ਮੌਤ ਦੀ ਉਡੀਕ ਕਰਦਿਆਂ: ਹਵਾ ਸਾਨੂੰ ਵਹਾ ਲੈ ਜਾਏਗੀ

ਸਿਨੇਮਾ ਯਾਦਾਂ, ਚੇਤਿਆਂ ਅਤੇ ਸੁਪਨਿਆਂ ਨੂੰ ਪੁਨਰ-ਸੁਰਜੀਤ ਕਰਨ ਦੀ ਕਲਾ ਹੈ। ਸਾਰੀਆਂ ਕਲਾਵਾਂ ਵਿਚੋਂ ਸਿਨੇਮਾ ਇਸ ਲਈ ਵੀ ਖਾਸ ਹੈ ਕਿ ਇਸ ਦੀ ਆਪਣੀ ਜ਼ੁਬਾਨ ਹੈ। ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾਉਣਗੇ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਇਸ ਵਾਰ ਇਰਾਨ ਦੇ ਫਿਲਮਸਾਜ਼ ਅੱਬਾਸ ਕਇਰੋਸਤਮੀ ਦੀ ਫਿਲਮ ‘ਦਿ ਵਿੰਡ ਵਿਲ ਕੈਰੀ ਅੱਸ’ ਬਾਰੇ ਗੱਲ ਕੀਤੀ ਗਈ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330
ਫਿਲਮਸਾਜ਼ ਅੱਬਾਸ ਕਇਰੋਸਤਮੀ ਦੀ ਫਿਲਮ ‘ਦਿ ਵਿੰਡ ਵਿਲ ਕੈਰੀ ਅੱਸ’ (ਹਵਾ ਸਾਨੂੰ ਵਹਾ ਲੈ ਜਾਏਗੀ) ਨੂੰ ‘ਕਵਿਤਾ ਦੀ ਫਿਲਮ’ ਜਾਂ ‘ਫਿਲਮ ‘ਚ ਕਵਿਤਾ’ ਕਹਿਣਾ ਗਲਤ ਨਹੀਂ ਹੋਵੇਗਾ। ਹੋ ਸਕਦਾ ਹੈ, ਇਸ ਨੂੰ ਹਾਲੀਵੁੱਡ ਜਾਂ ਬਾਲੀਵੁੱਡ ਦਾ ਆਮ ਦਰਸ਼ਕ ਇਹ ਕਹਿ ਕੇ ਰੱਦ ਕਰ ਦੇਵੇ ਕਿ ‘ਇਸ ਵਿਚ ਕੁਝ ਵਾਪਰਦਾ ਤਾਂ ਹੈ ਨਹੀਂ’। ਇਸ ਸਵਾਲ ਦਾ ਜਵਾਬ ਇਸ ਟਿੱਪਣੀ ਤੋਂ ਵੀ ਜ਼ਿਆਦਾ ਦਿਲਚਸਪ ਹੈ ਕਿ ਇਸ ਫਿਲਮ ਵਿਚ ਚਾਰ ਪੱਤਰਕਾਰ ਮਿਲ ਕੇ ਜਿਸ ਮੌਤ ਦਾ ਇੰਤਜ਼ਾਰ ਕਰ ਰਹੇ ਹਨ, ਉਸ ਦੇ ਨਾ ਵਾਪਰਨ ਵਿਚ ਹੀ ਜ਼ਿੰਦਗੀ ਦੀ ਜਿੱਤ ਹੈ, ਫਿਲਮ ਦੀ ਜਿੱਤ ਹੈ ਅਤੇ ਕਵਿਤਾ ਦੀ ਜਿੱਤ ਹੈ। ਇਹ ਫਿਲਮ ਦੇਖਣ ਤੋਂ ਪਹਿਲਾਂ ਇਸ ਕਵਿਤਾ ‘ਦਿ ਵਿੰਡ ਵਿਲ ਕੈਰੀ ਅੱਸ’ (ਹਵਾ ਸਾਨੂੰ ਵਹਾ ਲੈ ਜਾਏਗੀ) ਅਤੇ ਇਸ ਨੂੰ ਲਿਖਣ ਵਾਲੀ ਇਰਾਨ ਦੀ ਕਵਿੱਤਰੀ ਅਤੇ ਫਿਲਮਸਾਜ਼ ਫਰੋਗ ਫਾਰੁਖਜ਼ਾਦ ਦਾ ਜ਼ਿਕਰ ਜ਼ਰੂਰੀ ਹੈ। ਫਰੋਗ ਦੀ ਕਵਿਤਾ ‘ਦਿ ਵਿੰਡ ਵਿੱਲ ਕੈਰੀ ਅੱਸ’ (ਹਵਾ ਸਾਨੂੰ ਵਹਾ ਲੈ ਜਾਏਗੀ) ਦੀ ਪਹਿਲੀਆਂ ਸਤਰਾਂ ਅਨੁਸਾਰ:
ਹਵਾ ਵਹਾ ਲੈ ਜਾਏਗੀ ਸਾਨੂੰ
ਮੇਰੀ ਇਸ ਨਿੱਕੀ ਜਿਹੀ ਰਾਤ ਵਿਚ
ਅਫਸੋਸ, ਹਵਾ ਮਿਲਣ ਆਈ ਹੈ ਪੱਤਿਆਂ ਨੂੰ
ਮੇਰੀ ਇਹ ਨਿੱਕੀ ਜਿਹੀ ਰਾਤ
ਜਿਸ ਵਿਚ ਰੰਜ਼ ਹੈ, ਰੋਸਾ ਹੈ, ਝੋਰਾ ਹੈ
ਕੀ ਤੁਸੀਂ ਸੁਣੀ ਹੈ ਇਨ੍ਹਾਂ ਪਰਛਾਵਿਆਂ ਦੀ ਖੁਸਰ-ਫੁਸਰ?
ਇਹ ਖੁਸ਼ੀ ਮੈਨੂੰ ਕਿੰਨੀ ਓਪਰੀ ਲੱਗਦੀ ਹੈ?
ਜਦਕਿ ਮੈਨੂੰ ਆਦਤ ਹੈ ਗਹਿਰੀਆਂ ਉਦਾਸੀਆਂ ਦੀ।
ਫਰੋਗ ਫਾਰੁਖਜ਼ਾਦ ਦੀ ਇਸ ਕਵਿਤਾ ਵਾਂਗ ਫਿਲਮ ‘ਹੋਣ-ਨਾ ਹੋਣ’, ‘ਹਾਜ਼ਿਰ-ਗੈਰਹਾਜ਼ਿਰ’, ‘ਮਿਲਣ-ਵਿਛੜਨ’ ਅਤੇ ‘ਵਾਪਰਬ-ਨਾ ਵਾਪਰਨ’ ਦੀਆਂ ਚਾਰਦੀਵਾਰੀਆਂ ਅਤੇ ਘੇਰਿਆਂ ਦਰਮਿਆਨ ਘੁੰਮਦੀ ਰਹਿੰਦੀ ਹੈ। ਅੱਬਾਸ ਹੁਨਰਮੰਦ ਘਾੜੇ ਵਾਂਗ ਇਸ ਕਵਿਤਾ ਲਈ ਅਜਿਹੇ ਬਿਰਤਾਂਤ ਅਤੇ ਆਲੇ-ਦੁਆਲੇ ਦੀ ਚੋਣ ਕਰਦਾ ਹੈ ਜਿਥੇ ਕੋਈ ਵੀ ਚੀਜ਼ ਜਾਂ ਬੰਦਾ ਕਿਸੇ ਵੀ ਦੂਜੇ ਬੰਦੇ ਜਾਂ ਚੀਜ਼ ਨਾਲ ਦੁਜੈਲਾ, ਓਪਰਾ ਤੇ ਸੁੰਨਾ ਵਿਹਾਰ ਨਹੀੰ ਕਰ ਸਕਦਾ। ਇਰਾਨ ਦੇ ਇਸ ਨਿੱਕੇ ਜਿਹੇ ਪਿੰਡ ਵਿਚ ਜੰਮਣ ਅਤੇ ਮਰਨ ਦਾ ਇਹੀ ਸੱਚ ਹੈ ਜਿਸ ਦੀ ਪੈੜ ਫਰੋਗ ਫਾਰੁਖਜ਼ਾਦ ਆਪਣੀ ਕਵਿਤਾ ਵਿਚ ਅਤੇ ਅੱਬਾਸ ਕਇਰੋਸਤਮੀ ਆਪਣੀ ਫਿਲਮ ਵਿਚ ਨੱਪਦੇ ਹਨ।
ਅੱਬਾਸ ਕਇਰੋਸਤਮੀ ਦੀ ਇਸ ਫਿਲਮ ਦੀ ਕਹਾਣੀ ਸ਼ਹਿਰ ਤੋਂ ਇਕ ਨਿੱਕੇ ਜਿਹੇ ਪਿੰਡ ਵਿਚ ਵਾਪਰ ਸਕਣ ਵਾਲੀ ਘਟਨਾ ਦੇ ਚਸ਼ਮਦੀਦ ਗਵਾਹ ਬਣਨ ਦੀ ਝਾਕ ਵਿਚ ਪਹੁੰਚੇ ਚਾਰ ਪੱਤਰਕਾਰਾਂ ਦੇ ਇਰਦ-ਗਿਰਦ ਘੁੰਮਦੀ ਹੈ ਜਦਕਿ ਫਿਲਮ ਵਿਚ ਮੁੱਖ ਕਿਰਦਾਰ ‘ਮੌਤ’ ਹੈ। ਫਿਲਮ ਵਿਚ ਤਹਿਰਾਨ ਵਿਚ ਕੰਮ ਕਰਦੇ ਪੱਤਰਕਾਰ ਵਹਿਜ਼ਾਦ ਨੂੰ ਪਤਾ ਲੱਗਦਾ ਹੈ ਕਿ ਪਿੰਡ ਵਿਚ ਸੌ ਸਾਲਾਂ ਦੀ ਇੱਕ ਬਜ਼ੁਰਗ ਔਰਤ ਹੈ ਜਿਸ ਦੀ ਮੌਤ ਹੋਣ ਦੀ ਸੰਭਾਵਨਾ ਹੈ। ਵਹਿਜ਼ਾਦ ਨੂੰ ਪਤਾ ਹੈ ਕਿ ਇਸ ਔਰਤ ਦੀ ਮੌਤ ਨੂੰ ‘ਵੱਡਿਆਂ’ ਜਾਵੇਗਾ ਜਿਸ ਦਾ ਅਰਥ ਇਹ ਹੈ: ਇਹ ਔਰਤ ਇੰਨੀ ਲੰਮੀ ਤੇ ਅਰਥ-ਭਰਪੂਰ ਜ਼ਿੰਦਗੀ ਮਾਣ ਕੇ ਫੌਤ ਹੋਈ ਹੈ, ਇਸ ਦੀ ਮੌਤ ਦਾ ਮਾਤਮ ਸਾਧਾਰਨ ਨਹੀਂ ਸਗੋਂ ਸ਼ਾਨਦਾਰ ਜਸ਼ਨ ਦੇ ਰੂਪ ਵਿਚ ਮਨਾਇਆ ਜਾਵੇਗਾ। ਇਸ ਮੌਕੇ ਨਾ ਸਿਰਫ ਪਿੰਡ ਦੇ ਵੱਡੇ-ਵਡੇਰਿਆਂ ਨੂੰ ਯਾਦ ਕੀਤਾ ਜਾਵੇਗਾ ਬਲਕਿ ਸਾਰਾ ਪਿੰਡ ਰਸਮਾਂ-ਰਿਵਾਜ਼ਾਂ ਰਾਹੀਂ ਇਸ ਔਰਤ ਦੀ ਪਿੰਡ ਨੂੰ ਦੇਣ ਲਈ ਉਸ ਦਾ ਸ਼ੁਕਰ ਕਰੇਗਾ।
ਵਹਿਜ਼ਾਦ ਅਤੇ ਉਸ ਦੇ ਸ਼ਹਿਰੀ ਦੋਸਤਾਂ ਲਈ ਇਹ ਨਾ ਸਿਰਫ ਇਸ ਵੱਖਰੀ ਕਿਸਮ ਦੀ ਕਹਾਣੀ ਨੂੰ ਸ਼ਹਿਰਾਂ ਦੀ ਸੁੰਗੜ ਰਹੀ ਸੰਵੇਦਨਸ਼ੀਲਤਾ ਅਤੇ ਮੌਤ ਦੀਆਂ ਰਸਮੀ ਕਾਰਵਾਈਆਂ ਦੇ ਰੂ-ਬ-ਰੂ ਕਰਵਾਉਣ ਦਾ ਮੌਕਾ ਹੈ ਸਗੋਂ ਪੀੜ੍ਹੀ-ਦਰ-ਪੀੜ੍ਹੀ ਚਲੀ ਆ ਰਹੀ ਉਸ ਦਾਰਸ਼ਿਨਕਤਾ ਅਤੇ ਬੌਧਿਕਤਾ ਨੂੰ ਸਮਝਣ ਦਾ ਮੌਕਾ ਵੀ ਹੈ ਜਿਹੜੀ ਕਿਸੇ ਖਿੱਤੇ ਦੀ ਰੂਹ ਨੂੰ ਜ਼ਿੰਦਾ ਤੇ ਜ਼ਰਖੇਜ਼ ਰੱਖਦੀ ਹੈ। ਵਹਿਜ਼ਾਦ ਇਸ ਪਿੰਡ ਵਿਚ ਰੁਕਣ ਅਤੇ ‘ਮੌਤ’ ਦਾ ਇੰਤਜ਼ਾਰ ਕਰਨ ਲਈ ਕਿਸੇ ਛੁਪੇ ਖਜ਼ਾਨੇ ਦੀ ਝੂਠੀ ਕਹਾਣੀ ਘੜ ਲੈਂਦਾ ਹੈ। ਉਹ ਪਿੰਡ ਵਿਚ ਘੁੰਮਣ ਅਤੇ ਇਸ ਨੂੰ ਜਾਣਨ ਲਈ ਉਸ ਬਜ਼ੁਰਗ ਔਰਤ ਬੀਬੀ ਮਲਿਕ ਦੇ ਪੜਪੋਤੇ ਫਰਜ਼ਾਦ ਨਾਲ ਦੋਸਤੀ ਗੰਢ ਲੈਂਦਾ ਹੈ।
ਵਹਿਜ਼ਾਦ ਕੋਲ ਮੋਬਾਇਲ ਫੋਨ ਹੈ ਜਿਹੜਾ ਪਿੰਡ ਵਿਚ ਨੈਟਵਰਕ ਨਹੀਂ ਫੜਦਾ। ਇਸੇ ਕਾਰਨ ਉਸ ਨੂੰ ਵਾਰ-ਵਾਰ ਉਨ੍ਹਾਂ ਦੋਵਾਂ ਪਹਾੜੀਆਂ ਦੀਆਂ ਚੋਟੀਆਂ ‘ਤੇ ਚੜ੍ਹਨਾ-ਉਤਰਨਾ ਪੈਂਦਾ ਹੈ ਜਿਨ੍ਹਾਂ ਪਹਾੜੀਆਂ ਨਾਲ ਇਹ ਪਿੰਡ ਘਿਰਿਆ ਹੋਇਆ ਹੈ। ਉਸ ਨੂੰ ਪਹਿਲਾ ਫੋਨ ਉਸ ਦੇ ਘਰੋਂ ਆਉਂਦਾ ਹੈ ਜਿਸ ਤੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਇਕ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ ਤੇ ਉਸ ਦੇ ਨਾ ਆਉਣ ਕਾਰਨ ਸਾਰੇ ਉਦਾਸ ਹਨ ਪਰ ਉਹ ਤਾਂ ਖੁਦ ਕਿਸੇ ਦੀ ਮੌਤ ਉਡੀਕ ਰਿਹਾ ਹੈ। ਇਉਂ ਫਿਲਮਸਾਜ਼ ਅੱਬਾਸ, ਮੌਤ ਦੇ ਨਾਲ ‘ਨਜ਼ਦੀਕੀ ਅਤੇ ਦੂਰੀ’ ਮਾਪਣ ਦੇ ਨਵੇਂ ਸਭਿਅਕ ਤਰੀਕਿਆਂ ‘ਤੇ ਵਿਅੰਗ ਕਰਦਾ ਹੈ। ਇਥੇ ਹੀ ਉਸ ਦੀ ਮੁਲਾਕਾਤ ਯੂਸਫ ਨਾਲ ਹੁੰਦੀ ਹੈ। ਯੂਸਫ ਕਿਸੇ ਟੈਲੀ ਕਮਿਊਨੀਕੇਸ਼ਨ ਕੰਪਨੀ ਦੇ ਨਵੇਂ ਪ੍ਰੋਜੈਕਟ ਲਈ ਖੰਭੇ ਗੱਡਣ ਲਈ ਟੋਏ ਪੁੱਟਣ ਦਾ ਕੰਮ ਕਰ ਰਿਹਾ ਹੈ। ਉਸ ਨਾਲ ਪਿੰਡ ਬਾਰੇ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਦੌਰਾਨ ਹੀ ਵਹਿਜ਼ਾਦ ਦੀ ਨਿਰਮਾਤਾ ਦਾ ਫੋਨ ਲਗਾਤਾਰ ਆਉਂਦਾ ਰਹਿੰਦਾ ਹੈ ਜਿਸ ਤੋਂ ਅੱਕਿਆ ਉਹ ਯੂਸਫ ਨੂੰ ਵਾਰ-ਵਾਰ ਕਹਿੰਦਾ ਹੈ ਕਿ ਕਿੰਨਾ ਚੰਗਾ ਹੈ ਕਿ ਯੂਸਫ ਨੂੰ ਕਿਸੇ ‘ਬੌਸ’ ਦੇ ਅਧੀਨ ਕੰਮ ਨਹੀਂ ਕਰਨਾ ਪੈ ਰਿਹਾ। ਉਥੇ ਹੀ ਉਸ ਦੀ ਮੁਲਾਕਾਤ ਯੂਸਫ ਦੀ ਮੰਗੇਤਰ ਨਾਲ ਹੁੰਦੀ ਹੈ ਜਿਸ ਨੂੰ ਉਹ ਫਰੋਗ ਫਾਰੁਖਜ਼ਾਦ ਦੀ ਕਵਿਤਾ ‘ਦਿ ਵਿੰਡ ਵਿੱਲ ਕੈਰੀ ਅੱਸ’ (ਹਵਾ ਸਾਨੂੰ ਵਹਾ ਲੈ ਜਾਏਗੀ) ਸੁਣਾ ਕੇ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਦਾ ਉਹ ਕੋਈ ਜਵਾਬ ਨਹੀਂ ਦਿੰਦੀ।
