ਬਾਗੀ ਸੁਰਾਂ ਨਾਲ ਠੱਲ੍ਹਣ ਲਈ ਕੈਪਟਨ ਦੀ ਹੁਣ ‘ਲੰਚ ਡਿਪਲੋਮੇਸੀ’ ਉਤੇ ਟੇਕ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਸਕੱਤਰ ਦੇ ਮਸਲੇ ‘ਤੇ ਉਠ ਰਹੀਆਂ ਬਗਾਵਤੀ ਸੁਰਾਂ ਨਾਲ ਸਿੱਝਣ ਲਈ ‘ਲੰਚ ਡਿਪਲੋਮੇਸੀ’ ਦੀ ਟੇਕ ਲੈਣੀ ਪਈ। ਉਨ੍ਹਾਂ ਵੱਲੋਂ ਖਾਣਾ ਖੁਆਉਣ ਮਗਰੋਂ ਨਾਰਾਜ਼ ਵਜ਼ੀਰ ਤੇ ਕੁਝ ਵਿਧਾਇਕ ਸੰਜਮ ‘ਚ ਨਜ਼ਰ ਆਏ।

ਦੱਸਣਯੋਗ ਹੈ ਕਿ ਤਿੰਨ ਵਜ਼ੀਰਾਂ ਦਾ ਸਿੱਧੇ ਤੌਰ ਉਤੇ ਮੁੱਖ ਸਕੱਤਰ ਨਾਲ ਪੇਚਾ ਪਿਆ ਹੋਇਆ ਹੈ। ਦੁਪਹਿਰ ਦੇ ਖਾਣੇ ਮੌਕੇ ਤਿੰਨੋਂ ਵਜ਼ੀਰਾਂ ‘ਚੋਂ ਸਿਰਫ ਸਹਿਕਾਰਤਾ ਸੁਖਜਿੰਦਰ ਸਿੰਘ ਰੰਧਾਵਾ ਹੀ ਹਾਜ਼ਰ ਸਨ ਜਦਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਾਲੇ ਵਾਪਸ ਨਹੀਂ ਆਏ ਹਨ। ਸੂਤਰ ਦੱਸਦੇ ਹਨ ਕਿ ਵਜ਼ੀਰ ਸੁਖਜਿੰਦਰ ਰੰਧਾਵਾ ਨੇ ਸਾਥੀ ਮੰਤਰੀ ਚਰਨਜੀਤ ਚੰਨੀ ਨੂੰ ਲੰਚ ਵਾਸਤੇ ਨਾਲ ਲਿਜਾਣ ਲਈ ਫੋਨ ਖੜਕਾਏ ਪਰ ਉਨ੍ਹਾਂ ਪੱਲਾ ਨਾ ਫੜਾਇਆ। ਵੇਰਵਿਆਂ ਅਨੁਸਾਰ ਬਾਗੀ ਸੁਰ ਰੱਖਣ ਵਾਲੇ ਖੇਮੇ ‘ਚੋਂ ਬਹੁਤੇ ਵਿਧਾਇਕ ਲੰਚ ਤੋਂ ਵਾਂਝੇ ਰਹਿ ਗਏ ਜਿਨ੍ਹਾਂ ਨੇ ਗੈਰ-ਰਸਮੀ ਤੌਰ ‘ਤੇ ਵੱਖਰੀ ਸਿਆਸੀ ਮਿਲਣੀ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਪ੍ਰਗਟ ਸਿੰਘ ਅਤੇ ਵਿਧਾਇਕ ਸੰਗਤ ਸਿੰਘ ਗਿਲਜੀਆ ਨੂੰ ਦੁਪਹਿਰ ਦੇ ਖਾਣੇ ਉਤੇ ਬੁਲਾਇਆ ਗਿਆ ਜੋ ਕਰੀਬ ਤਿੰਨ ਘੰਟੇ ਮੁੱਖ ਮੰਤਰੀ ਦੇ ਸਿਸਵਾਂ ਰਿਜ਼ੋਰਟ ‘ਤੇ ਰਹੇ। ਸੂਤਰਾਂ ਅਨੁਸਾਰ ਲੰਚ ਦੇ ਟੇਬਲ ਉਤੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਦਾ ਪੱਖ ਪੂਰ ਕੇ ਸਿਆਸੀ ਮਨਸ਼ਾ ਜ਼ਾਹਰ ਕਰ ਦਿੱਤੀ। ਉਨ੍ਹਾਂ ਤਰਕ ਦਿੱਤਾ ਕਿ ਮੁੱਖ ਸਕੱਤਰ ਤਾਂ ਪਹਿਲਾਂ ਹੀ ਮੁਆਫੀ ਮੰਗ ਚੁੱਕੇ ਹਨ। ਜਦੋਂ ਸ੍ਰੀ ਰੰਧਾਵਾ ਨੇ ਗੱਲ ਕੱਟੀ ਤਾਂ ਫੌਰੀ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੁੱਖ ਮੰਤਰੀ ਨੇ ਫੋਨ ਉਤੇ ਗੱਲ ਕੀਤੀ ਜਿਥੋਂ ਪਤਾ ਲੱਗਾ ਕਿ ਮੁੱਖ ਸਕੱਤਰ ਨੇ ਮੀਟਿੰਗ ਮਗਰੋਂ ਗੱਡੀ ‘ਚ ਬੈਠੇ ਮਨਪ੍ਰੀਤ ਬਾਦਲ ਕੋਲ ਜਾ ਕੇ ਮੁਆਫੀ ਮੰਗੀ ਸੀ। ਸ੍ਰੀ ਰੰਧਾਵਾ ਨੇ ਮੁੱਖ ਸਕੱਤਰ ਨੂੰ ਲਾਂਭੇ ਕਰਨ ਦੀ ਗੱਲ ਰੱਖੀ।
ਇਸ ਦੌਰਾਨ ਰਾਜਾ ਵੜਿੰਗ ਨੇ ਮੁੱਖ ਸਕੱਤਰ ਦਾ ਮੁੱਦਾ ਚੁੱਕਿਆ। ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਇਕ ਐਸ਼ਡੀ.ਐਮ. ਵਾਲਾ ਮਾਮਲਾ ਮੁੜ ਚੁੱਕਿਆ। ਵਿਧਾਇਕ ਪ੍ਰਗਟ ਸਿੰਘ ਨੇ ਦੋ ਵਾਰ ਬਰਗਾੜੀ ਕਾਂਡ ਦੇ ਮੁੱਦੇ ਉਤੇ ਗੱਲ ਤੋਰਨੀ ਚਾਹੀ ਪਰ ਕੋਈ ਨਾ ਕੋਈ ਵਿਘਨ ਪੈਂਦਾ ਰਿਹਾ। ਉਨ੍ਹਾਂ ਮੁੱਖ ਮੰਤਰੀ ਨੂੰ ਚੌਕਸ ਕੀਤਾ ਕਿ ਅਫਸਰਸ਼ਾਹੀ ਸਭ ਕੁਝ ਗੋਲ ਕਰ ਰਹੀ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਦੋਂ ਮੁੱਖ ਸਕੱਤਰ ਦੇ ਹੈਂਕੜ ਵਤੀਰੇ ਦੀ ਗੱਲ ਕੀਤੀ ਤਾਂ ਅੱਗਿਉਂ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਸਕੱਤਰ ਪਹਿਲਾਂ ਤਾਂ ਠੀਕ-ਠਾਕ ਸਨ। ਸ੍ਰੀ ਜਾਖੜ ਨੇ ਚੌਕਸ ਕੀਤਾ ਕਿ ਅਫਸਰਸ਼ਾਹੀ ਨੂੰ ਸਰਕਾਰ ਚਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਮੰਤਰੀ ਨਾਲ ਕੋਈ ਮਤਭੇਦ ਨਹੀਂ ਹਨ। ਜਦੋਂ ਮੁੱਖ ਮੰਤਰੀ ਬੁਲਾਉਣਗੇ, ਉਹ ਆਉਣਗੇ। ਉਨ੍ਹਾਂ ਕਿਹਾ ਕਿ ਆਬਕਾਰੀ ਘਾਟੇ ਲਈ ਮੁੱਖ ਸਕੱਤਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਲੰਚ ਖੁਣੋਂ ਰਹਿ ਗਏ ਵਿਧਾਇਕਾਂ ਨੇ ਹੀ ਸ੍ਰੀ ਰੰਧਾਵਾ ਨੂੰ ਮੀਟਿੰਗ ਲਈ ਅਧਿਕਾਰਤ ਕੀਤਾ ਸੀ। ਮੁੱਖ ਮੰਤਰੀ ਦਫਤਰ ਨੇ ਰਾਜਨੀਤੀ ਬਰਾਂਚ-1 ‘ਚ ਤਾਇਨਾਤ ਬੁਕਿੰਗ ਸਹਾਇਕ ਰਜਨੀਸ਼ ਮੈਣੀ ਨੂੰ ਬਦਲਣ ਦੇ ਜਬਾਨੀ ਹੁਕਮ ਦੇ ਦਿੱਤੇ ਹਨ। ਬੁਕਿੰਗ ਸਹਾਇਕ ਖਿਲਾਫ ਵਿਧਾਇਕਾਂ ਨੇ ਰੌਲਾ ਪਾਇਆ ਸੀ ਕਿ ਦਿੱਲੀ ਦੇ ਪੰਜਾਬ ਭਵਨ ਦੇ ਬਲਾਕ-ਏ ਵਿਚ ਬੁਕਿੰਗ ਨਹੀਂ ਦਿੱਤੀ ਜਾਂਦੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਮਹੱਤਵਪੂਰਨ ਮੁੱਦਿਆਂ ਉਤੇ ਰਾਇ ਦੇਣ ਵਾਲੇ ਆਗੂਆਂ ਦੀ ਕਦਰ ਕਰਦੇ ਹਨ। ਉਨ੍ਹਾਂ ਨੇ ਆਗੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਕੋਵਿਡ- 19 ਦੇ ਪ੍ਰਭਾਵ ਘਟਣ ਕਰਨ ਲਈ ਉਹ ਹਰ ਸੰਭਵ ਉਪਾਅ ਕਰ ਰਹੇ ਹਨ। ਸਰਕਾਰ ਲੋਕਾਂ ਦੇ ਦੁੱਖ ਦੂਰ ਕਰਨ ਲਈ ਯਤਨਸ਼ੀਲ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਨਿਰਵਿਵਾਦ ਨੇਤਾ ਹਨ। ਸ਼ਰਾਬ ਤਸਕਰੀ ‘ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਬਾਰੇ ਸ੍ਰੀ ਰੰਧਾਵਾ ਨੇ ਕਿਹਾ ਕਿ ਜੇਕਰ ਕੋਈ ਵੀ ਗੈਰ-ਕਾਨੂੰਨੀ ਕੰਮ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।