ਹਾਈਡ੍ਰੋਕਲੋਰੋਕੁਇਨ ਦੀ ਵਰਤੋਂ ਬਾਰੇ ਮੁੜ ਸਲਾਹ ਜਾਰੀ

ਨਵੀਂ ਦਿੱਲੀ: ਸਰਕਾਰ ਵਲੋਂ ਗੈਰ-ਕੋਵਿਡ-19 ਹਸਪਤਾਲਾਂ ਵਿਚ ਕੰਮ ਕਰਦੇ ਬਿਨਾਂ ਲੱਛਣਾਂ ਵਾਲੇ ਸਿਹਤ-ਸੰਭਾਲ ਕਾਮਿਆਂ, ਕੰਟੇਨਮੈਂਟ ਜ਼ੋਨਾਂ ਵਿਚ ਨਿਗਰਾਨੀ ਰੱਖ ਰਹੇ ਮੂਹਰਲੀ ਕਤਾਰ ਦੇ ਅਮਲੇ ਅਤੇ ਕਰੋਨਾ ਵਾਇਰਸ ਲਾਗ ਸਬੰਧੀ ਗਤੀਵਿਧੀਆਂ ਵਿਚ ਸ਼ਾਮਲ ਪੈਰਾਮਿਲਟਰੀ/ਪੁਲਿਸ ਮੁਲਾਜ਼ਮਾਂ ਨੂੰ ਬਚਾਅ ਵਜੋਂ ਹਾਈਡ੍ਰੋਕਲੋਰੋਕੁਇਨ (ਐਚ.ਸੀ.ਕਿਊ.) ਦਵਾਈ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦਿਆਂ ਮੁੜ ਸਲਾਹ ਜਾਰੀ ਕੀਤੀ ਗਈ ਹੈ।

ਪਹਿਲਾਂ ਜਾਰੀ ਸਲਾਹ ਵਾਂਗ ਇਹ ਦਵਾਈ ਲਾਗ ਖਿਲਾਫ ਸਾਰੇ ਬਿਨਾਂ ਲੱਛਣਾਂ ਵਾਲੇ ਸਿਹਤ ਕਾਮਿਆਂ, ਜੋ ਕੋਵਿਡ ਦੀ ਰੋਕਥਾਮ ਅਤੇ ਇਲਾਜ ਵਿਚ ਜੁਟੇ ਹੋਏ ਹਨ ਅਤੇ ਲੈਬਾਰਟਰੀ ਵਲੋਂ ਪੁਸ਼ਟੀ ਕੀਤੇ ਕੇਸਾਂ ਦੇ ਘਰਾਂ ਵਿਚਲੇ ਜੀਆਂ ਨੂੰ ਵੀ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਆਈ.ਸੀ.ਐਮ.ਆਰ. ਵਲੋਂ ਮੁੜ ਜਾਰੀ ਕੀਤੀ ਇਸ ਸਲਾਹ ਵਿਚ ਚੌਕਸ ਕੀਤਾ ਗਿਆ ਹੈ ਕਿ ਦਵਾਈ ਲੈਣ ਤੋਂ ਬਾਅਦ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਦੀ ਗਲਤਫਹਿਮੀ ਨਾ ਪਾਲੀ ਜਾਵੇ। ਇਹ ਸਿਫਾਰਸ਼ਾਂ ਸਾਂਝੇ ਨਿਗਰਾਨ ਸਮੂਹ ਵਲੋਂ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਚ.ਐਸ਼) ਦੀ ਅਗਵਾਈ ਹੇਠ ਹੋਈ ਮਾਹਿਰਾਂ ਦੀ ਬੈਠਕ ਵਿਚ ਲਿਆ ਗਿਆ।
ਇਸ ਬੈਠਕ ਵਿਚ ਏਮਜ਼, ਆਈ.ਸੀ.ਐਮ.ਆਰ., ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ, ਕੌਮੀ ਆਫਤ ਪ੍ਰਬੰਧਨ ਅਥਾਰਿਟੀ, ਵਿਸ਼ਵ ਸਿਹਤ ਸੰਗਠਨ ਤੇ ਕੇਂਦਰ ਦੇ ਸਰਕਾਰੀ ਹਸਪਤਾਲਾਂ ਦੇ ਨੁਮਾਇੰਦੇ ਸ਼ਾਮਲ ਹੋਏ, ਜਿਨ੍ਹਾਂ ਨੇ ਐਚ.ਸੀ.ਕਿਊ. ਦੀ ਵਰਤੋਂ ਦਾ ਘੇਰਾ ਗੈਰ-ਕੋਵਿਡ ਸਿਹਤ ਕਾਮਿਆਂ ਤੇ ਹੋਰ ਮੂਹਰਲੀ ਕਤਾਰ ਦੇ ਅਮਲੇ ਤੱਕ ਵਧਾਉਣ ਉਤੇ ਚਰਚਾ ਕੀਤੀ। ਤਾਜ਼ਾ ਸਲਾਹ ਵਿਚ ਤਿੰਨ ਨਵੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਹਨ- ਜਿਨ੍ਹਾਂ ਵਿਚ ਬਿਨਾਂ ਲੱਛਣਾਂ ਵਾਲੇ ਸਾਰੇ ਸਿਹਤ-ਸੰਭਾਲ ਕਾਮੇ ਜੋ ਕਿ ਕੋਵਿਡ ਹਸਪਤਾਲਾਂ/ਬਲਾਕਾਂ ਦੇ ਗੈਰ-ਕੋਵਿਡ ਹਸਪਤਾਲਾਂ/ਖੇਤਰਾਂ ਵਿਚ ਕੰਮ ਕਰਦੇ ਹਨ, ਕੰਟੇਨਮੈਂਟ ਜ਼ੋਨਾਂ ਵਿਚ ਨਿਗਰਾਨੀ ਰੱਖ ਰਹੇ ਬਿਨਾਂ ਲੱਛਣਾਂ ਵਾਲੇ ਮੂਹਰਲੀ ਕਤਾਰ ਦੇ ਅਮਲੇ ਦੇ ਮੈਂਬਰਾਂ ਅਤੇ ਕਰੋਨਾ ਵਾਇਰਸ ਲਾਗ ਸਬੰਧੀ ਗਤੀਵਿਧੀਆਂ ਵਿਚ ਸ਼ਾਮਲ ਪੈਰਾਮਿਲਟਰੀ/ਪੁਲਿਸ ਮੁਲਾਜ਼ਮ ਸ਼ਾਮਲ ਹਨ।
