ਆਫੀਆ ਸਦੀਕੀ ਦਾ ਜਹਾਦ-20

ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ। ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਅਮਰੀਕਾ ਪੁੱਜ ਗਈ। ਆਪਣੇ ਭਰਾ ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ ਤੇ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਹ ਬੋਸਟਨ ਦੀ ਮੈਸਾਚੂਸੈਟਸ ਇੰਸੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ ਜਿਨ੍ਹਾਂ ਦਾ ਨਾਅਰਾ ਵੱਧ ਤੋਂ ਵੱਧ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਊਰਜਾ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਕਹਿਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਜਹਾਦ ਦੇ ਮਾਮਲੇ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ ਤੇ ਆਖਰਕਾਰ ਦੋਵੇਂ ਵੱਖ ਹੋ ਗਏ। ਅਮਜਦ ਖਾਨ ਨੇ ਇਕ ਹੋਰ ਕੁੜੀ ਨਾਲ ਨਿਕਾਹ ਕਰਵਾ ਲਿਆ। ਫਿਰ ਵਾਪਸ ਪਾਕਿਸਤਾਨ ਪੁੱਜੀ ਆਫੀਆ ਦਾ ਸਿੱਧਾ ਸੰਪਰਕ ਅਲ-ਕਾਇਦਾ ਦੇ ਅਹਿਮ ਬੰਦਿਆਂ ਨਾਲ ਹੋ ਗਿਆ। ਇਹ ਬੰਦੇ ਅਮਰੀਕਾ ਵਿਚ ਦੂਜੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸਨ ਕਿ ਐਫ਼ਬੀæਆਈæ ਨੇ ਸਾਰੀ ਸੂਹ ਕੱਢ ਲਈ। 9/11 ਹਮਲਿਆਂ ਦੇ ਸੂਤਰਧਾਰ ਖਾਲਿਦ ਸ਼ੇਖ ਮੁਹੰਮਦ ਫੜਿਆ ਗਿਆ। ਹੋਰ ਗ੍ਰਿਫਤਾਰੀਆਂ ਵੀ ਹੋਈਆਂ, ਪਰ ਆਫੀਆ ਘਰੋਂ ਫਰਾਰ ਹੋ ਗਈ। ਫਿਰ ਉਸ ਦੇ ਫੜੇ ਜਾਣ ਦੀ ਖਬਰ ਆ ਗਈ।æææਹੁਣ ਅੱਗੇ ਪੜ੍ਹੋæææ
ਹਰਮਹਿੰਦਰ ਚਹਿਲ
ਫੋਨ: 703-362-3239
ਸਭ ਨੂੰ ਲੱਗਦਾ ਸੀ ਕਿ ਜੇ ਆਫੀਆ ਆਪਣੇ ਵਕੀਲਾਂ ਦਾ ਕਿਹਾ ਮੰਨ ਲਵੇ ਤਾਂ ਉਹ ਇਸ ਕੇਸ ‘ਚੋਂ ਬਰੀ ਹੋ ਸਕਦੀ ਹੈ, ਪਰ ਉਹ ਤਾਂ ਕੇਸ ਨੂੰ ਠੀਕ ਢੰਗ ਨਾਲ ਚੱਲਣ ਹੀ ਨਹੀਂ ਸੀ ਦਿੰਦੀ। ਉਸ ਦੇ ਵਕੀਲ ਉਸ ਨੂੰ ਕੁਝ ਵੀ ਕਹੀ ਜਾਂਦੇ, ਪਰ ਉਨ੍ਹਾਂ ਦੀ ਗੱਲ ‘ਤੇ ਕੰਨ ਨਹੀਂ ਸੀ ਧਰਦੀ। ਆਫੀਆ ਨੂੰ ਉਸ ਦੇ ਆਪਣਿਆਂ ਨੇ ਵੀ ਸਮਝਾਇਆ ਕਿ ਉਹ ਵਕੀਲਾਂ ਦਾ ਕਿਹਾ ਮੰਨੇ, ਪਰ ਉਸ ਨੇ ਕਿਸੇ ਦੀ ਗੱਲ ਨਾ ਸੁਣੀਂ। ਵੱਡੀ ਗੱਲ ਇਹ ਵੀ ਸੀ ਕਿ ਉਸ ਉਪਰ ਅਤਿਵਾਦ ਦੇ ਦੋਸ਼ ਨਹੀਂ ਲੱਗੇ ਸਨ। ਸਿਆਣੇ ਵਕੀਲ ਸਮਝਦੇ ਸਨ ਕਿ ਜੇ ਸਰਕਾਰ ਉਸ ‘ਤੇ ਅਤਿਵਾਦ ਦੇ ਦੋਸ਼ ਲਾ ਦਿੰਦੀ ਹੈ ਤਾਂ ਗਵਾਹਾਂ ਨੂੰ ਕੋਰਟ ਵਿਚ ਪੇਸ਼ ਕਰਨਾ ਪਊ। ਗਵਾਹ ਵੀ ਕੋਈ ਆਮ ਨਹੀਂ ਸਨ। ਇਨ੍ਹਾਂ ਵਿਚ ਖਾਲਿਦ ਸ਼ੇਖ ਮੁਹੰਮਦ (ਕੇæਐਸ਼ਐਮæ) ਵਰਗੇ ਮੋਢੀ ਅਲ-ਕਾਇਦਾ ਮੈਂਬਰ ਸਨ। ਉਨ੍ਹਾਂ ਲੋਕਾਂ ਕੋਲ ਬਹੁਤ ਸਾਰੇ ਭੇਤ ਸਨ। ਉਨ੍ਹਾਂ ਨੂੰ ਅਦਾਲਤਾਂ ‘ਚ ਪੇਸ਼ ਕਰ ਕੇ ਸਰਕਾਰ ਇਨ੍ਹਾਂ ਭੇਤਾਂ ਦੇ ਖੁੱਲ੍ਹਣ ਦਾ ਖਤਰਾ ਮੁੱਲ ਨਹੀਂ ਲੈ ਸਕਦੀ ਸੀ। ਇਸ ਤੋਂ ਇਲਾਵਾ ਇਹ ਦਹਿਸ਼ਤਪਸੰਦ ਅਜੇ ਤੱਕ ਗੁਪਤ ਜੇਲ੍ਹਾਂ ‘ਚ ਕਿਧਰੇ ਕੈਦ ਸਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚਣ ਲਈ ਸਰਕਾਰ ਨੇ ਆਫੀਆ ‘ਤੇ ਅਤਿਵਾਦ ਦੇ ਦੋਸ਼ ਨਹੀਂ ਲਗਾਏ ਸਨ। ਵਕੀਲਾਂ ਮੁਤਾਬਕ, ਉਸ ਉਤੇ ਜੋ ਵੀ ਚਾਰਜ ਲੱਗੇ ਹਨ, ਉਨ੍ਹਾਂ ਨੂੰ ਉਹ ਸਹਿਜੇ ਹੀ ਉਡਾ ਦੇਣਗੇ। ਇਹ ਵਕੀਲ ਕੋਈ ਆਮ ਵਕੀਲ ਨਹੀਂ ਸਨ। ਆਫੀਆ ਦੇ ਭਰਾ ਨੇ ਪਾਕਿਸਤਾਨ ਸਰਕਾਰ ਤੋਂ ਮਿਲੀ, ਦੋ ਮਿਲੀਅਨ ਡਾਲਰ ਦੀ ਮਦਦ ਨਾਲ ਬੜੇ ਉਚ ਕੋਟੀ ਦੇ ਵਕੀਲਾਂ ਦੀ ਟੀਮ ਖੜ੍ਹੀ ਕੀਤੀ ਸੀ, ਪਰ ਆਫੀਆ ਵਕੀਲਾਂ ਦਾ ਕਿਹਾ ਘੱਟ ਹੀ ਮੰਨ ਰਹੀ ਸੀ। ਆਖਰ ਉਸ ਦੇ ਵਕੀਲਾਂ ਨੇ ਆਫੀਆ ਦੇ ਭਰਾ ਨੂੰ ਸਲਾਹ-ਮਸ਼ਵਰੇ ਲਈ ਬੁਲਾਇਆ।
“ਮਿਸਟਰ ਸਦੀਕੀ, ਅਸੀਂ ਇਹ ਕੇਸ ਖਾਸ ਢੰਗ ਨਾਲ ਲੜਨ ਦੀ ਸਕੀਮ ਬਣਾਈ ਐ। ਉਸ ਬਾਬਤ ਈ ਤੇਰੇ ਨਾਲ ਗੱਲਬਾਤ ਕਰਨੀ ਐ।” ਆਫੀਆ ਦਾ ਭਰਾ ਆਇਆ ਤਾਂ ਮੋਢੀ ਵਕੀਲ ਨੇ ਗੱਲ ਤੋਰੀ।
“ਸਰ, ਉਹ ਕੀ?”
“ਗੱਲ ਤਾਂ ਬੜੀ ਸਾਦੀ ਜਿਹੀ ਐ, ਪਰ ਇਸ ਦੇ ਲਈ ਆਫੀਆ ਨੂੰ ਸਾਨੂੰ ਪੂਰਾ ਸਹਿਯੋਗ ਦੇਣਾ ਪਵੇਗਾ।”
“ਤੁਸੀਂ ਦੱਸੋ ਤਾਂ ਸਹੀ ਕਿ ਗੱਲ ਕੀ ਐ। ਉਸ ਨਾਲ ਮੈਂ ਗੱਲ ਕਰਾਂਗਾ।”
“ਅਸੀਂ ਜੱਜ ਨੂੰ ਬੇਨਤੀ ਕਰਾਂਗੇ ਕਿ ਸਾਡਾ ਕਲਾਇੰਟ ਕੋਰਟ ‘ਚ ਬਿਲਕੁਲ ਚੁੱਪ ਰਹੇਗਾ। ਚੁੱਪ ਰਹਿਣਾ ਉਸ ਦਾ ਹੱਕ ਵੀ ਐ ਅਤੇ ਜੱਜ ਇਹ ਗੱਲ ਮੰਨ ਵੀ ਲਵੇਗਾ।”
“ਫਿਰ?”
“ਇਸ ਪਿੱਛੋਂ ਆਫੀਆ ਸਾਰੀ ਸੁਣਵਾਈ ਦੌਰਾਨ ਚੁੱਪ ਰਹੇਗੀ। ਸਰਕਾਰੀ ਵਕੀਲ ਵੀ ਉਸ ਨੂੰ ਕੋਈ ਸੁਆਲ ਨਹੀਂ ਕਰ ਸਕੇਗਾ। ਸਾਡੀ ਵਿਉਂਤ ਇਹ ਐ ਕਿ ਸਰਕਾਰ ਦੇ ਲਾਏ ਇਲਜ਼ਾਮਾਂ ‘ਚੋਂ ਕਿਸੇ ਇੱਕ ਨੂੰ ਝੂਠਾ ਸਾਬਤ ਕਰ ਦੇਈਏ। ਇਹ ਕੋਈ ਵੱਡੀ ਗੱਲ ਨ੍ਹੀਂ, ਕਿਉਂਕਿ ਸਬੂਤਾਂ ‘ਚ ਬਹੁਤ ਕਮਜ਼ੋਰੀਆਂ ਨੇ। ਸਾਡੇ ਇਸ ਤਰ੍ਹਾਂ ਕਰਨ ਨਾਲ ਇੱਕ ਅੱਧ ਜਿਊਰਰ ਦੇ ਮਨ ‘ਚ ਇਹ ਗੱਲ ਜ਼ਰੂਰ ਆ ਜਾਏਗੀ ਕਿ ਸਰਕਾਰ ਨੇ ਝੂਠਾ ਕੇਸ ਤਿਆਰ ਕੀਤਾ ਐ।”
“ਇਸ ਨਾਲ ਕੀ ਹੋਊ?” ਆਫੀਆ ਦੇ ਭਰਾ ਨੂੰ ਅਜੇ ਵੀ ਗੱਲ ਦੀ ਸਮਝ ਨਾ ਲੱਗੀ।
“ਇਸ ਨਾਲ ਜਿਊਰੀ ਦਾ ਫੈਸਲਾ Ḕਹੰਗ ਜਿਊਰੀ’ ਹੋ ਜਾਊ ਤੇ ਕੇਸ ਖਤਮ ਹੋ ਜਾਏਗਾ। ਇੰਜ ਆਫੀਆ ਕੇਸ ‘ਚੋਂ ਬਰੀ ਹੋ ਜਾਏਗੀ।”
“ਹੰਗ ਜਿਊਰੀ ਮਤਲਬ?”
“ਮਿਸਟਰ ਸਦੀਕੀ, ਜਿਊਰੀ ਜੋ ਵੀ ਫੈਸਲਾ ਕਰਦੀ ਐ, ਉਹ ਸਰਬਸੰਮਤੀ ਨਾਲ ਹੋਣਾ ਚਾਹੀਦਾ ਐ। ਜੇ ਇੱਕ ਵੀ ਜਿਊਰੀ ਮੈਂਬਰ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰ ਦੇਵੇ ਤਾਂ ਉਸ ਨੂੰ ਹੰਗ ਜਿਊਰੀ ਕਿਹਾ ਜਾਂਦਾ ਐ। ਜੇ ਹੰਗ ਜਿਊਰੀ ਹੋ ਜਾਵੇ ਤਾਂ ਕੇਸ ਉਥੇ ਹੀ ਖਤਮ ਹੋ ਜਾਂਦਾ ਐ ਤੇ ਮੁਲਜ਼ਮ ਬਰੀ ਹੋ ਜਾਂਦਾ ਐ।”
“ਅੱਛਾ ਅੱਛਾ ਇਹ ਗੱਲ ਐ। ਮੈਂ ਪੂਰੀ ਗੱਲ ਸਮਝ ਗਿਆਂ।” ਆਫੀਆ ਦੇ ਭਰਾ ਨੂੰ ਲੱਗਿਆ ਕਿ ਵਕੀਲ ਵਾਕਿਆ ਹੀ ਬਹੁਤ ਚੰਗਾ ਰਸਤਾ ਚੁਣ ਰਹੇ ਹਨ।
“ਬੱਸ ਇਸ ਦੇ ਲਈ ਜ਼ਰੂਰੀ ਐ ਕਿ ਆਫੀਆ ਕੇਸ ਦੀ ਸਾਰੀ ਸੁਣਵਾਈ ਦੌਰਾਨ ਬਿਲਕੁਲ ਖਾਮੋਸ਼ ਰਹੇ। ਸਾਡੀ ਹਰ ਗੱਲ ਮੰਨੇ।”
ਆਫੀਆ ਦੇ ਭਰਾ ਨੇ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਫੀਆ ਨੂੰ ਮਿਲ ਕੇ ਸਾਰੀ ਗੱਲ ਸਮਝਾ ਦੇਵੇਗਾ। ਇਸ ਦੇ ਅਗਲੇ ਹੀ ਦਿਨ ਉਹ ਆਫੀਆ ਨਾਲ ਮੁਲਾਕਾਤ ਕਰਨ ਜੇਲ੍ਹ ਪਹੁੰਚਿਆ। ਆਫੀਆ ਨੂੰ ਲਿਆ ਕੇ ਉਸ ਦੇ ਕੋਲ ਬਿਠਾ ਦਿੱਤਾ ਗਿਆ। ਆਫੀਆ ਵੱਲ ਵੇਖਦਿਆਂ ਮੁਹੰਮਦ ਦਾ ਦਿਲ ਭਰ ਆਇਆ, ਪਰ ਉਸ ਨੇ ਆਪਣੇ ਆਪ ‘ਤੇ ਜ਼ਬਤ ਰੱਖਿਆ ਤੇ ਵਕੀਲਾਂ ਨਾਲ ਹੋਈ ਗੱਲਬਾਤ ਦੱਸੀ। ਉਸ ਦੀ ਗੱਲ ਦਾ ਜੁਆਬ ਦੇਣ ਦੀ ਬਜਾਇ ਆਫੀਆ ਉਸ ਨੂੰ ਜਹਾਦ ਬਾਰੇ ਭਾਸ਼ਣ ਦੇਣ ਲੱਗ ਪਈ। ਬੜੀਆਂ ਕੋਸ਼ਿਸ਼ਾਂ ਨਾਲ ਮੁਹੰਮਦ ਨੇ ਆਫੀਆ ਨੂੰ ਉਸ ਦੀ ਗੱਲ ਸੁਣਨ ਲਈ ਮਨਾਇਆ। ਉਸ ਨੇ ਉਸ ਨੂੰ ਵਕੀਲਾਂ ਦੀ ਸਕੀਮ ਸਮਝਾਈ। ਉਹ ਸਿਰ ਜਿਹਾ ਮਾਰ ਕੇ ਵਕੀਲਾਂ ਮੁਤਾਬਕ ਚੱਲਣਾ ਮੰਨ ਗਈ, ਪਰ ਜਦੋਂ ਮੁਹੰਮਦ ਉਠ ਕੇ ਤੁਰਨ ਲੱਗਿਆ ਤਾਂ ਉਸ ਨੇ ਉਸ ਨੂੰ ਰੋਕ ਲਿਆ ਤੇ ਬੋਲੀ, “ਭਾਈ ਜਾਨ, ਤੁਸੀਂ ਮੇਰੀ ਗੱਲ ਛੱਡੋ ਤੇ ਆਪਣੇ ਮੁਸਲਮਾਨ ਭਰਾਵਾਂ ਦਾ ਫਿਕਰ ਕਰੋ।”
“ਕਿਹੜੇ ਮੁਸਲਮਾਨ ਭਰਾਵਾਂ ਦਾ?”
“ਜਿੰਨੇ ਵੀ ਇੱਥੇ ਰਹਿ ਰਹੇ ਨੇ। ਸਾਰਿਆਂ ਨੂੰ ਕਹੋ ਕਿ ਅਮਰੀਕਾ ਛੱਡ ਕੇ ਚਲੇ ਜਾਣ।”
“ਕਿਉਂ?”
“ਕਿਉਂਕਿ ਅਮਰੀਕਾ ਸਰਕਾਰ ਨੇ ਕਿਸੇ ਵੀ ਮੁਸਲਮਾਨ ਨੂੰ ਨ੍ਹੀਂ ਬਖਸ਼ਣਾ। ਸਭ ਨੂੰ ਮੇਰੀ ਤਰ੍ਹਾਂ ਜੇਲ੍ਹਾਂ ਅੰਦਰ ਡੱਕ ਦੇਣਾ ਐਂ।”
“ਆਫੀਆ ਮੈਂ ਤੇਰਾ ਸਕਾ ਭਰਾ ਆਂ। ਮੈਨੂੰ ਤਾਂ ਕਿਸੇ ਨੇ ਜੇਲ੍ਹ ‘ਚ ਡੱਕਿਆ ਨ੍ਹੀਂ। ਮੈਂ ਤਾਂ ਆਪਣੇ ਪਰਿਵਾਰ ਨਾਲ ਪੂਰੀ ਆਜ਼ਾਦਾਨਾ ਜ਼ਿੰਦਗੀ ਜਿਉਂ ਰਿਹਾ ਆਂ।” ਮੁਹੰਮਦ ਜ਼ਰਾ ਖ਼ਰਵਾ ਬੋਲਿਆ।
“ਜੋ ਤੁਹਾਡੀ ਮਰਜ਼ੀ। ਪਿੱਛੋਂ ਭੁਗਤਣਾ ਪਿਆ ਤਾਂ ਰੋਂਦੇ ਫਿਰਿਉ।”
“ਆਫੀਆ, ਤੂੰ ਮੇਰੀ ਵਕੀਲਾਂ ਦੀ ਕਹੀ ਗੱਲ ‘ਤੇ ਧਿਆਨ ਦੇਹ। ਇਸ ਵੇਲੇ ਬਾਕੀ ਸਭ ਭੁੱਲ ਜਾ।”
“ਠੀਕ ਐ।” ਆਫੀਆ ਉਠ ਕੇ ਤੁਰ ਪਈ। ਮੁਹੰਮਦ ਉਸ ਨੂੰ ਤੁਰੀ ਜਾਂਦੀ ਨੂੰ ਵੇਖਦਾ ਰਿਹਾ। ਉਸ ਨੂੰ ਖਿਆਲ ਆਇਆ ਕਿ ਇਹ ਕਿੰਨਾ ਬਦਲ ਗਈ ਹੈ। ਉਹ ਸੋਚਣ ਲੱਗਿਆ ਕਿ ਇੰਨੀ ਜ਼ਹੀਨ ਕੁੜੀ ਕਿਉਂ ਇਸ ਤਰ੍ਹਾਂ ਦੀਆਂ ਬੇਤੁਕੀਆਂ ਜਿਹੀਆਂ ਗੱਲਾਂ ਕਰ ਰਹੀ ਹੈ। ਫਿਰ ਉਸ ਨੂੰ ਲੱਗਿਆ ਕਿ ਇਹ ਵਾਕਿਆ ਹੀ ਐਫ਼ਬੀæਆਈæ ਦੇ ਅੱਤਿਆਚਾਰਾਂ ਕਰ ਕੇ ਹੋਇਆ ਹੈ। ਉਹ ਜੇਲ੍ਹ ‘ਚੋਂ ਬਾਹਰ ਨਿਕਲ ਆਇਆ।
ਮਿੱਥੇ ਦਿਨ ਕੋਰਟ ਸ਼ੁਰੂ ਹੋਈ ਤਾਂ ਟਰਾਇਲ ਦੀ ਜ਼ਰੂਰੀ ਕਾਰਵਾਈ ਹੋਣ ਪਿੱਛੋਂ ਸਰਕਾਰੀ ਵਕੀਲ ਨੇ ਆਫੀਆ ‘ਤੇ ਲੱਗੇ ਚਾਰਜ ਪੜ੍ਹ ਕੇ ਸੁਣਾਏ। ਆਫੀਆ ‘ਤੇ ਚਾਰਜ ਇਹ ਲੱਗੇ ਸਨ ਕਿ ਉਸ ਨੇ ਅਮਰੀਕੀ ਫੌਜ ਦੀ ਸਪੈਸ਼ਲ ਫੋਰਸ ਦੇ ਬੰਦਿਆਂ ‘ਤੇ ਗੋਲੀ ਚਲਾਈ। ਉਸ ਉਤੇ ਇੱਕ ਤੋਂ ਵੱਧ ਬੰਦਿਆਂ ਦੇ ਇਰਾਦਾ ਕਤਲ ਦਾ ਦੋਸ਼ ਸੀ। ਸਰਕਾਰੀ ਵਕੀਲ ਨੇ ਕੋਰਟ ਨੂੰ ਕਹਾਣੀ ਇਸ ਤਰ੍ਹਾਂ ਦੱਸੀ, “ਜਿਸ ਦਿਨ ਆਫੀਆ ਗਜ਼ਨੀ ਪੁਲਿਸ ਵਲੋਂ ਫੜੀ ਗਈ ਸੀ, ਉਸ ਦੇ ਅਗਲੇ ਦਿਨ ਸਪੈਸ਼ਲ ਫੋਰਸ ਦੀ ਟੀਮ ਕੈਪਟਨ ਰਾਬਰਟ ਸਿੰਡਰ ਦੀ ਅਗਵਾਈ ‘ਚ ਉਸ ਦੀ ਇੰਟਰਵਿਊ ਕਰਨ ਪਹੁੰਚੀ। ਉਸ ਵੇਲੇ ਉਸ ਨੂੰ ਕਿਸੇ ਵੱਡੇ ਕਮਰੇ ਵਿਚ ਰੱਖਿਆ ਹੋਇਆ ਸੀ। ਮੂਹਰੇ ਕੁਝ ਅਫਗਾਨ ਪੁਲਿਸ ਦੇ ਅਫਸਰ ਬੈਠੇ ਸਨ ਅਤੇ ਪਿੱਛੇ ਪਰਦੇ ਦੇ ਉਹਲੇ ਆਫੀਆ ਬੈਠੀ ਸੀ। ਜਦੋਂ ਸਪੈਸ਼ਲ ਫੋਰਸ ਵਾਲੇ ਵੀ ਅਫਗਾਨ ਅਫਸਰਾਂ ਕੋਲ ਬੈਠ ਗਏ ਤਾਂ ਅਗਲੇ ਹੀ ਪਲ ਆਫੀਆ ਨੇ ਪਰਦਾ ਪਾਸੇ ਹਟਾਉਂਦਿਆਂ ਵਾਰੰਟ ਅਫਸਰ ਦੀ ਐਮ 4 ਗੰਨ ਚੁੱਕ ਲਈ ਅਤੇ ਉਨ੍ਹਾਂ ਵੱਲ ਗੋਲੀਆਂ ਚਲਾਉਣ ਲੱਗੀ। ਇਹ ਵੇਖਦਿਆਂ ਹੀ ਵਾਰੰਟ ਅਫਸਰ ਨੇ ਆਪਣੀ ਸਰਵਿਸ ਰਿਵਾਲਵਰ ਕੱਢੀ ਅਤੇ ਆਫੀਆ ਦੇ ਗੋਲੀ ਮਾਰੀ। ਗੋਲੀ ਉਸ ਦੇ ਪੇਟ ‘ਚ ਲੱਗੀ। ਵਾਰੰਟ ਅਫਸਰ ਦਾ ਕਹਿਣਾ ਐ ਕਿ ਜੇ ਉਹ ਆਫੀਆ ਨੂੰ ਜ਼ਖ਼ਮੀ ਨਾ ਕਰਦਾ ਤਾਂ ਉਸ ਨੇ ਉਨ੍ਹਾਂ ਨੂੰ ਮਾਰ ਦੇਣਾ ਸੀ। ਜਦੋਂ ਉਹ ਜ਼ਖ਼ਮੀ ਹੋ ਗਈ ਤਾਂ ਉਹ ਉਸ ਨੂੰ ਸਟਰੈਚਰ ‘ਤੇ ਪਾ ਕੇ ਬਗਰਾਮ ਏਅਰਫੋਰਸ ਬੇਸ ਲੈ ਗਏ। ਉਥੇ ਉਸ ਦਾ ਇਲਾਜ ਕਰਵਾਉਣ ਪਿੱਛੋਂ ਉਸ ਨੂੰ ਅਮਰੀਕਾ ਲਿਆਂਦਾ ਗਿਆ।”
ਸਰਕਾਰੀ ਵਕੀਲ ਨੇ ਆਫੀਆ ‘ਤੇ ਲੱਗੇ ਚਾਰਜ ਪੜ੍ਹ ਕੇ ਸੁਣਾਏ ਤਾਂ ਜੱਜ ਨਾਲ ਦੀ ਨਾਲ ਕੁਝ ਲਿਖਦਾ ਰਿਹਾ। ਥੋੜ੍ਹੀ ਬਹੁਤੀ ਹੋਰ ਕਾਰਵਾਈ ਹੋਈ ਤੇ ਅਦਾਲਤ ਬਰਖਾਸਤ ਹੋ ਗਈ। ਇਸੇ ਤਰ੍ਹਾਂ ਇੱਕ ਦੋ ਦਿਨ ਹੋਰ ਮੁਢਲਾ ਕੰਮ ਹੁੰਦਾ ਰਿਹਾ। ਫਿਰ ਜਦੋਂ ਪੂਰੀ ਬਾਕਾਇਦਗੀ ਨਾਲ ਆਫੀਆ ਦਾ ਕੇਸ ਚੱਲ ਪਿਆ ਤਾਂ ਗਵਾਹ ਭੁਗਤਣੇ ਸ਼ੁਰੂ ਹੋਏ। ਇਹ ਸਾਰੇ ਗਵਾਹ ਸਪੈਸ਼ਲ ਫੋਰਸ ਦੇ ਉਹੀ ਲੋਕ ਸਨ ਜਿਹੜੇ ਗੋਲੀ ਚੱਲਣ ਵੇਲੇ ਦੀ ਘਟਨਾ ਵੇਲੇ ਉਥੇ ਮੌਜੂਦ ਸਨ। ਇਨ੍ਹਾਂ ‘ਚ ਉਸ ਵੇਲੇ ਮੌਕਾ-ਏ-ਵਾਰਦਾਤ ‘ਤੇ ਮੌਜੂਦ ਦੁਭਾਸ਼ੀਆ ਵੀ ਸੀ ਜੋ ਅਫਗਾਨ ਸੀ। ਇੱਕ ਇੱਕ ਕਰ ਕੇ ਗਵਾਹ ਜੋ ਕੁਝ ਦੱਸ ਰਹੇ ਸਨ, ਉਹ ਸਾਰੀ ਗੱਲ ਆਪਸ ‘ਚ ਮਿਲਦੀ ਜੁਲਦੀ ਸੀ। ਜਦੋਂ ਵਾਰੰਟ ਅਫਸਰ ਨੇ ਗਵਾਹੀ ਦਿੱਤੀ ਤਾਂ ਸਫਾਈ ਵਕੀਲ ਨੇ ਉਸ ਨੂੰ ਸੁਆਲ ਕੀਤਾ, “ਮਿਸਟਰ ਆਫੀਸਰ, ਤੇਰੀ ਐਮ ਫੋਰ ਗੰਨ ਤੇਰਾ ਸਰਵਿਸ ਵੈਪਨ ਐ ਜੋ ਹਰ ਵਕਤ ਤੇਰੇ ਕਬਜ਼ੇ ‘ਚ ਰਹਿੰਦਾ ਐ ਅਤੇ ਰਹਿਣਾ ਵੀ ਚਾਹੀਦਾ ਐ। ਕੀ ਤੂੰ ਕੋਰਟ ਨੂੰ ਇਹ ਗੱਲ ਦੱਸੇਂਗਾ ਕਿ ਤੇਰੀ ਐਮ ਫੋਰ ਗੰਨ, ਆਫੀਆ ਕੋਲ ਕਿਵੇਂ ਚਲੀ ਗਈ?”
“ਗੱਲ ਇਹ ਐ ਕਿ ਮੈਂ ਜਦੋਂ ਵੀ ਅਫਗਾਨ ਲੋਕਾਂ ਨੂੰ ਮਿਲਣ ਲਈ ਉਨ੍ਹਾਂ ਕੋਲ ਬੈਠਦਾ ਹਾਂ ਤਾਂ ਸਤਿਕਾਰ ਵਜੋਂ ਆਪਣੀ ਗੰਨ ਮੋਢਿਉਂ ਉਤਾਰ ਕੇ ਪਾਸੇ ਰੱਖ ਦਿੰਦਾ ਹਾਂ।”
“ਇਸ ਵਿਚ ਸਤਿਕਾਰ ਵਾਲੀ ਕੀ ਗੱਲ ਐ। ਤੂੰ ਡਿਉਟੀ ‘ਤੇ ਹੁੰਦਾ ਹੋਇਆ ਇਸ ਤਰ੍ਹਾਂ ਕਿਵੇਂ ਕਰ ਸਕਦਾ ਐਂ ਕਿ ਹਥਿਆਰ ਪਾਸੇ ਰੱਖ ਦੇਵੇਂ?” ਸਫਾਈ ਵਕੀਲ ਵਾਰੰਟ ਅਫਸਰ ਨੂੰ ਘੇਰਨ ਲੱਗਿਆ।
“ਸਾਨੂੰ ਉਥੇ ਇਹੀ ਸਿਖਾਇਆ ਜਾਂਦਾ ਐ ਕਿ ਅਸੀਂ ਅਫਗਾਨ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੀਏ, ਕਿਉਂਕਿ ਉਨ੍ਹਾਂ ਦਾ ਸੱਭਿਆਚਾਰ ਕੁਝ ਇਸ ਤਰ੍ਹਾਂ ਦਾ ਈ ਐ।”
“ਲੱਗਦਾ ਨ੍ਹੀਂ ਕਿ ਇਸ ਛੋਟੀ ਜਿਹੀ ਕੁੜੀ ਨੇ ਗੰਨ ਚੁੱਕ ਲਈ ਹੋਊ।” ਵਕੀਲ ਨੇ ਸੁਆਲ ਦਾ ਰੁਖ ਮੋੜਿਆ।
ਇਸ ਗੱਲ ਦਾ ਜੁਆਬ ਵਰੰਟ ਅਫਸਰ ਕੁਝ ਸੋਚ ਹੀ ਰਿਹਾ ਸੀ ਕਿ ਸਰਕਾਰੀ ਵਕੀਲ ਨੇ ਵਿਚ ਬੋਲਦਿਆਂ ਕੋਰਟ ਦੇ ਕਾਰਿੰਦੇ ਨੂੰ ਕਹਿ ਕੇ ਪਹਿਲਾਂ ਲਿਆ ਕੇ ਰੱਖੀ ਐਮ ਫੋਰ ਗੰਨ ਮੰਗਵਾ ਲਈ। ਸਰਕਾਰੀ ਵਕੀਲ ਜੋ ਖੁਦ ਵੀ ਆਫੀਆ ਕੁ ਜਿੱਡੀ ਹੀ ਸੀ, ਉਸ ਨੇ ਇੱਕ ਹੱਥ ਨਾਲ ਗੰਨ ਚੁੱਕ ਕੇ ਜਿਊਰੀ ਮੈਂਬਰਾਂ ਨੂੰ ਵਿਖਾਈ। ਸਾਰੇ ਮੈਂਬਰਾਂ ਨੇ ਗੰਨ ਚੁੱਕ ਕੇ ਵੇਖੀ। ਉਨ੍ਹਾਂ ਤੋਂ ਗੰਨ ਵਾਪਸ ਲੈਂਦਿਆਂ ਸਰਕਾਰੀ ਵਕੀਲ ਨੇ ਕਿਹਾ ਕਿ ਇਹ ਗੰਨ ਬਿਲਕੁਲ ਜੁਆਕਾਂ ਦੇ ਖਿਡੌਣੇ ਵਰਗੀ ਹੈ ਤੇ ਆਫੀਆ ਲਈ ਇਸ ਨੂੰ ਚੁੱਕਣਾ ਕੋਈ ਔਖੀ ਗੱਲ ਨਹੀਂ।
“ਫਿਰ ਅੱਗੇ ਕੀ ਹੋਇਆ?” ਸਫਾਈ ਵਕੀਲ ਫਿਰ ਵਾਰੰਟ ਅਫਸਰ ਨੂੰ ਮੁਖਾਤਬ ਹੋਇਆ।
“ਆਫੀਆ ਨੇ ਮੇਰੀ ਗੰਨ ਚੁੱਕ ਕੇ ਸਾਡੇ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਛੇਤੀ ਦੇਣੇ ਆਪਣਾ ਸਰਵਿਸ ਰਿਵਾਲਵਰ ਕੱਢਿਆ ਅਤੇ ਆਤਮ ਰੱਖਿਆ ਲਈ ਗੋਲੀ ਚਲਾਈ ਜੋ ਆਫੀਆ ਦੇ ਪੇਟ ‘ਚ ਲੱਗੀ।”
“ਰਿਵਾਲਵਰ ਤੇਰੇ ਕੋਲ ਕਿੱਥੋਂ ਆ ਗਿਆ?”
“ਆਉਣਾ ਕਿੱਥੋਂ ਸੀ। ਮੇਰਾ ਸਰਵਿਸ ਰਿਵਾਲਵਰ ਮੇਰੇ ਲੱਕ ਨਾਲ ਬੰਨ੍ਹਿਆਂ ਹੋਇਆ ਸੀ।”
“ਪਰ ਹੁਣੇ ਤਾਂ ਤੂੰ ਕਹਿ ਕੇ ਹਟਿਆਂ ਕਿ ਅਫਗਾਨ ਲੋਕਾਂ ਨੂੰ ਮਿਲਣ ਵੇਲੇ ਤੂੰ ਹਥਿਆਰ ਲਾਹ ਕੇ ਪਾਸੇ ਰੱਖ ਦਿੰਦਾ ਐਂ ਜਿਵੇਂ, ਐਮ ਫੋਰ ਗੰਨ ਰੱਖ ਦਿੱਤੀ ਸੀ। ਫਿਰ ਤੂੰ ਇਹ ਰਿਵਾਲਵਰ ਕਿਉਂ ਨਾ ਲਾਹਿਆ?”
“ਉਹ ਮੈਂæææ।” ਵਾਰੰਟ ਅਫਸਰ ਨੂੰ ਕੋਈ ਜੁਆਬ ਨਾ ਅਹੁੜਿਆ। ਸਫਾਈ ਵਕੀਲ ਦੇ ਚਿਹਰੇ ‘ਤੇ ਮੁਸਕਾਣ ਆ ਗਈ। ਉਸ ਨੇ ਵੇਖਿਆ ਕਿ ਕਈ ਜਿਊਰੀ ਮੈਂਬਰਾਂ ਨੇ ਇਸ ਗੱਲ ‘ਤੇ ਅੱਖਾਂ ਮਿਲਾਈਆਂ ਕਿ ਜਦੋਂ ਇੱਕ ਹਥਿਆਰ ਲਾਹ ਕੇ ਰੱਖ ਦਿੱਤਾ ਸੀ ਤਾਂ ਦੂਜਾ ਕਿਉਂ ਲੱਕ ਨਾਲ ਬੰਨ੍ਹੀ ਰੱਖਿਆ! ਉਨ੍ਹਾਂ ਦੇ ਮਨਾਂ ‘ਚ ਕੁਝ ਕੁਝ ਸ਼ੱਕ ਉਪਜਿਆ। ਇਹੀ ਸਫਾਈ ਵਕੀਲ ਚਾਹੁੰਦਾ ਸੀ।
“ਫਿਰ ਤੇਰੀ ਉਸ ਗੰਨ ਦਾ ਕੀ ਬਣਿਆਂ ਜੋ ਆਫੀਆ ਨੇ ਚੁੱਕ ਲਈ ਸੀ ਤੇ ਪਿੱਛੋਂ ਉਸੇ ਨਾਲ ਤੁਹਾਡੇ ‘ਤੇ ਗੋਲੀਆਂ ਚਲਾਈਆਂ ਸਨ?”
“ਜਦੋਂ ਆਫੀਆ ਜ਼ਖ਼ਮੀ ਹੋ ਗਈ ਤਾਂ ਮੈਂ ਉਹ ਗੰਨ ਆਪਣੇ ਕਬਜ਼ੇ ‘ਚ ਲੈ ਲਈ।”
“ਉਹ ਵਾਰਦਾਤ ‘ਤੇ ਵਰਤਿਆ ਗਿਆ ਹਥਿਆਰ ਸੀ। ਕਾਨੂੰਨਨ ਉਸ ਨੂੰ ਬੜਾ ਸੰਭਾਲ ਕੇ ਤੇ ਪਲਾਸਟਿਕ ਵਗੈਰਾ ‘ਚ ਲਪੇਟ ਕੇ ਰੱਖਣਾ ਚਾਹੀਦਾ ਸੀ ਤਾਂ ਕਿ ਉਸ ਉਪਰ ਲੱਗ ਚੁੱਕੇ ਆਫੀਆ ਦੇ ਫਿੰਗਰ ਪ੍ਰਿੰਟ ਵਗੈਰਾ ਸਹੀ ਰਹਿੰਦੇ ਅਤੇ ਬਾਅਦ ਵਿਚ ਚੰਗੀ ਤਰ੍ਹਾਂ ਜਾਂਚ ਪੜਤਾਲ ਹੋ ਸਕਦੀ।”
“ਜੀæææ।”
“ਤੂੰ ਅਜਿਹਾ ਕੀਤਾ? ਮਤਲਬ ਗੰਨ ਨੂੰ ਇਸੇ ਢੰਗ ਨਾਲ ਸੰਭਾਲ ਕੇ ਰੱਖਿਆ?”
“ਜੀ ਨ੍ਹੀਂ। ਉਸ ਮੌਕੇ ਮੈਂ ਅਜਿਹਾ ਕੁਝ ਨ੍ਹੀਂ ਕਰ ਸਕਿਆ।”
“ਇਸ ਦਾ ਮਤਲਬ ਉਸ ਗੰਨ ‘ਤੋਂ ਕੋਈ ਫਿੰਗਰ ਪ੍ਰਿੰਟ ਵਗੈਰਾ ਨ੍ਹੀਂ ਲਏ ਗਏ ਜੋ ਇਹ ਸਾਬਤ ਕਰਨ ਕਿ ਗੰਨ ਵਾਕਿਆ ਈ ਆਫੀਆ ਦੇ ਹੱਥਾਂ ‘ਚ ਆਈ ਸੀ। ਨਾ ਹੀ ਤੁਸੀਂ ਉਸ ਗੰਨ ਦੀ ਕੋਈ ਅਜਿਹੀ ਜਾਂਚ ਕਰਵਾਈ ਜੋ ਇਹ ਸਾਬਤ ਕਰੇ ਕਿ ਉਸ ਦਿਨ ਉਹ ਗੰਨ ਚਲਾਈ ਗਈ ਸੀ। ਤੇ ਉਸ ਘਟਨਾ ਸਥਾਨ ਦੀ ਕੋਈ ਫੋਰੈਂਸਿਕ ਜਾਂਚ ਵਗੈਰਾ ਵੀ ਨ੍ਹੀ ਹੋਈ।”
“ਨਹੀਂ, ਅਜਿਹਾ ਅਸੀਂ ਨ੍ਹੀਂ ਕਰ ਸਕੇ।”
“ਯੂਅਰ ਆਨਰ, ਇਹ ਗੱਲ ਬੜਾ ਧਿਆਨ ਮੰਗਦੀ ਐ ਕਿ ਵਾਰਦਾਤ ਵੇਲੇ ਵਰਤੇ ਗਏ ਹਥਿਆਰ ‘ਤੇ ਆਫੀਆ ਦੇ ਫਿੰਗਰ ਪ੍ਰਿੰਟ ਨ੍ਹੀਂ ਮਿਲੇ। ਵਾਰਦਾਤ ਵਾਲੀ ਥਾਂ ‘ਤੋਂ ਹੋਰ ਵੀ ਲੋੜੀਂਦੇ ਸਬੂਤ ਇਕੱਠੇ ਨ੍ਹੀਂ ਕੀਤੇ ਗਏ। ਮਸਲਨ, ਉਨ੍ਹਾਂ ਗੋਲੀਆਂ ਦੇ ਖੋਲ ਕਿੱਥੇ ਨੇ ਜੋ ਆਫੀਆ ਨੇ ਚਲਾਈਆਂ। ਹੋਰ ਬਹੁਤ ਕੁਝ ਐ ਜੱਜ ਸਾਹਿਬæææ।”
ਜੱਜ ਕੁਝ ਨੋਟ ਕਰਨ ਲੱਗਿਆ ਤਾਂ ਸਰਕਾਰੀ ਵਕੀਲ ਵਿਚੋਂ ਬੋਲੀ, “ਯੂਅਰ ਆਨਰ, ਉਹ ਵਾਰ ਜ਼ੋਨ ਐ। ਮਤਲਬ ਲੜਾਈ ਦਾ ਮੈਦਾਨ। ਜੰਗ ਦੇ ਮੈਦਾਨ ‘ਚ ਫਿੰਗਰ ਪ੍ਰਿੰਟ ਵਰਗੀਆਂ ਕਾਰਵਾਈਆਂ ਸੰਭਵ ਨ੍ਹੀਂ ਹੁੰਦੀਆਂ, ਪਰ ਇੰਨੇ ਗਵਾਹਾਂ ਦੇ ਬਿਆਨ ਸਾਬਤ ਕਰ ਚੁੱਕੇ ਐ ਕਿ ਆਫੀਆ ਨੇ ਉਹ ਗੰਨ ਚੁੱਕੀ ਅਤੇ ਉਸ ‘ਚੋਂ ਗੋਲੀਆਂ ਚਲਾਈਆਂ।”
“ਜੰਗ ਦੇ ਮੈਦਾਨ ‘ਚ ਜੇ ਤੁਸੀਂ ਕਿਸੇ ਨੂੰ ਕਾਤਲ ਸਾਬਤ ਕਰਨ ਲਈ ਜ਼ਰੂਰੀ ਕਾਰਵਾਈਆਂ ਨ੍ਹੀਂ ਕਰ ਸਕਦੇ ਤਾਂ ਤੁਹਾਨੂੰ ਅਜਿਹੇ ਇਨਸਾਨ ‘ਤੇ ਕੇਸ ਚਲਾਉਣ ਦਾ ਵੀ ਕੋਈ ਅਧਿਕਾਰ ਨ੍ਹੀਂ; ਕਿਉਂਕਿ ਸਿਰਫ ਕਿਸੇ ਦੇ ਕਹਿਣ ਨਾਲ ਹੀ ਕਤਲ ਸਾਬਤ ਨ੍ਹੀਂ ਹੋ ਜਾਂਦਾ। ਉਸ ਦੇ ਲਈ ਕਿਸੇ ਦੀਆਂ ਦਿੱਤੀਆਂ ਹੋਈਆਂ ਗਵਾਹੀਆਂ ਨਾਲ ਕੁਝ ਠੋਸ ਸਬੂਤ ਵੀ ਚਾਹੀਦੇ ਨੇ ਜੋ ਇਹ ਸਾਬਤ ਕਰਨ ਕਿ ਗਵਾਹ ਸੱਚ ਬੋਲ ਰਿਹਾ ਐ, ਪਰ ਇਸ ਕੇਸ ‘ਚ ਇੱਕੋ ਈ ਰਟਿਆ ਰਟਾਇਆ ਬਿਆਨ ਦੇਣ ਵਾਲੇ ਤਾਂ ਬਹੁਤ ਨੇ, ਪਰ ਬਿਆਨ ‘ਤੇ ਸੱਚ ਦਾ ਠੱਪਾ ਲਾਉਣ ਵਾਲਾ ਸਬੂਤ ਕੋਈ ਨ੍ਹੀਂ।”
