ਪਲੈਟੋ ਦੀ ਫਿਲਾਸਫੀ, ਗੁਰਮਤਿ ਤੇ ਅਜੋਕਾ ਸਾਮਰਾਜਵਾਦ

ਬਦੀ ਅਤੇ ਨੇਕੀ ਮਨੁੱਖੀ ਸਭਿਅਤਾ ਦੀ ਚੂਲ ਰਹੇ ਹਨ। ਸ਼ ਗੁਰਬਚਨ ਸਿੰਘ ਨੇ ਆਪਣੇ ਇਸ ਲੇਖ ਵਿਚ ਨੇਕੀ ਅਤੇ ਬਦੀ ਵਾਲੀ ਗੱਲ ਸੁਣਾਉਣ ਲਈ ਸੰਸਾਰ ਪ੍ਰਸਿੱਧ ਵਿਦਵਾਨ ਪਲੈਟੋ ਦੀ ਲਿਖਤ ਦਾ ਸਹਾਰਾ ਲਿਆ ਹੈ। ਪਲੈਟੋ ਦਾ ਇਹ ਵੇਰਵਾ ਬਹੁਤ ਲੰਮੇਰਾ ਤਾਂ ਹੈ ਪਰ ਇਹ ਓਨਾ ਹੀ ਦਿਲਚਸਪ ਹੈ ਅਤੇ ਚੰਗੇ ਮਨੁੱਖ ਦੀ ਤਲਾਸ਼ ਵੱਲ ਵਧਾਇਆ ਨਿੱਗਰ ਕਦਮ ਵੀ ਹੈ। ਪਲੈਟੋ ਇਸ ਦੁਨੀਆਂ ਉਤੇ ਤਕਰੀਬਨ ਢਾਈ ਹਜ਼ਾਰ ਸਾਲ ਪਹਿਲਾਂ ਆਇਆ। ਉਸ ਨੇ ਉਸ ਵਕਤ ਦੇ ਮੁਹਾਵਰੇ ਮੁਤਾਬਿਕ ਚੰਗੇ ਮਨੁੱਖ ਦੀ ਲਲਕ ਆਪਣੀ ਅਹਿਮ ਲਿਖਤ (ਰਿਪਬਲਿਕ) ਵਿਚ ਦਰਜ ਕੀਤੀ ਹੈ ਜਿਸ ਦੀ ਲੜੀ ਅੱਜ ਨਾਲ ਜੁੜਦੀ ਹੈ।

-ਸੰਪਾਦਕ

ਗੁਰਬਚਨ ਸਿੰਘ
ਫੋਨ: 91-98156-98451

ਪੱਛਮ-ਪ੍ਰਸਤ ਕੁਝ ਪੜ੍ਹੇ-ਲਿਖੇ ਸੱਜਣਾਂ ਨੂੰ ਇਹ ਗੱਲ ਬੜੀ ਅਜੀਬ ਲੱਗ ਸਕਦੀ ਹੈ ਕਿ ਕਰੀਬ ਢਾਈ ਹਜ਼ਾਰ ਸਾਲ ਪਹਿਲਾਂ ਯੂਨਾਨ ਵਿਚ ਪੈਦਾ ਹੋਏ ਮਹਾਨ ਚਿੰਤਕ ਪਲੈਟੋ ਦੀ ਫਿਲਾਸਫੀ ਦਾ ਭਲਾ ਗੁਰਮਤਿ ਨਾਲ ਕੀ ਰਿਸ਼ਤਾ ਹੋ ਸਕਦਾ ਹੈ? ਇਨ੍ਹਾਂ ਸੱਜਣਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਸਾਰ ਭਰ ਦੀ ਫਿਲਾਸਫੀ, ਭਾਵੇਂ ਉਹ ਪੱਛਮ ਦੀ ਹੈ ਜਾਂ ਪੂਰਬ ਦੀ, ਇਕ-ਦੂਜੇ ਨਾਲੋਂ ਟੁੱਟ ਕੇ ਨਹੀਂ, ਸਗੋਂ ਇਕ-ਦੂਜੇ ਦੀ ਨਿਰੰਤਰਤਾ ਵਿਚ ਵਿਕਸਿਤ ਹੋਈ ਹੈ। ਗੁਰਮਤਿ ਵਿਚਲੀ ਫਿਲਾਸਫੀ ਕਿਉਂਕਿ ਪੂਰਬ ਅਤੇ ਪੱਛਮ ਦੀ ਫਿਲਾਸਫੀ ਨੂੰ ਆਪਣੇ ਆਤਮ ਵਿਚ ਸਮੇਟ ਕੇ ਵਿਕਸਿਤ ਹੋਈ ਹੈ, ਇਸ ਲਈ ਇਸ ਦਾ ਪਲੈਟੋ ਦੀ ਫਿਲਾਸਫੀ ਨਾਲ ਵੀ ਸਿੱਧਾ ਰਿਸ਼ਤਾ ਹੈ। ਇਹ ਰਿਸ਼ਤਾ ਉਦੋਂ ਸਪਸ਼ਟ ਹੁੰਦਾ ਹੈ, ਜਦੋਂ ਦੋਹਾਂ ਫਿਲਾਸਫੀਆਂ ਨੂੰ ਇਕ-ਦੂਜੇ ਦੇ ਪ੍ਰਸੰਗ ਵਿਚ ਰੱਖ ਕੇ ਪੜ੍ਹਿਆ ਜਾਂਦਾ ਹੈ।
ਇਥੇ ਪਲੈਟੋ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਜਾਪਦੀ। ਇਹ ਸੱਚਾਈ ਸਰਬ ਪ੍ਰਵਾਨਿਤ ਹੈ ਕਿ ਪੱਛਮੀ ਸਭਿਅਤਾ ਤੇ ਪੱਛਮੀ ਤਰਜ਼ ਦੀ ਜਮਹੂਰੀਅਤ ਦਾ ਆਧਾਰ ਪਲੈਟੋ ਦੀ ਫਿਲਾਸਫੀ ਅਤੇ ਇਸਾਈ ਧਰਮ ਹੈ। ਕਮਿਊਨਿਸਟ ਚਿੰਤਕ ਕਾਰਲ ਮਾਰਕਸ ਤੇ ਫ੍ਰੈਡਰਿਕ ਏਂਗਲਜ਼ ਨੇ ਆਪਣੀਆਂ ਲਿਖਤਾਂ ਵਿਚ ਇਸ ਧਾਰਨਾ ਨੂੰ ਸਥਾਪਿਤ ਕੀਤਾ ਹੈ। ਇਸ ਦੀ ਪੁਸ਼ਟੀ ਡਾ. ਅੰਬੇਡਕਰ, ਸਿਰਦਾਰ ਕਪੂਰ ਸਿੰਘ ਤੇ ਡਾ. ਗੁਰਭਗਤ ਸਿੰਘ ਨੇ ਵੀ ਕੀਤੀ ਹੈ। ਇਹ ਸਰਬ ਪ੍ਰਵਾਨਿਤ ਹੈ ਕਿ ਪਲੈਟੋ ਦੀ ਫਿਲਾਸਫੀ ਨੇ ਅਜੋਕੀ ਪੱਛਮੀ ਫਿਲਾਸਫੀ ਤੇ ਸਭਿਅਤਾ ਦਾ ਮੁਢ ਬੰਨ੍ਹਿਆ।
ਪਲੈਟੋ ਦੀ ਜਗਤ ਪ੍ਰਸਿਧ ਤੇ ਅਹਿਮ ਮੰਨੀ ਜਾਂਦੀ ਕਿਰਤ ਗਣਰਾਜ (ਰਿਪਬਲਿਕ) ਹੈ। ਆਪਣੀ ਇਸ ਲਿਖਤ ਵਿਚ ਉਸ ਨੇ ਮਨੁੱਖੀ ਜ਼ਿੰਦਗੀ ਦੇ ਸਾਰੇ ਪੱਖਾਂ ਸਮੇਤ ਆਦਰਸ਼ ਜਮਹੂਰੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਸ ਦੀ ਇਹ ਲਿਖਤ ਹੁਣ ਤਕ ਦੁਨੀਆਂ ਭਰ ਵਿਚ ਸਭ ਤੋਂ ਵਧ ਪੜ੍ਹੀਆਂ ਗਈਆਂ ਲਿਖਤਾਂ ਵਿਚੋਂ ਇਕ ਹੈ। ਇਸ ਲਿਖਤ ਦਾ ਕਰੀਬ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। ਇਹ ਸਾਰੀ ਕਿਤਾਬ ਵਾਰਤਾਲਾਪ ਦੇ ਰੂਪ ਵਿਚ ਲਿਖੀ ਗਈ ਹੈ। ਆਪਣੀ ਇਸ ਕਿਰਤ ਵਿਚ ਪਲੈਟੋ ਨੇ ਨਰਕ-ਸਵਰਗ ਦੀ ਹੋਂਦ ਅਤੇ ਚੰਗੀਆਂ ਬੁਰੀਆਂ ਆਤਮਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਇਸ ਲਿਖਤ ਦਾ ਅੰਤ ਪਲੈਟੋ ਨੇ ਇਕ ਕਥਾ ਸੁਣਾ ਕੇ ਕੀਤਾ ਹੈ। ਇਹ ਕਥਾ ਜਿਥੇ ਨਰਕ-ਸਵਰਗ ਬਾਰੇ ਬੜੀ ਦਿਲਚਸਪ ਜਾਣਕਾਰੀ ਦਿੰਦੀ ਹੈ, ਉਥੇ ਆਤਮਾ ਦੇ ਅਮਰ ਹੋਣ ਦਾ ‘ਸਚ’ ਵੀ ਬੜੇ ਦਿਲਚਸਪ ਢੰਗ ਨਾਲ ਪੇਸ਼ ਕਰਦੀ ਹੈ। ਪੱਛਮੀ ਮਨੁੱਖ ਦੀ ਸੋਚ ਵਿਚ ਨਰਕ-ਸਵਰਗ ਦਾ ਆਧਾਰ ਅਜਿਹੇ ਫਿਲਾਸਫਰਾਂ ਦੀਆਂ ਕਥਾਵਾਂ ਹੀ ਬਣੀਆਂ ਹਨ। ਇਸ ਕਥਾ ਵਿਚਲੇ ਅਜੀਬ ਨਾਂਵਾਂ ਵਿਚ ਉਲਝਣ ਦੀ ਥਾਂ ਇਸ ਦੀ ਕਥਨ ਸ਼ੈਲੀ ਅਤੇ ਇਸ ਦੇ ਤਤ ਉਤੇ ਗੌਰ ਕਰਨ ਦੀ ਲੋੜ ਹੈ। ਇਹ ਕਥਾ ਭਾਵੇਂ ਲੰਮੀ ਹੈ, ਪਰ ਪਲੈਟੋ ਦੀ ਕਲਪਨਾ ਸ਼ਕਤੀ ਦੇ ਨਜ਼ਾਰੇ ਮਾਣਨ ਲਈ ਸਾਰੀ ਕਥਾ ਪੜ੍ਹਨਯੋਗ ਹੈ।
“ਚੰਗਾ, ਤਾਂ ਮੈਂ ਹੁਣ ਤੁਹਾਨੂੰ ਇਕ ਕਥਾ ਸੁਣਾਵਾਂ। ਇਹ ਉਨ੍ਹਾਂ ਕਥਾਵਾਂ ਵਿਚੋਂ ਨਹੀਂ, ਜੋ ਓਡਿਸਿਸ ਨੇ ਬਹਾਦਰ ਏਲਸੀਨੋਸ ਨੂੰ ਸੁਣਾਈਆਂ, ਸਗੋਂ ਇਹ ਪਾਮਫੀਲਿਆ ਦੇ ਨਿਵਾਸੀ ਏਰਮੇਨਿਅਸ ਦੇ ਬਹਾਦਰ ਪੁੱਤਰ ਏਰ ਦੀ ਕਹਾਣੀ ਹੈ। ਉਹ ਯੁੱਧ ਵਿਚ ਮਾਰਿਆ ਗਿਆ ਅਤੇ ਦਸ ਦਿਨਾਂ ਪਿਛੋਂ ਜਦੋਂ ਲੋਕਾਂ ਨੇ ਲਾਸ਼ਾਂ ਚੁਕੀਆਂ ਤਾਂ ਹੋਰ ਸਾਰੇ ਸਰੀਰ ਤਾਂ ਸੜ ਚੁਕੇ ਸਨ, ਪਰ ਇਸ ਦੇ ਸਰੀਰ ਉਤੇ ਕੋਈ ਅਸਰ ਨਹੀਂ ਸੀ। ਸੋ ਉਸ ਦੀ ਲਾਸ਼ ਨੂੰ ਸਾੜਨ ਲਈ ਉਹ ਘਰ ਲੈ ਗਏ। ਬਾਰ੍ਹਵੇਂ ਦਿਨ ਜਦੋਂ ਏਰ ਦੀ ਲਾਸ਼ ਨੂੰ ਚਿਖਾ ਉਤੇ ਰਖਿਆ ਗਿਆ ਤਾਂ ਉਹ ਮੁੜ ਜਿਉਂਦਾ ਹੋ ਗਿਆ। ਪਰਲੋਕ ਵਿਚ ਉਸ ਨੇ ਜੋ ਕੁਝ ਦੇਖਿਆ ਸੀ, ਉਹ ਲੋਕਾਂ ਨੂੰ ਸੁਣਾ ਦਿੱਤਾ। ਉਸ ਨੇ ਕਿਹਾ ਕਿ ਜਦੋਂ ਮੇਰੀ ਆਤਮਾ ਨੇ ਸਰੀਰ ਛਡਿਆ ਤਾਂ ਮੈਂ ਬਹੁਤ ਸਾਰੇ ਮਨੁੱਖਾਂ ਨਾਲ ਯਾਤਰਾ ਲਈ ਚੱਲ ਪਿਆ। ਚਲਦਿਆਂ-ਚਲਦਿਆਂ ਅਸੀਂ ਇਕ ਗੁਪਤ ਥਾਂ ਪਹੁੰਚੇ, ਜਿਥੇ ਧਰਤੀ ਹੇਠਾਂ ਖੁਲ੍ਹਣ ਵਾਲੇ ਦਰਵਾਜ਼ੇ ਸਨ। ਇਹ ਦੋਵੇਂ ਦਰਵਾਜ਼ੇ ਨਾਲ-ਨਾਲ ਹੀ ਸਨ। ਇਨ੍ਹਾਂ ਦੇ ਸਾਹਮਣੇ ਉਪਰ ਅਸਮਾਨ ਵਿਚ ਵੀ ਦੋ ਦਰਵਾਜ਼ੇ ਸਨ। ਵਿਚਕਾਰਲੀ ਥਾਂ ਵਿਚ ਨਿਆਂ ਕਰਨ ਵਾਲਿਆਂ ਦੀ ਕਚਹਿਰੀ ਲੱਗੀ ਹੋਈ ਸੀ। ਜਦੋਂ ਨਿਆਈਂ ਮਨੁੱਖਾਂ ਦੇ ਮਾਮਲੇ ਦਾ ਫੈਸਲਾ ਹੋ ਚੁਕਾ ਹੁੰਦਾ ਤਾਂ ਫੈਸਲੇ ਅਨੁਸਾਰ ਉਨ੍ਹਾਂ ਨੂੰ ਬੰਨ੍ਹ ਕੇ ਆਗਿਆ ਦਿੱਤੀ ਜਾਂਦੀ ਕਿ ਅਸਮਾਨੀ ਰਾਹ ਤੋਂ ਸਿੱਧੇ ਹੱਥ ਵੱਲ ਉਪਰ ਚੜ੍ਹ ਜਾਓ। ਇਸੇ ਤਰ੍ਹਾਂ ਅਨਿਆਈਂ ਵਿਅਕਤੀਆਂ ਨੂੰ ਉਲਟੇ ਹੱਥ ਵਲੋਂ ਹੇਠਾਂ ਉਤਰਨ ਦਾ ਹੁਕਮ ਮਿਲਦਾ। ਇਨ੍ਹਾਂ ਦੇ ਕਰਮਾਂ ਦੇ ਚਿੰਨ੍ਹ ਵੀ ਨਾਲ ਹੀ ਹੁੰਦੇ ਸਨ, ਪਰ ਪਿੱਠ ਵਾਲੇ ਪਾਸੇ ਲਟਕੇ ਹੁੰਦੇ ਸਨ।
ਮੈਂ ਜਦੋਂ ਨੇੜੇ ਪਹੁੰਚਿਆ ਤਾਂ ਮੈਨੂੰ ਆਖਿਆ ਗਿਆ ਕਿ ਤੂੰ ਉਹ ਦੂਤ ਹੈਂ, ਜੋ ਇਸ ਲੋਕ ਦੀਆਂ ਖਬਰਾਂ ਮਨੁੱਖਾਂ ਤਕ ਲੈ ਕੇ ਜਾਏਂਗਾ। ਮੈਨੂੰ ਹੁਕਮ ਮਿਲਿਆ ਕਿ ਜੋ ਵੀ ਦੇਖਣ-ਸੁਣਨ ਦੀਆਂ ਗੱਲਾਂ ਹਨ, ਉਹ ਮੈਂ ਸਭ ਦੇਖ-ਸੁਣ ਲਵਾਂ। ਮੈਂ ਨਜ਼ਰ ਮਾਰੀ ਤਾਂ ਦੇਖਿਆ ਕਿ ਜਦੋਂ ਫੈਸਲਾ ਸੁਣਾ ਦਿੱਤਾ ਜਾਂਦਾ ਸੀ ਤਾਂ ਧਰਤੀ ਅਤੇ ਅਸਮਾਨ ਦੇ ਇਕ-ਇਕ ਦਰਵਾਜ਼ੇ ਤੋਂ ਤਾਂ ਆਤਮਾਵਾਂ ਜਾ ਰਹੀਆਂ ਸਨ ਅਤੇ ਦੂਜੇ ਦੋਹਾਂ ਦਰਵਾਜ਼ਿਆਂ ਤੋਂ ਆਤਮਾਵਾਂ ਕੁਝ ਤਾਂ ਗਰਦ ਵਿਚ ਲਿਪਟੀਆਂ ਅਤੇ ਯਾਤਰਾ ਨਾਲ ਥਕ ਕੇ ਚੂਰ ਹੋਈਆਂ ਪ੍ਰਿਥਵੀ ਦੇ ਅੰਦਰੋਂ ਉਪਰ ਆਉਂਦੀਆਂ ਤੇ ਕਈ ਜਗਮਗ ਕਰਦੀਆਂ ਅਸਮਾਨ ਤੋਂ ਹੇਠਾਂ ਉਤਰਦੀਆਂ ਸਨ। ਅਜਿਹਾ ਪ੍ਰਤੀਤ ਹੁੰਦਾ ਕਿ ਸਾਰੀਆਂ ਆਤਮਾਵਾਂ ਕਿਸੇ ਲੰਮੀ ਯਾਤਰਾ ਤੋਂ ਹੁਣੇ ਮੁੜ ਕੇ ਆ ਰਹੀਆਂ ਹਨ। ਇਹ ਸਾਰੀਆਂ ਅਨੰਦ ਸਹਿਤ ਹਰੀਆਂ ਭਰੀਆਂ ਥਾਂਵਾਂ ਵੱਲ ਜਾਂਦੀਆਂ ਅਤੇ ਉਥੇ ਜਾ ਕੇ ਜਿਵੇਂ ਕੋਈ ਪੜਾਅ ਜਾਂ ਇਕੱਠ ਹੁੰਦਾ ਹੈ, ਇਹ ਆਤਮਾਵਾਂ ਇਕ-ਦੂਜੀ ਤੋਂ ਜਾਣੂ ਸਨ, ਆਪਸ ਵਿਚ ਗਲੇ ਮਿਲਦੀਆਂ ਅਤੇ ਖੂਬ ਗੱਲਾਂ ਕਰਦੀਆਂ। ਧਰਤੀ ਵਿਚੋਂ ਆਉਣ ਵਾਲੀਆਂ ਆਤਮਾਵਾਂ ਬੜੀ ਬੇਸਬਰੀ ਨਾਲ ਉਪਰ ਦਾ ਹਾਲ ਪੁੱਛਦੀਆਂ ਅਤੇ ਅਸਮਾਨ ਵਿਚੋਂ ਆਉਣ ਵਾਲੀਆਂ ਆਤਮਾਵਾਂ ਹੇਠਾਂ ਦਾ ਹਾਲ ਪੁੱਛਦੀਆਂ। ਸਾਰੀਆਂ ਇਕ ਦੂਜੀ ਨੂੰ ਯਾਤਰਾ ਦੀਆਂ ਘਟਨਾਵਾਂ ਸੁਣਾਉਂਦੀਆਂ। ਹੇਠੋਂ ਆਉਣ ਵਾਲੀਆਂ ਆਤਮਾਵਾਂ, ਜੋ ਕੁਝ ਉਨ੍ਹਾਂ ਉਤੇ ਪ੍ਰਿਥਵੀ ਦੀ ਯਾਤਰਾ ਵਿਚ ਬੀਤੀ ਸੀ (ਤੇ ਇਹ ਯਾਤਰਾ ਇਕ ਹਜ਼ਾਰ ਵਰ੍ਹੇ ਦੀ ਸੀ) ਇਸ ਦੀ ਯਾਦ ਉਤੇ ਰੋਂਦੀਆਂ ਅਤੇ ਸੋਗ ਮਨਾਉਂਦੀਆਂ। ਉਪਰੋਂ ਆਉਣ ਵਾਲੀਆਂ ਆਤਮਾਵਾਂ ਆਕਾਸ਼ ਲੋਕ ਦੇ ਅਨੰਦ ਅਤੇ ਕਲਪਨਾਸ਼ੀਲ ਸੌਂਦਰਯ ਦਾ ਵਰਣਨ ਕਰਦੀਆਂ।
(ਪਿਆਰੇ) ਗਲਾਕਨ! ਸਾਰਾ ਕਿੱਸਾ ਤਾਂ ਬਹੁਤ ਸਮਾਂ ਲੈ ਲਵੇਗਾ। ਸੰਖੇਪ ਵਿਚ ਏਰ ਨੇ ਇਹ ਕਿਹਾ ਕਿ ਇਨ੍ਹਾਂ ਆਤਮਾਵਾਂ ਨੇ ਕਿਸੇ ਦੇ ਨਾਲ ਜੋ ਬੁਰਾਈ ਕੀਤੀ ਸੀ, ਉਸ ਦੀ ਦਸ ਗੁਣਾ ਸਜ਼ਾ ਉਨ੍ਹਾਂ ਨੂੰ ਭੁਗਤਣੀ ਪਈ; ਅਰਥਾਤ ਜੇ ਸੌ ਵਰ੍ਹੇ ਵਿਚ ਇਕ ਵਾਰੀ ਬੁਰਾਈ ਕੀਤੀ ਸੀ (ਅਤੇ ਮਨੁੱਖ ਦੀ ਉਮਰ ਦਾ ਇਥੋਂ ਅੰਦਾਜ਼ਾ ਲਾਇਆ ਜਾਂਦਾ ਹੈ) ਤਾਂ ਉਹ ਦਸ ਗੁਣਾਂ ਸਜ਼ਾ ਹਜ਼ਾਰ ਵਰ੍ਹੇ ਵਿਚ ਪੂਰੀ ਹੋਈ। ਮਿਸਾਲ ਵਜੋਂ, ਜੇ ਕੋਈ ਅਨੇਕ ਮੌਤਾਂ ਦਾ ਕਾਰਨ ਬਣਿਆ ਹੋਵੇ, ਜੇ ਕਿਸੇ ਨੇ ਨਗਰਾਂ ਅਤੇ ਫੌਜਾਂ ਨੂੰ ਗੁਲਾਮ ਬਣਾਇਆ ਹੋਵੇ, ਉਸ ਨੇ ਲੋਕਾਂ ਨਾਲ ਵਿਸਾਹਘਾਤ ਕੀਤਾ ਹੋਵੇ ਜਾਂ ਕਿਸੇ ਹੋਰ ਦੁਰਾਚਾਰੀ ਆਚਰਨ ਦਾ ਭਾਗੀ ਹੋਵੇ ਤਾਂ ਸਾਰੇ ਪਾਪਾਂ ਲਈ ਇਕ-ਇਕ ਕਰਕੇ ਦਸ ਗੁਣਾ ਸਜ਼ਾ ਮਿਲਦੀ ਹੈ। ਇਸੇ ਤਰ੍ਹਾਂ ਪਰਉਪਕਾਰ, ਨਿਆਂ ਤੇ ਪਵਿੱਤਰਤਾ ਦਾ ਇਨਾਮ ਵੀ ਇਸੇ ਅਨੁਪਾਤ ਵਿਚ ਮਿਲਦਾ ਹੈ।
ਇਸ ਦੇ ਦੁਹਰਾਉਣ ਦੀ ਤਾਂ ਇਥੇ ਲੋੜ ਨਹੀਂ ਕਿ ਜੋ ਕੁਝ ਉਸ ਨੇ ਛੋਟੇ ਬੱਚਿਆਂ ਬਾਰੇ ਕਿਹਾ, ਜੋ ਪੈਦਾ ਹੁੰਦੇ ਹੀ ਮਰ ਜਾਂਦੇ ਹਨ। ਦੇਵਤਿਆਂ ਅਤੇ ਮਾਪਿਆਂ ਨਾਲ, ਆਗਿਆ ਜਾਂ ਆਗਿਆ-ਪਾਲਣ ਬਾਰੇ, ਖੂਨੀਆਂ ਬਾਰੇ ਉਸ ਨੇ ਬਹੁਤ ਵੱਡੀਆਂ-ਵੱਡੀਆਂ ਸਜ਼ਾਵਾਂ ਅਤੇ ਇਨਾਮਾਂ ਦਾ ਵਰਣਨ ਕੀਤਾ। ਉਹ ਕਹਿੰਦਾ ਸੀ ਕਿ ਜਦੋਂ ਇਕ ਆਤਮਾ ਨੇ ਦੂਜੀ ਆਤਮਾ ਤੋਂ ਪੁਛਿਆ ਕਿ ‘ਆਰਡੀਅਸ ਮਹਾਨ ਤੂੰ ਕਿਥੇ?’ ਤਾਂ ਮੈਂ ਖੁਦ ਹਾਜ਼ਰ ਸਾਂ (ਇਹ ਆਰਡੀਅਸ ਏਰ ਦੇ ਕਾਲ ਤੋਂ ਕੋਈ ਹਜ਼ਾਰ ਸਾਲ ਪਹਿਲਾਂ ਹੋਇਆ ਸੀ)। ਇਹ ਪਾਮਫੀਲਿਆ ਨਗਰ ਦਾ ਤਾਨਾਸ਼ਾਹ ਰਾਜਾ ਸੀ। ਆਪਣੇ ਬੁੱਢੇ ਪਿਓ ਅਤੇ ਭਰਾ ਨੂੰ ਇਸ ਨੇ ਜਾਨੋਂ ਮਾਰ ਦਿੱਤਾ ਸੀ। ਕਹਿੰਦੇ ਹਨ ਕਿ ਅਜਿਹੇ ਹੀ ਬਹੁਤ ਸਾਰੇ ਗੁਨਾਹਾਂ ਦਾ ਉਹ ਭਾਗੀ ਸੀ। ਦੂਜੀ ਆਤਮਾ ਨੇ ਉਤਰ ਦਿੱਤਾ, ‘ਉਹ ਇਥੇ ਨਹੀਂ ਆਇਆ, ਨਾ ਹੀ ਕਦੇ ਆਏ’ ਅਤੇ ਉਹ ਇਨ੍ਹਾਂ ਭਿਆਨਕ ਦ੍ਰਿਸ਼ਾਂ ਵਿਚੋਂ ਇਕ ਸੀ, ਜੋ ਅਸੀਂ ਆਪਣੀ ਅੱਖੀਂ ਵੇਖੇ।
ਅਸੀਂ ਗੁਫਾ ਦੇ ਬੂਹੇ ਉਤੇ ਖੜ੍ਹੇ ਸਾਂ ਅਤੇ ਕਿਉਂਕਿ ਆਪਣਾ ਸਾਰਾ ਅਨੁਭਵ ਪ੍ਰਾਪਤ ਕਰ ਚੁਕੇ ਸਾਂ, ਇਸ ਲਈ ਹੁਣ ਉਪਰ ਚੜ੍ਹਨ ਹੀ ਵਾਲੇ ਸਾਂ ਕਿ ਅਚਾਨਕ ਆਰਡੀਅਸ ਅਤੇ ਹੋਰ ਕਈ ਜਣੇ ਨਜ਼ਰੀਂ ਪਏ। ਇਨ੍ਹਾਂ ਵਿਚੋਂ ਬਹੁਤੇ ਤਾਨਾਸ਼ਾਹ ਰਾਜੇ ਸਨ ਤੇ ਇਨ੍ਹਾਂ ਅਤਿਆਚਾਰੀਆਂ ਤੋਂ ਇਲਾਵਾ ਹੋਰ ਲੋਕ ਵੀ ਸਨ, ਜੋ ਦੁਨੀਆਂ ਵਿਚ ਬੜੇ-ਬੜੇ ਗੁਨਾਹਗਾਰ ਰਹਿ ਚੁਕੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਇਹ ਹੁਣ ਉਚ-ਲੋਕ ਨੂੰ ਵਾਪਸ ਜਾਂਦੇ ਹਨ, ਪਰ ਜਦੋਂ ਵੀ ਕੋਈ ਸਜ਼ਾ ਭੋਗਣ ਤੋਂ ਪਹਿਲਾਂ ਉਸ ਬੂਹੇ ਅੰਦਰ ਵੜਨ ਦਾ ਯਤਨ ਕਰਦਾ ਤਾਂ ਉਸ ਬੂਹੇ ਵਿਚੋਂ ਚੀਕ ਨਿਕਲਦੀ ਅਤੇ ਕੁਝ ਭਿਆਨਕ ਸ਼ਕਲਾਂ ਵਾਲੇ ਅਗਨ-ਮੁਖੀ ਮਨੁੱਖ ਇਨ੍ਹਾਂ ਨੂੰ ਫੜ ਕੇ ਆਪਣੇ ਨਾਲ ਲੈ ਜਾਂਦੇ। ਆਰਡੀਅਸ ਤੇ ਕੁਝ ਹੋਰ ਲੋਕਾਂ ਨੂੰ ਤਾਂ ਹੱਥ ਪੈਰ ਬੰਨ੍ਹ ਕੇ ਹੇਠਾਂ ਸੁਟ ਦਿੱਤਾ ਤੇ ਫਿਰ ਪੂਰੇ ਰਾਹ ਉਨ੍ਹਾਂ ਨੂੰ ਖੂਬ ਘਸੀਟਿਆ। ਉਨ੍ਹਾਂ ਦੀ ਪਿਠ ਭੰਨੀ ਅਤੇ ਰਾਹਗੀਰਾਂ ਨੂੰ ਦਸਦੇ ਗਏ ਕਿ ਇਨ੍ਹਾਂ ਨੇ ਇਹ ਗੁਨਾਹ ਕੀਤੇ ਸਨ ਤੇ ਅਸੀਂ ਇਨ੍ਹਾਂ ਨੂੰ ਫਿਰ ਨਰਕ ਵਿਚ ਸੁਟਣ ਲਈ ਲਿਜਾ ਰਹੇ ਹਾਂ। ਅਸੀਂ ਜੋ ਬਹੁਤ ਸਾਰੇ ਤਸੀਹੇ ਸਹੇ ਹਨ, ਉਨ੍ਹਾਂ ਵਿਚੋਂ ਕੋਈ ਮੁਸੀਬਤ ਇਸ ਘੜੀ ਤੋਂ ਔਖੀ ਨਹੀਂ ਸੀ। ਜਦੋਂ ਅਸੀਂ ਸੋਚਦੇ ਸਾਂ ਕਿ ਸਾਡੇ ਲਈ ਇਹ ਸ਼ਬਦ ਨਾ ਨਿਕਲੇ, ਪਰ ਸ਼ਾਂਤੀ ਰਹੀ ਤਾਂ ਅਸੀਂ ਇਕ-ਇਕ ਕਰਕੇ ਖੁਸ਼ੀ ਸਹਿਤ ਉਤੇ ਚੜ੍ਹ ਆਏ। ਏਰ ਦੇ ਦੱਸਣ ਅਨੁਸਾਰ ਇਹ ਤਾਂ ਸਨ, ਉਥੋਂ ਦੇ ਬਦਲੇ ਤੇ ਸਜ਼ਾਵਾਂ ਅਤੇ ਫਿਰ ਇਨਾਮ ਤੇ ਵਰ ਵੀ ਇੰਨੇ ਹੀ ਮਹਾਨ ਸਨ।
ਇਹ ਆਤਮਾਵਾਂ ਸੱਤ ਦਿਨਾਂ ਤਕ ਇਸ ਹਰੀ-ਭਰੀ ਥਾਂ ਠਹਿਰੀਆਂ। ਅੱਠਵੇਂ ਦਿਨ ਉਨ੍ਹਾਂ ਨੂੰ ਹੁਕਮ ਮਿਲਿਆ ਕਿ ਫਿਰ ਯਾਤਰਾ ਸ਼ੁਰੂ ਕਰਨ। ਚੌਥੇ ਦਿਨ ਉਹ ਅਜਿਹੀ ਥਾਂ ਉਤੇ ਪਹੁੰਚੀਆਂ, ਜਿਥੋਂ ਚਾਨਣ ਦੀ ਕਿਰਨ ਦਿਖਾਈ ਦਿੰਦੀ ਸੀ। ਸਿੱਧੀ ਜਿਵੇਂ ਕੋਈ ਮੀਨਾਰ ਧਰਤੀ ਅਤੇ ਅਸਮਾਨ ਦੇ ਆਰ-ਪਾਰ ਹੋਵੇ। ਰੰਗ ਵਿਚ ਸਤਰੰਗੀ ਪੀਂਘ ਵਾਂਗ, ਪਰ ਪਵਿਤਰ ਅਤੇ ਉਜਲੀ। ਇਕ ਦਿਨ ਹੋਰ ਚਲ ਕੇ ਅਸੀਂ ਇਸ ਥਾਂ ਉਤੇ ਪਹੁੰਚ ਗਏ। ਇਥੇ ਇਸ ਚਾਨਣੇ ਵਿਚ ਅੱਖਾਂ ਨੇ ਅਸਮਾਨ ਦੀਆਂ ਜ਼ੰਜੀਰਾਂ ਦੇ ਕਿਨਾਰੇ ਦੇਖੇ, ਜੋ ਉਪਰੋਂ ਲਟਕੀਆਂ ਹੋਈਆਂ ਸਨ। ਇਹ ਚਾਨਣਾ ਆਕਾਸ਼ ਦੀ ਗੰਢ ਹੈ ਅਤੇ ਸਾਰੇ ਬ੍ਰਹਿਮੰਡ ਨੂੰ ਇਉਂ ਜਕੜੀ ਬੈਠੀ ਹੈ, ਜਿਵੇਂ ਤਿੰਨ ਖੰਭਾਂ ਵਾਲੇ ਜਹਾਜ਼ ਦੀਆਂ ਹੇਠਲੀਆਂ ਕੜੀਆਂ। ਜ਼ੰਜੀਰ ਦੇ ਇਨ੍ਹਾਂ ਸਿਰਿਆਂ ਉਤੋਂ ਲੋੜਾਂ ਦਾ ਤਕਲਾ ਲਟਕਿਆ ਹੈ ਅਤੇ ਇਸ ਉਤੇ ਸਾਰੇ ਚੱਕਰ ਹੁੰਦੇ ਹਨ। ਇਸ ਤਕਲੇ ਦੀ ਛੜ ਅਤੇ ਚੱਕਰ ਫੌਲਾਦ ਦੇ ਹਨ ਅਤੇ ਫਿਰ ਕੁਝ ਫੌਲਾਦ ਦੇ ਅਤੇ ਕੁਝ ਮਸਾਲ ਦੇ। ਫਿਰਕੀ ਦੀ ਸ਼ਕਲ ਓਹੀ ਹੈ, ਜੋ ਇਸ ਧਰਤੀ ਉਤੇ ਹੁੰਦੀ ਹੈ।
ਏਰ ਨੇ ਇਸ ਦਾ ਜੋ ਵਰਣਨ ਕੀਤਾ, ਉਸ ਤੋਂ ਪਤਾ ਲਗਦਾ ਹੈ ਕਿ ਵੱਡੀ ਸਾਰੀ ਫਿਰਕੀ, ਜਿਸ ਨੂੰ ਅੰਦਰੋਂ ਬਿਲਕੁਲ ਖੋਖਲਾ ਕਰ ਦਿੱਤਾ ਗਿਆ ਹੈ, ਇਸ ਦੇ ਅੰਦਰ ਇਸ ਤੋਂ ਜ਼ਰਾ ਛੋਟੀ ਫਿਰਕੀ ਬਿਠਾ ਦਿੱਤੀ ਗਈ ਹੈ। ਇਸ ਦੇ ਅੰਦਰ ਇਕ ਹੋਰ, ਫਿਰ ਇਕ ਹੋਰ ਅਤੇ ਇਸੇ ਤਰ੍ਹਾਂ ਚਾਰ ਹੋਰ ਅਤੇ ਕੁਲ ਮਿਲਾ ਕੇ ਅਠ ਫਿਰਕੀਆਂ ਹਨ। ਇਉਂ ਜਿਵੇਂ ਇਕ ਭਾਂਡੇ ਵਿਚ ਦੂਜਾ ਭਾਂਡਾ ਰੱਖ ਦਿੱਤਾ ਗਿਆ ਹੋਵੇ। ਉਪਰ ਵਲੋਂ ਤਾਂ ਇਨ੍ਹਾਂ ਫਿਰਕੀਆਂ ਦੇ ਸਿਰੇ ਦਿਖਾਈ ਦਿੰਦੇ ਹਨ, ਪਰ ਹੇਠਾਂ ਸਾਰੀਆਂ ਮਿਲ ਕੇ ਇਕ ਫਿਰਕੀ ਬਣਾਉਂਦੀਆਂ ਹਨ। ਇਸ ਦੇ ਅੰਦਰ ਇਕ ਤਕਲਾ ਹੁੰਦਾ ਹੈ, ਜੋ ਅੱਠਵੀਂ ਫਿਰਕੀ ਵਿਚੋਂ ਦੀ ਲੰਘਦਾ ਹੈ।
ਪਹਿਲੀ ਫਿਰਕੀ ਜੋ ਸਭ ਤੋਂ ਬਾਹਰ ਹੈ, ਉਸ ਦਾ ਕਿਨਾਰਾ ਵੀ ਸਭ ਤੋਂ ਵੱਡਾ ਹੈ। ਦੂਜੇ ਦੇ ਕਿਨਾਰੇ ਇਸ ਕ੍ਰਮ ਨਾਲ ਛੋਟੇ ਹਨ। ਵਧਾਈ ਵਿਚ ਛੇਵੀਂ ਦਾ ਨੰਬਰ ਪਹਿਲੀ ਦੇ ਮਗਰੋਂ ਹੈ। ਛੇਵੀਂ ਦੇ ਮਗਰੋਂ ਚੌਥੀ ਦਾ। ਇਸ ਦੇ ਮਗਰੋਂ ਅੱਠਵੀਂ ਤੇ ਪੰਜਵੀਂ ਦਾ ਅਤੇ ਛੇਵਾਂ ਨੰਬਰ ਪੰਜਵੀਂ ਦਾ ਹੈ। ਤੀਜੀ ਸੱਤਵੇਂ ਨੰਬਰ ਉਤੇ ਹੈ ਅਤੇ ਦੂਜੀ ਸਭ ਤੋਂ ਅੰਤ ਵਿਚ ਅੱਠਵੇਂ ਨੰਬਰ ਉਤੇ ਹੈ। ਸਭ ਤੋਂ ਵਡੀ ਫਿਰਕੀ (ਅਰਥਾਤ ਅਚਲ ਤਾਰੇ) ਬਹੁਰੰਗੀ ਅਤੇ ਜੜਾਊ ਹੈ। (ਸੂਰਜ) ਸਭ ਤੋਂ ਵਧੇਰੇ ਚਮਕੀਲਾ ਹੈ। ਅੱਠਵੀਂ (ਚੰਦ) ਸੱਤਵੀਂ ਦੇ ਚਾਨਣੇ ਤੋਂ ਰੰਗ ਪ੍ਰਾਪਤ ਕਰਦੀ ਹੈ। ਦੂਜੀ ਅਤੇ ਪੰਜਵੀਂ (ਸ਼ਨੀ ਅਤੇ ਬੁਧ) ਰੰਗ ਪੱਖੋਂ ਆਪਸ ਵਿਚ ਮਿਲਦੀਆਂ ਹਨ। ਹਾਂ, ਹੋਰਾਂ ਦੇ ਮੁਕਾਬਲੇ ਜ਼ਰਾ ਪਿਛੇ। ਤੀਜੀ (ਸ਼ੁੱਕਰ) ਦਾ ਚਾਨਣਾ ਸਭ ਤੋਂ ਵਧੇਰੇ ਚਿੱਟਾ ਹੈ। ਚੌਥੀ (ਮੰਗਲ) ਕੁਝ ਲਾਲੀ ਉਤੇ ਹੈ ਅਤੇ ਛੇਵੀਂ (ਵੀਰ) ਚਿਟੇਪਣ ਵਿਚ ਦੂਜੇ ਨੰਬਰ ਉਤੇ ਹੈ। ਚੰਗਾ! ਸੰਪੂਰਨ ਤਕਲੇ ਦੀ ਤਾਂ ਇਕੋ ਹੀ ਚਾਲ ਹੈ, ਪਰ ਜਦੋਂ ਇਹ ਸਮੁੱਚਾ ਚੱਕਰ ਇਕ ਪਾਸੇ ਵੱਲ ਘੁੰਮਦਾ ਹੈ ਤਾਂ ਅੰਦਰਲੇ ਸੱਤ ਚੱਕਰ ਉਲਟੀ ਦਿਸ਼ਾ ਵਿਚ ਹੌਲੀ-ਹੌਲੀ ਚਲਣ ਲਗਦੇ ਹਨ। ਇਨ੍ਹਾਂ ਵਿਚੋਂ ਅੱਠਵਾਂ ਸਭ ਤੋਂ ਤੇਜ਼ ਚਲਦਾ ਹੈ। ਇਸ ਦੇ ਮਗਰੋਂ ਚਾਲ ਦੇ ਪੱਖ ਤੋਂ ਸੱਤਵੇਂ, ਛੇਵੇਂ ਅਤੇ ਪੰਜਵੇਂ ਦਾ ਨੰਬਰ ਹੈ। ਸਾਰੇ ਨਾਲੋਂ ਨਾਲ ਘੁੰਮਦੇ ਹਨ। ਫਿਰ ਇਸ ਉਲਟੀ ਚਾਲ ਦੇ ਨਿਯਮ ਅਧੀਨ ਤੇਜ਼ੀ ਦੇ ਨੁਕਤੇ ਤੋਂ ਤੀਜੇ ਨੰਬਰ ਉਤੇ ਚੌਥਾ ਚੱਕਰ ਆਉਂਦਾ ਸੀ, ਚੌਥੇ ਨੰਬਰ ਉਤੇ ਤੀਜਾ ਅਤੇ ਪੰਜਵੇਂ ਨੰਬਰ ਉਤੇ ਦੂਜਾ। ਤਕਲਾ ਜ਼ਰੂਰੀ ਲੋੜਾਂ ਦੇ ਗੋਡਿਆਂ ਉਤੇ ਘੁੰਮਦਾ ਹੈ।
