ਸੱਤੋ

ਮੇਜਰ ਕੁਲਾਰ ਦੀ ਇਹ ਕਹਾਣੀ ਔਰਤ ਦੇ ਦੁੱਖਾਂ ਦੀ ਦਾਸਤਾਨ ਹੈ। ਲੇਖਕ ਨੇ ਸਾਧਾਰਨ ਸ਼ਬਦਾਂ ਵਿਚ ਔਰਤ ਦੇ ਦਰਦ ਨੂੰ ਜ਼ੁਬਾਨ ਦਿੱਤੀ ਹੈ। ਇਸ ਵਿਚ ਮਰਦ ਦੀ ਜ਼ਿੱਦ ਅਤੇ ਸਮਾਜ ਦੀਆਂ ਉਲਟ-ਰੀਤਾਂ ਦੀਆਂ ਝਾਕੀਆਂ ਵੀ ਝਾਤੀਆਂ ਮਾਰਦੀਆਂ ਹਨ ਜਿਹੜੀਆਂ ਇਸ ਦਰਦ ਨੂੰ ਬਹੁਤ ਵਧਾ ਦਿੰਦੀਆਂ ਹਨ। ਕਹਿਣ ਨੂੰ ਤਾਂ ਔਰਤ ਇਸ ਦੁਨੀਆਂ ਦੀ ਅੱਧ ਦੀ ਮਾਲਕ ਹੈ, ਪਰ ਇਸ ਦੀ ਵੁੱਕਅਤ ਅਜੇ ਵੀ ਸਦੀਆਂ ਪਹਿਲਾਂ ਵਾਲੀ ਹੈ ਜਦੋਂ ਉਸ ਬਾਰੇ ਫੈਸਲੇ ਕੋਈ ਹੋਰ ਲੋਕ ਹੀ ਕਰਦੇ ਸਨ। 21ਵੀਂ ਸਦੀ ਦੀ ਆਧੁਨਿਕਤਾ ਵੀ ਇਸ ਗਲ ਰਹੀ ਜੜ੍ਹ ਨੂੰ ਪੂਰੀ ਤਰ੍ਹਾਂ ਉਖਾੜਨ ਵਿਚ ਸਮਝੋ ਨਾਕਾਮ ਹੀ ਰਹੀ ਹੈ। -ਸੰਪਾਦਕ

ਮੇਜਰ ਕੁਲਾਰ ਬੋਪਾਰਾਏ ਕਲਾਂ
ਸਾਹੋ ਸਾਹ ਹੋਈ ਸੱਤੋ ਤੁਰ ਨਹੀਂ, ਸਗੋਂ ਦੌੜ ਰਹੀ ਸੀ। ਕੁੱਛੜ ਚੁੱਕਿਆ ਦੋ ਸਾਲ ਦਾ ਨਿਆਣਾ ਕੁੱਕੜ ਨਾਲੋਂ ਵੀ ਹਲਕਾ ਹੋਣ ਦੇ ਬਾਵਜੂਦ ਮਣ ਪੱਕੇ ਦਾ ਭਾਰਾ ਲੱਗ ਰਿਹਾ ਸੀ। ਦੂਜੇ ਪਾਸੇ ਖਾਦ ਵਾਲੀ ਬੋਰੀ ਵੱਢ ਕੇ ਬਣਾਇਆ ਝੋਲਾ ਲਮਕਦਾ ਹੋਇਆ, ਉਸ ਦੇ ਲੱਕ ਨੂੰ ਭੰਨ ਰਿਹਾ ਸੀ। ਸੂਟ ਵੀ ਕੋਈ ਪੂਰਾ ਨਹੀਂ ਸੀ, ਕਿਸੇ ਦੇ ਘਰੋਂ ਮਿਲੀ ਸਲਵਾਰ ਤੇ ਕਿਸੇ ਦਾ ਦਿੱਤੀ ਕੁੜਤੀ ਝੋਲੇ ਵਿਚ ਸੀ। ਰਾਹ ਵਿਚ ਪਾਣੀ ਪੀਣ ਲਈ ਉਹ ਡੱਬਾ ਵੀ ਝੋਲੇ ਵਿਚ ਸੁੱਟ ਲਿਆਈ ਸੀ। ਇਸ ਡੱਬੇ ਦਾ ਮੂੰਹ ਵਾਲਾ ਪਾਸਾ ਸੱਸ ਵਾਂਗ ਹੀ ਉਸ ਦੇ ਲੱਕ ਦਾ ਵੈਰੀ ਬਣ ਗਿਆ ਸੀ। ਸੱਤੋ ਨੇ ਅੱਖਾਂ ਦੀ ਬੈਟਰੀ ਦੂਰ ਤੱਕ ਘੁਮਾਈ। ਕੋਈ ਵੀ ਰਾਹੀ ਆਉਂਦਾ-ਜਾਂਦਾ ਨਾ ਦਿਸਿਆ। ਉਸ ਨੇ ਦੂਰੋਂ ਹੀ ਪੁਰਾਣਾ ਬਰੋਟਾ ਦੇਖਿਆ ਜਿਸ ਦੀਆਂ ਜੜ੍ਹਾਂ ਵਿਚ ਨਲਕਾ ਲੱਗਿਆ ਹੋਇਆ ਸੀ ਜਿਸ ਦਾ ਪਾਣੀ ਬਹੁਤ ਠੰਢਾ ਸੀ, ਕਿਉਂਕਿ ਇਸ ਨੇ ਬਰੋਟੇ ਦੇ ਨਾਲ ਵਗਦੇ ਸੂਏ ਦੀ ਕੁੱਖ ਵਿਚੋਂ ਜਨਮ ਲਿਆ ਸੀ। ਸੂਏ ਅਤੇ ਬਰੋਟੇ ਦੀ ਜਨਮ ਤਾਰੀਕ ਤਾਂ ਸ਼ਾਇਦ ਕਿਸੇ ਨੂੰ ਪਤਾ ਨਹੀਂ ਸੀ, ਪਰ ਸੂਏ ਉਪਰ ਬਣੇ ਪੁਲ ਦੀ ਸੱਜੀ ਖੱਬੀ ਵੱਖੀ ‘ਤੇ ਸੰਨ 1899 ਈਸਵੀ ਲਿਖਿਆ ਹੋਇਆ ਸੀ। ਇਹ ਪੁਲ ਤਿੰਨ ਪਿੰਡਾਂ ਦਾ ਬਾਈਪਾਸ ਵੀ ਸੀ।
ਸੱਤੋ ਇਕ ਕਦਮ ਅਗਾਂਹ ਪੁੱਟਦੀ ਤਾਂ ਦੋ ਕਦਮ ਪਿਛਾਂਹ ਮੁੜਦੀ ਹੋਈ ਮਹਿਸੂਸ ਕਰਦੀ। ਹੰਭ-ਹਾਰ ਕੇ ਉਹ ਬਰੋਟੇ ਥੱਲੇ ਪਹੁੰਚ ਗਈ। ਕੁੱਛੜ ਵਾਲੇ ਨਿਆਣੇ ਨੂੰ ਉਸ ਨੇ ਬਿਠਾਇਆ ਨਹੀਂ, ਜਿਵੇਂ ਸਿੱਟ ਹੀ ਦਿੱਤਾ ਹੋਵੇ। ਜੋਗੀਆਂ ਵਾਂਗ ਝੋਲਾ ਮੋਢੇ ਤੋਂ ਉਤਾਰ ਕੇ ਉਸ ਨੇ ਡੱਬਾ ਬਾਹਰ ਕੱਢਿਆ ਅਤੇ ਨਲਕੇ ਦੇ ਮੂੰਹ ਥੱਲੇ ਕਰ ਕੇ ਹੱਥੀ ਫੜੀ। ਜਦ ਦੇਖਿਆ ਤਾਂ ਨਲਕੇ ਦੇ ਸਿਰ ਵਾਲਾ ਨਟ-ਬੁਲਟ ਗਾਇਬ ਸੀ। ਸੱਤੋ ਨੇ ਸੋਚਿਆ ਕਿ ਨਲਕੇ ਦੇ ਕਿੱਲ-ਕਾਬਲੇ ਵੀ ਮੇਰੇ ਸਹੁਰੇ ਦੇ ਦਿਮਾਗ ਵਾਂਗ ਗੁਆਚੇ ਲੱਗਦੇ ਸਨ ਜਿਸ ਨੇ ਕਦੇ ਸਿਆਣੀ ਗੱਲ ਨਹੀਂ ਕੀਤੀ। ਜਿਸ ਬਰੋਟੇ ਥੱਲੇ ਹਮੇਸ਼ਾ ਕੋਈ ਨਾ ਕੋਈ ਅਰਾਮ ਕਰਦਾ ਮਿਲ ਜਾਂਦਾ ਸੀ, ਅੱਜ ਉਥੇ ਵੀ ਕੋਈ ਨਹੀਂ ਸੀ। ਡੱਕਾ ਤੋੜ ਕੇ ਉਸ ਨੇ ਨਲਕੇ ਦੇ ਸਿਰ ਵਿਚ ਫਸਾ ਦਿੱਤਾ ਤੇ ਹੱਥੀ ਉਤੇ ਭਾਰ ਦਿੱਤਾ ਤਾਂ ਚਾਰ ਘੁੱਟਾਂ ਪਾਣੀ ਆ ਗਿਆ। ਦੁਬਾਰਾ ਹੱਥੀ ‘ਤੇ ਭਾਰ ਦਿੱਤਾ ਤਾਂ ਡੱਕੇ ਦੇ ਸੁਆਸ ਮੁੱਕ ਗਏ, ਜਿਵੇਂ ਉਸ ਦੇ ਘਰ ਵਾਲੇ ਦੇ ਜਿਉਂਦਿਆਂ ਹੀ ਸੁਆਸ ਮੁੱਕੇ ਰਹਿੰਦੇ ਨੇ। ਪਹਿਲਾਂ ਉਸ ਨੇ ਆਪਣੇ ਜਿਗਰ ਦੇ ਟੁਕੜੇ ਦੇ ਮੂੰਹ ਨੂੰ ਪਾਣੀ ਲਾਇਆ, ਫਿਰ ਆਪਣੀਆਂ ਸੁੱਕੀਆਂ ਆਂਦਰਾਂ ਗਿੱਲੀਆਂ ਕੀਤੀਆਂ। ਨਿਆਣੇ ਨੂੰ ਚੁੱਕ ਕੇ ਹਿੱਕ ਨਾਲ ਲਾਇਆ ਤਾਂ ਨਿਆਣਾ ਦੁੱਧ ਤਲਾਸ਼ਣ ਲੱਗਿਆ। ਸੱਤੋ ਨੇ ਕੁੜਤੀ ਉਤਾਂਹ ਚੁੱਕ ਕੇ ਦੁੱਧ ਉਸ ਦੇ ਮੂੰਹ ਵਿਚ ਦਿੰਦਿਆਂ ਸਿਰ ਪਲੋਸਿਆ। ਤੋਕੜ ਹੋ ਚੁੱਕੇ ਦੁੱਧਾਂ ਵਿਚੋਂ ਦੁੱਧ ਸ਼ਾਇਦ ਤੁਪਕੇ ਵਾਂਗ ਆ ਰਿਹਾ ਸੀ, ਪਰ ਸੱਤੋ ਆਪਣੀ ਮਮਤਾ ਨਾਲ ਨਿਆਣੇ ਨੂੰ ਰਜਾਉਣਾ ਚਾਹੁੰਦੀ ਸੀ। ਫਿਰ ਉਸ ਨੂੰ ਪਤਾ ਹੀ ਨਾ ਲੱਗਿਆ ਜਦੋਂ ਉਸ ਨੇ ਆਪਣੇ ਅਤੀਤ ਦੀ ਗੱਠੜੀ ਖੋਲ੍ਹ ਲਈ।
ਸੱਤੋ ਦਾ ਪਿੰਡ ਮਾਲਵੇ ਦੀ ਧੁੰਨੀ ਵਿਚ ਵੱਸਦਾ ਹੈ। ਉਨ੍ਹਾਂ ਦੇ ਘਰ ਦੀ ਇਕ ਕੰਧ ਜੱਟਾਂ-ਜਿਮੀਦਾਰਾਂ ਨਾਲ ਤੇ ਦੂਜੀ ਰਾਮਦਾਸੀਆਂ ਨਾਲ ਸਾਂਝੀ ਹੈ। ਉਨ੍ਹਾਂ ਦਾ ਘਰ ਜਿਵੇਂ ਸਰਹੱਦ ਦੀ ਤਾਰ ਹੋਵੇ ਪਰ ਇਹ ਦੋਵੇਂ ਪਾਸੇ ਆ ਜਾ ਸਕਦੇ ਹਨ, ਬਿਨਾਂ ਡਰ ਤੋਂ। ਸੱਤੋ ਆਪਣੇ ਮਨ ਨਾਲ ਹੀ ਗੱਲ ਕਰਨ ਲੱਗੀ ਜਿਵੇਂ ਉਹ ਕਿਸੇ ਨੂੰ ਆਪਣੀ ਰਾਮ ਕਹਾਣੀ ਸੁਣਾ ਰਹੀ ਹੋਵੇ।
“ਸੱਜੇ ਪਾਸੇ ਵਾਲੇ ਘਰ ਕੋਲ ਜ਼ਮੀਨ ਨਹੀਂ ਸੀ ਪਰ ਲੱਗਦਾ ਉਹ ਸਾਡੇ ਅਤੇ ਖੱਬੇ ਪਾਸੇ ਵਾਲੇ ਘਰ ਨਾਲੋਂ ਜ਼ਿਆਦਾ ਸੁਖਾਲੇ ਸਨ। ਤਾਇਆ ਗੁਰਮੇਲ ਸਿੰਘ ਰਾਮਦਾਸੀਆ ਅਖੰਡ ਪਾਠੀ ਸੀ। ਉਹ ਬੜਾ ਨੇਕ ਦਿਲ ਤੇ ਧਾਰਮਿਕ ਖਿਆਲਾਂ ਦਾ ਬੰਦਾ ਸੀ। ਮੇਰਾ ਬਾਪੂ ਬਿਲਕੁਲ ਉਲਟ, ਜਿਵੇਂ ਧਰਤੀ ਤੇ ਅਸਮਾਨ, ਜਿਹੜੇ ਕਦੀ ਇਕ ਨਹੀਂ ਹੋ ਸਕਦੇ।
ਮੇਰਾ ਬਾਪੂ ਜੀਤਾ ਦਲਾਲ ਮੱਝਾਂ ਦਾ ਵਪਾਰੀ ਤੇ ਦਲਾਲ ਵੀ ਸੀ। ਅਸੀਂ ਦੋ ਭੈਣਾਂ-ਮੈਂ ਤੇ ਰਾਣੀ। ਸਭ ਤੋਂ ਛੋਟਾ ਇਕੋ ਇਕ ਭਰਾ ਮੰਗਤੂ। ਬੀਬੀ ਨੇ ਮਸਾਂ ਨੱਕ ਰਗੜ-ਰਗੜ ਕੇ ਪਰਮਾਤਮਾ ਤੋਂ ਮੰਗਿਆ ਸੀ। ਸਾਡੀ ਦੋਵਾਂ ਭੈਣਾਂ ਦੀ ਜਾਨ ਸੀ ਮੰਗਤੂ। ਗੁਰਮੇਲ ਤਾਏ ਦੀ ਕੁੜੀ ਭਾਗੋ ਤੇ ਮੰਗਤੂ ਦਾ ਹਾਣੀ ਪਾਲਾ ਸੀ। ਬਾਪੂ ਮੇਰਾ ਝੂਠ ਦੀ ਖੱਟੀ ਖਾਣ ਵਾਲਾ ਬੰਦਾ ਸੀ। ਮੱਝਾਂ ਦੀ ਦਲਾਲੀ ਕਰਦਾ ਪਤਾ ਨਹੀਂ ਕਿੰਨੀ ਵਾਰ ਗੁਰੂਆਂ ਦੀ ਝੂਠੀ ਸਹੁੰ ਖਾ ਜਾਂਦਾ। ਜ਼ਮੀਨ ਸਾਡੀ ਤਾਂ ਬੱਸ ਮੱਝਾਂ ਦੇ ਚਾਰੇ ਤੇ ਸਾਡੇ ਗੁਜ਼ਾਰੇ ਜੋਗੀ ਸੀ। ਜਿਮੀਦਾਰਾਂ ਦੇ ਘਰ ਸਾਡੇ ਘਰ ਨੂੰ ਵੀ ਰਾਮਦਾਸੀਆ ਮੁਹੱਲੇ ਵਿਚ ਗਿਣ ਛੱਡਦੇ ਸਨ। ਮੈਂ ਤੇ ਭਾਗੋ ਜਿਵੇਂ ਸਕੀਆਂ ਭੈਣਾਂ ਹੋਈਏ। ਤਾਇਆ ਤੇ ਤਾਈ ਵੀ ਜਨਮ-ਮਰਨ, ਵਿਆਹ-ਸ਼ਾਦੀ ‘ਤੇ ਜਿਮੀਦਾਰਾਂ ਦੇ ਘਰਾਂ ਵਿਚ ਕੰਮ ਕਰਨ ਜਾਂਦੇ। ਉਹ ਸਾਰਾ ਕੰਮ-ਕਾਜ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨੇਪਰੇ ਚੜ੍ਹਦੇ। ਤਾਈ ਖਾਣ-ਪੀਣ ਲਈ ਕਿੰਨਾ ਕੁਝ ਲਿਆਉਂਦੀ। ਭਾਗੋ ਹੋਰੀਂ ਹਮੇਸ਼ਾ ਖੁਸ਼ ਰਹਿੰਦੇ, ਪਰ ਕੰਧ ਤੋਂ ਇਧਰਲੇ ਪਾਸੇ ਪਤਾ ਨਹੀਂ ਕਿਉਂ ਸਦਾ ਭੰਗ ਭੁੱਜਦੀ ਰਹਿੰਦੀ ਸੀ। ਬਾਪੂ ਨਿੱਤ ਸ਼ਰਾਬ ਪੀਂਦਾ ਸਾਨੂੰ ਬਹੁਤ ਬੁਰਾ ਲੱਗਦਾ ਸੀ। ਉਸ ਤੋਂ ਵੱਧ ਬੁਰੇ ਉਹ ਲੋਕ ਲੱਗਦੇ ਜਿਹੜੇ ਬਾਪੂ ਨਾਲ ਆ ਕੇ ਪੀਂਦੇ। ਦੋ ਪੈਗ ਪੀ ਕੇ ਬਾਪੂ ਸਾਡੇ ‘ਤੇ ਇਉਂ ਹੁਕਮ ਚਲਾਉਂਦਾ ਜਿਵੇਂ ਗੋਲੂ ਦੇ ਢਾਬੇ ‘ਤੇ ਬੈਠਾ ਹੋਵੇ, ‘ਸੱਤੋ ਅੰਬ ਦਾ ਆਚਾਰ ਫੜਾæææਆਹ ਪਾਣੀ ਵੀ ਮੁੱਕ ਗਿਆæææਮੈਂ ਤੈਨੂੰ ਕਿਹਾ ਗੰਢਾ ਚੀਰ ਕੇ ਲਿਆ।’ ਮੇਰਾ ਦਿਲ ਕਰਦਾ ਹੱਥ ਵਿਚਲਾ ਚਾਕੂ ਬਾਪੂ ਦੀ ਹਿੱਕ ਤੋਂ ਪਾਰ ਕਰ ਦੇਵਾਂ। ਕੋਈ ਆਪਣੀਆਂ ਧੀਆਂ ਤੋਂ ਕੰਜਰਾਂ ਦੀ ਸੇਵਾ ਇਸ ਤਰ੍ਹਾਂ ਥੋੜ੍ਹੇ ਕਰਵਾਉਂਦਾ ਹੈ!”
ਸੱਤੋ ਦੇ ਬੁੱਕਲ ਵਿਚ ਪਏ ਨਿਆਣੇ ਨੇ ਦੁੱਧ ਪੀਂਦਿਆਂ ਦੰਦੀ ਵੱਢ ਕੇ ਉਸ ਦੀ ਅਤੀਤ ਵਾਲੀ ਲੜੀ ਤੋੜ ਦਿੱਤੀ। ਕੁੜਤੀ ਥੱਲੇ ਕਰਦਿਆਂ ਨਿਆਣਾ ਫਿਰ ਕੁੱਛੜ ਲਾ ਲਿਆ। ਲੀਰਾਂ ਦੀ ਗੱਠੜੀ ਫਿਰ ਮੋਢੇ ਲਟਕਾਉਂਦਿਆਂ ਆਪਣੇ ਕਦਮਾਂ ਦੀ ਗਤੀ ਤੇਜ਼ ਕੀਤੀ।
“ਬਾਪੂ ਨੂੰ ਆਪਣੀ ਦਾਰੂ ਅਤੇ ਵਪਾਰ ਪਿਆਰਾ ਸੀ, ਪਰ ਤਾਏ ਨੂੰ ਆਪਣੀ ਸਿੱਖੀ ਤੇ ਪਰਿਵਾਰ ਪਿਆਰਾ। ਮੈਂ ਕਈ ਵਾਰ ਸੋਚਦੀ ਕਿ ਬਾਪੂ ਤੇ ਤਾਏ ਦਾ ਇਕੋ ਧਰਮ ਹੈ, ਪਰ ਇਨ੍ਹਾਂ ਦੀ ਰਹਿਣੀ, ਬਹਿਣੀ ਤੇ ਕਹਿਣੀ ਵਿਚ ਐਨਾ ਫਰਕ ਕਿਉਂ ਹੈ? ਇਕ ਸ਼ਾਮ ਬਾਪੂ ਚਾਰ-ਪੰਜ ਵਪਾਰੀਆਂ ਦਾ ਟੋਲਾ ਨਾਲ ਲੈ ਆਇਆ। ਸਾਡੇ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਬਾਪੂ ਨੇ ਪਾਣੀ ਦਾ ਜੱਗ ਤੇ ਗਲਾਸ ਮੰਗਵਾ ਲਏ। ਦਾਰੂ ਪੀਣ ਲੱਗਿਆਂ ਇਕ ਵਪਾਰੀ ਨੇ ਕਿਹਾ, ‘ਜੀਤਿਆ! ਆਹ ਔਸਰ ਝੋਟੀ ਲੱਗਦਾ ਸੁਭਾਅ ਦੀ ਬਾਹਲੀ ਕੌੜ ਐ।’ ਬਾਪੂ ਖੱਚਰੀ ਹਾਸਾ ਹੱਸਿਆ ਤੇ ਕਿਹਾ, ‘ਪੂਰਨਾ, ਦੇਖਣ ਨੂੰ ਤੈਨੂੰ ਇੰਜ ਲੱਗਦੀ ਹੈ ਪਰ ਸਾਊ ਮਾਂ ਵਰਗੀ ਐ। ਭਲਾ ਥਾਪੀ ਦੇ ਕੇ ਹੁਣੇ ਹੀ ਥਣਾਂ ਨੂੰ ਹੱਥ ਲਾ ਲੈ।’ ਬਾਪੂ ਦੀ ਅਣਖ ਦਾਰੂ ਦੇ ਗਲਾਸ ਵਿਚ ਡੁੱਬ ਚੁੱਕੀ ਸੀ ਪਰ ਮੈਨੂੰ ‘ਮਾਈ ਭਾਗੋ’ ਸਾਹਮਣੇ ਖੜ੍ਹੀ ਦਿਖਾਈ ਦੇ ਰਹੀ ਸੀ। ਹੱਥ ਵਿਚਲਾ ਚਾਕੂ ਖੂਨ ਦਾ ਪਿਆਸਾ ਹੋਣ ਲੱਗਾ।