_________________________________________
ਭਾਰਤ ‘ਚ ਪੰਜ ਕਰੋੜ ਤੋਂ ਵੱਧ ਲੋਕਾਂ ਕੋਲ ਹੱਥ ਧੋਣ ਦੀ ਸਹੂਲਤ ਹੀ ਨਹੀਂ
ਨਵੀਂ ਦਿੱਲੀ: ਭਾਰਤ ਵਿਚ ਪੰਜ ਕਰੋੜ ਤੋਂ ਵੱਧ ਭਾਰਤੀਆਂ ਕੋਲ ਹੱਥ ਧੋਣ ਦਾ ਸਹੀ ਪ੍ਰਬੰਧ ਹੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਕਰੋਨਾ ਹੋਣ ਅਤੇ ਉਨ੍ਹਾਂ ਤੋਂ ਦੂਜਿਆਂ ਤੱਕ ਫੈਲਣ ਦਾ ਬਹੁਤ ਖਤਰਾ ਹੈ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਵਿਚ ਇੰਸਟੀਚਿਊਟ ਆਫ ਹੈਲਥ ਮੈਟ੍ਰਿਕਸ ਐਂਡ ਈਵੈਲੂਏਸ਼ਨ (ਆਈ.ਐਚ.ਐਮ.ਈ.) ਦੇ ਖੋਜੀਆਂ ਨੇ ਕਿਹਾ ਕਿ ਅਮੀਰ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਦੋ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਸਾਬਣ ਅਤੇ ਸਾਫ ਪਾਣੀ ਦੀ ਘਾਟ ਕਾਰਨ ਵਾਇਰਸ ਹੋਣ ਦਾ ਖਤਰਾ ਹੈ।
ਇਹ ਗਿਣਤੀ ਵਿਸ਼ਵ ਦੀ ਆਬਾਦੀ ਦਾ ਚੌਥਾਈ ਹਿੱਸਾ ਹੈ। ਇਨਵਾਇਰਨਮੈਂਟਲ ਹੈਲਥ ਪ੍ਰੋਸਪੈਕਟਿਵਜ ਜਰਨਲ ਵਿਚ ਪ੍ਰਕਾਸ਼ਤ ਅਧਿਐਨ ਅਨੁਸਾਰ, ਉਪ-ਸਹਾਰਾ ਅਫਰੀਕਾ ਅਤੇ ਓਸ਼ੇਨੀਆ ਵਿਚ 50 ਪ੍ਰਤੀਸ਼ਤ ਤੋਂ ਵੱਧ ਲੋਕਾਂ ਕੋਲ ਹੱਥ ਧੋਣ ਦੀ ਸਹੀ ਸਹੂਲਤ ਨਹੀਂ ਹੈ। ਆਈ.ਐਚ.ਐਮ.ਈ. ਦੇ ਪ੍ਰੋਫੈਸਰ ਮਾਈਕਲ ਬ੍ਰਾਊਏਰ ਨੇ ਕਿਹਾ, “ਹੱਥ ਧੋਣਾ ਕੋਵਿਡ -19 ਦੀ ਲਾਗ ਨੂੰ ਰੋਕਣ ਲਈ ਇਕ ਮਹੱਤਵਪੂਰਨ ਉਪਾਅ ਹੈ। ਇਹ ਨਿਰਾਸ਼ਾਜਨਕ ਹੈ ਕਿ ਇਹ ਸਹੂਲਤ ਬਹੁਤ ਸਾਰੇ ਦੇਸ਼ਾਂ ਵਿਚ ਪੂਰੀ ਤਰ੍ਹਾਂ ਉਪਲਬਧ ਨਹੀਂ ਹੈ। ਖੋਜ ਨੇ ਦਰਸਾਇਆ ਕਿ 46 ਦੇਸ਼ਾਂ ਦੀ ਅੱਧੀ ਤੋਂ ਵੱਧ ਆਬਾਦੀ ਦੀ ਸਾਬਣ ਅਤੇ ਸਾਫ ਪਾਣੀ ਤੱਕ ਪਹੁੰਚ ਨਹੀਂ ਹੈ। ਇਸ ਹਿਸਾਬ ਨਾਲ ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਨਾਈਜੀਰੀਆ, ਇਥੋਪੀਆ, ਕਾਂਗੋ ਅਤੇ ਇੰਡੋਨੇਸ਼ੀਆ ਦੇ ਪੰਜ-ਪੰਜ ਕਰੋੜ ਤੋਂ ਵੱਧ ਲੋਕਾਂ ਕੋਲ ਹੱਥ ਧੋਣ ਦੀ ਸੁਵਿਧਾ ਨਹੀਂ ਹੈ।