ਹਰ ਚੱਕਰ ਉਤੇ ਇਕ ਗਾਉਣ ਵਾਲੀ ਹੈ ਜੋ ਉਸ ਦੇ ਨਾਲ-ਨਾਲ ਚੱਕਰ ਖਾਂਦੀ ਅਤੇ ਇਕੋ ਸੁਰ ਵਿਚ ਗਾਈ ਜਾਂਦੀ ਹੈ। ਅੱਠਾਂ ਦੀ ਮਿਲ ਕੇ ਇਕ ਅਜੀਬ ਅਵਾਜ਼ ਪੈਦਾ ਹੁੰਦੀ ਹੈ। ਇਨ੍ਹਾਂ ਦੇ ਚਾਰੇ ਪਾਸੇ ਇਕੋ ਜਿਹੇ ਫਰਕ ਨਾਲ ਤਿੰਨਾਂ ਦਾ ਇਕ ਹੋਰ ਦਲ ਹੈ। ਇਹ ਆਪੋ-ਆਪਣੇ ਸਿੰਘਾਸਨ ਉਤੇ ਬੈਠੀਆਂ ਹਨ। ਇਹ ਨਿਯਤੀ ਦੀਆਂ ਧੀਆਂ ਅਤੇ ਕਿਸਮਤ ਦੀਆਂ ਦੇਵੀਆਂ ਹਨ। ਇਨ੍ਹਾਂ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਹਨ। ਹਰ ਇਕ ਦੇ ਸਿਰ ਉਤੇ ਫੁੱਲਾਂ ਦੀ ਇਕ-ਇਕ ਮਾਲਾ ਹੈ। ਲਾਚੇਸਿਸ, ਕਲੋਥੋਂ, ਐਟ੍ਰੋਪੋਸ ਇਨ੍ਹਾਂ ਦੇ ਨਾਂ ਹਨ। ਇਹ ਆਪਣੀ ਆਵਾਜ਼ ਗਾਉਣ ਵਾਲੀਆਂ ਦੀ ਆਵਾਜ਼ ਨਾਲ ਮਿਲਾ ਕੇ ਗਾਉਂਦੀਆਂ ਹਨ। ਲਾਚੇਸਿਸ ਭੂਤ ਕਾਲ ਦਾ ਗੀਤ ਗਾਉਂਦੀ ਹੈ। ਕਲੋਥੋਂ ਵਰਤਮਾਨ ਦਾ ਅਤੇ ਐਟ੍ਰੋਪੋਸ ਭਵਿਖ ਦਾ। ਕਲੋਥੋਂ ਆਪਣੇ ਸੱਜੇ ਹੱਥ ਨਾਲ ਕਦੇ-ਕਦੇ ਤਕਲੇ ਦੇ ਬਾਹਰ ਵਾਲੇ ਚੱਕਰ ਨੂੰ ਜ਼ਰਾ ਘੁੰਮਾ ਦਿੰਦੀ ਹੈ। ਐਟ੍ਰੋਪੋਸ ਪੁੱਠੇ ਹੱਥ ਨਾਲ ਅੰਦਰੂਨੀ ਚੱਕਰਾਂ ਨੂੰ ਛੋਹ ਕੇ ਉਨ੍ਹਾਂ ਦੀ ਗਤੀ ਸਾਧਦੀ ਹੈ। ਲਾਚੇਸਿਸ ਵਾਰੀ-ਵਾਰੀ ਦੋਹਾਂ ਨੂੰ ਛੋਂਹਦੀ ਰਹਿੰਦੀ ਹੈ, ਕਦੇ ਇਕ ਹੱਥ ਨਾਲ ਤੇ ਕਦੇ ਦੂਜੇ ਹੱਥ ਨਾਲ।
ਏਰ ਅਤੇ ਦੂਜੀਆਂ ਆਤਮਾਵਾਂ ਜਦੋਂ ਇਥੇ ਪਹੁੰਚੀਆਂ ਤਾਂ ਉਨ੍ਹਾਂ ਦਾ ਫਰਜ਼ ਸੀ ਕਿ ਸਭ ਤੋਂ ਪਹਿਲਾਂ ਲਾਚੇਸਿਸ ਕੋਲ ਜਾਣ, ਪਰ ਇਸ ਤੋਂ ਪਹਿਲਾਂ ਇਕ ਦੇਵਦੂਤ ਪ੍ਰਗਟ ਹੋਇਆ, ਜਿਸ ਨੇ ਇਨ੍ਹਾਂ ਸਾਰਿਆਂ ਨੂੰ ਢੰਗ ਸਿਰ ਖੜ੍ਹਾ ਕੀਤਾ। ਫਿਰ ਲਾਚੇਸਿਸ ਦੇ ਪੈਰਾਂ ਵਿਚੋਂ ਕਿਸਮਤ ਅਤੇ ਜੀਵਨ ਦੇ ਕੁਝ ਨਮੂਨੇ ਲੈ ਕੇ ਉਹ ਇਕ ਉਚੇ ਮੰਚ ਉਤੇ ਚੜ੍ਹ ਗਿਆ ਅਤੇ ਇਨ੍ਹਾਂ ਨੂੰ ਇਸ ਤਰ੍ਹਾਂ ਸੰਬੋਧਿਤ ਕੀਤਾ, ‘ਨਿਯਤੀ ਦੀ ਧੀ ਲਾਚੇਸਿਸ ਦਾ ਜ਼ਰੂਰੀ ਸੁਨੇਹਾ ਸੁਣੋ! ਹੇ ਨਾਸ਼ਮਾਨ ਆਤਮਾਓ! ਜਿਉਣ ਮਰਨ ਦਾ ਇਕ ਹੋਰ ਚੱਕਰ ਦੇਖੋ। ਤੁਹਾਡਾ ਦੇਵਦੂਤ ਤੁਹਾਨੂੰ ਦਿੱਤਾ ਨਹੀਂ ਜਾਏਗਾ, ਸਗੋਂ ਤੁਸੀਂ ਆਪ ਆਪੋ-ਆਪਣੇ ਦੇਵਦੂਤ ਦੀ ਚੋਣ ਕਰੋਗੇ। ਜੋ ਪਹਿਲੀ ਪਰਚੀ ਕੱਢੇਗਾ, ਉਸੇ ਨੂੰ ਪਹਿਲੀ ਚੋਣ ਦਾ ਹੱਕ ਹੋਵੇਗਾ। ਫਿਰ ਉਹ ਜਿਸ ਜੀਵਨ ਦੀ ਚੋਣ ਕਰੇਗਾ, ਓਹੀ ਉਸ ਦੀ ਕਿਸਮਤ ਬਣ ਜਾਏਗੀ। ਨੇਕੀ ਪੂਰੀ ਤਰ੍ਹਾਂ ਆਜ਼ਾਦ ਹੈ। ਉਸ ਦਾ ਕੋਈ ਮਾਲਿਕ ਨਹੀਂ। ਜਿਹੜਾ ਵੀ ਇਸ ਦੀ ਜਿੰਨੀ ਇੱਜ਼ਤ ਜਾਂ ਬੇਇੱਜ਼ਤੀ ਕਰੇਗਾ, ਓਨੀ ਹੀ ਇਹ ਉਸ ਨੂੰ ਵੱਧ ਜਾਂ ਘੱਟ ਮਿਲੇਗੀ। ਜ਼ਿੰਮੇਵਾਰੀ ਚੋਣ ਕਰਨ ਵਾਲੇ ਦੀ ਹੈ ਅਤੇ ਰੱਬ ਉਸ ਤੋਂ ਵੱਖ ਹੈ।’
ਵਿਆਖਿਆਕਾਰ ਨੇ ਇਹ ਕਹਿ ਕੇ ਬਿਨਾ ਕਿਸੇ ਭੇਦਭਾਵ ਦੇ ਇਨ੍ਹਾਂ ਸਾਹਮਣੇ ਪਰਚੀਆਂ ਖਿਲਾਰ ਦਿੱਤੀਆਂ। ਜੋ ਪਰਚੀ ਜਿਸ ਦੇ ਕੋਲ ਪਈ ਸੀ, ਉਸ ਨੇ ਚੁਕ ਲਈ। ਇਸ ਤਰ੍ਹਾਂ ਏਰ ਤੋਂ ਇਲਾਵਾ ਸਭ ਨੇ ਪਰਚੀਆਂ ਚੁਕੀਆਂ (ਉਸ ਨੂੰ ਪਰਚੀ ਚੁਕਣ ਦੀ ਇਜਾਜ਼ਤ ਨਹੀਂ ਸੀ)। ਹਰ ਇਕ ਨੇ ਦੇਖਿਆ ਕਿ ਉਸ ਨੂੰ ਕਿਹੜਾ ਨੰਬਰ ਮਿਲਦਾ ਹੈ। ਹੁਣ ਵਿਆਖਿਆਕਾਰ ਨੇ ਉਨ੍ਹਾਂ ਸਾਹਮਣੇ ਧਰਤੀ ਉਤੇ ਜੀਵਨ ਦੇ ਨਮੂਨੇ ਰਖ ਦਿੱਤੇ। ਜਿੰਨੀਆਂ ਆਤਮਾਵਾਂ ਉਥੇ ਹਾਜ਼ਰ ਸਨ, ਉਨ੍ਹਾਂ ਤੋਂ ਕਿਤੋਂ ਵਧੇਰੇ ਜੀਵਨ-ਕਰਮ ਸਨ ਅਤੇ ਵਿਕੋਲਿਤਰੇ। ਹਰ ਤਰ੍ਹਾਂ ਦੇ ਜਾਨਵਰਾਂ ਦੇ ਜੀਵਨ ਸਨ ਅਤੇ ਹਰ ਤਰ੍ਹਾਂ ਦੇ ਮਨੁੱਖਾਂ ਦੇ। ਅਤਿਆਚਾਰੀ ਤਾਨਾਸ਼ਾਹੀ ਜੀਵਨ ਵੀ ਸਨ। ਕੁਝ ਅਜਿਹੀ ਉਮਰ ਕਿ ਅਤਿਆਚਾਰੀ ਦਾ ਜੀਵਨ ਭੋਗਣ ਪਿਛੋਂ ਵੀ ਬਾਕੀ ਬਚ ਰਹੇ, ਕੁਝ ਅਜਿਹੇ ਕਿ ਵਿਚਾਲਿਓਂ ਹੀ ਕਟ ਜਾਏ ਅਤੇ ਕੁਝ ਅਜਿਹੇ ਵੀ ਜਿਸ ਦਾ ਅੰਤ ਗਰੀਬੀ, ਬੇਘਰੀ ਅਤੇ ਫਕੀਰੀ ਵਿਚ ਹੋਵੇ। ਫਿਰ ਸੂਰਬੀਰਾਂ ਦੇ ਜੀਵਨ ਸਨ। ਕੁਝ ਅਜਿਹਿਆਂ ਦੇ, ਜੋ ਆਪਣੇ ਰੂਪ ਸੌਂਦਰਯ, ਤਾਕਤ ਤੇ ਖੇਡਾਂ ਵਿਚ ਨਿਪੁੰਨਤਾ ਲਈ ਪ੍ਰਸਿਧ ਸਨ। ਕੁਝ ਅਜਿਹਿਆਂ ਦੇ, ਜੋ ਆਪਣੀ ਉਚੀ ਕੁਲ ਵਿਚ ਜਨਮ ਜਾਂ ਆਪਣੇ ਵਡੇਰਿਆਂ ਦੇ ਗੁਣਾਂ ਕਾਰਨ ਮਸ਼ਹੂਰ ਸਨ। ਕੁਝ ਜੀਵਨ ਅਜਿਹਿਆਂ ਦੇ ਵੀ ਸਨ, ਜੋ ਆਪਣੇ ਔਗੁਣਾਂ ਕਰਕੇ ਬਦਨਾਮ ਸਨ।
ਇਸੇ ਤਰ੍ਹਾਂ ਔਰਤਾਂ ਦੇ ਜੀਵਨ ਵੀ ਸਨ, ਪਰ ਇਨ੍ਹਾਂ ਆਤਮਾਵਾਂ ਦੇ ਸੁਭਾਅ ਨਿਸ਼ਚਿਤ ਨਹੀਂ ਸਨ। ਆਤਮਾ ਜਦੋਂ ਨਵਾਂ ਜੀਵਨ ਗ੍ਰਹਿਣ ਕਰਦੀ ਹੈ ਤਾਂ ਜ਼ਰੂਰੀ ਹੈ ਕਿ ਉਹ ਬਿਲਕੁਲ ਬਦਲ ਜਾਏ, ਪਰ ਹੋਰ ਸਭੇ ਵਿਸ਼ੇਸ਼ਤਾਵਾਂ ਮੌਜੂਦ ਸਨ, ਇਕ-ਦੂਜੀ ਨਾਲ ਮਿਲਦੀਆਂ-ਜੁਲਦੀਆਂ। ਗਰੀਬੀ ਸਿਹਤ ਅਤੇ ਰੋਗਾਂ ਦੇ ਤਤ ਵੀ ਰਲਵੇਂ ਹੀ ਸਨ। ਇਸ ਤੋਂ ਇਲਾਵਾ ਦੂਜੀਆਂ ਨੀਚ ਸਥਿਤੀਆਂ ਵੀ ਮੌਜੂਦ ਸਨ।
