ਵਾਸ਼ਿੰਗਟਨ: ਕਰੋਨਾ ਵਾਇਰਸ ਮਹਾਮਾਰੀ ਕਰਕੇ ਆਲਮੀ ਅਰਥਚਾਰੇ ਵਿਚ ਆਈ ਮੰਦੀ ਦੇ ਮੱਦੇਨਜ਼ਰ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤ ਵਿਚੋਂ 16 ਅਰਬ ਡਾਲਰ ਤੋਂ ਵੱਧ ਦੀ ਰਾਸ਼ੀ ਬਾਹਰ ਕੱਢ ਲਈ ਹੈ। ਉਂਜ ਨਿਵੇਸ਼ਕਾਂ ਨੇ ਏਸ਼ੀਆ ਦੇ ਵਿਕਾਸਸ਼ੀਲ ਅਰਥਚਾਰਿਆਂ ਵਿਚੋਂ ਅਨੁਮਾਨਿਤ 26 ਅਰਬ ਅਮਰੀਕੀ ਡਾਲਰ ਵਾਪਸ ਖਿੱਚੇ ਹਨ।
ਇਹ ਦਾਅਵਾ ਅਮਰੀਕੀ ਕਾਂਗਰਸ ਦੀ ਇਕ ਰਿਪੋਰਟ ‘ਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਕਰੋਨਾ ਵਾਇਰਸ ਕਰਕੇ ਜਿਥੇ ਵਿਸ਼ਵ ਦੇ ਸਾਰੇ ਪ੍ਰਮੁੱਖ ਅਰਥਚਾਰੇ ਸੁੰਗੜ ਜਾਣਗੇ, ਉਥੇ ਸਿਰਫ ਤਿੰਨ ਮੁਲਕ ਚੀਨ, ਭਾਰਤ ਤੇ ਇੰਡੋਨੇਸ਼ੀਆ ਦਾ ਅਰਥਚਾਰਾ ਸਾਲ 2020 ਵਿਚ ਸਕਾਰਾਤਮਕ ਦਰ ਨਾਲ ਵਧੇ ਫੁੱਲੇਗਾ। ਅਮਰੀਕੀ ਕਾਂਗਰਸ ਦੇ ਆਜ਼ਾਦਾਨਾ ਖੋਜ ਸੈਂਟਰ ਨੇ ਕੋਵਿਡ-19 ਦੇ ਆਲਮੀ ਅਰਥਚਾਰੇ ‘ਤੇ ਪੈਣ ਵਾਲੇ ਅਸਰ ਬਾਰੇ ਆਪਣੀ ਸੱਜਰੀ ਰਿਪੋਰਟ ਵਿਚ ਕਿਹਾ, ‘ਵਿਦੇਸ਼ੀ ਨਿਵੇਸ਼ਕਾਂ ਨੇ ਏਸ਼ੀਆ ਦੇ ਵਿਕਾਸਸ਼ੀਲ ਅਰਥਚਾਰਿਆਂ ‘ਚੋਂ ਅਨੁਮਾਨਿਤ 26 ਅਰਬ ਅਮਰੀਕੀ ਡਾਲਰ ਅਤੇ ਭਾਰਤ ਵਿਚੋਂ 16 ਅਰਬ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਵਾਪਸ ਕੱੱਢ ਲਈ ਹੈ।’
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਦੀ ਇਸ ਪੇਸ਼ਕਦਮੀ ਨਾਲ ਏਸ਼ੀਆ ਵਿਚ ਵੱਡੀ ਆਰਥਿਕ ਮੰਦੀ ਨੂੰ ਲੈ ਕੇ ਫਿਕਰਮੰਦੀ ਵਧ ਗਈ ਹੈ। ਯੂਰਪ ਵਿਚ ਜਰਮਨੀ, ਫਰਾਂਸ, ਯੂਕੇ, ਸਪੇਨ ਤੇ ਇਟਲੀ ਦੇ ਤਿੰਨ ਕਰੋੜ ਲੋਕਾਂ ਨੇ ਆਰਥਿਕ ਮੰਦੀ ਤੋਂ ਉਭਰਨ ਲਈ ਸਰਕਾਰ ਤੋਂ ਸਹਿਯੋਗ ਮੰਗਿਆ ਹੈ ਜਦੋਂਕਿ ਸਾਲ 2020 ਦੀ ਪਹਿਲੀ ਤਿਮਾਹੀ ਦੇ ਅੰਕੜਿਆਂ ਤੋਂ ਸਾਫ ਹੈ ਕਿ ਯੂਰਪੀਅਨ ਅਰਥਚਾਰਾ 3.8 ਫੀਸਦ ਤੱਕ ਸੁੰਗੜ ਗਿਆ ਹੈ, ਜੋ ਕਿ ਸਾਲ 1995 ਮਗਰੋਂ ਕਿਸੇ ਤਿਮਾਹੀ ‘ਚ ਸਭ ਤੋਂ ਵੱਡਾ ਨਿਘਾਰ ਹੈ। ਅਮਰੀਕਾ ਵਿਚ ਸ਼ੁਰੂਆਤੀ ਅੰਕੜਿਆਂ ਤੋਂ ਇਹੀ ਸੰਕੇਤ ਮਿਲਦਾ ਹੈ ਕਿ 2020 ਦੀ ਪਹਿਲੀ ਤਿਮਾਹੀ ਵਿਚ ਵਿਕਾਸ ਦਰ (ਜੀ.ਡੀ.ਪੀ.) 4.8 ਫੀਸਦ ਤੱਕ ਡਿੱਗੇਗੀ।
ਰਿਪੋਰਟ ਮੁਤਾਬਕ ਮਹਾਮਾਰੀ ਸੰਕਟ ਮੌਕੇ ਮੁਦਰਾ ਤੇ ਵਿੱਤੀ ਨੀਤੀਆਂ ਨੂੰ ਲਾਗੂ ਕਰਨਾ ਸਰਕਾਰਾਂ ਲਈ ਵੱਡੀ ਚੁਣੌਤੀ ਹੋਵੇਗਾ, ਕਿਉਂਕਿ ਸਰਕਾਰਾਂ ਨੂੰ ਨਾਲੋਂ ਨਾਲ ਕਰੋਨਾ ਦੇ ਟਾਕਰੇ ਲਈ ਵੈਕਸੀਨ ਵਿਕਸਤ ਕਰਨ ਤੇ ਆਪਣੀ ਨਾਗਰਿਕਾਂ ਦੀ ਸਲਾਮਤੀ ਦੇ ਪ੍ਰਬੰਧ ਵੀ ਕਰਨੇ ਹੋਣਗੇ।
__________________________________
ਭਿਆਨਕ ਵਿਤੀ ਮੰਦਵਾੜੇ ਦੀ ਚਿਤਾਵਨੀ
ਲੰਡਨ: ਅਰਥਸ਼ਾਸਤਰੀ ਨੌਰੀਅਲ ਰੂਬਿਨੀ ਨੇ ਚਿਤਾਵਨੀ ਦਿੱਤੀ ਹੈ ਕਿ ਕਰੋਨਾ ਵਾਇਰਸ ਕਾਰਨ ਆਏ ਮੰਦਵਾੜੇ ਤੋਂ ਉਭਰਨ ਲਈ ਲੰਮਾ ਸਮਾਂ ਲੱਗੇਗਾ। ਡਾ. ਡੂਮ ਦੇ ਨਾਂ ਨਾਲ ਮਸ਼ਹੂਰ ਪ੍ਰੋ. ਰੂਬਿਨੀ ਨੇ ਕਿਹਾ ਕਿ ਕੁਝ ਨੌਕਰੀਆਂ ਜੋ ਖੁੱਸ ਗਈਆਂ ਹਨ, ਇਸ ਸੰਕਟ ਦੇ ਮੁੱਕਣ ਤੋਂ ਬਾਅਦ ਮੁੜ ਕਦੀ ਨਹੀਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਇਸ ਸਾਲ ਆਲਮੀ ਆਰਥਿਕਤਾ ਲੀਹ ‘ਤੇ ਆ ਜਾਂਦੀ ਹੈ ਤਾਂ ਵੀ ਇਸ ‘ਚ ਪਹਿਲਾਂ ਵਾਲਾ ਜੋਸ਼ ਨਹੀਂ ਹੋਵੇਗਾ। ਉਨ੍ਹਾਂ ਅਣਕਿਆਸੇ ਮੰਦਵਾੜੇ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਰੂਬਿਨੀ ਨੇ ਹੋਰਾਂ ਤੋਂ ਕਈ ਸਾਲ ਪਹਿਲਾਂ 2008 ‘ਚ ਵਿੱਤੀ ਮੰਦਵਾੜੇ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਖੁੱਸੇ ਹੋਏ ਰੁਜ਼ਗਾਰ ਵਾਪਸ ਮਿਲ ਵੀ ਗਏ, ਉਹ ਘੱਟ ਤਨਖਾਹਾਂ ਵਾਲੇ, ਬਿਨਾਂ ਲਾਭ ਜਾਂ ਪਾਰਟ-ਟਾਈਮ ਵਾਲੇ ਹੋਣਗੇ।
