ਵਤਨ ਵਾਪਸੀ ਬਹਾਨੇ ਪਰਵਾਸੀ ਭਾਰਤੀਆਂ ਦੀ ਲੁੱਟ

ਵੰਦੇ ਭਾਰਤ ਮਿਸ਼ਨ ਸਵਾਲਾਂ ਦੇ ਘੇਰੇ ਵਿਚ
ਚੰਡੀਗੜ੍ਹ: ਕਰੋਨਾ ਮਹਾਮਾਰੀ ਅਤੇ ਲੌਕਡਾਊਨ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ ਲਈ ਚਲਾਇਆ ਵੰਦੇ ਭਾਰਤ ਮਿਸ਼ਨ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਪਿਛਲੇ 30 ਸਾਲਾਂ ਵਿਚ ਇਹ ਸਭ ਤੋਂ ਵੱਡਾ ਏਅਰ ਲਿਫਟ ਹੈ, ਪਰ ਇਸ ਮਿਸ਼ਨ ਆਸਰੇ ਕਿਸ ਤਰ੍ਹਾਂ ਪਰਵਾਸੀਆਂ ਦੀ ਲੁੱਟ ਹੋ ਰਹੀ ਹੈ, ਇਸ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ।

ਵਿਦੇਸ਼ਾਂ ਤੋਂ ਪਰਤੇ ਲੋਕ ਸਵਾਲ ਕਰ ਰਹੇ ਹਨ ਕਿ ਇਕ ਪਾਸੇ ਮੋਦੀ ਸਰਕਾਰ ਇਸ ਨੂੰ ‘ਮਿਸ਼ਨ’ ਐਲਾਨ ਦਾਅਵਾ ਕਰ ਰਹੀ ਹੈ ਕਿ ਬਿਪਤਾ ਦੀ ਘੜੀ ਵਿਚ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ, ਦੂਜੇ ਪਾਸੇ 3 ਗੁਣਾ ਭਾੜਾ ਵਸੂਲ ਕੇ ਉਨ੍ਹਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਹੀ ਨਹੀਂ, ਜਦੋਂ ਇਹ ਲੋਕ ਦਿੱਲੀ ਜਾਂ ਅੰਮ੍ਰਿਤਸਰ ਹਵਾਈ ਅੱਡੇ ਉਤੇ ਉਤਰਦੇ ਹਨ ਤਾਂ ਉਨ੍ਹਾਂ ਅੱਗੇ ਮਹਿੰਗੇ ਹੋਟਲਾਂ ਦੀ ਲਿਸਟ ਰੱਖ ਦਿੱਤੀ ਜਾਂਦੀ ਹੈ, ਜੋ 4 ਤੋਂ 5 ਹਜ਼ਾਰ ਰੁਪਏ ਇਕ ਦਿਨ ਦੇ ਲੈ ਰਹੇ ਹਨ। ਮੈਲਬਰਨ ਤੋਂ ਅੰਮ੍ਰਿਤਸਰ ਪੁੱਜੇ ਕੁਝ ਨੌਜਵਾਨਾਂ ਦਾ ਕਹਿਣਾ ਹੈ ਕਿ ਸਰਕਾਰ ਪੰਜਾਬ ਪੁੱਜਣ ਉਤੇ ਕਰੋਨਾ ਤੋਂ ਬਚਾਅ ਲਈ ਸਮਾਜਿਕ ਦੂਰੀਆਂ ਦੀ ਗੱਲ ਕਰਦੀ ਹੈ ਪਰ ਏਅਰ ਇੰਡੀਆ ਦੇ ਜਹਾਜ਼ ਵਿਚ ਉਨ੍ਹਾਂ ਨੂੰ ਤੂੜ ਕੇ ਲਿਆਂਦਾ ਗਿਆ। ਕੁਝ ਪਰਵਾਸੀਆਂ ਦੀ ਇਹ ਵੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਕਰੋਨਾ ਸ਼ੱਕੀ ਦੱਸ ਕੇ ਵੱਖ ਕੀਤਾ ਹੋਇਆ ਹੈ ਪਰ ਨਾ ਤਾਂ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ ਤੇ ਨਾ ਕੋਈ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।
ਹਵਾਈ ਅੱਡੇ ਉਤਰਦੇ ਹੀ ਹੋਟਲ ਨੇ 7 ਦਿਨਾਂ ਦੇ ਐਡਵਾਂਸ ਪੈਸੇ ਲੈ ਕੇ ਉਨ੍ਹਾਂ ਨੂੰ ਦਾਖਲ ਹੋਣ ਦਿੱਤਾ। ਮੈਲਬਰਨ ਤੋਂ ਹਰਸੁਖਬੀਰ ਸਿੰਘ ਨੇ ਸਰਕਾਰੀ ਨੀਅਤ ਉਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਰਤ ਨੇ ਜਿਹੜਾ ਵੰਦੇ ਭਾਰਤ ਮਿਸ਼ਨ ਚਲਾਇਆ ਹੈ, ਉਸ ਤਹਿਤ ਏਅਰ ਇੰਡੀਆ ਦੀ ਜਿਹੜੀ ਫਲਾਈਟ ਮੈਲਬਰਨ ਆਉਂਦੀ ਹੈ, ਉਸ ਦਾ ਆਸਟਰੇਲੀਅਨ ਸਰਕਾਰ ਨਾਲ ਸਮਝੌਤਾ ਹੈ। ਇਸ ਲਈ ਭਾਰਤ ਤੋਂ ਇਹ ਫਲਾਈਟ ਖਾਲੀ ਨਹੀਂ ਆ ਰਹੀ। ਇਸ ਦੀ ਘੱਟੋ ਘੱਟ ਟਿਕਟ 2200 ਡਾਲਰ ਹੈ। ਜਿਹੜੇ ਲੋਕ ਇਥੋਂ ਜਾ ਰਹੇ ਹਨ, ਉਨ੍ਹਾਂ ਤੋਂ 4 ਹਜ਼ਾਰ ਤੋਂ 4500 ਡਾਲਰ ਦੀ ਟਿਕਟ ਲਈ ਜਾ ਰਹੀ ਹੈ, ਜਦ ਕਿ ਦਿੱਲੀ ਤੱਕ ਦੀ ਆਮ ਟਿਕਟ 1700 ਡਾਲਰ ਹੈ। 13 ਘੰਟੇ ਦੇ ਸਫਰ ਵਿਚ ਉਹ ਬਿਨਾਂ ਕੁਝ ਖਾਧੇ ਇਥੇ ਪੁੱਜੇ ਹਨ।
ਉਸ ਨੇ ਤਰਲਾ ਮਾਰਿਆ ਕਿ ਏਅਰ ਇੰਡੀਆ ਭਾਵੇਂ ਜਿੰਨੇ ਮਰਜ਼ੀ ਪੈਸੇ ਲਵੇ ਪਰ ਇਸ ਨੂੰ ਵੰਦੇ ਭਾਰਤ ਮਿਸ਼ਨ ਨਾ ਕਹੋ, ਇਹ ਖਰਚਾ ਤਾਂ ਲੋਕ ਆਪਣੇ ਪੱਲਿਉਂ ਕਰ ਰਹੇ ਹਨ। ਦੱਸ ਦਈਏ ਕਿ ਮੋਦੀ ਸਰਕਾਰ ਨੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਤਨ ਲਿਆਉਣ ਲਈ ਪਿਛਲੇ ਦਿਨੀਂ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਸੀ। ਇਸ ਮਿਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਵਤਨ ਵਾਪਸੀ ਦੀ ਇੱਛਾ ਰੱਖਣ ਵਾਲਿਆਂ ਨੂੰ ਆਨਲਾਈਨ ਅਪਲਾਈ ਕਰਨ ਲਈ ਆਖਿਆ ਸੀ। ਇਹ ਸੁਣ ਅਜਿਹੇ ਲੋਕਾਂ ਨੂੰ ਚਾਅ ਚੜ੍ਹ ਗਿਆ ਸੀ ਜੋ ਕੰਮ ਨਾ ਮਿਲਣ ਕਾਰਨ ਇਥੇ ਕਾਫੀ ਦਿਨਾਂ ਤੋਂ ਵਿਹਲੇ ਬੈਠੇ ਸਨ। ਪਰ ਸਰਕਾਰ ਨੇ ਨਾਲ ਦੀ ਨਾਲ ਆਖ ਦਿੱਤਾ ਕਿ ਜਹਾਜ਼ ਦੀ ਟਿਕਟ ਖੁਦ ਲੈਣੀ ਪਵੇਗੀ। ਇਹ ਸੁਣ ਪਿਛਲੇ 2 ਮਹੀਨਿਆਂ ਤੋਂ ਵਿਹਲੇ ਬੈਠੇ ਇਨ੍ਹਾਂ ਨੌਜਵਾਨਾਂ ਦੇ ਹੌਸਲੇ ਟੁੱਟ ਗਏ। ਕੁਝ ਤਾਂ ਪੈਸਿਆਂ ਦਾ ਜੁਗਾੜ ਕਰਨ ਵਿਚ ਸਫਲ ਰਹੇ ਪਰ ਜ਼ਿਆਦਾਤਰ, ਖਾਸ ਕਰਕੇ ਖਾੜੀ ਦੇਸ਼ਾਂ ਵਿਚ ਫਸੇ ਨੌਜਵਾਨ ਵਤਨ ਵਾਪਸੀ ਦੀ ਆਸ ਛੱਡ ਬੈਠੇ।