ਪਿਆਰੇ ਗਲਾਕਨ! ਇਹ ਹੈ ਮਾਨਵ-ਜੀਵਨ ਦਾ ਮਹਾਨ ਸੰਕਟ ਅਤੇ ਇਥੇ ਹੀ ਸਭ ਤੋਂ ਵੱਧ ਹੁਸ਼ਿਆਰੀ ਦੀ ਲੋੜ ਹੈ। ਹਰ ਇਕ ਨੂੰ ਚਾਹੀਦਾ ਹੈ ਕਿ ਹੋਰ ਸਭ ਤਰ੍ਹਾਂ ਦੇ ਗਿਆਨ ਨੂੰ ਤਿਆਗ ਕੇ ਬਸ ਇਸੇ ਚੀਜ਼ ਦੀ ਖੋਜ ਅਤੇ ਪ੍ਰਾਪਤੀ ਵਿਚ ਲੱਗ ਜਾਏ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਅਸੀਂ ਭਲੇ-ਬੁਰੇ ਵਿਚ ਫਰਕ ਲੱਭਣਾ ਸਿੱਖ ਜਾਈਏ, ਜਾਂ ਸਾਨੂੰ ਕੋਈ ਅਜਿਹਾ ਵਿਅਕਤੀ (ਗੁਰੂ) ਮਿਲ ਜਾਏ, ਜੋ ਸਾਨੂੰ ਇਹ ਚੀਜ਼ ਵੀ ਸਿਖਾ ਸਕੇ, ਜਿਸ ਨਾਲ ਜਦੋਂ ਅਤੇ ਜਿਥੇ ਵੀ ਕਿਤੇ ਮੌਕਾ ਮਿਲੇ, ਅਸੀਂ ਨੇਕ ਜੀਵਨ ਦੀ ਚੋਣ ਕਰ ਸਕੀਏ। ਸਾਨੂੰ ਇਸ ਦੇ ਕਾਰਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਚੀਜ਼ਾਂ, ਜੋ ਅਸੀਂ ਉਪਰ ਦੱਸੀਆਂ ਹਨ, ਉਨ੍ਹਾਂ ਵਿਚੋਂ ਹਰ ਇਕ ਪਹਿਲਾਂ ਵਖ-ਵਖ ਅਤੇ ਫਿਰ ਮਿਲ ਕੇ ਨੇਕੀ ਜਾਂ ਭਲਾਈ ਉਤੇ ਕੀ ਅਸਰ ਪਾਉਂਦੀਆਂ ਹਨ। ਇਹ ਵੀ ਜਾਣਨਾ ਪਏਗਾ ਕਿ ਜੇ ਕਿਸੇ ਵਿਸ਼ੇਸ਼ ਆਤਮਾ ਵਿਚਲੇ ਰੂਪ ਸੌਂਦਰਯ ਨੂੰ ਗਰੀਬੀ ਜਾਂ ਦਰਿਦ੍ਰਤਾ ਨਾਲ ਮਿਲਾ ਦੇਈਏ ਤਾਂ ਇਸ ਦਾ ਕੀ ਅਸਰ ਪਏਗਾ। ਚੰਗੇ ਜਾਂ ਮਾੜੇ, ਵਿਅਕਤੀਗਤ ਸਥਿਤੀ ਜਾਂ ਸਮੂਹਿਕ ਰੁਤਬਾ ਅਧਿਕਾਰ, ਤਾਕਤ ਜਾਂ ਕਮਜ਼ੋਰੀ, ਚਲਾਕੀ ਜਾਂ ਬੇਵਕੂਫੀ, ਆਤਮਾ ਦੇ ਸਾਰੇ ਸੁਭਾਵਿਕ ਗੁਣ ਅਤੇ ਇਨ੍ਹਾਂ ਦੇ ਆਪਸੀ ਸੁਮੇਲ ਦਾ ਅਸਰ, ਇਨ੍ਹਾਂ ਸਾਰਿਆਂ ਦੇ ਚੰਗੇ ਮਾੜੇ ਪ੍ਰਭਾਵਾਂ ਤੋਂ ਇਸ ਨੂੰ ਜਾਣੂ ਹੋਣਾ ਚਾਹੀਦਾ ਹੈ, ਤਾਂ ਕਿਤੇ ਜਾ ਕੇ ਆਤਮਾ ਦੇ ਰੂਪ ਨੂੰ ਦੇਖ ਕੇ ਤੇ ਇਨ੍ਹਾਂ ਸਾਰੀਆਂ ਗੱਲਾਂ ਉਤੇ ਵਿਚਾਰ ਕਰਕੇ ਉਹ ਦਸ ਸਕੇਗਾ ਕਿ ਕਿਹੜਾ ਜੀਵਨ ਨੇਕ ਹੈ ਤੇ ਕਿਹੜਾ ਨਹੀਂ ਅਤੇ ਇਸ ਤਰ੍ਹਾਂ ਦੀ ਚੋਣ ਕਰੇਗਾ, ਜੋ ਜੀਵਨ ਆਤਮਾ ਨੂੰ ਵਧੇਰੇ ਅਨਿਆਈਂ ਦਸੇ, ਉਹ ਮਾੜਾ ਅਤੇ ਜੋ ਵਧੇਰੇ ਨਿਆਈਂ ਦਸੇ, ਉਹ ਚੰਗਾ ਹੈ। ਬਾਕੀ ਦੂਜੀਆਂ ਗੱਲਾਂ ਨੂੰ ਉਹ ਅਖੋਂ ਓਹਲੇ ਕਰ ਦੇਵੇਗਾ। ਅਸੀਂ ਦੇਖ ਹੀ ਚੁਕੇ ਹਾਂ ਕਿ ਜੀਵਨ ਤੇ ਮੌਤ ਦੋਹਾਂ ਵਿਚ ਹੀ ਇਹੋ ਸਭ ਤੋਂ ਉਤਮ ਚੋਣ ਹੈ।
ਮਨੁੱਖ ਨੂੰ ਚਾਹੀਦਾ ਹੈ ਕਿ ਪਰਲੋਕ ਵਿਚ ਵੀ ਉਹ ਆਪਣੇ ਨਾਲ ਸਥਾਈ ਅਤੇ ਨਿਆਂ ਉਤੇ ਦ੍ਰਿੜ ਸ਼ਰਧਾ ਲੈ ਕੇ ਜਾਏ, ਜੋ ਕਦੇ ਵੀ ਨਾ ਡੋਲੇ ਅਤੇ ਉਥੇ ਵੀ ਧਨ, ਲੋਭ, ਝੂਠ ਤੇ ਕਪਟ ਉਸ ਦੀ ਨਜ਼ਰ ਨੂੰ ਚੁੰਧਿਆ ਨਾ ਸਕਣ। ਇਹ ਨਾ ਹੋਵੇ ਕਿ ਅਤਿਆਚਾਰ, ਤਾਨਾਸ਼ਾਹੀ ਤੇ ਦੂਜੇ ਕੰਮਾਂ ਵਾਲੇ ਜੀਵਨ ਨੂੰ ਅਪਨਾ ਕੇ ਇਹ ਦੂਜਿਆਂ ਨੂੰ ਦੁਖ ਦੇਵੇ ਅਤੇ ਆਪਣੇ-ਆਪ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਕਾਰਨ ਬਣੇ। ਇਸ ਨੂੰ ਜਾਣਨਾ ਚਾਹੀਦਾ ਹੈ ਕਿ ਇਸੇ ਜੀਵਨ ਵਿਚ ਨਹੀਂ, ਸਗੋਂ ਇਸ ਪਿਛੋਂ ਵੀ ਸਾਰੀਆਂ ਮੰਜ਼ਿਲਾਂ ਉਤੇ ਜਿਥੋਂ ਤਕ ਹੋ ਸਕੇ, ਇਹ ਦੋਵੇਂ ਪਾਸੇ ਦੀਆਂ ਕੰਨੀਆਂ ਛਡ ਕੇ ਆਪਣੇ ਲਈ ਵਿਚਕਾਰਲਾ ਰਾਹ ਚੁਣੇ; ਕਿਉਂਕਿ ਇਹੋ ਹੀ ਸੁਖ ਅਤੇ ਖੁਸ਼ਹਾਲੀ ਦਾ ਰਾਹ ਹੈ। ਪਰਲੋਕ ਦਾ ਇਹ ਸੁਨੇਹਾ ਲਿਆਉਣ ਵਾਲੇ ਨੇ ਫਿਰ ਦਸਿਆ ਕਿ ਇਸ ਮੌਕੇ ਉਤੇ ਦੇਵਦੂਤ ਨੇ ਫਿਰ ਆਖਿਆ, ‘ਬਿਲਕੁਲ ਅੰਤ ਵਿਚ ਆਉਣ ਵਾਲੇ ਲਈ ਵੀ, ਜੇ ਇਹ ਜਾਣ-ਬੁਝ ਕੇ ਚੋਣ ਕਰਦਾ ਹੈ, ਇਹ ਨਾ ਹੋਵੇ ਕਿ ਉਹ ਲਾਪ੍ਰਵਾਹ ਹੋ ਜਾਏ। ਜੋ ਸਭ ਤੋਂ ਅਖੀਰ ਵਿਚ ਹੈ, ਉਸ ਦੇ ਨਿਰਾਸ਼ ਹੋਣ ਦੀ ਕੋਈ ਵਜ੍ਹਾ ਨਹੀਂ।’
ਜਦੋਂ ਉਹ ਇਹ ਕਹਿ ਚੁਕਾ, ਤਾਂ ਜਿਸ ਨੂੰ ਸਭ ਤੋਂ ਪਹਿਲਾਂ ਚੋਣ ਦਾ ਹੱਕ ਮਿਲਿਆ ਸੀ। ਉਹ ਅਗੇ ਵਧਿਆ ਅਤੇ ਉਸ ਨੇ ਤਾਨਾਸ਼ਾਹੀ ਜੀਵਨ ਨੂੰ ਆਪਣੇ ਲਈ ਚੁਣ ਲਿਆ। ਉਸ ਦਾ ਦਿਮਾਗ ਕਿਉਂਕਿ ਮੂਰਖਤਾ ਅਤੇ ਲੋਭ ਨਾਲ ਕਮਜ਼ੋਰ ਹੋ ਚੁਕਾ ਸੀ, ਉਸ ਨੇ ਇਸ ਲਈ ਚੋਣ ਤੋਂ ਪਹਿਲਾਂ ਸਾਰੀ ਸਥਿਤੀ ਉਤੇ ਵਿਚਾਰ ਨਹੀਂ ਕੀਤਾ ਅਤੇ ਪਹਿਲੀ ਨਜ਼ਰੇ ਉਸ ਨੂੰ ਇਹ ਗੱਲ ਨਹੀਂ ਸੁੱਝੀ ਕਿ ਹੋਰ ਬੁਰਾਈਆਂ ਦੇ ਨਾਲ ਉਸ ਦੀ ਕਿਸਮਤ ਵਿਚ ਇਹ ਵੀ ਲਿਖਿਆ ਸੀ ਕਿ ਉਹ ਆਪਣੀ ਸੰਤਾਨ ਨੂੰ ਆਪ ਹੀ ਖਾ ਜਾਏਗਾ। ਜਦੋਂ ਜ਼ਰਾ ਸੋਚਣ ਦਾ ਮੌਕਾ ਮਿਲਿਆ ਅਤੇ ਵੇਖਿਆ ਕਿ ਮੇਰੀ ਕਿਸਮਤ ਵਿਚ ਕੀ-ਕੀ ਆਇਆ ਹੈ ਤਾਂ ਲੱਗਾ ਛਾਤੀ ਪਿਟਣ; ਪਰ ਆਪਣੀ ਬਦਕਿਸਮਤੀ ਦਾ ਦੋਸ਼ ਆਪਣੇ ਸਿਰ ਮੜ੍ਹਨ ਦੀ ਥਾਂ ਲੱਗਾ ਕਿਸਮਤ ਅਤੇ ਦੇਵਤਿਆਂ ਨੂੰ ਕੋਸਣ।
ਸੁਣੋ! ਇਹ ਉਨ੍ਹਾਂ ਲੋਕਾਂ ਵਿਚੋਂ ਸੀ, ਜੋ ਆਕਾਸ਼ ਵਿਚੋਂ ਆਏ ਸਨ। ਪਿਛਲੇ ਜੀਵਨ ਵਿਚ ਇਹ ਇਕ ਅਤਿਅੰਤ ਚੰਗੀ ਰਿਆਸਤ ਵਿਚ ਰਹਿ ਚੁਕਾ ਸੀ, ਪਰ ਉਸ ਦੀ ਨੇਕੀ ਤੇ ਸੁਭਾਅ ਕਰਕੇ ਸੀ। ਇਸ ਦੇ ਕੋਲ ਫਿਲਾਸਫੀ ਦਾ ਕੋਈ ਗਿਆਨ ਨਹੀਂ ਸੀ। ਇਹੋ ਅਵਸਥਾ ਹੋਰਨਾਂ ਦੀ ਵੀ ਸੀ, ਜਿਨ੍ਹਾਂ ਨੇ ਚੋਣ ਸਮੇਂ ਇਸੇ ਤਰ੍ਹਾਂ ਦਾ ਧੋਖਾ ਖਾਧਾ। ਇਨ੍ਹਾਂ ਵਿਚੋਂ ਬਹੁਤੇ ਅਸਮਾਨ ਵਿਚੋਂ ਆਏ ਸਨ। ਪਰਖ ਅਤੇ ਖੋਜ-ਪੜਤਾਲ ਵਿਚ ਇਹ ਅਜੇ ਸਿਆਣੇ ਨਹੀਂ ਸਨ ਹੋਏ। ਹਾਂ, ਪ੍ਰਿਥਵੀ ਤੋਂ ਆਉਣ ਵਾਲੇ ਕਿਉਂਕਿ ਕਸ਼ਟ ਭੋਗ ਚੁਕੇ ਸਨ, ਇਸ ਲਈ ਉਨ੍ਹਾਂ ਨੂੰ ਚੋਣ ਦੀ ਜਲਦੀ ਨਹੀਂ ਸੀ। ਕੁਝ ਤਾਂ ਅਨੁਭਵਹੀਣਤਾ ਕਰਕੇ ਅਤੇ ਕੁਝ ਇਸ ਕਰਕੇ ਕਿ ਪਰਚੀਆਂ ਦਾ ਨਿਕਲਣਾ ਤਾਂ ਰੱਬ ਉਤੇ ਨਿਰਭਰ ਕਰਦਾ ਸੀ। ਬਹੁਤ ਸਾਰੀਆਂ ਆਤਮਾਵਾਂ ਨੇ ਬੁਰੀ ਬਦਲੇ ਚੰਗੀ ਅਤੇ ਬਹੁਤੀਆਂ ਨੇ ਚੰਗੀ ਬਦਲੇ ਬੁਰੀ ਕਿਸਮਤ ਹਾਸਲ ਕੀਤੀ। ਸਾਡੇ ਸੁਨੇਹਾ ਲਿਆਉਣ ਵਾਲੇ ਦਾ ਕਥਨ ਹੈ ਕਿ ਜੇ ਇਸ ਸੰਸਾਰ ਵਿਚ ਆਉਣ ਪਿਛੋਂ ਮਨੁੱਖ ਆਪਣੇ-ਆਪ ਨੂੰ ਪੂਰੀ ਤਰ੍ਹਾਂ ਸੱਚੀ ਫਿਲਾਸਫੀ ਅੱਗੇ ਅਰਪਣ ਕਰ ਦੇਵੇ ਅਤੇ ਫਿਰ ਪਰਚੀ ਕੱਢਣ ਦੇ ਮਾਮਲੇ ਵਿਚ ਵੀ ਜ਼ਰਾ ਕਿਸਮਤ ਵਾਲਾ ਹੋਵੇ, ਤਾਂ ਉਹ ਇਥੇ ਅਨੰਦ ਵਿਚ ਰਹੇ ਅਤੇ ਦੂਜੇ ਜੀਵਨ ਵਿਚ ਉਸ ਦੀ ਯਾਤਰਾ ਤੇ ਫਿਰ ਉਥੋਂ ਵਾਪਸੀ ਕਸ਼ਟਦਾਇਕ ਭੂ-ਗਰਭ ਸਥਿਤ ਰਾਹ ਤੋਂ ਨਾ ਹੋਵੇ, ਸਗੋਂ ਬਹੁਤ ਸਮਤਲ ਅਸਮਾਨੀ ਰਾਹਾਂ ਥਾਣੀਂ ਲੰਘੇ।
