਸਹਾਈ ਹੋਣ। ‘ਖਾਲਸਾ ਜੀ ਕੇ ਬੋਲ ਬਾਲੇ’ ਦਾ ਅਰਥ, ਇਤਿਹਾਸ ਵਰਣਨ ਕਰਕੇ ਦੱਸਿਆ ਹੈ ਕਿ ਇਹ ਅਰਦਾਸ ਵੀ ਸਰਬੱਤ ਖਾਲਸੇ ਵੱਲੋਂ ਕੀਤੀ ਜਾਂਦੀ ਹੈ। ਸਰਬੱਤ ਖਾਲਸੇ ਵੱਲੋਂ ਹੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਇਨ੍ਹਾਂ ਸਾਰੇ ਸੰਕਲਪਾਂ ਦੇ ਅਰਥ, ਇਤਿਹਾਸਕ ਸੰਦਰਭ ਅਲੱਗ ਅਲੱਗ ਕਰਕੇ ਸਮਝਾਇਆ ਹੈ ਕਿ ਇਨ੍ਹਾਂ ਲਈ ਸਰਬੱਤ ਖਾਲਸੇ ਵੱਲੋਂ ਕਿਉਂ ਅਰਦਾਸ ਕੀਤੀ ਜਾਂਦੀ ਹੈ।
‘ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ’ ਵਿਚ ਚੌਂਕੀ ਸ਼ਬਦ ਦਾ ਅਰਥ ਅਤੇ ਸ਼ਬਦ ਚੌਂਕੀਆਂ ਲਾਉਣ ਦਾ ਵੇਰਵਾ ਦਿੱਤਾ ਹੈ; ਝੰਡੇ ਸ਼ਬਦ ਦਾ ਨਿਕਾਸ ਸਿੱਖ ਪਰੰਪਰਾ ਵਿਚ ਸੰਦਰਭ ਤੇ ਮਹੱਤਤਾ ਅਤੇ ਫਿਰ ਬੁੰਗੇ ਸ਼ਬਦ ਦਾ ਅਰਥ ਅਤੇ ਸਿੱਖ ਪਰੰਪਰਾ ਵਿਚ ਇਸ ਦਾ ਵੇਰਵਾ ਦਿੱਤਾ ਹੈ। ‘ਧਰਮ ਕਾ ਜੈਕਾਰ’ ਦਾ ਅਰਥ ਸਮਝਾ ਕੇ ਫਿਰ ਧਰਮ ਸਬੰਧੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ। ‘ਸਿੱਖਾਂ ਦਾ ਮਨ ਨੀਵਾਂ’ ਵਿਚ ਦੱਸਿਆ ਹੈ ਕਿ “ਧਰਮ ਦੀ ਕਮਾਈ ਲਈ ਮਨ ਨੀਵਾਂ ਹੋਣਾ ਲਾਜ਼ਮੀ ਸ਼ਰਤ ਹੈ, ਨਹੀਂ ਤਾਂ ਅਧਰਮ ਦੀਆਂ ਸੁਰਾਂ ਉਚੀਆਂ ਹੋਣਗੀਆਂ।”
ਮੱਤ ਉਚੀ, ਮੱਤ ਦਾ ਰਾਖਾ ਆਪ ਵਾਹਿਗੁਰੂ ਮਤਿ ਬਿਬੇਕ-ਬੁਧਿ ਹੈ, ਜਿਸ ਰਾਹੀਂ ਗਲਤ ਅਤੇ ਠੀਕ ਦਾ ਨਿਰਣਾ ਕਰ ਸਕੀਦਾ ਹੈ, ਇਨ੍ਹਾਂ ਅਰਥਾਂ ਨੂੰ ਸਪੱਸ਼ਟ ਕਰਕੇ ਲੇਖਕ ਨੇ ਸਿੱਟਾ ਕੱਢਿਆ ਹੈ ਕਿ “ਮਤਿ ਸਦਾ ਉਚੀ ਰਹੇ ਅਤੇ ਇਸ ਉਤੇ ਗੁਰ-ਸ਼ਬਦ ਦਾ ਅੰਕੁਸ਼ ਬਣਿਆ ਰਹੇ, ਇਸ ਜੁਗਤਿ ਨੂੰ ਚੇਤੇ ਰੱਖਣ ਲਈ ਹੀ ਇਸ ਦੀ ਨਿੱਤ ਅਰਦਾਸ ਕੀਤੀ ਜਾਂਦੀ ਹੈ।” ਸ੍ਰੀ ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ 1947 ਵਿਚ ਦੇਸ਼ ਦੀ ਵੰਡ ਹੋ ਜਾਣ ਨਾਲ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਨਕਾਣਾ ਸਾਹਿਬ ਅਤੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਤੇ ਬੰਗਲਾ ਦੇਸ਼ (ਪੂਰਬੀ ਪਾਕਿਸਤਾਨ) ਵਿਚ ਰਹਿ ਗਏ, ਜਿਨ੍ਹਾਂ ਦੇ ਦਰਸ਼ਨ ਦੀਦਾਰਿਆਂ ਤੋਂ ਸਿੱਖ ਵਾਂਝੇ ਹੋ ਗਏ। ਇਸ ਲਈ ਉਨ੍ਹਾਂ ਪਵਿੱਤਰ ਸਥਾਨਾਂ ਦੇ ਦਰਸ਼ਨਾਂ ਅਤੇ ਸੇਵਾ ਸੰਭਾਲ ਦੀ ਖੁਲ੍ਹ ਲਈ ਅਰਦਾਸ ਕੀਤੀ ਜਾਂਦੀ ਹੈ।
