ਕੈਪਟਨ ਸਰਕਾਰ ਦਾ ਸ਼ਰਾਬ ਵੇਚ ਕੇ ਖਜਾਨਾ ਭਰਨ ਦਾ ਸੁਪਨਾ ਟੁੱਟਿਆ

ਚੰਡੀਗੜ੍ਹ: ਸ਼ਰਾਬ ਦੀ ਨਿਲਾਮੀ ਤੋਂ ਵੱਡੀ ਆਮਦਨ ਦੀ ਆਸ ਲਾਈ ਬੈਠੀ ਕੈਪਟਨ ਸਰਕਾਰ ਦਾ ਸੁਪਨਾ ਟੁੱਟਦਾ ਜਾਪ ਰਿਹਾ ਹੈ। ਪੰਜਾਬ ਸਰਕਾਰ ਦੇ ਕਰੀਬ 2000 ਕਰੋੜ ਰੁਪਏ ਦੇ ਮਾਲੀਏ ਵਾਲੇ ਠੇਕਿਆਂ ਦੀ ਨਿਲਾਮੀ ਲਈ ਕਿਸੇ ਵੀ ਠੇਕੇਦਾਰ ਨੇ ਦਰਖਾਸਤ ਨਹੀਂ ਦਿੱਤੀ। ਦੂਜੇ ਪਾਸੇ ਸਰਕਾਰ ਡੇਢ ਮਹੀਨਾ ਠੇਕੇ ਬੰਦ ਰੱਖਣ ਉਤੇ ਹੁਣ ਵਿਕਾਰੀ ਬੇਹੱਦ ਘੱਟ ਹੋਣ ਕਾਰਨ ਪੈ ਰਹੇ ਘਾਟੇ ਦਾ ਮੁਆਵਜ਼ਾ ਦੇਣ ਲਈ ਤਿਆਰ ਨਹੀਂ।

ਇਸ ਕਰਕੇ ਵੱਡੇ ਘਾਟੇ ਦਾ ਖਦਸ਼ਾ ਮਹਿਸੂਸ ਕਰਦਿਆਂ ਬਹੁਤ ਸਾਰੇ ਠੇਕੇਦਾਰਾਂ ਨੇ ਪਹਿਲਾਂ ਲਏ ਠੇਕਿਆਂ ਨੂੰ ਵੀ ਤਾਲੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਾ ਹੈ ਕਿ ਨਿਲਾਮ ਹੋਣ ਤੋਂ ਰਹਿ ਗਏ ਠੇਕਿਆਂ ਲਈ ਦਰਖਾਸਤ ਲੈਣ ਦੇ ਆਖਰੀ ਦਿਨ ਵੀ ਕੋਈ ਗਰੁੱਪ ਅੱਗੇ ਨਹੀਂ ਆਇਆ। ਪਤਾ ਲੱਗਾ ਹੈ ਕਿ ਸਰਕਾਰ ਨੇ ਠੇਕੇਦਾਰਾਂ ਨੂੰ 16 ਫੀਸਦੀ ਛੋਟ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਠੇਕੇਦਾਰਾਂ ਨੂੰ ਇਹ ਮਨਜ਼ੂਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਇੰਨਾ ਹਰਜਾਨਾ ਤਾਂ ਉਨ੍ਹਾਂ ਨੂੰ ਦੋ ਮਹੀਨੇ ਠੇਕੇ ਪੱਛੜ ਕੇ ਚੱਲਣ ਦਾ ਹੀ ਪੈ ਜਾਣਾ ਹੈ ਤੇ ਪਿਛਲੇ ਸਾਲ ਵੀ ਇਨ੍ਹਾਂ ਠੇਕਿਆਂ ‘ਚੋਂ ਠੇਕੇਦਾਰਾਂ ਨੇ ਵੱਡਾ ਘਾਟਾ ਹੀ ਖਾਧਾ ਹੈ। ਇਸ ਕਰਕੇ ਉਹ ਠੇਕੇ ਲੈਣ ਲਈ ਤਿਆਰ ਨਹੀਂ। ਪਤਾ ਲੱਗਾ ਹੈ ਕਿ ਲੁਧਿਆਣਾ ਜ਼ੋਨ ਵਿਚ 28 ਗਰੁੱਪਾਂ ਨੇ ਠੇਕਿਆਂ ਨੂੰ ਤਾਲਾ ਮਾਰ ਕੇ ਸਰਕਾਰ ਨੂੰ ਲਿਖਤੀ ਰੂਪ ‘ਚ ਕਹਿ ਦਿੱਤਾ ਹੈ ਕਿ ਉਹ ਠੇਕੇ ਚਲਾਉਣ ਦੇ ਸਮਰੱਥ ਨਹੀਂ। ਇਸੇ ਤਰ੍ਹਾਂ ਜਲੰਧਰ ਜ਼ੋਨ ‘ਚ ਹੁਸ਼ਿਆਰਪੁਰ ਦੇ-ਦੋ ਗਰੁੱਪ ਹੱਥ ਖੜੇ ਕਰ ਗਏ ਹਨ।
ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਦੀਪ ਮਲਹੋਤਰਾ ਨੇ ਕਈ ਜ਼ਿਲ੍ਹਿਆਂ ਵਿਚ ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਹਨ। ਫਰੀਦਕੋਟ ਵਿਚ ਚਾਰ ਗਰੁੱਪ ਅੱਧ-ਵਿਚਾਲੇ ਛੱਡ ਦਿੱਤੇ ਗਏ ਹਨ ਜਦਕਿ ਫਾਜ਼ਿਲਕਾ ਵਿਚ 13 ਗਰੁੱਪਾਂ ਤਹਿਤ ਚੱਲਦੇ ਸੈਂਕੜੇ ਠੇਕਿਆਂ ਨੂੰ ਤਾਲੇ ਮਾਰ ਦਿੱਤੇ ਗਏ ਹਨ। ਸਭ ਤੋਂ ਵੱਧ ਅਸਰ ਜ਼ਿਲ੍ਹਾ ਲੁਧਿਆਣਾ ਉਤੇ ਪਿਆ ਹੈ। ਪਰਵਾਸੀ ਮਜ਼ਦੂਰਾਂ ਦੇ ਜਾਣ ਕਾਰਨ ਦੇਸੀ ਸ਼ਰਾਬ ਦੀ ਵਿਕਰੀ ਨਾਮਾਤਰ ਰਹਿ ਗਈ ਹੈ। ਲੁਧਿਆਣਾ ਵਿਚ ਚਾਰ-ਪੰਜ ਕੰਪਨੀਆਂ ਨੇ ਕਰੀਬ 17 ਗਰੁੱਪ ਛੱਡ ਦਿੱਤੇ ਹਨ। ਚੱਢਾ ਗਰੁੱਪ ਨੇ ਤਾਂ ਕਈ ਜ਼ਿਲ੍ਹਿਆਂ ਵਿਚ ਕਾਰੋਬਾਰ ਸਮੇਟ ਦਿੱਤਾ ਹੈ। ਕਈ ਕੰਪਨੀਆਂ ਨੇ ਘੱਟ ਵਿਕਰੀ ਵਾਲੇ ਠੇਕੇ ਬੰਦ ਕਰ ਦਿੱਤੇ ਹਨ। ਉਂਜ, ਤਾਲਾਬੰਦੀ ਦੌਰਾਨ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਦੁਕਾਨਾਂ ਅਤੇ ਠੇਕੇ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ ਪਰ ਸ਼ਰਾਬ ਦੇ ਠੇਕਿਆਂ ਨੂੰ ਰਾਤ ਦੇ 9 ਵਜੇ ਤੱਕ ਦੀ ਖੋਲ੍ਹਣ ਦੀ ਜਬਾਨੀ ਤੌਰ ਉਤੇ ਪੰਜਾਬ ‘ਚ ਰਿਆਇਤ ਦਿੱਤੀ ਗਈ ਹੈ। ਪੰਜਾਬ ਵਿਚ ਸ਼ਰਾਬ ਵੀ ਸਰਕਾਰੀ ਭਾਅ ਤੋਂ ਵੱਧ ਕੀਮਤ ਉਤੇ ਵੇਚੀ ਜਾ ਰਹੀ ਹੈ। ਸੂਤਰ ਆਖਦੇ ਹਨ ਕਿ ਸਰਕਾਰ ਠੇਕੇਦਾਰਾਂ ਨੂੰ ਚੋਗਾ ਪਾਉਣ ਦੇ ਰੌਂਅ ‘ਚ ਵੀ ਹੈ।
ਜਲੰਧਰ ‘ਚ ਸਭ ਤੋਂ ਵਧੇਰੇ ਗਰੁੱਪ ਚਲਾ ਰਹੇ ਕਾਰੋਬਾਰੀ ਦਾ ਕਹਿਣਾ ਹੈ ਕਿ ਸਰਕਾਰੀ ਅਧਿਕਾਰੀ ਉਚੀ ਵਿਕਰੀ ਵਾਲੇ ਠੇਕੇ ਨੂੰ ਆਧਾਰ ਬਣਾ ਕੇ ਵਿਕਰੀ ਵਧ ਰਹੀ ਦੱਸ ਦਿੰਦੇ ਹਨ ਜਦਕਿ ਔਸਤਨ ਸ਼ਰਾਬ ਦੀ ਵਿਕਰੀ 35 ਤੋਂ 40 ਫੀਸਦੀ ਵਿਚਕਾਰ ਹੀ ਚੱਲ ਰਹੀ ਹੈ। ਅੰਮ੍ਰਿਤਸਰ ਖੇਤਰ ਦੇ ਇਕ ਸ਼ਰਾਬ ਕਾਰੋਬਾਰੀ ਦਾ ਵੀ ਕਹਿਣਾ ਹੈ ਕਿ ਇਸ ਖੇਤਰ ‘ਚ ਕਿਧਰੇ ਵੀ ਪਿਛਲੇ ਸਾਲ ਦੇ ਹਿਸਾਬ 40 ਫੀਸਦੀ ਤੋਂ ਵਧੇਰੇ ਵਿਕਰੀ ਨਹੀਂ ਹੈ। ਉਪ ਕਰ ਤੇ ਆਬਕਾਰੀ ਕਮਿਸ਼ਨਰ ਜਲੰਧਰ ਸਾਲਿਨ ਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਰ ਵਿਚ ਵਿਕਰੀ 55 ਤੋਂ 60 ਫੀਸਦੀ ਤੱਕ ਹੈ ਤੇ ਇਹ ਵਧ ਰਹੀ ਹੈ। ਦੁਆਬੇ ਦੇ ਪੇਂਡੂ ਖੇਤਰਾਂ ਦੇ ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਠੇਕਿਆਂ ਉਪਰ ਪਿਛਲੇ ਸਾਲ ਨਾਲੋਂ ਸ਼ਰਾਬ ਦੀ ਵਿਕਰੀ 35 ਫੀਸਦੀ ਤੋਂ ਵੀ ਘੱਟ ਹੈ। ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਦੁਨੀਆਂ ਭਰ ‘ਚ ਮੰਦੀ ਛਾਈ ਰਹੀ ਹੈ ਤੇ ਆਮਦਨ ਬੇਹੱਦ ਘੱਟੀ ਹੈ, ਫਿਰ ਭਲਾ ਪੰਜਾਬ ਦੇ ਸ਼ਰਾਬ ਕਾਰੋਬਾਰੀ ਇਸ ਤੋਂ ਪਾਸੇ ਕਿਵੇਂ ਰਹਿ ਸਕਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਨੇ 1 ਮਹੀਨੇ ਦੀ ਛੂਟ ਦੇ ਦਿੱਤੀ ਹੈ ਤੇ ਹਰਿਆਣਾ ਨੇ ਮਾਲੀਏ ‘ਚ ਵੱਡੀ ਛੋਟ ਦਿੱਤੀ ਹੈ, ਪਰ ਪੰਜਾਬ ਸਰਕਾਰ 6 ਤੋਂ 13 ਮਈ ਤੱਕ ਬੰਦ ਠੇਕਿਆਂ ਦੀ ਵੀ ਪੂਰੀ ਫੀਸ ਮੰਗ ਰਹੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਖੁਦ ਵੀ ਮੰਨ ਰਹੀ ਹੈ ਕਿ ਸ਼ਰਾਬ ਦੀ ਵਿਕਰੀ ਅੱਧ ਤੋਂ ਵੀ ਹੇਠਾਂ ਹੈ। ਫਿਰ ਠੇਕੇਦਾਰਾਂ ਉਪਰ ਪੂਰਾ ਕੋਟਾ ਚੁੱਕਣ ‘ਤੇ ਕਰੋਨਾ ਵਾਇਰਸ ਤੋਂ ਪਹਿਲੀ ਵਾਲੀ ਫੀਸ ਕਿਉਂ ਮੰਗੀ ਜਾ ਰਹੀ ਹੈ।
________________________________________
ਤਸਕਰਾਂ ਖਿਲਾਫ ਕਾਰਵਾਈ ‘ਚ ਕੈਪਟਨ ਨਾਕਾਮ: ਚੀਮਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਮਾਮਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਸ਼ਰਾਬ ਦੀ ਤਸਕਰੀ ਕਰਨ ਵਾਲੇ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਕਰਨ ਦਾ ਸੰਵਿਧਾਨਕ ਫਰਜ਼ ਨਿਭਾਉਣ ‘ਚ ਨਾਕਾਮ ਸਾਬਤ ਹੋਏ ਹਨ। ਪਾਰਟੀ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸੀਨੀਅਰ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਪ੍ਰਦੇਸ਼ ਕਾਂਗਰਸ ਮੁਖੀ ਸਮੇਤ ਕਾਂਗਰਸੀ ਆਗੂਆਂ ਨਾਲ ਹੋਈ ਮੀਟਿੰਗ ਦੌਰਾਨ ਖੁਲਾਸਾ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੀ ਜਾਣਕਾਰੀ ਸੀ। ਅਕਾਲੀ ਆਗੂ ਨੇ ਕਿਹਾ ਕਿ ਇਸ ਤੱਥ ਦੀ ਪੁਸ਼ਟੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕੀਤੀ ਸੀ। ਸ੍ਰੀ ਚੀਮਾ ਅਨੁਸਾਰ ਕੋਈ ਵੀ ਮੁੱਖ ਮੰਤਰੀ ਸੂਬੇ ਦੇ ਹਿੱਤਾਂ ਨਾਲ ਧ੍ਰੋਹ ਨਹੀਂ ਕਰ ਸਕਦਾ।
________________________________________
ਸ਼ਰਾਬ ਖਿਲਾਫ ਮਤਾ: ਜਾਖੜ ਨੇ ਅਕਾਲੀਆਂ ਨੂੰ ਵੰਗਾਰਿਆ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ‘ਚ ਹਿੰਮਤ ਹੈ ਤਾਂ ਉਹ ਸ਼ਰਾਬਬੰਦੀ ਦਾ ਮਤਾ ਵਿਧਾਨ ਸਭਾ ਵਿਚ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਤਸਕਰੀ ਰੋਕਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ। ਗੱਠਜੋੜ ਸਰਕਾਰ ਦੇ ਦਸ ਵਰ੍ਹਿਆਂ ਦੇ ਰਾਜ ਭਾਗ ਨੇ ਪੰਜਾਬ ਵਿਚ ਏਨੇ ਕੰਡੇ ਬੀਜ ਦਿੱਤੇ ਹਨ ਜਿਨ੍ਹਾਂ ਦਾ ਸੰਤਾਪ ਲੰਮਾ ਸਮਾਂ ਝੱਲਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਨੇ ਪੰਜਾਬ ਵਿਚ ਚਿੱਟੇ ਲਈ ਰਾਹ ਖੋਲ੍ਹੇ। ਵਿਰੋਧੀ ਧਿਰਾਂ ਦਾ ਰੌਲਾ ਫਜ਼ੂਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਪੰਜਾਬ ਦੇ ਤਿੰਨ ਮੰਤਰੀ ਹਨ ਜਿਨ੍ਹਾਂ ਕਦੇ ਵੀ ਪੰਜਾਬ ਦੇ ਹੱਕ ‘ਚ ਆਵਾਜ਼ ਨਹੀਂ ਚੁੱਕੀ।