ਉਹ ਕਹਿੰਦਾ ਸੀ ਕਿ ਇਹ ਦ੍ਰਿਸ਼ ਬਹੁਤ ਹੈਰਾਨੀਜਨਕ ਸੀ। ਆਤਮਾਵਾਂ ਦੀ ਚੋਣ ਅਕਸਰ ਪਿਛਲੇ ਜੀਵਨ ਦੇ ਅਨੁਭਵਾਂ ਉਤੇ ਆਧਾਰਿਤ ਸੀ। ਮਿਸਾਲ ਲਈ ਉਥੇ ਕਿਤੇ ਇਸ ਨੇ ਉਹ ਆਤਮਾਵਾਂ ਦੇਖੀਆਂ, ਜੋ ਕਦੇ ਓਰਫੀਅਸ ਸਨ। ਇਸ ਦਾ ਕਿਉਂਕਿ ਔਰਤਾਂ ਨੇ ਕਤਲ ਕੀਤਾ ਸੀ, ਇਸ ਲਈ ਇਹ ਔਰਤਾਂ ਦੇ ਢਿਡ ਵਿਚੋਂ ਜੰਮਣ ਤੋਂ ਵੀ ਨਫਰਤ ਕਰਦਾ ਸੀ। ਔਰਤਾਂ ਦੀ ਸੰਪੂਰਨ ਜਾਤ ਨਾਲ ਇਸ ਵੈਰ ਕਰਕੇ ਉਸ ਨੇ ਹੰਸ ਦਾ ਜੀਵਨ ਚੁਣਿਆ। ਉਸ ਨੇ ਟੇਮੀਰਿਸ ਦੀ ਆਤਮਾ ਨੂੰ ਵੀ ਬੁਲਬੁਲ ਦਾ ਜੀਵਨ ਚੁਣਦਿਆਂ ਦੇਖਿਆ। ਇਸ ਦੇ ਉਲਟ ਚਿੜੀਆਂ ਹੰਸ ਅਤੇ ਦੂਜੇ ਗਾਉਣ ਵਾਲੇ ਪੰਛੀ ਬਣਨਾ ਚਾਹੁੰਦੀਆਂ ਸਨ।
ਜਿਸ ਦੀ ਆਤਮਾ ਨੂੰ 20ਵਾਂ ਨੰਬਰ ਮਿਲਿਆ, ਉਸ ਨੇ ਸ਼ੇਰ ਦਾ ਜੀਵਨ ਚੰਗਾ ਸਮਝਿਆ। ਇਹ ਤਲਾਮੋਨ ਦੇ ਪੁਤਰ ਅਜਕਸ ਦੀ ਆਤਮਾ ਸੀ। ਜੋ ਇਸ ਲਈ ਮਨੁੱਖੀ ਜੀਵਨ ਨਹੀਂ ਲੈਣਾ ਚਾਹੁੰਦੀ ਸੀ ਕਿ ਹਥਿਆਰਾਂ ਬਾਰੇ ਉਸ ਨਾਲ ਅਨਿਆਂ ਕੀਤਾ ਗਿਆ ਸੀ। ਇਸ ਦੇ ਪਿਛੋਂ ਐਗਮੇਮਨੋਨ ਦੀ ਵਾਰੀ ਸੀ। ਇਸ ਨੇ ਓਕਾਬ ਦਾ ਜੀਵਨ ਪਸੰਦ ਕੀਤਾ। ਕਿਉਂਕਿ ਅਜਕਸ ਵਾਂਗ ਆਪਣੇ ਕਸ਼ਟਾਂ ਦਾ ਵਿਚਾਰ ਕਰਕੇ, ਇਹ ਵੀ ਮਾਨਵ ਸੁਭਾਅ ਤੋਂ ਘ੍ਰਿਣਾ ਕਰਦਾ ਸੀ। ਲਗਭਗ ਵਿਚਾਲੇ ਐਟਾਲੈਂਟਾ ਦੀ ਵਾਰੀ ਆਈ। ਉਸ ਨੇ ਜਦੋਂ ਇਕ ਖਿਡਾਰੀ ਪਹਿਲਵਾਨ ਦੀ ਪ੍ਰਸਿਧੀ ਦੇਖੀ ਤਾਂ ਉਹ ਆਪਣੇ ਲਾਲਚ ਨੂੰ ਲੁਕਾ ਨਾ ਸਕਿਆ। ਇਸ ਪਿਛੋਂ ਪੈਨੋਪੀਅਸ ਦੇ ਪੁਤਰ ਏਪੀਅਸ ਨੇ ਫੱਫੇਕੁਟਣੀ ਔਰਤ ਦਾ ਜੀਵਨ ਚੁਣਿਆ।
ਅੰਤ ਵਿਚ ਚੋਣ ਕਰਨ ਵਾਲਿਆਂ ਤੋਂ ਕਿਤੇ ਦੂਰ ਥੇਰਟਾਈਟਸ ਬੈਠਾ ਸੀ। ਉਸ ਨੇ ਬਾਂਦਰ ਦਾ ਜੀਵਨ ਪਸੰਦ ਕੀਤਾ। ਹੁਣ ਓਡਿਸਿਸ ਦੀ ਆਤਮਾ ਆਈ, ਕਿਉਂਕਿ ਉਸ ਦੀ ਵਾਰੀ ਅਖੀਰਲੀ ਸੀ, ਉਸ ਨੇ ਵੀ ਆਪਣੇ ਲਈ ਚੋਣ ਕਰਨੀ ਸੀ। ਪਿਛਲੇ ਰਗੜਿਆਂ ਦੀ ਯਾਦ ਨੇ ਉਸ ਦਾ ਹੌਸਲਾ ਢਾਹ ਦਿੱਤਾ। ਉਹ ਬੜੀ ਦੇਰ ਏਧਰ-ਓਧਰ ਆਮ ਨਾਗਰਿਕ ਦਾ ਜੀਵਨ ਲੱਭਦਾ ਰਿਹਾ, ਜਿਸ ਨੂੰ ਕੋਈ ਚਿੰਤਾ ਜਾਂ ਕੋਈ ਸੋਗ ਨਾ ਹੋਵੇ। ਇਹ ਲੱਭਣ ਵਿਚ ਜ਼ਰਾ ਮੁਸ਼ਕਿਲ ਪੇਸ਼ ਆਈ, ਕਿਉਂਕਿ ਇਹ ਇਕ ਪਾਸੇ ਵੱਲ ਪਿਆ ਸੀ ਅਤੇ ਇਸ ਵੱਲ ਕਿਸੇ ਨੇ ਵੀ ਧਿਆਨ ਨਹੀਂ ਸੀ ਦਿੱਤਾ। ਇਸ ਨੇ ਜਦੋਂ ਇਹ ਜੀਵਨ ਦੇਖਿਆ ਤਾਂ ਬੋਲਿਆ ਕਿ ਮੈਨੂੰ ਅਖੀਰਲੀ ਥਾਂ ‘ਤੇ ਸਭ ਤੋਂ ਪਹਿਲਾਂ ਚੁਣਨ ਦਾ ਹੱਕ ਮਿਲਦਾ ਤਾਂ ਵੀ ਮੈਂ ਇਸੇ ਜੀਵਨ ਨੂੰ ਚੁਣਦਾ। ਇਹ ਜੀਵਨ ਲੈ ਕੇ ਸਚਮੁਚ ਉਹ ਬੜਾ ਖੁਸ਼ ਸੀ। ਇਹੋ ਨਹੀਂ ਕਿ ਮਨੁੱਖ ਹੀ ਪਸ਼ੂਆਂ ਦਾ ਜੀਵਨ ਚੁਣਦੇ ਸਨ, ਮੈਂ ਇਹ ਲਾਜ਼ਮੀ ਤੌਰ ‘ਤੇ ਕਹਿ ਦਿਆਂ ਕਿ ਜੰਗਲੀ ਤੇ ਪਾਲਤੂ ਜਾਨਵਰ ਵੀ ਆਪਸ ਵਿਚ ਆਪਣਾ ਜੀਵਨ ਬਦਲ ਰਹੇ ਸਨ ਅਤੇ ਆਪਣੇ ਸੁਭਾਅ ਅਨੁਸਾਰ ਜੀਵਨ ਚੁਣ ਰਹੇ ਸਨ। ਮਿਸਾਲ ਲਈ ਚੰਗੇ ਕੋਮਲ ਸੁਭਾਅ ਭਲੇਮਾਣਸਾਂ ਦਾ ਜੀਵਨ ਅਤੇ ਬੁਰੇ ਜੰਗਲੀਆਂ ਦਾ।
ਕਿਸੇ ਵੀ ਤਰ੍ਹਾਂ ਨਾਲ ਜਦੋਂ ਸਾਰੀਆਂ ਆਤਮਾਵਾਂ ਆਪਣੇ-ਆਪਣੇ ਜੀਵਨ ਦੀ ਚੋਣ ਕਰ ਚੁਕੀਆਂ ਤਾਂ ਚੋਣ ਕਰਮ ਅਨੁਸਾਰ ਲਾਚੇਸਿਸ ਕੋਲ ਪਹੁੰਚੀਆਂ। ਇਸ ਨੇ ਉਨ੍ਹਾਂ ਨਾਲ ਇਕ ਦੇਵਦੂਤ ਤੋਰ ਦਿੱਤਾ, ਜੋ ਉਨ੍ਹਾਂ ਨੇ ਆਪਣੇ ਲਈ ਚੁਣਿਆ ਸੀ ਤਾਂ ਕਿ ਉਹ ਉਨ੍ਹਾਂ ਦੇ ਜੀਵਨ ਦੀ ਦੇਖਭਾਲ ਅਤੇ ਚੋਣ ਪੂਰੀ ਕਰੇ। ਇਹ ਦੇਵਦੂਤ ਉਨ੍ਹਾਂ ਨੂੰ ਪਹਿਲਾਂ ਕਲੋਥੋਂ ਕੋਲ ਲੈ ਗਿਆ। ਉਸ ਨੇ ਆਪਣੇ ਹਥ ਨਾਲ ਜਿਸ ਚੱਕਰ ਨੂੰ ਉਹ ਚਲਾ ਰਹੀ ਸੀ, ਉਸ ਵਿਚ ਪਰਚੀਆਂ ਰਖ ਕੇ ਚੱਕਰ ਦਿੱਤਾ ਅਤੇ ਇਉਂ ਸਭ ਦੀ ਕਿਸਮਤ ਪੱਕੀ ਹੋ ਗਈ। ਫਿਰ ਇਹ ਆਪ ਤਕਲੇ ਨੂੰ ਛੋਹ ਕੇ ਇਨ੍ਹਾਂ ਨੂੰ ਐਟ੍ਰੋਪੋਸ ਕੋਲ ਲੈ ਗਿਆ, ਜੋ ਕਿਸਮਤ ਦੇ ਧਾਗੇ ਕੱਤ ਰਹੀ ਸੀ, ਜਿਸ ਨਾਲ ਕਿ ਉਹ ਅਬਦਲ ਹੋ ਜਾਣ। ਇਥੋਂ ਉਹ ਬਿਨਾ ਮੂੰਹ ਮੋੜਿਆਂ ਜ਼ਰੂਰੀ ਬਿਪਤਾ ਦੇ ਸਿਧਾਂਤ ਦੇ ਹੇਠੋਂ ਦੀ ਲੰਘੇ। ਜਦੋਂ ਸਾਰੇ ਇਸ ਦੇ ਹੇਠੋਂ ਨਿਕਲ ਚੁਕੇ ਤਾਂ ਇਕ ਹੋਰ ਸੜਦੇ ਬਲਦੇ ਮੈਦਾਨ ਵਿਚ ਪਹੁੰਚੇ। ਇਹ ਇਕ ਮੈਦਾਨ ਸੀ, ਜਿਸ ਵਿਚ ਨਾ ਕੋਈ ਦਰਖਤ ਤੇ ਨਾ ਕੋਈ ਪੱਤਾ ਸੀ ਤੇ ਨਾ ਹੀ ਹਰਿਆਲੀ ਦਾ ਕੋਈ ਚਿੰਨ੍ਹ ਸੀ।
ਸ਼ਾਮ ਹੁੰਦਿਆਂ-ਹੁੰਦਿਆਂ ਪੁਰਸਲਾਤ (ਨਰਕ ਤੇ ਸਵਰਗ ਵਿਚਾਲੇ ਨਦੀ ਦੇ ਪੁਲ) ਦੇ ਕੰਢੇ ਉਨ੍ਹਾਂ ਨੇ ਪੜਾਅ ਕੀਤਾ। ਇਸ ਨਦੀ ਦਾ ਪਾਣੀ ਕਿਸੇ ਭਾਂਡੇ ਵਿਚ ਨਹੀਂ ਆਉਂਦਾ ਸੀ। ਹਰ ਇਕ ਨੂੰ ਮਜਬੂਰ ਕੀਤਾ ਗਿਆ ਕਿ ਉਹ ਉਸ ਵਿਚੋਂ ਥੋੜ੍ਹਾ-ਥੋੜ੍ਹਾ ਪਾਣੀ ਪੀਣ। ਜਿਨ੍ਹਾਂ ਨੇ ਦਿਮਾਗ ਤੋਂ ਕੰਮ ਨਹੀਂ ਲਿਆ, ਉਹ ਲੋੜੋਂ ਵਧ ਪੀ ਗਏ ਅਤੇ ਪੀਂਦਿਆਂ ਹੀ ਸਾਰੀਆਂ ਗੱਲਾਂ ਭੁਲ ਗਏ। ਫਿਰ ਸਭ ਸੁਤੇ ਪਏ ਸਨ ਕਿ ਅੱਧੀ ਰਾਤ ਨੂੰ ਬਿਜਲੀ ਤੇ ਹਵਾ ਦਾ ਤੂਫਾਨ ਅਤੇ ਭੂਚਾਲ ਆਉਣਾ ਸ਼ੁਰੂ ਹੋਇਆ। ਜਿਵੇਂ ਟੁੱਟੇ ਹੋਏ ਤਾਰੇ ਏਧਰ-ਓਧਰ ਹੋ ਜਾਂਦੇ ਹਨ, ਇਹ ਸਾਰੇ ਵੱਖੋ-ਵੱਖ ਰਾਹਾਂ ਰਾਹੀਂ ਆਪਣੇ-ਆਪਣੇ ਜਨਮ ਸਥਾਨ ਤਕ ਪਹੁੰਚਾ ਦਿੱਤੇ ਗਏ। ਸਾਡੇ ਸੁਨੇਹਾ ਲਿਆਉਣ ਵਾਲੇ ਨੂੰ ਇਹ ਪਾਣੀ ਨਹੀਂ ਪੀਣ ਦਿੱਤਾ ਗਿਆ, ਪਰ ਉਹ ਕਿਵੇਂ ਅਤੇ ਕਿਸ ਤਰ੍ਹਾਂ ਸਰੀਰ ਵਿਚ ਵਾਪਸ ਆਇਆ, ਇਸ ਦਾ ਆਪ ਉਸ ਨੂੰ ਕੁਝ ਪਤਾ ਨਹੀਂ। ਸਵੇਰੇ ਜਦ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਵੇਖਿਆ ਕਿ ਉਹ ਅਰਥੀ ਉਤੇ ਲੰਮਾ ਪਿਆ ਹੈ।