‘ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ’ ਦੇ ਸੰਕਲਪ ਦਾ ਅਰਥ ਸਮਝਾ ਕੇ ਦੱਸਿਆ ਹੈ ਕਿ “ਸਿੱਖੀ ਦੇ ਇਸ ਰੱਬੀ-ਗੁਣ ਨੂੰ ਖਾਲਸਾ ਪੰਥ, ਸਦਾ ਹੀ ਅਕਾਲ ਪੁਰਖ ਦੀ ਫੌਜ ਬਣ ਕੇ ਹੁਣ ਤਕ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਦੇ ਰੂਪ ਵਿਚ ਅੰਕਿਤ ਕਰਦਾ ਆ ਰਿਹਾ ਹੈ। ‘ਨਾਨਕ ਨਾਮ ਚੜ੍ਹਦੀ ਕਲਾ’ ਅਰਦਾਸ ਦੀਆਂ ਇਨ੍ਹਾਂ ਆਖਰੀ ਪੰਕਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਦੱਸਿਆ ਹੈ ਕਿ “ਨਾਮ ਸਿਮਰਨ ਦੇ ਅਭਿਆਸ ਨਾਲ ਮਨੁੱਖ ਦੀ ਆਤਮਿਕ ਅਵਸਥਾ ਅੰਦਰ, ਰੱਬੀ-ਤੇਜ ਅਥਵਾ ਪਰਮਾਤਮ-ਸ਼ਕਤੀ ਦਾ ਉਥਾਨ ਹੁੰਦਾ ਹੈ। “ਤੇਰੇ ਭਾਣੇ ਸਰਬੱਤ ਦਾ ਭਲਾ ਦੀ ਵਿਆਖਿਆ ਕੀਤੀ ਹੈ ਕਿ “ਸਰਬੱਤ ਦਾ ਭਲਾ, ਸਿੱਖ ਅਧਿਆਤਮਕਤਾ ਦੀ ਆਧਾਰਸ਼ਿਲਾ ਹੈ, ਇਸ ਦੀ ਮੁੱਖ ਸੁਰ ਹੈ। ਇਸ ਨੂੰ ਧਰਮ ਦੇ ਖੇਤਰ ਵਿਚ ਬਿਲਕੁਲ ਨਵੀਂ, ਨਰੋਈ ਅਤੇ ਮੌਲਿਕ ਪਹੁੰਚ ਪਰਵਾਨਿਆ ਜਾ ਸਕਦਾ ਹੈ।”
ਮੇਰਾ ਮੰਨਣਾ ਹੈ ਕਿ ‘ਅਰਦਾਸ’ ‘ਤੇ ਇਹ ਪੁਸਤਕ ਇੱਕ ਨਿਵੇਕਲਾ ਯਤਨ ਹੈ, ਜਿਸ ਵਿਚ ਅਰਦਾਸ ਵਿਚ ਆਏ ਸਿੱਖ ਸੰਕਲਪਾਂ, ਆਦਰਸ਼ਾਂ ਅਤੇ ਇਤਿਹਾਸ ਉਤੇ ਸੰਖੇਪ ਸ਼ਬਦਾਂ ਵਿਚ ਵੀ ਬਹੁਤ ਕੁਝ ਦੱਸ ਦਿੱਤਾ ਗਿਆ ਹੈ। ਸਿਰਫ ਅਰਦਾਸ ਹੀ ਨਹੀਂ, ਸਗੋਂ ਸਾਰੀ ਵਿਆਖਿਆ ਵੀ ਨਾਲ ਦੀ ਨਾਲ ਅੰਗਰੇਜ਼ੀ ਵਿਚ ਪ੍ਰਾਪਤ ਕਰਵਾਈ ਹੈ। ਇਸ ਲਈ, ਜੋ ਗੁਰਮੁਖੀ ਲਿਪੀ ਤੋਂ ਅਣਜਾਣ ਹਨ, ਪਰ ਅੰਗਰੇਜ਼ੀ ਜਾਣਦੇ ਹਨ, ਉਹ ਵੀ ਇਸ ਤੋਂ ਲਾਭ ਉਠਾ ਸਕਦੇ ਹਨ। ਮੇਰਾ ਮੰਨਣਾ ਹੈ ਕਿ ਗੁਰੂ ਸਾਹਿਬਾਨ ਨੂੰ ਵੱਖ ਵੱਖ ਚਿੱਤਰਕਾਰਾਂ/ਕਲਾਕਾਰਾਂ ਵੱਲੋਂ ਬਣਾਈਆਂ ਤਸਵੀਰਾਂ ਰਾਹੀਂ ਨਹੀਂ, ਸ਼ਬਦ ਰਾਹੀਂ, ਬਾਣੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।