‘ਜੀਤਿਆ! ਤੂੰ ਦੱਸ ਫਿਰ ਇਸ ਝੋਟੀ ਦਾ ਮੁੱਲ ਕੀ ਲੈਣਾ।’ ਪੂਰਨ ਨੇ ਖਾਲੀ ਗਲਾਸ ਥੱਲੇ ਰੱਖਦਿਆਂ ਮੁੱਛਾਂ ‘ਤੇ ਪੁੱਠਾ ਹੱਥ ਰੰਦੇ ਵਾਂਗ ਫੇਰਿਆ।
‘ਪੂਰਨਾ! ਇਹ ਝੋਟੀ ਤੇਰੀ ਹੀ ਹੈ, ਜਦੋਂ ਮਰਜ਼ੀ ਲੈ ਜਾਈਂ।’ ਬਾਪੂ ਨੇ ਪੂਰਨ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ।
‘ਆਹ ਕੁੜੇ ਪਾਣੀ ਫੜਾ ਕੇ ਜਾਈਂ।’ ਮੱਧਰੇ ਜਿਹੇ ਕੱਦ ਵਾਲੇ ਨੇ ਕਿਹਾ।
ਮੈਂ ਪਾਣੀ ਦਾ ਜੱਗ ਲੈ ਕੇ ਗਈ। ਦੂਜੇ ਹੱਥ ਚਾਕੂ ਦੀ ਡੰਡੀ ਘੁੱਟੀ ਹੋਈ ਸੀ। ਸ਼ਾਇਦ ਬਾਪੂ ਤਾਂ ਪੂਰਨ ਦੀ ਨੀਅਤ ਤੋਂ ਅਣਜਾਣ ਸੀ ਪਰ ਮੈਂ ਉਸ ਦੀ ਬੋਲੀ ਸਮਝ ਚੁੱਕੀ ਸੀ। ਜਿਹੜਾ ਕੁਆਰੀ ਕੁੜੀ ਨੂੰ ਔਸਰ ਝੋਟੀ ਕਹਿ ਰਿਹਾ ਸੀ।
‘ਔਸਰ ਝੋਟੀ ਕਿਸ ਨੇ ਖਰੀਦਣੀ ਐ?’ ਮੈਂ ਜੱਗ ਮੇਜ਼ ‘ਤੇ ਰੱਖਦਿਆਂ ਗੁੱਸੇ ਨਾਲ ਕਿਹਾ। ਸਾਰਿਆਂ ਦੇ ਗਲਾਸ ਤੇ ਹੱਥ ਥਾਂਉਂ-ਥਾਂਈਂ ਰੁਕ ਗਏ ਜਿਵੇਂ ਉਹ ਬੰਦੇ ਨਹੀਂ, ਪੱਥਰ ਦੇ ਬੁੱਤ ਹੋਣ। ਜ਼ੁਬਾਨ ਬੰਦ ਹੋ ਗਈ ਪਰ ਮੈਂ ਬੋਲਣੋਂ ਨਾ ਰੁਕੀ, ‘ਬਾਪੂ, ਇਨ੍ਹਾਂ ਕੰਜਰਾਂ ਨੂੰ ਹੁਣੇ ਹੀ ਇੱਥੋਂ ਤੋਰ ਦੇ; ਨਹੀਂ ਤਾਂ ਮੈਂ ਇਕ-ਅੱਧੇ ਦਾ ਖੂਨ ਕਰ ਦੇਣਾ।’ ਮੇਰੇ ਚਿਹਰੇ ਦਾ ਜਲੌਅ ਦੇਖ ਕੇ ਸਾਰੇ ਨੀਵੀਆਂ ਪਾ ਕੇ ਤੁਰ ਗਏ, ਪਰ ਪੂਰਨ ਜਾਂਦਾ ਹੋਇਆ ਆਖ ਗਿਆ ਕਿ ਤੈਨੂੰ ਸਾਡੀ ਕੀਤੀ ਬੇਇੱਜ਼ਤੀ ਦਾ ਮੁੱਲ ਉਤਾਰਨਾ ਪਊ।
ਤਾਇਆ ਭਾਗੋ ਤੇ ਪਾਲੇ ਨੂੰ ਗੁਰਬਾਣੀ ਪੜ੍ਹਾਉਂਦਾ ਰਹਿੰਦਾ, ਉਨ੍ਹਾਂ ਨੂੰ ਜੀਵਨ ਦੀ ਜਾਚ ਦੱਸਦਾ। ਆਪ ਕੱਖਾਂ ਨੂੰ ਗਿਆ ਕਿਸੇ ਦੀ ਫਸਲ ਦਾ ਇਕ ਤੀਲਾ ਵੀ ਨਾ ਭੰਨਦਾ। ਬਹੁਤੀ ਖਾਣ ਨਾਲੋਂ ਥੋੜ੍ਹੀ ਵਿਚ ਸਬਰ ਸੰਤੋਖ ਰੱਖਦਾ। ਭਾਗੋ ਦਸ ਜਮਾਤਾਂ ਪਾਸ ਕਰ ਗਈ ਪਰ ਮੈਂ ਅੱਠਵੀਂ ਵਿਚ ਹੀ ਬਾਪੂ ਦੇ ਜ਼ੁਲਮਾਂ ਦੀ ਭੇਟ ਚੜ੍ਹ ਗਈ।
ਪੂਰਨ ਵਪਾਰੀ ਵੀ ਬਾਪੂ ਦਾ ਡਬਲ ਰੋਲ ਸੀ। ਸੌ ਕੰਜਰ ਇਕ ਪਾਸੇ, ਤੇ ਦੂਜੇ ਪਾਸੇ ਇਕੱਲਾ ਪੂਰਨ। ਜਦ ਵੀ ਉਹ ਸਾਡੇ ਘਰ ਆਉਂਦਾ ਪਸ਼ੂਆਂ ਵੱਲ ਘੱਟ ਦੇਖਦਾ, ਚੁੱਲ੍ਹੇ-ਚੌਂਕੇ ਵੱਲ ਜ਼ਿਆਦਾ ਧਿਆਨ ਰੱਖਦਾ। ਅਸੀਂ ਉਸ ਦੀ ਹਰ ਹਰਕਤ ਤੋਂ ਜਾਣੂੰ ਸਾਂ ਪਰ ਬਾਪੂ ਜਿਵੇਂ ਜਾਣ-ਬੁੱਝ ਕੇ ਅਣਜਾਣ ਬਣ ਜਾਂਦਾ। ਧੀਆਂ ਦੀ ਇੱਜ਼ਤ ਨਾਲੋਂ ਉਸ ਨੂੰ ਪਾਪ ਦੀ ਖੱਟੀ ਵਿਚ ਜਿਵੇਂ ਅਨੰਦ ਜ਼ਿਆਦਾ ਆਉਂਦਾ ਹੋਵੇ! ਤਾਏ ਦੇ ਜਿੰਨੇ ਸੰਗੀ-ਸਾਥੀ ਆਉਂਦੇ, ਉਹ ਰਾਹ ਵਾਲੀ ਬੈਠਕ ਵਿਚ ਬੈਠ ਕੇ, ਤਾਏ ਨੂੰ ਮਿਲ ਕੇ ਚਲੇ ਜਾਂਦੇ। ਭਾਗੋ ਹੋਰਾਂ ਨੂੰ ਪਤਾ ਵੀ ਨਾ ਲੱਗਦਾ ਕਿ ਕੋਈ ਢਾਡੀ, ਕਵੀਸ਼ਰ ਆਇਆ ਸੀ ਜਾਂ ਕੋਈ ਅਖੰਡ ਪਾਠੀ। ਤਾਏ ਦੇ ਵਧੀਆ ਅਸੂਲ ਸਨ।