… ਤੇ ਇਉਂ ਮੇਰੇ ਪਿਆਰੇ ਗਲਾਕਨ! ਇਹ ਕਥਾ ਬਾਕੀ ਰਹਿ ਗਈ, ਖਤਮ ਨਹੀਂ ਹੋਈ। ਹੁਣ ਜੇ ਅਸੀਂ ਵੀ ਇਕਰਾਰ ਦੇ ਪੱਕੇ ਰਹੀਏ ਤਾਂ ਇਹ ਸਾਨੂੰ ਵੀ ਬਚਾਅ ਲਵੇ ਅਤੇ ਅਸੀਂ ਸ਼ਾਂਤੀ ਨਾਲ ਆਪਣੀ ਆਤਮਾ ਲਬੇੜੇ ਬਿਨਾ ਪੁਰਸਲਾਤ ਨੂੰ ਪਾਰ ਕਰ ਲਈਏ। ਸੋ ਮੇਰੀ ਸਲਾਹ ਹੈ ਕਿ ਅਸੀਂ ਸਦਾ ਇਸ ਅਸਮਾਨੀ ਰਾਹ ਉਤੇ ਚਲਦੇ ਰਹੀਏ। ਸਦਾ ਨਿਆਂ ਅਤੇ ਨੇਕੀ ਦਾ ਰਾਹ ਚੁਣੀਏ। ਹਮੇਸ਼ਾ ਇਹ ਵਿਸ਼ਵਾਸ ਰੱਖੀਏ ਕਿ ਆਤਮਾ ਅਮਰ ਹੈ ਅਤੇ ਹਰ ਤਰ੍ਹਾਂ ਦੀ ਨੇਕੀ ਬਦੀ ਸਹਿ ਸਕਦੀ ਹੈ। ਇਉਂ ਅਸੀਂ ਇਕ-ਦੂਜੇ ਦੀਆਂ ਨਜ਼ਰਾਂ ਵਿਚ ਪ੍ਰਿਯਾ ਤੇ ਆਦਰਯੋਗ ਰਹਾਂਗੇ ਅਤੇ ਦੇਵਤਿਆਂ ਦੀ ਨਜ਼ਰ ਵਿਚ ਵੀ। ਜਦੋਂ ਤਕ ਇਥੇ ਹਾਂ ਤਾਂ ਇਥੇ ਅਤੇ ਉਸ ਸਮੇਂ ਵੀ, ਜਦੋਂ ਇਨਾਮ ਲਈ ਅਸੀਂ ਉਸ ਖੇਡ ਵਿਚ ਬਾਜ਼ੀ ਜਿੱਤਣ ਵਾਲਿਆਂ ਵਾਂਗ ਜਾਵਾਂਗੇ, ਜੋ ਇਨਾਮ ਹਾਸਲ ਕਰਨ ਲਈ ਚੱਕਰ ਕੱਟਦੇ ਹਨ। ਇਸ ਨਾਲ ਇਸ ਜੀਵਨ ਵਿਚ ਸਾਡਾ ਭਲਾ ਹੋਵੇਗਾ ਅਤੇ ਇਸ ਹਜ਼ਾਰ ਵਰ੍ਹਿਆਂ ਦੀ ਯਾਤਰਾ ਵਿਚ ਵੀ, ਜਿਸ ਦਾ ਅਸੀਂ ਜ਼ਿਕਰ ਕਰ ਰਹੇ ਸੀ।”
ਇਥੇ ਆ ਕੇ ਪਲੈਟੋ ਦੀ ਇਹ ਦਿਲਚਸਪ ਕਥਾ ਸਮਾਪਤ ਹੋ ਜਾਂਦੀ ਹੈ।
ਗੁਰਮਤਿ ਨੇ ਨਰਕ-ਸਵਰਗ ਤੇ ਪੁਨਰ ਜਨਮ ਬਾਰੇ ਬਣੇ ਸਾਰੇ ਭਰਮਾਂ ਦਾ ਬੜੀ ਦ੍ਰਿੜਤਾ ਨਾਲ ਖੰਡਨ ਕੀਤਾ ਹੈ। ਗੁਰਮਤਿ ਨੇ ਇਸ ਸਾਰੇ ਭਰਮਜਾਲ ਨੂੰ ਸਿਰਿਓਂ ਹੀ ਨਕਾਰ ਦਿੱਤਾ ਹੈ।
ਮੇਰੀ ਮੇਰੀ ਧਾਰਿ ਬੰਧਨਿ ਬੰਧਿਆ॥
ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ॥ (ਗੁਰੂ ਗ੍ਰੰਥ ਸਾਹਿਬ, ਪੰਨਾ 762)
ਭਾਵ ਮੇਰੀ-ਮੇਰੀ ਦੀ ਸਾਰੀ ਲਾਲਸਾ ਮਨੁੱਖ ਦੇ ਮਨ ਨੂੰ ਪਈ ਜਕੜ ਹੈ ਅਤੇ ਨਰਕ, ਸਵਰਗ ਤੇ ਅਵਤਾਰਾਂ ਦੀ ਸਾਰੀ ਕਲਪਨਾ ਨਿਰੋਲ ਝੂਠ ਹੈ।
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰਪ੍ਰਸਾਦੇ॥ (ਪੰਨਾ 969)
ਭਾਵ ਨਰਕ-ਸਵਰਗ ਦੀ ਸਾਰੀ ਚਰਚਾ ਨੂੰ ਸਪਸ਼ਟ ਸ਼ਬਦਾਂ ਵਿਚ ਨਕਾਰਦਿਆਂ ਗੁਰਮਤਿ ਬਚਨ ਕਰਦੀ ਹੈ ਕਿ ਸੰਤਾਂ ਨੇ ਨਰਕ-ਸਵਰਗ ਦੇ ਸਾਰੇ ਵਰਤਾਰੇ ਦਾ ਹੀ ਖੰਡਨ ਕਰ ਦਿੱਤਾ ਹੈ। ਹੁਣ ਉਹ ਆਪਣੇ ਗੁਰੂ ਵਲੋਂ ਦਿੱਤੇ ਆਤਮਿਕ ਗਿਆਨ ਦੀ ਰੌਸ਼ਨੀ ਵਿਚ ਨਰਕ-ਸਵਰਗ ਦੀ ਕੋਈ ਪ੍ਰਵਾਹ ਨਹੀਂ ਕਰਦੇ।
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ॥
ਭਾਵ ਗੁਰਮਤਿ ਨਸੀਹਤ ਕਰ ਰਹੀ ਹੈ ਕਿ ਸਵਰਗ ਵਿਚ ਜਾਣ ਦੀ ਕਦੇ ਇੱਛਾ ਨਾ ਕਰੀਏ ਅਤੇ ਨਰਕ ਵਿਚ ਜਾਣ ਤੋਂ ਕਦੇ ਡਰੀਏ ਨਾ। ਕਿਉਂਕਿ ਜੋ ਹੋਣਾ ਹੈ, ਉਹ ਹੋ ਕੇ ਰਹਿਣਾ ਹੈ। ਭਾਵ ਜੋ ਕੁਝ ਕੁਦਰਤ ਦੇ ਨੇਮਾਂ ਵਿਚ ਵਾਪਰ ਰਿਹਾ ਹੈ, ਓਹੀ ਕੁਝ ਹੋਣਾ ਹੈ।
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ॥ (ਪੰਨਾ 383)
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ॥ (ਪੰਨਾ 433)
ਯਥਾ ਗੁਰੂ ਨੇ ਸਾਡੀ ਅਕਲ ਦੇ ਦਰਵਾਜ਼ੇ ਖੋਲ੍ਹ ਕੇ ਸਾਨੂੰ ਇਹ ਅਨੁਭਵੀ ਸੋਝੀ ਦਿੱਤੀ ਹੈ ਕਿ ਕਿਸੇ ਮਨੁੱਖ ਦਾ ਪੁਨਰ ਜਨਮ ਨਹੀਂ ਹੁੰਦਾ। ਕਰਤਾ, ਭਾਵ ਸਿਰਜਣਹਾਰ ਆਪ ਹੀ ਆਪਣੇ ਨਾਲ ਮੇਲ ਕਰਵਾ ਲੈਂਦਾ ਹੈ। ਪੁਨਰ ਜਨਮ ਦੀ ਕੋਈ ਹੋਂਦ ਨਹੀਂ। ਏਕੋ ਕਰਤਾ, ਭਾਵ ਸਿਰਜਣਹਾਰ ਦੇ ਹੁਕਮ ਅਨੁਸਾਰ ਹੀ ਸੰਸਾਰ ਵਿਚ ਆਉਣ-ਜਾਣ, ਭਾਵ ਜੰਮਣ-ਮਰਨ ਬਣਿਆ ਹੋਇਆ ਹੈ। ਬੰਦਾ ਐਵੇਂ ਮੈਂ-ਮੇਰੀ ਦੇ ਭਰਮ ਵਿਚ ਫਸ ਕੇ ਨਰਕ-ਸਵਰਗ ਅਤੇ ਅਵਤਾਰਾਂ ਦੇ ਭਰਮਜਾਲ ਵਿਚ ਭਟਕ ਰਿਹਾ ਹੈ।
ਇਥੇ ਸਪਸ਼ਟ ਕਰਨ ਵਾਲਾ ਨੁਕਤਾ ਇਹ ਹੈ ਕਿ ਮਨੁੱਖ ਜਾਤੀ ਦੇ ਪਦਾਰਥਕ ਤੇ ਸਭਿਆਚਾਰਕ ਵਿਕਾਸ ਦੇ ਨਾਲ-ਨਾਲ ਮਨੁੱਖ ਜਾਤੀ ਦਾ ਸਮੂਹਿਕ ਅਨੁਭਵੀ ਗਿਆਨ ਵੀ ਵਿਕਾਸ ਕਰਦਾ ਆ ਰਿਹਾ ਹੈ। ਇਹ ਸਮੂਹਿਕ ਅਨੁਭਵੀ ਗਿਆਨ ਆਤਮਿਕ ਗਿਆਨ (ਫਿਲਾਸਫੀ) ਦੇ ਰੂਪ ਵਿਚ ਮਨੁੱਖ ਦੇ ਦਿਸਹੱਦਿਆਂ ਨੂੰ ਲਗਾਤਾਰ ਵਸੀਹ ਕਰ ਰਿਹਾ ਹੈ। ਆਤਮਿਕ ਗਿਆਨ (ਫਿਲਾਸਫੀ) ਦੇ ਵਸੀਹ ਹੋ ਰਹੇ ਇਨ੍ਹਾਂ ਦਿਸਹੱਦਿਆਂ ਨੇ ਹੀ ਮਨੁੱਖ ਨੂੰ ਨਰਕ-ਸਵਰਗ ਤੇ ਆਤਮਾਵਾਂ ਦੇ ਅਮਰ ਹੋਣ ਭਾਵ ਪੁਨਰ ਜਨਮ ਦੇ ਭਰਮਜਾਲ ਵਿਚੋਂ ਮੁਕਤੀ ਦਿਵਾਈ ਹੈ। ਗੁਰਮਤਿ ਅਤੇ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਇਸ ਦੀ ਮਿਸਾਲ ਹੈ।
ਪਲੈਟੋ ਵੇਲੇ ਫਿਲਾਸਫੀ ਦੇ ਗਿਆਨ ਦੀ ਇਹ ਸੀਮਤਾਈ ਹੀ ਉਸ ਨੂੰ ਆਪਣੀ ਸਾਰੀ ਸੁਹਿਰਦਤਾ ਦੇ ਬਾਵਜੂਦ ਨਰਕ-ਸਵਰਗ ਤੇ ਆਤਮਾਵਾਂ ਦੇ ਅਮਰ ਹੋਣ ਦੇ ਭਰਮਜਾਲ ਵੱਲ ਲੈ ਗਈ, ਪਰ ਕਿੰਨੀ ਦਿਲਚਸਪ ਗੱਲ ਹੈ ਕਿ ਪਲੈਟੋ ਜਿਹਾ ਮਹਾਨ ਫਿਲਾਸਫਰ ਜਦੋਂ ਨਰਕ-ਸਵਰਗ ਦੀ ਕਲਪਨਾ ਵੀ ਕਰਦਾ ਹੈ ਤਾਂ ਉਹ ਧਰਤੀ ਦੇ ਕਿੰਨਾ ਨੇੜੇ ਹੈ। ਉਸ ਦੀ ਕਥਾ ਵਿਚੋਂ ਇਹ ਗੱਲ ਵਾਰ-ਵਾਰ ਝਲਕਦੀ ਹੈ ਕਿ ਹਰਿਆਵਲ ਸਵਰਗ ਦਾ ਇਕ ਲੱਛਣ ਹੈ। ਹਰਿਆਵਲ ਦਾ ਸੰਕਲਪ ਹੁਣ ਤਕ ਮਨੁੱਖ ਨੂੰ ਅਨੰਦਿਤ ਕਰਦਾ ਆਇਆ ਹੈ, ਕਿਉਂਕਿ ਹਰਿਆਵਲ ਮਨੁੱਖ ਲਈ ਅਤਿ ਲੋੜੀਂਦੀਆਂ ਉਪਜਾਂ ਨੂੰ ਪ੍ਰਗਟ ਕਰਦੀ ਹੈ ਅਤੇ ਉਸ ਨੂੰ ਕੁਦਰਤ ਨਾਲ ਨੇੜਤਾ ਦਾ ਅਹਿਸਾਸ ਕਰਵਾਉਂਦੀ ਹੈ। ਸਵਰਗ ਤੋਂ ਉਤਰੀਆਂ ਆਤਮਾਵਾਂ ਹਰੀ ਭਰੀ ਧਰਤੀ ਉਤੇ ਬੈਠਦੀਆਂ ਹਨ, ਜਦੋਂ ਕਿ ਧਰਤੀ ਤੋਂ ਆਈਆਂ ਆਤਮਾਵਾਂ ਗਰਦ ਨਾਲ ਲਿਪਟੀਆਂ ਹੋਈਆਂ ਹਨ। ਹਰਿਆਵਲ ਸਵਰਗ ਦਾ ਲੱਛਣ ਹੈ ਅਤੇ ਗਰਦੋ-ਗੁਬਾਰ ਨਰਕ ਦਾ ਲੱਛਣ ਹੈ।