ਅੱਬਾਸ ਇਥੇ ਸ਼ਹਿਰੀ ਅਤੇ ਪੇਂਡੂ ਨੈਤਕਿਤਾ ਵਿਚ ਸਿੱਧੀ ਲਾਈਨ ਖਿੱਚਦਾ ਹੈ। ਵਹਿਜ਼ਾਦ ਦਾ ਕਿਰਦਾਰ ਫਿਲਮ ਵਿਚ ‘ਕਿਸੇ ਬਾਹਰੀ ਜਣੇ’ ਦਾ ਕਿਰਦਾਰ ਹੈ ਜਿਸ ਦਾ ਕੈਮਰਾ, ਫੋਨ ਅਤੇ ਹੋਰ ਤਾਮ-ਝਾਮ ਪਿੰਡ ਵਾਲਿਆਂ ਅਤੇ ਉਸ ਵਿਚ ਇਕ ਬੇਹੱਦ ਸੂਖਮ ਪਰ ਬਹੁਤ ਤਿੱਖੀ ਵਿਥ ਖਿੱਚ ਦਿੰਦੇ ਹਨ। ਅੱਬਾਸ ਇਸ ਵਿਥ ਦੀਆਂ ਸਾਰੀਆਂ ਉਲਝਣਾਂ ਤੋਂ ਜਾਣੂ ਹੈ। ਫਿਲਮ ਦੇ ਇਕ ਦ੍ਰਿਸ਼ ਵਿਚ ਵਹਿਜ਼ਾਦ ਅਤੇ ਫਰਜ਼ਾਦ (ਬਜ਼ੁਰਗ ਔਰਤ ਦਾ ਪੜਪੋਤਾ) ਦੇ ਸੰਵਾਦਾਂ ‘ਤੇ ਗੌਰ ਕਰੋ:
ਵਹਿਜ਼ਾਦ: ਤੂੰ ਮੈਨੂੰ ਸਭ ਸਹੀ-ਸਹੀ ਦੱਸ ਰਿਹੈਂ?
ਫਰਜ਼ਾਦ: ਆਹੋ
ਵਹਿਜ਼ਾਦ:ਤੈਨੂੰ ਲੱਗਦੈ, ਮੈਂ ਵਧੀਆ ਬੰਦਾ ਨਹੀਂ?
ਫਰਜ਼ਾਦ: (ਮੁਸਕਰਾਉਂਦੇ ਹੋਏ) ਨਹੀਂ।
ਵਹਿਜ਼ਾਦ: ਪੂਰਾ ਭਰੋਸਾ ਤੈਨੂੰ?
ਫਰਜ਼ਾਦ: (ਥੋੜ੍ਹਾ ਜ਼ੋਰ ਨਾਲ) ਹਾਂ।
ਵਹਿਜ਼ਾਦ: ਇੰਨਾ ਭਰੋਸਾ ਕਿਵੇਂ ਹੋ ਸਕਦਾ ਤੈਨੂੰ?
ਫਰਜ਼ਾਦ: (ਪੂਰੀ ਮੁਸਕਰਾਹਟ ਨਾਲ) ਮੈਨੂੰ ਪਤੈ… ਤੁਸੀਂ ਚੰਗੇ ਹੋ।
ਵਹਿਜ਼ਾਦ: ਅੱਛਾ; ਜੇ ਮੈਂ ਚੰਗਾ ਤਾਂ ਇੱਦਾਂ ਕਰ, ਦੁੱਧ ਪਾਉਣ ਲਈ ਭਾਂਡਾ ਲੈ ਕੇ ਆ।
ਇਨ੍ਹਾਂ ਸੰਵਾਦਾਂ ਬਾਰੇ ਇਕ ਪੱਤਰਕਾਰ ਨੇ ਜਦੋਂ ਫਿਲਮਸਾਜ਼ ਅੱਬਾਸ ਕਇਰੋਸਤਮੀ ਤੋਂ ਪੁੱਛਿਆ ਕਿ ਕਿਤੇ ਤੁਸੀਂ ਹੀ ਤਾਂ ਨਹੀਂ ਇਹ ਸਾਰੇ ਸਵਾਲ ਪੁੱਛੇ ਤਾਂ ਅੱਬਾਸ ਨੇ ਹੱਸਦਿਆਂ ਕਿਹਾ, “ਹਾਂ ਯਾਰ, ਮੈਨੂੰ ਫਿਲਮ ਬਣਾਉਂਦਿਆਂ ਲੱਗ ਰਿਹਾ ਸੀ ਕਿ ਫਰਜ਼ਾਦ ਇਸ ਅਦਾਕਾਰ ਵਹਿਜ਼ਾਦ ਨੂੰ ਪਸੰਦ ਕਰਦਾ ਹੈ, ਮੈਨੂੰ ਕੁਝ ਖਾਸ ਨਹੀਂ ਸਮਝਦਾ।” ਇਉਂ ਅੱਬਾਸ ਫਿਲਮ ਬਣਾਉਂਦਿਆਂ ਵੀ ਫਿਲਮਸਾਜ਼ ਦੀ ਆਲੇ-ਦੁਆਲੇ ਦੀ ਅਤੇ ਆਲੇ-ਦੁਆਲੇ ਬਾਰੇ ਸਮਝ ‘ਤੇ ਸਵਾਲ ਕਰਦਾ ਹੈ। ਉਹ ਇਕ ਤਰ੍ਹਾਂ ਨਾਲ ਫਿਲਮ ਦੀ ਕਥਾ ਦੇ ਤੌਰ ‘ਤੇ ਕਲਪਨਾ ਅਤੇ ਕੈਮਰੇ ਦੀ ਅੱਖ ਵਿਚ ਚਲਦੀ ਕਸ਼ਮਕਸ਼ ਨੂੰ ਜ਼ਿੰਦਗੀ ਨੂੰ ਹੋਰ ਨੇੜਿਓਂ ਜਾਣਨ ਲਈ ਵਰਤਦਾ ਹੈ।
ਅੱਬਾਸ ਦੀਆਂ ਬਾਕੀ ਫਿਲਮਾਂ ਵਾਂਗ ਇਸ ਫਿਲਮ ਦੇ ਵਾਪਰਨ ਦੀ ਜਗ੍ਹਾ ਵੀ ਬਹੁਤ ਸਾਰੇ ਰਸਤਿਆਂ, ਕੱਚੇ-ਪੱਕੇ ਘਰਾਂ, ਪਹਾੜਾਂ ਅਤੇ ਪੱਕੀਆਂ ਫਸਲਾਂ ਵਾਲੇ ਖੇਤਾਂ ਨਾਲ ਭਰੀ ਹੋਈ ਹੈ। ਰਸਤੇ ਵਲੇਵੇਂਦਾਰ ਹਨ, ਘਰ ਕਿਥੋਂ ਸ਼ੁਰੂ ਤੇ ਕਿਥੇ ਖਤਮ ਹੁੰਦੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਪਿੰਡ ਉਪਰ ਪਹਾੜਾਂ ਦੀ ਆਪਣੀ ਕਿਸਮ ਦੀ ਅਣਦਿਸਦੀ ਸੱਤਾ ਹੈ ਅਤੇ ਫਸਲਾਂ ਦੇ ਸੁਨਹਿਰੀ ਰੰਗਾਂ ਨੇ ਸਾਰੀ ਕਾਇਨਾਤ ਨੂੰ ਆਪਣੀ ਖੁਸ਼ਬੂ ਵਿਚ ਲਪੇਟਿਆ ਹੋਇਆ ਹੈ। ਇਸ ਦਾ ਅਹਿਸਾਸ ਇਸ ਫਿਲਮ ਨੂੰ ਦੇਖਦਿਆਂ ਵਾਰ-ਵਾਰ ਕੀਤਾ ਜਾ ਸਕਦਾ ਹੈ। ਇਸ ਫਿਲਮ ਦਾ ਸੰਗੀਤ ਆਪਣੇ-ਆਪ ਵਿਚ ਕੀਮਤੀ ਖਜ਼ਾਨੇ ਵਾਂਗ ਹੈ ਜਿਸ ਦਾ ਰਾਜ਼ ਅੱਬਾਸ ਅਨੁਸਾਰ, ‘ਰਾਬਰਟ ਬਰੈਸਨ ਦੀਆਂ ਫਿਲਮਾਂ ਨੂੰ ਵਾਰ-ਵਾਰ ਦੇਖਣਾ ਹੈ।’
