ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ
‘ਸਿਧ ਗੋਸਟਿ ਦਰਸ਼ਨ ਅਤੇ ਵਿਆਖਿਆ’ ਸਿੱਖ ਧਰਮ ਦੇ ਵਿਲੱਖਣ ਵਿਦਵਾਨ ਪ੍ਰੋ. ਹਰਨਾਮ ਦਾਸ ਵਲੋਂ ਰਚਿਤ ਕਿਤਾਬ ਹੈ। ਕਿਤਾਬ ਦੀ ਸੰਪਾਦਕ ਡਾ. ਅਮ੍ਰਿਤ ਕੌਰ ਰੈਣਾ ਦਾ ਕਥਨ ਹੈ ਕਿ ਵਿਭਿੰਨ ਧਰਮਾਂ ਦਾ ਤੁਲਨਾਤਮਕ ਅਧਿਐਨ ਪ੍ਰੋ. ਦਾਸ ਦੇ ਜੀਵਨ ਦਾ ਅਹਿਮ ਅੰਗ ਸੀ। ਅਜਿਹੇ ਖੋਜ ਕਾਰਜਾਂ ਸਬੰਧੀ ਉਨ੍ਹਾਂ ਦੇ ਅਨੇਕਾਂ ਲੇਖ ਸਮਕਾਲੀਨ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛਪਦੇ ਰਹੇ ਸਨ। ਆਪਣੇ ਜੀਵਨ ਦੌਰਾਨ ਉਨ੍ਹਾਂ ਚਾਰ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਉਨ੍ਹਾਂ ਦੀਆਂ ਹੋਰ ਸੱਤ ਕਿਤਾਬਾਂ ਡਾ. ਰੈਣਾ ਦੇ ਉਦਮ ਸਦਕਾ ਪਾਠਕਾਂ ਤਕ ਪਹੁੰਚੀਆਂ ਹਨ।

ਡਾ. ਰੈਣਾ ਨੇ ਇਸ ਕਿਤਾਬ ਦੀ “ਭੂਮਿਕਾ” ਵਿਚ ਮਨੁੱਖੀ ਜੀਵਨ ਅਤੇ ਜਗਤ ਦੇ ਵਰਤਾਰੇ ਸਬੰਧੀ ਕੁਝ ਬੁਨਿਆਦੀ ਸਵਾਲ ਉਠਾਏ ਹਨ। ਸੰਪਾਦਿਕਾ ਅਨੁਸਾਰ, ਗੁਰਬਾਣੀ ਅਤੇ ਵਿਭਿੰਨ ਧਰਮਾਂ ਦੀ ਪੜਚੋਲ ਰਾਹੀਂ ਇਨ੍ਹਾਂ ਸਵਾਲਾਂ ਦਾ ਹੱਲ ਸੁਝਾਉਣਾ ਹੀ ਇਸ ਕਿਤਾਬ ਦਾ ਮਕਸਦ ਹੈ। ਕਿਤਾਬ ਵਿਚ ਕੁੱਲ ਚਾਰ ਲੇਖ ਹਨ। ਮੁਢਲੇ ਤਿੰਨ ਲੇਖ, ਸੰਪਾਦਿਕਾ ਨੇ ਲਿਖੇ ਹਨ। “ਸ਼ਬਦ ਗੁਰੂ ਦਾ ਸੰਕਲਪ” ਲੇਖ ਵਿਚ ਡਾ. ਰੈਣਾ ਲਿਖਦੇ ਹਨ ਕਿ ਸ਼ਬਦ-ਗੁਰੂ ਦੀ ਸਾਧਨਾ, ਸਿੱਖ ਧਰਮ ਚਿੰਤਨ ਦਾ ਕੇਂਦਰ ਬਿੰਦੂ ਹੈ। ਸੁਰਤਿ ਨੂੰ ਸ਼ਬਦ ਵਿਚ ਟਿਕਾ ਕੇ ਨਾਮ ਅਭਿਆਸ ਕਰਨ ਨਾਲ ਮਨੁੱਖ ਅੰਤਰ ਚੇਤਨਾ ਦੀ ਐਸੀ ਅਵਸਥਾ ਵਿਖੇ ਜਾ ਪਹੁੰਚਦਾ ਹੈ, ਜਿਥੇ ਉਸ ਨੂੰ ਇਲਾਹੀ ਨਾਦ ਸੁਣਾਈ ਦਿੰਦਾ ਹੈ। ਵਿਸਮਾਦ ਦੀ ਅਵਸਥਾ ਦਾ ਅਨੁਭਵ ਹੁੰਦਾ ਹੈ। ਸ਼ਬਦ ਜੀਵਨ ਵਿਚ ਪ੍ਰਫੁਲਿਤ ਹੋ ਜਾਂਦਾ ਹੈ ਅਤੇ ਮਨੁੱਖ ਨਿਸ਼ਕਾਮ ਸੇਵਾ ਦੇ ਰਾਹ ‘ਤੇ ਤੁਰਦਾ ਹੈ। ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦਾ ਸਾਕਾਰ ਰੂਪ ਹੈ। ਜੀਵਨ ਵਿਚ ਸ਼ਬਦ ਗੁਰੂ ਦਾ ਵਿਕਾਸ ਗੁਰਬਾਣੀ ਰਾਹੀਂ ਹੁੰਦਾ ਹੈ। ਮਨੁੱਖੀ ਆਤਮਾ ਵਿਚ ਸ਼ਬਦ ਦਾ ਵਿਕਾਸ ਪਰਮਾਤਮਾ ਦੀ ਨਦਰ ਰਾਹੀਂ ਹੁੰਦਾ ਹੈ।
“ਨਾਮ ਮਹਿਮਾ” ਲੇਖ ਵਿਚ ਡਾ. ਰੈਣਾ ਜ਼ਿਕਰ ਕਰਦੇ ਹਨ ਕਿ ‘ਜਪੁਜੀ ਸਾਹਿਬ’ ਦੇ ਸ਼ੁਰੂ ਵਿਚ ਇਕ ਸਵਾਲ ਪੁੱਛਿਆ ਗਿਆ ਹੈ ਕਿ ਸਚਿਆਰ ਕਿਵੇਂ ਬਣਿਆ ਜਾ ਸਕਦਾ ਹੈ? ਲੇਖਿਕਾ ਦਾ ਬਿਆਨ ਹੈ ਕਿ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦਿਆਂ, ਨਾਮ ਸਿਮਰਨ ਰਾਹੀਂ ਮਨੁੱਖ ਸਚਿਆਰ ਬਣ ਸਹਿਜ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਨਾਮ ਅਭਿਆਸ ਦੁਆਰਾ ਜੀਵਨ ਵਿਚ ਦੈਵੀ ਗੁਣ ਵਿਕਸਿਤ ਹੁੰਦੇ ਹਨ।
“ਸਹਿਜ ਅਵਸਥਾ-ਸੁੰਨ ਅਵਸਥਾ ਦਾ ਸੰਕਲਪ” ਲੇਖ ਵਿਚ ਡਾ. ਰੈਣਾ ਦੱਸਦੇ ਹਨ ਕਿ ਸਹਿਜ ਅਵਸਥਾ, ਆਤਮਕ ਤੇ ਮਾਨਸਿਕ ਸ਼ਾਂਤੀ ਦੀ ਸਰਵਉਚ ਵਿਸਮਾਦੀ ਅਵਸਥਾ ਹੈ। ਇਹ ਆਤਮਾ ਦੀ ਪਰਮਾਤਮਾ ਵਿਚ ਲੀਨ ਹੋਣ ਦੀ ਅਵਸਥਾ ਹੈ। ਸਿੱਖ ਧਰਮ ਅਨੁਸਾਰ ਜੀਵਨ ਦਾ ਸਰਬੋਤਮ ਉਦੇਸ਼ ਸਹਿਜ ਅਵਸਥਾ ਦੀ ਪ੍ਰਾਪਤੀ ਹੈ।