ਯਕੀਨਨ ਇਹ ਜਾਣਨਾ ਹੋਰ ਵੀ ਦਿਲਚਸਪ ਹੈ ਕਿ ਪਲੈਟੋ ਜਿਹਾ ਮਹਾਨ ਫਿਲਾਸਫਰ ਜਦੋਂ ਨਰਕ-ਸਵਰਗ ਦੀ ਕਲਪਨਾ ਵੀ ਕਰਦਾ ਹੈ ਤਾਂ ਇਸ ਕਲਪਨਾ ਪਿਛੇ ਉਸ ਦਾ ਮੰਤਵ ਕਿੰਨਾ ਉਚਾ ਤੇ ਸੁੱਚਾ ਹੈ। ਇਸ ਕਲਪਨਾ ਪਿਛੇ ਉਸ ਦਾ ਮੰਤਵ ਲੋਕਾਂ ਨੂੰ ਗੁੰਮਰਾਹ ਕਰਨਾ ਨਹੀਂ, ਸਗੋਂ ਆਮ ਲੋਕਾਂ ਨੂੰ ਬਦੀ ਵਲੋਂ ਮੋੜ ਕੇ ਨੇਕੀ ਵਾਸਤੇ ਪ੍ਰੇਰਨਾ ਹੈ। ਲੋਕਾਂ ਦੇ ਮਨਾਂ ਨੂੰ ਆਪਣੇ ਨਿੱਕੇ-ਨਿੱਕੇ ਸੁਆਰਥ ਤਿਆਗ ਕੇ ਸਮੂਹ ਦੀ ਭਲਾਈ ਲਈ ਤਿਆਰ ਕਰਨਾ ਹੈ।
ਅਜੋਕੇ ਸਾਮਰਾਜੀ ਪੂੰਜੀਵਾਦ ਦੇ ਦੌਰ ਵਿਚ ਜਦੋਂ ਕੁਝ ਕੁ ਗਿਣਤੀ ਦੇ ਅੰਨ੍ਹੇ ਬੋਲੇ ਧਨਾਢ ਲੋਕ ਆਪਣੀ ਮੁਨਾਫੇ ਦੀ ਸ਼ੈਤਾਨੀ ਹਵਸ ਨੂੰ ਪੂਰਾ ਕਰਨ ਲਈ ਕਰੋੜਾਂ-ਕਰੋੜ ਲੋਕਾਂ ਨੂੰ ਇਸ ਧਰਤੀ ਉਤੇ ਨਰਕੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਰਹੇ ਹਨ, ਉਦੋਂ ਮਹਾਨ ਪਲੈਟੋ ਦੇ ਇਹ ਸ਼ਬਦ ਮਨ ਨੂੰ ਕਿੰਨਾ ਸਕੂਨ ਦਿੰਦੇ ਹਨ, “ਪਿਆਰੇ ਗਲਾਕਨ! ਇਹ ਹੈ ਮਾਨਵ-ਜੀਵਨ ਦਾ ਮਹਾਨ ਸੰਕਟ ਤੇ ਇਥੇ ਹੀ ਸਭ ਤੋਂ ਵੱਧ ਹੁਸ਼ਿਆਰੀ ਦੀ ਲੋੜ ਹੈ। ਹਰ ਇਕ ਮਨੁੱਖ ਨੂੰ ਚਾਹੀਦਾ ਹੈ ਕਿ ਹੋਰ ਸਭ ਤਰ੍ਹਾਂ ਦੇ ਗਿਆਨ ਨੂੰ ਤਿਆਗ ਕੇ ਬਸ ਇਸੇ ਚੀਜ਼ ਦੀ ਖੋਜ ਅਤੇ ਪ੍ਰਾਪਤੀ ਵਿਚ ਲਗ ਜਾਏ ਕਿ ਅਸੀਂ ਭਲੇ-ਬੁਰੇ ਵਿਚ ਫਰਕ ਲੱਭਣਾ ਸਿੱਖ ਜਾਈਏ ਜਾਂ ਸਾਨੂੰ ਕੋਈ ਅਜਿਹਾ ਵਿਅਕਤੀ ਮਿਲ ਜਾਏ, ਜੋ ਸਾਨੂੰ ਇਹ ਚੀਜ਼ ਵੀ ਸਿਖਾ ਸਕੇ, ਜਿਸ ਨਾਲ ਜਦੋਂ ਅਤੇ ਜਿਥੇ ਵੀ ਕਿਤੇ ਮੌਕਾ ਮਿਲੇ ਅਸੀਂ ਨੇਕ ਜੀਵਨ ਦੀ ਚੋਣ ਕਰ ਸਕੀਏ। … ਮਨੁੱਖ ਨੂੰ ਚਾਹੀਦਾ ਹੈ ਕਿ ਪਰਲੋਕ ਵਿਚ ਵੀ ਆਪਣੇ ਨਾਲ ਸਥਾਈ ਅਤੇ ਨਿਆਂ ਉਤੇ ਦ੍ਰਿੜ ਸ਼ਰਧਾ ਲੈ ਕੇ ਜਾਏ। ਜੋ ਕਦੇ ਵੀ ਡੋਲੇ ਨਾ। ਜਿਸ ਨਾਲ ਕਿ ਉਥੇ ਵੀ ਧਨ, ਲੋਭ, ਝੂਠ ਤੇ ਕਪਟ ਉਸ ਦੀ ਨਜ਼ਰ ਨੂੰ ਚੁੰਧਿਆ ਨਾ ਸਕਣ। ਇਹ ਨਾ ਹੋ ਜਾਏ ਕਿ ਅਤਿਆਚਾਰੀ ਤੇ ਤਾਨਾਸ਼ਾਹੀ ਅਤੇ ਦੂਜੇ ਕੰਮਾਂ ਨਾਲ ਇਹ ਦੂਜੇ ਮਨੁੱਖਾਂ ਨੂੰ ਦੁਖ ਦੇਵੇ ਅਤੇ ਆਪਣੇ-ਆਪ ਨੂੰ ਵੀ ਨੁਕਸਾਨ ਪੁਚਾਉਣ ਦਾ ਕਾਰਨ ਬਣੇ।…ਇਹੋ ਹੀ ਸੁਖ ਅਤੇ ਖੁਸ਼ਹਾਲੀ ਦਾ ਰਾਹ ਹੈ।”
ਸਾਨੂੰ ਇਹ ਮੰਨ ਕੇ ਚਲਣਾ ਚਾਹੀਦਾ ਹੈ ਕਿ ਸਾਡੇ ਪੁਰਖੇ ਬੜੇ ਮਹਾਨ ਸਨ। ਸਾਡੇ ਜਿਨ੍ਹਾਂ ਪੁਰਖਿਆਂ ਨੇ ਧਰਮਾਂ ਦੀ ਬੁਨਿਆਦ ਰੱਖੀ ਜਾਂ ਜਿਨ੍ਹਾਂ ਨੇ ਇਨ੍ਹਾਂ ਦਾ ਅੱਗੇ ਵਿਸਥਾਰ ਕੀਤਾ, ਉਹ ਮਹਾਨ ਮਨਾਂ ਦੇ ਮਾਲਕ ਸਨ। ਉਨ੍ਹਾਂ ਮਹਾਨ ਮਨਾਂ ਨੇ ਜੇ ਕੁਝ ਕੋਰੀ ਕਲਪਨਾ ਵੀ ਕੀਤੀ, ਤਾਂ ਉਨ੍ਹਾਂ ਪਿਛੇ ਵੀ ਉਨ੍ਹਾਂ ਦਾ ਮੰਤਵ ਬੜਾ ਮਹਾਨ ਸੀ।
ਦਰਅਸਲ ਮਨੁੱਖੀ ਸਭਿਅਤਾ ਦੇ ਆਦਿ ਕਾਲ ਤੋਂ ਹੀ ਨੇਕੀ ਅਤੇ ਬਦੀ ਦੇ ਸੰਕਲਪ ਹੋਂਦ ਵਿਚ ਚਲਦੇ ਆ ਰਹੇ ਹਨ। ਨੇਕੀ ਤੋਂ ਭਾਵ ਸਮਾਜੀ ਭਲਾਈ ਜਾਂ ਪਰਉਪਕਾਰ ਦਾ ਜਜ਼ਬਾ ਹੈ ਅਤੇ ਬਦੀ ਤੋਂ ਭਾਵ ਸਮਾਜੀ ਭਲਾਈ ਨੂੰ ਅਣਗੌਲਿਆ ਕਰਕੇ ਆਪਣੇ ਸੁਆਰਥ ਨੂੰ ਪੂਰਿਆਂ ਕਰਨਾ ਹੈ। ਨੇਕੀ ਅਤੇ ਬਦੀ ਕਿਸੇ ਧਰਮ ਨਾਲ ਸਬੰਧਤ ਸ਼ਬਦ ਨਹੀਂ ਹਨ, ਸਗੋਂ ਇਹ ਮਨੁੱਖ ਜਾਤੀ ਦੇ ਹੋਏ ਸਮਾਜੀ ਅਤੇ ਸਭਿਆਚਾਰਕ ਵਿਕਾਸ ਦੀ ਦੇਣ ਹਨ। ਨੇਕੀ ਅਤੇ ਬਦੀ ਦੇ ਸੰਕਲਪ ਮਨੁੱਖੀ ਸਭਿਅਤਾ ਦੀ ਚੂਲ ਹਨ। ਇਹ ਕਿਸੇ ਨਾ ਕਿਸੇ ਰੂਪ ਵਿਚ ਦੁਨੀਆਂ ਭਰ ਦੇ ਸਾਰੇ ਸਭਿਆਚਾਰਾਂ ਵਿਚ ਮੌਜੂਦ ਹਨ। ਨੇਕੀ ਸਮਾਜੀਕਰਨ ਦੀ ਪ੍ਰਤੀਕ ਹੈ ਅਤੇ ਬਦੀ ਸਮਾਜ ਨੂੰ ਅਣਗੌਲਿਆ ਕਰਕੇ ਮਨੁੱਖੀ ਮਨ ਵਿਚ ਪੈਦਾ ਹੋਈਆਂ ਨਿਜੀ ਲਾਲਸਾਵਾਂ ਨੂੰ ਪੂਰਾ ਕਰਨ ਦੀ ਪ੍ਰਤੀਕ ਹੈ। ਸਮੂਹ ਨਾਲੋਂ ਟੁੱਟ ਕੇ ਆਪਣੇ ਬੇਲੋੜੇ ਜਾਤੀ ਹਿਤਾਂ ਦੀ ਕੀਤੀ ਗਈ ਪੈਰਵਾਈ ਹੈ। ਨੇਕੀ ਪੁੰਨ ਦੇ ਸੰਕਲਪ ਦਾ ਪ੍ਰਤੀਕ ਸਮਝੀ ਜਾਂਦੀ ਹੈ ਅਤੇ ਬਦੀ ਦਾ ਰਿਸ਼ਤਾ ਹਮੇਸ਼ਾ ਪਾਪ ਦੇ ਸੰਕਲਪ ਨਾਲ ਜੋੜਿਆ ਜਾਂਦਾ ਹੈ। ਪੁੰਨ ਭਾਵ ਕਿਸੇ ਦੂਜੇ ਦਾ ਭਲਾ ਕਰਨਾ, ਅਰਥਾਤ ਸਮਾਜੀ ਭਲਾਈ ਨੂੰ ਨਿਜੀ ਭਲਾਈ ਤੋਂ ਉਪਰ ਰੱਖਣਾ, ਪਰਉਪਕਾਰੀ ਬਣ ਕੇ ਜ਼ਿੰਦਗੀ ਜਿਉਣਾ ਜਦੋਂ ਕਿ ਬਦੀ ਪਰਉਪਕਾਰ ਦੇ ਉਲਟ ਹੈ।
ਇਨ੍ਹਾਂ ਦੋਹਾਂ ਸੰਕਲਪਾਂ ਦਾ ਹੁਣ ਵੀ ਓਨਾ ਹੀ ਮਹੱਤਵ ਹੈ, ਜਿੰਨਾ ਕਿ ਪ੍ਰਾਚੀਨ ਸਮਿਆਂ ਵਿਚ ਸੀ। ਇਨ੍ਹਾਂ ਸੰਕਲਪਾਂ ਦਾ ਧਰਮ ਨਾਲ ਕੁਝ ਵੀ ਲੈਣਾ-ਦੇਣਾ ਨਹੀਂ, ਸਗੋਂ ਇਹ ਦਇਆ ਅਤੇ ਸੰਤੋਖ ਵਾਂਗ ਮਨੁੱਖ ਦੇ ਸਭਿਆਚਾਰਕ ਵਿਕਾਸ ਨਾਲ ਵਿਕਸਿਤ ਹੋਏ ਸੰਕਲਪ ਹਨ। ਸਾਮਰਾਜੀ ਖਪਤਕਾਰੀ ਦੇ ਅਜੋਕੇ ਦੌਰ ਵਿਚ ਆ ਕੇ ਨਾਸਤਿਕਤਾ ਦੇ ਪ੍ਰਭਾਵ ਅਧੀਨ ਇਨ੍ਹਾਂ ਸੰਕਲਪਾਂ ਨੂੰ ਅਣਗੌਲਿਆ ਕਰਨ ਦੀ ਬਿਰਤੀ ਪੈਦਾ ਹੋ ਗਈ। ਇਹ ਬਿਰਤੀ ਬੜੀ ਖਤਰਨਾਕ ਹੈ ਅਤੇ ਇਹੀ ਬਿਰਤੀ ਅਜੋਕੀ ਸਾਮਰਾਜੀ ਵਹਿਸ਼ਤ ਦਾ ਆਧਾਰ ਹੈ। ਇਹੀ ਸਾਮਰਾਜੀ ਵਹਿਸ਼ਤ ਅੱਜ ਸਗਲ ਮਨੁੱਖ ਜਾਤੀ ਨੂੰ ਕਰੋਨਾ ਵਾਇਰਸ ਤੇ ਪਰਮਾਣੂ ਜੰਗ ਦੇ ਖਤਰੇ ਦੇ ਰੂਪ ਵਿਚ ਉਸ ਦੇ ਅੰਤ ਤਕ ਲੈ ਆਈ ਹੈ।