“ਮੈਂ ਫਿਰ ਇਹੀ ਕਹੂੰਗੀ ਕਿ ਉਨ੍ਹਾਂ ਹਾਲਾਤ ‘ਚ ਇਹ ਸਭ ਕਾਰਵਾਈ ਸੰਭਵ ਨ੍ਹੀਂ ਸੀ, ਕਿਉਂਕਿ ਅਸੀਂ ਉਥੇ ਲੜਾਈ ਲੜ ਰਹੇ ਆਂ ਤੇ ਉਹ ਵਾਰ ਜ਼ੋਨ ਐ।” ਸਰਕਾਰੀ ਵਕੀਲ ਨੇ ਆਪਣੀ ਗੱਲ ਦੁਹਰਾਈ।
“ਫਿਰ ਮੈਂ ਵੀ ਇਹ ਕਹਾਂਗੀ ਕਿ ਇਹ ਸਿਵਲ ਕੋਰਟ ਐ, ਇਹ ਕੋਈ ਮਿਲਟਰੀ ਟ੍ਰਿਬਿਊਨਲ ਨ੍ਹੀਂ।” ਸਫਾਈ ਵਕੀਲ ਨੇ ਉਸ ਦਾ ਉਤਰ ਦਿੱਤਾ।
“ਮੈਂ ਦੋਨਾਂ ਧਿਰਾਂ ਦੀਆਂ ਗੱਲਾਂ ਨੋਟ ਕਰ ਲਈਆਂ ਨੇ ਹੁਣ ਪਲੀਜ਼ ਕਾਰਵਾਈ ਅੱਗੇ ਚੱਲਣ ਦਿਉ।” ਜੱਜ ਨੇ ਦਖਲਅੰਦਾਜ਼ੀ ਕੀਤੀ ਤਾਂ ਸਰਕਾਰੀ ਵਕੀਲ ਫਿਰ ਤੋਂ ਆਫੀਆ ਤੋਂ ਸੁਆਲ ਪੁੱਛਣ ਲੱਗ ਪਈ।
ਉਦੋਂ ਹੀ ਇੱਕ ਡਿਫੈਂਸ ਵਕੀਲ ਆਪਣੀ ਟੀਮ ਦੇ ਮੋਢੀ ਦੇ ਨੇੜੇ ਹੁੰਦਾ, ਮਨ ‘ਚ ਨਵਾਂ ਉਪਜਿਆ ਖਿਆਲ ਉਸ ਨਾਲ ਸਾਂਝਾ ਕਰਨ ਲੱਗਿਆ, “ਵੈਸੇ ਤਾਂ ਹੁਣ ਤੱਕ ਦੀ ਕਾਰਵਾਈ ਆਪਣੇ ਹੱਕ ‘ਚ ਜਾ ਰਹੀ ਐ, ਪਰ ਜੇ ਇਹ ਗੱਲ ਸਿੱਧ ਕਰ ਦਿੱਤੀ ਜਾਵੇ ਕਿ ਆਫੀਆ ਨੇ ਭਾਵੇਂ ਗੰਨ ਚੁੱਕੀ ਸੀ ਪਰ ਉਸ ਨੇ ਇਹ ਆਪਣੀ ਸਵੈ-ਰੱਖਿਆ ਵਾਸਤੇ ਚੁੱਕੀ ਸੀ, ਕਿਉਂਕਿ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਆਫੀਆ ਫੜੀ ਗਈ ਸੀ, ਉਸ ‘ਤੇ ਘੋਰ ਅੱਤਿਆਚਾਰ ਕੀਤਾ ਗਿਆ। ਸਿਰਫ ਸ਼ੱਕ ਦੇ ਆਧਾਰ Ḕਤੇ ਉਸ ਨਾਲ ਅਣਮਨੁੱਖੀ ਵਿਹਾਰ ਕੀਤਾ ਗਿਆ। ਇਸ ਕਰ ਕੇ ਜਦੋਂ ਉਥੇ ਸਾਰੇ ਜਣੇ ਆਫੀਆ ਨੂੰ ਘੇਰ ਕੇ ਬੈਠ ਗਏ ਤਾਂ ਆਫੀਆ ਨੂੰ ਸ਼ੱਕ ਹੋਇਆ ਕਿ ਹੁਣ ਉਸ ਨੂੰ ਮਾਰ ਦਿੱਤਾ ਜਾਵੇਗਾ ਤਾਂ ਉਸ ਨੇ ਆਪਣੀ ਸਵੈ-ਰੱਖਿਆ ਲਈ ਗੰਨ ਚੁੱਕੀ ਹੋ ਸਕਦੀ ਹੈ। ਉਸ ਨੇ ਭਾਵੇਂ ਗੰਨ ਚਲਾਈ ਵੀ ਹੋਵੇ ਤਾਂ ਵੀ ਉਸ ਨੇ ਕਿਸੇ ਦੇ ਗੋਲੀ ਮਾਰੀ ਤਾਂ ਨਹੀਂ। ਮੇਰਾ ਖਿਆਲ ਐ ਕਿ ਇਹ ਗੱਲ ਇੱਕ ਅੱਧ ਜਿਊਰੀ ਮੈਂਬਰ ਨੂੰ ਜ਼ਰੂਰ ਜਚ ਜਾਵੇਗੀ ਤੇ ਉਹ ਨਾਂਹ ਵਿਚ ਸਿਰ ਮਾਰ ਦੇਵੇਗਾ। ਇਹੀ ਆਪਣਾ ਮੁੱਖ ਮਕਸਦ ਐ ਕਿ ਬੱਸ ਕੋਈ ਇੱਕ ਜਿਊਰੀ ਮੈਂਬਰ ਸ਼ੱਕ ਵਿਚ ਪੈ ਜਾਵੇ।”
ਮੋਢੀ ਸਫਾਈ ਵਕੀਲ ਨੂੰ ਇਹ ਗੱਲ ਬੜੀ ਜਚੀ। ਉਸ ਨੇ ਸੋਚਿਆ ਕਿ ਪਹਿਲਾਂ ਚੁੱਕੇ ਗਏ ਕਦਮ ਦੇ ਨਾਲ ਨਾਲ ਇਹ ਨੁਕਤਾ ਵਰਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਉਹ ਆਪਣੇ ਪੇਪਰ ਉਪਰ ਇਸ ਨੁਕਤੇ ਦੀ ਰੂਪ-ਰੇਖਾ ਲਿਖਣ ਲੱਗਿਆ, ਪਰ ਉਦੋਂ ਹੀ ਉਸ ਦੇ ਕੰਨੀ ਜੋ ਆਵਾਜ਼ ਪਈ, ਉਸ ਨੇ ਉਸ ਦੇ ਸਾਰੇ ਜੋਸ਼ ‘ਤੇ ਪਾਣੀ ਫੇਰ ਦਿੱਤਾ। ਉਸ ਦੇ ਕੋਲੋਂ ਹੀ ਆਫੀਆ ਖੜ੍ਹੀ ਹੋ ਕੇ ਜੱਜ ਨੂੰ ਮੁਖਾਤਬ ਹੁੰਦਿਆਂ ਬੋਲੀ, “ਜੱਜ ਸਾਹਿਬ, ਮੈਂ ਆਪਣੀ ਸਟੇਟਮੈਂਟ ਦੇਣਾ ਚਾਹੁੰਨੀ ਆਂ।”
ਇਸ ਗੱਲ ਨੇ ਉਸ ਦੇ ਵਕੀਲਾਂ ਦੀਆਂ ਉਮੀਦਾਂ ‘ਤੇ ਹੀ ਪਾਣੀ ਨਹੀਂ ਫੇਰਿਆ, ਸਗੋਂ ਉਸ ਦਾ ਆਪਣਾ ਭਰਾ ਵੀ ਸਿਰ ਫੜ ਕੇ ਬੈਠ ਗਿਆ। ਭਰਾ ਨੇ ਇਸ਼ਾਰੇ ਨਾਲ ਆਫੀਆ ਨੂੰ ਬੈਠ ਜਾਣ ਨੂੰ ਵੀ ਕਿਹਾ, ਪਰ ਆਫੀਆ ਹੁਣ ਕਿਸੇ ਦੀ ਸੁਣਨ ਵਾਲੀ ਨਹੀਂ ਸੀ। ਜਿਸ ਗੱਲ ਦਾ ਸਫਾਈ ਟੀਮ ਨੂੰ ਡਰ ਸੀ, ਉਹੀ ਹੋ ਗਈ।
“ਮਿਸਟਰ ਡਿਫੈਂਸ ਅਟਾਰਨੀ (ਸਫਾਈ ਵਕੀਲ) ਆਪਣੀ ਕਲਾਇੰਟ ਨੂੰ ਬੋਲਣ ਤੋਂ ਰੋਕੋ, ਕਿਉਂਕਿ ਕੋਰਟ ਵਿਚ ਤੁਸੀਂ ਇਸ ਦੇ ਚੁੱਪ ਰਹਿਣ ਦਾ ਸਟੇਟਸ ਹਾਸਲ ਕੀਤਾ ਹੋਇਆ ਐ।” ਜੱਜ ਨੇ ਸਫਾਈ ਵਕੀਲ ਵੱਲ ਵੇਖਦਿਆਂ ਆਪਣਾ ਗੁੱਸਾ ਪ੍ਰਗਟ ਕੀਤਾ।
“ਨ੍ਹੀਂ ਮੈਂ ਬੋਲਣਾ ਐ।” ਆਫੀਆ ਫਿਰ ਤੋਂ ਬੋਲੀ ਤਾਂ ਜੱਜ ਦੇ ਮੱਥੇ ਤਿਉੜੀ ਪੈ ਗਈ। ਸਫਾਈ ਵਕੀਲਾਂ ਨੇ ਆਫੀਆ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਅਤੇ ਆਪਣੀ ਗੱਲ ‘ਤੇ ਅੜੀ ਰਹੀ। ਆਖਰ ਜੱਜ ਉਸੇ ਨੂੰ ਮੁਖਾਤਬ ਹੋਇਆ, “ਆਫੀਆ, ਕੀ ਤੂੰ ਸਮਝ ਰਹੀ ਐਂ ਕਿ ਤੂੰ ਕੀ ਕਰਨ ਜਾ ਰਹੀ ਐਂ?”
“ਹਾਂ ਮੈਂ ਸਭ ਸਮਝਦੀ ਆਂ।”
“ਆਫੀਆ, ਮੈਂ ਇੱਕ ਵਾਰ ਫਿਰ ਤੈਨੂੰ ਸਮਝਾਉਣਾ ਚਾਹਾਂਗਾ ਕਿ ਇਸ ਤਰ੍ਹਾਂ ਤੇਰੇ ਕੇਸ ਦਾ ਨੁਕਸਾਨ ਹੋ ਸਕਦਾ ਐ। ਤੈਨੂੰ ਆਪਣੇ ਵਕੀਲਾਂ ਦੀ ਗੱਲ ਮੰਨਣੀ ਚਾਹੀਦੀ ਐ।” ਜੱਜ ਖਰਵਾ ਬੋਲਿਆ।
“ਮੈਨੂੰ ਕਿਸੇ ਦੀ ਪ੍ਰਵਾਹ ਨ੍ਹੀਂ ਐ। ਮੈਂ ਆਪਣਾ ਬਿਆਨ ਦੇਣਾ ਐ।”
“ਉਹ ਤਾਂ ਤੂੰ ਜਦੋਂ ਚਾਹੇਂ ਦੇ ਸਕਦੀ ਐਂ। ਵੈਸੇ ਵੀ ਕੇਸ ਅਜੇ ਵਿਚ-ਵਿਚਾਲੇ ਈ ਐ। ਕੋਰਟ ਤੈਨੂੰ ਮੌਕੇ ਅਨੁਸਾਰ ਬਿਆਨ ਦੇਣ ਦੀ ਇਜਾਜ਼ਤ ਦੇਵੇਗੀ।” ਜੱਜ ਨੇ ਆਖਰੀ ਵਾਰ ਆਫੀਆ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
“ਨ੍ਹੀਂ ਮੈਂ ਹੁਣੇ ਈ ਬਿਆਨ ਦੇਣਾ ਐ। ਇਹ ਮੇਰਾ ਹੱਕ ਐ।”
“ਓæਕੇæ ਗੋ ਅਹੈੱਡ। ਜੋ ਤੇਰੀ ਮਰਜ਼ੀ।” ਆਖਰ ਜੱਜ ਨੇ ਉਸ ਨੂੰ ਬੋਲਣ ਦੀ ਇਜਾਜ਼ਤ ਦਿੰਦਿਆਂ ਉਸ ਨੂੰ ਵਿਟਨੈਸ ਬਾਕਸ ਵਿਚ ਜਾਣ ਨੂੰ ਕਿਹਾ।
ਆਫੀਆ ਵਿਟਨਸ ਬਾਕਸ ਵਿਚ ਜਾ ਖੜੋਤੀ ਤਾਂ ਸਫਾਈ ਵਕੀਲ ਨੇ ਸੋਚਿਆ ਕਿ ਚਲੋ ਇਸੇ ਤਰ੍ਹਾਂ ਹੀ ਸਹੀ, ਪਰ ਉਸ ਨੇ ਇਸ ਪੈਦਾ ਹੋਈ ਨਵੀਂ ਸਥਿਤੀ ਨੂੰ ਵੀ ਆਪਣੇ ਹੱਕ ‘ਚ ਰੱਖਣ ਦੀ ਕੋਸ਼ਿਸ਼ ਕਰਦਿਆਂ ਆਪ ਹੀ ਆਫੀਆ ਦਾ ਕਰਾਸ ਅਗਜ਼ਾਮੀਨੇਸ਼ਨ ਸ਼ੁਰੂ ਕਰ ਦਿੱਤਾ ਤਾਂ ਕਿ ਕੇਸ ਨੂੰ ਆਪਣੇ ਢੰਗ ਨਾਲ ਮੋੜ ਦਿੱਤਾ ਜਾ ਸਕੇ। ਉਸ ਨੇ ਆਫੀਆ ਨੂੰ ਕਿਹਾ ਕਿ ਉਹ ਆਪਣੀ ਸਾਰੀ ਕਹਾਣੀ ਸੁਣਾਵੇ। ਆਫੀਆ ਬੋਲਣ ਲੱਗੀ, “ਮੈਂ ਅਮਰੀਕਾ ਨੂੰ ਬਹੁਤ ਪਿਆਰ ਕਰਦੀ ਆਂ। ਮੇਰੀ ਨਿਊ ਯਾਰਕ ਅਤੇ ਬੋਸਟਨ ਸ਼ਹਿਰ ਨਾਲ ਬੜੀ ਜਜ਼ਬਾਤੀ ਸਾਂਝ ਹੈ। ਮੈਂ ਇਨ੍ਹਾਂ ਸ਼ਹਿਰਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨ੍ਹੀਂ ਸਕਦੀ। ਮੈਂ ਬਹੁਤ ਇੰਟੈਲੀਜੈਂਟ ਸਟੂਡੈਂਟ ਰਹੀ ਆਂ। ਮੈਨੂੰ ਚੰਗੀ ਪੜ੍ਹਾਈ ਕਾਰਨ ਅਨੇਕਾਂ ਵਾਰ ਇਨਾਮ ਮਿਲੇ। ਇਸ ਤੋਂ ਇਲਾਵਾ ਸਮਾਜ ਸੇਵਾ ਲਈ ਮੈਨੂੰ ਮੇਰੀ ਯੂਨੀਵਰਸਿਟੀ ਨੇ ਕਈ ਵਾਰੀ ਸਨਮਾਨਿਤ ਕੀਤਾæææ।”
“ਆਫੀਆ, ਜੋ ਤੇਰੇ ‘ਤੇ ਇਲਜ਼ਾਮ ਲਾਇਆ ਗਿਆ ਐ ਕਿ ਤੂੰ ਸਪੈਸ਼ਲ ਫੋਰਸ ‘ਤੇ ਗੋਲ ਚਲਾਈ, ਕੀ ਤੂੰ ਇਸ ਬਾਰੇ ਦੱਸੇਂਗੀ ਕਿ ਤੂੰ ਗੋਲੀ ਚਲਾਈ ਸੀ ਜਾਂ ਨ੍ਹੀਂ?” ਵਕੀਲ ਨੇ ਉਸ ਨੂੰ ਵਿਚਕਾਰੋਂ ਟੋਕਿਆ।
ਵਕੀਲ ਦੀ ਗੱਲ ਸੁਣ ਕੇ ਪਹਿਲਾਂ ਆਫੀਆ ਨੇ ਹੱਸਦਿਆਂ ਕੋਰਟ ‘ਚ ਬੈਠੇ ਲੋਕਾਂ ਵੱਲ ਵੇਖਿਆ ਤੇ ਫਿਰ ਬੋਲੀ, “ਇਹ ਤਾਂ ਹਾਸੋਹੀਣਾ ਜਿਹਾ ਦੋਸ਼ ਐ। ਮੈਂ ਮਨ ਈ ਮਨ ਸੋਚਦੀ ਆਂ ਕਿ ਇਲਜ਼ਾਮ ਵੀ ਲਾਇਆ ਤਾਂ ਕਿੱਡਾ ਹਲਕਾ ਜਿਹਾ; ਜਿਸ ਦੀ ਕੋਈ ਤੁਕ ਈ ਨ੍ਹੀਂ ਬਣਦੀ।”
“ਆਫੀਆ ਮੇਰੇ ਸੁਆਲ ਦਾ ਉਤਰ ਦੇਵੋ ਪਲੀਜ਼।”
“ਉਹੀ ਦੇ ਰਹੀ ਆਂ ਨਾ। ਜ਼ਰਾ ਸੋਚ ਕੇ ਵੇਖੋ ਕਿ ਪੰਜ ਸੱਤ ਅਫਗਾਨ ਪੁਲਿਸ ਦੇ ਅਧਿਕਾਰੀ ਬੈਠੇ ਨੇ। ਉਨ੍ਹਾਂ ਕੋਲ ਪੰਜ ਸੱਤ ਈ ਅਮਰੀਕਨ ਹੱਟੇ ਕੱਟੇ ਫੌਜੀ ਆ ਬੈਠਦੇ ਨੇ। ਕੀ ਇਹ ਸੰਭਵ ਐ ਕਿ ਮੇਰੇ ਵਰਗੀ ਹਲਕੀ ਜਿਹੀ ਕੁੜੀ ਜਿਹੜੀ ਉਸ ਵੇਲੇ ਪੁਲਿਸ ਦੀ ਨਿਗਰਾਨੀ ਹੇਠ ਐ, ਉਹ ਪਿਛਾਂਹ ਤੋਂ ਆਉਂਦੀ ਹੈ ਤੇ ਸਾਰਿਆਂ ਦੇ ਵਿਚਕਾਰ ਪਹੁੰਚ ਕੇ ਇੱਕ ਅਫਸਰ ਦੀ ਗੰਨ ਚੁੱਕਦੀ ਐ। ਇਸ ਪਿੱਛੋਂ ਉਹ ਸਾਰਿਆਂ ‘ਤੇ ਗੋਲੀਆਂ ਵਰ੍ਹਾਉਣ ਲੱਗਦੀ ਐ। ਅਜਿਹਾ ਕੁਛ ਕਿਸੇ ਫਿਲਮੀ ਸੀਨ ਵਿਚ ਤਾਂ ਹੋ ਸਕਦਾ ਐ ਪਰ ਅਸਲੀ ਜ਼ਿੰਦਗੀ ‘ਚ ਬਿਲਕੁਲ ਸੰਭਵ ਨ੍ਹੀਂ।”
“ਆਫੀਆ, ਤੂੰ ਹਾਂ ਜਾਂ ਨਾਂਹ ‘ਚ ਉਤਰ ਦੇਹ ਕਿ ਤੂੰ ਇਨ੍ਹਾਂ ਤੇ ਗੋਲੀ ਚਲਾਈ ਸੀ ਕਿ ਨ੍ਹੀਂ?”
“ਮੈਂ ਨਾ ਹੀ ਕੋਈ ਗੰਨ ਚੁੱਕੀ ਤੇ ਨਾ ਹੀ ਕਿਸੇ ‘ਤੇ ਗੋਲੀ ਚਲਾਈ।”
“ਫਿਰ ਤੂੰ ਕੋਰਟ ਨੂੰ ਦੱਸ ਕਿ ਉਸ ਦਿਨ ਕੀ ਹੋਇਆ?”
“ਉਸ ਦਿਨ ਜਦੋਂ ਇੰਨੇ ਸਾਰੇ ਬੰਦੇ ਉਥੇ ਸਨ ਤਾਂ ਮੈਂ ਪਰਦੇ ਪਿੱਛੇ ਬੈਠੀ ਹੋਈ ਸੀ। ਬੈਠੀ ਵੀ ਨ੍ਹੀਂ, ਬਲਕਿ ਲੇਟੀ ਹੋਈ ਸੀ ਕਿਉਂਕਿ ਸਾਰੀ ਰਾਤ ਥਾਣੇ ਵਾਲੇ ਮੇਰੀ ਕੁੱਟਮਾਰ ਕਰਦੇ ਰਹੇ ਸਨ ਤੇ ਮੇਰਾ ਸਰੀਰ ਸੱਟਾਂ ਦਾ ਭੰਨਿਆਂ ਹੋਇਆ ਸੀ। ਉਸ ਵੇਲੇ ਮੇਰੇ ਕੰਨੀ ਹੇਠਾਂ ਇਕੱਠੇ ਹੋਏ ਲੋਕਾਂ ਦਾ ਸ਼ੋਰ ਵੀ ਪੈ ਰਿਹਾ ਸੀ ਜਿਹੜੇ ਗੁੱਸੇ ‘ਚ ਚੀਕ ਚਿਲਾ ਰਹੇ ਸਨ। ਉਥੇ ਇਹ ਅਫਵਾਹ ਫੈਲੀ ਹੋਈ ਸੀ ਕਿ ਅਫਗਾਨ ਪੁਲਿਸ ਵਾਲੇ ਕਿਸੇ ਨਿਰਦੋਸ਼ ਔਰਤ ਨੂੰ ਅਮਰੀਕਨਾਂ ਨੂੰ ਸੌਂਪ ਰਹੇ ਨੇ। ਫਿਰ ਜਦੋਂ ਅਮਰੀਕੀ ਸਪੈਸ਼ਲ ਫੋਰਸ ਵਾਲੇ ਅੰਦਰ ਆਏ ਤਾਂ ਮੈਂ ਇਹ ਵੇਖਣ ਲਈ ਪਰਦਾ ਚੁੱਕ ਕੇ ਬਾਹਰ ਵੱਲ ਝਾਕੀ ਕਿ ਵੇਖਾਂ ਤਾਂ ਸਹੀ ਕਿ ਇੱਥੇ ਅਕਸਰ ਹੋ ਕੀ ਰਿਹਾ ਐ। ਮੈਂ ਵੇਖਿਆ ਕਿ ਅਮਰੀਕੀ ਫੌਜੀ ਅੰਦਰ ਨੂੰ ਆਉਂਦੇ ਬਹੁਤ ਹੀ ਡਰੇ ਤੇ ਘਬਰਾਏ ਹੋਏ ਸਨ ਅਤੇ ਉਨ੍ਹਾਂ ਆਪਣੀਆਂ ਬੰਦੂਕਾਂ ਸਿੰਨੀਆਂ ਹੋਈਆਂ ਸਨ। ਫਿਰ ਜਿਉਂ ਹੀ ਇੱਕ ਫੌਜੀ ਦੀ ਮੇਰੇ ਵੱਲ ਨਿਗ੍ਹਾ ਗਈ ਤਾਂ ਉਹ ਸ਼ਾਇਦ ਮੈਨੂੰ ਇਉਂ ਝਾਕਦੀ ਨੂੰ ਵੇਖ ਕੇ ਹੋਰ ਵੀ ਡਰ ਗਿਆ ਤੇ ਉਸ ਨੇ ਛੇਤੀ ਦੇਣੇ ਆਪਣੀ ਪਿਸਤੌਲ ‘ਚੋਂ ਗੋਲੀ ਚਲਾ ਦਿੱਤੀ ਜੋ ਮੇਰੇ ਪੇਟ ‘ਚ ਆਣ ਲੱਗੀ। ਇਸ ਪਿੱਛੋਂ ਉਥੇ ਹਫੜਾ-ਦਫੜੀ ਮੱਚ ਗਈ। ਇਹ ਸ਼ਾਇਦ ਆਪਣੇ ਬਚਾਅ ਲਈ ਮੈਨੂੰ ਜ਼ਖ਼ਮੀ ਹੋਈ ਨੂੰ ਚੁੱਕ ਕੇ ਨਾਲ ਈ ਲੈ ਗਏ। ਉਦੋਂ ਤਾਂ ਸ਼ਾਇਦ ਇਨ੍ਹਾਂ ਦੇ ਚਿੱਤ ਚੇਤੇ ਵੀ ਨ੍ਹੀਂ ਸੀ ਕਿ ਮੈਂ ਕੌਣ ਆਂ। ਪਿੱਛੋਂ ਜਦੋਂ ਇਨ੍ਹਾਂ ਨੂੰ ਮੇਰੀ ਅਸਲੀਅਤ ਪਤਾ ਚੱਲੀ ਤਾਂ ਸਰਕਾਰ ਨੇ ਮੇਰੇ ‘ਤੇ ਉਹ ਕੇਸ ਬਣਾ ਲਿਆ ਜੋ ਸਰਕਾਰ ਨੂੰ ਠੀਕ ਬੈਠਦਾ ਹੈ।”
ਫਿਰ ਸਫਾਈ ਵਕੀਲ ਨੇ ਆਫੀਆ ਨੂੰ ਕਿਹਾ ਕਿ ਉਹ ਖੁੱਲ੍ਹ ਕੇ ਦੱਸੇ ਕਿ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਉਹ ਕਿੱਥੇ ਗਾਇਬ ਰਹੀ। ਸਫਾਈ ਵਕੀਲ ਨੂੰ ਪੂਰੀ ਉਮੀਦ ਸੀ ਕਿ ਆਫੀਆ ਉਹੀ ਗੱਲ ਸੁਣਾਏਗੀ ਜੋ ਉਹ ਹਮੇਸ਼ਾ ਕਹਿੰਦੀ ਹੈ ਕਿ ਉਸ ਨੂੰ ਐਫ਼ਬੀæਆਈæ ਨੇ ਕਿਧਰੇ ਗੁਪਤ ਜੇਲ੍ਹ ਵਿਚ ਕੈਦ ਰੱਖਿਆ ਅਤੇ ਉਸ ਉਤੇ ਤਸ਼ੱਦਦ ਕੀਤਾ ਗਿਆ, ਪਰ ਆਫੀਆ ਨੇ ਇਹ ਸੁਆਲ ਹੀ ਟਾਲ ਦਿੱਤਾ ਤੇ ਗੱਲ ਨੂੰ ਹੋਰ ਈ ਪਾਸੇ ਲੈ ਤੁਰੀ। ਉਸ ਦੀ ਇਸ ਹਰਕਤ ‘ਤੇ ਸਫਾਈ ਵਕੀਲ ਨੂੰ ਵੀ ਖਿਝ ਚੜ੍ਹੀ। ਉਹ ਸੋਚ ਰਿਹਾ ਸੀ ਕਿ ਜੇ ਇਹ ਖੁੱਲ੍ਹ ਕੇ ਦੱਸ ਦੇਵੇ ਕਿ ਕਿਵੇਂ ਇਸ ਨੂੰ ਏਜੰਸੀਆਂ ਨੇ ਇੰਨੇ ਸਾਲ ਟਾਰਚਰ ਕੀਤਾ ਤਾਂ ਜਿਊਰੀ ਦੀ ਇਸ ਨਾਲ ਹਮਦਰਦੀ ਵਧ ਜਾਵੇਗੀ, ਪਰ ਆਫੀਆ ਨੇ ਅਜਿਹਾ ਕੁਝ ਨਾ ਕਿਹਾ। ਆਖਰ ਮੱਥਾ-ਪੱਚੀ ਕਰਦਿਆਂ ਸਫਾਈ ਵਕੀਲ ਬੈਠ ਗਿਆ ਤਾਂ ਸਰਕਾਰੀ ਵਕੀਲ ਦੀ ਵਾਰੀ ਆ ਗਈ। ਉਹ ਵਿਟਨਸ ਬਾਕਸ ਦੇ ਸਾਹਮਣੇ ਆ ਖੜ੍ਹੋਤੀ। ਧਿਆਨ ਨਾਲ ਆਫੀਆ ਵੱਲ ਵੇਖਦਿਆਂ ਉਹ ਬੋਲੀ, “ਆਫੀਆ ਤੂੰ ਇੰਨੇ ਸਾਲ ਕਿੱਥੇ ਰਹੀ?”
“ਮੈਨੂੰ ਐਫ਼ਬੀæਆਈæ ਨੇ ਅਫਗਾਨਿਸਤਾਨ ਦੀ ਕਿਸੇ ਗੁਪਤ ਜੇਲ੍ਹ ‘ਚ ਰੱਖਿਆ ਹੋਇਆ ਸੀ ਜਿਥੇ ਉਨ੍ਹਾਂ ਮੇਰੇ ‘ਤੇ ਘੋਰ ਤਸ਼ੱਦਦ ਕੀਤਾ।” ਜਿਸ ਗੱਲ ਨੂੰ ਉਹ ਸਫਾਈ ਵਕੀਲ ਯਾਨਿ ਆਪਣੇ ਹੀ ਵਕੀਲ ਮੂਹਰੇ ਟਾਲ ਗਈ ਸੀ, ਉਸ ਦਾ ਉਸ ਨੇ ਫੱਟ ਦੇਣੇ ਉਤਰ ਦੇ ਦਿੱਤਾ। ਇਸ ਨਾਲ ਸਫਾਈ ਵਕੀਲ ਨੂੰ ਥੋੜ੍ਹੀ ਰਾਹਤ ਮਿਲੀ ਕਿ ਚਲੋ ਇਸ ਨੇ ਜੋ ਕੁਝ ਮੇਰੇ ਕਹਿਣ ‘ਤੇ ਨਹੀਂ ਦੱਸਿਆ ਉਹ ਹੁਣ ਦੱਸ ਰਹੀ ਹੈ।
“ਪਰ ਤੇਰੀ ਗ੍ਰਿਫਤਾਰੀ ਤੋਂ ਅਗਲੇ ਹੀ ਦਿਨ ਤੂੰ ਐਫ਼ਬੀæਆਈæ ਦੀ ਇੱਕ ਔਰਤ ਅਫਸਰ ਕੋਲ ਇਹ ਕਿਹਾ ਸੀ ਕਿ ਤੂੰ ਆਪਣੀ ਮਰਜ਼ੀ ਨਾਲ ਅੰਡਰਗਰਾਊਂਡ ਰਹੀ ਸੀ।”
“ਉਹ ਗੱਲ ਤਾਂ ਮੈਂ ਇਸ ਗੱਲੋਂ ਡਰਦੀ ਨੇ ਕਹੀ ਸੀ ਕਿ ਹੁਣ Ḕਇਹ’ ਮੇਰੇ ‘ਤੇ ਅੱਤਿਆਚਾਰ ਨਾ ਕਰਨ।”
“ਤੇਰੀ ਗ੍ਰਿਫਤਾਰੀ ਵੇਲੇ ਤੇਰੇ ਬੈਗ ‘ਚੋਂ ਜੋ ਪੇਪਰ ਮਿਲੇ ਸਨ, ਉਹ ਤੇਰੇ ਸਨ?”
“ਨ੍ਹੀਂ ਉਹ ਤਾਂ ਮੈਨੂੰ ਆਈæਐਸ਼ਆਈæ ਨੇ ਦਿੱਤੇ ਸਨ।” ਆਫੀਆ ਦਾ ਇਹ ਉਤਰ ਸੁਣਦਿਆਂ ਈ ਸਰਕਾਰੀ ਵਕੀਲ ਨੇ ਵੱਡੇ ਬੰਡਲ ‘ਚੋਂ ਇੱਕ ਪੇਪਰ ਕੱਢ ਕੇ ਸਾਹਮਣੇ ਬੋਰਡ ‘ਤੇ ਟੰਗ ਦਿੱਤਾ। ਇਸ ਕਾਗਜ਼ ‘ਤੇ ਡਰਟੀ ਬੰਬ ਬਣਾਉਣ ਦੇ ਢੰਗ ਤਰੀਕੇ ਲਿਖੇ ਹੋਏ ਸਨ।
“ਆਫੀਆ ਇਹ ਹੱਥ ਲਿਖਤ ਕਾਗਜ਼ ਹਨ ਅਤੇ ਇਹ ਤੇਰੀ ਹੀ ਹੱਥ ਲਿਖਤ ਐ। ਇਸ ਬਾਰੇ ਤੂੰ ਕੀ ਕਹਿਣਾ ਚਾਹੁੰਨੀ ਐਂ?”
“ਉਹ ਇਹ! ਇਹ ਤਾਂ ਮੈਥੋਂ ਧੱਕੇ ਨਾਲ ਲਿਖਵਾਏ ਗਏ ਸਨ। ਮੈਨੂੰ ਇੱਕ ਰਸਾਲਾ ਦਿੱਤਾ ਗਿਆ ਸੀ। ਇਹ ਸਾਰੀ ਜਾਣਕਾਰੀ ਉਸ ਵਿਚ ਸੀ। ਮੈਂ ਤਾਂ ਸਿਰਫ ਕਾਪੀ ਹੀ ਕੀਤੀ ਸੀ।”
“ਤੂੰ ਫਿਰ ਕਾਪੀ ਕਿਉਂ ਕੀਤੀ?”
“ਜੇ ਮੈਂ ਅਜਿਹਾ ਨਾ ਕਰਦੀ ਤਾਂ ਉਹ ਮੇਰੇ ਬੱਚਿਆਂ ‘ਤੇ ਤਸ਼ੱਦਦ ਕਰਨ ਦਾ ਡਰਾਵਾ ਦਿੰਦੇ ਸਨ। ਨਾਲੇ ਇਹ ਕੋਈ ਇੱਕ ਅੱਧ ਦਿਨ ਦੀ ਗੱਲ ਨ੍ਹੀਂ ਐ। ਪੂਰੇ ਚਾਰ ਸਾਲ ਮੈਂ ਅਜਿਹੇ ਲੋਕਾਂ ਦੀ ਕੈਦ ‘ਚ ਬਿਤਾਏ ਨੇ ਜਿਨ੍ਹਾਂ ਦਾ ਹਰ ਰੋਜ਼ ਦਾ ਕੰਮ ਈ ਮੇਰੇ ‘ਤੇ ਤਸ਼ਦਦ ਕਰਨਾ ਸੀ। ਇਹ ਸਭ ਕੁਛ ਮੈਨੂੰ ਬਾਅਦ ਵਿਚ ਬਲੈਕਮੇਲ ਕਰਨ ਲਈ ਕਰਵਾਇਆ ਗਿਆ ਸੀ। ਇਹ ਗੱਲ ਸੱਚ ਵੀ ਹੈ। ਹੁਣ ਤੁਸੀਂ ਉਨ੍ਹਾਂ ਕਾਗਜ਼ਾਂ ਨੂੰ ਈ ਮੇਰੇ ਖਿਲਾਫ ਵਰਤ ਰਹੇ ਓ।”
“ਆਫੀਆ ਕੀ ਤੈਨੂੰ ਬੰਦੂਕ ਜਾਂ ਪਿਸਤੌਲ ਚਲਾਉਣ ਦੀ ਕੋਈ ਜਾਣਕਾਰੀ ਐ?”