ਇਕ ਵਾਰ ਬਾਪੂ ਕਿਸੇ ਦੇ ਘਰੋਂ ਤੋਕੜ ਮੱਝ ਲੈ ਆਇਆ, ਜਿਹੜੀ ਦੋ ਡੰਗ ਟੀਕੇ ‘ਤੇ ਮਿਲਦੀ ਸੀ। ਦੇਖਣ ਨੂੰ ਪੂਰੀ ਸੁਨੱਖੀ ਪਰ ਅੰਦਰੋਂ ਖੋਟੀ ਸੀ। ਮੱਝ ਖਰੀਦ ਕੇ ਬਾਪੂ ਨੇ ਮਰਿਆ ਸੱਪ ਗਲ ਪਾ ਲਿਆ ਸੀ ਪਰ ਬਾਪੂ ਵੀ ਪੂਰਾ ਕੌਤਕੀ ਸੀ। ਕਿਸੇ ਦੇ ਘਰੋਂ ਤਿੰਨ ਮਹੀਨਿਆਂ ਦਾ ਕੱਟਾ ਲੈ ਆਇਆ। ਮੱਝ ਨੂੰ ਤਿੰਨ ਡੰਗ ਨਾ ਚੋਇਆ, ਚੌਥੇ ਡੰਗ ਮੱਝ ਖੌਰੂ ਪਾਵੇ। ਬਾਪੂ ਨੇ ਤੜਕੇ ਮੱਝ ਥੱਲੇ ਕੱਟਾ ਛੱਡ ਦਿਤਾ। ਮੱਝ ਬਾਪੂ ਨਾਲੋਂ ਵੱਧ ਸਿਆਣੀ ਨਿਕਲੀ ਜਿਸ ਨੇ ਕੱਟੇ ਨੂੰ ਸਵੀਕਾਰ ਨਾ ਕੀਤਾ। ਗੁੱਸੇ ਵਿਚ ਆ ਕੇ ਬਾਪੂ ਨੇ ਤਿੰਨ ਪੈਗ ਦਾਰੂ ਦੇ ਪੀ ਕੇ ਮੱਝ ਨੂੰ ਸੱਤ ਪੋਰੀ ਡਾਂਗ ਦੀ ਧੂਫ ਦੇਣ ਲੱਗ ਪਿਆ। ਸਾਡੇ ਵਿਹੜੇ ਛੱਲੀਆਂ ਕੁੱਟ ਹੁੰਦੀਆਂ ਸੁਣ ਤਾਇਆ ਕੰਧ ਟੱਪ ਆਇਆ। ਬਾਪੂ ਹੱਥੋਂ ਡਾਂਗ ਫੜ੍ਹ ਲਈ ਤੇ ਵਾਸਤੇ ਪਾਉਣ ਲੱਗਿਆ, ‘ਜੀਤ ਸਿਆਂ! ਕਿਸ ਲਈ ਇਹ ਪਸ਼ੂਆਂ ‘ਤੇ ਅੱਤਿਆਚਾਰ ਕਰਦਾ ਹੈਂ। ਲੋਕ ਤਾਂ ਅੰਮ੍ਰਿਤ ਵੇਲੇ ਰੱਬ ਨਾਲ ਜੁੜਦੇ ਹੁੰਦੇ ਹਨ, ਤੂੰ ਜ਼ੁਲਮ ਢਾਹੀ ਜਾਨਾਂ ਏਂ। ਮੱਝ ਨੂੰ ਪਤਾ ਹੈ ਕਿ ਇਹ ਕੱਟੜੂ ਮੇਰੇ ਪੇਟੋਂ ਨਹੀਂ ਜਨਮਿਆ ਤੇ ਤੈਨੂੰ ਤਾਂ ਪਤਾ ਹੈ ਕਿ ਆਹ ਮੇਰੀਆਂ ਧੀਆਂ ਨੇ, ਤੂੰ ਫਿਰ ਕਿਉਂ ਇਨ੍ਹਾਂ ਨੂੰ ਉਸ ਕੰਜਰ ਵੱਲ ਤੋਰਨ ਨੂੰ ਤਿਆਰ ਹੋਇਆ ਪਿਆ ਹੈਂ।’ ਤਾਏ ਨੂੰ ਪਤਾ ਲੱਗ ਗਿਆ ਸੀ ਕਿ ਮੇਰਾ ਬਾਪੂ ਸਾਡਾ ਦੋਵਾਂ ਭੈਣਾਂ ਦਾ ਰਿਸ਼ਤਾ ਪੂਰਨ ਦੇ ਮੁੰਡਿਆਂ ਨੂੰ ਕਰਨ ਲਈ ਤਿਆਰ ਸੀ। ਤਾਏ ਦੇ ਬੋਲਦਿਆਂ ਬੋਲਦਿਆਂ ਹੀ ਮੱਝ ਕੰਬਦੀ ਕੰਬਦੀ ਡਿੱਗ ਪਈ ਤੇ ਸੁਆਸ ਛੱਡ ਗਈ। ਮੱਝ ਨੂੰ ਸੱਜਰ ਬਣਾ ਕੇ ਵੇਚਣ ਵਾਲਾ ਬਾਪੂ ਤੋਕੜ ਤੋਂ ਵੀ ਗਿਆ। ਤਾਇਆ ਫਿਰ ਕਹਿਣ ਲੱਗਾ, ‘ਜੀਤ ਸਿਆਂ, ਅਜੇ ਵੀ ਮੁੜਿਆ, ਗੁਰੂ ਦੇ ਦੁਆਰ ਤੋਂ ਬਖਸ਼ਿਆ ਜਾਵੇਂਗਾ, ਬਾਣੀ ਪੜ੍ਹਨ ਲੱਗ ਜਾਹ, ਸਭ ਕੁਝ ਆਪੇ ਸੂਤ ਹੋ ਜਾਊ।’
ਤਾਏ ਦੀਆਂ ਗੱਲਾਂ ਬਾਪੂ ਦੇ ਸਿਰ ਉਤੋਂ ਦੀ ਲੰਘ ਗਈਆਂ। ਬੱਸ ਮੱਝ ਦਾ ਕੰਨ ਫੜੀ ਬੈਠਾ ਰਿਹਾ। ਉਸੇ ਸ਼ਾਮ ਬਾਪੂ ਨੇ ਫਿਰ ਰੱਜ ਕੇ ਦਾਰੂ ਪੀਤੀ। ਪੂਰਨ ਤੋਂ ਰੁਪਏ ਫੜ ਕੇ ਫਿਰ ਮੱਝ ਖਰੀਦ ਲਿਆਇਆ। ਹੌਲੀ-ਹੌਲੀ ਬਾਪੂ ਪੂਰਨ ਦੇ ਕਰਜ਼ੇ ਥੱਲੇ ਆਉਂਦਾ ਗਿਆ। ਜਦੋਂ ਪੂਰਨ ਦੇ ਰੁਪਏ ਨਾ ਮੁੜੇ ਤਾਂ ਬਾਪੂ ਨੇ ਮੇਰਾ ਰੱਸਾ ਪੂਰਨ ਦੇ ਛੋਟੇ ਪੁੱਤ ਨੂੰ ਫੜਾ ਦਿੱਤਾ। ਮੇਰੇ ਅਰਮਾਨਾਂ ‘ਤੇ ਆਰੀ ਚਲਾਉਂਦੇ ਬਾਪੂ ਨੂੰ ਮੈਂ ਰੋ-ਰੋ ਕੇ ਕਹਿੰਦੀ ਰਹੀ, ‘ਬਾਪੂ! ਇਹ ਪਾਪ ਨਾ ਕਰ। ਇਸ ਨਾਲੋਂ ਤਾਂ ਨਹਿਰ ਵਿਚ ਧੱਕਾ ਦੇ ਆ।’ ਬਾਪੂ ਪਾਪੀ ਨਾ ਮੰਨਿਆ। ਨਹਿਰ ਵਿਚ ਧੱਕਾ ਦੇ ਕੇ ਪੂਰਨ ਦੇ ਰੁਪਏ ਥੋੜ੍ਹਾ ਮੋੜੇ ਜਾਣੇ ਸੀ!