ਕਿਤਾਬ ਦਾ ਮੁੱਖ ਲੇਖ “ਵਿਆਖਿਆ ਸਿਧ ਗੋਸਟਿ” ਪ੍ਰੋ. ਹਰਨਾਮ ਦਾਸ ਦੁਆਰਾ ਰਚਿਤ ਹੈ, ਜੋ ਕੁੱਲ 120 ਪੰਨਿਆਂ ਵਾਲੀ ਇਸ ਕਿਤਾਬ ਦੇ 104 ਪੰਨਿਆਂ ਉਪਰ ਫੈਲਿਆ ਹੋਇਆ ਹੈ। ਪ੍ਰੋ. ਦਾਸ ਅਨੁਸਾਰ ਸਿਧ ਗੋਸਟਿ ਵਿਚ ਸਿੱਧਾਂ ਨਾਲ ਵਿਚਾਰ-ਚਰਚਾ ਅਤੇ ਪਰਮਾਤਮਾ ਨਾਲ ਮਿਲਾਪ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਗੁਰੂ ਨਾਨਕ ਜੀ ਅਨੁਸਾਰ ਸੰਤਾਂ ਦੀ ਸੰਗਤ ਵਿਚ ਸੱਚ ਦੀ ਪ੍ਰਾਪਤੀ ਹੁੰਦੀ ਹੈ। ਸੱਚੇ ਸ਼ਬਦ ਨੂੰ ਜੀਵਨ ਵਿਚ ਢਾਲੇ ਬਿਨਾ ਕੋਈ ਵੀ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਅਨੁਸਾਰ ਸੱਚੇ-ਸੁੱਚੇ ਜੀਵਨ ਅਮਲ ਨਾਲ, ਤਮੋ, ਰਜੋ ਤੇ ਸਤੋ ਗੁਣਾਂ ਤੋਂ ਉਚਾ ਉਠ ਕੇ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਣਾ ਜੀਵਨ ਜਿਉਣ ਦੀ ਸਹੀ ਜੁਗਤ ਹੈ। ਪਰਮਾਤਮਾ ਗੁਰਮੁਖਾਂ ਦੇ ਜੀਵਨ ਅੰਦਰ ਸਰਗੁਣ, ਸਾਕਾਰ ਤੇ ਸੁਚੇਤ ਰੂਪ ਵਿਚ ਜਿਉਂਦਾ ਹੈ। ਪ੍ਰੋ. ਦਾਸ ਦਾ ਕਥਨ ਹੈ ਕਿ ਇਸ ਰਚਨਾ ਰਾਹੀਂ ਗੁਰੂ ਜੀ, ਗ੍ਰਹਿਸਥ ਜੀਵਨ ਤੇ ਅਧਿਆਤਮਕ ਜੀਵਨ ਦਾ ਤਾਲਮੇਲ ਸਥਾਪਿਤ ਕਰਦੇ ਹਨ।
ਪ੍ਰੋ. ਦਾਸ ਦੀ ਲੇਖਣ ਸ਼ੈਲੀ ਸਰਲ ਅਤੇ ਸਪਸ਼ਟਤਾਪੂਰਣ ਹੈ। ਉਸ ਨੇ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਉਚਿਤ ਹਵਾਲੇ ਪੇਸ਼ ਕੀਤੇ ਹਨ। ਕਦੀ ਕਦੀ ਬਿਰਤਾਂਤ ਵਿਚ ਦੁਹਰਾ ਨਜ਼ਰ ਪੈਂਦਾ ਹੈ, ਪਰ ਇਹ ਪਾਠਕ ਦਾ ਧਿਆਨ ਭੰਗ ਨਹੀਂ ਕਰਦਾ। ਯੂਨੀਸਟਾਰ ਬੁੱਕਸ, ਚੰਡੀਗੜ੍ਹ ਵਲੋਂ ਪ੍ਰਕਾਸ਼ਿਤ ਕੀਤੀ ਇਹ ਇਕ ਵਧੀਆ ਕਿਤਾਬ ਹੈ, ਜੋ ਗੁਰਬਾਣੀ ਦੇ ਵਿਭਿੰਨ ਪਹਿਲੂਆਂ ਬਾਰੇ ਵਿਸਤ੍ਰਿਤ ਜਾਣਕਾਰੀ ਪੇਸ਼ ਕਰਦੀ ਹੈ।