“ਨਹੀਂ।” ਆਫੀਆ ਨੇ ਨਾਂਹ ‘ਚ ਸਿਰ ਮਾਰਦਿਆਂ ਉਤਰ ਦਿੱਤਾ।
“ਤੂੰ 1993 ‘ਚ ਬੰਦੂਕ ਪਿਸਤੌਲ ਚਲਾਉਣਾ ਸਿੱਖਣ ਲਈ ਕਲੱਬ ਜੁਆਇਨ ਕੀਤਾ ਸੀ।”
“ਮੈਨੂੰ ਕੁਛ ਯਾਦ ਨ੍ਹੀਂ।”
ਉਸ ਦੇ ਇੰਨਾ ਕਹਿੰਦਿਆਂ ਹੀ ਸਰਕਾਰੀ ਵਕੀਲ ਨੇ ਉਸ ਵੇਲੇ ਦੇ ਕਿਸੇ ਕਲੱਬ ਦੇ ਇੰਸਟਰੱਕਟਰ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਜਿਸ ਨੇ ਦੱਸਿਆ ਕਿ ਉਸ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਨੇ ਇਸ ਔਰਤ ਨੂੰ ਅਸਲਾ ਚਲਾਉਣ ਦੀ ਸਿਖਲਾਈ ਦਿੱਤੀ ਸੀ। ਇਸੇ ਤਰ੍ਹਾਂ ਇਹ ਕਾਰਵਾਈ ਕਈ ਦਿਨ ਚਲਦੀ ਰਹੀ। ਆਖਰ ਗਵਾਹੀਆਂ ਖਤਮ ਹੋ ਗਈਆਂ ਤੇ ਜੱਜ ਨੇ ਦੋਨਾਂ ਧਿਰਾਂ ਨੂੰ ਕਲੋਜ ਸਟੇਟਮੈਂਟ ਦੇਣ ਲਈ ਕਿਹਾ। ਸਰਕਾਰੀ ਵਕੀਲ ਨੇ ਆਪਣੀ ਕਲੋਜ਼ ਸਟੇਟਮੈਂਟ ਵਿਚ ਕਿਹਾ ਕਿ ਆਫੀਆ ਲਗਾਤਾਰ ਝੂਠ ਬੋਲਦੀ ਰਹੀ ਹੈ। ਇਸ ਨੇ ਕਿਸੇ ਵੀ ਸੁਆਲ ਦਾ ਸਿੱਧਾ ਉਤਰ ਨਹੀਂ ਦਿੱਤਾ। ਕਦੇ ਇਹ ਦਿਮਾਗੀ ਤੌਰ ‘ਤੇ ਬਿਮਾਰ ਹੋਣ ਦਾ ਪਖੰਡ ਕਰਦੀ ਹੈ, ਕਦੇ ਕਹਿੰਦੀ ਹੈ ਕਿ ਇਹ ਆਪਣੀ ਮਰਜ਼ੀ ਨਾਲ ਅੰਡਰਗਰਾਊੇਂਡ ਰਹੀ ਤੇ ਕਦੇ ਸਰਕਾਰ ‘ਤੇ ਇਲਜ਼ਾਮ ਲਾਉਂਦੀ ਹੈ। ਇਸ ਕਰ ਕੇ ਇਸ ਦੀ ਕੋਈ ਵੀ ਗੱਲ ਇਤਬਾਰ ਕਰਨ ਦੇ ਕਾਬਿਲ ਨਹੀਂ ਹੈਂ। ਜੋ ਕੇਸ ਇਸ ‘ਤੇ ਚਲਾਇਆ ਗਿਆ ਹੈ, ਇਹ ਪੂਰੀ ਤਰ੍ਹਾਂ ਸਾਬਤ ਹੋ ਚੁੱਕਾ ਹੈ।
ਡਿਫੈਂਸ ਟੀਮ ਨੇ ਕਿਹਾ, “ਮਾਸੂਮ ਅਤੇ ਤਿੰਨ ਬੱਚਿਆਂ ਦੀ ਮਾਂ ਨੂੰ ਸਰਕਾਰੀ ਏਜੰਸੀਆਂ ਨੇ ਲਗਾਤਾਰ ਕਈ ਸਾਲ ਬਿਨਾਂ ਕਿਸੇ ਦੋਸ਼ ਦੇ ਕੈਦ ਕਰੀ ਰੱਖਿਆ ਤੇ ਉਸ ‘ਤੇ ਘੋਰ ਅੱਤਿਆਚਾਰ ਕੀਤੇ। ਆਖਰ ਡਰਾਮਾ ਕਰਦਿਆਂ ਉਸ ਦੀ ਗ੍ਰਿਫਤਾਰੀ ਵਿਖਾਈ ਗਈ, ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਦੋਸ਼ਾਂ ਕਰ ਕੇ ਉਸ ਨੂੰ ਕੈਦ ਰੱਖਿਆ ਤੇ ਉਸ ਉਪਰ ਅੱਤਿਆਚਾਰ ਕੀਤੇ, ਉਨ੍ਹਾਂ ਦੋਸ਼ਾਂ ਬਾਬਤ ਉਸ ‘ਤੇ ਕੇਸ ਚਲਾਇਆ ਹੀ ਨਹੀਂ ਗਿਆ। ਉਸ ‘ਤੇ ਮਨਘੜਤ ਦੋਸ਼ ਆਇਦ ਕਰ ਦਿੱਤਾ। ਇਸ ਕੇਸ ਵਿਚ ਵੀ ਕੋਈ ਠੋਸ ਸਬੂਤ ਉਸ ਦੇ ਖਿਲਾਫ ਨਹੀਂ ਮਿਲਿਆ। ਅਸੀਂ ਮਾਣਯੋਗ ਜਿਊਰੀ ਨੂੰ ਦੱਸਣਾ ਚਾਹਾਂਗੇ ਕਿ ਇਹ ਕੇਸ ਝੂਠਾ ਹੈ ਤੇ ਬੇਬੁਨਿਆਦ ਹੈ।”
ਫਿਰ ਜੱਜ ਨੇ ਦਿਸ਼ਾ ਨਿਰਦੇਸ਼ ਦਿੱਤੇ ਤੇ ਜਿਊਰੀ ਬੈਠ ਗਈ। ਤਿੰਨ ਦਿਨਾਂ ਪਿੱਛੋਂ ਜਿਊਰੀ ਨੇ ਆਪਣਾ ਫੈਸਲਾ ਸੁਣਾਉਂਦਿਆਂ ਆਫੀਆ ਨੂੰ ਦੋਸ਼ੀ ਕਰਾਰ ਦੇ ਦਿੱਤਾ। ਅਦਾਲਤ ‘ਚ ਬੈਠੇ ਆਫੀਆ ਦੇ ਭਰਾ ਨੇ ਸਿਰ ਫੜ ਲਿਆ। ਉਹ ਆਫੀਆ ਨੂੰ ਇਹ ਸਮਝਾਉਣ ਲਈ ਸਾਰਾ ਜ਼ੋਰ ਲਾ ਚੁੱਕਾ ਸੀ ਕਿ ਪਾਕਿਸਤਾਨ ਸਰਕਾਰ ਨੇ ਦੋ ਮਿਲੀਅਨ ਡਾਲਰ ਦੀ ਮਦਦ ਦਿੰਦਿਆਂ ਉਸ ਦੇ ਲਈ ਦੁਨੀਆਂ ਦੇ ਬਿਹਤਰ ਵਕੀਲ ਚੁਣੇ ਹਨ। ਉਹ ਹੋਰ ਕੁਝ ਨਹੀਂ ਕਰ ਸਕਦੀ ਤਾਂ ਕਮ ਸੇ ਕਮ ਚੁੱਪ ਹੀ ਰਹੇ। ਹੁਣ ਉਹ ਸੋਚ ਰਿਹਾ ਸੀ ਕਿ ਇਸ ਬੇਵਕੂਫ ਕੁੜੀ ਨੇ ਸਾਰਾ ਝੁੱਗਾ ਚੌੜ ਕਰ ਕੇ ਰੱਖ ਦਿੱਤਾ, ਪਰ ਬਾਕਸ ‘ਚ ਖੜ੍ਹੀ ਆਫੀਆ ‘ਤੇ ਕੋਈ ਅਸਰ ਨਹੀਂ ਸੀ। ਉਸ ਨੇ ਉਚੀ ਬੋਲਦਿਆਂ ਇੰਨਾ ਹੀ ਕਿਹਾ, “ਮੈਨੂੰ ਜਿਉਰੀ ਦਾ ਇਹ ਫੈਸਲਾ ਸੁਣ ਕੇ ਕੋਈ ਹੈਰਾਨੀ ਨ੍ਹੀਂ ਹੋਈ, ਕਿਉਂਕਿ ਮੈਨੂੰ ਪਤਾ ਐ ਕਿ ਇਹ ਫੈਸਲਾ ਪਹਿਲਾਂ ਤੋਂ ਈ ਜਿਊਰੀ ਮੈਂਬਰਾਂ ਦੇ ਮਨਾਂ ਵਿਚ ਤੈਅਸ਼ੁਦਾ ਐ। ਮੈਂ ਇਹ ਉਮੀਦ ਵੀ ਨ੍ਹੀਂ ਸੀ ਕੀਤੀ ਕਿ ਅਮਰੀਕਾ ਦੀ ਕਿਸੇ ਕੋਰਟ ਵਿਚੋਂ ਮੈਨੂੰ ਇਨਸਾਫ ਮਿਲੇਗਾ। ਇਸੇ ਕਰ ਕੇ ਮੈਂ ਇਸ ਦੇ ਲਈ ਪਹਿਲਾਂ ਈ ਤਿਆਰ ਸੀ। ਜ਼ਰਾ ਸੋਚੋæææ।”
“ਆਫੀਆ ਤੈਨੂੰ ਇਸ ਮੌਕੇ ਬੋਲਣ ਦੀ ਇਜਾਜ਼ਤ ਨ੍ਹੀਂ ਐ। ਨਾ ਹੀ ਹੁਣ ਤੇਰੇ ਬੋਲਣ ਨਾਲ ਕੋਈ ਫਰਕ ਪਵੇਗਾ। ਇਸ ਕਰ ਕੇ ਕੋਰਟ ਦਾ ਆਰਡਰ ਐ ਕਿ ਇਸ ਵੇਲੇ ਤੂੰ ਚੁੱਪ ਰਹੇਂ।”
“ਠੀਕ ਐ ਜੱਜ ਸਾਹਿਬ। ਮੁਲਕ ਤੁਹਾਡਾ, ਕੋਰਟ ਤੁਹਾਡੀ, ਜਿਊਰੀ ਤੁਹਾਡੇ ਲੋਕਾਂ ਦੀ, ਵਕੀਲ ਤੁਹਾਡੇ। ਫਿਰ ਇੱਥੇ ਕਿਸੇ ਬਿਗਾਨੇ ਦਾ ਕੇਸ ਕਿਵੇਂ ਨਿਰਪੱਖ ਢੰਗ ਨਾਲ ਚੱਲ ਸਕਦਾ ਐ, ਪਰ ਮੈਂ ਪਹਿਲਾਂ ਈ ਕਿਹਾ ਐ ਕਿ ਮੈਨੂੰ ਕੋਈ ਰੰਜ਼ਿਸ਼ ਨ੍ਹੀਂ। ਕਿਸੇ ‘ਤੇ ਕੋਈ ਗੁੱਸਾ ਨ੍ਹੀਂ। ਤੁਹਾਡਾ ਹੁਕਮ ਸਿਰ ਮੱਥੇ।” ਇੰਨਾ ਕਹਿੰਦਿਆਂ ਆਫੀਆ ਚੁੱਪ ਹੋ ਗਈ। ਕੋਰਟ ‘ਚ ਖਾਮੋਸ਼ੀ ਪਸਰ ਗਈ। ਫਿਰ ਜੱਜ ਦੀ ਆਵਾਜ਼ ਨੇ ਇਹ ਖਾਮੋਸ਼ੀ ਤੋੜੀ। ਉਸ ਨੇ ਕੋਰਟ ਬਰਖਾਸਤ ਕਰਦਿਆਂ ਸਜ਼ਾ ਦੇਣ ਦੀ ਤਾਰੀਖ ਅਗਲੇ ਦਿਨ ਦੀ ਰੱਖ ਦਿੱਤੀ। ਮਾਰਸ਼ਲ ਆਫੀਆ ਨੂੰ ਜੇਲ੍ਹ ਵੱਲ ਲੈ ਗਏ ਤੇ ਕੋਰਟ ਖਾਲੀ ਹੋ ਗਈ।
(ਚੱਲਦਾ)

Be the first to comment

Leave a Reply

Your email address will not be published.