ਯਾਦ ਰਹੇ ਕਿ ਵਿਦੇਸ਼ਾਂ ਤੋਂ ਪਰਤ ਰਹੇ ਪੰਜਾਬੀਆਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ, ਜੋ ਪੜ੍ਹਾਈ ਬਹਾਨੇ ਵਿਦੇਸ਼ਾਂ ਵਿਚ ਚੰਗੇ ਭਵਿੱਖ ਦੀ ਆਸ ਲੈ ਕੇ ਗਏ ਸਨ ਪਰ ਪਿਛਲੇ 2 ਮਹੀਨਿਆਂ ਤੋਂ ਲੌਕਡਾਊਨ ਕਾਰਨ ਇਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ। ਹੁਣ ਇਨ੍ਹਾਂ ਕੋਲ ਪੈਸੇ ਮੁੱਕਣ ਲੱਗੇ ਸਨ। ਪੰਜਾਬ ਦੇ ਕੁਝ ਨੌਜਵਾਨਾਂ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਜ਼ਮੀਨਾਂ ਵੇਚ ਕੇ ਘਰ-ਬਾਰ ਏਜੰਟਾਂ ਨੂੰ ਲੁਟਾ ਕੇ ਸੁਨਹਿਰੀ ਭਵਿੱਖ ਲਈ ਅਮਰੀਕਾ ‘ਚ ਰੋਜ਼ੀ-ਰੋਟੀ ਕਮਾਉਣ ਦੇ ਸੁਪਨੇ ਲੈ ਕੇ ਗਏ ਸਨ। ਪਹਿਲਾਂ ਤਾਂ ਜੰਗਲਾਂ ‘ਚ ਦੁੱਖ ਅਤੇ ਕਸ਼ਟ ਝੱਲ ਕੇ ਉਹ ਮੈਕਸੀਕੋ ਪਹੁੰਚੇ ਅਤੇ ਫਿਰ ਅਮਰੀਕਾ ਪੁਲਿਸ ਦੇ ਹੱਥੇ ਚੜ੍ਹ ਗਏ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਕਰੋਨਾ ਤਾਂ ਪਤਾ ਨਹੀਂ ਜ਼ਿੰਦਗੀ ਨੂੰ ਕੀ ਕਰੂ ਪਰ ਸਭ ਕੁੱਝ ਗੁਆ ਕੇ ਜਦੋਂ ਭਵਿੱਖ ਹੀ ਹਨੇਰੀ ਸੁਰੰਗ ਸਾਹਮਣੇ ਖੜ੍ਹਾ ਦਿਖਾਈ ਦੇ ਰਿਹਾ ਹੋਵੇ ਤਾਂ ਮਹਾਮਾਰੀ ਤੋਂ ਘੱਟ ਡਰਾਉਣਾ ਨਹੀਂ ਲੱਗਦਾ।
ਵਿਦੇਸ਼ ਤੋਂ ਪਰਤੇ ਪੰਜਾਬੀਆਂ ਨੂੰ ਮਿਲਣ ਪੁੱਜੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਵਾਲ ਚੁੱਕੇ ਕਿ ਜੋ ਲੋਕ ਹੋਟਲ ਦਾ ਖਰਚਾ ਨਹੀਂ ਦੇ ਸਕਦੇ, ਸਰਕਾਰ ਉਨ੍ਹਾਂ ਨੂੰ ਸਕੂਲਾਂ ਜਾਂ ਕੈਂਪਾਂ ਵਿਚ ਮੁਫਤ ਰੱਖਣ ਦਾ ਦਾਅਵਾ ਕਰ ਰਹੀ ਹੈ, ਪਰ ਹੁਣ ਇਨ੍ਹਾਂ ਤੋਂ 1000 ਰੁਪਏ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿਧਾਇਕ ਬੈਂਸ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਦੋਵਾਂ ਇਕਾਂਤਵਾਸ ਕੇਂਦਰਾਂ ‘ਚ ਦੁਬਈ, ਬੈਂਕਾਂਕ, ਮਸਕਟ, ਥਾਈਲੈਂਡ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਲੋਕ ਸ਼ਾਮਲ ਹਨ। ਪਹਿਲਾਂ ਤਾਂ ਉਨ੍ਹਾਂ ਦਾ ਲੌਕਡਾਊਨ ਦੌਰਾਨ ਕੰਮ ਬੰਦ ਹੋ ਗਿਆ। ਹੁਣ ਇਥੇ ਵੀ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ ਨੇ ਵਿਧਾਇਕ ਬੈਂਸ ਨੂੰ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਲਿਆਂਦਾ ਗਿਆ ਤਾਂ ਉਨ੍ਹਾਂ ਕੋਲੋਂ ਪੈਸੇ ਮੰਗੇ ਗਏ। ਲੋਕਾਂ ਨੇ ਸ਼ਿਕਾਇਤ ਕੀਤੀ ਕਿ ਪਿਛਲੇ ਦੋ ਦਿਨਾਂ ਤੋਂ ਪੀਣ ਵਾਲਾ ਪਾਣੀ ਵੀ ਬੰਦ ਕਰ ਦਿੱਤਾ ਗਿਆ ਹੈ।
___________________________
ਪਰਵਾਸੀਆਂ ਨੂੰ ਇਕਾਂਤਵਾਸ ‘ਚੋਂ ਹਫਤੇ ਬਾਅਦ ਮਿਲੇਗੀ ਛੁੱਟੀ
ਪੰਜਾਬ ਸਰਕਾਰ ਨੇ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕਰਨ ਸਬੰਧੀ ਨਵੀਆਂ ਸੇਧਾਂ ਜਾਰੀ ਕੀਤੀਆਂ ਹਨ। ਇਨ੍ਹਾਂ ਸੇਧਾਂ ਮੁਤਾਬਕ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀ ਨੂੰ ਹੋਟਲ ਵਿਚ ਸਰਕਾਰੀ ਨਿਗਰਾਨੀ ਵਾਲੇ ਇਕਾਂਤਵਾਸ ਕੇਂਦਰ ਤੋਂ ਇਕ ਹਫਤੇ ਬਾਅਦ ਘਰ ਭੇਜ ਕੇ ਘਰ ਅੰਦਰ ਸੱਤ ਦਿਨਾਂ ਲਈ ਇਕਾਂਤ ਵਿਚ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਹਰੇਕ ਵਿਅਕਤੀ ਨੂੰ ਰਾਜ ਸਰਕਾਰ ਵੱਲੋਂ ਬਣਾਈ ਗਈ Ḕਕੋਵਾ’ ਐਪ ਆਪਣੇ ਮੋਬਾਈਲ ਫੋਨ ‘ਤੇ ਲਾਜ਼ਮੀ ਅਪਲੋਡ ਕਰਨੀ ਪਵੇਗੀ। ਸਿਹਤ ਵਿਭਾਗ ਵੱਲੋਂ ਜਾਰੀ ਸੇਧਾਂ ਮੁਤਾਬਕ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀ ਦੀ ਸਕਰੀਨਿੰਗ ਦੌਰਾਨ ਜੇਕਰ ਪਾਜ਼ੇਟਿਵ ਲੱਛਣ ਪਾਏ ਜਾਂਦੇ ਹਨ ਤਾਂ ਸਰਕਾਰੀ ਆਈਸੋਲੇਸ਼ਨ ਕੇਂਦਰ ਵਿਚ ਭੇਜਿਆ ਜਾਵੇਗਾ ਤੇ ਜੇਕਰ ਕੋਈ ਲੱਛਣ ਨਹੀਂ ਹੈ ਤਾਂ ਇਕਾਂਤਵਾਸ ਕੇਂਦਰ ਭੇਜ ਕੇ 5 ਦਿਨਾਂ ਬਾਅਦ ਸੈਂਪਲ ਲਿਆ ਜਾਵੇਗਾ