ਇਹ ਫਿਲਮ ਸ਼ੁਰੂ ਤੋਂ ਅਖੀਰ ਤੱਕ ਲੰਮੇ ਇੰਤਜ਼ਾਰ ਵਾਲੀ ਫਿਲਮ ਹੈ ਜਿਸ ਦੌਰਾਨ ‘ਮੌਤ’ ਸੈਮੂਅਲ ਬੈਕਟ ਦੇ ਡਰਾਮੇ ਦੇ ਕਿਰਦਾਰ ‘ਗੋਦੋ’ ਵਾਂਗ ਅੰਤ ਤੱਕ ਨਹੀਂ ਬਹੁੜਨੀ। ਇਸ ਇੰਤਜ਼ਾਰ ਵਿਚ ‘ਹਾਜ਼ਿਰੀ ਤੇ ਗੈਰ-ਹਾਜ਼ਿਰੀ’ ਦਾ ਨੁਕਤਾ ਪੂਰੀ ਫਿਲਮ ਵਿਚ ਲਗਾਤਾਰ ਘੁੰਮਦਾ ਰਹਿੰਦਾ ਹੈ। ਅੱਬਾਸ ਦੀ ਇਸ ਫਿਲਮ ਵਿਚ ਵਹਿਜ਼ਾਦ ‘ਹਾਜ਼ਿਰ’ ਹੈ ਪਰ ਉਸ ਦੀ ਟੀਮ ਦੇ ਤਿੰਨੇ ਮੈਂਬਰਾਂ ਨੂੰ ਦਰਸ਼ਕ ਕਿਤੇ ਨਹੀਂ ਦੇਖਦਾ। ਇਸੇ ਤਰ੍ਹਾਂ ਯੂਸਫ ਫਿਲਮ ਵਿਚ ‘ਹਾਜ਼ਿਰ’ ਹੈ ਪਰ ਉਹ ਸਿਰਫ ਉਸ ਟੋਏ ਵਿਚੋਂ ਆਉਂਦੀ ਆਵਾਜ਼ ਹੈ। ਦਰਸ਼ਕ ਉਸ ਦਾ ਚਿਹਰਾ ਜਾਂ ਸਰੀਰ ਨਹੀਂ ਦੇਖ ਸਕਦਾ। ਸਭ ਤੋਂ ਵੱਡਾ ਭੇਤ ਇਹ ਹੈ ਕਿ ਜਿਸ ਸੌ ਸਾਲਾ ਔਰਤ ਦੀ ‘ਮੌਤ ਦੀ ਘਟਨਾ’ ਦੇ ਇਰਦ-ਗਿਰਦ ਇਹ ਸਾਰੀ ਕਹਾਣੀ ਬੁਣੀ ਗਈ ਹੈ, ਉਹ ਪੂਰੀ ਫਿਲਮ ਵਿਚ ਕਿਤੇ ਵੀ ਨਜ਼ਰੀ ਨਹੀਂ ਪੈਂਦੀ।
ਫਰੋਗ ਫਾਰੁਖਜ਼ਾਦ ਆਪਣੀ ਕਵਿਤਾ ਵਿਚ ਲਿਖਦੀ ਹੈ ਕਿ ਰਾਤ ਦੌਰਾਨ ਚੰਦ ਦਾ ਵਾਪਰ ਜਾਣਾ ਕਿੰਨਾ ਆਮ ਹੈ। ਇਸੇ ਤਰ੍ਹਾਂ ਕeਰੋਸਤਮੀ ਅੱਬਾਸ ਦੀਆਂ ਫਿਲਮਾਂ ਵਿਚ ਕਹਾਣੀ ਦਾ ਘਟ ਜਾਣਾ ਹਵਾ ਵਗਣ ਵਾਂਗ ਇਕੋ ਸਮੇਂ ਸਾਧਾਰਨ ਵੀ ਹੈ ਅਤੇ ਖਾਸ ਵੀ।