ਹੁਣ ਖੇਤੀ ਬੀਜ ਘੁਟਾਲੇ ਵਿਚ ਘਿਰੀ ਕੈਪਟਨ ਸਰਕਾਰ

ਚੰਡੀਗੜ੍ਹ: ਸ਼ਰਾਬ, ਰੇਤ ਦੀ ਖੱਡਾਂ ਦੀ ਨਿਲਾਮੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਖੇਤੀ ਬੀਜ ਘੁਟਾਲੇ ਵਿਚ ਘਿਰ ਗਈ ਹੈ। ਇਸ ਘੁਟਾਲੇ ਪਿੱਛੇ ਕਈ ਮੰਤਰੀਆਂ ਦੇ ਨਾਮ ਬੋਲਣ ਕਾਰਨ ਕੈਪਟਨ ਸਰਕਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਕਾਲੀ ਦਲ ਬਾਦਲ ਨੇ ਕਿਸਾਨਾਂ ਦੀ ਲੁੱਟ ਕਰਨ ਵਾਲਿਆਂ ਨੂੰ ਨੰਗਾ ਕਰਨ ਲਈ ਜ਼ਿਲ੍ਹਾ ਪੱਧਰੀ ਧਰਨਿਆਂ ਦਾ ਐਲਾਨ ਕਰ ਦਿੱਤਾ ਹੈ। ਉਧਰ, ਕਿਸਾਨਾਂ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਪੰਜਾਬ ਅੰਦਰ ਝੋਨੇ ਦੀ ਪੀæਆਰæ 128 ਤੇ ਪੀæਆਰæ 129 ਕਿਸਮ ਦੀ ਵਿਕਰੀ ‘ਚ ਹੋਏ ਕਰੋੜਾਂ ਰੁਪਏ ਦੇ ਘਪਲੇ ਅਤੇ ਮੰਤਰੀਆਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਦੀ ਲੁੱਟ ਖਿਲਾਫ ਸੜਕਾਂ ‘ਤੇ ਉੱਤਰਨਗੇ।

ਦੋਸ਼ ਹਨ ਕਿ ਪੰਜਾਬ ‘ਚ ਗੈਰ-ਤਸਦੀਕਸ਼ੁਦਾ ਖੇਤੀ ਬੀਜ ਵੇਚ ਕੇ ਕਿਸਾਨਾਂ ਨਾਲ ਠੱਗੀ ਦਾ ਵੱਡਾ ਧੰਦਾ ਚੱਲ ਰਿਹਾ ਹੈ। ਬਾਦਲ ਸਰਕਾਰ ਸਮੇਂ ਪੀæਆਰæ 201 ਝੋਨੇ ਦੀ ਕਿਸਮ ਵਧੇਰੇ ਟੋਟਾ ਆਉਣ ਤੇ ਬਦਰੰਗ ਹੋਣ ਕਾਰਨ ਬੰਦ ਕਰ ਦਿੱਤੀ ਸੀ, ਪਰ ਖੇਤੀ ਯੂਨੀਵਰਸਿਟੀ ਨੇ ਹੁਣ ਇਸ ਦੀ ਸੁਧਾਈ ਕਰਕੇ ਝੋਨੇ ਦੀ ਨਵੀਂ ਕਿਸਮ 128 ਤੇ 129 ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ ਨਵੀਆਂ ਕਿਸਮਾਂ ਦਾ ਤਸਦੀਕਸ਼ੁਦਾ ਬੀਜ ਸਿਰਫ ਯੂਨੀਵਰਸਿਟੀ ਵਲੋਂ ਹੀ ਵੇਚਿਆ ਜਾ ਰਿਹਾ ਹੈ ਪਰ ਇਨ੍ਹਾਂ ਨਵੀਆਂ ਕਿਸਮਾਂ ਦਾ ਗੈਰ ਤਸਦੀਕਸ਼ੁਦਾ ਬੀਜ ਧੜੱਲੇ ਨਾਲ ਰਾਜ ਦੇ ਕਈ ਜ਼ਿਲ੍ਹਿਆਂ ਵਿਚ ਵੱਧ ਭਾਅ ਉਪਰ ਵੇਚਿਆ ਜਾ ਰਿਹਾ ਹੈ। ਖੇਤੀ ਯੂਨੀਵਰਸਿਟੀ ਦੇ ਐਨ ਸਾਹਮਣੇ ਇਕ ਬੀਜ ਕੇਂਦਰ ਇਹ ਗੈਰ ਤਸਦੀਕਸ਼ੁਦਾ ਬੀਜ ਉਚੇ ਦਰ ਉਪਰ ਵੇਚਦਾ ਫੜਿਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਬਾਅਦ ਖੇਤੀ ਵਿਭਾਗ ਨੂੰ ਕਈ ਹੋਰ ਥਾਈਂ ਵੀ ਇਹ ਧੰਦਾ ਚੱਲਦਾ ਹੋਣ ਦਾ ਪਤਾ ਲੱਗਾ ਹੈ। ਪਤਾ ਲੱਗਾ ਹੈ ਕਿ ਜਗਰਾਉਂ ਦੇ ਦੁਰਗਾ ਸਟੋਰ, ਬਰਨਾਲਾ ਦੀ ਫਰਮ ਅਰਜਨ ਹਾਈਬਰੋ, ਲੁਧਿਆਣਾ ‘ਚ ਲਾਡੋਵਾਲੀ ਸੀਡ, ਅੰਮ੍ਰਿਤਸਰ ਦੇ ਦਰਸ਼ਨ ਸੀਡ ਆਦਿ ਫਰਮਾਂ ਦੀ ਵੀ ਖੇਤੀ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮੁਢਲੇ ਤੌਰ ‘ਤੇ ਗੈਰ ਤਸਦੀਕਸ਼ੁਦਾ ਬੀਜ ਮਹਿੰਗੇ ਭਾਅ ਵੇਚੇ ਜਾਣ ਦੀ ਪੁਸ਼ਟੀ ਹੋ ਰਹੀ ਹੈ। ਲੁਧਿਆਣਾ ‘ਚ ਜਿਸ ਬੀਜ ਸਟੋਰ ਤੋਂ ਗੈਰ ਤਸਦੀਕਸ਼ੁਦਾ ਬੀਜ ਫੜਿਆ ਗਿਆ ਹੈ, ਉਸ ਨੇ ਇਹ ਬੀਜ ਗੁਰਦਾਸਪੁਰ ਦੇ ਵੈਰੋਵਾਲ ਪਿੰਡ ‘ਚ ਚੱਲਦੇ ਬੀਜ ਫਾਰਮ ਤੋਂ ਲਿਆਂਦਾ ਹੈ ਪਰ ਇਥੇ ਸਵਾਲ ਤਾਂ ਇਹ ਉਠਦਾ ਹੈ ਕਿ ਝੋਨੇ ਦੀ ਨਵੀਂ ਕਿਸਮ 128-129 ਦਾ ਬੀਜ ਤਿਆਰ ਕਰਨ ਦਾ ਤਾਂ ਇਸ ਫਰਮ ਕੋਲ ਅਖਤਿਆਰ ਹੀ ਨਹੀਂ, ਫਿਰ ਵੱਡੀ ਮਾਤਰਾ ਵਿਚ ਉਸ ਕੋਲ ਇਹ ਬੀਜ ਕਿੱਥੋਂ ਆ ਗਿਆ ਹੈ ਤੇ ਫਿਰ ਇਹ ਗੈਰ ਤਸਦੀਕਸ਼ੁਦਾ ਬੀਜ ਧੜੱਲੇ ਨਾਲ ਵਿਕ ਕਿੱਦਾਂ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਤੇ ਕਰੋੜਾਂ ਰੁਪਏ ਦੇ ਬੀਜ ਘੁਟਾਲੇ ਨੂੰ ਉਤਸ਼ਾਹਤ ਕਰਨ ਦੇ ਦੋਸ਼ ਲਾਉਂਦਿਆਂ ਇਸ ਦੀ ਕੇਂਦਰੀ ਜਾਂਚ ਏਜੰਸੀ ਕੋਲੋਂ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਸਰਕਾਰ ਉਤੇ ਦੋਸ਼ ਹਨ ਕਿ ਇਸ ਮਾਮਲੇ ਵਿਚ 11 ਮਈ ਨੂੰ ਖੇਤੀਬਾੜੀ ਵਿਭਾਗ ਵੱਲੋਂ ਦਰਜ ਕਰਵਾਈ ਐਫ਼ਆਈæਆਰæ ਦੇ ਬਾਵਜੂਦ ਕੁਲਫੀਆਂ ਵੇਚਣ ਵਾਲੇ ਤੋਂ ਬੀਜ ਉਤਪਾਦਕ ਬਣੇ ਲੱਕੀ ਢਿੱਲੋਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਸ ਨੂੰ ਸੁਖਜਿੰਦਰ ਰੰਧਾਵਾ ਦੀ ਕਥਿਤ ਪੁਸ਼ਤਪਨਾਹੀ ਹਾਸਲ ਹੈ। ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਕਿ ਪੀæਏæਯੂæ ਵਲੋਂ ਪ੍ਰਮਾਣਿਤ ਨਾ ਕੀਤੇ ਗਏ ਨਕਲੀ ਬੀਜ ਨੂੰ ਪੀਆਰ-128 ਅਤੇ ਪੀਆਰ-129 ਵੰਨਗੀਆਂ ਵਜੋਂ ਮਾਰਕੀਟ ਵਿਚ ਉਤਾਰਨ ਮਗਰੋਂ 200 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਹੈ। ਇਸ ਤੋਂ ਬਾਅਦ ਵਿਭਾਗ ਨੇ ਲੁਧਿਆਣਾ ਵਿਚ ਕੇਸ ਦਰਜ ਕਰਵਾਇਆ।