ਮੇਰੇ ਰੋਣ-ਕੁਰਲਾਉਣ ਦੇ ਵਾਜੇ ਵੱਜਣ ਲੱਗੇ। ਬਾਪੂ ਦੇ ਦਿਲ ਵਿਚ ਖੁਸ਼ੀਆਂ ਦੇ ਭੰਗੜੇ ਪੈ ਰਹੇ ਸਨ। ਮਾਂ ਤੇ ਭੈਣ ਦਿਲ ਮੁੱਠੀ ਵਿਚ ਲੈ ਕੇ ਰੋਣਾ ਥੰਮੀ ਬੈਠੀਆਂ ਸਨ। ਜਦ ਮੈਨੂੰ ਧੱਕੇ ਨਾਲ ਹੀ ਕਾਰ ਵਿਚ ਸੁੱਟ ਦਿੱਤਾ ਤਾਂ ਮਾਂ ਤੇ ਭੈਣ ਨੇ ਅੱਖਾਂ ਵਿਚੋਂ ਹੰਝੂਆਂ ਦਾ ਭਾਖੜਾ ਹੀ ਖੋਲ੍ਹ ਦਿੱਤਾ। ਫਿਰ ਕਾਰ ਦੀ ਧੁੜ ਨੇ ਮਾਂ ਤੇ ਭੈਣ ਨੂੰ ਅੱਖੋਂ ਉਹਲੇ ਕਰ ਦਿੱਤਾ। ਮੈਂ ਬਾਪੂ ਜ਼ਾਲਮ ਦਾ ਗਰਾਂ ਛੱਡ ਕੇ ਪਾਪੀ ਸਹੁਰਿਆਂ ਦੇ ਬੂਹੇ ਜਾ ਚੁੱਕੀ। ਸੱਸ ਨੇ ਮੂੰਹ ਨੂੰ ਪਾਣੀ ਇੰਜ ਲਾਇਆ ਜਿਵੇਂ ਮੈਂ ਉਸ ਦੀ ਨੂੰਹ ਨਹੀਂ, ਨਾਗਣ ਹੋਵਾਂ। ਉਸੇ ਦਿਨ ਤੋਂ ਮੇਰੀ ਜ਼ਿੰਦਗੀ ਦੀ ਦੁੱਖਾਂ ਭਰੀ ਦਰਦ ਕਹਾਣੀ ਸ਼ੁਰੂ ਹੋਈ। ਸਹੁਰੇ ਘਰ ਸੱਸ ਤੇ ਸਹੁਰਾ, ਸਹੁਰੇ ਦਾ ਛੜਾ ਭਰਾ ਤੇ ਮੇਰੇ ਕੰਤ ਦਾ ਵੱਡਾ ਭਰਾ ਕਪੂਰਾ ਸਨ।”
ਸੱਤੋ ਦੇ ਤੇਜ਼ ਕਦਮਾਂ ਨੇ ਉਸ ਨੂੰ ਨਿਢਾਲ ਕਰ ਦਿੱਤਾ। ਪੇਟ ਅੰਦਰੋਂ ਭੁੱਖ ਦੀਆਂ ਆਵਾਜ਼ਾਂ ਆਉਣ ਲੱਗੀਆਂ। ਸਹੁਰਿਆਂ ਦਾ ਪਿੰਡ ਬਹੁਤ ਦੂਰ ਛੱਡ ਆਈ ਸੀ ਤੇ ਪੇਕਿਆਂ ਦੇ ਪਿੰਡ ਨੇੜੇ ਪਹੁੰਚਣ ਵਾਲੀ ਸੀ। ਕੁੱਛੜ ਚੁੱਕੇ ਨਿਆਣੇ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ ਸੀ। ਫਿਰ ਸੜਕ ਕੰਢੇ ਸਾਹਮਣੇ ਕਿਸੇ ਦਾ ਟਿਊਬਵੈਲ ਚੱਲਦਾ ਦੇਖਿਆ। ਝੋਲਾ ਤੇ ਨਿਆਣਾ ਚੁੱਕ ਉਧਰਲੀ ਪਹੀ ਮੁੜ ਗਈ। ਪਹਿਲਾਂ ਪਾਣੀ ਪੀਤਾ, ਫਿਰ ਝੋਲੇ ਵਿਚੋਂ ਰਾਤ ਦੀ ਬਚੀ ਰੋਟੀ ਕੱਢੀ ਜਿਹੜੀ ਸੁੱਕ ਕੇ ਲੱਕੜ ਬਣ ਚੁੱਕੀ ਸੀ। ਉਸ ਨੇ ਡੱਬੇ ਵਿਚ ਪਾਣੀ ਪਾ ਕੇ ਰੋਟੀ ਗਿੱਲੀ ਕਰ ਕੇ ਖਾਧੀ ਤੇ ਨਿਆਣੇ ਨੂੰ ਵੀ ਖੁਆਈ। ਗਿੱਲੀ ਰੋਟੀ ਖਾ ਕੇ ਉਹਨੇ ਆਪਣੇ ਅਤੀਤ ਦਾ ਗਿੱਲਾ ਪੀਹਣ ਅੱਖਾਂ ਅੱਗੇ ਲੈ ਆਂਦਾ।
“ਪੇਕੇ ਘਰ ਵਾਲਾ ਝੂਠ ਫਰੇਬ ਝੂਠੀਆਂ ਸਹੁੰਆਂ ਜਿਵੇਂ ਮੇਰੇ ਨਾਲ ਦਾਜ ਵਿਚ ਹੀ ਆ ਗਈਆਂ ਹੋਣ। ਪੇਕੇ ਘਰ ਤਾਂ ਇਕੱਲਾ ਬਾਪੂ ਹੀ ਮੰਗਤੂ ਦੇ ਸਿਰ ‘ਤੇ ਹੱਥ ਰੱਖ ਕੇ ਸਹੁੰ ਖਾ ਜਾਂਦਾ ਸੀ, ਪਰ ਇਥੇ ਤਾਂ ਚਾਰ ਜਣੇ ਸਨ। ਪਤਾ ਨਹੀਂ ਸੀ ਲੱਗਦਾ, ਕਿਸੇ ਨੇ ਕਿਸ ਦੀ ਸਹੁੰ ਖਾ ਕੇ ਅਗਲੇ ਨੂੰ ਝੂਠ ਦਾ ਸੱਚ ਬਣਾ ਦੇਣਾ ਹੈ। ਸਹੁਰੇ ਦਾ ਭਰਾ ਕਬੂਤਰਬਾਜ਼ ਸੀ। ਉਹ ਲੋਕਾਂ ਦੇ ਕੋਠਿਆਂ ‘ਤੇ ਖੜ੍ਹ ਕੇ ਮੂੰਹ ਉਪਰ ਚੁੱਕੀ ਰੱਖਦਾ। ਜੇਠ ਕੁੱਤਿਆਂ ਦਾ ਸ਼ੌਂਕੀ ਸੀ। ਹਰ ਕੋਈ ਪਾਪਾਂ ਦੀ ਖੱਟੀ ਨਾਲ ਸ਼ੌਂਕੀ ਬਣਿਆ ਫਿਰਦਾ ਸੀ।
ਸੱਸ ਨੇ ਦੂਜੇ ਦਿਨ ਚੌਂਕੇ ਚਾੜ੍ਹ ਦਿੱਤਾ। ਮਿੱਠੀਆਂ ਰੋਟੀਆਂ ਦਾ ਸ਼ਗਨ ਨਹੀਂ ਕਰਵਾਇਆ, ਸਗੋਂ ਸਹੁਰੇ ਨੇ ਮੇਰੀਆਂ ਅੱਖਾਂ ਅੱਗੇ ਪੰਜ ਮੁਰਗੇ ਵੱਢ ਕੇ ਮੇਰੇ ਅੱਗੇ ਰੱਖ ਦਿੱਤੇ ਤੇ ਬੋਲਿਆ, ‘ਲੈæææਪੇਕੇ ਤਾਂ ਕਦੇ ਬਣਾ ਕੇ ਨਹੀਂ ਖੁਆਏæææਹੁਣ ਇਥੇ ਬਣਾ ਕੇ ਖੁਆਈਂ।’ ਮੁਰਗੇ ਦਾ ਮਾਸ ਰਿੰਨ੍ਹਣਾ ਮੇਰੇ ਲਈ ਉਨਾ ਹੀ ਔਖਾ ਸੀ, ਜਿੰਨਾ ਆਪਣੇ ਹੱਥਾਂ ‘ਤੇ ਰੱਖੀ ਜ਼ਹਿਰ ਨੂੰ ਚੱਟਣਾ।