____________________________________
ਚੀਨ ਨੇ ਇਸ ਸਾਲ ਜੀ.ਡੀ.ਪੀ. ਦਾ ਟੀਚਾ ਤੈਅ ਨਹੀਂ ਕੀਤਾ
ਪੇਇਚਿੰਗ: ਚੀਨ ਵਿਚ ਕਰੋਨਾ ਵਾਇਰਸ ਮਹਾਮਾਰੀ ਕਾਰਨ ਲਟਕਿਆ ਸੰਸਦ ਦਾ ਸਾਲਾਨਾ ਸੈਸ਼ਨ ਸ਼ੁਰੂ ਹੋਇਆ ਅਤੇ ਸਰਕਾਰ ਨੇ ਇਸ ਬਿਮਾਰੀ ਕਾਰਨ ਪੈਦਾ ਹੋਈ ਬੇਯਕੀਨੀ, ਚੀਨ ਅਤੇ ਕੌਮਾਂਤਰੀ ਅਰਥਚਾਰਿਆਂ ਵਿਚ ਮੰਦੀ ਤੋਂ ਇਲਾਵਾ ਵਪਾਰ ਡਿੱਗਣ ਦਾ ਹਵਾਲਾ ਦਿੰਦਿਆਂ ਇਸ ਸਾਲ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਟੀਚਾ ਤੈਅ ਨਹੀਂ ਕੀਤਾ। ਨੈਸ਼ਨਲ ਪੀਪਲਜ਼ ਕਾਂਗਰਸ (ਐਨ.ਪੀ.ਸੀ.) ਦਾ ਸੈਸ਼ਨ ਗ੍ਰੇਟ ਹਾਲ ਆਫ ਪੀਪਲ ਵਿਚ 2,900 ਮੈਂਬਰਾਂ ਨਾਲ ਸ਼ੁਰੂ ਹੋਇਆ। ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਐਨ.ਸੀ.ਪੀ. ਨੂੰ ਸੌਂਪੀ 23 ਸਫਿਆਂ ਦੀ ਰਿਪੋਰਟ ਵਿਚ ਕਿਹਾ, ‘ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਸ ਸਾਲ ਆਰਥਿਕ ਵਿਕਾਸ ਲਈ ਕੋਈ ਖਾਸ ਟੀਚਾ ਨਿਰਧਾਰਤ ਨਹੀਂ ਕੀਤਾ ਹੈ।’ ਚੀਨ ਨੇ ਦੇਸ਼ ਦੇ ਲਗਭਗ ਸਾਰੇ ਹਿੱਸੇ ਖੋਲ੍ਹ ਦਿੱਤੇ ਹਨ। ਸੰਸਦ ਦਾ ਸੈਸ਼ਨ ਮਾਰਚ ਵਿਚ ਹੋਣਾ ਸੀ ਪਰ ਕਰੋਨਾ ਵਾਇਰਸ ਮੁਲਤਵੀ ਕਰ ਦਿੱਤਾ ਗਿਆ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਦੇ ਨਾਲ, ਸੱਤਾਧਾਰੀ ‘ਕਮਿਊਨਿਸਟ ਪਾਰਟੀ ਆਫ ਚਾਈਨਾ’ ਦੇ ਚੋਟੀ ਦੇ ਨੇਤਾ ਬਿਨਾਂ ਕਿਸੇ ਮਾਸਕ ਤੋਂ ਸੈਸ਼ਨ ਵਿਚ ਸ਼ਾਮਲ ਹੋਏ, ਜਦੋਂ ਕਿ 2,897 ਮੈਂਬਰਾਂ ਨੇ ਮਾਸਕ ਪਾਇਆ ਹੋਇਆ ਸੀ।