ਸੱਸ ਨੇ ਮਿਹਣਿਆਂ ਦੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ। ਸ਼ਾਮ ਨੂੰ ਕੰਜਰਾਂ ਦੀ ਟੋਲੀ ਇਕੱਠੀ ਹੋ ਗਈ। ਸਹੁਰਾ ਆਪਣੀ ਬੋਲੀ ਵਿਚ ਮੈਨੂੰ ਜਲੀਲ ਕਰਦਾ ਨਵੀਂ ਝੋਟੀ ਆਖ ਮੇਰੇ ਅੰਗਾਂ ਦੀਆਂ ਸਿਫ਼ਤਾਂ ਹੱਸ-ਹੱਸ ਕੇ ਕਰਦਾ। ਮੇਰੀ ਕੋਈ ਪੇਸ਼ ਨਹੀਂ ਜਾ ਰਹੀ ਸੀ। ਸਾਰਿਆਂ ਨੇ ਪੀ-ਖਾ ਕੇ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ। ਸੱਸ ਨੇ ਬਾਹੋਂ ਫੜ ਕੇ ਮੈਨੂੰ ਵੀ ਲੈ ਆਂਦਾ। ਪਤਾ ਨਹੀਂ ਕਿਸ-ਕਿਸ ਨੇ ਮੇਰੀਆਂ ਬਾਹਾਂ ਫੜ ਕੇ ਮੈਨੂੰ ਘੁਮਾਇਆ। ਚੱਕਰ ਕਢਵਾਉਂਦਿਆਂ ਮੈਂ ਚੱਕਰ ਖਾ ਕੇ ਡਿੱਗ ਪਈ। ਜਦੋਂ ਹੋਸ਼ ਆਈ ਤਾਂ ਹਨ੍ਹੇਰੇ ਕੋਠੇ ਵਿਚ ਪਈ ਸੀ ਜਿੱਥੋਂ ਬੱਕਰੀਆਂ ਤੇ ਕੁੱਤਿਆਂ ਦੀ ਹਵਾੜ ਸਿਰ ਨੂੰ ਚੜ੍ਹ ਰਹੀ ਸੀ। ਦਿਲ ਨੇ ਉਠਣ ਦੀ ਗਵਾਹੀ ਨਾ ਭਰੀ।
ਸੱਸ ਤੋਂ ਬਾਅਦ ਇਸ ਘਰ ਵਿਚ ਮੈਂ ਦੂਜੀ ਜਨਾਨੀ ਆਈ ਸੀ। ਸੱਸ ਵੀ ਇਨ੍ਹਾਂ ਵਿਚ ਰਹਿ ਕੇ ਇਨ੍ਹਾਂ ਵਾਂਗ ਹੀ ਗਾਲਾਂ ਸਿੱਖ ਗਈ ਸੀ। ਸਾਡੇ ਘਰ ਮਰਦ ਤਾਂ ਤੁਰੇ ਰਹਿੰਦੇ ਸੀ ਪਰ ਕਦੇ ਕਿਸੇ ਜਨਾਨੀ ਨੇ ਪੈਰ ਨਹੀਂ ਸੀ ਪਾਇਆ। ਪਿਉ ਦੀ ਗਊ ਧੀ ਕਸਾਈਆਂ ਹੱਥੋਂ ਨਿੱਤ ਤਿਲ-ਤਿਲ ਵੱਢਣੀ ਸ਼ੁਰੂ ਹੋ ਗਈ। ਰੋਜ਼ ਹੀ ਕੰਜਰਾਂ ਦਾ ਟੋਲਾ ਆ ਜਾਂਦਾ, ਦਾਰੂ ਤੇ ਮੀਟ ਖਾ ਛੱਡਦੇ। ਮੇਰਾ ਕੰਤ ਲਾਈ ਲੱਗ ਸੀ। ਜਿਵੇਂ ਸੱਸ ਤੇ ਸਹੁਰਾ ਉਸ ਦੇ ਕੰਨ ਭਰ ਦਿੰਦੇ, ਉਹ ਉਵੇਂ ਹੀ ਮੇਰੇ ਨਾਲ ਕਰਦਾ। ਮੇਰੀ ਮਾਂ ਤੇ ਭੈਣ ਮੇਰਾ ਨਰਕਾਂ ਦਾ ਵਾਸਾ ਦੇਖ ਗਈਆਂ ਸਨ। ਬਾਪੂ ਤਾਂ ਕਈ ਵਾਰ ਆਇਆ ਸੀ, ਸਿਰ ‘ਤੇ ਹੱਥ ਰੱਖ ਕੇ ਪੁੱਛਦਾ, ‘ਧੀਏ ਰਾਜ਼ੀ ਖੁਸ਼ੀ ਏਂ?’ ਮੇਰੀ ਚੁੱਪ ਉਸ ਨੂੰ ਉਸ ਦੇ ਕੀਤੇ ਦਾ ਪਛਤਾਵਾ ਕਰਵਾਉਣ ਦੀ ਗਵਾਹੀ ਭਰਦੀ ਸੀ। ਮੈਂ ਦਿਲ ਵਿਚ ਕਹਿ ਦਿੰਦੀ, ‘ਰਾਜ਼ੀ ਖੁਸ਼ੀ ਹਾਂ, ਕਿਉਂਕਿ ਬਾਪੂ ਤੂੰ ਮੈਨੂੰ ਵੱਡੇ ਸਰਦਾਰਾਂ ਦੇ ਜੋ ਵਿਆਹਿਆ ਹੈ।’ ਸ਼ਰਮ ਵੀ ਉਸ ਨੂੰ ਹੀ ਆਉਂਦੀ ਹੈ ਜਿਸ ਦੀ ਕੋਈ ਇੱਜ਼ਤ ਹੁੰਦੀ ਹੈæææਬਾਪੂ ਨੇ ਸ਼ਰਮ ਤਾਂ ਕਿੱਲੇ ‘ਤੇ ਇਉਂ ਟੰਗੀ ਸੀ, ਜਿਵੇਂ ਮੱਝ ਦਾ ਸੰਗਲ ਹੋਵੇ। ਸਹੁਰਾ ਪਰਿਵਾਰ ਡੰਗਰਾਂ ਵਾਂਗ ਹੀ ਮੈਨੂੰ ਕੁੱਟ ਸੁੱਟਦਾ। ਸੱਸ ਕਹਿੰਦੀ, ‘ਆਪਣੀ ਭੈਣ ਦਾ ਰਿਸ਼ਤਾ ਲੈ ਕੇ ਆ।’ ਮੈਂ ਮਰ ਤਾਂ ਜਾਂਦੀ ਪਰ ਭੈਣ ਨੂੰ ਨਰਕਾਂ ਵਿਚ ਨਾ ਸੁੱਟਣ ਦਿੰਦੀ। ਮੇਰਾ ਕੰਤ ਤਾਂ ਦਿਨੇ ਹੀ ਕਬੂਤਰ ਵਾਂਗ ਅੱਖਾਂ ਮੀਚ ਲੈਂਦਾ, ਮਾਂ-ਪਿਓ ਦਾ ਉਸ ਨੂੰ ਇੰਨਾ ਡਰ ਸੀ, ਜਿਵੇਂ ਉਹ ਉਸ ਨੂੰ ਕੱਚੇ ਨੂੰ ਹੀ ਖਾ ਜਾਣਗੇ।
ਇਕ ਵਾਰ ਸੱਸ ਨੇ ਮੈਨੂੰ ਜਾਣ ਕੇ ਘਰ ਇਕੱਲਿਆਂ ਛੱਡ ਦਿੱਤਾ। ਇਸ ਇਕੱਲ ਦਾ ਫਾਇਦਾ ਸਹੁਰਾ ਉਠਾਉਣਾ ਚਾਹੁੰਦਾ ਸੀ। ਜਦ ਉਸ ਨੇ ਮੈਨੂੰ ਹੱਥ ਪਾਇਆ ਤਾਂ ਮੈਂ ਕਮਾਦ ਵੱਢਣ ਵਾਲਾ ਟੋਕਾ ਮੱਥੇ ਵਿਚ ਜੜ ਦਿੱਤਾ ਜੋ ਮੈਨੂੰ ਪਹਿਲਾਂ ਹੀ ਆਪਣੇ ਬਾਪੂ ਦੇ ਜੜਨਾ ਚਾਹੀਦਾ ਸੀ। ਸਹੁਰੇ ਦੇ ਮੱਥੇ ‘ਚੋਂ ਖੂਨ ਵੱਗਣ ਲੱਗਿਆ ਤੇ ਉਹ ਦੁਪੱਟਾ ਲਪੇਟ ਕੇ ਦੌੜ ਗਿਆ। ਸਹੁਰੇ ਵਾਂਗ ਮੇਰੇ ਜੇਠ ਨੇ ਮੇਰੇ ਨਾਲ ਧੱਕਾ ਕਰਨਾ ਚਾਹਿਆ, ਮੈਂ ਉਸ ਦੇ ਗਿੱਟਿਆਂ ਵਿਚ ਟੋਕਾ ਜੜ ਦਿੱਤਾ। ਦੋਵਾਂ ਅੱਗੇ ਦਲੇਰੀ ਕਰ ਕੇ ਮੈਂ ਆਪਣੀ ਇੱਜ਼ਤ ਦੁਆਲੇ ਮਜ਼ਬੂਤ ਕੰਧ ਕਰ ਲਈ ਸੀ।
ਤਿੰਨ ਸਾਲਾਂ ਪਿੱਛੋਂ ਮੈਂ ਨਿੱਕੂ ਨੂੰ ਜਨਮ ਦਿੱਤਾ। ਮਾਂ ਤੇ ਭੈਣ ਚਾਰ ਸੇਰ ਘਿਉ ਦੇ ਗਈਆ ਜਿਹੜਾ ਬੁੱਚੜਾਂ ਦੇ ਢਿੱਡ ਪਿਆ। ਸਹੁਰੇ ਸਿਰ ਵੀ ਬਾਪੂ ਵਾਂਗ ਕਰਜ਼ਾ ਟੁੱਟ ਗਿਆ। ਹੌਲੀ-ਹੌਲੀ ਸਭ ਕੁਝ ਵਿਕਣ ਲੱਗ ਪਿਆ। ਸਾਰਿਆਂ ਦੇ ਸ਼ੌਂਕ ਖੰਭ ਲਾ ਕੇ ਉਡ ਗਏ। ਸੱਸ ਨੇ ਮੈਨੂੰ ਪੰਜ-ਛੇ ਘਰਾਂ ਦੇ ਕੰਮ ਵਾਸਤੇ ਭੇਜਣਾ ਸ਼ੁਰੂ ਕਰ ਦਿੱਤਾ। ਹੁਣ ਰੋਟੀ ਦਾ ਸਾਧਨ ਮੈਂ ਹੀ ਰਹਿ ਗਈ ਸੀ। ਹੁਣ ਮੈਂ ਜਿਉਣਾ ਚਾਹੁੰਦੀ ਸੀ ਆਪਣੇ ਨਿੱਕੂ ਕਰ ਕੇ, ਤਾਂਹੀਓਂ ਤਾਂ ਦੁੱਖਾਂ ਨੂੰ ਅੱਗਿਉਂ ਹੋ ਕੇ ਟੱਕਰੀ ਹੋਈ ਸੀ। ਭੈਣ ਦਾ ਵਿਆਹ ਹੋ ਗਿਆ। ਉਹ ਆਪਣੇ ਘਰ ਤੁਰ ਗਈ। ਤਾਏ ਨੇ ਭਾਗੋ ਦਾ ਵਿਆਹ ਰੱਖ ਦਿੱਤਾ। ਉਹ ਮੈਨੂੰ ਵਿਆਹ ਦਾ ਕਾਰਡ ਦੇ ਗਿਆ। ਮੈਂ ਸੱਸ ਸਹੁਰੇ ਨੂੰ ਜਾਣ ਵਾਸਤੇ ਬੇਨਤੀ ਕੀਤੀ। ਉਨ੍ਹਾਂ ਕੋਰੀ ਨਾਂਹ ਕਰ ਦਿੱਤੀ। ਕਹਿੰਦੇ, ‘ਲੋਕਾਂ ਦੇ ਘਰਾਂ ਵਿਚ ਚਾਰ ਦਿਨ ਕੰਮ ਕਰਨ ਕੌਣ ਜਾਊਗਾ?’ ਮੈਂ ਸਬਰ ਦਾ ਘੁੱਟ ਭਰ ਲਿਆ। ਅੱਜ ਭਾਗੋ ਦੇ ਅਨੰਦ ਕਾਰਜ ਸਨ। ਮੈਂ ਕੱਲ੍ਹ ਦੀ ਜਾਣ ਨੂੰ ਕਾਹਲੀ ਕਰਦੀ ਸੀ, ਪਰ ਦਲੇਰੀ ਨਾ ਕਰ ਸਕੀ ਤੇ ਫਿਰ ਤੜਕਿਉਂ ਮੈਂ ਘਰੇ ਬਿਨਾਂ ਦੱਸਿਆਂ ਨਿਕਲ ਆਈ ਸੀ।”
ਪਿੱਛਿਉਂ ਕਾਰ ਦੀ ਆਵਾਜ਼ ਨੇ ਉਸ ਦੀ ਲੜੀ ਤੋੜ ਦਿੱਤੀ।
ਸੱਤੋ ਨੇ ਪਿੰਡ ਵੜਦਿਆਂ ਘਰ ਪਛਾਣ ਲਏ ਕਿ ਮੇਰਾ ਪਿੰਡ ਆ ਗਿਆ। ਸੂਰਜ ਦੀਆਂ ਡੁੱਬਦੀਆਂ ਕਿਰਨਾਂ ਨੇ ਉਸ ਦਾ ਜਿਵੇਂ ਪਿੰਡ ਵੜਨ ‘ਤੇ ਸਵਾਗਤ ਕੀਤਾ ਹੋਵੇ। ਉਸ ਨੇ ਨਿੱਕੂ ਦੇ ਮੂੰਹ ‘ਤੇ ਹੱਥ ਫੇਰਿਆ। ਕਦਮ ਅਗਾਂਹ ਵਧਾਏ ਤਾਂ ਘਰ ਦੇ ਬੂਹੇ ਅੱਗੇ ਭਾਗੋ ਦੀ ਡੋਲੀ ਤੁਰਨ ਲੱਗੀ ਸੀ। ਸੱਤੋ ਨੇ ਭੱਜ ਕੇ ਕਾਰ ਦੀ ਤਾਕੀ ਫੜ ਲਈ। ਪੰਜਾਂ ਦਾ ਨੋਟ ਭਾਗੋ ਨੂੰ ਫੜਾਉਣ ਲੱਗੀ ਤਾਂ ਆਲੇ-ਦੁਆਲੇ ਖੜ੍ਹੀ ਭੀੜ ਕਹਿਣ ਲੱਗੀ, “ਆਹ ਮੰਗਤੀ ਨੂੰ ਪਰੇ ਕਰੋ।” ਕੋਈ ਕਹਿੰਦਾ, “ਇਸ ਨੇ ਤਾਂ ਭਾਗੋ ਦੀ ਝੋਲੀ ਵਿਚੋਂ ਪੰਜਾਂ ਦਾ ਨੋਟ ਚੁੱਕ ਲਿਆ ਹੈ।” ਤਾਇਆ ਗੁਰਮੇਲ ਅੱਗੇ ਹੋਇਆ। ਸੱਤੋ ਨੇ ਕਿਹਾ, “ਤਾਇਆ, ਤੇਰੀ ਕਰਮਾਂ ਮਾਰੀ ਧੀ ਹਾਂ।”
ਸੱਤੋ ਤਾਏ ਦੀ ਬੁੱਕਲ ਵਿਚ ਡਿੱਗ ਪਈ। ਭਾਗੋ ਨੇ ਆ ਕੇ ਗਲਵਕੜੀ ਪਾ ਲਈ। ਸੱਤੋ ਨੇ ਪੰਜਾਂ ਦਾ ਨੋਟ ਫੜਾਉਂਦਿਆਂ ਕਿਹਾ, “ਭਾਗੋ ਭੈਣ, ਉਸ ਘਰੋਂ ਮੈਂ ਪੰਜਾਂ ਸਾਲਾਂ ਵਿਚ ਆਹ ਪੰਜ ਰੁਪਏ ਖੱਟੇ ਨੇ, ਛੋਟੀ ਭੈਣ ਦਾ ਸ਼ਗਨ ਪ੍ਰਵਾਨ ਕਰੀਂ।” ਭਾਗੋ ਰੋਂਦੀ ਵਿਦਾ ਹੋ ਗਈ। ਸੱਤੋ ਦੀ ਮਾਂ ਤੇ ਬਾਪੂ ਆ ਗਏ। ਉਹ ਮਾਂ ਦੇ ਗਲ ਲੱਗ ਰੋਈ ਤੇ ਬੋਲੀ, “ਮਾਂ, ਦੇਖ ਆਪਣੀ ਧੀ ਦਾ ਹਾਲ।”æææਤੇ ਬਾਪੂ ਦੇ ਗਲ ਲੱਗ ਕੇ ਕਹਿੰਦੀ, “ਬਾਪੂ, ਉਸ ਦਿਨ ਤੂੰ ਮੇਰੀ ਅਰਥੀ ਤੋਰ ਦਿੱਤੀ ਸੀ, ਹੁਣ ਮੇਰੀ ਅਰਥੀ ਨਹੀਂ; ਡੋਲੀ ਤੋਰ ਦੇਈਂ ਤਾਂ ਕਿ ਸਹੁਰੇ ਅਰਾਮ ਦੀ ਨੀਂਦ ਸੌਂ ਜਾਵਾਂ।”æææਤੇ ਸੱਤੋ ਸਵਾਸ ਛੱਡ ਗਈ।

1 Comment

Leave a Reply

Your email address will not be published.